ਜਦੋਂ ਸਿਸਟਮ ਟੁੱਟਦਾ ਹੈ ! - ਬੁੱਧ ਸਿੰਘ ਨੀਲੋਂ

ਤਾਲਾਬੰਦੀ ਵਿੱਚ ਟੁੱਟ ਗਿਆ ਦੇਸ਼ ਦਾ ਸਿਸਟਮ, ਲੋਕਾਂ ਨੇ ਜਿਉਣ ਦੇ ਬਦਲੇ ਨੇ ਅਰਥ, ਸਰਕਾਰ ਕਰ ਰਹੀ ਹੈ, ਅਨਰਥ। ਦਰਦ ਦੀ ਚੀਕ ਵੀ ਸੁਣੀ। ਲੋਕਾਂ ਨੇ ਨਵੀਂ ਬਣਤੀ ਬੁਣੀ। ਲੋਕ ਸਿਰ ਉਤੇ ਪੈਰ ਤੇ ਘਰ ਰੱਖ ਕੇ ਧਰਤੀ ਲਹੂ ਨਾਲ ਰੰਗਦੇ ਰਹੇ।
 ਹੁਣ ਇੰਝ ਲੱਗਦਾ ਹੈ ... ਸਭ ਕੁੱਝ  ਰਾਮ ਭਰੋਸੇ ਚੱਲਦਾ ਹੈ!  ਲਾਸ਼ਾਂ ਚੀਕਦੀਆਂ .. ਮੁਰਦੇ ਘਰਾਂ ਵਿੱਚ  ਨਹੀਂ  ਕਬਰਾਂ  ਵਿੱਚ  ਕੈਦ ਹਨ।  ਤਮਾਸ਼ਾ  ਜਾਰੀ ਹੈ।
        ਜਦੋਂ ਸਿਸਟਮ  ਟੁੱਟਦਾ ਹੈ ਤਾਂ ਧਰਤੀ ਨਹੀਂ ਕੰਬਦੀ, ਆਸਮਾਨ ਨਹੀਂ ਪਾਟਦਾ, ਧਰਤੀ ਉਤੇ ਭੂਚਾਲ ਨਹੀਂ ਆਉਂਦਾ। ਅੰਬਰ ਦੇ ਤਾਰੇ ਨਹੀਂ ਟੁੱਟਦੇ, ਘਰਾਂ ਦੇ ਚੁੱਲੇ ਨਹੀਂ ਬੁਝਦੇ। ਸੜ੍ਹਕਾਂ ਉੱਤੇ ਭੀੜ ਦਨਦਨਾਉਂਦੀ ਨਹੀਂ ਫਿਰਦੀ। ਪੁਲਿਸ ਦੀ ਲਾਠੀ ਨਹੀਂ ਚਲਦੀ, ਕਬਰਾਂ ਤੇ ਸਮਸ਼ਾਨਾਂ ਵਿੱਚ ਰੋਣਕਾਂ ਨਹੀਂ ਲੱਗਦੀਆਂ।
       ਹੱਸਦੇ ਘਰਾਂ ਵਿੱਚ ਵਸਦੇ ਲੋਕ, ਆਪਣੇ ਹੀ ਘਰਾਂ ਵਿੱਚ ਕੈਦ ਨਹੀਂ ਹੁੰਦੇ। ਘਰਾਂ ਦੇ ਬੂਹਿਆਂ ਤੇ ਤਾਲੇ ਨਹੀਂ ਲੱਗਦੇ। ਪੈਰਾਂ ਦੀਆਂ ਬਿਆਈਆਂ ਨਹੀਂ ਪਾਟਦੀਆਂ, ਛਾਲੇ ਨਹੀਂ ਪੈਂਦੇ। ਕੋਈ ਅੱਖਾਂ ਦੀਆਂ ਕਿਆਰੀਆਂ ਵਿੱਚੋਂ ਹੰਝੂ ਨਹੀਂ ਪੂੰਝਦਾ। ਜਦੋਂ ਸਿਸਟਮ ਡਿੱਗਦਾ ਹੈ।
