ਅਸਲੀ ਦਾਨਵ ਕੌਣ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਸ਼ਹਤੂਤ ਦਾ ਸਿਲਕ ਦੁਨੀਆ ਦਾ ਸਭ ਤੋਂ ਮਹਿੰਗਾ ਤੇ ਬਿਹਤਰੀਨ ਕਪੜਾ ਮੰਨਿਆ ਜਾ ਚੁੱਕਿਆ ਹੈ। ਜੇ ਰਤਾ ਡੂੰਘਿਆਈ ਵਿਚ ਘੋਖੀਏ ਤਾਂ ਇਸ ਨੂੰ ਬਣਾਉਣ ਦਾ ਤਰੀਕਾ ਚੀਨ ਨੇ ਕਈ ਸਦੀਆਂ ਤੱਕ ਲੁਕਾਈ ਰੱਖਿਆ। ਜਿਹੜਾ ਇਸ ਦਾ ਰਾਜ਼ ਬਾਹਰ ਕੱਢਣ ਦਾ ਜਤਨ ਕਰਦਾ ਸੀ, ਉਸ ਨੂੰ ਮਾਰ ਮੁਕਾਇਆ ਜਾਂਦਾ ਸੀ।
    ਅਖ਼ੀਰ ਰਾਜ਼ ਖੁੱਲਣ 'ਤੇ ਪਤਾ ਲੱਗਿਆ ਕਿ ਇਹ ਇੱਕ ਨਿੱਕੀ ਮਲੂਕ ਜਿਹੀ ਸੁੰਡੀ ਹੈ ਜੋ ਸ਼ਹਤੂਤ ਦੇ ਪੱਤੇ ਖਾਂਦੀ ਹੈ। ਉਸ ਦੇ ਨਿੱਕੇ-ਨਿੱਕੇ ਬੱਚੇ ਜਦੋਂ ਵੱਡੇ ਹੋਣ ਲਈ ਆਪਣੇ ਦੁਆਲੇ ਧਾਗਾ ਘੁਮਾ ਕੇ ਲੁਕਣਾ ਚਾਹੁੰਦੇ ਹਨ ਤਾਂ ਮਨੁੱਖ ਉਨ੍ਹਾਂ ਨੂੰ ਉਬਾਲ ਕੇ, ਤੜਫ਼ਾ ਕੇ, ਉਹ ਧਾਗਾ ਲਾਹ ਲੈਂਦੇ ਹਨ। ਇਸ ਕੁਦਰਤੀ ਧਾਗੇ ਨੂੰ ਬੁਣਨ ਵਾਲੀ ਸੁੰਡੀ ਦਾ ਨਾਂ ਹੀ 'ਸਿਲਕ ਵਰਮ' ਰੱਖ ਦਿੱਤਾ ਗਿਆ। ਫਿਰ ਇਸ ਧਾਗੇ ਤੋਂ ਕਪੜਾ ਬਣਾ ਕੇ ਏਨੀ ਕਮਾਈ ਕੀਤੀ ਗਈ ਕਿ ਚੀਨ ਤੋਂ ਬਾਹਰ ਭੇਜੇ ਇਸ ਕਪੜੇ ਸਦਕਾ ਰਸਤੇ ਦਾ ਨਾਂ ਹੀ 'ਸਿਲਕ ਰੂਟ' ਰੱਖ ਦਿੱਤਾ ਗਿਆ।
    ਈਸਾ ਮਸੀਹ ਤੋਂ ਵੀ ਕਈ ਸਾਲ ਪਹਿਲਾਂ ਤੋਂ ਇਸ ਨਿੱਕੀ ਸੁੰਡੀ ਦੇ ਬੱਚੇ ਬੇਰਹਿਮੀ ਨਾਲ ਉਬਾਲੇ ਜਾ ਰਹੇ ਹਨ ਪਰ ਕਦੇ ਕਿਸੇ ਦੇ ਮਨ ਵਿਚ ਰਹਿਮ ਨਹੀਂ ਆਇਆ। ਲਗਭਗ 6600 ਨਿੱਕੇ ਨਿੱਕੇ ਸੁੰਡੀ ਦੇ ਮਲੂਕ ਬੱਚੇ ਉਬਾਲਣ ਬਾਅਦ ਉਨ੍ਹਾਂ ਦੇ ਦੁਆਲੇ ਬੰਨ੍ਹੇ ਸਿਲਕ ਦੇ ਇੱਕ ਕਿੱਲੋ ਧਾਗੇ ਇਕੱਠੇ ਹੁੰਦੇ ਹਨ।
    ਇਸ 'ਮਲਬਰੀ ਸਿਲਕ' ਦੀ ਮੰਗ ਏਨੀ ਵਧ ਚੁੱਕੀ ਹੈ ਕਿ ਅਰਬਾਂ ਦੀ ਗਿਣਤੀ ਵਿਚ ਇਹ ਨਿੱਕੇ ਬੱਚੇ ਰੋਜ਼ ਰਿੰਨੇ ਜਾ ਰਹੇ ਹਨ ਪਰ ਮਨੁੱਖ ਦੀ ਭੁੱਖ ਹਾਲੇ ਘਟੀ ਨਹੀਂ।
    ਇੰਜ ਹੀ ਕੇਕੜੇ ਇਸ ਧਰਤੀ ਉੱਤੇ ਲਗਭਗ ਡਾਇਨਾਸੌਰ ਦੇ ਸਮੇਂ ਤੋਂ ਵਿਚਰ ਰਹੇ ਹਨ। ਹੁਣ ਇਨ੍ਹਾਂ ਦੀ ਹਾਲਤ ਇਹ ਹੈ ਕਿ ਹਰ ਸਾਲ ਦੁਨੀਆ ਭਰ ਦੇ ਲੋਕ ਉਨ੍ਹਾਂ ਨੂੰ ਉਬਾਲ ਕੇ ਖਾਣ ਲਈ ਪੰਜ ਲੱਖ ਕੇਕੜੇ ਤੜਫਾ ਕੇ ਮਾਰ ਮੁਕਾਉਂਦੇ ਹਨ। ਲਗਭਗ 20 ਕਰੋੜ ਸਾਲਾਂ ਤੋਂ ਹਰ ਸਾਲ ਵੱਖੋ-ਵੱਖ ਥਾਵਾਂ ਉੱਤੇ ਕੋਈ ਨਾ ਕੋਈ ਇੱਕ ਮਾਦਾ ਕੇਕੜਾ 30 ਲੱਖ ਅੰਡੇ ਦਿੰਦੀ ਰਹੀ ਹੈ, ਜਿਨ੍ਹਾਂ ਵਿੱਚੋਂ ਸਿਰਫ਼ ਇਕ ਜਾਂ ਦੋ ਹੀ ਬਚਦੇ ਹਨ ਕਿਉਂਕਿ ਹੋਰ ਪੰਛੀ ਤੇ ਜਾਨਵਰ ਇਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਬਾਕੀ ਵੱਡਿਆਂ ਨੂੰ ਉਬਾਲ ਕੇ ਮਨੁੱਖ ਖਾਣ ਲੱਗ ਪਿਆ ਹੈ!
