ਲਾਜਵਾਬ ਸੀ ਰਤਨ ਸਿੰਘ ਜੀ ਦੀ ਜ਼ਿੰਦਾ-ਦਿਲੀ ਤੇ ਰਚਨਾਤਮਿਕਤਾ ! - ਗੁਰਬਚਨ ਸਿੰਘ ਭੁੱਲਰ

ਪੰਜਾਬੀ ਅਤੇ ਉਰਦੂ ਦੇ ਮਾਣਜੋਗ ਬਜ਼ੁਰਗ ਲੇਖਕ ਰਤਨ ਸਿੰਘ ਲੰਮੀ, ਤੰਦਰੁਸਤ ਤੇ ਸਰਗਰਮ ਆਯੂ ਬਿਤਾ ਕੇ 3 ਮਈ ਨੂੰ ਚਲਾਣਾ ਕਰ ਗਏ। ਪਿਛਲੇ 16 ਨਵੰਬਰ ਨੂੰ ਉਹਨਾਂ ਨੇ 93 ਵਰ੍ਹੇ ਪਾਰ ਕਰ ਕੇ 94ਵੇਂ ਵਿਚ ਪੈਰ ਰੱਖਿਆ ਸੀ। ਉਹ ਦਿੱਲੀ ਦੇ ਗੁਆਂਢ ਵਿਚ ਬਣੇ ਹੋਏ ਗਰੇਟਰ ਨੋਇਡਾ ਰਹਿੰਦੇ ਸਨ। ਕਈ ਸਾਲਾਂ ਤੋਂ ਫੋਨ ਰਾਹੀਂ ਜਿਸ ਲੇਖਕ ਨਾਲ ਮੇਰਾ ਸਭ ਤੋਂ ਬਹੁਤਾ ਸੰਪਰਕ ਰਿਹਾ, ਉਹ ਰਤਨ ਸਿੰਘ ਹੀ ਸਨ। ਕੁਦਰਤੀ ਸੀ, ਫੋਨ ਮਿਲਾ ਕੇ ਮੇਰਾ ਪਹਿਲਾ ਸਵਾਲ ਹੁੰਦਾ, “ਕੀ ਹਾਲ਼ ਹੈ ?” ਉਹਨਾਂ ਦਾ ਉੱਤਰ ਵੀ ਹਰ ਵਾਰ ਇਕੋ ਹੁੰਦਾ, ਦਮਦਾਰ ਤੇ ਟੁਣਕਦਾ, “ਜਿਉਂਦੀ ਪਈ ਹੈ ਅਜੇ ਜਵਾਨੀ, ਸੱਲ ਬਿਰਹੋਂ ਦਾ ਸਹਿ ਕੇ!” ਚਲਾਣੇ ਤੋਂ ਪੰਜ-ਚਾਰ ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ ਤਾਂ ਵੀ ਉਹਨਾਂ ਨੇ ਇਹੋ ਜਵਾਬ ਹੀ ਦਿੱਤਾ ਸੀ। ਜੇ ਮੈਂ ਕੁਝ ਦਿਨ ਫੋਨ ਕਰਨ ਤੋਂ ਖੁੰਝ ਜਾਂਦਾ, ਉਹਨਾਂ ਦਾ ਫੋਨ ਆਉਂਦਾ ਤੇ ਇਸ ਸੂਰਤ ਵਿਚ ਵੀ ਉਹ ਇਕੋ ਗੱਲ ਆਖਦੇ, “ਉਰਦੂ ਦੀ ਕਿਸੇ ਅਦੀਬਾ ਨੂੰ ਫੋਨ ਮਿਲਾਉਣਾ ਚਾਹੁੰਦਾ ਸੀ, ਕਿਸੇ ਨਾਲ ਮਿਲਿਆ ਨਹੀਂ। ਸੋਚਿਆ, ਤੁਹਾਨੂੰ ਹੀ ਮਿਲਾ ਲਵਾਂ!” ਮੈਂ ਹਸਦਾ, “ਰਤਨ ਸਿੰਘ ਜੀ, ਮੈਨੂੰ ਉਰਦੂ ਲੇਖਿਕਾਵਾਂ ਵਾਲੇ ਖਾਨੇ ਵਿਚ ਰੱਖ ਕੇ ਗ਼ਜ਼ਬ ਕਰਦੇ ਹੋ ਤੁਸੀਂ!” ਉਹ ਹੱਸ ਪੈਂਦੇ ਤੇ ਅਸਲ ਸਾਹਿਤਕ ਮੁੱਦੇ ਉੱਤੇ ਆ ਜਾਂਦੇ। ਹੀਰ ਨੇ ਆਖਿਆ ਸੀ, ਰਾਂਝਾ-ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ! ਸਾਹਿਤ ਰਚਦੇ-ਰਚਦੇ ਰਤਨ ਸਿੰਘ ਆਪ ਹੀ ਸਾਹਿਤ ਹੋ ਗਏ ਸਨ। ਗੱਲ ਉਹਨਾਂ ਦੀ ਕਿਸੇ ਨਵੀਂ ਰਚਨਾ ਤੋਂ ਹੀ ਸ਼ੁਰੂ ਹੁੰਦੀ ਜੋ ਉਹਨਾਂ ਨੇ ਆਰੰਭੀ ਹੋਈ ਹੁੰਦੀ ਜਾਂ ਸਮਾਪਤ ਕਰ ਲਈ ਹੁੰਦੀ।
        ਉਹਨਾਂ ਨੇ ਬਜ਼ੁਰਗੀ ਨੂੰ ਬਾਹਰਲੇ ਦਿਖਾਵੇ ਤੱਕ ਰੋਕ ਕੇ ਦਿਲ ਨੂੰ ਜਵਾਨ ਤੇ ਕਲਮ ਨੂੰ ਮੁਟਿਆਰ ਰੱਖਿਆ ਹੋਇਆ ਸੀ। ਪੰਜ-ਛੇ ਸਾਲ ਪਹਿਲਾਂ ਦੀ ਗੱਲ ਹੈ, ਪੰਜਾਬੀ ਸਾਹਿਤ ਸਭਾ ਵਿਚ ਉਹਨਾਂ ਨੇ ਇਸ਼ਕ ਦੀ ਚਾਸ਼ਨੀ ਵਿਚ ਡੁੱਬੀ ਹੋਈ ਕਹਾਣੀ ਪੜ੍ਹੀ। ਮੈਂ ਪ੍ਰਧਾਨਗੀ ਸ਼ਬਦ ਬੋਲਦਿਆਂ ਸਰੋਤਿਆਂ ਵਿਚ ਬੈਠੀ ਇਹਨਾਂ ਦੀ ਸਾਥਣ ਨੂੰ ਕਿਹਾ, “ਬੀਬੀ, ਇਹਨਾਂ ਨੂੰ ਸਮਝਾਉ, ਆਪਣੀ ਉਮਰ ਦੇਖਣ।” ਉਹ ਹੱਸੇ, “ਇਹਨਾਂ ਨੂੰ ਨਹੀਂ ਕੋਈ ਸਮਝਾ ਸਕਦਾ। ਮਾਸ਼ੂਕਾ ਦਾ ਕੋਈ ਵਜੂਦ ਹੋਵੇ ਨਾ ਹੋਵੇ, ਇਹਨਾਂ ਨੇ ਇਸ਼ਕ ਕਰਦੇ ਹੀ ਰਹਿਣਾ ਹੈ! ਇਹ ਉਮਰ-ਭਰ ਦੇ ਬੇਮਾਸ਼ੂਕੇ ਆਸ਼ਕ ਨੇ।” ਸਭਾ ਸਮਾਪਤ ਹੋਈ ਤਾਂ ਬੇਟੀ ਕੋਲ ਆ ਕੇ ਬੋਲੀ, “ਅੰਕਲ, ਇਹ ਤਾਂ ਫੁੱਲ-ਪੱਤਿਆਂ ਨੂੰ, ਚਿੜੀ-ਜਨੌਰ ਨੂੰ, ਸਭ ਨੂੰ ਇਸ਼ਕ ਕਰਦੇ ਨੇ। ਬੰਦਿਆਂ ਨੂੰ ਤਾਂ ਕਰਨਾ ਹੀ ਹੋਇਆ। ਜਿਸ ਦਿਨ ਇਹਨਾਂ ਨੇ ਇਸ਼ਕ ਕਰਨਾ ਬੰਦ ਕਰ ਦਿੱਤਾ, ਲਿਖਣਾ ਵੀ ਬੰਦ ਕਰ ਦੇਣਗੇ!”