        ਸਿਸਟਮ ਦਾ ਮੁੱਢ ਕੁਦੀਮੋਂ ਹੀ ਆਪਣਾ ਕਾਨੂੰਨ ਹੈ। ਆਪਣਾ ਬੀ ਇੱਕ ਜਨੂੰਨ ਹੈ। ਇਹ ਜਨੂੰਨ ਲੁੱਟਣ ਵਾਲਿਆਂ ਦਾ ਆਪਣਾ ਹੈ। ਇਸੇ ਕਰਕੇ ਉਹ ਜਦੋਂ ਵੀ ਚਾਹੁੰਦੇ ਹਨ ਤਾਂ ਕਾਨੂੰਨ ਦਾ ਨੱਕ ਮਰੋੜਦੇ ਹਨ, ਲੁੱਟੇ ਜਾਣ ਵਾਲਿਆਂ ਨੂੰ ਨੱਚੋੜਦੇ ਹਨ।
     ਨੁਚੜੇ ਬੰਦੇ ਫਿਰ ਸੜਕਾਂ ਤੇ ਨਹੀਂ ਕਬਰਾਂ ਦੀ ਉਡੀਕ ਕਰਦੇ ਹਨ। ਨਿੱਤ ਦਿਨ ਉਹ ਸੋਚ ਕੇ ਮਰਦੇ ਹਨ, ਕਿ ਸ਼ਾਇਦ ਭਵਿੱਖ ਉਨ੍ਹਾਂ ਲਈ ਗੁਲਦਾਉਦੀ ਦੇ ਫੁੱਲਾਂ ਦੀ ਮਹਿਕ, ਚੁੱਲੇ ਲਈ ਬਾਲਣ, ਪੀਪੇ ਲਈ ਆਟਾ, ਤਨ ਲਈ ਕੱਪੜਾ ਤੇ ਸਿਰ ਲਈ ਛੱਤ ਲੈ ਕੇ ਆਵੇਗਾ। ਉਹ ਆਸ ਦੇ ਸਹਾਰੇ ਜਿਉਂਦੇ ਨਹੀਂ ਆਸ ਦੀ ਉਡੀਕ ’ਚ ਪਲ ਪਲ, ਹਰ ਸਾਹ ਮਰਦੇ ਹਨ। ਪਰ ਫਿਰ ਵੀ ਉਹ ਜਿਉਦੇ ਰਹਿੰਦੇ ਹਨ। ਉਹ ਜਿਉਂਦੇ ਇਸ ਕਰਕੇ ਨਹੀਂ ਰਹਿੰਦੇ, ਕਿ ਉਨ੍ਹਾਂ ਦੇ ਹਿੱਸੇ ਦਾ ਅੰਬਰ ਕੋਈ ਉਨ੍ਹਾਂ ਨੂੰ ਮੋੜ ਦੇਵੇਗਾ, ਉਹ ਤਾਂ ਲੁੱਟਣ ਵਾਲਿਆਂ  ਲਈ ਹੋਰ ਲੁੱਟ ਦਾ ਸਾਧਨ ਬਣਦੇ ਹਨ।
      ਉਹ ਆਪਣੇ ਲਈ ਸਾਧਨ ਤਲਾਸ਼ਦੇ ਹੋਏ, ਸੜਕਾਂ, ਫੈਕਟਰੀਆਂ, ਦਫਤਰਾਂ, ਖੇਤਾਂ ਤੇ ਘਰਾਂ ਵਿੱਚ ਮਰਦੇ ਹਨ, ਪਰ ਉਹ ਫਿਰ ਵੀ ਜਿਉਂਦੇ ਰਹਿੰਦੇ ਹਨ, ਕਿਉਕਿ ਉਨ੍ਹਾਂ ਦੇ ਜਿਉਂਦੇ ਰਹਿਣ ਦੀ ਸਿਸਟਮ ਨੂੰ ਲੋੜ ਹੈ। ਉਹ ਇਸ ਲੋੜ ਨੂੰ ਜਿਉਦਾ ਰੱਖਣ ਲਈ ਯੋਜਨਾਵਾਂ ਉਲੀਕਦਾ ਹੈ, ਉਨ੍ਹਾਂ ਦੇ ਲਈ ਸੁਪਨਿਆਂ ਦਾ ਸੰਸਾਰ ਸਿਰਜਣ ਦੇ ਸੁਪਨੇ ਵਿਖਾਉਂਦਾ ਹੈ, ਤੇ ਉਨ੍ਹਾਂ ਨੂੰ ਡਰਾਉਦਾ ਵੀ ਹੈ ਤੇ ਤਰਸਾਉਂਦਾ ਵੀ, ਡਰਦਿਆਂ, ਤਰਸਦਿਆਂ, ਮਰਦਿਆਂ ਉਹ ਫੇਰ ਜਿਉਦੇ ਰਹਿੰਦੇ ਹਨ, ਕਿਉਕਿ ਸਿਸਟਮ ਨੂੰ ਜਿਉਦਾ ਰੱਖਣ ਲਈ ਸਿਸਟਮ ਕਦੇ ਵੀ ਉਨ੍ਹਾਂ ਨੂੰ ਮਰਨ ਨਹੀਂ ਦਿੰਦਾ।  
      ਸਿਸਟਮ ਦਾ ਤੇ ਧਰਮ ਦਾ ਆਪਣਾ ਇੱਕ ਜੋੜ ਹੈ, ਉਹ ਧਰਮ ਦੇ ਨਾਂ ਉੱਤੇ ਦੰਗੇ ਨਹੀਂ ਕਰਵਾਉਦਾ, ਕਤਲ ਨਹੀਂ ਕਰਵਾਉਦਾ, ਗਲਾਂ ਵਿੱਚ ਟਾਇਰ ਨਹੀਂ ਪਾਉਦਾ, ਪੁਲਾਂ, ਕੱਸੀਆਂ ਨਾਲਿਆਂ ਤੇ, ਟਾਹਲੀਆਂ, ਕਿੱਕਰਾਂ ਦੇ ਥੱਲੇ ਮੁਕਾਬਲੇ ਨਹੀਂ ਕਰਦਾ, ਉਹ ਮਨੁੱਖਤਾ ਦਾ ਸ਼ਿਕਾਰ ਨਹੀਂ ਖੇਡਦਾ, ਉਹ ਜੁਆਨੀ ਨੂੰ ਨੌਕਰੀਆਂ ਦਿੰਦਾ ਹੈ, ਲਾਡੀਆਂ ਦਿੰਦਾ, ਬੰਦੂਕਾਂ, ਗੋਲੀਆਂ ਤੇ ਏ.ਕੇ. ਸੰਤਾਲੀ ਦਿੰਦਾ ਹੈ ਤਾਂ ਕਿ ਉਹ ਆਪਣਾ ਸ਼ਿਕਾਰ ਖੁਦ ਕਰ ਸਕਣ।
     ਜਦੋਂ ਜੁਆਨੀ ਆਪਣਾ ਸ਼ਿਕਾਰ ਖੁੱਦ ਕਰਦੀ ਹੈ ਤਾਂ ਉਸ ਨੂੰ ਪਤਾ ਨਹੀਂ ਤਾਰਨ ਤੇ ਮਾਰਨ ਵਾਲੇ ਦੇ ਹੱਥਾਂ ਤੇ ਦਸਤਾਨੇ ਕਿਸ ਦੇ ਹਨ। ਬੰਦੂਕ ਦਾ ਟਰਾਈਗਰ ਉਹ ਨਹੀਂ ਕੌਣ ਦੱਬਦਾ ਹੈ। ਉਸ ਦੇ ਬੰਦੂਕ ’ਚੋਂ ਨਿਕਲੀ ਗੋਲੀ ਨਾਲ ਖੂਨ ਸਾਹਮਣੇ ਵਾਲੇ ਦਾ ਨਹੀਂ, ਸਗੋਂ ਉਸ ਦੀ ਪਿੱਠ ਵਿੱਚੋਂ ਨਿਕਲਦਾ ਹੈ।
         ਉਹ ਲਾਵਾਰਿਸ ਲਾਸ਼ਾਂ ਨਹੀਂ ਬਣਦਾ, ਉਹ ਦਰਿਆਵਾਂ ਤੇ ਨਹਿਰਾਂ ਵਿੱਚ ਮੱਛੀਆਂ ਦਾ ਭੋਜਨ ਨਹੀਂ ਬਣਦਾ। ਉਹ ਤਾਂ ਸਗੋਂ ਆਪਣੇ ਗਉਮੈ ਦੇ ਘੋੜੇ ਤੇ ਸਵਾਰ ਹੋ ਕੇ ਸਿਸਟਮ ਦੀ ਰਾਖੀ ਕਰਦਾ ਹੈ। ਰਾਖੀ ਕਰਦਾ ਕੋਈ ਮਰਦਾ ਨਹੀਂ ਹੁੰਦਾ, ਸਗੋਂ ਸ਼ਹੀਦ ਹੁੰਦਾ ਹੈ। ਸ਼ਹੀਦ ਹੋਣਾ ਸਿਸਟਮ ਲਈ ਜਰੂਰੀ ਹੈ। ਉਸ ਦੀ ਲਾਸ਼ ਨੂੰ ਤਾਬੂਤ ਨਹੀਂ ਖਾਂਦਾ। ਸਗੋਂ ਉਸ ਦਾ ਆਪਣਾ ਹੀ ਸਾਇਆ ਖਾ ਜਾਂਦਾ ਹੈ।
