ਗਿਆਨ ਤੇ ਹਉਮੈ  - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਐਲਬਰਟ ਆਈਨਸਟਾਈਨ ਨੇ ਕਿਹਾ ਸੀ ਕਿ ਜਿਸ ਨੂੰ ਗਿਆਨ ਵਧ ਹੋਵੇ, ਉਸ ਦੀ ਹਉਮੈ ਘੱਟ ਜਾਂਦੀ ਹੈ ਤੇ ਜਿਸ ਨੂੰ ਗਿਆਨ ਥੋੜਾ ਹੋਵੇ, ਉਸ ਵਿਚ ਹਉਮੈ ਲੋੜੋਂ ਵੱਧ ਜਮਾਂ ਹੋ ਜਾਂਦੀ ਹੈ।
    ਸਾਡੀ 'ਮੈਂ' ਕਈ ਕਿਸਮਾਂ ਦੀ ਹੁੰਦੀ ਹੈ। ਕਿਸੇ ਵਿਚ ਵੱਧ ਤੇ ਕਿਸੇ ਵਿਚ ਘੱਟ। ਇਸ ਵਿਚ ਸਿਰਫ਼ ਆਪਣੇ ਆਪ ਨੂੰ ਉਤਾਂਹ ਚੁੱਕਣ ਜਾਂ ਆਕੜਖ਼ਾਨ ਬਣਨ ਬਾਰੇ ਹੀ ਨਹੀਂ ਬਲਕਿ ਰੋਜ਼ਮਰਾ ਦੀਆਂ ਲੋੜਾਂ ਵਿਚ ਹੱਕ ਜਤਾਉਣਾ ਜਿਵੇਂ ਭੁੱਖ, ਸਰੀਰਕ ਸੰਬੰਧ, ਗੁੱਸਾ, ਆਪਣਾ ਆਰਾਮ ਦਾ ਸਮਾਂ, ਮਨ ਦੀ ਸ਼ਾਂਤੀ ਅਤੇ ਅਨੰਦਿਤ ਮਹਿਸੂਸ ਹੋਣਾ ਸ਼ਾਮਲ ਹੈ।
    ਹਉਮੈ ਦੀ ਇਕ ਕਿਸਮ ਆਪਣੀਆਂ ਮੰਗਾਂ ਦੀ ਪੂਰਤੀ ਨਾਲ ਹੋ ਰਹੇ ਆਨੰਦ ਨੂੰ ਹਾਸਲ ਕਰਨ ਲਈ ਦੂਜੇ ਦਾ ਨੁਕਸਾਨ ਕਰਨ ਲਈ ਵੀ ਉਕਸਾ ਦਿੰਦੀ ਹੈ।
    ਦੂਜੀ ਕਿਸਮ ਵਿਚ ਕਾਫੀ ਕੁੱਝ ਆਪਣੇ ਮਾਪਿਆਂ ਕੋਲੋਂ ਹਾਸਲ ਕੀਤਾ ਹੁੰਦਾ ਹੈ। ਇਸ ਵਿਚ ਆਲੇ-ਦੁਆਲੇ ਦਾ ਪ੍ਰਭਾਵ ਸ਼ਾਮਲ ਹੁੰਦਾ ਹੈ ਤੇ ਸੱਭਿਆਚਾਰ ਦਾ ਵੀ। ਇਹ ਸਾਡੀ ਸ਼ਖ਼ਸੀਅਤ ਦਾ ਹਿੱਸਾ ਬਣ ਜਾਂਦਾ ਹੈ। ਇਸ ਵਿਚ ਸਮਾਜ ਵਿਚਲੇ ਦਬਾਓ ਸਾਡੇ ਨਿਰਣੇ ਉੱਤੇ ਅਸਰ ਪਾਉਂਦੇ ਹਨ ਤੇ ਕਈ ਵਾਰ ਮਾੜਾ ਕਰਨ ਤੋਂ ਰੋਕਦੇ ਵੀ ਹਨ।
    ਕਿਸੇ ਵੀ ਇਨਸਾਨ ਅੰਦਰ ਕਿੰਨੀ ਹਉਮੈ ਭਰੀ ਪਈ ਹੈ, ਉਸੇ ਹਿਸਾਬ ਨਾਲ ਉਸ ਅੰਦਰ ਹਲੀਮੀ ਤੇ ਗੁੱਸੇ ਦਾ ਵੱਧ ਜਾਂ ਘੱਟ ਭੰਡਾਰ ਹੁੰਦਾ ਹੈ ਤੇ ਉਸੇ ਅਨੁਸਾਰ ਬੰਦਾ ਇਕਦਮ ਭੜਕ ਸਕਦਾ ਹੈ ਜਾਂ ਠਰੰਮੇ ਨਾਲ ਸੋਚ ਵਿਚਾਰ ਕਰਨ ਯੋਗ ਬਣਦਾ ਹੈ।
    ਕਿਸੇ ਦਾ ਆਪ ਮਾੜਾ ਕਰਨਾ ਜਾਂ ਕਿਸੇ ਹੋਰ ਕੋਲੋਂ ਕਰਵਾਉਣਾ, ਕਿਸੇ ਉੱਤੇ ਤਰਸ ਕਰਨਾ ਜਾਂ ਆਪਣੇ ਅੱਗੇ ਦੂਜੇ ਨੂੰ ਝੁਕਣ ਉੱਤੇ ਮਜਬੂਰ ਕਰਨਾ ਸਾਡੀ ਹੈਂਕੜ ਦੇ ਮਾਪਦੰਡ ਉੱਤੇ ਨਿਰਭਰ ਕਰਦਾ ਹੈ।
    ਕਈ ਜਣਿਆਂ ਨੂੰ ਜੇ ਰਤਾ ਮਾਸਾ ਜਾਣਕਾਰੀ ਹਾਸਲ ਹੋ ਜਾਵੇ ਤਾਂ ਉਸੇ ਦੇ ਸਿਰ ਉੱਤੇ ਆਪਣੇ ਆਪ ਨੂੰ ਨਾਢੂ ਖ਼ਾਂ ਮੰਨਦੇ ਹੋਏ ਬਾਕੀਆਂ ਨੂੰ ਟਿੱਚ ਸਮਝਣ ਲੱਗ ਜਾਂਦੇ ਹਨ। ਅਜਿਹੇ ਲੋਕਾਂ ਨੂੰ 'ਥੋਥਾ ਚਨਾ ਬਾਜੇ ਘਨਾ' ਮੰਨਿਆ ਜਾਂਦਾ ਹੈ। ਸਾਡੇ ਚੁਫ਼ੇਰੇ ਅਜਿਹੇ ਲੋਕਾਂ ਦਾ ਭੰਡਾਰ ਹੈ। ਕਿਸੇ ਗੱਲ ਬਾਰੇ ਸਿਰਫ਼ ਪੰਜ ਫੀਸਦੀ ਜਾਣਕਾਰੀ ਹਾਸਲ ਹੁੰਦੇ ਸਾਰ ਆਪਣੇ ਆਲੇ-ਦੁਆਲੇ ਵਾਲਿਆਂ ਨੂੰ ਉਜੱਡ ਮੰਨ ਕੇ ਚੁਫ਼ੇਰੇ ਆਪਣੀ ਧਾਕ ਜਮਾਉਣ ਲਈ ਉਸ ਜਾਣਕਾਰੀ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਲਈ ਵੱਟਸਐਪ ਜਾਂ ਫੇਸਬੁੱਕਾਂ ਭਰ ਦਿੱਤੀਆਂ ਜਾਂਦੀਆਂ ਹਨ।
    ਅਗਲਾ ਜਣਾ ਵੀ ਅਜਿਹੀ ਜਾਣਕਾਰੀ ਜਾਂ ਵੀਡੀਓ ਵੇਖ ਕੇ, ਬਿਨਾਂ ਸੋਚੇ ਸਮਝੇ ਉਸ ਨੂੰ ਅਗਾਂਹ ਭੇਜ ਕੇ ਆਪਣੇ ਮਨ ਅੰਦਰਲੀ ਉਥਲ ਪੁਥਲ ਸ਼ਾਂਤ ਕਰ ਲੈਂਦਾ ਹੈ।