    ਰਤਾ ਧਿਆਨ ਕਰੀਏ 'ਡੋਡੋ' ਵੱਲ। ਸਤਾਹਰਵੀਂ ਸਦੀ ਵਿਚ ਮਿਲਦੇ ਡੋਡੋ ਪੰਛੀ ਨੂੰ, ਜੋ ਉੱਡ ਨਹੀਂ ਸੀ ਸਕਦਾ, ਮਨੁੱਖਾਂ ਨੇ ਸ਼ਿਕਾਰ ਕਰ ਕਰ ਕੇ ਮੌਰੀਸ਼ੀਅਸ ਦੀ ਧਰਤੀ ਤੋਂ ਹੀ ਨਹੀਂ, ਪੂਰੀ ਦੁਨੀਆ ਵਿੱਚੋਂ ਸਦੀਵੀ ਤੌਰ ਉੱਤੇ ਖ਼ਤਮ ਕਰ ਛੱਡਿਆ ਹੈ। ਹੁਣ ਉਸ ਦਾ ਕੋਈ ਅੰਸ਼ ਦਿਸਦਾ ਹੀ ਨਹੀਂ। ਅਖ਼ੀਰੀ ਡੋਡੋ ਸੰਨ 1662 ਵਿਚ ਮੌਰੀਸ਼ੀਅਸ ਵਿਖੇ ਦਿਸਿਆ ਜੋ ਸ਼ਾਹੀ ਖਾਣੇ ਲਈ ਸ਼ਿਕਾਰ ਕਰ ਕੇ ਮਾਰ ਮੁਕਾ ਦਿੱਤਾ ਗਿਆ।
    'ਕਾਲਾ ਗੈਂਡਾ' ਅਫਰੀਕਾ ਵਿਚ ਰਿਹਾ ਕਰਦਾ ਸੀ। ਇਸ ਦੇ ਦੋ ਸਿੰਗ ਮਰਦਾਨਾ ਤਾਕਤ ਦੀ ਵਰਤੋਂ ਲਈ ਬਹੁਤ ਫ਼ਾਇਦੇਮੰਦ ਲੱਭੇ ਸਨ। ਇਸ ਖੋਜ ਸਦਕਾ ਇਸ ਦਾ ਏਨਾ ਸ਼ਿਕਾਰ ਕੀਤਾ ਗਿਆ ਕਿ ਆਖ਼ਰੀ ਕਾਲਾ ਗੈਂਡਾ ਸੰਨ 2006 ਵਿਚ ਦਿਸਿਆ, ਜਿਸ ਦੇ ਸ਼ਿਕਾਰ ਤੋਂ ਬਾਅਦ ਇਹ ਵੀ ਇਸ ਦੁਨੀਆ ਨੂੰ ਸਦੀਵੀ ਅਲਵਿਦਾ ਕਹਿ ਗਿਆ ਹੋਇਆ ਹੈ।
    ਚਿੱਟੀ ਡਾਲਫਿਨ ਜਾਂ ਚੀਨੀ ਦਰਿਆਈ ਡਾਲਫਿਨ ਦੋ ਕਰੋੜ ਸਾਲਾਂ ਤੋਂ ਯਾਂਗਸੇ ਨਦੀ ਵਿਚ ਘੁੰਮਦੀ, ਟਪੂਸੀਆਂ ਮਾਰਦੀ, ਮਨੁੱਖਾਂ ਨਾਲ ਸਾਂਝ ਗੰਢਦੀ ਫਿਰਦੀ ਰਹੀ। ਪਾਣੀ ਦਾ ਡੈਮ ਬਣਾਉਣ ਲਈ ਅਤੇ ਚਿੱਟੀ ਡਾਲਫਿਨ ਤੋਂ ਉਸ ਦਾ ਕੁਦਰਤੀ ਸੋਮਾ ਖੋਹ ਲੈਣ ਬਾਅਦ, ਅਤੇ ਇਸ ਦੇ ਸ਼ਿਕਾਰ ਕਰਦੇ ਰਹਿਣ ਨਾਲ ਆਖ਼ਰੀ ਚਿੱਟੀ ਡਾਲਫ਼ਿਨ ਸੰਨ 2002 ਵਿਚ ਸਦਾ ਲਈ ਲੋਪ ਹੋ ਗਈ।
    'ਸਪੇਨ ਦੇ ਬਕਰੇ ਆਈਬੈਕਸ' ਦੇ ਘੁੰਮਣ ਦਾ ਘੇਰਾ ਬਹੁਤ ਵਿਸ਼ਾਲ ਸੀ। ਇਨ੍ਹਾਂ ਦੀ ਗਿਣਤੀ ਲਗਭਗ 50,000 ਦੇ ਕਰੀਬ ਸੀ। ਇਨ੍ਹਾਂ ਦਾ ਮੀਟ ਬਹੁਤ ਸੁਆਦੀ ਗਿਣਿਆ ਜਾਂਦਾ ਸੀ। ਲਗਾਤਾਰ ਸ਼ਿਕਾਰ ਹੁੰਦੇ ਰਹਿਣ ਕਾਰਨ ਇਹ ਵੀ ਮਨੁੱਖੀ ਹੈਵਾਨੀਅਤ ਦੀ ਭੇਂਟ ਚੜ੍ਹ ਗਏ ਅਤੇ ਆਖ਼ਰੀ ਆਈਬੈਕਸ ਸੰਨ 2000 ਵਿਚ ਅਲਵਿਦਾ ਕਹਿ ਗਿਆ।
    'ਸਫ਼ਰੀ ਕਬੂਤਰ' ਜੋ ਸੁਣੇਹੇ ਦੇਣ ਲਈ ਪੁਰਾਣੇ ਸਮਿਆਂ ਤੋਂ ਵਰਤੇ ਜਾਂਦੇ ਰਹੇ ਅਤੇ ਇਨ੍ਹਾਂ ਦੀ ਅਖ਼ੀਰੀ ਗਿਣਤੀ ਲਗਭਗ 30 ਤੋਂ 50 ਕਰੋੜ ਸਿਰਫ਼ ਅਮਰੀਕਾ ਵਿਚ ਹੀ ਸੀ, ਉੰਨੀਵੀਂ ਸਦੀ ਵਿਚ ਖ਼ੁਰਾਕ ਦੀ ਕਮੀ ਸਦਕਾ ਗ਼ਰੀਬਾਂ ਨੇ ਇਨ੍ਹਾਂ ਦਾ ਸ਼ਿਕਾਰ ਕਰ ਕੇ ਖਾਣਾ ਸ਼ੁਰੂ ਕੀਤਾ ਤੇ ਸੰਨ 1914 ਤਕ ਕਰੋੜਾਂ ਸਫ਼ਰੀ ਕਬੂਤਰਾਂ ਨੂੰ ਨੇਸਤਾ ਨਾਬੂਤ ਕਰ ਦਿੱਤਾ।
