ਇਸਤਰੀ ਦੀ ਸਾਹਿਤਕ ਰਚਨਾਤਮਿਕਤਾ ਦਾ ਜਲੌਅ : ਕਲਮਾਂ ਵਾਲੀਆਂ - ਗੁਰਬਚਨ ਸਿੰਘ ਭੁੱਲਰ

ਪੰਜਾਬਣਾਂ ਦੀ ਸਾਹਿਤਕ ਪ੍ਰਤਿਭਾ ਦੀਆਂ ਜੜਾਂ ਡੂੰਘੇ ਅਤੀਤ ਵਿਚ ਲੱਗੀਆਂ ਹੋਈਆਂ ਹਨ। ਉਹਨਾਂ ਦੀ ਮੁੱਢ-ਕਦੀਮੀ ਰਚਨਾ ਦੀ ਦੱਸ ਅੱਜ ਤੋਂ ਕੋਈ 3,200-3,500 ਸਾਲ ਪਹਿਲਾਂ ਦੇ ਸਮੇਂ ਵਿਚ ਪੈਂਦੀ ਹੈ। ਇਹ ਉਹ ਸਮਾਂ ਸੀ ਜਦੋਂ ਅਜੇ ਲਿਪੀ ਵੀ ਹੋਂਦ ਵਿਚ ਨਹੀਂ ਸੀ ਆਈ ਤੇ ਰਚਨਾ ਕੰਠ ਕਰਾ ਕੇ ਅੱਗੇ ਤੋਰੀ ਜਾਂਦੀ ਸੀ। ਜਦੋਂ ਕਈ ਪੀੜ੍ਹੀਆਂ ਤੇ ਅਨੇਕ ਰਿਸ਼ੀਆਂ-ਰਿਸ਼ੀਕਾਵਾਂ ਦੀ ਇਸ ਰਚਨਾ ਨੂੰ ‘ਰਿਗਵੇਦ’ ਦੇ ਰੂਪ ਵਿਚ ਲਿਪੀਬੱਧ ਕਰਨ ਦਾ ਸਮਾਂ ਆਇਆ, ਉਹਨਾਂ ਵਿਚ ਤੀਹ ਤੋਂ ਵੱਧ ਰਿਸ਼ੀਕਾਵਾਂ, ਭਾਵ ਪੰਜਾਬ-ਵਾਸੀ ਕਵਿੱਤਰੀਆਂ ਵੀ ਸ਼ਾਮਲ ਸਨ। ਉਹਨਾਂ ਵਿਚੋਂ ਚਾਰ, ਘੋਸ਼, ਲੋਪਾਮੁਦਰਾ, ਮੈਤ੍ਰੇਈ ਅਤੇ ਗਾਰਗੀ, ਤਾਂ ਖਾਸ ਕਰ ਕੇ ਪ੍ਰਸਿੱਧ ਹੋਈਆਂ ਹਨ।
       ਇਤਿਹਾਸ ਅੱਗੇ ਤੁਰਿਆ ਤਾਂ ਸੰਪਤੀ ਨੂੰ ਹਾਸਲ ਹੋਏ ਮਹੱਤਵ ਕਾਰਨ ਮਾਤਰੀ ਸਮਾਜ ਤੋਂ ਪਿਤਰੀ ਸਮਾਜ ਵੱਲ ਤਬਦੀਲੀ ਵਾਪਰੀ। ਇਸ ਨਾਲ ਇਸਤਰੀ ਦੀ ਸਮਾਜਕ ਹੈਸੀਅਤ ਵੀ ਨਿਵਾਣ ਵੱਲ ਤਿਲ੍ਹਕਣ ਲੱਗੀ। ਸਾਹਿਤ-ਸਭਿਆਚਾਰ ਵਿਚ ਇਸਤਰੀਆਂ ਦੀ ਭਾਈਵਾਲੀ ਨਾਂਹ ਦੇ ਬਰਾਬਰ ਕਰ ਦਿੱਤੀ ਗਈ। ਉਹਨਾਂ ਤੋਂ ਪੜ੍ਹਨਾ-ਲਿਖਣਾ ਤੱਕ ਛੁਡਾ ਦਿੱਤਾ ਗਿਆ। ਪੰਜਾਬ ਦੀ ਇਸਤਰੀ-ਰਚਨਾਤਮਿਕਤਾ ਦੇ ਇਤਿਹਾਸ ਵਿਚ ਲੰਮੇ ਸਮੇਂ ਦਾ ਵੱਡਾ ਖੱਪਾ ਪੈ ਗਿਆ। ਇਸ ਦਾ ਪਰ ਇਹ ਭਾਵ ਨਹੀਂ ਕਿ ਉਹ ਉਸ ਸਮੇਂ ਰਚਨਾ ਕਰਨ ਤੋਂ ਅਸਮਰੱਥ ਹੋ ਗਈਆਂ ਸਨ। ਮਨੁੱਖੀ ਮਨ ਤਾਂ ਪ੍ਰਾਪਤੀਆਂ-ਅਪ੍ਰਾਪਤੀਆਂ, ਤ੍ਰਿਪਤੀਆਂ-ਅਤ੍ਰਿਪਤੀਆਂ, ਖ਼ੁਸ਼ੀਆਂ-ਗ਼ਮੀਆਂ, ਆਦਿ ਦਾ ਸਮੁੰਦਰ ਹੈ। ਇਹ ਸਭ ਭਾਵਨਾਵਾਂ ਸਦਾ ਤੋਂ ਹੀ ਜਿੰਨੀਆਂ ਪੁਰਸ਼ ਦੇ ਮਨ ਵਿਚ ਪੁੰਗਰਦੀਆਂ ਰਹੀਆਂ ਹਨ, ਓਨੀਆਂ ਹੀ ਇਸਤਰੀ ਦੇ ਮਨ ਵਿਚ ਪੁੰਗਰਦੀਆਂ ਰਹੀਆਂ ਹਨ। ਜਜ਼ਬਿਆਂ, ਵਲਵਲਿਆਂ, ਸੁਫ਼ਨਿਆਂ, ਰੀਝਾਂ ਤੇ ਕਲਪਨਾਵਾਂ ਉੱਤੇ ਵੀ ਕਦੀ ਕੋਈ ਪਹਿਰਾ ਬਿਠਾ ਸਕਿਆ ਹੈ! ਇਸੇ ਕਰਕੇ ਜਦੋਂ ਵੀ ਇਸਤਰੀ ਲਈ ਹਾਲਾਤ ਕਿਸੇ ਪ੍ਰਕਾਰ ਦੀ ਸ਼ਬਦੀ ਸਾਕਾਰਤਾ ਲਈ ਸਾਜ਼ਗਾਰ ਹੋਏ, ਉਹ ਸਮੇਂ ਦੇ ਪੰਨਿਆਂ ਉੱਤੇ ਉੱਕਰੀ ਜਾਂਦੀ ਰਹੀ, ਪਹਿਲਾਂ ਸਦੀਆਂ ਤੱਕ ਬੇਨਾਮੇ ਅਲਿਖਿਤ ਲੋਕਗੀਤਾਂ ਦੇ ਰੂਪ ਵਿਚ ਤੇ ਫੇਰ ਦੋ-ਢਾਈ ਸਦੀਆਂ ਪਹਿਲਾਂ ਰਚਨਾਕਾਰ ਦਾ ਨਾਂ ਆਪਣੇ ਨਾਲ਼ ਲੈ ਕੇ ਆਈ ਲਿਖਿਤ ਕਵਿਤਾ ਦੇ ਰੂਪ ਵਿਚ।
        ਇਹ ਤੱਥ ਦਿਲਚਸਪ ਹੈ ਕਿ ਲੋਕਗੀਤਾਂ ਤੋਂ ਲਿਖਿਤ ਸਾਹਿਤ ਵੱਲ ਇਸਤਰੀ ਦੇ ਸਾਹਿਤਕ ਵਿਕਾਸ ਦਾ ਵਸੀਲਾ ਮਜ਼ਹਬ ਬਣਿਆ, ਭਾਵੇਂ ਕਿ ਉਸ ਦਾ ਮਨੋਰਥ ਇਸਤਰੀ ਦੀ ਰਚਨਾਤਮਿਕਤਾ ਨੂੰ ਜਗਾਉਣਾ ਬਿਲਕੁਲ ਨਹੀਂ ਸੀ। ਮੁਸਲਮਾਨ ਭਾਈਚਾਰੇ ਦੀਆਂ ਇਸਤਰੀਆਂ ਨੂੰ ਮਜ਼ਹਬੀ ਰੀਤ ਵਜੋਂ ਕੁਰਾਨ ਪੜ੍ਹਾਈ ਜਾਣ ਲੱਗੀ। ਦੂਜੇ ਪਾਸੇ ਕੁਝ ਡੇਰੇਦਾਰਾਂ ਨੇ ਵੀ ਆਪਣੀਆਂ ਸ਼ਿਸ਼ਾਂ ਨੂੰ ਅੱਖਰ-ਗਿਆਨ ਦੇਣਾ ਸ਼ੁਰੂ ਕਰ ਦਿੱਤਾ। ਇਸੇ ਲਈ 19ਵੀਂ ਸਦੀ ਦੇ ਆਰੰਭ ਵਿਚ ਕੁਝ ਇਸਤਰੀਆਂ ਦੀ ਰਚੀ ਹੋਈ ਜੋ ਪੰਜਾਬੀ ਕਵਿਤਾ ਜਾਂ ਪੰਜਾਬੀ ਮਿੱਸ ਵਾਲ਼ੀ ਕਵਿਤਾ ਸਾਨੂੰ ਮਿਲਦੀ ਹੈ, ਉਹ ਇਹਨਾਂ ਦੋ ਭਾਂਤ ਦੀਆਂ ਇਸਤਰੀਆਂ ਦੀ ਹੀ ਰਚਨਾ ਹੈ। ਪਹਿਲ-ਪਲੇਠੀਆਂ ਵਿਚ ਇਕ ਪਾਸੇ 1800 ਵਿਚ ਜਨਮੀ ਸੰਤ-ਚੇਲੀ ਨੁਰੰਗੀ ਦੇਵੀ ਸੀ ਤਾਂ ਦੂਜੇ ਪਾਸੇ 1800 ਵਿਚ ਹੀ ਜਨਮੀਆਂ ਦੁਨਿਆਵੀ ਕਵਿੱਤਰੀਆਂ ਫਾਫ਼ਲ ਖ਼ਾਤੂਨ ਤੇ ਹਿਫ਼ਜ਼ਾਨੀ ਬਲੋਚ ਸਨ। ਹਰਨਾਮ ਕੌਰ ਨਾਭਾ, ਜੋ ਇਸ ਦੌਰ ਦੀ ਆਖ਼ਰੀ ਤੇ ਅਗਲੇ, ਆਧੁਨਿਕ ਦੌਰ ਦੀ ਪਹਿਲੀ ਮਹੱਤਵਪੂਰਨ ਕਵਿੱਤਰੀ ਕਹੀ ਜਾ ਸਕਦੀ ਹੈ, ਦੇ ਸਮੇਂ ਤੱਕ ਤਾਂ ਅਨੇਕ ਨਾਂ ਉੱਭਰ ਕੇ ਸਾਹਮਣੇ ਆ ਚੁੱਕੇ ਸਨ।
       ਰਚਨਾਤਮਿਕਤਾ ਦਾ ਹਰ ਨਵਾਂ ਦੌਰ ਆਪਣੇ ਤੋਂ ਪਹਿਲਾਂ ਦੇ ਦੌਰਾਂ ਦਾ, ਭਾਵ ਆਪਣੇ ਵਿਰਸੇ ਦਾ ਰਿਣੀ ਹੁੰਦਾ ਹੈ। ਰਿਗਵੇਦੀ ਬੌਧਿਕਤਾ-ਵਿੱਦਵਤਾ ਤੇ ਚਿੰਤਨ, ਉਸ ਪਿਛੋਂ ਦੇ ਲੰਮੇ ਸਮੇਂ ਦੀ ਅਬੋਲਤਾ ਦੀ ਕਸਕ ਤੇ ਲੋਕਗੀਤਾਂ ਦਾ ਰੂਪ ਧਾਰ ਕੇ ਉਜਾਗਰ ਹੋਏ ਵੰਨਸੁਵੰਨੇ ਜਜ਼ਬੇ, ਅਧਿਆਤਮ ਦੀ ਫ਼ਕੀਰੀ ਅਤੇ ਦੁਨਿਆਵੀ ਯਥਾਰਥ ਦੀ ਬਹੁਰੰਗੀ - ਇਹ ਹੈ ਸਾਡੀ ਸਮਕਾਲੀ ਇਸਤਰੀ-ਰਚਨਾ ਦਾ ਪਿਛੋਕੜ ਬਣਿਆ ਹੋਇਆ ਸਾਹਿਤਕ ਵਿਰਸਾ।
       ਹਰਨਾਮ ਕੌਰ ਨਾਭਾ ਤੇ ਅੰਮ੍ਰਿਤਾ ਪ੍ਰੀਤਮ ਤੋਂ ਸ਼ੁਰੂ ਹੋਏ ਆਧੁਨਿਕ ਦੌਰ ਨਾਲ ਲੇਖਿਕਾਵਾਂ ਵਾਸਤੇ ਮਨ ਦੀ ਲੋਚਾ ਅਨੁਸਾਰ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਪ੍ਰਗਟਾਉਣ ਦਾ ਮਾਹੌਲ ਬਣਿਆ। ਇਕ ਪਾਸੇ ਵਿੱਦਿਆ ਦੇ ਪਸਾਰ ਸਦਕਾ ਤੇ ਦੂਜੇ ਪਾਸੇ, ਕਿਸੇ-ਕਿਸੇ ਵਿਅਕਤੀਗਤ ਸੂਰਤ ਨੂੰ ਛੱਡ ਕੇ, ਕਲਮ ਉੱਤੇ ਪਹਿਰੇ ਦੀ ਅਨਹੋਂਦ ਸਦਕਾ ਅਨੇਕ ਲੇਖਿਕਾਵਾਂ ਆਪਣੀ-ਆਪਣੀ ਸਮਰੱਥਾ ਅਨੁਸਾਰ ਗੌਲਣਜੋਗ ਰਚਨਾ ਕਰਨ ਲੱਗੀਆਂ। ਹੋਰ ਵੀ ਮਹੱਤਵਪੂਰਨ ਇਹ ਤੱਥ ਹੈ ਕਿ ਇਸਤਰੀ-ਰਚਨਾ ਸਿਰਫ਼ ਕਵਿਤਾ ਤੱਕ ਹੀ ਸੀਮਤ ਨਾ ਰਹੀ ਸਗੋਂ ਹੋਰ ਵਿਧਾਵਾਂ ਵਿਚ ਵੀ ਸਾਹਮਣੇ ਆਉਣ ਲੱਗੀ। ਕੁਝ ਦਹਾਕਿਆਂ ਦੇ ਸਮੇਂ ਵਿਚ ਹੀ ਇਸਤਰੀ ਦੀ ਸਾਹਿਤਕ ਰਚਨਾਤਮਿਕਤਾ ਆਪਣੇ ਪੂਰੇ ਜਲੌਅ ਵਿਚ ਆ ਗਈ।
       ਸਮੇਂ-ਸਮੇਂ ਮੇਰਾ ਆਪਣੇ ਕਿਸੇ ਨਾ ਕਿਸੇ ਸਮਕਾਲੀ ਸਾਹਿਤਕਾਰ ਬਾਰੇ ਸ਼ਬਦ-ਚਿੱਤਰ ਲਿਖਣ ਦਾ ਸਬੱਬ ਬਣਦਾ ਰਿਹਾ। ਇਹਨਾਂ ਵਿਚ ਲੇਖਕਾਂ ਦੇ ਸ਼ਬਦ-ਚਿੱਤਰ ਵੀ ਸ਼ਾਮਲ ਹਨ ਤੇ ਲੇਖਿਕਾਵਾਂ ਦੇ ਵੀ। ਉਹਨਾਂ ਨੂੰ ਪੁਸਤਕ ਦਾ ਰੂਪ ਦੇਣ ਦੀ ਵਿਉਂਤ ਮਨ ਵਿਚ ਆਈ ਤਾਂ ਲੇਖਕਾਂ ਤੇ ਲੇਖਿਕਾਵਾਂ ਦੇ ਸ਼ਬਦ-ਚਿੱਤਰਾਂ ਨੂੰ ਇਕੱਠੇ ਇਕੋ ਪੁਸਤਕ ਵਿਚ ਪੇਸ਼ ਕਰ ਦੇਣ ਦੀ ਸਲਾਹ ਸੀ। ਪਰ ਖਰੜਾ ਤਿਆਰ ਕਰਨ ਦੀ ਨੀਤ ਨਾਲ ਜਦੋਂ ਮੈਂ ਸਾਰੇ ਸ਼ਬਦ-ਚਿੱਤਰਾਂ ਉੱਤੇ ਇਕ ਵਾਰ ਫੇਰ ਨਜ਼ਰ ਮਾਰੀ, ਅੱਚਨਚੇਤ ਮਹਿਸੂਸ ਹੋਇਆ, ਇਕ ਨਹੀਂ, ਦੋ ਪੁਸਤਕਾਂ ਹੋਣੀਆਂ ਚਾਹੀਦੀਆਂ ਹਨ। ਇਕ ਲੇਖਕਾਂ ਦੇ ਸ਼ਬਦ-ਚਿੱਤਰਾਂ ਦੀ ਤੇ ਦੂਜੀ ਲੇਖਿਕਾਵਾਂ ਦੇ ਸ਼ਬਦ-ਚਿੱਤਰਾਂ ਦੀ।
       ਇਕ ਕਾਰਨ ਤਾਂ ਪੁਸਤਕ ਦਾ ਆਕਾਰ ਵੀ ਸੀ। ਹੁਣ ਪਾਠਕ ਵੱਡੀ ਪੁਸਤਕ ਤੋਂ ਤਾਂ ਜਿਵੇਂ ਡਰਨ ਹੀ ਲੱਗ ਪਏ ਹਨ! ਦੂਜੀ ਗੱਲ, ਸਮਾਜ ਵਿਚ ਇਸਤਰੀ ਤੇ ਪੁਰਸ਼ ਵਿਚਕਾਰ ਕੁਝ ਮਾਮਲਿਆਂ, ਮਸਲਿਆਂ ਤੇ ਮੁੱਦਿਆਂ ਦੇ ਫ਼ਰਕ ਦਾ ਅਹਿਸਾਸ ਸੀ। ਪੁਰਸ਼ ਦੀ ਚੌਧਰ ਵਾਲ਼ੇ ਸਮਾਜ ਨੇ ਇਸਤਰੀ ਲਈ ਬਹੁਤ ਸੌੜੀਆਂ ਸਮਾਜਕ ਸੀਮਾਵਾਂ ਮਿਥੀਆਂ ਹੋਈਆਂ ਸਨ ਜਿਨ੍ਹਾਂ ਵਿਚ ਉਹ ਸਦੀਆਂ ਤੋਂ ਬੱਤੀ ਦੰਦਾਂ ਵਿਚਕਾਰ ਜੀਭ ਵਾਂਗ ਰਹਿ ਰਹੀ ਸੀ। ਜ਼ਰਾ ਸੱਜੇ-ਖੱਬੇ ਹੋਈ ਨਹੀਂ ਤੇ ਦੰਦਾਂ ਨੇ ਟੁੱਕੀ ਨਹੀਂ। ਪਰ ਇਸ ਜੀਵਨ ਨੇ ਇਸਤਰੀ ਨੂੰ ਉਹਨਾਂ ਸੌੜੀਆਂ ਸਮਾਜਕ ਸੀਮਾਵਾਂ ਵਿਚਲੀ ਥਾਂ ਨੂੰ ਕੂਹਣੀਆਂ ਮਾਰ ਕੇ ਕੁਝ ਨਾ ਕੁਝ ਮੋਕਲੀ ਬਣਾ ਲੈਣਾ ਤਾਂ ਸਿਖਾ ਹੀ ਦਿੱਤਾ ਸੀ, ਲੇਖਿਕਾਵਾਂ ਲਈ, ਵਧੀਕ ਕੋਮਲਭਾਵੀ ਹੋਣ ਸਦਕਾ, ਆਪਣੇ ‘ਰਹਿਣ ਵਾਸਤੇ’ ਆਪਣੀ ਹੀ ਜਜ਼ਬਿਆਂ ਦੀ ਨਗਰੀ ਵਸਾ ਲੈਣਾ ਤੇ ਆਪਣੀਆਂ ਕਲਪਨਾ-ਉਡਾਰੀਆਂ ਲਈ ਆਪਣੇ ਹੀ ਮੋਕਲੇ ਅੰਬਰ ਸਿਰਜ ਲੈਣਾ ਵੀ ਸੁਭਾਵਿਕ ਬਣਾ ਦਿੱਤਾ ਸੀ। ਜਿਥੋਂ ਤੱਕ ਜਜ਼ਬਿਆਂ ਤੇ ਕਲਪਨਾ ਦਾ ਸੰਬੰਧ ਹੈ, ਲੇਖਿਕਾ ਦੇ ਖੰਭ ਲੇਖਕ ਨਾਲੋਂ ਯਕੀਨਨ ਖੁੱਲ੍ਹੇ ਫ਼ੈਲਦੇ ਹਨ। ਮਨ ਬੋਲਿਆ, ਲੇਖਕਾਂ ਤੇ ਲੇਖਿਕਾਵਾਂ ਦੇ ਦੁਗਾਣੇ ਨਾਲੋਂ ਦੋਵਾਂ ਦੇ ਵੱਖਰੇ-ਵੱਖਰੇ ਸਮੂਹਗਾਨ ਸੁਰੀਲੇ ਲੱਗਣਗੇ।
       ਪਹਿਲੀ ਆਧੁਨਿਕ ਕਵਿੱਤਰੀ ਬੀਬੀ ਹਰਨਾਮ ਕੌਰ ਨਾਭਾ ਤੇ ਪਹਿਲੀ ਬਹੁਵਿਧਾਈ ਲੇਖਿਕਾ ਅੰਮ੍ਰਿਤਾ ਪ੍ਰੀਤਮ ਇਸ ਗੱਲੋਂ ਕਰਮਾਂ ਵਾਲੀਆਂ ਰਹੀਆਂ ਕਿ ਉਹਨਾਂ ਨੂੰ ਰਚਨਾਕਾਰੀ ਦੇ ਰਾਹ ਪੈਣ ਸਮੇਂ ਬਹੁਤ ਹੀ ਹੌਸਲਾ-ਵਧਾਊ ਮਾਹੌਲ ਮਿਲਿਆ। ਬੀਬੀ ਹਰਨਾਮ ਕੌਰ ਦੇ ਪਿਤਾ, ਪੱਤਰਕਾਰ ਜੀਵਨ ਸਿੰਘ ਸੇਵਕ ਆਪਣਾ ਛਾਪਾਖਾਨਾ ਵੀ ਚਲਾਉਂਦੇ ਸਨ ਜਿਸ ਕਰਕੇ ਸਮਕਾਲੀ ਸਾਹਿਤਕਾਰਾਂ ਨਾਲ ਉਹਨਾਂ ਦੇ ਨੇੜਲੇ ਸੰਬੰਧ ਸਨ। ਭਾਈ ਵੀਰ ਸਿੰਘ ਤੇ ਪ੍ਰੋ. ਪੂਰਨ ਸਿੰਘ ਦੀ ਹੌਸਲਾ-ਅਫ਼ਜ਼ਾਈ ਤੇ ਅਗਵਾਈ ਬੀਬੀ ਨੂੰ ਸਦਾ ਹਾਸਲ ਰਹੀ। ਵਿਆਹ ਨਾਲ ਉਸ ਦਾ ਭਗਵੰਤ ਸਿੰਘ ਹਰੀ ਜੀ ਦੀ ਜੀਵਨ-ਸਾਥਣ ਤੇ ਭਾਈ ਕਾਨ੍ਹ ਸਿੰਘ ਨਾਭਾ ਦੀ ਨੂੰਹ ਬਣਨਾ ਸੋਨੇ ਉੱਤੇ ਸੁਹਾਗਾ ਸੀ। ਇਸੇ ਤਰ੍ਹਾਂ ਅੱਗੇ ਚੱਲ ਕੇ ਅੰਮ੍ਰਿਤਾ ਪ੍ਰੀਤਮ ਬਣਨ ਵਾਲੀ ਅੰਮ੍ਰਿਤ ਕੌਰ ਦੇ ਪਿਤਾ ਕਰਤਾਰ ਸਿੰਘ ਹਿਤਕਾਰੀ ਉਹਨੂੰ ਲਿਖਣ ਲਈ ਲਗਾਤਾਰ ਪ੍ਰੇਰਦੇ ਰਹੇ। ਸਿੱਖਾਂ ਵਿਚ ਜਾਣੀ-ਪਛਾਣੀ ਹਸਤੀ ਹੋਣ ਸਦਕਾ ਲੇਖਕਾਂ ਤੇ ਵਿਦਵਾਨਾਂ ਨਾਲ ਉਹਨਾਂ ਦੇ ਵੀ ਨੇੜਲੇ ਸੰਬੰਧ ਸਨ। ਇਸੇ ਕਰਕੇ ਅੰਮ੍ਰਿਤ ਕੌਰ ਦੀ ਦੂਜੀ ਪੁਸਤਕ ‘ਅੰਮ੍ਰਿਤ ਲਹਿਰਾਂ’ ਦੇ ਸ਼ੁਰੂ ਵਿਚ ਉਹਨਾਂ ਨੇ ਆਪ ਤਾਂ ਆਪਣੇ ਵਿਚਾਰ ਸਾਂਝੇ ਕੀਤੇ ਹੀ, ਅਸ਼ੀਰਵਾਦੀ ਸ਼ਬਦ ਭਾਈ ਕਾਨ੍ਹ ਸਿੰਘ ਨਾਭਾ ਨੇ ਲਿਖੇ ਅਤੇ ਜਾਣ-ਪਛਾਣ ਧਨੀ ਰਾਮ ਚਾਤ੍ਰਿਕ ਨੇ ਕਰਵਾਈ।
      ਇਸ ਨੂੰ ਮੇਰੀ ਵੀ ਖ਼ੁਸ਼ਕਿਸਮਤੀ ਹੀ ਕਿਹਾ ਜਾਵੇਗਾ ਕਿ ਇਹਨਾਂ ਦੋਵਾਂ ਕਲਮਾਂ ਵਾਲੀਆਂ ਨਾਲ ਮੇਰਾ ਨੇੜਲਾ ਸਾਹਿਤਕ ਨਾਤਾ ਜੁੜ ਸਕਿਆ। ਮੂਲ ਰੂਪ ਵਿਚ ਸਾਡੇ ਪਿੰਡ ਦੀ ਹੋਣ ਸਦਕਾ ਬੀਬੀ ਹਰਨਾਮ ਕੌਰ ਤੋਂ ਤਾਂ ਉਚੇਚਾ ਸਨੇਹ ਮਿਲਿਆ। ਜਦੋਂ ਉਹਨੂੰ ਕਿਸੇ ਤੋਂ ਮੇਰੇ ਲਿਖਣ ਦਾ ਪਤਾ ਲੱਗਿਆ, ਉਹ ਦਿਲੋਂ ਖ਼ੁਸ਼ ਹੋਈ ਤੇ ਉਹਨੇ ਮੇਰੀ ਕੋਈ ਪੁਸਤਕ ਪੜ੍ਹਨ ਦੀ ਇੱਛਾ ਦੱਸੀ। ਮੇਰਾ ਪਹਿਲਾ ਕਹਾਣੀ-ਸੰਗ੍ਰਹਿ ‘ਓਪਰਾ ਮਰਦ’ ਛਪ ਚੁੱਕਿਆ ਸੀ ਤੇ ਮੈਂ ਉਹ ਆਪਣੇ ਹੱਥੀਂ ਭੇਟ ਕੀਤਾ ਤਾਂ ਬੀਬੀ ਨੇ ਮੇਰੇ ਸਿਰ ਉੱਤੇ ਹੱਥ ਰੱਖ ਕੇ ਸੌ-ਸੌ ਅਸੀਸਾਂ ਦਿੱਤੀਆਂ। ਉਹਦਾ ਸ਼ਬਦ-ਚਿੱਤਰ ਮੈਂ ਆਪਣੀ ਪੁਸਤਕ ‘ਕਲਮ-ਸਿਆਹੀ’ ਵਿਚ ਭਾਈ ਕਾਨ੍ਹ ਸਿੰਘ ਤੇ ਉਹਨਾਂ ਦੇ ਪਰਿਵਾਰ ਬਾਰੇ ਲਿਖੇ ਲੰਮੇ ਲੇਖ ਵਿਚ ਸ਼ਾਮਲ ਕੀਤਾ ਹੋਇਆ ਸੀ। ਅੰਮ੍ਰਿਤਾ ਪ੍ਰੀਤਮ ਨਾਲ ਲੰਮੀ ਸਾਂਝ ਮੇਰੀ ਪੁਸਤਕ ‘ਅਸਾਂ ਮਰਨਾ ਨਾਹੀਂ’ ਵਿਚ ਉਹਦੇ ਸੱਤਰ ਪੰਨਿਆਂ ਦੇ ਸ਼ਬਦ-ਚਿੱਤਰ ਵਿਚ ਸਾਕਾਰ ਹੋ ਚੁੱਕੀ ਸੀ।
       ਪੁਸਤਕ ‘ਕਲਮਾਂ ਵਾਲ਼ੀਆਂ’ ਵਿਚ ਉਸ ਪਿੱਛੋਂ ਦੀਆਂ ਬਾਰਾਂ ਪੰਜਾਬੀ ਲੇਖਿਕਾਵਾਂ ਦੇ ਸ਼ਬਦ-ਚਿੱਤਰ ਸ਼ਾਮਲ ਹਨ। ਇਹਨਾਂ ਵਿਚੋਂ ਅਜੀਤ ਕੌਰ, ਦਲੀਪ ਕੌਰ ਟਿਵਾਣਾ, ਅਫ਼ਜ਼ਲ ਤੌਸੀਫ਼ ਤੇ ਸੁਖਵੰਤ ਕੌਰ ਮਾਨ ਨਾਲੋਂ ਮੈਂ ਉਮਰੋਂ ਛੋਟਾ ਹਾਂ ਅਤੇ ਬਚਿੰਤ ਕੌਰ, ਸ਼ਰਨਜੀਤ ਕੌਰ, ਪਰਮਜੀਤ ਕੌਰ ਸਰਹਿੰਦ, ਬੀਬਾ ਕੁਲਵੰਤ, ਸੁਰਜੀਤ (ਟੋਰਾਂਟੋ), ਸੁਰਿੰਦਰ ਅਤੈ ਸਿੰਘ, ਸੁਖਵਿੰਦਰ ਅੰਮ੍ਰਿਤ ਤੇ ਸੁਰਿੰਦਰ ਨੀਰ ਨਾਲੋਂ ਉਮਰੋਂ ਵੱਡਾ। ਪਰ ਰਚਨਾਕਾਰੀ ਵਿਚ ਇਹ ਸਭ ਮੇਰੀਆਂ ਸਮਕਾਲੀ ਹਨ। ਇਹਨਾਂ ਵਿਚੋਂ ਕਈਆਂ ਨਾਲ ਮੋਹ-ਅਪਣੱਤ ਦਾ ਰਿਸ਼ਤਾ ਰਿਹਾ ਤੇ ਕਈਆਂ ਨਾਲ ਚੰਗੀ ਜਾਣ-ਪਛਾਣ ਦਾ। ਓਪਰਾਪਨ ਕਿਸੇ ਇਕ ਨਾਲ ਵੀ ਨਹੀਂ!
