ਪ੍ਰੇਮ, ਅਨੁਰਾਗ ਤੇ ਸੰਘਰਸ਼ ਦੇ ਛੇ ਮਹੀਨੇ -  ਸਵਰਾਜਬੀਰ

ਛੇ ਮਹੀਨੇ ਪਹਿਲਾਂ ਦੇਸ਼ ਦੀ ਸਿਆਸਤ ਅਤੇ ਇਤਿਹਾਸ ਵਿਚ ਅਜਿਹਾ ਮੋੜ ਆਇਆ ਜਿਹੜਾ ਬਹੁਪਰਤੀ ਰੂਪ ਵਿਚ ਇਤਿਹਾਸਕ, ਯਾਦਗਾਰੀ ਅਤੇ ਦੂਰਗਾਮੀ ਪ੍ਰਭਾਵਾਂ ਵਾਲਾ ਹੋ ਨਿੱਬੜਿਆ ਹੈ। ਦੇਸ਼ ਦੇ ਕਿਸਾਨ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਦੋ ਖੇਤੀ ਕਾਨੂੰਨਾਂ ਅਤੇ ਜ਼ਰੂਰੀ ਵਸਤਾਂ ਸਬੰਧੀ ਕਾਨੂੰਨ ਵਿਚ ਕੀਤੀ ਗਈ ਸੋਧ ਵਿਰੁੱਧ ਅੰਦੋਲਨ ਕਰ ਰਹੇ ਸਨ। ਨਵੰਬਰ 2020 ਤੋਂ ਪਹਿਲਾਂ ਇਸ ਅੰਦੋਲਨ ਦਾ ਖਮੀਰ ਅਤੇ ਉਭਾਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੁਆਰਾ ਸ਼ੁਰੂ ਕੀਤੇ ਅੰਦੋਲਨ ਰਾਹੀਂ ਤਿਆਰ ਹੋਇਆ। ਕਿਸਾਨ ਜਥੇਬੰਦੀਆਂ ਨੇ 26 ਨਵੰਬਰ 2020 ਨੂੰ ਕਿਸਾਨਾਂ ਨੂੰ ਦਿੱਲੀ ਚੱਲੋ ਦਾ ਸੱਦਾ ਦਿੱਤਾ ਸੀ। ਕਿਸਾਨ ਜਥੇਬੰਦੀਆਂ ਨੂੰ ਅੰਦੇਸ਼ਾ ਸੀ ਉਨ੍ਹਾਂ ਨੂੰ ਰਾਹ ਵਿਚ ਰੋਕਿਆ ਜਾਵੇਗਾ। ਉਨ੍ਹਾਂ ਦਾ ਫ਼ੈਸਲਾ ਸੀ ਕਿ ਉਨ੍ਹਾਂ ਨੂੰ ਜਿੱਥੇ ਵੀ ਰੋਕਿਆ ਜਾਵੇਗਾ, ਉਹ ਉੱਥੇ ਬਹਿ ਕੇ ਧਰਨਾ ਦੇਣਗੀਆਂ। ਹਰਿਆਣੇ ਵਿਚ 25 ਨਵੰਬਰ 2020 ਅਤੇ ਪੰਜਾਬ ਵਿਚ 26 ਨਵੰਬਰ 2020 ਨੂੰ ਅਜਿਹਾ ਵੇਗਮਈ ਉਭਾਰ ਆਇਆ ਕਿ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਰਾਹਾਂ ਵਿਚ ਲਾਈਆਂ ਰੋਕਾਂ ਨੂੰ ਲਾਂਭੇ ਕਰਦੇ ਦਿੱਲੀ ਦੀਆਂ ਹੱਦਾਂ ਤਕ ਜਾ ਪਹੁੰਚੇ ਅਤੇ ਹੁਣ ਤਕ ਉੱਥੇ ਬੈਠੇ ਹੋਏ ਹਨ।
ਕਿਸਾਨ ਨਵੰਬਰ 2018 ਵਿਚ ਵੀ ਦਿੱਲੀ ਪਹੁੰਚੇ ਸਨ। ਉਨ੍ਹਾਂ ਦੀ ਮੰਗ ਸੀ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਸਮੁੱਚਤਾ ਵਿਚ ਲਾਗੂ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਮਨਜ਼ੂਰ ਕਰਨ ਲਈ ਸੰਸਦ ਦਾ ਖ਼ਾਸ ਇਜਲਾਸ ਬੁਲਾਇਆ ਜਾਵੇ। 