    ਇੰਜ ਕਰਦਿਆਂ ਕੋਈ ਅਸਲ ਘਟਨਾ ਜੋ ਲੋਕਾਂ ਦੇ ਫ਼ਾਇਦੇ ਲਈ ਸਾਂਝੀ ਕਰਨ ਵਾਸਤੇ ਭਾਵੇਂ ਲੰਡਨ ਮੈਡੀਕਲ ਕਾਲਜ ਵੱਲੋਂ ਬਣਾਈ ਗਈ ਹੋਵੇ, ਨੂੰ ਕੱਟ ਵੱਢ ਕੇ, ਕੁੱਝ ਸਕਿੰਟਾਂ ਜਾਂ ਮਿੰਟਾਂ ਦੇ ਟੋਟਕੇ ਨੂੰ ਬਲਾਚੌਰ, ਮੇਵਾਤ ਜਾਂ ਕਿਸੇ ਹੋਰ ਸ਼ਹਿਰ ਵਿਚਲੀ ਘਟਨਾ ਦੱਸ ਕੇ ਅਗਾਂਹ ਤੋਰ ਦਿੱਤੀ ਜਾਂਦੀ ਹੈ। ਉਸ ਗੱਲ ਦਾ ਅਗਲਾ ਪਿਛਲਾ ਹਿੱਸਾ ਜੋ ਅਸਲ ਨੁਕਤਾ ਹੁੰਦਾ ਹੈ, ਕੱਟ ਦਿੱਤਾ ਗਿਆ ਹੁੰਦਾ ਹੈ ਜਿਸ ਨਾਲ ਮਤਲਬ ਵੀ ਬਦਲ ਜਾਂਦਾ ਹੈ ਤੇ ਮਕਸਦ ਵੀ ਅਤੇ ਥਾਂ ਵੀ ਹਰ ਜਣਾ ਆਪਣੇ ਹਿਸਾਬ ਨਾਲ ਬਣਾ ਲੈਂਦਾ ਹੈ ਕਿ ਅਜਿਹੀ ਮਿਰਚ ਮਸਾਲੇਦਾਰ ਜਾਣਕਾਰੀ ਭੇਜਣ ਨਾਲ ਲੋਕ ਸਾਡਾ ਨਾਂ ਪੜ੍ਹਣਗੇ ਤੇ ਸਾਨੂੰ ਫ਼ੋਨ ਵੀ ਕਰਨਗੇ!
    ਏਸੇ ਹੀ ਤਰ੍ਹਾਂ ਕੁੱਝ ਇਨਸਾਨੀਅਤ ਦਰਸਾਉਂਦੀਆਂ ਘਟਨਾਵਾਂ ਦਾ ਸ਼ੁਰੂ ਤੇ ਅੰਤ ਕੱਟ ਕੇ, ਸਿਰਫ਼ ਜ਼ੁਲਮ ਹੁੰਦੇ ਦੀ ਕੁੱਝ ਸਕਿੰਟਾਂ ਦੀ ਰਿਕਾਰਡਿੰਗ ਨੂੰ ਕਿਸੇ ਵੀ ਇਲਾਕੇ, ਧਰਮ ਜਾਂ ਫਿਰਕੇ ਨਾਲ ਜੋੜ ਕੇ ਇਕਦਮ ਲੋਕਾਂ ਨੂੰ ਭੜਕਾ ਦਿੱਤਾ ਜਾਂਦਾ ਹੈ। ਅਜਿਹਾ ਕਰਨ ਵਾਲਾ ਬੰਦਾ ਆਪਣੀ ਸ਼ਰਾਰਤ ਨਾਲ ਲੋਕਾਂ ਦਾ ਵਿਦਰੋਹ ਤੇ ਲੜਾਈ ਝਗੜਾ ਵੇਖ ਕੇ ਆਪਣੇ ਮਨ ਅੰਦਰ ਠੰਡ ਮਹਿਸੂਸ ਕਰਦਾ ਹੈ ਕਿ ਮੈਂ ਏਨਾ ਤਾਕਤਵਰ ਹਾਂ ਕਿ ਸਾਰਾ ਕੁੱਝ ਕੰਟਰੋਲ ਕਰ ਸਕਦਾ ਹਾਂ ਤੇ ਲੋਕਾਂ ਨੂੰ ਉਂਗਲੀਆਂ ਉੱਤੇ ਨਚਾ ਸਕਦਾ ਹਾਂ।
