ਕਰੋਨਾ ਸੰਕਟ : ਬਿਮਾਰ ਸਿਹਤ ਢਾਂਚਾ ਵੱਧ ਜ਼ਿੰਮੇਵਾਰ - ਔਨਿੰਦਿਓ ਚਕਰਵਰਤੀ


13 ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ, ਮੇਰਾ ਪਰਿਵਾਰ ਅਤੇ ਮੈਂ ਆਪਣੇ ਘਰੇ ਇਕਾਂਤਵਾਸ ਵਿਚ ਰਹਿ ਰਹੇ ਹਾਂ। ਅਸੀਂ ਸਾਰਾ ਸਾਮਾਨ ਆਨਲਾਈਨ ਮੰਗਵਾਉਂਦੇ ਹਾਂ ਤੇ ਅਦਾਇਗੀਆਂ ਵੀ ਆਨਲਾਈਨ ਹੀ ਕਰਦੇ ਹਾਂ। ਅਸੀਂ ਸਾਰੇ ਸਾਮਾਨ ਨੂੰ ਧੋਂਦੇ ਤੇ ਸੈਨੇਟਾਈਜ਼ ਕਰਦੇ ਹਾਂ। ਇਸ ਤੋਂ ਵੀ ਵੱਧ ਅਸੀਂ ਘਰੇਲੂ ਕੰਮ ਲਈ ਕੋਈ ਕਾਮਾ ਨਹੀਂ ਰੱਖਿਆ ਹੋਇਆ। ਇਸ ਦੀ ਥਾਂ ਸਾਡੇ ਕੋਲ ਡਿਸ਼ਵਾਸ਼ਰ (ਭਾਂਡੇ ਧੋਣ ਦੀ ਮਸ਼ੀਨ), ਕੱਪੜੇ ਸੁਕਾਉਣ ਦੀ ਮਸ਼ੀਨ ਅਤੇ ਘਰ ਦੀ ਸਫ਼ਾਈ ਲਈ ਫਲੋਰ-ਕਲੀਨਿੰਗ ਰੋਬੋਟ ਹਨ ਜੋ ਸਮਾਰਟ ਫੋਨ ਐਪਸ ਰਾਹੀਂ ਚਲਦੇ ਹਨ। ਇਉਂ ਇਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਕਿ ਸਾਡਾ ਕੁੱਲ ਮਿਲਾ ਕੇ ਕਿਸੇ ਹੋਰ ਇਨਸਾਨ ਨਾਲ ਕੋਈ ਸਿੱਧਾ ਸੰਪਰਕ ਨਹੀਂ। ਇਹ ਇਸ ਕਾਰਨ ਵੀ ਸੰਭਵ ਹੈ ਕਿ ਮੈਂ ਅਤੇ ਮੇਰੀ ਪਤਨੀ ਆਪਣਾ ਸਾਰਾ ਕੰਮ ਘਰੋਂ ਕਰ ਸਕਦੇ ਹਾਂ। ਨਾਲ ਹੀ ਇਸ ਕਾਰਨ ਵੀ ਸੰਭਵ ਹੈ ਕਿ ਅਸੀਂ ਕਾਫ਼ੀ ਮਾਲੀ ਬੱਚਤ ਕੀਤੀ ਹੋਈ ਹੈ ਜਿਸ ਨੂੰ ਅਸੀਂ ਲੋੜ ਪੈਣ ਤੇ ਵਰਤ ਸਕਦੇ ਹਾਂ। ਇਹ ਮਾਲੀ ਸੁਰੱਖਿਆ ਸਾਨੂੰ ਨੌਕਰੀਆਂ ਦੀਆਂ ਪੇਸ਼ਕਸ਼ਾਂ ਰੱਦ ਕਰਨ ਅਤੇ ਅਦਾਇਗੀ ਵਾਲੇ ਲੈਕਚਰ ਦੇਣ ਦੇ ਸੱਦੇ ਠੁਕਰਾਉਣ ਦੀ ਸਮਰੱਥਾ ਦਿੰਦੀ ਹੈ।
