ਗੀਤਾਂ ਦੇ ਸੁਨੇਹੇ - ਮਨਿੰਦਰ ਕੌਰ (ਯੂ.ਕੇ.)

ਕਣਕਾਂ ਦੇ ਸੁਨਹਿਰੀ ਰੰਗਾਂ ਦਾ

ਛਣਕਦੀਆਂ ਕੁਝ ਵੰਗਾਂ ਦਾ

ਸਰ੍ਹੋਂ ਦੇ ਪੀਲੇ ਫੁੱਲਾਂ ਦਾ

ਕੁਝ ਹੱਸਦੇ ਸੰਗਦੇ ਬੁੱਲ੍ਹਾਂ ਦਾ

ਇਹ ਗੀਤ ਸੁਨੇਹਾ ਦੇ ਜਾਂਦੇ

 

ਯਾਰਾਂ ਨਾਲ ਗੁਜ਼ਰੇ ਸਮਿਆਂ ਦਾ

ਪਿਆਰਾਂ ਤੋਂ ਵਿਛੜੇ ਵਖਤਾਂ ਦਾ

ਬੋਹੜਾਂ ਪਿੱਪਲਾਂ ਦੀਆਂ ਛਾਂਵਾਂ ਦਾ

ਉਡੀਕ ਕਰਦੀਆਂ ਮਾਂਵਾਂ ਦਾ

ਇਹ ਗੀਤ ਸੁਨੇਹਾ ਦੇ ਜਾਂਦੇ

 

ਖੁਸ਼ੀ ਗ਼ਮੀ ਦੀਆਂ ਬਾਤਾਂ ਦਾ

ਦਿਲ ਦੇ ਸਭ ਜਜ਼ਬਾਤਾਂ ਦਾ

ਦਿਨ ਦੀ ਹਰ ਇਕ ਰੌਣਕ ਦਾ

ਤੇ ਸੁੰਨੀਆਂ ਸੁੰਨੀਆਂ ਰਾਤਾਂ ਦਾ

ਇਹ ਗੀਤ ਸੁਨੇਹਾ ਦੇ ਜਾਂਦੇ

 

ਕਿਸੇ ਰੁਤਬੇ ਬਣੀਆਂ ਟੌਹਰਾਂ ਦਾ

ਕੁਝ ਤੰਗ ਤੰਗ ਹਾਲਾਤਾਂ ਦਾ

ਕੁਝ ਸਰੇ ਆਮ ਮੁਲਾਕਾਤਾਂ ਦਾ

ਕਿਤੇ ਡਰੀਆਂ ਡਰੀਆਂ ਝਾਤਾਂ ਦਾ

ਇਹ ਗੀਤ ਸੁਨੇਹਾ ਦੇ ਜਾਂਦੇ

ਸਜੀਆਂ ਸਭੇ ਸਬਾਤਾਂ ਦਾ

ਸਜਦਿਆਂ ਦੀਆਂ ਪ੍ਰਭਾਤਾਂ ਦਾ

ਰੂਹ ਦੇ ਸਭ ਜਜ਼ਬਾਤਾਂ ਦਾ

‘ਮਨਿੰਦਰ’ ਦੇ ਖਿਆਲਾਤਾਂ ਦਾ

ਇਹ ਗੀਤ ਸੁਨੇਹਾ ਦੇ ਜਾਂਦੇ

 

ਮਨਿੰਦਰ ਕੌਰ (ਯੂ.ਕੇ.)