ਸਾਹਿਤ ਦੇ ਸਮੁੰਦਰ ’ਚੋਂ - ਬੁੱਧ ਸਿੰਘ ਨੀਲੋਂ

ਸਾਹਿਤ ਤੇ ਮਨੁੱਖ ਦਾ ਰਿਸ਼ਤਾ ਬੜਾ ਪੁਰਾਣਾ ਹੈ। ਸਾਹਿਤ ਮਨੁੱਖ ਦੇ ਰੂਹ ਦੀ ਖੁਰਾਕ ਹੁੰਦੀ ਹੈ, ਇਸੇ ਕਰਕੇ ਸਾਹਿਤ ਰਸੀਆ ਹਰ ਪਲ ਨਵੇਂ ਤੋਂ ਨਵੇਂ ਸਾਹਿਤ ਦੀ ਤਲਾਸ਼ ਵਿੱਚ ਰਹਿੰਦਾ ਹੈ। ਸਾਹਿਤ ਕੇਵਲ ਸਾਨੂੰ ਕੇਵਲ ਗਿਆਨ ਹੀ ਨਹੀਂ ਦੇਂਦਾ, ਸਗੋਂ ਸਾਡੇ ਜੀਵਨ ਨਾਲ ਜੁੜੇ ਹਰ ਤਰ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਰਾਹ ਵੀ ਦੱਸਦਾ ਹੈ।
ਇਸੇ ਕਰਕੇ ਅਕਸਰ ਆਖਿਆ ਜਾਂਦਾ ਹੈ ਕਿ ਸਾਹਿਤ ਮਨੁੱਖ ਦਾ ਸਭ ਤੋਂ ਕਰੀਬੀ ਤੇ ਹਿਤੈਸ਼ੀ ਹੈ। ਜਿਵੇਂ ਜ਼ਿੰਦਗੀ ਵਿੱਚ ਦੁਨਿਆਵੀਂ ਰਿਸ਼ਤੇ ਵਕਤ ਪੈਣ ਉੱਤੇ ਮੁੱਖ ਮੋੜ ਜਾਂਦੇ ਹਨ, ਪਰ ਸਾਹਿਤ ਸਦਾ ਹੀ ਮਨੁੱਖ ਦਾ ਮਿੱਤਰ ਬਣਿਆ ਰਹਿੰਦਾ ਹੈ।
       ਅਸੀਂ ਜਿਸ ਧਰਤੀ ਦੇ ਵਾਸੀ ਹਾਂ, ਇਸ ਧਰਤੀ ਦੇ ਉਤੇ ਵੇਦ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਬਹੁਤ ਸਾਰਾ ਅਜਿਹਾ ਸਾਹਿਤ ਰਚਿਆ ਗਿਆ ਹੈ ਜਿਹੜਾ ਸਾਡੇ ਲਈ ਹਰ ਪਲ ਰਾਹ ਦਿਖਾਉਣ ਦਾ ਯਤਨ ਕਰਦਾ ਹੈ। ਸਾਡਾ ਸ਼ਬਦ ਗੁਰੂ ਹੈ। ਇਸੇ ਕਰਕੇ ਅਸੀਂ ਮਨੁੱਖ ਦੇ ਨਾਲੋਂ ਸ਼ਬਦ ਨੂੰ ਪਹਿਲ ਦਿੰਦੇ ਹਾਂ। ਸ਼ਬਦ ਗੁਰੂ ਸਦਾ ਹੀ ਸਾਨੂੰ ਨਵੇਂ ਦਿਸਹੱਦਿਆਂ ਵੱਲ ਤੋਰਦਾ ਹੈ।