      ਵਧਦੀ ਉਮਰ ਨਾਲ ਕਦੀ ਕੋਈ ਨਾ ਕੋਈ ਚੂਲ਼ ਮਾੜੀ-ਮੋਟੀ ਢਿੱਲੀ ਹੋ ਜਾਂਦੀ ਤਾਂ ਦੋ-ਚਾਰ ਦਿਨ ਹਸਪਤਾਲ ਰਹਿਣਾ ਪੈਂਦਾ। ਇਕ ਵਾਰ ਪਰਤੇ ਤਾਂ ਮੈਂ ਸਿਹਤ ਬਾਰੇ ਜਾਣਨ ਲਈ ਫੋਨ ਕੀਤਾ। ਜਵਾਬ ਉਹੋ ਟਕਸਾਲੀ ਮਿਲਿਆ ਤੇ ਬੀਮਾਰੀ ਦੀ ਗੱਲ ਉਸੇ ਵਿਚ ਹੀ ਮੁਕਾ ਕੇ ਕਹਿੰਦੇ, “ਇਕ ਸਲਾਹ ਦਿਉ। ਮੈਂ ਕਾਫ਼ੀ ਦੋਹੇ ਲਿਖੇ ਹੋਏ ਨੇ। ਕੁਝ ਹੋਰ ਲਿਖ ਕੇ ਸਿਰਫ਼ ਦੋਹਿਆਂ ਦੀ ਕਿਤਾਬ ਛਪਵਾ ਦਿਆਂ ਤਾਂ ਠੀਕ ਰਹੇਗੀ?” ਛੇਤੀ ਹੀ ਇਹ ਕਿਤਾਬ ਛਪ ਵੀ ਗਈ। ਕੁਝ ਚਿਰ ਮਗਰੋਂ ਫੇਰ ਹਸਪਤਾਲ ਜਾਣਾ ਪਿਆ। ਇਸ ਵਾਰ ਵੀ ਬੀਮਾਰੀ ਦੀ ਗੱਲ ਪਹਿਲਾਂ ਵਾਂਗ ਹੀ ਫਟਾਫਟ ਨਿਬੇੜ ਕੇ ਉਹਨਾਂ ਨੇ ਆਪਣੀ ਵਿਉਂਤ ਦੱਸੀ, “ਉਹ ਜਿਹੜੀ ਮੈਂ ਪੰਜਾਬ ਦੇ ਉਰਦੂ ਲੇਖਕਾਂ ਦੀ ਲੜੀ ਲਿਖੀ ਸੀ, ਹੁਣ ਨਜ਼ਰ ਮਾਰੀ ਤਾਂ ਕਈ ਹੋਰ ਨਾਂ ਯਾਦ ਆ ਗਏ। ਮੈਂ ਸੋਚਦਾ ਹਾਂ, ਉਹਨਾਂ ਬਾਰੇ ਵੀ ਉਹੋ ਜਿਹੇ ਲੇਖ ਲਿਖ ਕੇ ਕਿਤਾਬ ਛਪਵਾ ਦਿਆਂ। ਲੇਖਕਾਂ-ਪਾਠਕਾਂ ਦੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਇਕ ਤਰ੍ਹਾਂ ਦੀ ਹਵਾਲਾ-ਪੁਸਤਕ ਬਣ ਜਾਵੇਗੀ।”
       ਰਤਨ ਸਿੰਘ ਨਾਲ਼ ਮੇਰੀ ਜਾਣ-ਪਛਾਣ ਇਸੇ ਲੇਖ-ਲੜੀ ਸਦਕਾ ਹੋਈ ਸੀ। ਰਾਮ ਸਰੂਪ ਅਣਖੀ ਉਹਨਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਜਦੋਂ ਉਹਨੇ ਤ੍ਰੈਮਾਸਕ ‘ਕਹਾਣੀ ਪੰਜਾਬ’ ਕੱਢਿਆ, ਇਕ ਦਿਨ ਸਲਾਹਾਂ ਕਰਦਿਆਂ ਕਹਿੰਦਾ, “ਪੰਜਾਬੀ ਮੂਲ ਦੇ ਉਰਦੂ ਲੇਖਕ ਰਤਨ ਸਿੰਘ ਮੇਰੇ ਵਾਕਿਫ਼ ਹਨ। ਉਹ ਆਪਣੇ ਲਈ ਕੋਈ ਕਾਲਮ ਲਿਖ ਸਕਦੇ ਹਨ। ਉਹਨਾਂ ਨੂੰ ਕੀ ਸੁਝਾਅ ਦੇਈਏ?” ਮੈਂ ਕਿਹਾ, “ਪੰਜਾਬ ਦੇ ਜੰਮ-ਪਲ ਉਰਦੂ ਲੇਖਕਾਂ ਬਾਰੇ ਆਮ ਜਾਣਕਾਰੀ ਦਿੰਦੀ ਹੋਈ ਲੜੀ ਲਿਖਣ ਲਈ ਕਹਿ।” ਰਤਨ ਸਿੰਘ ਜੀ ਨੇ ਉਹ ਲੜੀ ਛੋਟੇ-ਛੋਟੇ ਲੇਖਾਂ ਦੇ ਰੂਪ ਵਿਚ ਸ਼ੁਰੂ ਕੀਤੀ ਜਿਨ੍ਹਾਂ ਵਿਚ ਉਹਨਾਂ ਦੇ ਜੀਵਨ ਤੇ ਰਚਨਾਵਾਂ ਦੀ ਜਾਣਕਾਰੀ ਤੋਂ ਇਲਾਵਾ ਦਿਲਚਸਪ ਟੋਟਕਿਆਂ ਦਾ ਰਸ ਵੀ ਭਰਿਆ ਹੋਇਆ ਹੁੰਦਾ ਸੀ। ਪਾਠਕਾਂ ਵਿਚ ਉਹ ਲੇਖ ਬੜੇ ਹਰਮਨਪਿਆਰੇ ਸਿੱਧ ਹੋਏ। ਮੈਂ ਵੀ ਉਹਨਾਂ ਨਾਲ਼ ਅਕਸਰ ਛਪਦਾ ਰਹਿੰਦਾ ਸੀ। ਇਉਂ ਅਸੀਂ ਫੋਨ ਰਾਹੀਂ ਜੁੜ ਗਏ। ਪਰ ਇਸ ਸੰਪਰਕ ਤੋਂ ਇਲਾਵਾ ਮੈਂ ਉਹਨਾਂ ਨੂੰ ਮਿਲਣਾ ਤਾਂ ਦੂਰ, ਅਜੇ ਤੱਕ ਉਹਨਾਂ ਦੀ ਤਸਵੀਰ ਵੀ ਨਹੀਂ ਸੀ ਦੇਖੀ।
        ਇਕ ਦਿਨ ਘੰਟੀ ਵੱਜੀ। ਬਾਹਰ ਇਕ ਬਜ਼ੁਰਗ ਖਲੋਤੇ ਹੋਏ ਸਨ। ਉੱਚਾ-ਲੰਮਾ ਕੱਦ, ਸਿੱਧਾ ਸਰੂ ਸਰੀਰ, ਪੱਗ ਸਮੇਤ ਦੁੱਧ-ਚਿੱਟੇ ਕਮੀਜ਼-ਪੈਂਟ ਨਾਲ਼ ਮੇਲ ਖਾਂਦੀਆਂ ਦਾੜ੍ਹੀ-ਮੁੱਛਾਂ, ਜਿਨ੍ਹਾਂ ਦੀ ਨਿਰਮਲ ਸਫ਼ੈਦੀ ਨੂੰ ਭਰਵੱਟੇ ਵੀ ਕਾਲ਼ੇ ਰਹਿ ਕੇ ਭੰਗ ਕਰਨ ਦੀ ਗੁਸਤਾਖ਼ੀ ਨਹੀਂ ਸਨ ਕਰ ਰਹੇ। ਆਪਣੀਆਂ ਲਿਖਤਾਂ ਵਾਂਗ ਸੰਖੇਪ ਵਿਚ ਬੋਲੇ, “ਰਤਨ ਸਿੰਘ।” ਹੁਣ ਵੀ ਉਹ ਫੋਨ ਕਰਦੇ ਤਾਂ ਪਹਿਲੇ ਬੋਲ ਹੁੰਦੇ, “ਰਤਨ ਸਿੰਘ।” ਪਤਾ ਲਗਿਆ, ਉਹਨਾਂ ਦੀ ਬੇਟੀ ਸਾਡੇ ਨਾਲ ਦੇ ਬਲਾਕ ਵਿਚ ਰਹਿੰਦੀ ਸੀ। ਇਉਂ ਸਾਡੀਆਂ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਜਦੋਂ ਇਹ ਦੋ ਸ਼ਬਦ ਉਹਨਾਂ ਦੀ ਪੂਰੀ ਸਿਆਣ ਦੇ ਸਕਦੇ ਸਨ, ਉਹ ਹੋਰ ਵਾਧੂ ਸ਼ਬਦ ਕਿਉਂ ਖਰਚਣ!