    ਵੱਧ ਗਿਆਨਵਾਨ ਬੰਦਾ ਡੂੰਘੇ ਸਮੁੰਦਰ ਵਾਂਗ ਹੁੰਦਾ ਹੈ। ਸ਼ਾਂਤ, ਸਹਿਜ ਤੇ ਚਿਹਰੇ ਉੱਤੇ ਨੂਰ! ਇਕਦਮ ਨਾ ਭੜਕਣਾ, ਸੋਚ ਸਮਝ ਕੇ ਗੱਲ ਕਰਨੀ, ਨਤੀਜੇ ਬਾਰੇ ਕਿਆਸ ਲਾ ਕੇ ਆਪਣੇ ਵਿਚਾਰ ਰੱਖਣੇ, ਆਕੜ ਨਾ ਰੱਖਣੀ, ਸ਼ੇਖ਼ੀ ਨਾ ਬਘਾਰਨੀ, ਸਾਦਾ ਪਹਿਰਾਵਾ ਤੇ ਉੱਚ ਪਧਰੇ ਵਿਚਾਰ ਹੀ ਅਜਿਹੇ ਬੰਦੇ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਅਜਿਹੇ ਬੰਦੇ ਆਪਣੀ ਗ਼ਲਤੀ ਨਾ ਹੋਣ ਉੱਤੇ ਵੀ ਦੂਜੇ ਦੀ ਹਉਮੈ ਨੂੰ ਪੱਠੇ ਪਾਉਣ ਲਈ ਆਪ ਨਿਮਰਤਾ ਸਹਿਤ ਮੁਆਫ਼ੀ ਮੰਗ ਲੈਂਦੇ ਹਨ।
    ਥੋਥੇ ਚਨੇ ਵਾਲੀਆਂ ਸ਼ਖ਼ਸੀਅਤਾਂ ਦੂਜੇ ਉੱਤੇ ਹਾਵੀ ਹੋਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਹੁੰਦੀਆਂ ਹਨ। ਉਨ੍ਹਾਂ ਕੋਲੋਂ ਆਪਣੇ ਵਿਚਾਰ ਕਾਬੂ ਵਿਚ ਰੱਖੇ ਹੀ ਨਹੀਂ ਜਾਂਦੇ ਤੇ ਆਮ ਹੀ ਗ਼ਲਤ ਗੱਲਾਂ ਫੈਲਾ ਦਿੰਦੇ ਹਨ। ਫੇਰ ਪਤਾ ਲੱਗਣ ਉੱਤੇ ਵੀ ਮੁਆਫ਼ੀ ਮੰਗਣ ਦੀ ਥਾਂ ਆਪਣੀ ਚੌਧਰ ਜਮਾਉਣ ਉੱਤੇ ਅੜੇ ਰਹਿੰਦੇ ਹਨ। ਅਜਿਹੇ ਲੋਕਾਂ ਦਾ ਸੁਭਾਅ ਕੁਰਖ਼ਤ, ਅੱਖੜ, ਅੜਬ, ਦੂਜਿਆਂ ਦਾ ਕੰਮ ਨਾ ਕਰਨਾ, ਦੂਜਿਆਂ ਵਿਚ ਨੁਕਸ ਭਾਲਦੇ ਰਹਿਣਾ, ਕਿਸੇ ਦੀ ਈਨ ਕਦੇ ਵੀ ਮੰਨਣ ਨੂੰ ਤਿਆਰ ਨਾ ਹੋਣਾ, ਝਟ ਗੁੱਸੇ ਵਿਚ ਆ ਜਾਣਾ, ਆਦਿ ਵੇਖਿਆ ਗਿਆ ਹੈ।
    ਮਨੋਵਿਗਿਆਨੀਆਂ ਵੱਲੋਂ ਇਹ ਵੀ ਵੇਖਣ ਵਿਚ ਆਇਆ ਹੈ ਕਿ ਅਜਿਹੇ ਲੋਕ ਭਾਵੇਂ ਆਪਣੀ ਈਨ ਲੋਕਾਂ ਵਿਚ ਜ਼ਿੱਦ ਨਾਲ ਮੰਨਵਾ ਲੈਣ ਪਰ ਉਨ੍ਹਾਂ ਦੇ ਮਨ ਅੰਦਰ ਹੀਣ ਭਾਵਨਾ ਭਰ ਜਾਂਦੀ ਹੈ ਤੇ ਆਪਣੇ ਆਪ ਨੂੰ ਦੋਸ਼ੀ ਵੀ ਮੰਨ ਲੈਂਦੇ ਹਨ। ਪਰ, ਫਿਰ ਵੀ ਇਹ ਸਭ ਜ਼ਾਹਿਰ ਕਦੇ ਨਹੀਂ ਕਰਦੇ। ਇਸੇ ਲਈ ਅਜਿਹੇ ਲੋਕ ਜ਼ਿਆਦਾਤਰ ਤਣਾਓ, ਘਬਰਾਹਟ ਤੇ ਨਿਤਾਣੇਪਨ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਕਈ ਜਣੇ 'ਟਾਈਪ ਏ ਪਰਸਨੈਲਿਟੀ' ਵਾਲੇ ਬਣ ਜਾਂਦੇ ਹਨ ਤੇ ਛੇਤੀ ਛਿੱਥੇ ਪੈ ਕੇ ਹਰ ਹਾਲ ਆਪਣੇ ਆਪ ਨੂੰ ਉੱਚਾ ਤੇ ਨੰਬਰ ਵੰਨ ਸਾਬਤ ਕਰਨ ਵਿਚ ਲੱਗੇ ਰਹਿੰਦੇ ਹਨ। ਇਨ੍ਹਾਂ ਵਿਚ ਇੱਕੋ ਗੱਲ ਨੂੰ ਦੁਹਰਾਉਣਾ ਤੇ ਉਸ ਨੂੰ ਪੂਰਾ ਕਰਨ ਦੀ ਜ਼ਿੱਦ ਕਰਨ ਦੀ ਇੱਛਾ ਪ੍ਰਬਲ ਹੋ ਜਾਂਦੀ ਹੈ।
    ਸਭ ਵੱਲੋਂ ਵਾਹ ਵਾਹੀ ਸੁਣਨੀ ਤੇ ਹਰ ਰੋਜ਼ ਆਪਣੀ ਮੈਂ ਨੂੰ ਪੱਠੇ ਪਾਉਣੇ ਇਕ ''ਪਰਸਨੈਲਟੀ ਡਿਸਆਰਡਰ'' ਮੰਨ ਲਿਆ ਗਿਆ ਹੈ। ਅਜਿਹਾ ਮਾਨਸਿਕ ਰੋਗੀ ਕੋਈ ਇੱਕ ਨਹੀਂ। ਟਵਿੱਟਰ, ਫੇਸਬੁੱਕ, ਵੱਟਸਐਪ, ਆਦਿ ਉੱਤੇ ਏਨੇ ਲੱਭ ਜਾਣਗੇ ਕਿ ਗਿਣਤੀ ਕਰਨੀ ਔਖੀ ਹੋ ਜਾਣੀ ਹੈ।
    ਇਸ ਦਾ ਨਤੀਜਾ ਇਹ  ਹੋ ਗਿਆ ਹੈ ਕਿ ਅਸਲ ਕੰਮ ਕਰਨ ਨਾਲੋਂ ਬਹੁਗਿਣਤੀ ਇਕ ਤਸਵੀਰ ਜਾਂ ਥੋਥੇ ਬਿਆਨ ਨੂੰ ਸਾਂਝਾ ਕਰ ਕੇ ਦੂਜਿਆਂ ਵੱਲੋਂ 'ਵਾਹ' ਸੁਣ ਕੇ ਤਸੱਲੀ ਨਾਲ ਬਹਿ ਜਾਂਦੇ ਹਨ ਕਿ ਮੈਂ ਆਪਣਾ ਜਨਮ ਸਾਰਥਕ ਕਰ ਲਿਆ।
    ਅਜਿਹੀ ਸੋਚ ਕਿਸੇ ਵੀ ਸਮਾਜ ਲਈ ਮਾਰੂ ਸਾਬਤ ਹੋ ਸਕਦੀ ਹੈ ਜਿੱਥੇ ਵੱਡੀ ਗਿਣਤੀ ਘੱਟ ਗਿਆਨਵਾਨ ਲੋਕ ਆਪਣੇ ਆਪ ਨੂੰ ਕਿਸੇ ਵੀ ਹਾਲ ਸਿਰਫ਼ ਨੰਬਰ ਵਨ ਸਾਬਤ ਕਰਨ ਲਈ ਜੁਟੇ ਹੋਣ ਪਰ ਸਮਾਜ ਦੀ ਬਿਹਤਰੀ ਲਈ ਨਾ ਵੱਡੀ ਪੱਧਰ ਉੱਤੇ ਕੰਮ ਹੋ ਰਿਹਾ ਹੋਵੇ ਤੇ ਨਾ ਹੀ ਅਜਿਹੇ ਲੋਕ ਚਿੰਤਿਤ ਹੋਣ!