       ਪਰ ਜਦੋਂ ਦੀ ਅਸੀਂ ਸ਼ਬਦ ਗੁਰੂ ਵੱਲ ਪਿੱਠ ਮੋੜੀ ਹੈ, ਅਸੀਂ ਦੁੱਖਾਂ, ਕਲੇਸ਼ਾਂ ਵਿੱਚ ਉਲਝਦੇ ਜਾ ਰਹੇ ਹਾਂ। ਕਿਉਂਕਿ ਅਸੀਂ ਸ਼ਬਦ ਗੁਰੂ ਦੇ ਨਾਲੋਂ ਕੁੱਝ ਅਜਿਹੀਆਂ ਵਸਤੂਆਂ ਨੂੰ ਆਪਣਾ ਗੁਰੂ ਬਣਾ ਲਿਆ ਹੈ, ਜਿਹੜੀਆਂ ਸਾਨੂੰ ਸੁੱਖ ਸਹੂਲਤਾਂ ਦੇਣ ਦੀ ਥਾਂ ਅਜਿਹੇ ਝਮੇਲਿਆਂ ਵਿੱਚ ਫਸਾ ਰਹੀਆਂ ਹਨ ਕਿ ਅਸੀਂ ਜ਼ਿੰਦਗੀ ਦੇ ਨਾਲ ਜੁੜੀਆਂ ਕਦਰਾਂ ਕੀਮਤਾਂ ਵੱਲ ਪਿੱਠ ਕਰਕੇ ਖੜ੍ਹ ਗਏ ਹਾਂ। ਇਸੇ ਕਰਕੇ ਅਸੀਂ ਕਈ ਅਜਿਹੀਆਂ ਅਲਾਮਤਾਂ ਆਪਣੇ ਗਲ ਪਾ ਲਈਆਂ ਹਨ, ਜਿਨ੍ਹਾਂ ਦਾ ਕਿਧਰੇ ਵੀ ਕੋਈ ਹਲ ਨਜ਼ਰ ਨਹੀਂ ਆਉਂਦਾ।
         ਇਸ ਸਮੇਂ ਅਸੀਂ ਸਾਇੰਸ ਤੇ ਤਕਨਾਲੋਜੀ ਦੇ ਦੌਰ ਵਿੱਚੋਂ ਦੀ ਗੁਜ਼ਰ ਰਹੇ ਹਾਂ। ਸਾਇੰਸ ਤੇ ਤਕਨਾਲੋਜੀ ਨੇ ਸਾਰੇ ਹੀ ਸੰਸਾਰ ਨੂੰ ਇੱਕ ਪਿੰਡ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਸੰਸਾਰਕ ਪਿੰਡ ਵਿੱਚ ਅਸਲ ਤੇ ਬੁਨਿਆਦੀ ਪਿੰਡ ਖਤਮ ਹੋ ਗਿਆ ਹੈ। ਪਿੰਡਾਂ ਨੂੰ ਖਤਮ ਕਰਕੇ, ਇੱਕ ਅਜਿਹੇ ਸੰਸਾਰਿਕ ਪਿੰਡ ਨੂੰ ਹੋਂਦ ਵਿੱਚ ਲਿਆਂਦਾ ਜਾ ਰਿਹਾ ਹੈ, ਜਿਹੜਾ ਸੰਸਾਰਿਕ ਪਿੰਡ ਆਮ ਮਨੁੱਖ ਦੀਆਂ ਬੁਨਿਆਦੀ ਲੋੜਾਂ ਨੂੰ ਨਾ ਤਾਂ ਪੂਰਾ ਹੀ ਕਰ ਰਿਹਾ ਤੇ ਨਾ ਹੀ ਉਨ੍ਹਾਂ ਨੂੰ ਪੇਸ਼ ਕਰ ਰਿਹਾ ਹੈ।