    ਇਹਨਾਂ ਬਾਰਾਂ ਤੋਂ ਇਲਾਵਾ ਮਾਣਮੱਤੀ ਪੰਜਾਬਣ ਪਰ ਹਿੰਦੀ ਲੇਖਿਕਾ ਕ੍ਰਿਸ਼ਣਾ ਸੋਬਤੀ ਦਾ ਸ਼ਬਦ-ਚਿੱਤਰ ਸ਼ਾਮਲ ਹੈ। ਮਿਲਿਆ ਤਾਂ ਮੈਂ ਉਹਨੂੰ ਇਕ ਵਾਰ ਹੀ ਪਰ ਇਕ ਤਾਂ ਉਹ ਮਿਲਣੀ ਸਾਹਿਤਕ ਰੱਜ ਦੇਣ ਵਾਲ਼ੀ ਸੀ ਤੇ ਦੂਜੇ, ਉਹਦੀ ਰਚਨਾ ਮੇਰੇ ਦਿਲ ਦੇ ਬਹੁਤ ਨੇੜੇ ਰਹੀ। ਇਕ ਬੱਸ ਮਹਾਂਸਵੇਤਾ ਦੇਵੀ ਜੀ ਹਨ ਜਿਨ੍ਹਾਂ ਦੇ ਪੈਰ ਛੂਹਣ ਦਾ ਸਬੱਬ ਤਾਂ ਕਦੀ ਨਾ ਬਣਿਆ ਪਰ ਰਚਨਾਵਾਂ ਦੇ ਨਾਲ-ਨਾਲ ਉਹਨਾਂ ਦੀਆਂ ਕਰਨੀਆਂ ਸਦਕਾ ਮੈਨੂੰ ਉਹ ਹਮੇਸ਼ਾ ਹੀ ਬਹੁਤ ਆਪਣੇ ਲਗਦੇ ਰਹੇ। ਉਹਨਾਂ ਦਾ ਇਹ ਸ਼ਬਦ-ਚਿੱਤਰ ਮੇਰੀ ਉਹਨਾਂ ਲਈ ਸ਼ਰਧਾ ਦਾ ਪ੍ਰਗਟਾਵਾ ਹੈ।
         ਇਹ ਸ਼ਬਦ-ਚਿੱਤਰ ਲਿਖਣ ਸਮੇਂ ਮੇਰਾ ਮੰਤਵ ਸ਼ਬਦ-ਚਿੱਤਰ ਲੇਖਕਾਂ ਦੇ ਜਥੇਦਾਰ, ਬਲਵੰਤ ਗਾਰਗੀ ਵਾਲ਼ਾ ਤਾਂ ਬਿਲਕੁਲ ਹੀ ਨਹੀਂ ਸੀ ਕਿ ਹਰ ਸ਼ਬਦ-ਚਿੱਤਰ ਨੂੰ ਸੁਆਦਲਾ ਬਣਾਉਣ ਲਈ ਸੰਬੰਧਿਤ ਸ਼ਖ਼ਸੀਅਤ ਨਾਲ ਅਜਿਹੀਆਂ ਅਨਹੋਈਆਂ ਗੱਲਾਂ ਜੋੜ ਦਿੱਤੀਆਂ ਜਾਣ ਜਿਨ੍ਹਾਂ ਬਾਰੇ ਉਹਨੂੰ ਸਖ਼ਤ ਇਤਰਾਜ਼ ਜੱਗ-ਜ਼ਾਹਿਰ ਕਰਨਾ ਪਵੇ ਤੇ ਲੇਖਕ ਨੂੰ ਸਫ਼ਾਈਆਂ ਦੇਣੀਆਂ ਪੈਣ। ਮੇਰਾ ਉਦੇਸ਼ ਉਸ ਤੋਂ ਬਿਲਕੁਲ ਵੱਖਰਾ ਸੀ। ਮੇਰੀ ਇੱਛਾ ਰਹੀ ਕਿ ਕਿਸੇ ਲੇਖਿਕਾ ਦੀ ਸ਼ਖ਼ਸੀਅਤ ਦੀ ਜਿੰਨੀ ਕੁ ਝਲਕ ਮੈਂ ਦੇਖ ਸਕਿਆ, ਉਸ ਸਦਕਾ ਮੈਨੂੰ ਨਜ਼ਰੀਂ ਪਿਆ ਉਹਦਾ ਮਨੁੱਖੀ ਪੱਖ ਪਾਠਕਾਂ ਨਾਲ ਸਾਂਝਾ ਕਰਾਂ। ਇਸੇ ਤਰ੍ਹਾਂ ਉਹਦੀ ਰਚਨਾ ਦੀ ਜਿੰਨੀ ਕੁ ਥਾਹ ਮੈਂ ਪਾ ਸਕਿਆ, ਉਹਦੇ ਆਧਾਰ ਉੱਤੇ ਉਹਦੇ ਸਾਹਿਤਕਾਰੀ ਸਰੂਪ ਦੇ ਕੁਝ ਦਰਸ਼ਨ ਕਰਵਾ ਦੇਵਾਂ। ਆਸ ਹੈ, ਮੇਰੇ ਪਾਠਕ ਇਹਨਾਂ ਕਲਮਾਂ ਵਾਲ਼ੀਆਂ ਬਾਰੇ ਕੁਝ ਨਾ ਕੁਝ ਨਵਾਂ ਜ਼ਰੂਰ ਜਾਣ ਸੱਕਣਗੇ।

(ਪੁਸਤਕ ‘ਕਲਮਾਂ ਵਾਲੀਆਂ’ ਪੀਪਲਜ਼ ਫ਼ੋਰਮ ਬਰਗਾੜੀ ਨੇ ਛਾਪੀ ਹੈ।)
ਸੰਪਰਕ : 011-42502364