2018 ਵਿਚ ਹੀ ਮਹਾਰਾਸ਼ਟਰ ਦੇ ਹਜ਼ਾਰਾਂ ਕਿਸਾਨ ਪੈਦਲ ਮਾਰਚ ਕਰਦੇ ਹੋਏ ਮੁੰਬਈ ਪਹੁੰਚੇ ਸਨ। ਨਵੰਬਰ 2020 ਦੇ ਕਿਸਾਨ ਅੰਦੋਲਨ ਦੀ ਨੁਹਾਰ ਵੱਖਰੀ ਸੀ। ਇਸ ਵਿਚ ਬਹੁਤ ਸਾਰੇ ਫ਼ੈਸਲੇ ਸੜਕਾਂ ’ਤੇ ਹੋਏ। ਇਸ ਅੰਦੋਲਨ ਵਿਚ ਨੌਜਵਾਨ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਤਜਰਬੇ ਅਤੇ ਅੰਦੋਲਨ ਦੇ ਵੇਗ ਦੇ ਸੰਗਮ ਨੇ ਅੰਦੋਲਨ ਨੂੰ ਅਜਿਹੇ ਤੇਵਰ ਦਿੱਤੇ ਜਿਨ੍ਹਾਂ ਨੇ ਅੰਦੋਲਨ ਨੂੰ ਇਤਿਹਾਸਕ ਬਣਾ ਦਿੱਤਾ।
ਇਸ ਅੰਦੋਲਨ ਦੇ ਸਭ ਤੋਂ ਵੱਡੇ ਇਤਿਹਾਸਕ ਫ਼ੈਸਲੇ ਇਹ ਸਨ: ਕਿਸਾਨ ਆਪਣੀਆਂ ਮੰਗਾਂ ਮਨਵਾਏ ਬਗ਼ੈਰ ਵਾਪਸ ਨਹੀਂ ਜਾਣਗੇ; ਉਹ ਇਸ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਨ; ਅੰਦੋਲਨ ਸ਼ਾਂਤਮਈ ਰਹੇਗਾ ਤੇ ਸ਼ਾਂਤਮਈ ਰਹਿ ਕੇ ਸਰਕਾਰੀ ਜਬਰ ਦਾ ਸਾਹਮਣਾ ਕਰੇਗਾ। ਪੰਜਾਬ ਦੇ ਕਿਸਾਨ ਇਸ ਅੰਦੋਲਨ ਦੇ ਮੋਹਰੀ ਸਨ/ਹਨ ਅਤੇ ਉਹ ਕਈ ਸੋਮਿਆਂ ਤੋਂ ਤਾਕਤ ਹਾਸਲ ਕਰ ਰਹੇ ਹਨ। ਇਨ੍ਹਾਂ ਵਿਚੋਂ ਪ੍ਰਮੁੱਖ ਸੋਮੇ ਇਹ ਹਨ: ਪਿਛਲੇ ਕੁਝ ਦਹਾਕਿਆਂ ਵਿਚ ਲੜੇ ਗਏ ਸਥਾਨਕ ਘੋਲ ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਇਸ ਦੌਰ ਦੀਆਂ ਹਕੂਮਤਾਂ ਨਾਲ ਲੜਨ ਅਤੇ ਗੱਲਬਾਤ ਕਰਨ ਦੇ ਢੰਗ-ਤਰੀਕੇ ਸਿਖਾਏ ਅਤੇ ਜਿਨ੍ਹਾਂ ਦੌਰਾਨ ਹੋਈਆਂ ਜਿੱਤਾਂ, ਹਾਰਾਂ ਅਤੇ ਕੁਰਬਾਨੀਆਂ ਨੇ ਮੌਜੂਦਾ ਕਿਸਾਨ ਅੰਦੋਲਨ ਦੀ ਜ਼ਮੀਨ ਤਿਆਰ ਕੀਤੀ; ਉਨ੍ਹਾਂ ਕੋਲ ਪੰਜਾਬ ਦਾ ਸੰਗਰਾਮਮਈ ਇਤਿਹਾਸਕ ਵਿਰਸਾ ਹੈ ਜਿਸ ’ਤੇ ਪਿਛਲੇ ਦਹਾਕਿਆਂ ਦੇ ਘੋਲ ਤੇ ਮੌਜੂਦਾ ਅੰਦੋਲਨ ਉਸਰੇ ਹਨ। ਇਸ ਵਿਰਸੇ ਵਿਚ ਪੰਜਾਬ ਦੇ ਲੋਕਾਂ ਦੀਆਂ ਸਦੀਆਂ ਤੋਂ ਧਾੜਵੀਆਂ ਤੇ ਜਾਬਰ ਹਾਕਮਾਂ ਨਾਲ ਲੋਹਾ ਲੈਣ ਦੀਆਂ ਰਵਾਇਤਾਂ ਹਨ; ਸਿੱਖ ਗੁਰੂਆਂ ਦੀ ਦਿੱਤੀਆਂ ਮਹਾਨ ਕੁਰਬਾਨੀਆਂ ਹਨ; ਖਾਲਸੇ ਦੀ ਸਥਾਪਨਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ ਦੀ ਅਗਵਾਈ ਵਿਚ ਮੁਗ਼ਲ, ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਿਰੁੱਧ ਲੜੀਆਂ ਗਈਆਂ ਲੜਾਈਆਂ ਦੀ ਯਾਦ ਹੈ; ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗਦਰ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਤੇ ਉਸ ਦੇ ਸਾਥੀਆਂ ਨਾਲ ਸਬੰਧਿਤ ਲਹਿਰ ਅਤੇ ਹੋਰ ਕਿਸਾਨ ਅਤੇ ਮਜ਼ਦੂਰ ਘੋਲਾਂ ਦੀ ਸਿਮਰਤੀ ਹੈ।
ਇਸ ਇਤਿਹਾਸਕ ਵਿਰਸੇ ਨੇ ਦਿੱਲੀ ਦੀਆਂ ਹੱਦਾਂ ’ਤੇ ਆਪਣਾ ਜਲੌਅ ਲਗਾਇਆ। ਬਾਬਾ ਨਾਨਕ ਜੀ ਦੇ ਪੰਜਾਬ ਵਿਚ ਆਰੰਭੇ ਸਮਾਜਿਕ ਬਰਾਬਰੀ ਦੇ ਸੰਘਰਸ਼ ਨੇ ਜੋ ਊਰਜਾ ਪੰਜਾਬ ਨੂੰ ਬਖ਼ਸ਼ੀ, ਉਸ ਨੇ ਇਸ ਕਿਸਾਨ ਅੰਦੋਲਨ ਦੇ ਹਰ ਪੱਖ ਨੂੰ ਤੀਬਰ ਕੀਤਾ। ਥਾਂ ਥਾਂ ’ਤੇ ਲੰਗਰ ਲੱਗੇ; ਪੰਜਾਬ ਦੇ ਗਾਇਕ, ਰੰਗਕਰਮੀ, ਲੇਖਕ, ਚਿੰਤਕ ਅਤੇ ਹੋਰ ਵਰਗਾਂ ਦੇ ਲੋਕ ਸਿੰਘੂ ਤੇ ਟਿਕਰੀ ਪਹੁੰਚੇ; ਡਾਕਟਰਾਂ ਨੇ ਸਿਹਤ ਸੇਵਾਵਾਂ ਦੇ ਕੈਂਪ ਲਗਾਏ; ਟਰੈਕਟਰਾਂ ਦੀਆਂ ਟਰਾਲੀਆਂ ਵਿਚ ਨਿੱਕੇ ਨਿੱਕੇ ਸਾਂਝੇ ਘਰ ਵਸੇ, ਇਕ ਨਵੀਂ ਤਰ੍ਹਾਂ ਦੀ ਧਰਮਸਾਲ, ਨਵੀਂ ਤਰ੍ਹਾਂ ਦੀ ਕਮਿਊਨ, ਨਵੇਂ ਤਰ੍ਹਾਂ ਦਾ ਸਮਾਜ ਸਿੰਘੂ ਤੇ ਟਿੱਕਰੀ ਵਿਚ ਹੋਂਦ ਵਿਚ ਆਇਆ।
ਇਹ ਸਮਾਜ ਉਸ ਸਮਾਜ ਤੋਂ ਬਿਲਕੁਲ ਵੱਖਰਾ ਸੀ ਜਿਹੜਾ ਹਾਕਮ ਜਮਾਤ ਦੇਸ਼ ਦੇ ਹੋਰ ਹਿੱਸਿਆਂ ਵਿਚ ਬਣਾ ਰਹੀ ਹੈ। ਹਾਕਮ ਜਮਾਤ ਦੁਆਰਾ ਬਣਾਏ ਜਾ ਰਹੇ ਸਮਾਜ ਵਿਚ ਨਫ਼ਰਤ ਦਾ ਬੋਲਬਾਲਾ ਹੈ; ਲੋਕਾਂ ਨੂੰ ਧਰਮ ਦੇ ਆਧਾਰ ’ਤੇ ਵੰਡਿਆ ਜਾ ਰਿਹਾ ਹੈ; ਉਸ ਵਿਚ ਹਜੂਮੀ ਹਿੰਸਾ ਕਰਵਾਈ ਜਾਂਦੀ ਅਤੇ ਅਜਿਹਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਜੋ ਸਮਾਜ/ਕਮਿਊਨ ਸਿੰਘੂ, ਟਿਕਰੀ ਤੇ ਬਾਅਦ ਵਿਚ ਗਾਜ਼ੀਪੁਰ ਵਿਚ ਉਸਰੀ, ਉਸ ਵਿਚ ਪ੍ਰੇਮ ਹੈ, ਅਨੁਰਾਗ ਹੈ, ਸਮਾਜਿਕ ਵੰਡੀਆਂ ਵਿਰੁੱਧ ਲੜਨ ਦਾ ਜਜ਼ਬਾ ਅਤੇ ਅਨਿਆਂ ਵਿਰੁੱਧ ਲੜਦਿਆਂ ਕੁਰਬਾਨੀ ਦੇਣ ਦੀ ਭਾਵਨਾ ਹੈ। ਬਾਬਾ ਨਾਨਕ ਜੀ ਦੇ ਬੋਲ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।’’ ਏਥੇ ਸਾਕਾਰ ਹੋ ਉੱਠੇ ਹਨ। ਸਿੱਖ ਗੁਰੂਆਂ ਦੇ ਊਰਜਾਵਾਨ ਸੰਸਾਰ ਦੇ ਨਾਲ ਨਾਲ ਏਥੇ ਸਰਦਾਰ ਅਜੀਤ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊੁਧਮ ਸਿੰਘ ਅਤੇ ਹੋਰ ਲੋਕ-ਨਾਇਕਾਂ ਦੀਆਂ ਆਵਾਜ਼ਾਂ ਲਗਾਤਾਰ ਗੂੰਜਦੀਆਂ ਹਨ; ਇਹ ਪ੍ਰੇਮ ਨਗਰ ਭਗਤ ਰਵਿਦਾਸ, ਭਗਤ ਨਾਮਦੇਵ, ਭਗਤ ਕਬੀਰ, ਭਗਤੀ ਲਹਿਰ ਦੇ ਹੋਰ ਸੰਤਾਂ ਤੇ ਦੁਨੀਆਂ ਦੇ ਨਾਮਵਰ ਚਿੰਤਕਾਂ, ਕਾਰਲ ਮਾਰਕਸ, ਲੈਨਿਨ, ਡਾ. ਬੀ.ਆਰ. ਅੰਬੇਦਕਰ, ਮਹਾਤਮਾ ਗਾਂਧੀ ਤੇ ਹੋਰਨਾਂ ਤੋਂ ਪ੍ਰੇਰਨਾ ਲੈ ਰਿਹਾ ਹੈ। ਏਥੇ ਮਹਾਤਮਾ ਜਯੋਤਿਬਾ ਫੂਲੇ, ਸਵਿੱਤਰੀ ਫੂਲੇ ਤੋਂ ਲੈ ਕੇ ਮੌਜੂਦਾ ਸਮਿਆਂ ਵਿਚ ਬੰਦੀ ਬਣਾਏ ਗਏ ਵਰਵਰਾ ਰਾਓ, ਸੁਧਾ ਭਾਰਦਵਾਜ, ਆਨੰਦ ਤੈਲਤੁੰਬੜੇ ਤੇ ਨਫ਼ਰਤੀ ਤਾਕਤਾਂ ਦੁਆਰਾ ਕਤਲ ਕੀਤੇ ਗਏ ਸਮਾਜਿਕ ਕਾਰਕੁਨਾਂ ਗੌਰੀ ਲੰਕੇਸ਼, ਨਰਿੰਦਰ ਦਾਭੋਲਕਰ, ਗੋਵਿੰਦ ਪਨਸਾਰੇ ਤੇ ਹੋਰਨਾਂ ਨੂੰ ਯਾਦ ਕੀਤਾ ਜਾਂਦਾ ਹੈ। ਸਰ ਛੋਟੂ ਰਾਮ ਤੋਂ ਲੈ ਕੇ ਮੌਜੂਦਾ ਕਿਸਾਨ ਆਗੂਆਂ ਵਿਚਲੀ ਕਿਸਾਨ ਮੰਗਾਂ ਲਈ ਲੜਨ ਦੀ ਜੀਵਟਤਾ ਇਸ ਅੰਦੋਲਨ ਵਿਚ ਹਾਜ਼ਰ ਹੈ।
ਅੰਦੋਲਨ ਦੀ ਉਪਰੋਕਤ ਵਿਚਾਰਧਾਰਕ ਵਿਸ਼ਾਲਤਾ ਕਾਰਨ ਹੀ ਇਸ ਅੰਦੋਲਨ ਨੇ ਸਾਬਤ ਕੀਤਾ ਹੈ ਕਿ ਉਸ ਤਾਕਤਵਰ ਹਕੂਮਤ, ਜਿਸ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਸ ਅਤੇ ਉਸ ਦੇ ਮਹਾਨ ਆਗੂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ, ਨੂੰ ਲਲਕਾਰਿਆ ਜਾ ਸਕਦਾ ਹੈ। ਇਸ ਅੰਦੋਲਨ ਨੇ ਆਪਣੇ ਆਪ ਤੇ ਕਿਸਾਨਾਂ ਨੂੰ ਅੰਦੋਲਿਤ ਕੀਤਾ ਹੈ; ਇਸ ਨੇ ਸਮਾਜ ਦੇ ਹੋਰ ਵਰਗਾਂ ਦੇ ਲੋਕਾਂ, ਨੌਜਵਾਨਾਂ, ਔਰਤਾਂ, ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਚਿੰਤਕਾਂ, ਗਾਇਕਾਂ, ਰੰਗਕਰਮੀਆਂ, ਲੋਕ ਕਲਾਕਾਰਾਂ, ਸਭ ਨੂੰ ਅੰਦੋਲਿਤ ਕੀਤਾ ਹੈ; ਇਸ ਸੰਦਰਭ ਵਿਚ ਕਿਹਾ ਜਾ ਸਕਦਾ ਹੈ ਕਿ ਜਿਸ ਨੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਨਹੀਂ ਦੇਖੇ, ਉਨ੍ਹਾਂ ਨੇ ਦੇਸ਼ ਦੀ ਲੋਕਾਈ ਦਾ ਉਹ ਸੰਗਰਾਮਮਈ ਰੂਪ ਨਹੀਂ ਦੇਖਿਆ ਜਿਹੜਾ ਇਸ ਦੇਸ਼ ਵਿਚ ਕਈ ਦਹਾਕਿਆਂ ਬਾਅਦ ਉਭਰਿਆ ਹੈ। ਇਨ੍ਹਾਂ ਕਾਰਨਾਂ ਕਰਕੇ ਇਹ ਅੰਦੋਲਨ ਲੋਕ-ਅੰਦੋਲਨ ਬਣਿਆ ਤੇ ਲੋਕ ਸਿੰਘੂ, ਟਿਕਰੀ ਤੇ ਗਾਜ਼ੀਪੁਰ ਨੂੰ ਏਦਾਂ ਧਾਏ ਜਿਵੇਂ ਉਹ ਤੀਰਥ ਅਸਥਾਨਾਂ ਦੀ ਯਾਤਰਾ ਕਰਨ ਜਾ ਰਹੇ ਹੋਣ।
ਅੰਦੋਲਨ ਨੇ ਪੰਜਾਬੀਆਂ ਦੇ ਜੀਵਨ ਨੂੰ ਨਵਾਂ ਹੁਲਾਰਾ ਦਿੱਤਾ ਹੈ। ਕੁਝ ਸਮਾਂ ਪਹਿਲਾਂ ਪੰਜਾਬ ਨੂੰ ਅਜਿਹੇ ਸੂਬੇ ਵਜੋਂ ਦੇਖਿਆ ਜਾ ਰਿਹਾ ਸੀ ਜਿਸ ਦਾ ਬੌਧਿਕ ਤੇ ਸੱਭਿਆਚਾਰਕ ਪਤਨ ਹੋ ਰਿਹਾ ਹੈ, ਜਿੱਥੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ, ਜਿਸ ਦੇ ਨੌਜਵਾਨ ਨਸ਼ਿਆਂ ਵਿਚ ਗ੍ਰਸੇ ਹੋਏ ਹਨ, ਉਨ੍ਹਾਂ ਦੀ ਇਕੋ ਇਕ ਲਾਲਸਾ ਵਿਦੇਸ਼ਾਂ ਨੂੰ ਪਰਵਾਸ ਕਰਨ ਦੀ ਹੈ। ਇਸ ਅੰਦੋਲਨ ਨੇ ਦਿਖਾਇਆ ਹੈ ਕਿ ਇਹ ਹੈ ਉਹ ਅਸਲੀ ਪੰਜਾਬ ਜਿਸ ਵਿਚ ਸਿਰ ਉੱਚਾ ਕਰ ਕੇ ਜਿਉਣ ਦੀ ਉਮੰਗ ਹੈ, ਜਿਸ ਦੀਆਂ ਆਸਾਂ ਦਾ ਸੰਸਾਰ ਮਿਹਨਤ, ਸਾਂਝੀਵਾਲਤਾ ਤੇ ਨਾਬਰੀ ਦੇ ਸਦਾਚਾਰ ’ਤੇ ਉਸਿਰਆ ਹੋਇਆ ਹੈ, ਜਿਸ ਦੀ ਵਲੂੰਧਰੀ ਹੋਈ ਰੂਹ ਵਿਚ ਨਿਰਮਲਤਾ ਵੀ ਹੈ ਤੇ ਤੂਫ਼ਾਨੀ ਵੇਗ ਵੀ। ਇਸ ਅੰਦੋਲਨ ਨੇ ਪੰਜਾਬ ਦੀ ਲੀਰੋ ਲੀਰ ਆਤਮਾ ਨੂੰ ਤਰੋਪੇ ਲਾ ਕੇ ਉਸ ਨੂੰ ਫਿਰ ਨਰੋਇਆ ਕੀਤਾ ਹੈ; ਪੰਜਾਬੀ ਸੱਭਿਆਚਾਰ ਨੂੰ ਨਵੀਂ ਲੀਹ ’ਤੇ ਤੋਰਿਆ ਹੈ; ਇਸ ਅੰਦੋਲਨ ਨੇ ਉਸ ਭਾਵਨਾ ਨੂੰ ਨਕਸ਼ ਦਿੱਤੇ ਜਿਸ ਨੂੰ ਅਸੀਂ ਪੰਜਾਬੀਅਤ ਕਹਿੰਦੇ ਆਏ ਹਾਂ। ਇਹ ਸੰਘਰਸ਼ ਕਿਸਾਨ ਮੰਗਾਂ ਦਾ ਅੰਦੋਲਨ ਹੋਣ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਦੀ ਪੁਨਰ ਸਿਰਜਣਾ ਦਾ ਪੁਰਬ ਬਣ ਗਿਆ ਹੈ। ਇਸ ਅੰਦੋਲਨ ’ਤੇ ਸੈਂਕੜੇ ਗੀਤ, ਕਵਿਤਾਵਾਂ ਤੇ ਬੋਲੀਆਂ ਲਿਖੀਆਂ ਗਈਆਂ ਹਨ, ਕਹਾਣੀਆਂ ਤੇ ਨਾਟਕ ਲਿਖੇ ਗਏ ਹਨ। ਅੰਦੋਲਨ ਨੇ ਆਪਣੇ ਆਪ ਨੂੰ ਹਉਮੈਂ ਤੇ ਘੁਮੰਡ ਤੋਂ ਬਚਾਇਆ ਹੈ ਤੇ ਨਿਮਰਤਾ ਅਤੇ ਸੰਜਮ ਨੂੰ ਆਪਣੀ ਟੇਕ ਬਣਾਇਆ ਹੈ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਨੇ ਇਸ ਅੰਦੋਲਨ ਨੂੰ ਇਕ ਨੈਤਿਕ ਮੁਹਾਜ਼ ਬਣਾ ਦਿੱਤਾ ਹੈ।
ਇਸ ਨੈਤਿਕ ਮੁਹਾਜ਼ ਨੇ ਕਈ ਜਿੱਤਾਂ ਦਰਜ ਕੀਤੀਆਂ ਹਨ। ਪੰਜਾਬ ਦੇ ਕਿਸਾਨਾਂ ਦੀ ਅਗਵਾਈ ਵਿਚ ਇਸ ਨੇ ਹਰਿਆਣੇ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਮਹਾਰਾਸ਼ਟਰ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼ (ਸੀਮਾਂਧਰਾ), ਤਿਲੰਗਾਨਾ, ਬਿਹਾਰ ਤੇ ਹੋਰ ਰਾਜਾਂ ਦੇ ਕਿਸਾਨਾਂ ਨੂੰ ਜਾਗ੍ਰਿਤ ਕੀਤਾ ਹੈ। ਬਿਹਾਰ ਦੇ ਕਿਸਾਨਾਂ ਨੂੰ ਸਮਝ ਆਈ ਹੈ ਕਿ 2006 ਵਿਚ ਉਨ੍ਹਾਂ ਦੀ ਸਰਕਾਰ ਨੇ ਸਰਕਾਰੀ ਮੰਡੀਆਂ ਖ਼ਤਮ ਕਰਕੇ ਉਨ੍ਹਾਂ ਨਾਲ ਕਿੱਡਾ ਵੱਡਾ ਅਨਿਆਂ ਕੀਤਾ। ਹੋਰ ਸੂਬਿਆਂ ਦੇ ਕਿਸਾਨ ਘੱਟੋ ਘੱਟ ਖਰੀਦ ਮੁੱਲ ਦੇ ਕਿਸਾਨਾਂ ਦੇ ਹੱਕ ਬਾਰੇ ਜਾਗਰੂਕ ਹੋਏ ਹਨ। ਅੰਦੋਲਨ ਨੇ ਸਰਕਾਰ ਦੇ ਉਸ ਬਿਰਤਾਂਤ/ਬਿਆਨੀਏ ਨੂੰ ਵੀ ਤੋੜਿਆ ਹੈ ਜਿਸ ਅਨੁਸਾਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਖੇਤੀ ਸੁਧਾਰਾਂ ਦੇ ਰੂਪ ਵਿਚ ਪੇਸ਼ ਕਰ ਰਹੀ ਸੀ; ਅੰਦੋਲਨ ਨੇ ਦਰਸਾਇਆ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਦਾ ਰਾਹ ਕਿਸਾਨਾਂ ਦੀ ਭਲਾਈ ਦੀ ਮੰਜ਼ਿਲ ਵੱਲ ਨਹੀਂ ਸਗੋਂ ਖੇਤੀ ਖੇਤਰ ਨੂੰ ਕਾਰਪੋਰੇਟ ਅਦਾਰਿਆਂ ਦੇ ਹੱਥਾਂ ਵਿਚ ਸੌਂਪਣ ਵੱਲ ਜਾਂਦਾ ਹੈ। ਅੰਦੋਲਨ ਨੇ ਕਾਰਪੋਰੇਟ ਪੱਖੀ ਅਰਥ ਸ਼ਾਸਤਰੀਆਂ ਦੇ ਦੰਭ ਨੂੰ ਨੰਗਿਆ ਕੀਤਾ ਹੈ। ਲੋਕ ਪੱਖੀ ਅਰਥ ਸ਼ਾਸਤਰੀ ਤੇ ਚਿੰਤਕ ਕਿਸਾਨਾਂ ਦੀ ਹਮਾਇਤ ਵਿਚ ਨਿੱਤਰੇ ਹਨ ਅਤੇ ਅੰਦੋਲਨ ਨੂੰ ਅੰਤਰਰਾਸ਼ਟਰੀ ਮੰਚਾਂ ਤੋਂ ਹਮਾਇਤ ਮਿਲੀ ਹੈ। ਦੁਨੀਆਂ ਭਰ ਦੇ ਚਿੰਤਕਾਂ, ਸਮਾਜਿਕ ਕਾਰਕੁਨਾਂ, ਵਿਦਵਾਨਾਂ, ਲੇਖਕਾਂ, ਸਿਆਸੀ ਆਗੂਆਂ, ਅਰਥ ਸ਼ਾਸਤਰੀਆਂ, ਕਲਾਕਾਰਾਂ, ਵਿਗਿਆਨੀਆਂ ਤੇ ਹੋਰ ਖੇਤਰਾਂ ਦੇ ਮਾਹਿਰਾਂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਸਵੀਕਾਰ ਕਰਨ ਲਈ ਕਿਹਾ ਹੈ ਪਰ ਸਰਕਾਰ ਦੇ ਅਭਿਮਾਨ ਦਾ ਕਿਲਾ ਅਭੇਦ ਹੈ।
ਇਹ ਅੰਦੋਲਨ ਨੈਤਿਕ ਪੱਧਰ ’ਤੇ ਪਹਿਲਾਂ ਹੀ ਜਿੱਤ ਚੁੱਕਾ ਹੈ ਕਿਉਂਕਿ ਇਸ ਵਾਲੇ ਪਾਸੇ ਪ੍ਰੇਮ, ਸਾਂਝੀਵਾਲਤਾ, ਨਿਮਰਤਾ, ਸੰਜਮ, ਸਿਦਕ, ਸਿਰੜ, ਸਦਾਚਾਰ, ਇਖ਼ਲਾਕ ਅਤੇ ਨਿਆਂ ਨਾਲ ਇਸ਼ਕ ਦੀ ਫ਼ਸਲ ਲਹਿਲਹਾ ਰਹੀ ਹੈ ਜਦੋਂਕਿ ਦੂਸਰੇ ਪਾਸੇ ਹਕੂਮਤ ਦੇ ਘੁਮੰਡ, ਹੰਕਾਰ ਅਤੇ ਹਉਮੈਂ ਦਾ ਮਹਾਂ-ਮਹੱਲ ਹੈ। ਇਸ ਅੰਦੋਲਨ ਨੂੰ ਕਦੇ ਅਤਿਵਾਦੀ, ਕਦੇ ਖਾਲਿਸਤਾਨੀ, ਕਦੇ ਨਕਸਲੀ ਅਤੇ ਕਦੇ ਕੋਈ ਹੋਰ ਲਕਬ ਦਿੱਤੇ ਗਏ। ਸਰਕਾਰ ਨੇ ਗੱਲਬਾਤ ਕੀਤੀ ਪਰ ਨਾਲ ਨਾਲ ਪ੍ਰਧਾਨ ਮੰਤਰੀ, ਕੇਂਦਰੀ ਖੇਤੀ ਮੰਤਰੀ ਅਤੇ ਭਾਜਪਾ ਦੇ ਹੋਰ ਆਗੂ ਖੇਤੀ ਕਾਨੂੰਨਾਂ ਦੇ ਸਹੀ ਹੋਣ ਦੀ ਮੁਹਾਰਨੀ ਪੜ੍ਹਦੇ ਗਏ। ਸਰਕਾਰ ਖੇਤੀ ਕਾਨੂੰਨਾਂ ਨੂੰ 18 ਮਹੀਨੇ ਤਕ ਮੁਲਤਵੀ ਕਰਨ ਲਈ ਤਿਆਰ ਹੋ ਗਈ ਜਿਹੜਾ ਅੰਦੋਲਨ ਦੇ ਨੈਤਿਕ ਸਫ਼ਰ ਦਾ ਇਕ ਮਹੱਤਵਪੂਰਨ ਪੜਾਅ ਸੀ ਪਰ ਸਰਕਾਰ ਦੀ ਆਪਣੇ ਸਹੀ ਹੋਣ ਦੀ ਮੁਹਾਰਨੀ ਜਾਰੀ ਰਹੀ। 