      ਸਾਹਿਤ ਦੀ ਵਗਦੀ ਇੱਕ ਕੂਲ ਜਦੋਂ ਦੀ ਸਮੁੰਦਰ ਬਣੀ ਹੈ, ਉਦੋਂ ਤੋਂ ਮਨੁੱਖ ਦੀ ਹਾਲਤ ਅਜਿਹੀ ਬਣ ਗਈ ਹੈ ਕਿ ਉਹ ਸਮੁੰਦਰ ਵਿੱਚ ਫਿਰਦਾ ਹੈ, ਪਰ ਉਸ ਨੂੰ ਆਪਣੀ ਪਿਆਸ ਬੁਝਾਉਣ ਦੇ ਲਈ ਇੱਕ ਘੁੱਟ ਦੀ ਤਲਾਸ਼ ਲਈ ਥਾਂ-ਥਾਂ ਭਟਕਣਾ ਪੈ ਰਿਹਾ ਹੈ।
        ਸਾਹਿਤ ਦੇ ਇਸ ਸਮੁੰਦਰ ਵਿੱਚ ਵੱਖ ਵੱਖ ਵੰਨਗੀਆਂ ਦੀਆਂ ਨਹਿਰਾਂ, ਦਰਿਆ ਆ ਕੇ ਜਜ਼ਬ ਹੋ ਰਹੇ ਹਨ। ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿੱਚ ਸਾਹਿਤ ਦੀਆਂ ਪੁਸਤਕਾਂ, ਛਪ ਰਹੀਆਂ ਹਨ। ਇਹ ਪੁਸਤਕਾਂ ਆਪਣੇ ਕੋਲੋਂ ਪੈਸੇ ਦੇ ਕੇ ਜਾਂ ਫਿਰ ਵੱਡੇ ਵੱਡੇ ਪਬਲਿਸ਼ਰਜ਼ ਕੋਲੋਂ ਪੈਸੇ ਦੇ ਕੇ ਛਪਵਾ ਰਹੇ ਹਨ। ਇਸ ਛਪ ਰਹੇ ਸਾਹਿਤ ਵਿੱਚ ਮਨੁੱਖ ਦੇ ਨਾਲ, ਖਾਸ ਕਰਕੇ ਆਮ ਮਨੁੱਖ ਦੇ ਨਾਲ ਜੁੜੀਆਂ ਤਕਲੀਫਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਸੇ ਕਰਕੇ ਸਾਹਿਤ ਵਿੱਚ ਜ਼ਿੰਦਗੀ ਦੇ ਨਾਲ ਦੋ ਚਾਰ ਹੋ ਰਹੇ ਮਨੁੱਖ ਦੇ ਦੁੱਖਾਂ ਦੀ ਗਾਥਾ ਸਾਹਿਤ ਵਿੱਚੋਂ ਮਨਫ਼ੀ ਹੁੰਦੀ ਜਾ ਰਹੀ ਹੈ। ਸਾਹਿਤ ਅੰਦਰ ਧੜਾ-ਧੜਾ ਕਵਿਤਾ, ਕਹਾਣੀ, ਨਾਵਲ, ਵਾਰਤਕ ਤੇ ਹਰ ਸਾਹਿਤਕ ਵੰਨਗੀਆਂ ਦੀਆਂ ਕਿਤਾਬਾਂ ਛਪ ਰਹੀਆਂ ਹਨ, ਇਨ੍ਹਾਂ ਵਿੱਚ ਪਿਆਰ, ਸੈਕਸ, ਗਲੋਬਲ ਜਾਂ ਫਿਰ ਕੁੱਝ ਅਜਿਹੇ ਮਸਲਿਆਂ ਨੂੰ ਲੈ ਕੇ ਲਿਖਿਆ ਹੁੰਦਾ ਹੈ, ਜਿਹੜੇ ਮਨੁੱਖ ਨੂੰ ਸੇਧ ਦੇਣ ਦੀ ਵਜਾਏ, ਅਜਿਹੇ ਭੰਬਲਭੂਸੇ ਖ੍ਹੜੇ ਕਰ ਰਹੀਆਂ ਹਨ, ਕਿ ਆਮ ਮਨੁੱਖ ਦੀ ਹਾਲਤ ਚੁਰਾਹੇ ਵਿੱਚ ਖੜ੍ਹੇ ਉਸ ਮਨੁੱਖ ਦੀ ਹੋ ਜਾਂਦੀ ਹੈ, ਜਿੱਥੇ ਮਨੁੱਖ ਤਾਂ ਹਜ਼ਾਰਾਂ ਹਨ, ਪਰ ਉਸ ਦੇ ਦੁੱਖਾਂ ਦੀ ਗੱਲ ਸੁਨਣ ਵਾਲਾ ਕੋਈ ਨਹੀਂ। ਉਹ ਚੁਰਾਹੇ ਵਿੱਚ ਪਿਆ ਤੜਫ਼ ਰਿਹਾ ਹੈ। ਉਸ ਕੋਲ ਦੀ ਵੱਡੀਆਂ ਵੱਡੀਆਂ ਮੋਟਰ ਕਾਰਾਂ ਵਿੱਚ ਲੋਕ ਲੰਘੀ ਜਾ ਰਹੇ ਹਨ।
          ਸਾਹਿਤ ਦੇ ਅੰਦਰ ਏਨੀ ਭੀੜ ਵਧ ਗਈ ਹੈ, ਕਿ ਹਰ ਕੋਈ ਆਪਣੇ ਆਪ ਨੂੰ ਮਹਾਨ ਤੇ ਦੁਨੀਆਂ ਦਾ ਸਭ ਤੋਂ ਵੱਡਾ ਸਾਹਿਤਕਾਰ ਹੋਣ ਦਾ ਮਾਣ ਮਹਿਸੂਸ ਕਰਦਾ ਨਜ਼ਰ ਆਉਂਦਾ ਹੈ। ਆਪਣੇ ਪੱਲਿਓਂ ਪੈਸੇ ਦੇ ਕੇ ਕਿਤਾਬਾਂ ਲਿਖਵਾਉਣ, ਛਪਵਾਉਣ ਤੇ ਰੀਲੀਜ਼ ਕਰਨ ਵਾਲਿਆਂ ਦੀ ਏਨੀ ਵੱਡੀ ਕਤਾਰ ਪੈਦਾ ਹੋ ਗਈ ਹੈ, ਕਈ ਵਾਰ ਤਾਂ ਇੰਝ ਲਗਦੈ ਹੈ, ਜਿਵੇਂ ਮਨੁੱਖ ਨੇ ਹੋਰ ਸਾਰੇ ਕਿਤੇ ਛੱਡ ਕੇ ਸਾਹਿਤਕ ਕਿੱਤਾ ਹੀ ਆਪਣਾ ਲਿਆ ਹੋਵੇ।
       ਸਾਹਿਤ ਦੇ ਸਿਰਜਕ ਆਪਣੇ ਅਹੁਦਿਆਂ, ਮਾਨ ਸਨਮਾਨ ਜਾਂ ਫਿਰ ਸਾਹਿਤਕ ਸੰਸਥਾਵਾਂ ਉਪਰ ਕਾਬਜ਼ ਹੋਣ ਲਈ, ਸਿਰਜਕਾਂ ਦੀ ਟੋਲੀ ਬਣਾ ਰਹੇ ਹਨ। ਧੜਾ ਧੜਾ ਕਿਤਾਬਾਂ ਛਪ ਰਹੀਆਂ, ਰੀਲੀਜ਼ ਹੋ ਰਹੀਆਂ ਹਨ, ਉਨ੍ਹਾਂ ਨੂੰ ਇਨਾਮ, ਸਨਮਾਨ, ਪੁਰਸਕਾਰ ਮਿਲ ਰਹੇ ਹਨ, ਪਰ ਜਦੋਂ ਉਨ੍ਹਾਂ ਕਿਤਾਬਾਂ ਨੂੰ ਕੋਈ ਸਾਹਿਤਕ ਪਾਠਕ ਪੜ੍ਹਦਾ ਹੈ ਤਾਂ ਉਹ ਮੱਥੇ ਉੱਤੇ ਹੱਥ ਮਾਰਦਾ ਹੈ ਕਿ ਉਹ ਕੀ ਪੜ੍ਹ ਰਿਹਾ ਹੈ। ਕਿਉਂਕਿ ਲੇਖਕਾਂ ਨੇ ਲੋਕ ਪੱਖੀ ਸਾਹਿਤ ਲਿਖਣਾ ਹੀ ਛੱਡ ਦਿੱਤਾ ਹੈ, ਜ਼ਿੰਦਗੀ ਦੇ ਨਾਲ ਖਹਿਕੇ, ਲੰਘਣ ਵਾਲਾ ਸਾਹਿਤ ਗੁਆਚ ਗਿਆ ਹੈ। ਹੁਣ ਬਹੁਤ ਸਾਹਿਤ ਸੈਕਸ ਦੇ ਮਸਲਿਆਂ ਨਾਲ ਜਾਂ ਫੇਰ ਅਨੈਤਿਕ ਰਿਸ਼ਤਿਆਂ ਦੇ ਨਾਲ ਜੁੜਿਆ ਹੋਇਆ ਹੀ ਸਿਰਜਿਆ ਜਾ ਰਿਹਾ ਹੈ। ਇਸੇ ਕਰਕੇ ਸਾਹਿਤ ਦੇ ਖੇਤਰ ਵਿੱਚ ਕੋਈ ਵੀ ਅਜਿਹੀ ਲਹਿਰ ਨਹੀਂ ਬਣ ਰਹੀ ਜਿਹੜੀ ਲੋਕ ਮਸਲਿਆਂ ਦੀ ਗੱਲ ਕਰਦੀ ਹੋਵੇ, ਲੋਕ ਦੁੱਖਾਂ, ਦਰਦਾਂ, ਬਿਮਾਰੀਆਂ ਤੇ ਅਦਾਲਤੀ ਚੱਕਰਾਂ ਵਿੱਚ ਉਲਝੇ ਪਏ ਹਨ। ਆਮ ਮਨੁੱਖ ਦੇ ਹੱਥੋਂ ਰੋਟੀ ਤੱਕ ਖੋਹ ਲਈ ਹੈ। ਇਸਦੇ ਸਿਰ ਦੀ ਛੱਤ ਗੁਆਚ ਰਹੀ ਹੈ। ਮਾਲਵਾ ਪੱਟੀ ਕਈ ਨਾ ਮੁਰਾਦ ਬੀਮਾਰੀਆਂ ਦਾ ਸ਼ਿਕਾਰ ਹੋਈ ਪਈ ਹੈ। ਉਥੋਂ ਦੇ ਲੋਕ ਕਿਵੇਂ ਜ਼ਿੰਦਗੀ ਜੀਅ ਰਹੇ ਹਨ, ਕਿਵੇਂ ਜ਼ਿੰਦਗੀ ਦੇ ਨਾਲ ਦੋ-ਚਾਰ ਹੋ ਰਹੇ ਹਨ, ਉਨ੍ਹਾਂ ਸਬੰਧੀ ਅਖਬਾਰੀ ਰਿਪੋਰਟਾਂ ਤੋਂ ਇਲਾਵਾ ਕਿਧਰੇ ਕੋਈ ਵੀ ਅਜਿਹਾ ਸਾਹਿਤ ਨਹੀਂ ਮਿਲਦਾ, ਜਿਹੜਾ ਉਥੋਂ ਦੇ ਲੋਕਾਂ ਦੀ ਗੱਲ ਕਰਦਾ ਹੋਵੇ।
      ਸਾਹਿਤ ਦੇ ਇਸ ਸਮੁੰਦਰ ਵਿੱਚ ਆਮ ਮਨੁੱਖ ਪੀਣਯੋਗ ਪਾਣੀ ਦੀ ਤਲਾਸ਼ ਵਿੱਚ ਥਾਂ ਥਾਂ ਭਟਕ ਰਿਹਾ ਹੈ। ਉਸ ਦੀ ਇਹ ਭਟਕਣਾ ਕਦੋਂ ਤੇ ਕਿੱਥੇ ਖਤਮ ਹੋਵੇਗੀ?