ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਦੀ ਬਰਸੀ ਤੇ 24 ਮਈ ਲਈ ਵਿਸ਼ੇਸ਼ - ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਪੰਜਾਹਵਿਆਂ ਵਾਲੇ ਦਹਾਕੇ ਦੌਰਾਨ ਪੰਜਾਬ ਵਿਚ ਫਿਰਕੂ ਖਿੱਚੋਤਾਣ ਪੈਦਾ ਕਰਨ ਵਾਸਤੇ ਗੁਰਦੁਆਰਾ ਸਾਹਿਬਾਨ ਦੇ ਸਰੋਵਰਾਂ ਵਿਚ ਸਿਗਰਟਾਂ ਦੀਆ ਡੱਬੀਆ ਸੁੱਟਣ ਦੇ ਨਾਲ਼ ਨਾਲ਼ ਗੁਰਬਾਣੀ ਦੇ ਗੁਟਕੇ ਪਾੜ ਕੇ ਖਿਲਾਰਨ ਦੀਆਂ ਦੁਰਘਟਨਾਵਾਂ ਵਾਪਰਦੀਆਂ ਸਨ। ਉਸ ਸਮੇ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ ਦਾ ਇਕ ਜਥਾ ਕਾਇਮ ਕੀਤਾ ਸੀ। ਹੋਰ ਤੇ ਕੁਝ ਉਸ ਬਾਰੇ ਯਾਦ ਨਹੀਂ ਪਰ ਇਕ ਸ਼ਖ਼ਸੀਅਤ ਦੀ ਤਸਵੀਰ ਮੇਰੀ ਯਾਦ ਵਿਚ ਅਜੇ ਤੱਕ ਅਟਕੀ ਹੋਈ ਹੈ। ਉਸ ਤਸਵੀਰ ਵਿਚਲੇ ਇਸ ਸਿੰਘ ਬਾਰੇ ਸੱਠਵਿਆਂ ਵਾਲੇ ਦਹਾਕੇ ਦੌਰਾਨ, ਆਪਣੇ ਚਾਚਾ ਜੀ ਦੇ ਮਿੱਤਰ ਭਾਈ ਜਸਵੰਤ ਸਿੰਘ ਤ੍ਰਿਸਿੱਕਾ ਜੀ ਤੋਂ ਪਤਾ ਲੱਗਾ ਕਿ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਖਜਾਨ ਸਿੰਘ ਮੀਰਾਂਕੋਟ ਹਨ। ਤ੍ਰਿਸਿੱਕਾ ਜੀ ਰਾਹੀਂ ਮੇਰੇ ਨਾਲ਼ ਵੀ ਜਥੇਦਾਰ ਜੀ ਦੀ ਸਾਂਝ ਬਣ ਗਈ।
ਇਕ ਦਿਲਚਸਪ ਘਟਨਾ ਮੇਰੇ ਸਾਹਮਣੇ ਵਪਰੀ ਮੈਂ ਵੇਖੀ ਜੋ ਕਿ ਅੱਜ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰਦੀ ਮਹਿਸੂਸ ਹੋ ਰਹੀ ਹੈ। ਇਸ ਦਾ ਜ਼ਿਕਰ ਵੀ ਮੈਂ ਆਪਣੇ ਕਿਸੇ ਲੇਖ ਵਿਚ ਕਰ ਚੁੱਕਿਆ ਹਾਂ। ਘਟਨਾ ਇਹ ਸੀ ਕਿ ਦੁਪਹਿਰੇ ਆਪਣੇ ਘਰੋਂ ਰੋਟੀ ਖਾ ਕੇ ਮੈਂ ਗੁਰਦੁਆਰਾ ਬਾਬਾ ਅਟੱਲ ਰਾਇ ਜੀ ਵਾਲੇ ਪਾਸਿਉਂ ਕਮੇਟੀ ਦੇ ਦਫ਼ਤਰ ਨੂੰ ਜਾ ਰਿਹਾ ਸਾਂ ਕਿ ਕੁਝ ਸਿੱਖ ਇਕ ਸਿੱਖ ਨੌਜਵਾਨ ਨੂੰ ਸਰਕਾਰੀ ਜਾਸੂਸ ਸਮਝ ਕੇ ਕੁੱਟਦੇ ਅੰਦਰ ਲਿਆ ਰਹੇ ਸਨ। ਜਥੇਦਾਰ ਖਜਾਨ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੀ ਗੈਲਰੀ ਵਿਚ ਖਲੋਤੇ ਸਨ ਤੇ ਇਹਨਾਂ ਨੇ ਵੇਖ ਕੇ ਕੁੱਟਣ ਵਾਲਿਆਂ ਨੂੰ ਸਖ਼ਤੀ ਨਾਲ਼ ਇਸ ਮੰਦੇ ਕੰਮ ਤੋਂ ਵਰਜਿਆ। ਹੈਰਾਨੀ ਇਸ ਗੱਲ ਦੀ ਹੋਈ ਕਿ ਪੁਲਿਸ ਨੇ ਉਸ ਨੂੰ ਕੁੱਟਣ ਦਾ ਮੁਕੱਦਮਾ ਜਥੇਦਾਰ ਜੀ ਉਪਰ ਹੀ ਦਰਜ ਕੀਤਾ।
