ਹੱਸਣ ਬਾਰੇ ਕੁੱਝ ਤੱਥ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਅਸੀਂ ਸਾਰੇ ਹੱਸਣਾ ਭੁੱਲ ਚੁੱਕੇ ਹਾਂ। ਉੱਚੀ ਹੱਸਣ ਵਾਲਾ ਉਜੱਡ ਮੰਨਿਆ ਜਾਂਦਾ ਹੈ। ਹੱਸਣਾ ਤਾਂ ਪਰ੍ਹੇ ਦੀ ਗੱਲ ਹੈ, ਹੁਣ ਤਾਂ ਮੁਸਕੁਰਾਉਣਾ ਵੀ ਵੇਖ ਕੇ ਪੈਂਦਾ ਹੈ ਕਿ ਕਿਸ ਥਾਂ ਉੱਤੇ ਮੁਸਕਾਨ ਦਾ ਕੀ ਅਸਰ ਪੈ ਜਾਣਾ ਹੈ ਤੇ ਉਸ ਮੁਸਕਾਨ ਦੇ ਕੀ ਮਾਇਨੇ ਕੱਢੇ ਜਾਣਗੇ!
ਸਾਇੰਸ ਦੀ ਤਰੱਕੀ ਨੇ ਹਾਸੇ ਦੇ ਦਿਮਾਗ਼ ਉੱਤੇ ਪਏ ਅਸਰਾਂ ਨੂੰ ਲੱਭਣ ਵਿਚ ਮਦਦ ਕਰ ਕੇ ਇਨਸਾਨਾਂ ਦੀ ਉਮਰ ਲੰਮੀ ਕਰਨ ਦਾ ਢੰਗ ਲੱਭ ਦਿੱਤਾ ਹੈ।
ਦਿਮਾਗ਼ ਵਿਚਲਾ ਬਰੇਨ ਸਟੈੱਮ ਹਿੱਸਾ ਸਾਡੇ ਹਾਸੇ ਦੀਆਂ ਵਾਗਾਂ ਬੰਨ੍ਹ ਕੇ ਰੱਖਦਾ ਹੈ। ਜਦੋਂ ਕਿਸੇ ਮਰੀਜ਼ ਦਾ ਸਟਰੋਕ ਨਾਲ ਇਸ ਹਿੱਸੇ ਵਿਚ ਰਤਾ ਕੁ ਨੁਕਸਾਲ ਹੋ ਜਾਏ ਤਾਂ ਕਈ ਮਰੀਜ਼ ਘੰਟਿਆਂ ਬੱਧੀ ਹੱਸਦੇ ਵੇਖੇ ਗਏ ਹਨ। ਕੁੱਝ ਨਿੱਕੇ ਬੱਚੇ ਜਿਨ੍ਹਾਂ ਦਾ ਜਮਾਂਦਰੂ ਦਿਮਾਗ਼ ਬਹੁਤ ਛੋਟਾ ਹੋਵੇ ਜਾਂ ਅੱਧਾ ਦਿਮਾਗ਼ ਬਣਿਆ ਨਾ ਹੋਵੇ, ਉਹ ਵੀ ਬਹੁਤ ਹੱਸਦੇ ਵੇਖੇ ਗਏ ਹਨ।
ਪੂਰੇ ਦਿਮਾਗ਼ ਨਾਲ ਜੰਮੇ ਨਿੱਕੇ ਬੱਚੇ ਜਿਨ੍ਹਾਂ ਨੂੰ ਹਾਲੇ ਚੰਗੇ ਮਾੜੇ ਦੀ ਸਮਝ ਨਹੀਂ ਹੁੰਦੀ, ਉਹ ਵੀ ਕਿਸੇ ਨੂੰ ਹਲਕਾ ਮੁਸਕਰਾਉਂਦੇ ਹੋਏ ਵੇਖ ਕੇ ਖਿੜਖਿੜਾ ਕੇ ਹੱਸ ਪੈਂਦੇ ਹਨ। ਜੇ ਕਿਤੇ ਕੁਤਕੁਤਾੜੀ ਕਰ ਦਿੱਤੀ ਜਾਵੇ, ਫੇਰ ਤਾਂ ਪੁੱਛੋ ਹੀ ਨਾ!