       ਭਾਸ਼ਾ ਦਾ ਉਹਨਾਂ ਦਾ ਇਹੋ ਨੇਮ ਰਚਨਾ ਕਰਨ ਸਮੇਂ ਬਣਿਆ ਰਹਿੰਦਾ ਸੀ। ਉਹ ਕਹਾਣੀ ਵੀ ਲਿਖਦੇ ਸਨ, ਨਾਵਲ ਵੀ ਤੇ ਕਵਿਤਾ ਵੀ। ਜੇ ਕਦੀ ਲੇਖ ਲਿਖਣਾ ਹੋਵੇ, ਉਹ ਵੀ ਓਪਰਾ ਨਹੀਂ ਸੀ ਲਗਦਾ। ਪਰ ਹਰ ਵਿਧਾ ਵਿਚ ਉਹਨਾਂ ਦੀ ਰਚਨਾ ਦਾ ਆਕਾਰ ਉਸ ਵਿਧਾ ਦੀਆਂ ਸਮਕਾਲੀ ਰਚਨਾਵਾਂ ਨਾਲੋਂ ਛੋਟਾ ਹੀ ਹੁੰਦਾ ਸੀ। ਉਹ ਵਾਧੂ ਭਾਸ਼ਾਈ ਖਿਲਾਰਾ ਪਾਏ ਬਿਨਾਂ ਉਹਨਾਂ ਥੋੜ੍ਹੇ ਸਫ਼ਿਆਂ ਵਿਚ ਹੀ ਆਪਣੀ ਗੱਲ ਸੰਪੂਰਨਤਾ ਤੱਕ ਕਹਿਣ ਵਿਚ ਮੁਕੰਮਲ ਕਾਮਯਾਬੀ ਹਾਸਲ ਕਰਨ ਦੀ ਕਲਾ ਉਜਾਗਰ ਕਰਦੇ ਸਨ।
        ਪੰਜਾਬੀ ਸਾਹਿਤ ਦੇ ਆਧੁਨਿਕ ਦੌਰ ਦੇ ਸ਼ੁਰੂ ਵਿਚ ਕਹਾਣੀ ਨੂੰ, ਸ਼ਾਇਦ ਨਾਵਲਿਟ ਦੇ ਨੇੜੇ ਜਾ ਢੁੱਕਣ ਵਾਲ਼ੀ ਲੰਮੀ ਕਹਾਣੀ ਤੋਂ ਵਖਰਾਉਣ ਲਈ, ਨਿੱਕੀ ਕਹਾਣੀ ਕਿਹਾ ਜਾਂਦਾ ਸੀ ਤੇ ਇਹਦੀ ਧਰਤੀ ਸੱਤ-ਅੱਠ ਤੋਂ ਦਸ-ਬਾਰਾਂ ਪੰਨੇ ਮੰਨੀ ਜਾਂਦੀ ਸੀ। ਰਤਨ ਸਿੰਘ ਨਿੱਕੀ ਕਹਾਣੀ ਵਿਚੋਂ ਵੀ ਨਿੱਕੀ ਲਿਖਣ ਵਾਲ਼ੇ ਕਹਾਣੀਕਾਰ ਸਨ। ਪਰ ਉਹਨਾਂ ਦੀ ਨਿੱਕੀ ਕਹਾਣੀ “ਜਿੰਨੀ ਨਿੱਕੀ, ਓਨੀ ਤਿੱਖੀ” ਦੀ ਕਸਵੱਟੀ ਉੱਤੇ ਖਰੀ ਉੱਤਰਨ ਦਾ ਗੁਣ ਲੈ ਕੇ ਜਨਮਦੀ ਸੀ। ਅੱਜ-ਕੱਲ੍ਹ ਲੋਕ ਮਿੰਨੀ ਕਹਿ ਕੇ ਦੋ-ਦੋ ਸਫ਼ਿਆਂ ਦੀਆਂ ਕਹਾਣੀਆਂ ਲਿਖ ਦਿੰਦੇ ਹਨ, ਰਤਨ ਸਿੰਘ ਛੋਟੀ ਕਹਾਣੀ ਮੰਟੋ ਵਾਂਗ ਲਿਖਦੇ। ਉਹਨਾਂ ਦਾ ਕਹਿਣਾ ਸੀ, ਛੋਟੀ ਕਹਾਣੀ ਸਫਲ ਰਹਿੰਦੀ ਹੈ ਕਿਉਂਕਿ ਹਰ ਕਹਾਣੀ ਦੇ ਪਾਠਕ ਨੂੰ ਇਹ ਉਤਾਵਲਤਾ ਰਹਿੰਦੀ ਹੈ, ਅੱਗੇ ਕੀ ਹੋਇਆ? ਛੋਟੀ ਕਹਾਣੀ ਇਹ ਉਤਾਵਲਤਾ ਛੇਤੀ ਹੀ ਪੂਰੀ ਕਰ ਦਿੰਦੀ ਹੈ। ਉਹਨਾਂ ਦੀ ਇਕ ਖ਼ੂਬਸੂਰਤ ਉਰਦੂ ਕਹਾਣੀ ਸਿਰਫ਼ ਬਾਰਾਂ ਲਫ਼ਜ਼ਾਂ ਦੀ ਹੈ, “ਰੇਸਕੋਰਸ ਮੇਂ ਦੌੜ ਘੋੜੇ ਰਹੇ ਥੇ, ਸਾਂਸ ਆਦਮੀਉਂ ਕੀ ਫੂਲ ਰਹੀ ਥੀ।”