ਇਕ ਸਾਧਾਰਣ ਕਿਰਤੀ ਪਰਵਾਰ ਵਿੱਚ ਜੰਮੇ ਪਲੇ ਅਤੇ ਅਕਾਲੀ ਵਰਕਰ ਤੋਂ ਸਿਆਸੀ ਸਫ਼ਰ ਸ਼ੁਰੂ ਕਰਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਵਿਧਾਇਕ ਤੱਕ ਦਾ ਸਫ਼ਰ ਤਹਿ ਕਰਨ ਵਾਲੇ, ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਦਾ ਜਨਮ, ਜਥੇਦਾਰ ਰੂੜ ਸਿੰਘ ਮਾਤਾ ਹਰ ਕੌਰ ਦੇ ਘਰ, 1919 ਵਿੱਚ, ਪਿੰਡ ਮੀਰਾਂਕੋਟ ਖੁਰਦ ਅੰਮ੍ਰਿਤਸਰ ਵਿਖੇ ਹੋਇਆ।
1945 ਵਿੱਚ ਸ੍ਰੀ ਮਤੀ ਤੇਜ ਕੌਰ, ਸਪੁੱਤਰੀ ਜਗ ਸਿੰਘ ਭੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਨਾਲ ਆਨੰਦ ਕਾਰਜ ਹੋਇਆ। ਗੁਰਸਿੱਖ ਜੋੜੀ ਨੂੰ ਨਿਰੰਕਾਰ ਨੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਦੀ ਬਖ਼ਸ਼ਿਸ਼ ਕੀਤੀ। ਜਥੇਦਾਰ ਨੇ ਜਿੱਥੇ ਸਮਾਜਕ, ਧਾਰਮਿਕ, ਸਿਆਸੀ ਜੁੰਮੇਵਾਰੀਆਂ ਨਿਭਾਈਆਂ ਓਥੇ ਪਰਵਾਰਕ ਜੁੰਮੇਵਾਰੀ ਨਿਭਾਉਣ ਵਿਚ ਵੀ ਕੋਈ ਫਰਕ ਨਹੀਂ ਰੱਖਿਆ।
ਜਥੇਦਾਰ ਖਜਾਨ ਸਿੰਘ ਜੀ ਦੇਸ਼ ਦੀ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਪਿੰਡ 28 ਚੱਕ ਜ਼ਿਲ੍ਹਾ ਲਾਇਲਪੁਰ ਵਿਖੇ ਪਹਿਲਵਾਨੀ ਕਰਦੇ ਜਵਾਨੀ ਚੜ੍ਹੇ। ਮੁੜ ਓਥੋਂ ਉਜੜ ਕੇ, ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਦੇ ਗਵਾਂਢ, ਸ਼ਹੀਦ ਭਾਈ ਮਹਿਤਾਬ ਸਿੰਘ ਜੀ ਵਾਲੇ ਆਪਣੇ ਜੱਦੀ ਪਿੰਡ ਮੀਰਾਂਕੋਟ ਖੁਰਦ ਵਿਚ ਆ ਵਸੇ। ਜਥੇਦਾਰ ਜੀ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਸਨ। ਪੰਥਕ ਜਜ਼ਬਾ ਉਹਨਾਂ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਮਜੀਠਾ ਦੀ ਪ੍ਰੇਰਨਾ ਨਾਲ, ਅਕਾਲੀ ਦਲ ਵੱਲੋਂ ਚਲਾਈਆਂ ਗਈਆਂ ਵੱਖ ਵੱਖ ਲਹਿਰਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿਤਾ। ਮਾਸਟਰ ਤਾਰਾ ਸਿੰਘ ਜੀ  ਵੱਲੋਂ ਅਹਿਮ ਜਿੰਮੇਵਾਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਜਥੇਦਾਰ ਜੀ ਨੇ ਖਿੜੇ ਮੱਥੇ ਪ੍ਰਵਾਨ ਹੀ ਨਹੀਂ ਕੀਤਾ ਸਗੋਂ ਉਸਾਰੂ ਨਤੀਜੇ ਵੀ ਦਿੱਤੇ। 1950 ਵਿੱਚ ਜਦੋਂ ਡਾਕਟਰ. ਬੀ.ਆਰ. ਅੰਬੇਦਕਰ ਜੀ ਨੇ ਭਾਰਤ ਦਾ ਸੰਵਿਧਾਨ ਲਿਖਿਆ ਸੀ ਤਾਂ ਉਹਦੇ ਵਿੱਚ ਮਜ਼੍ਹਬੀ ਅਤੇ ਰਵਿਦਾਸੀਏ ਸਿੱਖਾਂ ਨੂੰ ਸੰਵਿਧਾਨ ਵਿੱਚ ਰਾਖਵੇਂਕਰਨ ਦਾ ਅਧਿਕਾਰ ਨਹੀਂ ਸੀ ਦਿੱਤਾ ਗਿਆ। ਇਹਨਾਂ ਸੂਰਬੀਰ ਅਤੇ ਕਾਰੀਗਰ ਸਿੱਖਾਂ ਦੇ ਭਾਈਚਾਰਿਆਂ ਨੂੰ ਰਾਖਵੇਂਕਰਨ ਤੋਂ ਬਾਹਰ ਰੱਖਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਸ ਬੇਇਨਸਾਫੀ ਦੇ ਵਿਰੁਧ ਜਥੇਦਾਰ ਮੰਗਲ ਸਿੰਘ ਅਕਾਲੀ ਦੀ ਅਗਵਾਈ ਵਿੱਚ ਸੰਘਰਸ਼ ਸ਼ੁਰੂ ਕਰ ਦਿੱਤਾ। ਇਸ ਮੋਰਚੇ ਵਿੱਚ ਜਥੇਦਾਰ ਮੀਰਾਂਕੋਟ ਜੀ ਨੇ ਆਪਣੇ ਸਾਥੀਆਂ ਸਮੇਤ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਸੰਘਰਸ਼ ਦੇ ਕਾਰਨ ਹੀ ਮਜ਼੍ਹਬੀ ਸਿੱਖਾਂ ਅਤੇ ਰਵਿਦਾਸੀਏ ਸਿੱਖਾਂ ਨੂੰ ਰਾਖਵੇਂਕਰਨ ਦਾ ਹੱਕ ਮਿਲਿਆ।
1955 ਵਿੱਚ ਪੰਜਾਬੀ ਸੂਬੇ ਦੇ ਮੋਰਚੇ ਨੂੰ ਚਲਾਉਣ ਲਈ ਮੋਰਚਾ ਚਲਾਊ ਕਮੇਟੀ ਬਣਾਈ ਗਈ ਜਿਸ ਦੇ ਜਥੇਦਾਰ ਜੀ ਪ੍ਰਮੁੱਖ ਮੈਂਬਰ ਸਨ। ਉਹ ਮੋਰਚੇ ਨੂੰ ਚਲਾਉਣ ਵਾਲਿਆਂ ਵਿੱਚ ਹੀ ਨਹੀਂ ਸਨ ਸਗੋਂ ਮੋਰਚੇ ਦੌਰਾਨ ਉਹਨਾਂ ਨੇ ਗ੍ਰਿਫ਼ਤਾਰੀ ਵੀ ਦਿੱਤੀ।