ਇਹ ਸਪਸ਼ਟ ਹੋ ਗਿਆ ਕਿ ਹੱਸਣਾ ਤਾਂ ਕੁਦਰਤ ਨੇ ਹਰ ਇਨਸਾਨੀ ਦਿਮਾਗ਼ ਵਿਚ ਪੱਕੀ ਤੌਰ ਉੱਤੇ ਫਿਟ ਕਰ ਕੇ ਭੇਜਿਆ ਹੁੰਦਾ ਹੈ।
ਹੁਣ ਰਤਾ ਵੱਡੇ ਬੰਦੇ ਵੱਲ ਝਾਕੀਏ ਜਿਸ ਨੂੰ ਫਰੇਬ ਕਰਨਾ ਆਉਂਦਾ ਹੈ। ਉਸ ਨੂੰ ਚੰਗੇ ਮਾੜੀ ਦੀ ਸਮਝ ਹੈ। ਉਹ ਕਿਸੇ ਦਾ ਬੁਰਾ ਲੋਚ ਸਕਦਾ ਹੈ ਤੇ ਉਸ ਅੰਦਰ ਹਉਮੈ ਭਰੀ ਪਈ ਹੁੰਦੀ ਹੈ। ਅਜਿਹਾ ਬੰਦਾ ਵੀ ਬਹੁਤ ਮਜ਼ਾਕੀਆ ਗੱਲ ਉੱਤੇ ਬਦੋਬਦੀ ਕੁੱਝ ਪਲਾਂ ਲਈ ਹੱਸ ਪੈਂਦਾ ਹੈ।
ਇਕ ਖੋਜ ਵਿਚ ਦਿਮਾਗ਼ ਵਿਚਲੀਆਂ ਤਰੰਗਾਂ ਮਾਪਣ ਬਾਅਦ ਪਤਾ ਲੱਗਿਆ ਕਿ ਬਿਜਲੀ ਨਾਲੋਂ ਵੀ ਤੇਜ਼ ਤਰੰਗਾਂ ਦਿਮਾਗ਼ ਦੇ ਕੌਰਟੈਕਸ ਹਿੱਸੇ ਵਲ ਜਾਣ ਬਾਅਦ ਹੀ ਕਿਸੇ ਬਹੁਤ ਹਾਸੋਹੀਣੀ ਗੱਲ ਉੱਤੇ ਬੰਦਾ ਖਿੜਖਿੜਾ ਕੇ ਹੱਸ ਪੈਂਦਾ ਹੈ। ਪੀਟਰ ਡਰਕਸ, ਜੋ ਵਿਲੀਅਮ ਐਂਡ ਮੈਰੀ ਕਾਲਜ ਵਿਚ ਸਾਈਕੌਲੋਜੀ ਦਾ ਪ੍ਰੋਫੈੱਸਰ ਹੈ, ਉਸ ਨੇ ਕਈ ਜਣਿਆਂ ਨੂੰ ਮਜ਼ੇਦਾਰ ਚੁਟਕੁਲੇ ਸੁਣਾਏ ਤੇ ਵੇਖਿਆ ਕਿ ਚੁਟਕੁਲੇ ਦੀ ਆਖਰੀ ਹੱਸਣ ਵਾਲੀ ਲਾਈਨ ਸੁਣਨ ਦੇ ਇਕ ਸਕਿੰਟ ਦੇ ਦੱਸਵੇਂ ਹਿੱਸੇ ਵਿਚ ਹੀ ਪੂਰੇ ਸੈਰੇਬਰਲ ਕੌਰਟੈਕਸ ਵਿਚ ਤਰੰਗ ਫਿਰ ਜਾਂਦੀ ਹੈ। ਇਸੇ ਦੌਰਾਨ ਦਿਮਾਗ਼ ਦਾ ਖੱਬਾ ਪਾਸਾ ਚੁਟਕੁਲੇ ਵਿਚਲੀ ਪੂਰੀ ਗੱਲਬਾਤ ਸਮੇਟਦਾ ਹੈ ਤੇ ਸੱਜਾ ਪਾਸਾ ਉਸ ਵਿਚਲੇ ਹਾਸੇ ਦੇ ਨੁਕਤੇ ਦਾ ਨਿਚੋੜ ਕੱਢ ਕੇ ਫੈਸਲਾ ਲੈਂਦਾ ਹੈ ਕਿ ਗੱਲ ਹੱਸਣਯੋਗ ਹੈ ਜਾਂ ਨਹੀਂ।