       ਪੰਜਾਬੀ ਮੂਲ ਦੇ ਬਹੁਤੇ ਉਰਦੂ ਲੇਖਕਾਂ ਨਾਲ਼ ਇਹਨਾਂ ਨੇ ਕਰੀਬੀ ਨਾਤਾ ਬਣਾਇਆ ਹੋਇਆ ਸੀ ਜਿਨ੍ਹਾਂ ਵਿਚੋਂ ਕਈਆਂ ਦੇ ਨਾਂ ਵੀ ਸਾਨੂੰ ਪਤਾ ਨਹੀਂ। ਰਾਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ ਤੇ ਬਲਵੰਤ ਸਿੰਘ ਵਰਗਿਆਂ ਨਾਲ਼ ਤਾਂ ਇਹਨਾਂ ਦੀ ਬਹੁਤ ਨੇੜਲੀ ਸਾਂਝ ਰਹੀ। ਬੇਦੀ ਜੀ ਨਾਲ਼ ਸਾਹਿਤਕ ਮਹਿਫ਼ਲਾਂ ਤੇ ਇਕੱਠਾਂ ਵਿਚ ਇਹਨਾਂ ਦੀ ਮੇਲ-ਮੁਲਾਕਾਤ ਅਕਸਰ ਹੁੰਦੀ। ਇਕ ਦਿਨ ਉਹਨਾਂ ਨਾਲ਼ ਮੇਲ ਹੋਇਆ ਤਾਂ ਇਹਨਾਂ ਦੀ ਸਾਥਣ ਵੀ ਨਾਲ਼ ਸੀ। ਜਿਥੇ ਇਹਨਾਂ ਦਾ ਕੱਦ ਔਸਤ ਨਾਲ਼ੋਂ ਕਾਫ਼ੀ ਵੱਧ ਸੀ, ਬੀਬੀ ਦਾ ਕੱਦ ਔਸਤ ਨਾਲੋਂ ਕਾਫ਼ੀ ਘੱਟ ਸੀ।
ਬੇਦੀ ਜੀ ਹੱਸੇ, “ਅੱਜ ਸਮਝ ਆਇਆ ਹੈ, ਤੇਰੀ ਰਚਨਾ ਦਾ ਆਕਾਰ ਛੋਟਾ ਕਿਉਂ ਹੁੰਦਾ ਹੈ!” ਰਤਨ ਸਿੰਘ ਦੇ ਉਰਦੂ ਕਹਾਣੀ-ਸੰਗ੍ਰਹਿ ‘ਮਾਨਕ ਮੋਤੀ’ ਵਿਚ ਆਮ ਨਾਲੋਂ ਅੱਧੇ ਜਾਂ ਤੀਜੇ ਹਿੱਸੇ ਆਕਾਰ ਦੀਆਂ ਇਕ ਸੌ ਕਹਾਣੀਆਂ ਸ਼ਾਮਲ ਹਨ। ਪੰਜਾਬੀ ਵਿਚ ਵੀ ਉਹਨਾਂ ਦੇ ਅਜਿਹੇ ਕਈ ਸੰਗ੍ਰਹਿ ਹਨ।
      ਦੁਨੀਆ ਦੇ ਬਹੁਗਿਣਤੀ ਲੇਖਕ ਇਕ ਭਾਸ਼ਾ ਵਿਚ ਤੇ ਬਹੁਤੇ ਅੱਗੋਂ ਇਕ ਵਿਧਾ ਵਿਚ ਸਾਹਿਤ ਰਚਦੇ ਹਨ। ਰਤਨ ਸਿੰਘ ਇਕ ਤੋਂ ਵੱਧ ਭਾਸ਼ਾਵਾਂ ਵਿਚ ਤੇ ਇਕ ਤੋਂ ਵੱਧ ਵਿਧਾਵਾਂ ਵਿਚ ਰਚਨਾ ਕਰਨ ਵਾਲ਼ੇ ਲੇਖਕ ਸਨ। ਲਿਖਣਾ ਸ਼ੁਰੂ ਤਾਂ ਮਾਂ-ਬੋਲੀ ਤੋਂ ਹੀ ਕੀਤਾ ਸੀ ਪਰ ਨੌਕਰੀ ਨੇ ਦੋ-ਭਾਸ਼ਾਈ ਲੇਖਕ ਬਣਾ ਦਿੱਤੇ। ਰੇਡੀਓ ਦਾ ਪਸਾਰਾ ਹੀ ਅਜਿਹਾ ਸੀ ਕਿ ਅੰਨ-ਜਲ ਨੇ ਪੰਜਾਬ ਤੋਂ ਬਾਹਰ ਕਈ ਟਿਕਾਣੇ ਬਣਵਾਏ। ਰੇਡੀਓ ਦੇ ਅਧਿਕਾਰੀ ਹੁੰਦਿਆਂ ਹਰ ਥਾਂ ਪਹਿਲਾ ਵਾਹ ਲੇਖਕਾਂ ਨਾਲ ਹੀ ਪੈਂਦਾ ਸੀ। ਸਬੱਬ ਨਾਲ਼ ਉਥੇ ਸਥਾਨਕ ਉਰਦੂ ਲੇਖਕਾਂ ਦੇ ਨਾਲ਼ ਹੀ ਪੰਜਾਬ ਦੇ ਜੰਮ-ਪਲ ਦੋ-ਚਾਰ ਉਰਦੂ ਲੇਖਕ ਵੀ ਮਿਲ ਜਾਂਦੇ ਜੋ ਸੰਤਾਲੀ ਦੇ ਤੂਫ਼ਾਨ ਦੇ ਉਥੇ ਸੁੱਟੇ ਹੋਏ ਹੁੰਦੇ। ‘ਅੰਗਰੇਜ਼ ਦੇ ਜ਼ਮਾਨੇ ਦੇ’ ਉਰਦੂ ਮਾਧਿਅਮੀ ਵਿਦਿਆਰਥੀ ਰਹੇ ਹੋਣ ਕਰਕੇ ਜਦੋਂ ਅੰਨ-ਜਲ ਪੰਜਾਬ ਤੋਂ ਬਾਹਰ ਇਸ ਉਰਦੂ ਵਾਲ਼ੇ ਮਾਹੌਲ ਵਿਚ ਲੈ ਪਹੁੰਚਿਆ, ਉਰਦੂ ਅਦਬ ਵੱਲ ਪਲਟਣਾ ਔਖਾ ਸਾਬਤ ਨਾ ਹੋਇਆ। ਇਉਂ ਪੰਜਾਬੀ ਲੇਖਕ ਬਣਦੇ-ਬਣਦੇ ਰਤਨ ਸਿੰਘ ਪ੍ਰਸਿੱਧ ਉਰਦੂ ਲੇਖਕ ਹੋ ਨਿੱਬੜੇ। ਇਕ ਦਿਨ ਕਹਿਣ ਲੱਗੇ, “ਮੈਂ ਲੰਮਾ ਸਮਾਂ ਪੰਜਾਬੀ ਦੇ ਸਾਹਿਤਕ ਦ੍ਰਿਸ਼ ਤੋਂ ਦੂਰ ਰਿਹਾ ਹਾਂ, 20-25 ਪੰਜਾਬੀ ਕਹਾਣੀਕਾਰਾਂ ਦੀ ਸੂਚੀ ਬਣਾਓ ਤੇ ਉਹਨਾਂ ਦੀ ਇਕ-ਇਕ ਕਹਾਣੀ ਵੀ ਦੇ ਦਿਉ। ਇਉਂ ਉਹਨਾਂ ਨੇ 26 ਪੰਜਾਬੀ ਕਹਾਣੀਆਂ ਅਨੁਵਾਦ ਕੇ ਪੁਸਤਕ ‘ਨੁਮਾਇੰਦਾ ਪੰਜਾਬੀ ਅਫ਼ਸਾਨੇ’ ਤਿਆਰ ਕੀਤੀ ਜਿਸ ਨੂੰ ਉਰਦੂ ਅਕਾਦਮੀ ਦਿੱਲੀ ਨੇ ਪ੍ਰਕਾਸ਼ਿਤ ਕੀਤਾ। ਉਹਨਾਂ ਦਾ ਸਭ ਤੋਂ ਵੱਡਾ, ਮੁੱਲਵਾਨ ਤੇ ਯਾਦਗਾਰੀ ਕਾਰਜ ਸੰਪੂਰਨ ਗੁਰੂ ਗ੍ਰੰਥ ਸਾਹਿਬ ਨੂੰ ਉਰਦੂ ਵਿਚ ਅਨੁਵਾਦਣਾ ਸੀ।