26 ਜਨਵਰੀ 2021 ਨੂੰ ਕੁਝ ਹੁੱਲੜਬਾਜ਼ਾਂ ਨੇ ਇਸ ਅੰਦੋਲਨ ਨੂੰ ਇਕ ਵੱਖਰੇ ਰਸਤੇ ’ਤੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਅੰਦੋਲਨ ਦੇ ਡਗਮਗਾਉਣ ਦੇ ਅੰਦੇਸ਼ੇ ਉਭਰੇ ਪਰ ਆਪਣੇ ਆਗੂਆਂ ਦੀ ਅਗਵਾਈ ਸਦਕਾ ਅੰਦੋਲਨ ਆਪਣੇ ਪੈਰਾਂ ’ਤੇ ਖੜ੍ਹਾ ਰਿਹਾ ਤੇ ਸ਼ਾਂਤਮਈ ਲੀਹਾਂ ’ਤੇ ਚਲਦਾ ਰਿਹਾ। ਅੰਦੋਲਨ ਵਿਚ 500 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋਏ ਪਰ ਕਿਸੇ ਹਾਕਮ ਦੇ ਮਨ ਵਿਚ ਖਿਮਾ, ਖੇਦ ਜਾਂ ਅਫ਼ਸੋਸ ਦੇ ਭਾਵ ਨਹੀਂ ਉੱਭਰੇ। ਇਸ ਤਰ੍ਹਾਂ ਇਹ ਟੱਕਰ ਲੋਕਾਈ ਦੇ ਪ੍ਰੇਮ, ਨਿਮਰਤਾ ਅਤੇ ਸੰਜਮ ਦੇ ਸੰਸਾਰ ਅਤੇ ਹਾਕਮ ਜਮਾਤ ਦੀ ਅਸੰਵੇਦਨਸ਼ੀਲਤਾ, ਅਭਿਮਾਨ, ਹੰਕਾਰ ਤੇ ਘੁਮੰਡ ਦੇ ਸੰਸਾਰ ਵਿਚਲੀ ਟੱਕਰ ਬਣ ਗਈ ਹੈ। ਸਰਕਾਰ ਆਪਣੀ ਹਉਮੈਂ ਦੇ ਕਵਚ ਵਿਚ ਕੈਦ ਹੈ ਅਤੇ ਕਿਸਾਨ ਭਗਤ ਕਬੀਰ ਦੇ ਬੋਲਾਂ ਅਨੁਸਾਰ ਗਗਨ ਦਮਾਮੇ ਵਜਾਉਂਦੇ ਹੋਏ ਮੈਦਾਨ ਨਾ ਛੱਡਣ ਦਾ ਤਹੱਈਆ ਕਰ ਚੁੱਕੇ ਹਨ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰੇ। ਕਿਸਾਨ ਅੰਦੋਲਨ ਨੇ ਪ੍ਰੇਮ, ਅਨੁਰਾਗ ਅਤੇ ਸੰਘਰਸ਼ ਦੇ ਸਫ਼ਰ ਵਿਚ ਛੇ ਮਹੀਨੇ ਪੂਰੇ ਕਰ ਲਏ ਹਨ ਅਤੇ ਇਸ ਸਫ਼ਰ ਦੇ ਰਾਹੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਦਾ ਯਕੀਨ ਹੈ। ਇਹ ਅੰਦੋਲਨ ਹੁਣੇ ਵਿਛੜੇ ਲੋਕ ਕਵੀ ਮਹਿੰਦਰ ਸਾਥੀ ਦੇ ਸ਼ਬਦਾਂ ਵਿਚ ਹਕੂਮਤ ਤੋਂ ਇਹ ਪੁੱਛ ਰਿਹਾ ਹੈ:
ਕਿੱਥੇ ਵਸੇਂਗਾ ਤੂੰ ਭਲਾ ਸਾਨੂੰ ਉਜਾੜ ਕੇ
ਪਾਏਂਗਾ ਕਿੱਥੇ ਆਲ੍ਹਣਾ ਸ਼ਾਖਾਂ ਨੂੰ ਝਾੜ ਕੇ
ਕਿਸਾਨ ਨਾ ਉਜੜਨ ਦਾ ਪ੍ਰਣ ਕਰ ਚੁੱਕੇ ਹਨ; ਹਕੂਮਤ ਉਜਾੜਨ ਦੀ ਰਾਹ ’ਤੇ ਤੁਰੀ ਹੋਈ ਹੈ। ਨੇਕੀ ਤੇ ਬਦੀ ਵਿਚ ਟੱਕਰ ਜਾਰੀ ਹੈ।