ਇਸ ਤੋਂ ਬਾਅਦ ਪੂਰੇ ਦਿਮਾਗ਼ ਦੇ ਕੋਨੇ ਤੋਂ ਕੋਨੇ ਤਕ ਘੁੰਮ ਕੇ ਵਾਪਸ ਆਈਆ ਤਰੰਗਾਂ ਇਕ ਸਕਿੰਟ ਤੋਂ ਵੀ ਘੱਟ ਸਮੇਂ ਵਿਚ ਇਹ ਫੈਸਲਾ ਦੇ ਦਿੰਦੀਆਂ ਹਨ ਕਿ ਹਲਕਾ ਮੁਸਕਰਾਉਣਾ ਹੈ ਜਾਂ ਖਿੜਖਿੜਾ ਕੇ ਹੱਸਣਾ ਹੈ।
ਜੇ ਸੁਣੇਹਾ ਖਿੜਖਿੜਾ ਕੇ ਹੱਸਣ ਵਾਲਾ ਨਹੀਂ ਪਹੁੰਚਿਆ ਤੇ ਪੂਰਾ ਖੁੱਲ ਕੇ ਹੱਸੇ ਵੀ ਨਹੀਂ, ਪਰ ਆਲੇ ਦੁਆਲੇ ਸਾਰੇ ਜਣੇ ਇਕ ਦੂਜੇ ਨੂੰ ਵੇਖ ਕੇ ਹੱਸ ਹੱਸ ਕੇ ਲੋਟਪੋਟ ਹੋ ਰਹੇ ਹੋਣ ਤਾਂ ਦਿਮਾਗ਼ ਵਿਚ ਪਹਿਲਾਂ ਹੀ ਤੇਜ਼ੀ ਨਾਲ ਫਿਰ ਚੁੱਕੀਆਂ ਤਰੰਗਾਂ ਜਿਨ੍ਹਾਂ ਨੇ ਦਿਮਾਗ਼ ਰਵਾਂ ਕਰ ਦਿੱਤਾ ਹੁੰਦਾ ਹੈ, ਦੁਬਾਰਾ ਇਹ ਟੁਣਕਦੇ ਹਾਸੇ ਦੀਆਂ ਢੇਰ ਸਾਰੀਆਂ ਤਰੰਗਾਂ ਫੜ ਕੇ ਲਾਗ ਦੀ ਬੀਮਾਰੀ ਵਾਂਗ ਬਦੋਬਦੀ ਖਿੜਖਿੜਾ ਦੇ ਹੱਸਣ ਉੱਤੇ ਮਜਬੂਰ ਕਰ ਦਿੰਦੀਆਂ ਹਨ।
ਪੂਰੇ ਦਿਮਾਗ਼ ਦੀ ਹਿਲਜੁਲ ਹੋ ਜਾਣ ਉੱਤੇ ਨਾ ਸਿਰਫ਼ ਸਾਰਾ ਕੌਰਟੈਕਸ ਹਿੱਸਾ ਤੇ ਉਸ ਵਿਚਲੇ ਜੋੜ ਹੀ ਰਵਾਂ ਹੋ ਜਾਂਦੇ ਹਨ, ਇਕਦਮ ਹਾਰਮੋਨਾਂ ਦਾ ਫੁਆਰਾ ਛੁਟ ਜਾਣ ਉੱਤੇ ਚੜ੍ਹਦੀਕਲਾ ਦਾ ਇਹਸਾਸ, ਮੂਡ ਠੀਕ ਹੋਣਾ, ਢਹਿੰਦੀ ਕਲਾ ਕਾਫੂਰ ਹੋਣਾ, ਫੇਫੜਿਆਂ ਦੀ ਤਗੜੀ ਕਸਰਤ, ਸਰੀਰ ਦੇ ਸਾਰੇ ਪੱਠਿਆਂ ਵੱਲ ਲਹੂ ਦਾ ਦਬਾਓ ਵੱਧ ਜਾਣਾ, ਦਿਲ ਦੇ ਪੱਠਿਆਂ ਦੀ ਕਸਰਤ, ਦਿਮਾਗ਼ ਵੱਲ ਲਹੂ ਦਾ ਵੱਧ ਜਾਣਾ, ਆਦਿ ਕੁੱਝ ਸਕਿੰਟਾਂ ਤੋਂ ਮਿੰਟਾਂ ਵਿਚ ਹੀ ਹੋ ਜਾਂਦਾ ਹੈ। ਪਰ, ਇਹ ਅਸਰ ਕੁੱਝ ਘੰਟਿਆਂ ਤਕ ਵੀ ਰਹਿ ਜਾਂਦਾ ਹੈ।
