ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ


26 ਅਪ੍ਰੈਲ 2021

ਬਰਗਾੜੀ ਕੇਸ ਲਈ ਨੰਦਾ ਵਲੋਂ ਬਾਹਰੋਂ ਲਿਆਂਦੇ ਮਹਿੰਗੇ ਵਕੀਲਾਂ ਬਾਰੇ ਵਾਈਟ ਪੇਪਰ ਜਾਰੀ ਹੋਵੇ- ਬਾਜਵਾ
ਚੋਰਾਂ ਦੇ ਕੱਪੜੇ, ਡਾਂਗਾਂ ਦੇ ਗਜ਼।

ਨਵਜੋਤ ਸਿੱਧੂ ਨੇ ਹੁਣ ਮੁੱਖ ਮੰਤਰੀ ‘ਤੇ ਸੇਧਿਆ ਸਿੱਧਾ ਨਿਸ਼ਾਨਾ- ਇਕ ਖ਼ਬਰ
ਗੰਨਾ ਪੁੱਟ ਕੇ ਸੁਰੈਣਾ ਬੋਲਿਆ, ਜ਼ਿੰਮੀਦਾਰੀ ਐਂ ਭੰਨ ਦਊਂ।

ਨਵੀਂ ਸਿੱਟ ਲੋਕਾਂ ਦੀਆਂ ਅੱਖਾਂ ਪੂੰਝਣ ਤੋਂ ਵੱਧ ਕੁਝ ਨਹੀਂ ਹੋਵੇਗੀ- ਭੋਮਾ
ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ।

ਪਿਛਲੇ ਸਾਲ ਤੋਂ ਵੱਡੀ ਹੈ ਇਸ ਵਾਰ ਕੋਵਿਡ -19 ਦੀ ਚੁਣੌਤੀ- ਮੋਦੀ
ਵਾਹ ਜੀ ਵਾਹ! ਕਮਾਲ ਕਰ ‘ਤੀ ਨਵੀਂ ਗੱਲ ਦੱਸ ਕੇ।

ਪੰਜਾਬ ‘ਚ 2002 ਤੋਂ ਹੁਣ ਤੱਕ ਅਕਾਲੀ ਦਲ ਅਤੇ ਕਾਂਗਰਸ ਦੀ ਸਾਂਝੀ ਸਰਕਾਰ ਚਲ ਰਹੀ ਹੈ- ਹਰਪਾਲ ਚੀਮਾ
ਨੱਥਾ ਸਿੰਘ ਪ੍ਰੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।

ਜੇ ਸੱਦਾ ਮਿਲਦਾ ਤਾਂ ਮੈਂ ਵੀ ਮੋਦੀ ਵਲੋਂ ਸੱਦੀ ਬੈਠਕ ਵਿਚ ਹਿੱਸਾ ਲੈਂਦੀ- ਮਮਤਾ
ਟੁੱਟ ਪੈਣੇ ਦਰਜੀ ਨੇ, ਮੇਰੀ ਰੱਖ ਲਈ ਸੁੱਥਣ ‘ਚੋਂ ਟਾਕੀ।

ਕੇਂਦਰ ਸਰਕਾਰ ਦੀ ਟੀਕਾਕਰਨ ਨੀਤੀ ਪੱਖਪਾਤੀ- ਅਮਰਿੰਦਰ ਸਿੰਘ
ਅੰਨ੍ਹਾ ਵੰਡੇ ਰਿਓੜੀਆਂ, ਮੁੜ ਮੁੜ ਆਪਣਿਆਂ ਨੂੰ ਦੇਹ।

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਐਡਵੋਕੇਟ ਜਨਰਲ ‘ਤੇ ਨਿਸ਼ਾਨਾ ਸਾਧਿਆ- ਇਕ ਖ਼ਬਰ
ਕਾਦਰਯਾਰ ਕਹਿੰਦਾ ਸਲਵਾਨ ਰਾਜਾ, ਪਿੱਛੇ ਕੀ ਕਰਤੂਤ ਕਰ ਆਇਓਂ ਈ।

ਮੰਡੀਆਂ ‘ਚ ਪਈ ਕਣਕ ਮੀਂਹ ‘ਚ ਭਿੱਜੀ- ਇਕ ਖ਼ਬਰ
ਅੱਖੀਂ ਖੋਲ੍ਹ ਗੁਲਾਮ ਰਸੂਲਾ, ਸੱਸੀ ਕੂਕੇ ਲੁੱਟੀ-ਲੁੱਟੀ।

ਸਰਕਾਰ ਦੀਆਂ ਧਮਕੀਆਂ ਦਾ ਕਿਸਾਨੀ ਅੰਦੋਲਨ ‘ਤੇ ਕੋਈ ਅਸਰ ਨਹੀਂ- ਟਿਕੈਤ
ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਕਨੌੜ ਝੱਲਣੀ।

ਲੋਕ ਰੋ ਰਹੇ ਹਨ ਤੇ ਮੋਦੀ ਰੈਲੀਆਂ ‘ਚ ਹੱਸ ਰਹੇ ਹਨ- ਪ੍ਰਿਯੰਕਾ ਗਾਂਧੀ
ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ।

ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ 1.10 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ- ਇਕ ਖ਼ਬਰ
ਕੀ ਕਰਨਾ ਕੱਪੜੇ ਰੰਗਿਆਂ ਨੂੰ , ਜੇ ਮਨ ਰੰਗਿਆ ਨਾ ਜਾਵੇ।

ਬਾਦਲ ਦਲ ਦੇ ਚੋਟੀ ਦੇ ਦੋ ਆਗੂ ਜਲਦੀ ਹੀ ਬ੍ਰਹਮਪੁਰਾ ਤੇ ਢੀਂਡਸਾ ਨਾਲ ਮਿਲ ਸਕਦੇ ਹਨ- ਇਕ ਖ਼ਬਰ
ਚੰਨ ਚੜ੍ਹਿਆ ਟਹਿਕਦੇ ਤਾਰੇ, ਇਕ ਮੰਜੇ ਹੋ ਚਲੀਏ।

ਮਸਲਿਆਂ ਦਾ ਹੱਲ ਕੱਢੋ, ਖੋਖਲੇ ਭਾਸ਼ਨ ਹੀ ਨਾ ਦੇਵੋ- ਰਾਹੁਲ ਗਾਂਧੀ
ਜੇ ਮਾਏਂ ਕੁਝ ਦਿਸਦਾ ਹੋਵੇ, ਥੋੜ੍ਹਾ ਕਰਾਂ ਅੰਦੇਸਾ।

ਪ੍ਰਧਾਨ ਮੰਤਰੀ ਦੇ ਗੁਜਰਾਤ ਮਾਡਲ ਦਾ ਮਤਲਬ ਸਿਰਫ਼ ਮਸ਼ਹੂਰੀ- ਕਾਂਗਰਸ
ਹੋਕਾ ਵੰਙਾਂ ਦਾ, ਕੱਢ ਦਿਖਾਇਆ ਚੱਕੀ ਰਾਹਾ।