        ਇਹ ਸਹੂਲਤ ਨਾ ਸਿਰਫ਼ 99 ਫ਼ੀਸਦੀ ਭਾਰਤੀਆਂ ਲਈ ਹਾਸਲ ਕਰਨੀ ਅਸੰਭਵ ਹੈ ਸਗੋਂ ਸਿਖਰਲੇ ਇਕ ਫ਼ੀਸਦੀ ਅਮੀਰ ਭਾਰਤੀ ਵੀ ਕਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਇੰਨਾ ਸਮਾਂ ਘਰੇ ਨਹੀਂ ਰਹਿ ਸਕਦੇ। ਜੇ ਉਨ੍ਹਾਂ ਦੀ ਕੰਮ ਵਾਲੀ ਥਾਂ ਖੁੱਲ੍ਹਦੀ ਹੈ ਤਾਂ ਉਨ੍ਹਾਂ ਨੂੰ ਕੰਮ ਤੇ ਜਾਣਾ ਪਵੇਗਾ। ਹੋਰਨਾਂ ਨੂੰ ਵੀ ਆਪਣੀਆਂ ਫੈਕਟਰੀਆਂ, ਦੁਕਾਨਾਂ, ਰੈਸਟੋਰੈਂਟ ਅਤੇ ਡੀਲਰਸ਼ਿਪਾਂ ਚਲਾਉਣ ਲਈ ਉਥੇ ਜਾਣਾ ਹੀ ਪਵੇਗਾ। ਸਿਰਫ਼ ਸਿਰੇ ਦੇ ਅਮੀਰ ਹੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਇਕਾਂਤਵਾਸ ਕਰ ਸਕਦੇ ਹਨ। ਇਸੇ ਕਾਰਨ ਅੱਜਕੱਲ੍ਹ ਵੱਡੇ ਕਾਰਪੋਰੇਟਾਂ ਵੱਲੋਂ ਆਪਣੇ ਪਰਿਵਾਰਾਂ ਅਤੇ ਮੁਲਾਜ਼ਮਾਂ ਲਈ ਇਕਾਂਤਵਾਸ ‘ਬਬਲਜ਼’ (ਬੰਦ ਸੁਰੱਖਿਅਤ ਢਾਂਚੇ) ਤਿਆਰ ਕਰਵਾਏ ਜਾਣ ਵਰਗੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਹੋਰ ਬਹੁਤ ਸਾਰੇ ਲੋਕ ਸ਼ਹਿਰਾਂ ਤੋਂ ਦੂਰ ਆਪਣੇ ਛੁੱਟੀਆਂ ਮਨਾਉਣ ਵਾਲੇ ਘਰਾਂ/ਫਾਰਮ ਹਾਊਸਾਂ ਆਦਿ ਰਹਿਣ ਲੱਗੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਪ੍ਰਾਈਵੇਟ ਜਹਾਜ਼ਾਂ ਰਾਹੀਂ ਵਿਦੇਸ਼ੀ ਟਿਕਾਣਿਆਂ ਉਤੇ ਚਲੇ ਗਏ ਹਨ ਪਰ ਬਾਕੀਆਂ ਨੂੰ ਇਸ ਦੀ ਲਾਗ ਦੇ ਖ਼ਤਰੇ ਵਿਚ ਰਹਿਣਾ ਪਵੇਗਾ, ਭਾਵੇਂ ਉਹ ਸਰਦੇ-ਪੁੱਜਦੇ ਵੀ ਹੋਣ, ਤੇ ਇਸੇ ਨਾਲ ਸਾਰੀਆਂ ਗਿਣਤੀਆਂ-ਮਿਣਤੀਆਂ ਉਲਟ-ਪੁਲਟ ਹੋ ਜਾਂਦੀਆਂ ਹਨ।