    'ਤਸਮਾਨੀਆ ਟਾਈਗਰ' ਸਿਰਫ਼ ਤਸਮਾਨੀਆ ਤੇ ਅਸਟ੍ਰੇਲੀਆ ਵਿਚ ਮਿਲਦੇ ਸਨ ਤੇ ਇਹ ਕਿਹਾ ਜਾਂਦਾ ਹੈ ਕਿ ਜਦ ਤੋਂ ਧਰਤੀ ਬਣੀ, ਇਹ ਮੌਜੂਦ ਸਨ। ਕਾਂਗਰੂ ਵਾਂਗ ਇਹ ਵੀ ਆਪਣੇ ਬੱਚੇ ਸਰੀਰ ਨਾਲ ਲੱਗੀ ਥੈਲੀ ਵਿਚ ਰੱਖਦੇ ਸਨ। ਮਨੁੱਖਾਂ ਨੂੰ ਇਸ ਦਾ ਮੀਟ ਏਨਾ ਪਸੰਦ ਆਇਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਇਸ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ। ਅਖ਼ੀਰਲਾ ਤਸਮਾਨੀਆ ਚੀਤਾ, ਤਸਮਾਨੀਆ ਦੇ ਚਿੜੀਆ ਘਰ ਵਿਚ 1936 ਵਿਚ ਮਰ ਮੁੱਕ ਗਿਆ।
    'ਸਮੁੰਦਰੀ ਗਾਂ' ਸੰਨ 1741 ਵਿਚ ਜਾਰਜ ਸਟੈਲਰ ਨੇ ਅਲਾਸਕਾ ਦੇ ਸਮੁੰਦਰ ਵਿਚ ਲੱਭੀ ਤੇ ਇਸ ਦਾ ਨਾਂ ਹੀ ਸਟੈਲਰ ਸਮੁੰਦਰੀ ਗਾਂ ਰੱਖ ਦਿੱਤਾ ਗਿਆ। ਇਸ ਦਾ ਭਾਰ 10 ਟਨ ਸੀ ਤੇ ਸਿਰਫ਼ ਸਮੁੰਦਰੀ ਘਾਹ ਹੀ ਖਾਂਦੀ ਸੀ। ਇਸ ਦੇ ਲੱਭੇ ਜਾਣ ਤੋਂ ਸਿਰਫ਼ 27 ਸਾਲਾਂ ਦੇ ਅੰਦਰ ਹੀ ਮਨੁੱਖਾਂ ਨੇ ਸ਼ਿਕਾਰ ਕਰ ਕਰ ਕੇ ਲੱਖਾਂ ਸਾਲ ਪੁਰਾਣੀ ਇਸ ਗਾਂ ਦੀ ਹੋਂਦ ਮਿਟਾ ਦਿੱਤੀ।
    'ਗਰੇਟ ਔਕ' ਇੱਕ ਵੱਡਾ ਪੰਛੀ ਸੀ ਜੋ ਉੱਡ ਨਹੀਂ ਸੀ ਸਕਦਾ ਤੇ ਉੱਤਰੀ ਯੂਰਪ ਤੋਂ ਸਪੇਨ ਤੱਕ ਘੁੰਮਦਾ ਲੱਭਿਆ ਗਿਆ ਸੀ। ਇਹ ਪੰਛੀ ਪਾਣੀ ਵਿਚ ਸ਼ਿਕਾਰ ਕਰਦੇ ਹੁੰਦੇ ਸਨ। ਸੰਨ 1844 ਵਿਚ ਸਕਾਟਲੈਂਡ ਵਿਚ ਆਏ ਸਮੁੰਦਰੀ ਤੂਫ਼ਾਨ ਦੌਰਾਨ ਲੋਕਾਂ ਨੇ ਇਨ੍ਹਾਂ ਨੂੰ ਚੁੜੇਲਾਂ ਮੰਨ ਕੇ ਤੂਫ਼ਾਨ ਲਿਆਉਣ ਦਾ ਕਾਰਨ ਮੰਨਦਿਆਂ ਵੱਡੀ ਪੱਧਰ ਉੱਤੇ ਇਨ੍ਹਾਂ ਦਾ ਕਤਲੇਆਮ ਕਰ ਕੇ ਮਾਰ ਮੁਕਾਇਆ।
    'ਵੱਡਾ ਘੁੰਘਰਾਲਾ ਹਾਥੀ' 35 ਲੱਖ ਸਾਲਾਂ ਤੋਂ ਅਫਰੀਕਾ ਵਿਚ ਰਹਿੰਦਾ ਰਿਹਾ ਤੇ ਯੂਰਪ ਅਤੇ ਅਮਰੀਕਾ ਵਿਚ ਵੀ ਦਿਸਿਆ। ਇਸ ਦਾ ਭਾਰ 600 ਕਿੱਲੋ ਸੀ। ਇਸ ਹਾਥੀ ਦੇ ਦੰਦ ਪੰਜ ਮੀਟਰ ਤੱਕ ਲੰਮੇ ਸਨ। ਦਸ ਹਜ਼ਾਰ ਸਾਲ ਪਹਿਲਾਂ ਮਨੁੱਖਾਂ ਦੀ ਸ਼ਿਕਾਰ ਕਰਨ ਦੀ ਪ੍ਰਵਿਰਤੀ ਅਤੇ ਦੰਦ ਨੂੰ ਰੱਬੀ ਸੌਗਾਤ ਮੰਨ ਕੇ ਸਾਂਭਣ ਲਈ ਇਨ੍ਹਾਂ ਦਾ ਏਨਾ ਸ਼ਿਕਾਰ ਕੀਤਾ ਗਿਆ ਕਿ ਇਹ ਕਿਸਮ ਵੀ ਹੁਣ ਲੋਕ ਹੋ ਚੁੱਕੀ ਹੈ।
    ਇਨ੍ਹਾਂ ਤੋਂ ਇਲਾਵਾ ਵੀ ਸੈਂਕੜੇ ਹੋਰ ਕਿਸਮਾਂ ਦੇ ਜਾਨਵਰ, ਪੰਛੀ, ਬੂਟੇ ਤੇ ਦਰਖ਼ਤ ਹੁਣ ਇਸ ਧਰਤੀ ਉੱਤੇ ਦਿਸਣੋਂ ਹਟ ਚੁੱਕੇ ਹਨ।
    ਧਿਆਨ ਕਰੀਏ ਮਨੁੱਖਾਂ ਵਲ ਤੇ ਕੁੱਝ ਉਨ੍ਹਾਂ ਦੀਆਂ ਪ੍ਰਜਾਤੀਆਂ ਵੱਲ! ਪੈਂਹਠ ਹਜ਼ਾਰ ਸਾਲਾਂ ਤੋਂ ਅੰਡੇਮਨ ਵਿਚ 'ਬੌਆ' ਪ੍ਰਜਾਤੀ ਦੇ ਲੋਕ ਵੱਸਦੇ ਰਹੇ ਸਨ। ਅਖ਼ੀਰੀ ਬੋਆ ਮਨੁੱਖ 85 ਸਾਲਾਂ ਦੀ ਉਮਰ ਵਿਚ ਸੰਨ 2010 ਵਿਚ ਰਬ ਨੂੰ ਪਿਆਰਾ ਹੋ ਗਿਆ ਤੇ ਹੁਣ ਇਸ ਪ੍ਰਜਾਤੀ ਦਾ ਧਰਤੀ ਉੱਤੇ ਭੋਗ ਪੈ ਚੁੱਕਿਆ ਹੈ।
    'ਸੈਂਤਨਲੀ ਪ੍ਰਜਾਤੀ' ਵੀ ਲੋਪ ਹੋਣ ਦੇ ਕਗਾਰ ਉੱਤੇ ਹੈ। ਇਸ ਪ੍ਰਜਾਤੀ ਦੇ ਲੋਕ ਅੰਡੇਮਨ ਦੇ ਇੱਕ ਨਿੱਕੇ ਜਿਹੇ ਟਾਪੂ ਉੱਤੇ ਰਹਿੰਦੇ ਹਨ। ਮੌਜੂਦਾ ਮਨੁੱਖਾਂ ਦੀ ਹੜੱਪ ਕਰ ਜਾਣ ਦੀ ਆਦਤ ਨੇ ਸਾਰੀਆਂ ਥੁੜ ਗਿਣਤੀ ਕੌਮਾਂ ਨੂੰ ਮਾਰ ਮੁਕਾ ਕੇ ਜ਼ਮੀਨਾਂ ਦੱਬਣ ਵੱਲ ਧੱਕ ਦਿੱਤਾ ਹੈ।
    ਅਮਰੀਕਾ ਨੇ ਆਪਣੇ ਅਸਲ ਮਾਲਕਾਂ, ਜਿਵੇਂ ਮਾਇਅੱਕਾ, ਲੁਕਾਇਨ, ਕੋਰੋਆ, ਈਨੋ, ਬਿਓਥੁੱਕ, ਅਰਨਾਮਾ ਆਦਿ ਲਗਭਗ 31 ਪ੍ਰਜਾਤੀਆਂ ਦਾ ਖੁਰਾ ਖੋਜ ਮਿਟਾ ਕੇ ਆਪ ਕਾਬਜ਼ ਹੋਣ ਦਾ ਦਾਅਵਾ ਕਰ ਦਿੱਤਾ ਹੈ।
    ਰੂਸ ਵਿਚ ਵੀ ਇੰਜ ਹੀ ਵਾਪਰਿਆ ਹੈ। ਉੱਥੇ ਦੇ ਅਸਲ ਵਸਨੀਕ ਜਿਵੇਂ, ਅਸਨ, ਬੁਲੱਖ, ਕਮਾਸਿਨ, ਵੋਲਗਾ ਆਦਿ 12 ਪ੍ਰਜਾਤੀਆਂ ਦੇ ਲੋਕ ਵੀ ਮਾਰ ਮੁਕਾ ਦਿੱਤੇ ਗਏ ਹਨ।
    ਅਜਿਹੀਆਂ 383 ਪ੍ਰਜਾਤੀਆਂ, ਜਿਨ੍ਹਾਂ ਵਿਚ ਆਪਣੀ ਪਹਿਲੀ ਧੀ ਮਾਰਨ ਦੀ ਪ੍ਰਥਾ ਬਹੁਤ ਪ੍ਰਚਲਿਤ ਸੀ, ਵੀ ਹੌਲੀ-ਹੌਲੀ ਆਪ ਹੀ ਆਪਣੀ ਨਸਲ ਨੂੰ ਖ਼ਤਮ ਕਰਨ ਦਾ ਕਾਰਨ ਬਣ ਗਏ।
    ਸਿਰਫ਼ 20 ਸਾਲ ਪਹਿਲਾਂ ਕੁਰੇਸ਼ੀਆ ਦੇ ਸਾਰੇ 'ਸਰਬਾਂ' ਨੂੰ ਪੂਰੀ ਦੁਨੀਆ ਦੇ ਸਾਹਮਣੇ ਮਾਰ ਮੁਕਾਇਆ ਗਿਆ ਤਾਂ ਜੋ ਉਨ੍ਹਾਂ ਦੀ ਜ਼ਮੀਨ ਦੱਬੀ ਜਾ ਸਕੇ। ਇਸ ਨਸਲਕੁਸ਼ੀ ਲਈ ਵੀ ਮਨੁੱਖੀ ਲੋਭ, ਹਉਮੈ ਤੇ ਹੈਂਕੜ ਹੀ ਕਾਰਨ ਲੱਭੇ!