1960 ਵਾਲੇ ਪੰਜਾਬੀ ਸੂਬਾ ਮੋਰਚੇ ਵਿੱਚ ਵੀ ਗ੍ਰਿਫ਼ਤਾਰੀ ਦਿੱਤੀ। 1964 ਵਿੱਚ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਮਹੰਤਾਂ ਤੋਂ ਆਜ਼ਾਦ ਕਰਵਾਉਣ ਅਤੇ ਗੁਰਦੁਆਰਾ ਸੀਸ ਗੰਜ ਦਿੱਲੀ ਦੇ ਨਾਲ ਲੱਗਦੀ ਕੋਤਵਾਲੀ ਨੂੰ ਸਰਕਾਰ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਅਹਿਮ ਯੋਗਦਾਨ ਪਾਇਆ। ਪੰਜਾਬੀ ਸੂਬਾ 1955 ਵਾਲਾ ਮੋਰਚਾ, 1960 ਵਾਲਾ ਮੋਰਚਾ, 1973 ਵਿਚ ਕਰਨਾਲ ਵਾਲਾ ਮੋਰਚਾ, ਐਮਰਜੈਂਸੀ ਦੇ ਖ਼ਿਲਾਫ਼ ਮੋਰਚਾ, ਧਰਮਯੁੱਧ ਮੋਰਚੇ ਵਿਚ ਸਭ ਤੋਂ ਅੱਗੇ ਰਹਿ ਕੇ ਰੋਲ ਨਿਭਾਇਆ। ਲੰਮਾ ਸਮਾ ਵੱਖ ਵੱਖ ਜੇਹਲਾਂ ਵਿੱਚ ਕੈਦ ਰਹੇ। ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥਕ ਜਜ਼ਬੇ ਨਾਲ ਪ੍ਰਣਾਏ ਜਥੇਦਾਰ ਮੀਰਾਂਕੋਟ ਜੀ ਕੁਝ ਕਰ ਗੁਜ਼ਰਨਾ ਚਾਹੁੰਦੇ ਸਨ। ਪੰਥ ਦੀ ਇਕ ਆਵਾਜ਼ ‘ਤੇ ਹਰੇਕ ਸੰਘਰਸ਼ ਦੌਰਾਨ ਲੱਗੇ ਹਰ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ, ਵੱਖ ਵੱਖ ਜੇਹਲਾਂ ਦੀ ਯਾਤਰਾ ਕਰਨੀ ਅਤੇ ਆਪਣੀਆਂ ਜਾਇਦਾਦਾਂ ਕੁਰਕ ਕਰਵਾਉਣ ਵਾਲੇ ਸੀਨੀਅਰ ਲੀਡਰਾਂ ਵਿੱਚ ਜਥੇਦਾਰ ਮੀਰਾਂਕੋਟ ਜੀ ਦਾ ਨਾਂ ਬੋਲਦਾ ਹੈ। ਜਦੋਂ ਕਾਂਗਰਸ ਸਰਕਾਰ ਨੇ ਅਕਾਲੀਆਂ ਦੀਆਂ ਜਾਇਦਾਦਾਂ ਕੁਰਕ ਹੋਈਆਂ ਸਨ ਅਤੇ ਕਈ ਅਕਾਲੀ ਲੀਡਰਾਂ ਦੇ ਘਰ ਵੀ ਢਹਿ ਢੇਰੀ ਕਰ ਦਿੱਤੇ ਗਏ ਸਨ, ਜਥੇਦਾਰ ਮੀਰਾਂਕੋਟ ਜੀ ਵੀ ਉਹਨਾਂ ਵਿੱਚੋ ਇੱਕ ਸਨ।
ਜਥੇਦਾਰ ਜੀ ਉਹ 1977 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਵੇਰਕਾ ਤੋਂ ਵਿਧਾਇਕ ਬਣੇ ਸਨ। ਲੋਕੀਂ ਦੱਸਦੇ ਹਨ ਕਿ ਕਿਸੇ ਸਰਕਾਰੀ ਦਫ਼ਤਰ ਜਾਂ ਠਾਣੇ ਵਿਚ ਕਿਸੇ ਨਾ ਪਹੁੰਚ ਵਾਲੇ ਜਰੂਰਤਮੰਦ ਦਾ ਸਹੀ ਕੰਮ ਕਰਵਾਉਣ ਗਏ, ਅਫ਼ਸਰ ਦੇ ਸਾਹਮਣੇ ਕੁਰਸੀ ‘ਤੇ ਬੈਠ ਕੇ, ਕੰਮ ਤੋਂ ਆਨਾਕਾਨੀ ਕਰਦੇ ਵੇਖ ਕੇ, ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਖਿਆ ਕਰਦੇ ਸਨ, “ਤੇਰੇ ਸਾਹਮਣੇ ਪੰਜਾਬ ਸਰਕਾਰ ਬੈਠੀ ਹੈ; ਸੰਭਲ਼ ਕੇ ਗੱਲ ਕਰ!“
1947 ਵਾਲੇ ਉਜਾੜੇ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਫਿਰ ਦੂਜੀ ਵਾਰ ਜਥੇਦਾਰ ਜੀ ਦੇ ਪਰਵਾਰ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਜੀ ਨੇ ਉਹਨਾਂ ਦੇ ਪਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਠਾਹਰ ਦਿੱਤੀ, ਜਿੱਥੇ 17-11-1963 ਨੂੰ, ਉਹਨਾਂ ਦੇ ਸਭ ਤੋਂ ਛੋਟੇ ਅਤੇ ਤੀਸਰੇ ਪੁੱਤਰ ਅਜੈਪਾਲ ਸਿੰਘ ਮੀਰਾਂਕੋਟ ਦਾ ਜਨਮ ਹੋਇਆ ਜੋ ਬਾਅਦ ਵਿੱਚ ਪਿਤਾ ਵਾਂਗ ਅਕਾਲੀ ਸਫਾਂ ਵਿਚ ਵਿਚਰ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਬਣੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਪਨਸਪ ਦੇ ਚੇਅਰਮੈਨ ਵੀ ਬਣੇ। ਆਪਣੇ ਹਲਕੇ ਵਿੱਚ ਆਰਥਿਕ ਪਖੋਂ ਕਮਜ਼ੋਰ ਪਰਵਾਰਾਂ ਨੂੰ ਨੀਲੇ ਕਾਰਡ ਬਣਾ ਕੇ ਦੇਣ ਦੀ ਸੇਵਾ ਕੀਤੀ, ਜਿਸ ਕਰਕੇ ਉਹਨਾਂ ਨੂੰ “ਨੀਲੇ ਕਾਰਡ ਵਾਲੇ ਵਿਧਾਇਕ” ਕਹਿ ਕੇ ਲੋਕੀਂ ਯਾਦ ਕਰਦੇ ਹਨ।
ਪਹਿਲਵਾਨੀ ਦੇ ਵਾਂਗ ਲੋਕ ਸੇਵਾ ਨੂੰ ਵੀ ਕਿਸੇ ਘੋਲ ਤੋਂ ਘੱਟ ਨਾ ਸਮਝਣ ਵਾਲੇ ਜਥੇਦਾਰ ਖਜਾਨ ਸਿੰਘ ਮੀਰਾਂਕੋਟ ਤਿੰਨ ਟਰਮਾਂ ਮੀਰਾਂਕੋਟ ਪਿੰਡ ਦੇ ਸਰਪੰਚ ਰਹੇ। ਬਲਾਕ ਸੰਮਤੀ ਵੇਰਕਾ ਦੇ ਵਾਈਸ ਚੇਅਰਮੈਨ ਅਤੇ ਫਿਰ ਚੇਅਰਮੈਨ ਵਜੋਂ ਸੇਵਾ ਨਿਭਾਈਆਂ। ਸਦਰ ਸਰਕਲ ਦੇ ਪ੍ਰਧਾਨ ਤੇ ਅਕਾਲੀ ਜਥਾ ਅੰਮ੍ਰਿਤਸਰ ਦਿਹਾਤੀ ਦੇ ਲੰਮਾ ਸਮਾ ਮੀਤ ਪ੍ਰਧਾਨ ਰਹੇ। 1960 ਤੋਂ ਲੈ ਕੇ 1978 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹਿ ਕੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਲੱਗੇ ਰਹੇ। 1962 ਵਿਧਾਨ ਸਭਾ ਹਲਕਾ ਸਦਰ, 1967, 1969, 1972, 1977, 1985 ਵਿਧਾਨ ਸਭਾ ਹਲਕਾ ਵੇਰਕਾ ਤੋਂ ਚੋਣਾਂ ਲੜੀਆਂ ਤੇ  ਐਮ.ਐਲ.