       ਹੁਣ ਤੱਕ ਭਾਰਤੀ ਅਮੀਰ ਜਮਾਤ ਨੂੰ ਭਰੋਸਾ ਸੀ ਕਿ ਉਨ੍ਹਾਂ ਕੋਲ ਵਾਧੂ ਪੈਸਾ ਅਤੇ ਪਹੁੰਚ ਹੋਣ ਕਾਰਨ ਉਹ ਕੋਵਿਡ ਹੋਣ ਉੱਤੇ ਆਸਾਨੀ ਨਾਲ ਕਿਸੇ ਹਸਪਤਾਲ ਵਿਚ ਬੈੱਡ ਅਤੇ ਇਲਾਜ ਹਾਸਲ ਕਰ ਲੈਣਗੇ। ਸਾਡਾ ਬਹੁਤਾ ਦਾਰੋਮਦਾਰ ਪ੍ਰਾਈਵੇਟ ਹਸਪਤਾਲਾਂ ਉਤੇ ਸੀ ਜਿਨ੍ਹਾਂ ਵਿਚ ਵੱਖਰੇ ਤੇ ਪੂਰੀਆਂ ਸਹੂਲਤਾਂ ਨਾਲ ਲੈਸ ਕਮਰੇ ਹੁੰਦੇ ਹਨ, ਜਿਥੇ ਸੰਭਾਲ ਲਈ ਨਰਸਾਂ ਦੀ ਬਹੁਤਾਤ ਹੈ ਅਤੇ ਨਾਲ ਹੀ ਮਹਿਜ਼ ਇਕ ਕਾਲ ਤੇ ਮਾਹਿਰ ਡਾਕਟਰ ਪੁੱਜ ਜਾਂਦੇ ਹਨ। ਅਸੀਂ ਸਾਰਿਆਂ ਨੇ ਵੱਡੇ ਵੱਡੇ ਮੈਡੀਕਲ ਬੀਮਾ ਪੈਕੇਜਾਂ ਵਿਚ ਰਕਮਾਂ ਲਾਈਆਂ ਹੋਈਆਂ ਹਨ ਕਿਉਂਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿਚ ਸਿਹਤ ਸਹੂਲਤਾਂ ਕਾਫ਼ੀ ਮਹਿੰਗੀਆਂ ਹਨ।
        ਭਾਰਤ ਵਿਚ ਜਨਤਕ ਸਿਹਤ ਢਾਂਚੇ ਦੀ ਅਸਲ ਹਾਲਤ ਦੀ ਅਸੀਂ ਕਦੇ ਪ੍ਰਵਾਹ ਹੀ ਨਹੀਂ ਕੀਤੀ। ਸਰਕਾਰ ਵੱਲੋਂ ਸਿਹਤ ਸਹੂਲਤਾਂ ਲਈ ਬਹੁਤ ਘੱਟ ਖ਼ਰਚ ਕੀਤੇ ਜਾਣ ਦੀ ਚਰਚਾ ਭਾਵੇਂ ਸ਼ਰਾਬ ਦੀਆਂ ਪਾਰਟੀਆਂ ਵਿਚ ਤਾਂ ਹੁੰਦੀ ਹੈ ਪਰ ਅਸੀਂ ਇਸ ਗੱਲ ਦੀ ਕਦੇ ਵੀ ਕੋਈ ਚਿੰਤਾ ਨਹੀਂ ਕੀਤੀ ਕਿ ਮੁਲਕ ਵਿਚ ਹਜ਼ਾਰਾਂ ਲੋਕ ਹਰ ਸਾਲ ਆਮ ਇਲਾਜਯੋਗ ਬਿਮਾਰੀਆਂ ਦਾ ਵੀ ਇਲਾਜ ਨਾ ਹੋ ਸਕਣ ਕਾਰਨ ਮੌਤ ਦੇ ਮੂੰਹ ਜਾ ਪੈਂਦੇ ਹਨ। ਉਹ ਇਸ ਕਾਰਨ ਜਾਨ ਗੁਆ ਬਹਿੰਦੇ ਹਨ ਕਿਉਂਕਿ ਉਨ੍ਹਾਂ ਦੀ ਡਾਕਟਰਾਂ, ਇਲਾਜ ਤੇ ਹਸਪਤਾਲ ਦੇ ਬੈੱਡ ਤੱਕ ਪਹੁੰਚ ਨਹੀਂ ਹੁੰਦੀ ਜਾਂ ਉਹ ਇਲਾਜ ਤੇ ਦਵਾਈਆਂ ਦਾ ਖ਼ਰਚਾ ਨਹੀਂ ਉਠਾ ਸਕਦੇ।
       ਇਸ ਗੱਲ ਦਾ ਪਤਾ ਇਨ੍ਹਾਂ ਕੁਝ ਕੁ ਅੰਕੜਿਆਂ ਨੂੰ ਦੇਖ ਕੇ ਲੱਗ ਜਾਂਦਾ ਹੈ। ਭਾਰਤ ਵਿਚ 1.38 ਅਰਬ ਲੋਕਾਂ ਲਈ ਮਹਿਜ਼ 12 ਲੱਖ ਰਜਿਸਟਰਡ ਡਾਕਟਰ ਹਨ। ਇਸ ਤਰ੍ਹਾਂ ਅਨੁਪਾਤ ਇਕ ਡਾਕਟਰ ਪਿੱਛੇ 1150 ਲੋਕਾਂ ਦਾ ਬਣਦਾ ਹੈ। ਇਹ ਸੰਸਾਰ ਸਿਹਤ ਸੰਸਥਾ (ਡਬਲਿਊਐੱਚਓ) ਦੇ ਸਿਫ਼ਾਰਸ਼ਸ਼ੁਦਾ ਅੰਕੜੇ ਇਕ ਹਜ਼ਾਰ ਲੋਕਾਂ ਪਿੱਛੇ ਇਕ ਡਾਕਟਰ ਦੇ ਕਾਫ਼ੀ ਕਰੀਬ ਹੈ ਪਰ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਡਾਕਟਰਾਂ ਵਿਚੋਂ ਬਹੁਤੇ ਪ੍ਰਾਈਵੇਟ ਖੇਤਰ ਵਿਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਬਹੁਗਿਣਤੀ ਸ਼ਹਿਰਾਂ ਤੇ ਕਸਬਿਆਂ ਵਿਚ ਰਹਿੰਦੀ ਹੈ। ਜਦੋਂ ਗੱਲ ਗ਼ਰੀਬਾਂ ਦੀ ਆਉਂਦੀ ਹੈ ਜਿਨ੍ਹਾਂ ਨੂੰ ਜਨਤਕ ਸਿਹਤ ਸੇਵਾਵਾਂ ਉਤੇ ਨਿਰਭਰ ਰਹਿਣਾ ਪੈਂਦਾ ਹੈ, ਤਾਂ ਇਹ ਅੰਕੜਾ 12500 ਲੋਕਾਂ ਪਿੱਛੇ ਇਕ ਡਾਕਟਰ ਤੱਕ ਜਾ ਪੁੱਜਦਾ ਹੈ। ਅਧਿਐਨਾਂ ਵਿਚ ਸਾਹਮਣੇ ਆਇਆ ਹੈ ਕਿ 39 ਫ਼ੀਸਦੀ ਭਾਰਤੀਆਂ ਨੂੰ ਮੌਤ ਤੋਂ ਪਹਿਲਾਂ ਕੋਈ ਵੀ ਡਾਕਟਰੀ ਸਹੂਲਤ ਨਹੀਂ ਮਿਲਦੀ। ਇਨ੍ਹਾਂ ਵਿਚੋਂ ਬਹੁਤੇ ਇਸ ਕਾਰਨ ਕਿਸੇ ਮੈਡੀਕਲ ਸਹੂਲਤ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਘਰ ਦੇ ਕਰੀਬ ਕੋਈ ਡਾਕਟਰ/ਸਿਹਤ ਕਰਮੀ ਨਹੀਂ ਹੁੰਦਾ ਅਤੇ ਬਾਕੀ ਇਸ ਕਾਰਨ ਕਿ ਉਹ ਇਲਾਜ ਦਾ ਖ਼ਰਚ ਨਹੀਂ ਉਠਾ ਸਕਦੇ।
        ਜਦੋਂ ਹਾਲਾਤ ਬਿਲਕੁੱਲ ਬੇਕਾਬੂ ਹੋ ਜਾਂਦੇ ਹਨ ਤਾਂ ਇਨ੍ਹਾਂ ਗ਼ਰੀਬਾਂ ਨੂੰ ਇਲਾਜ ਲਈ ਕਰਜ਼ਾ ਲੈਣਾ ਪੈਂਦਾ ਹੈ ਅਤੇ ਆਪਣੇ ਪਿੰਡ ਤੇ ਘਰ-ਦਰ ਛੱਡ ਕੇ ਸ਼ਹਿਰ ਦੇ ਹਸਪਤਾਲਾਂ ਦੇ ਬਾਹਰ ਡੇਰੇ ਲਾਉਣੇ ਪੈਂਦੇ ਹਨ। ਉਥੇ ਦਲਾਲ ਕਿਸਮ ਦੇ ਲੋਕ ਡਾਕਟਰਾਂ ਨਾਲ ਸੰਪਰਕ ਕਰਾਉਣ ਤੇ ਫਾਰਮ ਭਰਾਉਣ ਆਦਿ ਲਈ ਮਦਦ ਦੇ ਨਾਂ ਤੇ ਉਨ੍ਹਾਂ ਨੂੰ ਲੁੱਟ ਕੇ ਜੇਬਾਂ ਭਰਦੇ ਹਨ। ਹਸਪਤਾਲਾਂ ਵਿਚ ਫਾਰਮੇਸੀਆਂ ਨੇੜੇ ਆਮ ਹੀ ਅਨਪੜ੍ਹ ਲੋਕ ਖੜ੍ਹੇ ਮਿਲ ਜਾਂਦੇ ਹਨ ਤਾਂ ਕਿ ਡਾਕਟਰੀ ਪਰਚੀ ਪੜ੍ਹਨ ਤੇ ਸਮਝਣ ਵਿਚ ਕੋਈ ਉਨ੍ਹਾਂ ਦੀ ਮਦਦ ਕਰ ਸਕੇ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਛੋਟੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਇਸ ਕਾਰਨ ਪੂਰੇ ਇਲਾਜ ਤੋਂ ਬਿਨਾਂ ਹੀ ਛੁੱਟੀ ਦੇ ਦਿੱਤੀ ਗਈ ਹੁੰਦੀ ਹੈ ਕਿਉਂਕਿ ਉਨ੍ਹਾਂ ਕੋਲ ਪੈਸੇ ਮੁੱਕ ਗਏ ਹੁੰਦੇ ਹਨ।
         ਦਰਅਸਲ ਮੈਡੀਕਲ ਇਲਾਜ ਵਾਸਤੇ ਲਏ ਕਰਜ਼ੇ, ਭਾਰਤੀਆਂ ਦੇ ਬੁਰੀ ਤਰ੍ਹਾਂ ਕਰਜ਼ਿਆਂ ਵਿਚ ਫਸੇ ਹੋਣ ਦਾ ਵੱਡਾ ਕਾਰਨ ਹਨ। 2019 ਵਿਚ ਹੋਏ ਇਕ ਅਧਿਐਨ ਵਿਚ ਸਾਹਮਣੇ ਆਇਆ ਸੀ ਕਿ 5.50 ਕਰੋੜ ਭਾਰਤ ਵਾਸੀ ਇਸ ਕਾਰਨ ਗ਼ਰੀਬੀ ਵਿਚ ਗਰਕ ਗਏ, ਕਿਉਂਕਿ ਉਨ੍ਹਾਂ ਡਾਕਟਰੀ ਇਲਾਜ ਲਈ ਕਰਜ਼ ਲਿਆ ਸੀ। ਇਹ ਵਿਆਪਕ ਮੁੱਦਾ ਹੈ ਪਰ ਇਸ ਵੱਲ ਭਾਰਤ ਦੀ ਕਿਸੇ ਸਰਕਾਰ ਨੇ ਹੁਣ ਤੱਕ ਕੋਈ ਤਵੱਜੋ ਨਹੀਂ ਦਿੱਤੀ। ਸਾਡੀ ਸਰਕਾਰੀ ਰਣਨੀਤੀ 1990ਵਿਆਂ ਤੋਂ ਹੀ ਸਿਹਤ ਵਿਚ, ਜਨਤਕ ਖ਼ਰਚੇ ਦੀ ਕੀਮਤ ਤੇ, ਪ੍ਰਾਈਵੇਟ ਖੇਤਰ ਦੇ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਵਾਲੀ ਰਹੀ ਹੈ ਪਰ ਇਹ ਲਗਭਗ ਸਾਰਾ ਹੀ ਨਿਵੇਸ਼ ਵੱਡੇ ਸ਼ਹਿਰਾਂ ਵਿਚ ਕੇਂਦਰਿਤ ਹੈ ਜਿਥੇ ਹਸਪਤਾਲ ਖੁੰਬਾਂ ਵਾਂਗ ਉੱਗੇ ਹੋਏ ਹਨ।
        ਪ੍ਰਾਈਵੇਟ ਸਿਹਤ ਸੰਭਾਲ ਦੇ ਨਾਲ ਹੀ ਮੈਡੀਕਲ ਬੀਮਾ ਸਨਅਤ ਵੀ ਖ਼ੂਬ ਵਧੀ-ਫੁੱਲੀ ਹੈ। ਤਰਕ ਇਹ ਹੈ ਕਿ ਖ਼ਪਤਕਾਰ ਵਸਤੂ ਵਾਂਗ ਹੀ ਮੈਡੀਕਲ ਦੇ ਸਾਲਾਨਾ ਪ੍ਰੀਮੀਅਮ ਵਜੋਂ ਮੈਡੀਕਲ ਖ਼ਰਚ ਦੀ ਅਦਾਇਗੀ ਕਰਨਗੇ, ਨਿਸਬਤ ਇਸ ਦੇ ਕਿ ਸਰਕਾਰ ਸਾਰਿਆਂ ਦੀ ਸਿਹਤ ਸੰਭਾਲ ਯਕੀਨੀ ਬਣਾਵੇ। ਇਥੋਂ ਤੱਕ ਕਿ ਮੋਦੀ ਸਰਕਾਰ ਨੇ ਵੀ ਜਨਤਕ ਖ਼ਰਚ ਰਾਹੀਂ ਸਿਹਤ ਬੁਨਿਆਦੀ ਢਾਂਚਾ ਉਸਾਰਨ ਦੀ ਥਾਂ ਜ਼ਿਆਦਾ ਡੋਰਾਂ ਮੈਡੀਕਲ ਬੀਮੇ ਉਤੇ ਹੀ ਸੁੱਟੀਆਂ ਹੋਈਆਂ ਹਨ।