        ਇਸੇ ਕਰਕੇ ਸਿਸਟਮ ਤਾਬੂਤਾਂ ਦਾ ਵਪਾਰ ਕਰਦਾ ਹੈ, ਇਹ ਤਾਬੂਤ ਅਸਮਾਨ ਵਿੱਚ ਉਡਦੇ ਹਨ, ਸਰਹੱਦ ਦੀ ਰਾਖੀ ਕਰਦੇ ਹਨ। ਰਾਖੀ ਕਰਦਿਆਂ ਮੌਤ ਨੂੰ ਝਕਾਨੀ ਦੇ ਕੇ ਮੁੜ ਆਉਣਾ ਸੂਰਮਗਤੀ ਨਹੀਂ ਹੁੰਦਾ, ਸਗੋਂ ਸਿਸਟਮ ਨਾਲ ਕੀਤੀ ਗਦਾਰੀ ਅਖਵਾਉਂਦੀ ਹੈ। ਗਦਾਰਾਂ ਤੇ ਸਰਦਾਰਾਂ ਵਿੱਚ ਉਦੋਂ ਅੰਤਰ ਮਿਟ ਜਾਂਦਾ ਹੈ, ਜਦੋਂ ਸਿਸਟਮ ਆਪਣਾ ਵਪਾਰ ਵਧਾਉਣ ਲਈ ਦਿੰਦਾ ਹੈ ਖਿਤਾਬ ਸਰ, ਬਹਾਦਰ, ਜੈਲਦਾਰ ਤੇ ਨੰਬਰਦਾਰ ਦੇ, ਉਦੋਂ ਸਿਸਟਮ ਬੜਾ ਚੰਗਾ ਹੁੰਦਾ ਹੈ ਤੇ ਖਿਤਾਬ ਲੈਣ ਵਾਲਾ ਆਪਣੇ ਕਬੀਲੇ ਵਿੱਚ ਨੰਗਾ ਹੁੰਦਾ ਹੈ, ਨੰਗਾ ਬੰਦਾ ਉਦੋਂ ਹੀ ਹੁੰਦਾ ਹੈ ਜਦੋਂ ਮਰਦਾ ਹੈ। ਉਦੋਂ ਤਨ ਨਹੀਂ, ਮਨ ਮਰਦਾ ਹੈ, ਅਣਖ ਮਰਦੀ ਹੈ, ਸਿਸਟਮ ਦੀ ਕਿਸ਼ਤੀ ਉਦੋਂ ਟਿੱਬਿਆਂ ਵਿੱਚ ਵੀ ਚਲਦੀ ਹੈ। ਟਿੱਬਿਆਂ ਵਿੱਚ ਚਲਦੀ ਕਿਸ਼ਤੀ ਦੇ ਮਲਾਹ ਸਿਸਟਮ ਨਹੀਂ ਹੁੰਦਾ। ਸਿਸਟਮ ਹੀ ਮਲਾਹ ਤੇ ਕਿਸ਼ਤੀ ਹੁੰਦਾ ਹੈ।
 ਜਦੋਂ ਸਿਸਟਮ ਡਿੱਗਦਾ ਹੈ, ਤਾਂ ਦਿਨੇ ਰਾਤ ਨਹੀਂ ਪੈਂਦੀ, ਸਗੋਂ ਰਾਤ ਵੀ ਦਿਨ ਬਣ ਜਾਂਦੀ ਹੈ। ਉਦੋਂ ਦਿਨ ਤੇ ਰਾਤ ਦਾ ਅੰਤਰ ਮਿਟ ਜਾਂਦਾ ਹੈ, ਇਹ ਮਿਟਿਆ ਅੰਤਰ ਇੱਕ ਵਾਰ ਨਹੀਂ ਕਈ ਵਾਰ ਅੱਖੀ ਦੇਖਿਆ ਹੈ ਤੇ ਸਿਵਿਆਂ ਨੇ ਇਸ ਦਾ ਨਿੱਘ ਸੇਕਿਆ ਹੈ।
         ਸਿਸਟਮ ਜਦੋਂ ਚਲਦਾ ਹੈ, ਤਾਂ ਲੋਕ ਸੌਂਦੇ ਹਨ, ਸੁੱਤੇ ਹੋਏ ਲੋਕਾਂ ਉੱਤੇ ਸਿਸਟਮ ਆਪਣੀ ਹਕੂਮਤ ਨਹੀਂ ਚਲਾਉਂਦਾ ਸਗੋਂ ਉਨ੍ਹਾਂ ਨੂੰ ਸੁੱਤੇ ਰਹਿਣ ਦੇ ਢੰਗ ਤਰੀਕੇ ਸਿਖਾਉਂਦਾ, ਚੈਨਲਾਂ ਤੇ ਬਾਬਿਆਂ ਨੂੰ ਬੈਠਾਉਂਦਾ ਹੈ, ਉਨ੍ਹਾਂ ਦੇ ਪ੍ਰਵਚਨ ਸੁਣਾਉਦਾ ਹੈ, ਪ੍ਰਵਚਨ ਸਪਣਦਾ ਬੰਦਾ ਆਪਣਾ ਵਰਤਮਾਨ ਭੁੱਲਦਾ ਹੈ, ਅਗਲੇ ਜਨਮ ਦੇ ਵਿੱਚ ਸੁੱਖ ਮਿਲਣ ਦੀ ਆਸਾ ਵਿੱਚ ਬੱਝਦਾ ਹੈ। ਸਿਸਟਮ ਜਦੋਂ ਧਰਮ ਦਾ ਪਿਆਰ ਵੰਡਦਾ ਹੈ ਤਾਂ ਥਾਂ ਥਾਂ ਉੱਤੇ ਡੇਰਿਆਂ, ਮੰਦਿਰਾਂ, ਗੁਰਦੁਆਰਿਆਂ, ਮਸਜਿਦਾਂ ਤੇ ਚਰਚਾ ਦਾ ਹੜ੍ਹ ਆਉਦਾ ਹੈ, ਇਹ ਹੜ੍ਹ ਹੀ ਸਿਸਟਮ ਨੂੰ ਚਲਾਉਂਦਾ ਹੈ। ਧਰਮ ਰਾਜ ਨਹੀਂ ਸਗੋਂ ਰਾਜਨੀਤੀ ਕਰਦਾ ਹੈ। ਉਹ ਫਤਵੇ ਜਾਰੀ ਕਰਦਾ ਹੈ। ਸਜਾਵਾਂ ਦਿੰਦਾ ਹੈ। ਪਰ ਉਹ ਉਨ੍ਹਾਂ ਦੀਆਂ ਜੇਬਾਂ ਨਹੀਂ ਕੱਟਦਾ ਸਗੋਂ ਉਨ੍ਹਾਂ ਦੇ ਪਿਛਲੇ ਜਨਮ ਦੇ ਪਾਪ ਕੱਟਦਾ ਹੈ। ਪਾਪ ਕੱਟਿਆ ਹੀ ਮੁਕਤੀ ਮਿਲਦੀ ਹੈ। ਜਦੋਂ ਮੁਕਤੀ ਮਿਲਦੀ ਹੈ ਤਾਂ ਸਿਸਟਮ ਹੱਸਦਾ ਨਹੀਂ, ਸਗੋਂ ਸੋਗ ਮਨਾਉਂਦਾ ਹੈ, ਸ਼ਰਧਾਂਜਲੀ ਸਮਾਗਮ ਰਚਾਉਂਦਾ ਹੈ। ਮਰ ਗਿਆ ਲਈ ਐਲਾਨ ਕਰਦਾ ਹੈ, ਵਿਧਵਾਵਾਂ ਲਈ ਸਿਲਾਈ ਮਸ਼ੀਨਾਂ ਵੰਡਦਾ ਹੈ। ਉਨ੍ਹਾਂ ਦੀ ਯਾਦ ਵਿੱਚ ਹੰਝੂ ਵਗਾਉਂਦਾ ਹੈ, ਨੋਕਰੀ ਦੇਣ ਦਾ ਭਰੋਸਾ ਦਿੰਦਾ ਹੈ। ਇਹ ਭਰੋਸਾ ਉਨ੍ਹਾਂ ਲਈ ਖੰਜਰ ਉੱਤੇ ਪਈ ਰੋਟੀ ਬਣਦਾ ਹੈ, ਉਨ੍ਹਾਂ ਦਾ ਜੀਵਨ ਇਸੇ ਆਸ ਨਾਲ ਚਲਦਾ ਹੈ।
      ਸਿਸਟਮ ਆਮ ਤੋਂ ਖਾਸ ਤੇ ਖਾਸ ਤੋਂ ਆਮ ਤੱਕ ਲਈ ਯੋਜਨਾ ਉਲੀਕਦਾ ਹੈ, ਸੰਸਥਾਵਾਂ ਬਣਾਉਦਾ ਹੈ, ਆਪਣੀ ਖੇਡ ਜਾਰੀ ਰੱਖਣ ਲਈ ਜੱਥੇ ਬੰਦੀਆਂ ਬਣਾਉਂਦਾ ਹੈ। ਇਹ ਜੱਥੇਬੰਦੀਆਂ ਸਿਸਟਮ ਦਾ ਪਿੱਟ ਸਿਆਪਾ, ਗੇਟ ਰੈਲੀਆਂ, ਚੌਂਕ ਰੈਲੀਆਂ, ਜਿਲ੍ਹਾ ਮੁਕਾਮਾਂ ਤੇ ਧਰਨੇ ਕਰਵਾਉਂਦਾ ਹੈ ਤਾਂ ਸਿਸਟਮ ਚਲਦਾ ਹੈ।
       ਸਿਸਟਮ ਦਾ ਤੇ ਸਾਹਿਤ ਦਾ ਆਪਸ ਵਿੱਚ ਇਕ ਸੰਬੰਧ ਹੁੰਦਾ ਹੈ। ਇਹ ਸੰਬੰਧ ਬਗਾਵਤ ਨਹੀਂ ਬਣਦਾ ਸਗੋਂ ਸਿਸਟਮ ਦੀ ਪ੍ਰਕਰਮਾ ਕਰਦਾ ਹੈ। ਉਸ ਦੀ ਆਰਤੀ ਕਰਦਾ ਹੈ, ਉਸ ਦੀ ਅਰਾਧਨਾ ਕਰਦਾ ਹੈ। ਇਸੇ ਕਰਕੇ ਸਾਹਿਤ ਤੇ ਸਿਸਟਮ ਦਾ ਅੰਤਰ ਮਿੱਟ ਗਿਆ। ਹੁਣ ਸਾਹਿਤ ‘ਰਾਜੇ ਸੀਂਹ ਮੁਕੱਦਮ ਕੁੱਤੇ ਨਹੀਂ ਆਖਦਾ ਸਗੋਂ ਹੁਣ ਸਿਸਟਮ ਜੋ ਚਾਹੁੰਦਾ ਹੈ, ਉਹੀ ਸਾਹਿਤ ਸਿਰਜਿਆ ਜਾਂਦਾ ਹੈ, ਸਿਰਜਣ ਵਾਲਿਆਂ ਨੂੰ ਤੁਰਲਿਆ , ਸ਼ਮਲਿਆਂ ਨਾਲ ਨਿਵਾਜਿਆ ਜਾਂਦਾ ਹੈ।
      ਸਿਸਟਮ ਹੁਣ ਨਾਂ ਗਲਦਾ ਹੈ ਤੇ ਨਾਂ ਹੀ ਸੜਦਾ ਹੈ। ਗਲਦਾ ਤੇ ਸੜਦਾ ਤਾਂ ਗੋਦਾਮਾਂ ਵਿੱਚ ਅਨਾਜ ਹੈ। ਅਨਾਜ ਉਗਾਉਣ ਵਾਲੇ ਘਰਾਂ, ਖੇਤਾਂ, ਹਸਪਤਾਲਾਂ ਵਿੱਚ ਸੜਦੇ ਹਨ। ਸਿਸਟਮ ਤਾਂ ਪਲਦਾ ਹੈ, ਉਸਰਦਾ ਹੈ। ਮਹਿਲਾ ਵਿੱਚ ਮੁਕਾਰਿਆਂ ਵਿੱਚ। ਸਿਸਟਮ ਕਦੇ ਸਹਾਰਾ ਨਹੀਂ ਕਿਨਾਰਾ ਬਣਦਾ ਹੈ। ਕਿਨਾਰਿਆਂ ਦਾ ਆਪਸ ਵਿੱਚ ਮੇਲ ਨਹੀਂ ਹੁੰਦਾ। ਜਿਨ੍ਹਾਂ ਦਾ ਮੇਲ ਹੁੰਦਾ ਹੈ, ਉਨ੍ਹਾਂ ਦੀ ਰੇਲ ਚਲਦੀ ਹੈ। ਜੁਬਾਨ ਚਲਦੀ ਹੈ। ਉਹ ਜੁਬਾਨ ਤੇ ਰੇਲ ਸਿਸਟਮ ਦਾ ਨਹੀਂ ਲੋਕਾਂ ਦਾ ਕਤਲ ਕਰਦੀ ਹੈ। ਪਰ ਕਾਤਲ ਨਹੀਂ ਅਖਵਾਉਂਦੀ। ਜਿਹੜੇ ਕਤਲ ਨਹੀਂ ਕਰਦੇ, ਉਹ ਕਾਤਲ ਬਣ ਜਾਂਦੇ ਹਨ। ਉਹ ਕਾਤਲ ਬਣਕੇ ਖਲਨਾਇਕ ਤੋਂ ਨਾਇਕ ਬਣਦੇ ਹਨ।
