ਆਦਮ ਬੋ ਬਈ ਆਦਮ ਬੋ - ਰਵਿੰਦਰ ਸਿੰਘ ਕੁੰਦਰਾ

ਆਦਮ  ਬੋ  ਬਈ  ਆਦਮ  ਬੋ, ਦੂਰੋਂ  ਹੀ  ਤੇਰੀ  ਆਵੇ ਬੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।

ਕਿਸ ਦੇ ਦੀਵੇ ਦਾ ਜਿੰਨ ਹਾਂ ਮੈਂ, ਇਹ ਨਹੀਂ ਦੱਸਾਂਗਾ ਮੈਂ ਤੈਨੂੰ।
ਕਿਸੇ ਨੂੰ ਵੀ ਨਹੀਂ ਮੈਂ ਛੱਡਦਾ, ਕਿਉਂ ਕਰ ਬਖਸ਼ਾਂ ਫੇਰ ਮੈਂ ਤੈਨੂੰ।
ਚੰਦਰੀ ਮੇਰੀ ਭੁੱਖ ਹੈ ਡਾਢੀ, ਪੈਂਦੀ ਰਹਿੰਦੀ ਢਿੱਡ ਵਿੱਚ ਖੋਹ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।
ਆਦਮ ਬੋ ਬਈ ਆਦਮ ਬੋ........

ਭਾਈ ਭੈਣ  ਤੂੰ ਮੇਰੇ  ਮਾਰੇ, ਪੁਰਖੇ  ਗਏ ਸਭ  ਹਾੜ੍ਹੇ ਕੱਢਦੇ।
ਪਿਆ ਰਹਿਨੈ ਤੂੰ ਸਾਡੇ ਪਿੱਛੇ, ਡਰ ਕੇ ਰਹੇ ਅਸੀਂ ਤੈਥੋਂ ਭੱਜਦੇ।
ਝੱਲਿਆ ਬੜਾ ਹੀ ਘਾਣ ਅਸਾਂ ਨੇ, ਅੱਤ ਗਈ ਹੁਣ ਬਹੁਤੀ ਹੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।
ਆਦਮ ਬੋ ਬਈ ਆਦਮ ਬੋ ...........

ਤਦਬੀਰਾਂ ਤੂੰ ਬਹੁਤ ਬਣਾਈਆਂ, ਤਕਨੀਕਾਂ ਤੂੰ ਬਹੁਤ ਘੁਮਾਈਆਂ।
ਹਰ ਤਰ੍ਹਾਂ ਦੇ ਹਰਬੇ ਵਰਤੇ, ਸਾਨੂੰ ਰੱਜ ਕੇ ਤੋਹਮਤਾਂ ਲਾਈਆਂ।
ਸਾਇੰਸਾਂ ਦੀ ਤੂੰ ਚੜ੍ਹ ਘਨੇੜੀ, ਮਨਸੂਬੇ ਲਏ ਕਈ ਨਵੇਂ ਪਰੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।
ਆਦਮ ਬੋ ਬਈ ਆਦਮ ਬੋ ...........

ਜੀਅ ਜੰਤ ਸਭ ਤੈਥੋਂ ਡਰਦੇ, ਰਹਿੰਦੇ ਸਦਾ ਤੇਰਾ ਪਾਣੀ ਭਰਦੇ।
ਰੱਬ ਨੂੰ ਵੀ ਤੂੰ ਰਿਸ਼ਵਤ ਦੇ ਕੇ, ਦੇਖਿਆ ਅਸੀਂ ਆਪਣੇ ਵੱਲ ਕਰਦੇ।
ਉਸ ਨੂੰ ਵੀ ਮੈਂ ਦੱਸ ਦੇਵਾਂਗਾ, ਜੇ ਕਮਾਇਆ ਮੇਰੇ ਨਾਲ ਧਰੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।

ਆਦਮ ਬੋ ਬਈ ਆਦਮ ਬੋ, ਦੂਰੋਂ ਹੀ ਤੇਰੀ ਆਵੇ ਬੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।
ਆਦਮ ਬੋ ਬਈ ਆਦਮ ਬੋ ...........