ਅਜਿਹੇ ਮੌਕੇ ਮਾੜੀ ਖ਼ਬਰ ਸੁਣਾਏ ਜਾਣ ਉੱਤੇ ਵੀ ਸਰੀਰ ਤੇ ਦਿਮਾਗ਼ ਓਨੇ ਮਾੜੇ ਅਸਰਾਂ ਹੇਠ ਨਹੀਂ ਜਾਂਦੇ ਜਿੰਨਾ ਆਮ ਬੈਠਿਆਂ ਉੱਤੇ ਮਹਿਸੂਸ ਹੁੰਦਾ ਹੈ।
ਵਾਟਰਲੂ ਯੂਨੀਵਰਸਿਟੀ ਦੇ ਪ੍ਰੋ. ਰੌਡ ਮਾਰਟਿਨ (ਸਾਈਕੋਲੋਜਿਸਟ) ਨੇ ਪੈਨੀਸਿਲਵੇਨੀਆ ਯੂਨੀਵਰਸਿਟੀ ਨਾਲ ਰਲ ਕੇ ਜੋ ਖੋਜ ਕਾਰਜ ਕੀਤਾ, ਉਸ ਦੇ ਸਿੱਟੇ ਹਨ :-
1.    ਜ਼ਿਆਦਾ ਹੱਸਣ ਵਾਲੇ ਦੁਖ ਸੌਖਾ ਜਰ ਜਾਂਦੇ ਹਨ। ਇਹ ਨਹੀਂ ਹੈ ਕਿ ਉਨ੍ਹਾਂ ਨੂੰ ਦੁੱਖ ਹੁੰਦਾ ਨਹੀਂ ਜਾਂ ਉਨ੍ਹਾਂ ਉੱਤੇ ਮਾੜਾ ਸਮਾਂ ਆਉਂਦਾ ਨਹੀਂ, ਪਰ ਇਹ ਲੋਕ ਛੇਤੀ ਢਹਿੰਦੀ ਕਲਾ ਵਿਚ ਨਹੀਂ ਜਾਂਦੇ।
2.    ਜਿੰਨੇ ਬਜ਼ੁਰਗ ਢਹਿੰਦੀ ਕਲਾ ਵਿਚ ਜਾ ਕੇ ਖ਼ੁਦਕੁਸ਼ੀ ਕਰਨ ਦਾ ਵਿਚਾਰ ਪਾਲ ਕੇ ਬੈਠੇ ਸਨ, ਉਨ੍ਹਾਂ ਨੂੰ ਰੋਜ਼ ਦਿਨ ਵਿਚ ਇਕ ਵਾਰ ਹਾਸੇ ਦਾ ਪ੍ਰੋਗਰਾਮ ਵਿਖਾਏ ਜਾਣ ਬਾਅਦ ਉਨ੍ਹਾਂ ਦੀ ਢਹਿੰਦੀ ਕਲਾ ਕਾਫ਼ੂਰ ਹੋਈ ਲੱਭੀ।
    ਨਿਊਯਾਰਕ ਦੇ ਐਲਬਰਟ ਆਈਨਸਟੀਨ ਮੈਡੀਕਲ ਸੈਂਟਰ ਦੇ ਜੋਜ਼ਫ ਰਿਚਮੈਨ ਨੇ ਵੀ ਸਾਬਤ ਕੀਤਾ ਕਿ ਨਾ ਸਿਰਫ਼ ਬਜ਼ੁਰਗਾਂ ਵਿਚ, ਬਲਕਿ ਨੌਜਵਾਨਾਂ (18-45 ਸਾਲ ਤਕ) ਵਿਚ ਵੀ ਇਹੋ ਜਿਹੇ ਹੀ ਲੱਛਣ ਮਿਲੇ।