    ਜਿਹੜਾ ਕੋਈ ਸ਼ਾਂਤਮਈ ਢੰਗ ਨਾਲ ਸਮਾਜ ਲਈ ਕੰਮ ਕਰ ਰਿਹਾ ਹੋਵੇ ਜਾਂ ਗਿਆਨਵਾਨ ਇਨਾਸਾਨ ਚੁੱਪਚਾਪ ਬੈਠਾ ਹੋਵੇ, ਉਸ ਨੂੰ ਭੰਡ ਕੇ ਉਸ ਦੀ ਲੰਮੀ ਲਾਈਨ ਨੂੰ ਛੋਟਿਆਂ ਕਰਨ ਲਈ ਹੁੱਲੜਬਾਜ਼ੀ ਦਾ ਸਹਾਰਾ ਵੀ ਲਿਆ ਜਾਂਦਾ ਹੈ। ਭੱਦੀ ਬਿਆਨਬਾਜ਼ੀ ਕਰ ਕੇ ਉਸ ਨੂੰ ਨੀਵਾਂ ਵਿਖਾ ਕੇ 'ਥੋਥੇ ਚਨੇ' ਆਪਣੇ ਆਪ ਨੂੰ ਉਸ ਤੋਂ ਉੱਚਾ ਮੰਨ ਕੇ ਪ੍ਰਸੰਨਤਾ ਮਹਿਸੂਸ ਕਰਦੇ ਹਨ।
    ਅਜਿਹੀ ਸੋਚ ਵਾਲੇ ਬੰਦਿਆਂ ਨੂੰ ਵਾਗਾਂ ਪਾਉਣ ਵਾਲੇ ਸਿਆਸਤਦਾਨ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਬਾਖ਼ੂਬੀ ਵਰਤ ਲੈਂਦੇ ਹਨ। ਰੰਗੀਨ ਸੁਫ਼ਨੇ ਵਿਖਾ ਕੇ, ਉੱਚੀਆਂ ਪਦਵੀਆਂ ਤੇ ਚੌਧਰ ਦਾ ਲਾਲਚ ਦੇ ਕੇ ਥੋਥੇ ਚਨਿਆਂ ਨੂੰ ਚਨੇ ਦੇ ਝਾੜ ਉੱਤੇ ਚੜ੍ਹਾ ਦਿੰਦੇ ਹਨ। ਏਸੇ ਕਰਕੇ ਸਮਾਜ ਸੁਧਾਰਕ ਸੋਚ ਕਿਧਰੇ ਹੇਠਾਂ ਦੱਬੀ ਰਹਿ ਜਾਂਦੀ ਹੈ ਤੇ ਚੌਧਰ ਜਮਾਉਣ ਵਾਲੇ ਘੱਟ ਗਿਆਨਵਾਨ ਬੰਦੇ ਆਪਣੀ ਹੈਂਕੜ ਨੂੰ ਪੱਠੇ ਪਾਉਣ ਲਈ ਕਮਜ਼ੋਰ ਵਰਗ ਤੇ ਬੁੱਧੀਜੀਵੀ ਵਰਗ, ਦੁਹਾਂ ਨੂੰ ਦੱਬ ਲੈਂਦੇ ਹਨ।
    ਅਜਿਹੇ ਲੋਕਾਂ ਬਾਰੇ ਗੁਰਬਾਣੀ ਵਿਚ ਕਈ ਵਾਰ ਚੇਤੰਨ ਕੀਤਾ ਗਿਆ ਹੈ।
    ''ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ।
    ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ।
    ਨਾਨਕ ਨਾਮ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ॥ (ਅੰਗ 1410)
