ਬੋਤਾ ਫੌਜ਼ੀ - ਅਮਰ ਮੀਨੀਆਂ (ਗਲਾਸਗੋ)

ਦਸਵੀਂ ਪਾਸ ਕਰਨ ਤੋਂ ਬਾਅਦ ਨੌਕਰੀ ਲਈ ਭੱਜ ਨੱਠ ਸ਼ੁਰੂ ਹੋਈ। ਕਾਬਲੀਅਤ ਤਾਂ ਕੋਈ ਹੈ ਨਹੀਂ ਸੀ ਮੋਗੇ  ਬਿਜਲੀ ਬੋਰਡ ਵਿੱਚ ਖੰਭੇ ਖਿੱਚਣ ਲੱਗ ਪਏ ਦਿਹਾੜੀ ਤੇ। ਕੱਦ ਕਾਠ ਬਥੇਰਾ ਸੀ ਪਰ ਸਰੀਰ ਕਮਜ਼ੋਰ, ਇਸ ਕਰਕੇ ਚੌਥੇ ਪੰਜਵੇਂ ਕੁ ਦਿਨ ਭਿਆਂ ਹੋ ਗਈ। ਸਾਡੇ ਪਿੰਡ ਦੇ ਦੋ ਤਿੰਨ ਮੇਰੇ ਸਾਥੀ  ਖੰਭੇ ਖਿੱਚਦੇ ਖਿੱਚਦੇ ਬਿਜਲੀ ਬੋਰਡ ਵਿੱਚ ਪੱਕੇ ਹੋ ਗਏ ਸਨ ਤੇ ਅੱਜ ਤੱਕ ਨੌਕਰੀ ਕਰ ਰਹੇ ਹਨ। ਉਸ ਤੋਂ ਬਾਅਦ ਫੌਜ਼ ਵਿੱਚ ਭਰਤੀ ਹੋਣ ਦਾ ਜਨੂੰਨ ਚੜ੍ਹ ਗਿਆ। ਅਸੀਂ ਦਸ ਬਾਰਾਂ ਜਣੇ ਝੋਲਿਆਂ ਚ ਸਰਟੀਫਿਕੇਟ ਪਾ ਕੇ ਭਰਤੀ ਵੇਖਣ ਤੁਰੇ ਰਹਿੰਦੇ। ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਲੁਧਿਆਣਾ ਤੇ ਚੰਡੀਗੜ੍ਹ ਤੱਕ ਕੋਈ ਭਰਤੀ ਨਹੀਂ ਛੱਡੀ ਪਰ ਮੈਂ ਤੇ ਮੇਰੇ ਦੋ ਤਿੰਨ ਹੋਰ ਸਾਥੀ ਕਿਸੇ ਨਾ ਕਿਸੇ ਕਮੀ ਕਾਰਨ ਭਰਤੀ ਨਾ ਹੋ ਸਕੇ। ਮੈਨੂੰ ਤਾਂ ਮਿਣਤੀ ਦੌਰਾਨ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਸੀ ਕਦੇ ਛਾਤੀ ਘੱਟ ਤੇ ਕਦੇ ਭਾਰ। ਇਸ ਸਫਰ ਦੌਰਾਨ ਵੀ ਸਾਡੇ ਨਾਲ ਦੇ ਅੱਠ ਨੌ ਮੁੰਡੇ ਭਰਤੀ ਹੋਏ। ਤਿੰਨ ਚਾਰ ਜਣੇ ਮਿਲਟਰੀ ਤੋਂ ਪੈਨਸ਼ਨ ਆ ਚੁੱਕੇ ਹਨ ਤੇ ਚਾਰ ਪੰਜ ਅਜੇ ਵੀ BSF/CRP/CISF ਜਾਂ ਪੰਜਾਬ ਪੁਲੀਸ ਵਿੱਚ ਨੌਕਰੀ ਕਰ ਰਹੇ ਹਨ।
            ਲੁਧਿਆਣੇ ਭਰਤੀ ਸੀ ਤੇ ਅਸੀਂ ਪਿੰਡ ਤੋਂ ਸਵੇਰੇ ਛੇ ਵਾਲੀ ਬੱਸ ਚੜ੍ਹ ਗਏ। ਸੀਟਾਂ ਅਸੀਂ ਬਜ਼ੁਰਗਾਂ ਜਾਂ ਹੋਰ ਲੋੜਵੰਦਾਂ ਲਈ ਛੱਡ ਦਿੱਤੀਆਂ ਤੇ ਆਪ ਖੜ੍ਹੇ ਰਹੇ। ਬਾਕੀ ਭਰਤੀ ਵਾਲੇ ਮੁੰਡੇ ਤਾਂ ਅਸੀਂ ਇਕ-ਦੂਜੇ ਨੂੰ ਜਾਣਦੇ ਸੀ ਪਰ ਇੱਕ ਓਪਰਾ ਜਿਆ ਮੁੰਡਾ  ਪਿਛਲੀ ਤਾਕੀ ਕੋਲ ਉਪਰਲੇ ਡੰਡੇ ਨੂੰ ਹੱਥ ਪਾਈ ਖੜ੍ਹਾ ਸੀ। ਕੱਦ ਉਸਦਾ ਸੱਤ ਫੁੱਟ ਦੇ ਨੇੜੇ ਤੇੜੇ ਹੋਣਾ। ਇਸ ਕਰਕੇ ਧੌਣ ਨੀਵੀਂ ਕਰਕੇ ਕੁੱਬਾ ਜਿਆ ਹੋਕੇ ਖੜ੍ਹਾ ਸੀ। ਹੌਲੀ-ਹੌਲੀ ਪਤਾ ਲੱਗਾ ਕਿ ਉਹ ਸਾਡੇ ਇਕ ਸਾਥੀ ਪੁਸ਼ਪਿੰਦਰ ਸਿੰਘ ਦੇ ਮਾਮੇ ਦਾ ਮੁੰਡਾ ਹੈ ਜੋ ਆਪਣੀ ਭੂਆ ਕੋਲ ਆਇਆ ਸੀ ਤੇ ਆਪਣੀ ਭੂਆ ਦੇ ਮੁੰਡੇ ਨਾਲ ਹੀ ਤੁਰ ਪਿਆ ਲੁਧਿਆਣਾ ਸ਼ਹਿਰ ਤੇ ਭਰਤੀ ਦਾ ਰੰਗ ਢੰਗ ਵੇਖਣ ਲਈ। ਭਰਤੀ ਇਕ ਸਕੂਲ ਵਿੱਚ ਹੋ ਰਹੀ ਸੀ ਜੋ ਤਿੰਨ ਦਿਨ ਚੱਲਣੀ ਸੀ। ਪਹਿਲੇ ਦਿਨ ਤਾਂ ਸਾਡੀ ਵਾਰੀ ਹੀ ਨਹੀਂ ਆਈ।ਰਾਤ ਅਸੀਂ ਦੁੱਖ ਨਿਵਾਰਨ ਗੁਰਦੁਆਰੇ ਕੱਟ ਲਈ। ਇਸ ਦੌਰਾਨ ਸਾਡੀ ਪੁਸ਼ਪਿੰਦਰ ਦੇ ਮਾਮੇ ਦੇ ਮੁੰਡੇ ਨਾਲ ਜਾਣ-ਪਛਾਣ ਹੋ ਗਈ। ਉਸ ਨੇ ਆਪ ਹੀ ਦੱਸਿਆ ਕਿ ਉਹ ਅੱਠ ਜਮਾਤਾਂ ਹੀ ਪੜਿਆ ਹੈ। ਕੱਦ ਲੰਬਾ ਹੋਣ ਕਰਕੇ ਸਕੂਲ ਵਿੱਚ ਮੁੰਡੇ ਪੁੱਠੇ ਨਾਮ ਲੈ ਕੇ ਛੇੜਦੇ ਸੀ ਇਸ ਕਰਕੇ ਪੜ੍ਹਾਈ ਛੱਡ ਦਿੱਤੀ। ਮੁੰਡਿਆਂ ਨੇ ਤਾਂ ਛੇੜਨਾ ਹੀ ਸੀ ਸਗੋਂ ਮਾਸਟਰ ਵੀ ਉਸ ਨੂੰ ਊਠ ਜਾਂ ਲਮਢੀਗਲ ਕਹਿ ਕੇ ਬੁਲਾਉਂਦੇ ਸਨ।ਉਸਨੇ ਆਪਣਾ ਅਸਲੀ ਨਾਂ ਗੁਰਮੇਲ ਸਿੰਘ ਦੱਸਿਆ। ਖੈਰ ਬੰਦਾ ਰੰਗੀਲਾ ਸੀ ਗੁਰਮੇਲ। ਦੂਜੇ ਦਿਨ ਭਰਤੀ ਵਾਲੀ ਲਾਈਨ ਚ ਫਿਰ ਦਾਖਲ ਹੋ ਗਏ। ਦੋ ਕੁ ਘੰਟਿਆਂ ਵਿੱਚ ਸਾਰੇ ਹੀ ਕਿਸੇ ਨਾ ਕਿਸੇ ਘਾਟ ਕਾਰਨ ਬਾਹਰ ਕੱਢ ਦਿੱਤੇ। ਬਾਹਰ ਭੀੜ ਬਹੁਤ ਸੀ ਸਾਡੇ ਨਾਲ ਦਾ ਇੱਕ ਜਣਾ ਅਜੇ ਆਇਆ ਨਹੀਂ ਸੀ ਇਸ ਕਰਕੇ ਉਸਨੂੰ ਉਡੀਕ ਰਹੇ ਸੀ। ਸਾਡੇ ਖੜ੍ਹੇ ਖੜ੍ਹੇ ਹੀ ਫੌਜ਼ ਦਾ ਵੱਡਾ ਅਫਸਰ ਘੁੰਮਦਾ ਘੁੰਮਦਾ ਸਾਡੇ ਸਾਹਮਣੇ ਆ ਗਿਆ ਤੇ ਗੁਰਮੇਲ ਨੂੰ ਇਸ਼ਾਰਾ ਕਰਕੇ ਕੋਲ ਬੁਲਾਇਆ ਤੇ ਪੁੱਛਿਆ, "ਆਪ ਆਰਮੀ ਜੁਆਇਨ ਕਰਨੇ ਕੇ ਲੀਏ ਆਏ ਹੋ? ਗੁਰਮੇਲ ਨੇ ਟੁੱਟੀ ਫੁੱਟੀ ਹਿੰਦੀ ਵਿੱਚ ਆਪਣੀ ਰਾਮ ਕਹਾਣੀ ਸੁਣਾਈ," ਕਿ ਮੈਂ ਤਾਂ ਅੰਡਰ ਮੈਟ੍ਰਿਕ ਹਾਂ ਇਸ ਕਰਕੇ ਭਰਤੀ ਨਹੀਂ ਵੇਖ ਸਕਦਾ।" ਉਸ ਵੇਲੇ ਘੱਟੋ-ਘੱਟ ਦਸਵੀਂ ਪਾਸ ਹੋਣਾ ਲਾਜ਼ਮੀ ਸੀ ਭਰਤੀ ਹੋਣ ਲਈ। ਅਫ਼ਸਰ ਦੇ ਪਤਾ ਨਹੀਂ ਕੀ ਮਨ ਵਿੱਚ ਆਇਆ ਉਹ ਗੁਰਮੇਲ ਦੀ ਬਾਂਹ ਫੜ ਕੇ ਅੰਦਰ ਲੈ ਗਿਆ ਤੇ ਸਾਨੂੰ ਇੱਥੇ ਹੀ ਗੁਰਮੇਲ ਦੀ ਉਡੀਕ ਕਰਨ ਦਾ ਸੁਨੇਹਾ ਮਿਲ ਗਿਆ। ਦੋ ਕੁ ਘੰਟੇ ਬਾਅਦ ਇਕ ਫੌਜ਼ੀ ਸਾਡੇ ਕੋਲ ਆਇਆ ਤੇ ਚਿੱਠੀ ਫੜਾ ਕੇ ਵਾਪਸ ਚਲਾ ਗਿਆ। ਜਿਸ ਵਿੱਚ ਲਿਖਿਆ ਸੀ ਕਿ ਗੁਰਮੇਲ ਸਿੰਘ ਭਰਤੀ ਹੋ ਗਿਆ ਹੈ ਕੱਲ੍ਹ ਦਸ ਵਜੇ ਤੱਕ ਇਸ ਦਾ ਸਕੂਲ ਸਰਟੀਫਿਕੇਟ ਤੇ ਜ਼ਰੂਰੀ ਚੀਜ਼ਾਂ ਹਾਜ਼ਰ ਕੀਤੀਆਂ ਜਾਣ। ਪੁਸ਼ਪਿੰਦਰ ਤਾਂ ਲੁਧਿਆਣੇ ਤੋਂ ਹੀ ਨਾਨਕਿਆਂ ਦੀ ਬੱਸ ਬੈਠ ਗਿਆ। ਮਾਮੇ ਨੂੰ ਖੁਸ਼ਖਬਰੀ ਦੇਣ ਲਈ ਤੇ ਕਾਗਜ਼ ਪੱਤਰ ਲੈਣ ਲਈ ਤੇ ਅਸੀਂ ਪਿੰਡ ਨੂੰ ਤੁਰ ਪਏ।