3.    ਹੱਸਣ ਨਾਲ ਦਿਲ ਦੀ ਧੜਕਨ ਘੱਟ ਜਾਂਦੀ ਹੈ ਤੇ ਐਂਡੋਰਫਿਨ ਨਿਕਲ ਪੈਂਦੇ ਹਨ ਜੋ ਪੀੜ ਮਹਿਸੂਸ ਨਹੀਂ ਹੋਣ ਦਿੰਦੇ ਤੇ ਤਿੱਖੀ ਪੀੜ ਵੀ ਘੱਟ ਲੱਗਣ ਲੱਗ ਪੈਂਦੀ ਹੈ।
4.    ਕੁੱਝ ਦੇਰ ਹੱਸਣ ਨਾਲ ਕਿਸੇ ਦੇ ਨਾਲ ਹੋਣ ਦਾ ਇਹਸਾਸ ਜਾਗਦਾ ਹੈ ਤੇ ਇਕੱਲਾਪਨ ਘੱਟ ਮਹਿਸੂਸ ਹੁੰਦਾ ਹੈ। ਆਪਣਾਪਨ, ਸੰਬੰਧਿਤ ਹੋਣਾ, ਆਦਿ ਵਰਗੇ ਵਿਚਾਰ ਚੜ੍ਹਦੀਕਲਾ ਦਾ ਇਹਸਾਸ ਜਗਾਉਂਦੇ ਹਨ।
5.    ਜਿਵੇਂ ਕੱਸੇ ਹੋਏ ਤੇ ਜੰਗਾਲ ਖਾਧੇ ਪੇਚ ਘੁਮਾਉਣੇ ਔਖੇ ਹੁੰਦੇ ਹਨ ਪਰ ਤੇਲ ਲਾ ਕੇ ਨਰਮ ਕਰਨ ਉੱਤੇ ਸੌਖੇ ਖੁੱਲ ਜਾਂਦੇ ਹਨ, ਉਸੇ ਤਰ੍ਹਾਂ ਦਿਮਾਗ਼ ਵਿਚਲੀਆਂ ਕੱਸੀਆਂ ਹੋਈਆਂ ਨਸਾਂ ਤੇ ਤਣਾਓ ਨਾਲ ਨਪੀੜੇ ਜੋੜ ਹਾਸੇ ਦੇ ਟੁਣਕਾਰੇ ਨਾਲ ਨਰਮ ਪੈ ਜਾਂਦੇ ਹਨ ਤੇ ਮਾੜੇ ਵਿਚਾਰ ਛੰਡੇ ਜਾਂਦੇ ਹਨ। ਇਹ ਵੇਖਣ ਵਿਚ ਆਇਆ ਕਿ ਕਤਲ ਤੱਕ ਕਰਨ ਦਾ ਵਿਚਾਰ ਲੈ ਕੇ ਤੁਰੇ ਬੰਦੇ ਦਾ ਮਨ ਵੀ ਅੱਧਾ ਘੰਟਾ ਖੁੱਲ ਕੇ ਹੱਸਣ ਬਾਅਦ ਬਦਲ ਗਿਆ ਤੇ ਮਾੜੇ ਵਿਚਾਰ ਛੰਡੇ ਗਏ।
6.    ਹੱਸਦੇ ਰਹਿੰਦੇ ਬੰਦੇ ਦਾ ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਆ ਬਣ ਜਾਂਦਾ ਹੈ।
7.    ਸਟੈਨਫੋਰਡ ਯੂਨੀਵਰਸਿਟੀ ਨੇ ਅਨੇਕ ਜੋੜਿਆਂ ਦਾ ਅਧਿਐਨ ਕਰ ਕੇ ਲੱਭਿਆ ਕਿ ਜਿਹੜੇ ਜਣੇ ਰੋਜ਼ ਦਿਨ ਵਿਚ ਘੱਟੋ ਘਟ ਦੋ ਵਾਰ ਇਕੱਠੇ ਬਹਿ ਕੇ ਖਿੜਖਿੜਾ ਕੇ ਹੱਸਦੇ ਹੋਣ, ਉਨ੍ਹਾਂ ਦੇ ਸੰਬੰਧ ਗੂੜ੍ਹੇ ਹੁੰਦੇ ਹਨ ਤੇ ਤਲਾਕ ਵੀ ਬਹੁਤ ਘੱਟ ਹੁੰਦੇ ਹਨ।