        ਸੇਵਾ-ਮੁਕਤ ਹੋ ਕੇ ਉਹਨਾਂ ਨੇ ਆਪਣਾ ਪੱਕਾ ਟਿਕਾਣਾ ਦਿੱਲੀ ਆ ਬਣਾਇਆ। ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਆਂਢ-ਗੁਆਂਢ ਦਾ ਪੰਜਾਬੀ ਮਾਹੌਲ ਮਿਲਿਆ ਤਾਂ ਦਿਲ ਦੇ ਕਿਸੇ ਕੰਧ-ਕੌਲ਼ੇ ਨਾਲ਼ ਚਿੰਬੜੀ ਹੋਈ ਪੰਜਾਬੀ ਰਚਨਾਕਾਰੀ ਦੀ ਚਿਰ-ਸੁੱਕੀ ਵੇਲ ਨੇ ਲਗਰਾਂ ਛੱਡ ਦਿੱਤੀਆਂ। ਮਾਂ-ਬੋਲੀ ਸੁਤੇਸਿਧ ਹੀ ਕਲਮ ਵਿਚੋਂ ਧਾਰਾ ਬਣ ਵਗ ਤੁਰੀ। ਪੰਜਾਬੀ ਸਾਹਿਤ ਸਭਾ ਵਿਚ ਹਰ ਵਾਰ ਆਉਣ ਲੱਗੇ। ਉਰਦੂ ਰਹਿੰਦਾ-ਰਹਿੰਦਾ ਪਿੱਛੇ ਰਹਿ ਗਿਆ ਤੇ ਉਹ ਪੂਰੀ ਤਰ੍ਹਾਂ ਪੰਜਾਬੀ ਲੇਖਕ ਬਣ ਗਏ। ਕਦੀ ਕਾਵਿ-ਸੰਗ੍ਰਹਿ, ਕਦੀ ਕਹਾਣੀ-ਸੰਗ੍ਰਹਿ ਤੇ ਕਦੀ ਨਾਵਲ, ਸਾਨੂੰ ਪੰਜਾਬੀ ਵਿਚ ਲਗਾਤਾਰ ਸੁਗਾਤਾਂ ਮਿਲਣ ਲੱਗੀਆਂ ਜਿਨ੍ਹਾਂ ਨੂੰ ਨਵਯੁਗ ਮਾਣ ਨਾਲ ਛਾਪਦਾ। ਉਹਨਾਂ ਨੇ ਸਵੈਜੀਵਨੀ ਵੀ ਪੰਜਾਬੀ ਕਵਿਤਾ ਵਿਚ ਲਿਖੀ। ਹੋਰ ਬਜ਼ੁਰਗ ਜਿਨ੍ਹਾਂ ਉਂਗਲਾਂ ਨਾਲ ਮਾਲ਼ਾ ਫੇਰਦੇ ਹਨ, ਇਹ ਉਹਨਾਂ ਉਂਗਲਾਂ ਵਿਚ ਮਜ਼ਬੂਤੀ ਨਾਲ਼ ਫੜੀ ਕਲਮ ਵਿਚੋਂ ਸਾਨੂੰ ਅੰਤ ਤੱਕ ਖ਼ੂਬਸੂਰਤ ਰਚਨਾਵਾਂ ਦਿੰਦੇ ਰਹੇ।
       ਇਕ ਗੱਲੋਂ ਉਹਨਾਂ ਦੇ ਚਲਾਣੇ ਦਾ ਦੁੱਖ ਨਹੀਂ ਕਿਉਂਕਿ ਉਹ ਸੰਤੁਸ਼ਟ ਜ਼ਿੰਦਗੀ ਜਿਉਂ ਕੇ ਤੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਵਾਲਾ ਭਰਪੂਰ ਪਰਿਵਾਰ ਛੱਡ ਕੇ ਠੀਕ ਵੇਲੇ ਗਏ ਹਨ। ਇਸ ਤੋਂ ਅੱਗੇ ਉਹਨਾਂ ਦਾ ਸਰੀਰਕ ਕਸ਼ਟਾਂ ਦਾ ਸਮਾਂ ਹੀ ਆਉਣਾ ਸੀ। ਦਿਲ ਵਿਚ ਚੀਸ ਇਹ ਸੋਚ ਕੇ ਪੈਂਦੀ ਹੈ, ਹੁਣ ਘੰਟੀ ਸੁਣ ਕੇ ਫੋਨ ਚੁੱਕਿਆਂ ਕਦੀ ਨਹੀਂ ਸੁਣਨਾ “ਰਤਨ ਸਿੰਘ” ਤੇ ਫੋਨ ਕੀਤਿਆਂ ਕਦੀ ਕਿਸੇ ਨੇ ਅੱਗੋਂ ਨਹੀਂ ਕਹਿਣਾ, “ਜਿਉਂਦੀ ਪਈ ਹੈ ਅਜੇ ਜਵਾਨੀ...!”

ਸੰਪਰਕ: 80763-63058