                ਬੇਸ਼ੱਕ ਗੁਰਮੇਲ ਆਪਣੇ ਕੱਦ ਕਾਠ ਦੀ ਬਦੌਲਤ ਭਰਤੀ ਹੋ ਗਿਆ ਸੀ ਤੇ ਅਸੀਂ ਕਿਸੇ ਨਾ ਕਿਸੇ ਕਮਜ਼ੋਰੀ ਕਰਕੇ ਬੇਰੰਗ ਵਾਪਸ ਜਾ ਰਹੇ ਸਾਂ ਪਰ ਸਾਰੇ ਰਾਹ ਅਸੀਂ ਜਲਨ ਦੇ ਮਾਰੇ ਹੋਏ ਉਸਨੂੰ ਗਾਲ਼ਾਂ ਕੱਢਦੇ ਆਏ। ਉਸ ਵਕਤ ਉਮਰ ਹੀ ਅਜਿਹੀ ਸੀ ਕਿ ਸਾਨੂੰ ਲੱਗਦਾ ਸੀ ਕਿ ਇਸ ਨੇ ਸਾਡਾ ਹੱਕ ਮਾਰ ਲਿਆ ਹੈ। ਜਦਕਿ ਉਸਦਾ ਤੁੱਕਾ ਲੱਗ ਗਿਆ ਜਾਂ ਰੱਬ ਛੱਤ ਪਾੜ ਕੇ ਪ੍ਰਗਟ ਹੋਇਆ ਸੀ ਉਹਦੇ ਲਈ। ਸਾਰਿਆਂ ਨੇ ਇੱਕ ਗੱਲ ਤੇ ਆਪਣੇ ਆਪ ਨੂੰ ਧਰਵਾਸਾ ਦਿੱਤਾ ਕਿ, "ਕੋਈ ਨਾ ਜਿਵੇਂ ਸਕੂਲ 'ਚੋਂ ਭੱਜਿਆ, ਇਵੇਂ ਹੀ ਫੌਜ਼ੀ ਭਜਾਉਣਗੇ ਇਹਨੂੰ ਲਮਢੀਗਲ, ਬੋਤਾ ਜਾਂ ਅੜਲਬੋਕ ਕਹਿ ਕੇ।" ਸਮਾ ਆਪਣੀ ਚਾਲ ਦੌੜਦਾ ਗਿਆ, ਉਸ ਵੇਲੇ ਦੇ ਬੇਰੁਜ਼ਗਾਰ ਦੋਸਤ ਹੌਲੀ-ਹੌਲੀ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਗਏ ਬਾਲ ਬੱਚਿਆਂ ਵਾਲੇ ਕਬੀਲਦਾਰ ਹੋ ਗਏ।ਗੁਰਮੇਲ ਦੀ ਭੂਆ ਦਾ ਪੁੱਤ ਪੁਸ਼ਪਿੰਦਰ ਹਾਂਗਕਾਂਗ ਵਸ ਗਿਆ। ਇੱਧਰ ਸਾਡਾ ਦਾਣਾ ਪਾਣੀ ਗੋਰਿਆਂ ਦੀ ਧਰਤੀ ਤੇ ਖਿਲਰਿਆ ਪਿਆ ਸੀ। ਕੁੱਝ ਕੁ ਸਾਲ ਪਹਿਲਾਂ ਪੁਸ਼ਪਿੰਦਰ ਨੇ ਘਰ ਅਖੰਡਪਾਠ ਕਰਵਾਇਆ ਤੇ ਮੈਂ ਵੀ ਪਿੰਡ ਗਿਆ ਹੋਇਆ ਸੀ। ਭੋਗ ਤੋਂ ਬਾਅਦ ਪੁਸ਼ਪਿੰਦਰ ਨੇ ਇੱਕ ਲੰਬੀ ਦਾਹੜੀ ਵਾਲੇ ਸਰਦਾਰ ਜੀ ਨਾਲ ਮਿਲਾਇਆ। ਉਸਦਾ ਕੱਦ ਕਾਠ ਵੇਖ ਕੇ ਮੈਂ ਸਮਝ ਗਿਆ ਕਿ ਇਹ ਤਾਂ ਉਹੀ ਲੁਧਿਆਣੇ ਭਰਤੀ ਹੋਣ ਵਾਲਾ ਪੁਸ਼ਪਿੰਦਰ ਦੇ ਮਾਮੇ ਦਾ ਪੁੱਤ ਹੋਵੇਗਾ। ਜਿਸਦਾ ਮੈਂ ਨਾਂਅ ਤਾਂ ਭੁੱਲ ਚੁੱਕਾ ਸੀ ਪਰ  ਤੀਹ ਪੈਂਤੀ ਸਾਲ ਪੁਰਾਣਾ ਲੁਧਿਆਣੇ ਵਾਲਾ ਸਾਰਾ ਸੀਨ ਮੇਰੀਆਂ ਅੱਖਾਂ ਅੱਗੇ ਘੁੰਮ ਗਿਆ। ਬੜੇ ਤਪਾਕ ਨਾਲ ਮਿਲਿਆ, ਘਰ ਪ੍ਰਵਾਰ ਤੇ ਫੌਜ਼ੀ ਜ਼ਿੰਦਗੀ ਬਾਰੇ ਢੇਰ ਸਾਰੀਆਂ ਗੱਲਾਂ ਹੋਈਆਂ।ਫੌਜ਼ ਵਿੱਚ ਉਹ ਬਾਸਕਟਬਾਲ ਵੀ ਖੇਡਿਆ ਤੇ ਬਹੁਤ ਸਾਰੇ ਇਨਾਮ ਵੀ ਜਿੱਤੇ। ਹੁਣ ਉਹ ਪੈਨਸ਼ਨ ਆ ਗਿਆ ਸੀ ਤੇ ਬੈਂਕ ਵਿੱਚ ਸੁਰੱਖਿਆ ਕਰਮਚਾਰੀ ਦੀ ਨੌਕਰੀ ਕਰ ਰਿਹਾ ਸੀ। ਜਾਣ ਲੱਗਾ ਕਹਿੰਦਾ, "ਬਾਈ ਜੀ ਦਿੱਲੀ ਆਉਂਦੇ ਜਾਂਦੇ ਘਰ ਚਾਹ ਪਾਣੀ ਪੀਂਦੇ ਜਾਇਆ ਕਰੋ, ਪਿੰਡ ਵਿੱਚ ਦੀ ਹੀ ਲੰਘਦੇ ਹੋ।  ਪਿੰਡ ਤਾਂ ਸਾਡਾ ਵੱਡਾ ਆ ਪਰ ਸਾਰੇ ਪਿੰਡ ਚ ਜਿੱਥੋਂ ਮਰਜ਼ੀ ਪੁੱਛ ਲਿਓ ਸਾਰੇ ਜਾਣਦੇ ਆ। ਵੈਸੇ ਮੇਰਾ ਸਹੀ ਨਾਂਅ ਗੁਰਮੇਲ ਤਾਂ ਬਹੁਤ ਘੱਟ ਲੋਕ ਜਾਣਦੇ ਆ।" ਬੋਤਾ ਫੌਜ਼ੀ " ਕਹਿ ਦਿਉ ਘਰ ਤੱਕ ਛੱਡ ਕੇ ਆਉਣਗੇ। ਸਕੂਲ ਵੇਲੇ ਤਾਂ ਮੈਨੂੰ ਇਸ ਨਾਂਅ ਕੁਨਾਂਅ ਤੋਂ ਚਿੜ ਆਉਂਦੀ ਸੀ ਪਰ ਉਸ ਦਿਨ ਭਰਤੀ ਹੋਣ ਵੇਲੇ ਮੈਨੂੰ ਮੇਰੇ ਬੋਤੇ ਵਰਗੇ ਕੱਦ ਤੇ ਬਹੁਤ ਫਖ਼ਰ ਹੋਇਆ ਜਿਸਦੀ ਬਦੌਲਤ ਮੈਂ ਰੋਜ਼ੀ ਰੋਟੀ ਪੈ ਗਿਆ। ਨਹੀਂ ਤਾਂ ਮੇਰੇ ਨਾਲ ਦੇ ਬੀ ਏ, ਐਮ ਏ ਪੜ੍ਹੇ ਵੀ ਝੋਟਿਆਂ ਦੀਆਂ ਪੂਛਾਂ ਮਰੋੜਦੇ ਫਿਰਦੇ ਆ। "

ਅਮਰ ਮੀਨੀਆਂ (ਗਲਾਸਗੋ)
00447868370984