      ਉਹ ਸਿਸਟਮ ਦੇ ਪਿਆਦੇ ਬਣ ਕੇ, ਉਹੀ ਬੋਲੀ ਬੋਲਦੇ ਹਨ, ਜਿਹੜਾ ਸਿਸਟਮ ਬੁਲਾਉਂਦਾ ਹੈ, ਉਹ ਹਸਦੇ, ਰੋਂਦੇ ਆਪਣੇ ਲਈ ਨਹੀਂ ਸਗੋਂ ਸਿਸਟਮ ਲਈ ਚੀਕਾਂ ਮਾਰਦੇ, ਕੂਕਾਂ ਮਾਰਦੇ ਹਨ।
       ਸਿਸਟਮ ਤੇ ਮੀਡੀਏ ਦਾ ਆਪਸ ਵਿੱਚ ਇੱਟ ਕੁੱਤੇ ਦਾ ਵੈਰ ਨਹੀਂ ਹੁੰਦਾ, ਸਗੋਂ ਨੂਰਾ ਕੁਸ਼ਤੀ ਹੁੰਦੀ ਹੈ। ਜਿਹੜੀ ਸੂਖਮ ਅੱਖਾਂ ਦੇ ਨਾਲ ਦੇਖਿਆ, ਵੇਖੀ ਨਹੀਂ ਜਾਂਦੀ, ਜਿਸ ਨੇ ਵੀ ਇਸ ਨੂੰ ਦੇਖਣ ਦਾ ਯਤਨ ਕੀਤਾ। ਉਹ ਅੱਖ ਨਹੀਂ ਬਚਦੀ। ਇਸੇ ਕਰਕੇ ਮੀਡੀਏ ਵਿੱਚ ਦੁੱਖ ਤੇ ਭੁੱਖ ਦੀਆਂ ਨਹੀਂ, ਸਗੋਂ ਸਨਸਨੀਖੇਜ਼ ਖਬਰਾਂ ਦੀ ਭਰਮਾਰ ਹੈ, ਇਹ ਲੋਕਾਂ ਦਾ ਨਹੀਂ ਸਗੋਂ ਸਿਸਟਮ ਦਾ ਅਸਿੱਧ ਤੌਰ ਤੇ ਪ੍ਰਚਾਰ ਹੈ। ਪਰ ਮੀਡੀਆ ਆਪਣੇ ਆਪਨੂੰ ਕਦੇ ਵੀ ਪ੍ਰਚਾਰਕ ਨਹੀਂ ਦੱਸਦਾ। ਉਹ ਤਾਂ ਸਗੋਂ ਹਰ ਵੇਲੇ ਹੱਸਦਾ ਹੈ। ਹੱਸਦਾ ਉਹ ਹੈ, ਜਿਸ ਦੀ ਕੋਠੀ ਦਾਣੇ ਹੋਣ। ਜਿਸਦੇ ਕੋਠੀ ਦਾਣੇ ਹੁੰਦੇ ਹਨ, ਉਨ੍ਹਾਂ ਦੇ ਕਮਲੇ ਵੀ ਸਿਆਣੇ ਹੁੰਦੇ ਹਨ। ਇਸ ਕਰਕੇ ਅੱਜ ਸਿਸਟਮ ਅੰਦਰ ਸਿਆਣੇ ਨਹੀਂ ਸਗੋਂ ਕਮਲਿਆਂ ਦੀ ਬਹੁਤਾਤ ਹੈ, ਇਸ ਕਰਕੇ ਸਿਸਟਮ ਉਦਾਸ ਹੈ।