    ਮੌਜੂਦਾ ਸਾਇੰਸ ਦੀ ਤਰੱਕੀ ਨੇ ਚੇਤਾਵਨੀ ਦਿੱਤੀ ਹੈ ਕਿ ਮਨੁੱਖ ਨਾਸਵਾਨ ਹੈ। ਇਸ ਸ਼ਬਦ ਉੱਤੇ ਅਸੀਂ ਬਹੁਤੀ ਤਵੱਜੋ ਨਹੀਂ ਦਿੰਦੇ ਕਿਉਂਕਿ ਸਾਨੂੰ ਆਪਣਾ ਆਪ 'ਅਮਰ' ਲੱਗਦਾ ਹੈ। ਸਾਨੂੰ ਆਪਣੇ ਦਾਦੇ ਪੜਦਾਦੇ ਜਾਂ ਲੱਕੜਦਾਦੇ ਤੱਕ ਝਾਕ ਕੇ ਹੀ ਤਸੱਲੀ ਹੋ ਜਾਂਦੀ ਹੈ ਕਿ ਸਾਡੇ ਨਾਮਲੇਵੇ ਤੁਰਦੇ ਹੀ ਰਹਿਣੇ ਹਨ।
    ਵਿਗਿਆਨੀਆਂ ਅਨੁਸਾਰ, ਜਦੋਂ ਦੀ ਧਰਤੀ ਬਣੀ ਹੈ, ਦੁਨੀਆ ਭਰ ਦੀਆਂ ਅਨੇਕ ਪ੍ਰਜਾਤੀਆਂ ਤੇ ਕਿਸਮਾਂ ਵਿੱਚੋਂ 99.9 ਫੀਸਦੀ ਕਿਸਮਾਂ ਹੌਲੀ-ਹੌਲੀ ਲੋਪ ਹੋ ਚੁੱਕੀਆਂ ਹਨ ਜਾਂ ਹੋ ਰਹੀਆਂ ਹਨ।
    ਪੰਜ ਮਈ ਸੰਨ 2020 ਵਿਚ ਛਪੇ ਯੂਨੀਵਰਸਿਟੀ ਔਫ਼ ਬਾਠ ਦੇ ਖੋਜ ਪੱਤਰ ਨੇ ਸਪਸ਼ਟ ਕੀਤਾ ਹੈ ਕਿ ਹੁਣ ਤੱਕ ਦੇ ਮਿਲੇ 'ਫੌਸਿੱਲ' ਅਨੁਸਾਰ ਲਗਾਤਾਰ ਜੀਨ ਦੀ ਤਬਦੀਲੀ ਤੇ ਬਣਤਰ ਵਿਚ ਫ਼ਰਕ ਨੇ ਹੌਲੀ-ਹੌਲੀ ਬਹੁਤ ਕਿਸਮਾਂ ਧਰਤੀ ਉੱਤੋਂ ਮੁਕਾ ਛੱਡੀਆਂ ਹਨ।
    ਮਨੁੱਖ ਦੀ ਵੀ ਪਹਿਲੀ ਸ਼ਕਲ 'ਨੈਂਡਰਥਲ' ਮਰ ਮੁੱਕ ਗਈ। ਫਿਰ ਹੋਮੋ ਇਰੈੱਕਟਸ ਵੀ ਖ਼ਤਮ ਹੋਏ ਤੇ ਹੁਣ 'ਹੋਮੋਸੇਪੀਅਨ' ਬਚੇ ਹਨ। ਬਦਲਦੇ ਮੌਸਮ, ਵਧਦੀ ਗ਼ਰੀਬੀ, ਭੁਖਮਰੀ, ਭਿਆਨਕ ਕੀਟਨਾਸ਼ਕ ਹੌਲੀ-ਹੌਲੀ ਸਾਡੇ ਜੀਨ ਵਿਚ ਤਬਦੀਲੀ ਕਰਨ ਵੱਲ ਜੁਟੇ ਹਨ।
    ਵੱਡੇ-ਵੱਡੇ ਜਾਨਵਰ, ਜੋ ਮਨੁੱਖਾਂ ਵਾਂਗ ਹੀ ਗਰਮ ਖ਼ੂਨ ਵਾਲੇ ਸਨ, ਇਹ ਤਬਦੀਲੀਆਂ ਸਹਾਰ ਨਹੀਂ ਸਕੇ ਤੇ ਖ਼ਤਮ ਹੋਣ ਵੱਲ ਚਾਲੇ ਪਾ ਗਏ। ਛੋਟੇ ਤੇ ਠੰਡੇ ਖ਼ੂਨ ਵਾਲੇ ਜਿਵੇਂ ਕੱਛੂਕੁੰਮੇ, ਸੱਪ, ਕਿਰਲੀਆਂ, ਜੋ ਕਾਫ਼ੀ ਚਿਰ ਭੁੱਖ ਸਹਾਰ ਸਕਦੇ ਹਨ, ਇਹ ਤਬਦੀਲੀਆਂ ਵੀ ਸਹਾਰ ਗਏ।
    ਤਾਜ਼ਾ ਖੋਜਾਂ ਅਨੁਸਾਰ ਮਨੁੱਖੀ ਸਰੀਰਾਂ ਅੰਦਰ ਵਧਦਾ ਤੇ ਜਮਾਂ ਹੁੰਦਾ ਜਾਂਦਾ ਆਰਸੈਨਿਕ ਹੌਲੀ-ਹੌਲੀ ਡੀ.ਐਨ.ਏ. ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਕਰੋਮੋਸੋਮ ਵਿਚਲੀ ਗੜਬੜੀਆਂ, ਕੁੱਝ ਹਿੱਸੇ ਝੜ ਜਾਣੇ, ਕੁੱਝ ਵਿਗਾੜ ਵਾਲੇ ਹੋਣੇ ਤੇ ਕੁੱਝ ਡੀ.ਐਨ.