8.    ਇਹ ਵੇਖਣ ਵਿਚ ਆਇਆ ਕਿ ਜਿਹੜੇ ਜਣੇ ਆਪਣੇ ਮਰਨ ਬਾਅਦ ਅੰਗ ਦਾਨ ਦੇ ਫਾਰਮ ਭਰਨ ਲਈ ਅੱਗੇ ਆਉਂਦੇ ਹਨ, ਉਨ੍ਹਾਂ ਵਿੱਚੋਂ ਬਹੁਗਿਣਤੀ ਦਿਨ ਵਿਚ ਇਕ ਜਾਂ ਵੱਧ ਵਾਰ ਹੱਸਦੇ ਰਹਿੰਦੇ ਸਨ। ਏਸੇ ਲਈ ਮੌਤ ਦਾ ਭੈਅ ਉਨ੍ਹਾਂ ਦੇ ਮਨਾਂ ਵਿੱਚੋਂ ਘੱਟ ਹੋ ਚੁੱਕਿਆ ਸੀ।
9.    ਹੱਸਦੇ ਰਹਿਣ ਵਾਲਿਆਂ ਨੂੰ ਘੱਟ ਰੋਗ ਜਕੜਦੇ ਹਨ। ਜੇ ਰੋਗ ਹੋਣ ਵੀ, ਤਾਂ ਉਨ੍ਹਾਂ ਦੀ ਚੜ੍ਹਦੀਕਲਾ ਸਦਕਾ ਰੋਗ ਬਹੁਤ ਡੂੰਘੀ ਪਕੜ ਕਰ ਹੀ ਨਹੀਂ ਸਕਦਾ।
10.    ਹੱਸਣ ਨਾਲ 'ਟੀ ਲਿੰਫੋਸਾਈਟ' ਤੇ ਸਰੀਰ ਵਿਚਲੇ ਬੀਮਾਰੀ ਨਾਲ ਲੜਨ ਵਾਲੇ ਸੈੱਲ ਵੱਧ ਜਾਂਦੇ ਹਨ ਜੋ ਆਮ ਖੰਘ ਜ਼ੁਕਾਮ ਛੇਤੀ ਹੋਣ ਨਹੀਂ ਦਿੰਦੇ।
11.    ਹੱਸਣ ਨਾਲ 'ਗਾਮਾ ਇੰਟਰਫਿਰੋਨ' ਵੱਧ ਜਾਂਦੇ ਹਨ ਜੋ ਸਰੀਰ ਅੰਦਰ ਕੀਟਾਣੂਆਂ ਨੂੰ ਮਾਰਨ ਵਿਚ ਮਦਦ ਕਰਦੇ ਹਨ।
12.    ਕੋਰਟੀਸੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ ਜਿਸ ਨਾਲ ਤਣਾਓ ਘੱਟ ਹੋ ਜਾਂਦਾ ਹੈ।
13.    ਥੁੱਕ ਵਿਚ 'ਇਮਿਊਨੋਗਲੋਬੂਲਿਨ ਏ' ਵਧ ਜਾਂਦਾ ਹੈ ਜਿਸ ਨਾਲ ਛਾਤੀ ਵਿਚ ਕੀਟਾਣੂਆਂ ਦਾ ਹਮਲਾ ਘੱਟ ਹੋ ਜਾਂਦਾ ਹੈ।
14.    ਕੁੱਝ ਉੱਤੇ ਘੱਟ ਤੇ ਕੁੱਝ ਜਣਿਆਂ ਉੱਤੇ ਹਾਸੇ ਦੇ ਅਸਰ ਵੱਧ ਦਿਸਦੇ ਹਨ।