        ਸਿਸਟਮ ਇਸ ਲਈ ਉਦਾਸ ਹੈ ਕਿ ਉਸ ਦੀ ਲੁੱਟ ਬੇਨਕਾਬ ਹੈ। ਜਿਸ ਦਾ ਨਾ ਕੋਈ ਖਾਤਾ ਤੇ ਨਾ ਹੀ ਹਿਸਾਬ ਹੈ। ਸਿਸਟਮ ਜਦੋਂ ਡਿਗਦਾ ਹੈ, ਤਾਂ ਮਸ਼ੀਨਾਂ ਮਰਦੀਆਂ ਹਨ। ਮਸ਼ੀਨਾਂ ਦਾ ਮਲਬਾ ਜਦੋਂ ਬੰਦੇ ਚੁੱਕਦੇ ਹਨ ਤਾਂ ਮਸ਼ੀਨਰੀ ਨੂੰ ਬਨਾਉਣ ਤੇ ਚਲਾਉਣ ਵਾਲਿਆਂ ਤੇ ਉਂਗਲਾਂ ਨਹੀਂ ਹੁੰਦੀਆਂ। ਉਹ ਤਾਂ ਸਗੋਂ ਟੁੱਟੀਆਂ ਬਾਹਾਂ ਦੇ ਨਾਲ ਫਿਰ ਤੋਂ ਨੱਕ ਉੱਤੇ ਬੰਨ ਕੇ ਮੈਡੀਕਲ ਪੱਟੀ, ਉਨ੍ਹਾਂ ਮਸ਼ੀਨਾਂ ਦੀਆਂ ਲਾਸ਼ਾਂ ਚੱਕਦੇ ਦੇ ਲਗਾਉਦੇ, ਮਸ਼ੀਨਾਂ ਲੁਕਾਉਦੇ ਹਨ, ਮਸ਼ੀਨਾਂ ਦੀ ਮੌਤ ਤੇ ਲੋਕ ਮਾਤਮ ਨਹੀਂ ਕਰਦੇ, ਸੋਗ ਨਹੀਂ ਮਨਾਉਦੇ, ਨਾਅਰੇ ਨਹੀਂ ਲਗਾਉਦੇ, ਧਰਨੇ ਨਹੀਂ ਦਿੰਦੇ। ਮਸ਼ੀਨਾਂ ਦੀ ਮੌਤ ਉਨ੍ਹਾਂ ਲਈ ਰੋਟੀਆਂ ਨਹੀਂ ਬਣਦੀ।
       ਇਸ ਕਰਕੇ ਉਹ ਮੁਰਦਾ ਸ਼ਾਂਤੀ ਵਿੱਚ ਬੈਠ ਭਜਨ, ਕੀਰਤਨ ਤੇ ਬੰਦਗੀ ਕਰਦੇ ਹਨ। ਬੰਦਗੀ ਕਰਦਿਆਂ ਨੂੰ ਹੱਕਾਂ ਦੀ ਨਹੀਂ, ਸਗੋਂ ਛਿੱਤਰਾਂ ਦੀ ਲੋੜ ਹੁੰਦੀ ਹੈ, ਲੋੜ ਕਾਢ ਦੀ ਮਾਂ ਹੁੰਦੀ ਹੈ। ਇਸ ਕਰਕੇ ਆਖਦੇ ਹਨ, ਚੋਰ ਨਾ ਸਗੋਂ ਚੋਰ ਦੀ ਮਾਂ ਨੂੰ ਮਾਰੋ। ਸਿਸਟਮ ਜਦੋਂ ਡਿੱਗਦਾ, ਤਾਂ ਧਰਤੀ ਕੰਬਦੀ ਨਹੀਂ ਸਗੋਂ ਇਮਾਰਤ ਹੱਸਦੀ ਹੈ ਤੇ ਤਿਜਾਰਤ ਕਰਦੀ ਹੈ। ਅਸੀਂ ਸਿਸਟਮ ਨੂੰ ਨਹੀਂ ਆਪਣੇ ਆਪ ਨੂੰ ਡੇਗਦੇ ਹਾਂ ਇਸੇ ਕਰਕੇ ਅਸੀਂ ਸਦਾ ਬੈਠੇ ਰਹਿੰਦੇ ਹਾਂ, ਰੀਂਗਦੇ, ਸੜਦੇ, ਮਰਦੇ ਰਹਿੰਦੇ ਹਾਂ, ਪਰ ਸਿਸਟਮ ਕਦੋਂ ਡਿੱਗਦਾਾ ਹੈ? ਸਗੋਂ ਇਹ ਤਾਂ ਸਦਾ ਹੀ ਆਮ ਲੋਕਾਂ ਨੂੰ ਲੁੱਟਦਾ ਤੇ ਕੁੱਟਦਾ ਹੈ, ਅਸੀਂ ਕਦੋਂ ਤੀਕ ਲੁੱਟੇ ਅਤੇ ਕੁੱਟ ਖਾਂਦੇ ਰਹਾਂਗੇ?