ਏ. ਪ੍ਰੋਟੀਨ ਵਿਚਲੀ ਤਾਲ ਮੇਲ ਵਿਚ ਤਬਦੀਲੀ ਹੀ ਬਹੁਤ ਸਾਰੀਆਂ ਬੀਮਾਰੀਆਂ ਤੋਂ ਲੈ ਕੇ ਭਰੂਣਾਂ ਵਿਚਲੇ ਨੁਕਸਾਂ ਦਾ ਕਾਰਨ ਬਣਦੇ ਜਾ ਰਹੇ ਹਨ। ਜਿੱਥੇ ਇਕਦਮ ਸਰੀਰ ਅੰਦਰ ਲੰਘਿਆ ਆਰਸੈਨਿਕ ਉਲਟੀਆਂ, ਬਲੱਡ ਪ੍ਰੈੱਸ਼ਰ ਦੀ ਗੜਬੜੀ, ਦਿਮਾਗ਼ ਨੂੰ ਨੁਕਸਾਨ ਦੇ ਨਾਲ ਮੌਤ ਦਾ ਕਾਰਨ ਬਣਦਾ ਹੈ, ਉੱਥੇ ਸ਼ੱਕਰ ਰੋਗ, ਕੈਂਸਰ, ਫੇਫੜੇ ਤੇ ਨਸਾਂ ਦੇ ਰੋਗਾਂ ਦੀ ਸ਼ੁਰੂਆਤ ਵੀ ਕਰ ਦਿੰਦਾ ਹੈ। ਅਨੇਕ ਮਰੀਜ਼ ਚਮੜੀ, ਪਿਸ਼ਾਬ ਦੇ ਬਲੈਡਰ ਤੇ ਫੇਫੜਿਆਂ ਦੇ ਕੈਂਸਰ ਸਿਰਫ਼ ਆਰਸੈਨਿਕ ਵਧਣ ਸਦਕਾ ਹੀ ਸਹੇੜ ਰਹੇ ਹਨ।
    ਉਹ ਘੱਟਾ, ਜਿਸ ਵਿਚ ਆਰਸੈਨਿਕ ਹੋਵੇ, ਅਸੀਂ ਸਾਹ ਰਾਹੀਂ ਵੀ ਆਪਣੇ ਅੰਦਰ ਲੰਘਾ ਜਾਂਦੇ ਹਾਂ ਜੋ ਸਰੀਰ ਦਾ ਨਾਸ ਮਾਰਦਾ ਹੈ।
    ਕੁਦਰਤ ਨੇ ਮਨੁੱਖੀ ਸਰੀਰ ਵਿੱਚੋਂ ਆਰਸੈਨਿਕ ਕੱਢਣ ਦਾ ਜ਼ਰੀਆ ਬਣਾਇਆ ਹੋਇਆ ਹੈ ਪਰ ਜੇ ਥੋੜੀ ਮਾਤਰਾ ਵਿਚ ਹੋਵੇ। ਜੇ ਹੱਦੋਂ ਵੱਧ ਲੰਘ ਜਾਏ ਤਾਂ ਨੁਕਸਾਨ ਕਰ ਦਿੰਦਾ ਹੈ।
    ਜਿੰਨੀ ਡੀ.ਐਨ.ਏ. ਉੱਤੇ ਖੋਜ ਵੱਧ ਹੋ ਰਹੀ ਹੈ, ਓਨਾ ਹੀ ਵੱਧ ਪਤਾ ਲੱਗ ਰਿਹਾ ਹੈ ਕਿ ਨਵੀਨੀਕਰਨ ਦੇ ਚੱਕਰ ਵਿਚ ਅਤੇ ਵਿਗਿਆਨਿਕ ਤਰੱਕੀ ਨਾਲ ਜਿੱਥੇ ਅਨੇਕ ਤਰ੍ਹਾਂ ਦੀ ਰੇਡੀਏਸ਼ਨ ਤੇ ਹੋਰ ਚੀਜ਼ਾਂ ਨਾਲ ਡੀ.ਐਨ.ਏ. ਵਿਚ ਵਿਗਾੜ ਤੇ ਟੁੱਟ ਫੁੱਟ ਦਿੱਸਣ ਲੱਗ ਪਈ ਹੈ, ਉੱਥੇ ਛੇਤੀ ਬੁਢੇਪਾ, ਯਾਦਾਸ਼ਤ ਦੀ ਕਮੀ, ਵਧਦੇ ਭਰੂਣ ਵਿਚਲੇ ਨੁਕਸ, ਦਿਮਾਗ਼ੀ ਨੁਕਸ ਤੇ ਬੀਮਾਰੀਆਂ ਵਿਚ ਬੇਹਿਸਾਬ ਵਾਧਾ ਦਿਸਣ ਲੱਗ ਪਿਆ ਹੈ। ਉੱਤੋਂ ਮੋਟਾਪਾ, ਤਣਾਓ ਤੇ ਅਸੰਤੁਲਿਤ ਖ਼ੁਰਾਕ ਵੀ ਨਾਸ ਮਾਰ ਰਹੇ ਹਨ।
    ਨਵੀਆਂ ਵਾਇਰਸ ਤੇ ਹੋਰ ਕਿਸਮਾਂ ਦੇ ਕੀਟਾਣੂ ਵੀ ਲੱਖਾਂ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੇ ਹਨ।
    ਸਿਰਫ਼ ਡੀ.ਐਨ.ਏ. ਦੇ 'ਔਕਸੀਡੇਟਿਵ ਨੁਕਸਾਨ' ਨਾਲ ਹੀ 11,500 ਮਨੁੱਖੀ ਸੈੱਲ ਰੋਜ਼ ਨੁਕਸਾਨੇ ਜਾਂਦੇ ਹਨ। ਇੰਜ ਹੀ ਡੀਪੂਰੀਨੇਸ਼ਨ ਨਾਲ 13,920 ਸੈੱਲ, ਸਿੰਗਲ ਸਟਰੈਂਡ ਦੀ ਟੁੱਟ ਫੁੱਟ ਨਾਲ 55,200 ਸੈੱਲ!