15.    ਪੁਰਾਣੀ ਖੋਜ ਜੋ 1528 ਗਿਆਰਾਂ ਸਾਲ ਦੇ ਬੱਚਿਆਂ ਉੱਤੇ ਸੰਨ 1921 ਵਿਚ ਕੀਤੀ ਗਈ ਸੀ, ਉਸ ਦਾ ਸਾਰ ਵੀ ਇਹੋ ਸੀ ਕਿ ਹਸਮੁਖ ਬੱਚਿਆਂ ਨੂੰ ਘੱਟ ਬੀਮਾਰੀਆਂ ਲੱਗੀਆਂ ਤੇ ਲੰਮੇ ਸਮੇਂ ਤਕ ਫੋਲੋਅਪ ਕਰਨ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਉਮਰ ਵੀ ਲੰਮੀ ਭੋਗੀ।
    ਜਿੱਥੇ ਨਿੱਕੇ ਬੱਚੇ ਦਿਨ ਵਿਚ 300 ਵਾਰ ਖੁੱਲ ਕੇ ਹੱਸ ਜਾਂ ਮੁਸਕੁਰਾ ਲੈਂਦੇ ਹਨ, ਉੱਥੇ ਵੱਡੇ ਵੱਧੋ ਵੱਧ 17 ਵਾਰ ਹੀ ਮੁਸਕਰਾਉਂਦੇ ਜਾਂ ਹੱਸਦੇ ਹਨ। ਇਨ੍ਹਾਂ ਵੱਡਿਆਂ ਵਿੱਚੋਂ ਬਥੇਰੇ ਸਿਰਫ਼ ਕੰਮਾਂ ਦੇ ਬੋਝ ਹੇਠਾਂ ਦੱਬੇ ਬਿਨਾਂ ਮੁਸਕੁਰਾਇਆਂ, ਕਿਸਮਤ ਨੂੰ ਕੋਸਦਿਆਂ ਹੀ ਦਮ ਤੋੜ ਦਿੰਦੇ ਹਨ।
    ਹਾਸੇ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣ ਲਈ ਸੁਝਾਏ ਨੁਕਤੇ :-

1.    ਹਾਸੇ ਦੀ ਲਾਇਬਰੇਰੀ :-ਘਰ ਵਿਚ ਤੇ ਦਫਤਰ ਵਿਚ ਜਾਂ ਕੰਮ ਕਾਰ ਵਾਲੀ ਥਾਂ ਉੱਤੇ ਇਕ ਕੋਨੇ ਵਿਚ ਚੁਟਕੁਲਿਆਂ ਦੀਆਂ ਕਿਤਾਬਾਂ ਜਾਂ ਹਸਾਉਣ ਵਾਲੀਆਂ ਵੀਡੀਓ, ਮੈਗਜ਼ੀਨ ਆਦਿ ਰੱਖ ਲੈਣੇ ਚਾਹੀਦੇ ਹਨ।
2.    ਹਾਸੇ ਦੀ ਪਰੋਫਾਈਲ :- ਰੋਜ਼ ਦਾ ਇਕ ਚਾਰਟ ਬਣਾ ਕੇ ਉਸ ਉੱਤੇ ਸੌਣ ਤੋਂ ਪਹਿਲਾਂ ਨਿਸ਼ਾਨੀ ਲਾਓ ਕਿ ਦਿਨ ਵਿਚ ਕਿੰਨੀ ਵਾਰ ਖੁੱਲ ਕੇ ਹੱਸੇ!