    ''ਨਹ ਨਿੰਦਿਆ ਨਹੁ ਉਸਤਤਿ ਜਾ ਕੈ ਲੋਭੁ ਮੋਹਿ ਅਭਿਮਾਨਾ।
    ਹਰਖ ਸੋਖ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ।
    ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ।
    ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ।''
                         (ਅੰਗ 633)
    ਹੁਣ ਇਸ ਤੋਂ ਵਧ ਗੁਰੂ ਸਾਹਿਬ ਸਾਨੂੰ ਕੀ ਸਮਝਾਉਣ? ਜੇ ਹਾਲੇ ਵੀ ਕੋਈ ਬ੍ਰਹਮ ਗਿਆਨੀ ਅਜਿਹੇ ਮੂਰਖਾਂ ਜਾਂ ਥੋਥੇ ਚਨਿਆਂ ਕਾਰਨ ਦੁਖੀ ਮਹਿਸੂਸ ਕਰ ਰਿਹਾ ਹੈ ਤਾਂ ਇਹ ਤੁਕਾਂ ਸਪਸ਼ਟ ਕਰ ਦੇਣਗੀਆਂ :-
    ''ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ।
    ਮੂਰਖੈ ਨਾਲਿ ਨ ਲੁਝੀਐ।''
        (ਅੰਗ 473)
    ਸੋ ਅੱਗੇ ਤੋਂ ਜੇ ਕੋਈ ਆਪਣਾ ਅੱਧ ਪਚੱਧ ਗਿਆਨ ਤੁਹਾਡੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਦਿਸੇ ਤਾਂ ਚੁੱਪਚਾਪ ਕਿਨਾਰਾ ਕਰ ਲੈਣਾ ਹੀ ਠੀਕ ਰਹੇਗਾ। ਪਰ, ਕਿਸੇ ਵੀ ਹਾਲ ਵਿਚ ਢਹਿੰਦੀ ਕਲਾ ਵੱਲ ਨਹੀਂ ਜਾਣਾ ਚਾਹੀਦਾ ਕਿਉਂਕਿ ਚੜ੍ਹਦੇ ਸੂਰਜ ਨੂੰ ਹਨ੍ਹੇਰਾ ਹਮੇਸ਼ਾ ਲਈ ਢਕ ਨਹੀਂ ਸਕਦਾ ਤੇ ਨਾ ਹੀ ਲੋਕ ਹਮੇਸ਼ਾ ਹਨ੍ਹੇਰੇ ਵਿਚ ਰਹਿਣਾ ਪਸੰਦ ਕਰਦੇ ਹਨ!   

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

17 June 2018