    ਚੂਹਿਆਂ ਉੱਤੇ ਹੋਈ ਖੋਜ ਨੇ ਸਪਸ਼ਟ ਕੀਤਾ ਹੈ ਕਿ ਸਰੀਰ ਦੇ ਵੱਖੋ-ਵੱਖ ਹਿੱਸਿਆਂ ਉੱਤੇ ਬਹੁਤ ਜ਼ਿਆਦਾ ਮਾੜਾ ਅਸਰ ਦਿਸ ਰਿਹਾ ਹੈ। ਐਂਡੋਜੀਨਸ ਡੀ.ਐਨ.ਏ. ਦੇ ਨੁਕਸਾਨ ਨਾਲ ਜਿਗਰ, ਗੁਰਦੇ, ਫੇਫੜੇ ਤੇ ਦਿਮਾਗ਼ ਦੇ ਲੱਖਾਂ ਸੈੱਲ ਇਸ ਦੇ ਅਸਰ ਹੇਠ ਆ ਜਾਂਦੇ ਹਨ।
    ਜੇ ਸਰੀਰ ਦਾ ਸੈੱਲ ਡੀ.ਐਨ.ਏ. ਵਿਚਲੇ ਨੁਕਸ ਨੂੰ ਦਰੁਸਤ ਕਰ ਸਕਦਾ ਹੋਵੇ ਤਾਂ ਬਚ ਜਾਂਦਾ ਹੈ ਵਰਨਾ ਉਹ ਸੈੱਲ ਮਰ ਜਾਂਦਾ ਹੈ।
    ਹੋਰ ਜਾਨਵਰਾਂ, ਪੰਛੀਆਂ, ਕੀੜੇ ਮਕੌੜਿਆਂ ਨੂੰ ਖ਼ਤਮ ਕਰਦਾ ਮਨੁੱਖ ਹੁਣ ਆਪਣੇ ਹੀ ਤਿਆਰ ਕੀਤੇ ਹਥਿਆਰਾਂ, ਵਿਗਿਆਨਿਕ ਔਜ਼ਾਰਾਂ ਤੇ ਵੱਖੋ-ਵੱਖ ਨਵੀਆਂ ਕਾਢਾਂ ਹੱਥੋਂ ਖ਼ਤਰਾ ਸਹੇੜ ਰਿਹਾ ਹੈ।
    ਕੁਦਰਤੀ ਸੋਮਿਆਂ ਨੂੰ ਮੁਕਾ ਕੇ ਜਾਂ ਜ਼ਹਿਰੀਲਾ ਬਣਾ ਕੇ, ਖ਼ਤਰਨਾਕ ਕਿਰਨਾਂ ਈਜਾਦ ਕਰ ਕੇ, ਹੱਦੋਂ ਵੱਧ ਜਨਸੰਖਿਆ, ਖੇਤੀ ਉਤਪਾਦਨਾਂ ਦਾ ਮਹਿੰਗਾ ਤੇ ਸੀਮਤ ਹੋਣਾ ਤੇ ਭੁੱਖਮਰੀ 'ਚ ਦਿਨੋ-ਦਿਨ ਵਾਧਾ, ਇੱਕ ਦੂਜੇ ਨੂੰ ਜਰ ਨਾ ਸਕਣਾ, ਮੁਲਕਾਂ ਵਿਚਲੀ ਜੰਗ, ਐਟਮੀ ਹਥਿਆਰ, ਮੀਜ਼ਾਈਲਾਂ, ਜਾਨਵਰਾਂ ਅਤੇ ਪੰਛੀਆਂ ਦੇ ਘਰ ਉਜਾੜਨੇ, ਚੰਗੇ ਕੀਟਾਣੂਆਂ ਨੂੰ ਮਾਰ ਮੁਕਾਉਣਾ ਆਦਿ ਅਣਗਿਣਤ ਕਾਰਨ ਹਨ ਜਿਨ੍ਹਾਂ ਸਦਕਾ ਮਨੁੱਖੀ ਮੌਤਾਂ ਵਿਚ ਲਗਾਤਾਰ ਵਾਧਾ ਦਿੱਸਣ ਲੱਗ ਪਿਆ ਹੈ। ਇਹ ਵਾਧਾ ਜੇ ਵੇਲੇ ਸਿਰ ਨਾ ਰੋਕਿਆ ਗਿਆ ਤਾਂ ਮਨੁੱਖ ਹੋਰ ਪ੍ਰਜਾਤੀਆਂ ਨੂੰ ਖ਼ਤਮ ਕਰਦਾ-ਕਰਦਾ ਆਪਣੀ ਹੋਂਦ ਵੀ ਖ਼ਤਮ ਕਰ ਜਾਵੇਗਾ। ਹਾਲੇ ਵੀ ਵੇਲਾ ਹੈ ਸੰਭਲ ਜਾਈਏ! ਜਨਸੰਖਿਆ ਕਾਬੂ ਵਿਚ ਰੱਖ ਕੇ, ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਕਰ ਕੇ, ਇੱਕ ਦੂਜੇ ਨੂੰ ਮਾਰ ਮੁਕਾਉਣ ਦੀ ਥਾਂ ਮਿਲਵਰਤਣ ਨਾਲ ਰਹਿਣਾ ਸਿੱਖ ਲਈਏ ਤਾਂ ਕੁੱਝ ਸੁਧਾਰ ਹੋਣ ਦੀ ਉਮੀਦ ਹੈ।