3.    ਮੁਸਕਾਨ ਦਾ ਚਾਰਟ :- ਇਕ ਹਫ਼ਤਾ ਰੈਗੂਲਰ ਨੋਟ ਕਰਨ ਦੀ ਲੋੜ ਹੈ ਕਿ ਅਸੀਂ ਮੁਸਕੁਰਾ ਵੀ ਰਹੇ ਹਾਂ ਜਾਂ ਨਹੀਂ।
4.    ਹੱਸਣ ਵਾਲੇ ਕਲੱਬ :- ਇਸ ਵਿਚ ਹਫ਼ਤੇ ਵਿਚ ਇਕ ਵਾਰ ਰਲ ਕੇ ਹੱਸਣਾ (ਦਿਖਾਵਾ ਨਹੀਂ) ਵੀ ਚੰਗੀ ਕਸਰਤ ਹੈ।
ਸਾਰ :-
    ਮਾਰਟਿਨ ਲੂਥਰ ਨੇ ਕਿਹਾ ਸੀ ਕਿ ਜੇ ਸਵਰਗ ਵਿਚ ਹੱਸਣ ਦੀ ਆਗਿਆ ਨਹੀਂ ਹੈ ਤਾਂ ਮੈਂ ਸਵਰਗ ਜਾਣਾ ਹੀ ਨਹੀਂ ਚਾਹੁੰਦਾ।
    ਜਿਵੇਂ ਬੂਟਿਆਂ ਲਈ ਧੁੱਪ ਦੀ ਲੋੜ ਹੈ, ਉਂਜ ਹੀ ਮਨੁੱਖ ਲਈ ਹਾਸਾ ਜ਼ਰੂਰੀ ਟਾਨਿਕ ਵਾਂਗ ਹੈ। ਅਬਰਾਹਮ ਲਿੰਕਨ ਨੇ ਵੀ ਕਿਹਾ ਸੀ ਕਿ ਜੇ ਮੇਰੀ ਜ਼ਿੰਦਗੀ ਵਿਚ ਹਾਸਾ ਨਾ ਹੋਵੇ ਤਾਂ ਮੇਰੀਆਂ ਚਿੰਤਾਵਾਂ ਮੈਨੂੰ ਹੁਣੇ ਚਿਤਾ ਉੱਤੇ ਲਿਟਾ ਦੇਣਗੀਆਂ।
    ਚਾਰਲੀ ਚੈਪਲਿਨ, ਜੋ ਦੂਜਿਆਂ ਨੂੰ ਹਸਾਉਣ ਵਿਚ ਮਾਹਿਰ ਸੀ, ਨੇ ਵੀ ਕਿਹਾ ਕਿ ਹਸਾਉਣ ਵਾਲੇ ਆਪਣੇ ਅੰਦਰਲੀ ਪੀੜ ਨੂੰ ਬਾਖ਼ੂਬੀ ਲੁਕਾਉਣਾ ਜਾਣਦੇ ਹਨ। ਪਰ, ਹਕੀਕਤ ਇਹ ਹੈ ਕਿ ਜੇ ਨਾ ਹੱਸਣ ਤਾਂ ਅਜਿਹੇ ਮਨੁੱਖ ਆਪਣੇ ਮਨ ਅੰਦਰਲੀ ਦੁੱਖਾਂ ਦੀ ਦਲਦਲ ਵਿਚ ਹੀ ਧਸ ਜਾਣਗੇ।
    ਏਸੇ ਲਈ ਲੰਮੀ ਉਮਰ ਭੋਗਣ ਲਈ, ਬੀਮਾਰੀਆਂ ਤੋਂ ਬਚਣ ਲਈ ਤੇ ਚੁੰਬਕੀ ਸ਼ਖਸੀਅਤ ਬਣਨ ਲਈ, ਰੋਜ਼ ਦਾ 10 ਵਾਰ ਮੁਸਕੁਰਾਉਣਾ ਤੇ 7 ਵਾਰ ਖੁੱਲ ਕੇ ਹੱਸਣਾ ਨਾ ਭੁੱਲਿਓ! ਜੇ ਵੱਧ ਵਾਰ ਕਰ ਰਹੇ ਹੋ ਤਾਂ ਤੁਹਾਡੇ ਤੋਂ ਅਮੀਰ ਤੇ ਖ਼ੁਸ਼ਕਿਸਮਤ ਕੋਈ ਨਹੀਂ। ਤੁਸੀਂ ਦੁਨੀਆ ਦੇ ਚੋਟੀ ਦੇ 2 ਫੀਸਦੀ ਹਸਮੁੱਖ ਲੋਕਾਂ ਵਿਚ ਸ਼ਾਮਲ ਹੋ ਚੁੱਕੇ ਹੋ! ਮੁਬਾਰਕ ਹੋਵੇ!
 
ਡਾ. ਹਰਸ਼ਿੰਦਰ ਕੌਰ, ਐਮ. ਡੀ.,
 ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
 ਪਟਿਆਲਾ। ਫੋਨ ਨੰ: 0175-2216783