       ਬਿਨਾਂ ਸ਼ੱਕ ਮੁਲਕ ਦੇ ਸ਼ਹਿਰੀ ਉੱਚ ਮੱਧ ਵਰਗ ਦੀ 30 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਸਿਹਤ ਸਹੂਲਤਾਂ ਤੱਕ ਬਿਹਤਰ ਰਸਾਈ ਹੈ। ਅੱਜ ਸਕੈਨ, ਐੱਮਆਰਆਈ ਜਾਂ ਹੋਰ ਟੈਸਟ ਕਰਾਉਣੇ ਬਹੁਤ ਆਸਾਨ ਹੋ ਗਏ ਹਨ। ਅੱਜ ਭਾਰਤ ਦੇ ਮੋਹਰੀ ਹਸਪਤਾਲਾਂ ਵਿਚ ਸਰਜਨਾਂ ਕੋਲ ਸਿਰੇ ਦਾ ਅਤਿ-ਆਧੁਨਿਕ ਸਾਜ਼ੋ-ਸਾਮਾਨ ਹੁੰਦਾ ਹੈ ਅਤੇ ਉਹ ਆਪਣੇ ਮਰੀਜ਼ਾਂ ਦੀਆਂ ਬਹੁਤ ਹੀ ਨਾਜ਼ੁਕ ਜਾਨ-ਬਚਾਊ ਅੰਗ-ਬਦਲੀਆਂ ਕਰ ਸਕਦੇ ਹਨ। ਅਜਿਹੇ ਅਤਿ-ਆਧੁਨਿਕ ਮੈਡੀਕਲ ਸਾਜ਼ੋ-ਸਾਮਾਨ ਤੇ ਸਹੂਲਤਾਂ ਦੀ ਸਮਰੱਥਾ ਇਸ ਹਿਸਾਬ ਨਾਲ ਰੱਖੀ ਜਾਂਦੀ ਹੈ ਕਿ ਕਿਸੇ ਖ਼ਾਸ ਮੌਕੇ ਕਿੰਨੇ ਕੁ ਵੱਡੇ ਸਰਮਾਏਦਾਰ ਲੋਕਾਂ ਨੂੰ ਇਨ੍ਹਾਂ ਦੀ ਜ਼ਰੂਰਤ ਪੈ ਸਕਦੀ ਹੈ।
        ਇਸ ਦੇ ਬਾਵਜੂਦ ਕਿਸੇ ਨੇ ਵੀ ਉਸ ਵਾਇਰਸ ਨਾਲ ਲੜਨ ਲਈ ਕੋਈ ਢੁਕਵੇਂ ਬੰਦੋਬਸਤ ਨਹੀਂ ਕੀਤੇ ਜਿਸ ਦੇ ਟਾਕਰੇ ਲਈ ਕਿਸੇ ਵੀ ਮਹਿੰਗੇ ਸਾਜ਼ੋ-ਸਾਮਾਨ, ਦਵਾਈਆਂ ਜਾਂ ਹੋਰ ਸਿਹਤ ਬੰਦੋਬਸਤ ਦੀ ਲੋੜ ਨਹੀਂ ਹੈ। ਚੋਟੀ ਦੇ ਸਾਰੇ ਹੀ ਡਾਕਟਰ ਮੰਨਦੇ ਹਨ ਕਿ ਕੋਵਿਡ ਦੇ ਟਾਕਰੇ ਲਈ ਕੁੱਲ ਮਿਲਾ ਕੇ ਮੁਕਾਬਲਤਨ ਕੁਝ ਕੁ ਬਹੁਤ ਸਸਤੇ ਇਲਾਜ ਬਦਲਾਂ ਦੀ ਲੋੜ ਪੈਂਦੀ ਹੈ। ਇਨ੍ਹਾਂ ਵਿਚੋਂ ਪਹਿਲੀ ਦਵਾਈ ਹੈ ਬੁਖ਼ਾਰ ਉਤਾਰਨ ਲਈ ਪੈਰਾਸਿਟਾਮੋਲ। ਦੂਜੀ ਅਤੇ ਸਭ ਤੋਂ ਅਹਿਮ ਹੈ ਆਕਸੀਜਨ। ਤੀਜੀ ਤੇ ਬਿਲਕੁਲ ਸਸਤੀ ਹੈ ਡੈਕਸਾਮੀਥਾਸੋਨ ਨਾਮੀ ਸਟੀਰਾਇਡ ਜਿਹੜੀ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ ਜੋ ਪਹਿਲਾਂ ਹੀ ਆਕਸੀਜਨ ਤੇ ਹੁੰਦੇ ਹਨ। ਚੌਥੀ ਹੈ ਖ਼ੂਨ ਪਤਲਾ ਕਰਨ ਵਾਲੀ ਦਵਾਈ ਜੋ ਭਾਰਤ ਵਿਚ ਸੌਖਿਆਂ ਹੀ ਮਿਲ ਜਾਂਦੀ ਹੈ। ਅਖ਼ੀਰ ਕੁਝ ਕੁ ਮਾਮਲਿਆਂ ਵਿਚ ਰੈਮਡੇਸਿਵਿਰ ਦੀ ਲੋੜ ਪੈ ਸਕਦੀ ਹੈ ਤਾਂ ਕਿ ਹਸਪਤਾਲ ਵਿਚ ਦਾਖ਼ਲ ਰਹਿਣ ਦੀ ਮੁੱਦਤ ਘਟਾਈ ਜਾ ਸਕੇ।
       ਕੋਵਿਡ ਨੇ ਸਾਨੂੰ ਇਹ ਸਿਖਾਇਆ ਤੇ ਦਿਖਾਇਆ ਹੈ ਕਿ ਸਾਨੂੰ ਲੋੜ ਹੈ ਅਜਿਹੇ ਸਿਹਤ ਢਾਂਚੇ ਦੀ, ਜਿਸ ਰਾਹੀਂ ਸਾਰਿਆਂ ਦਾ ਸਰਕਾਰੀ ਸਹਾਇਤਾ ਨਾਲ ਸਸਤਾ ਇਲਾਜ ਹੋ ਸਕੇ। ਸਾਨੂੰ ਸਭ ਤੋਂ ਵੱਡੀ ਲੋੜ ਸੀ ਵੱਡੇ ਪੱਧਰ ਤੇ ‘ਆਕਸੀਜਨ ਬੈੱਡਾਂ’ ਵਾਲੇ ਹਸਪਤਾਲਾਂ ਦੀ ਅਤੇ ਵਧੀਆ ਤਨਖ਼ਾਹਾਂ ਵਾਲੇ ਸਰਕਾਰੀ ਡਾਕਟਰਾਂ ਦੀ, ਜਿਹੜੇ ਮਰੀਜ਼ ਦੀ ਲੋੜ ਮੁਤਾਬਕ ਤਰਜੀਹੀ ਆਧਾਰ ਉਤੇ ਇਹ ਤੈਅ ਕਰਦੇ ਕਿ ਕਿਸ ਮਰੀਜ਼ ਨੂੰ ਕਦੋਂ ਤੇ ਕਿੰਨੀ ਸੰਭਾਲ ਦੀ ਲੋੜ ਹੈ। ਸਾਡੇ ਮੁਲਕ ਵਿਚ ਇਸ ਸਿਹਤ ਢਾਂਚੇ ਤੇ ਸਹੂਲਤਾਂ ਦੀ ਕਮੀ ਹੀ ਸਾਡੇ ਅੱਗੇ ਵਾਪਰ ਰਹੀ ਇਸ ਕੋਵਿਡ ਤ੍ਰਾਸਦੀ ਦਾ ਵੱਡਾ ਕਾਰਨ ਹੈ। ਕਿਸੇ ਮੈਡੀਕਲ ਬੀਮੇ ਦੀ ਵੱਡੀ ਤੋਂ ਵੱਡੀ ਰਕਮ ਅਤੇ ਸਿਖਰਲੇ ਤੋਂ ਸਿਖਰਲਾ ਅਤਿ-ਆਧੁਨਿਕ ਸਾਜ਼ੋ-ਸਾਮਾਨ ਵੀ ਇਸ ਸੰਕਟ ਦਾ ਟਾਕਰਾ ਨਹੀਂ ਕਰ ਸਕਦਾ। ਇਹ ਭਾਰਤ ਦੀ ਨੀਤੀ-ਘਾੜੀ, ਨੀਤੀਆਂ ਨੂੰ ਪ੍ਰਭਾਵਿਤ ਕਰਨ ਵਾਲੀ, ਵਖਿਆਨ ਤੈਅ ਕਰਨ ਵਾਲੀ ਜਮਾਤ ਅਤੇ ਅਮੀਰ ਮੱਧ ਵਰਗ ਲਈ ਚਿਤਾਵਨੀ ਹੈ ਕਿ ਉਹ ਇਸ ਪਾਸੇ ਧਿਆਨ ਦੇਵੇ।
*ਲੇਖਕ ਸੀਨੀਅਰ ਆਰਥਿਕ ਵਿਸ਼ਲੇਸ਼ਕ ਹੈ।