    ਜਿਸ ਨੂੰ ਹਾਲੇ ਵੀ ਕੋਈ ਸ਼ੰਕਾ ਹੋਵੇ ਤਾਂ ਸੰਨ 2021 ਵਿਚ ਲੱਭੀ ਇੱਕ ਆਖ਼ਰੀ ਖੋਜ ਬਾਰੇ ਦੱਸ ਦਿੰਦੀ ਹਾਂ। ਮਨੁੱਖੀ ਅੰਤੜੀਆਂ ਵਿਚ 70,000 ਕਿਸਮਾਂ ਦੀਆਂ ਨਵੀਆਂ ਵਾਇਰਸ ਲੱਭੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਬਾਰੇ ਖੋਜ ਜਾਰੀ ਹੈ ਕਿ ਇਹ ਕਿੰਨੀਆਂ ਕੁ ਹਾਣੀਕਾਰਕ ਹਨ ਤੇ ਡੀ.ਐਨ.ਏ. ਉੱਤੇ ਕਿੰਨਾ ਕੁ ਕਹਿਰ ਢਾਅ ਸਕਦੀਆਂ ਹਨ!
    ਏਨਾ ਕੁੱਝ ਜਾਣ ਲੈਣ ਬਾਅਦ ਰਤਾ ਧਿਆਨ ਦੂਜੇ ਪਾਸੇ ਵੀ ਕਰੀਏ। ਗੁਰਬਾਣੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਖ਼ੂਬੀ ਸਮਝਾਇਆ ਹੈ ਕਿ ਸੰਸਾਰ ਉੱਤੇ ਉਤਪੱਤੀ ਅੰਡੇ ਤੋਂ, ਜੇਰਜ ਤੋਂ (ਮਨੁੱਖ ਤੇ ਪਸ਼ੂ), ਸੇਤਜ ਜਾਂ ਮੁੜ੍ਹਕੇ ਤੋਂ ਜੰਮੇ-ਜੂੰਆਂ ਆਦਿ, ਉਤਭੁਜਾ (ਪਾਣੀ ਤੇ ਧਰਤੀ ਤੋਂ ਉਪਜੀ ਬਨਸਪਤੀ), ਸਾਰੀ ਪ੍ਰਮਾਤਮਾ ਦੀ ਹੀ ਪੈਦਾ ਕੀਤੀ ਹੋਈ ਰਚਨਾ ਹੈ। (ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ-ਅੰਗ 816)। ਗੁਰੂ ਨਾਨਕ ਦੇਵ ਜੀ ਨੇ ਕੁੱਝ ਹੋਰ ਵੀ ਸਪਸ਼ਟ ਕਰ ਦਿੱਤਾ - ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ (ਅੰਗ 468)। ਸਾਰਾ ਜਗਤ ਨਾਸਵਾਨ ਹੈ ਤੇ ਸਾਰੀਆਂ ਵਸਤੂਆਂ ਵੀ, ਪਰ ਮਨੁੱਖ ਇਹ ਭੁੱਲ ਕੇ ਨਾਸਵੰਤ ਚੀਜ਼ਾਂ ਦੇ ਮੋਹ ਵਿਚ ਫਸਿਆ ਪਿਆ ਹੈ। ਇਹ ਛਲ ਜੀਵਾਂ ਨੂੰ ਡੋਬ ਰਿਹਾ ਹੈ।
    ਬਸ ਸਿਰਫ਼ ਇਹ ਨੁਕਤਾ ਸਮਝ ਆ ਜਾਵੇ ਤਾਂ ਸਭ ਕੁੱਝ ਹਾਸਲ ਕਰਨ, ਦੂਜੇ ਨੂੰ ਢਾਅ ਕੇ ਆਪਣਾ ਰੁਤਬਾ ਉੱਚਾ ਕਰਨ ਤੇ ਪੁਸ਼ਤਾਂ ਚੱਲਦੀਆਂ ਰੱਖਣ ਦਾ ਲਾਲਚ ਛੱਡ ਮਨੁੱਖ ਸੀਮਤ ਸ੍ਰੋਤਾਂ ਨਾਲ ਰਹਿਣਾ ਸਿੱਖ ਜਾਵੇਗਾ। ਉਸੇ ਦਿਨ ਕੁਦਰਤ ਨਾਲ ਕੀਤਾ ਜਾ ਰਿਹਾ ਖਿਲਵਾੜ ਵੀ ਬੰਦ ਹੋ ਜਾਵੇਗਾ! ਜੇ ਹਾਲੇ ਵੀ ਜਵਾਬ ਨਾ ਹੈ ਤਾਂ ਰਬ ਹੀ ਰਾਖਾ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
 28, ਪ੍ਰੀਤ ਨਗਰ, ਲੋਅਰ ਮਾਲ
 ਪਟਿਆਲਾ। ਫੋਨ ਨੰ: 0175-2216783