ਏ ਬਣੇ ਤੇ ਕਾਂਗਰਸ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਇਆ। ਵੱਖ ਵੱਖ ਅਕਾਲੀ ਮੋਰਚਿਆਂ ਵਿੱਚ ਹਿੱਸਾ ਲੈਣ ਕਰਕੇ ਜ਼ਿੰਦਗੀ ਦਾ ਅੱਧਿਉਂ ਵੱਧ ਹਿੱਸਾ ਕੌਮ ਨੂੰ ਸਮੱਰਪਤ ਕਰਕੇ ਵੱਖ ਵੱਖ ਜੇਹਲਾਂ ਵਿੱਚ ਕੈਦ ਕੱਟ ਕੇ ਅਖੀਰ, 24 ਮਈ, 1991 ਨੂੰ ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਜ਼ਿੰਦਗੀ ਦੀ ਬਾਜ਼ੀ ਜਿੱਤਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ।
ਅੱਜ ਉਹਨਾਂ ਦੇ ਸਿਆਸਤ ਵਿੱਚ ਪਾਏ ਪੂਰਨਿਆਂ ਤੇ ਚੱਲ ਕੇ ਉਹਨਾਂ ਦੇ ਹੋਣਹਾਰ ਸਪੁੱਤਰ ਸ੍ਰ. ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਜੰਡਿਆਲਾ ਗੁਰੂ ਵੀ, ਪੰਥਕ ਸਟੇਜ ਰਾਹੀਂ ਲੋਕ ਸੇਵਾ ਨੂੰ ਸਮੱਰਪਤ ਹਨ।
ਜਥੇਦਾਰ ਜੀ ਦੇ ਦੋ ਪੋਤਰੇ, ਗਗਨਦੀਪ ਸਿੰਘ ਅਤੇ ਮਨਦੀਪ ਸਿੰਘ, ਆਸਟ੍ਰੇਲੀਆ ਦੀ ਸਟੇਟ ਵਿਕਟੋਰੀਆ ਦੇ ਟਾਊਨ ਜੀਲੌਂਗ ਵਿਚ ਰਹਿ ਰਹੇ ਹਨ। ਪਿਛਲੇਰੇ ਸਾਲ ਜ. ਖਜਾਨ ਸਿੰਘ ਜੀ ਦੇ ਪੋਤਰਿਆਂ ਦੇ ਘਰ ਧੀਆਂ ਨੇ ਜਨਮ ਲਿਆ। ਇਸ ਖੁਸ਼ੀ ਵਿਚ, ਅਕਾਲ ਪੁਰਖ ਦਾ ਸੁਕਰਾਨਾ ਕਰਨ ਹਿਤ, ਪੋਤਰੀਆਂ ਦੇ ਦਾਦਾ ਸ. ਅਜੈਪਾਲ ਸਿੰਘ ਅਤੇ ਦਾਦੀ ਜੀ ਨੇ ਏਥੇ ਆ ਕੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕੀਤਾ ਅਤੇ ਭੋਗ ਵਾਲੇ ਦਿਨ ਦੀਵਾਨ ਸਜਾਇਆ ਅਤੇ ਆਈਆਂ ਸੰਗਤਾਂ ਦੀ ਲੰਗਰ ਨਾਲ਼ ਸੇਵਾ ਕੀਤੀ। ਲੇਖਕ ਨੂੰ ਮੀਰਾਂਕੋਟ ਪਰਵਾਰ ਨੇ, ਜਥੇਦਾਰ ਖਜਾਨ ਸਿੰਘ ਜੀ ਦਾ ਸਮਕਾਲੀ ਅਤੇ ਪ੍ਰਸੰਸਕ ਹੋਣ ਕਰਕੇ, ਉਚੇਚਾ ਸਿਡਨੀ ਤੋਂ ਬੁਲਾ ਕੇ ਇਸ ਖੁਸ਼ੀਆਂ ਭਰੇ ਸ਼ੁਭ ਅਵਸਰ ਉਪਰ ਅਸ਼ੀਰਵਾਦ ਦੇ ਸ਼ਬਦ ਕਹਿਣ ਲਈ ਸੱਦ ਕੇ ਮਾਣ ਬਖ਼ਸ਼ਿਆ।
ਜੀਲੌਂਗ ਵਿਚ, ਸਵੱਰਗਵਾਸੀ ਜਥੇਦਾਰ ਜੀ ਦੇ ਦੋਵੇਂ ਪੋਤਰੇ ਬਾਕੀ ਸੰਗਤਾਂ ਨਾਲ਼ ਮਿਲ਼ ਕੇ, ਗੁਰਦੁਆਰਾ ਸਾਹਿਬ ਦੀ ਸਥਾਪਨਾ ਦੀਆਂ ਸਰਗਰਮੀਆਂ ਵਿਚ ਮੋਹਰੀ ਹਿੱਸਾ ਪਾ ਰਹੇ ਹਨ।
ਗਿਆਨੀ ਸੰਤੋਖ ਸਿੰਘ
ਸਿਡਨੀ, ਆਸਟ੍ਰੇਲੀਆ