ਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ...? - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਉਹ ਚਾਹ ਪਿਆਉਣ ਆਇਆ ਫ਼ੋਨ ਸੁਣ ਕੇ ਨੱਚਣ ਲੱਗ ਪਿਆ ਤੇ ਬੋਲਿਆ, ''ਬਸ ਅਬ ਤੋਂ ਥੋੜੀ ਦੇਰ ਕੀ ਬਾਤ ਹੈ। ਅਬ ਮੁਝੇ ਓਰ ਕਾਮ ਨਈਂ ਕਰਨਾ ਪੜੇਗਾ। ਆਰਾਮ ਸੇ ਘਰ ਮੇਂ ਬੈਠੇਂਗੇ।''
''ਲਾਟਰੀ ਨਿਕਲ ਆਈ ਹੈ ਕੀ,'' ਮੇਰੇ ਪਤੀ ਨੇ ਉਸ ਨੂੰ ਖ਼ੁਸ਼ ਹੁੰਦਿਆਂ ਵੇਖ ਪੁੱਛਿਆ?
''ਨਈਂ, ਬੇਟੀ ਪੈਦਾ ਹੁਈ ਹੈ। ਵੋ ਭੀ ਤੋ ਲਾਟਰੀ ਸੇ ਕਮ ਨਈਂ,'' ਉਸ ਜਵਾਬ ਦਿੱਤਾ।
ਮੱਧ ਪ੍ਰਦੇਸ ਵਿਚ ਡਾਕਟਰੀ ਕਾਨਫਰੰਸ ਅਟੈਂਡ ਕਰਨ ਗਏ ਅਸੀਂ ਜਿਸ ਹੋਟਲ ਵਿਚ ਠਹਿਰੇ ਸੀ, ਉੱਥੇ ਦਾ ਇਕ ਕਰਮਚਾਰੀ ਧੀ ਜੰਮਣ ਉੱਤੇ ਏਨਾ ਖ਼ੁਸ਼ ਵੇਖ ਕੇ ਜਿੱਥੇ ਮੈਨੂੰ ਇੱਕ ਪਾਸੇ ਹੈਰਾਨੀ ਹੋਈ, ਉੱਥੇ ਖ਼ੁਸ਼ੀ ਵੀ ਹੋਈ ਕਿ ਚਲੋ ਸ਼ੁਕਰ ਹੈ, ਭਾਰਤ ਵਿਚ ਕਿਸੇ ਥਾਂ ਇਹ ਤਬਦੀਲੀ ਵੀ ਸ਼ੁਰੂ ਹੋਈ।
ਮੈਂ ਉਸ ਨੂੰ ਪੁੱਛਿਆ ਕਿ ਕੀ ਪਹਿਲਾਂ ਵੀ ਉਸ ਦੇ ਘਰ ਕੋਈ ਔਲਾਦ ਹੈ ਤਾਂ ਉਹ ਬੋਲ ਪਿਆ, ''ਤੀਨ ਤੀਨ ਬੇਟੇ ਹੈਂ। ਬੇਟੀ ਕੇ ਲਿਏ ਇਤਨੇ ਪੈਦਾ ਕਰ ਦੀਏ। ਵੋ ਤੋ ਸਿਰਫ਼ ਖ਼ਰਚ ਕਰੇਂਗੇ। ਉਨੀਂ ਕੇ ਲੀਏ ਮੈਂ ਯਹਾਂ ਘਰ ਸੇ ਦੂਰ ਮਰ ਰਹਾ ਹੂੰ। ਅਬ ਸ਼ੁਕਰ ਹੈ ਕੋਈ ਕਮਾਨੇ ਵਾਲੀ ਆਈ। ਬਸ ਏਕ ਓਰ ਬੇਟੀ ਆ ਜਾਏ ਤੋਂ ਸਾਰੀ ਉਮਰ ਭਗਵਾਨ ਕਾ ਸ਼ੁਕਰ ਮਨਾਊਂਗਾ।''
ਉਹ ਏਨਾ ਖ਼ੁਸ਼ ਸੀ ਕਿ ਉਸ ਕੋਲੋਂ ਖ਼ੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਹੱਥ ਜੋੜ ਕੇ ਅਸਮਾਨ ਵੱਲ ਤੱਕ ਧੰਨਵਾਦ ਕਰਦਿਆਂ ਉਹ ਬੋਲ ਪਿਆ,''ਸ਼ਾਮ ਕੋ ਆਪ ਕਾ ਮੂੰਹ ਮੀਠਾ ਕਰਵਾਊਂਗਾ।''
ਉਸ ਦੀ ਏਨੀ ਜ਼ਿਆਦਾ ਖ਼ੁਸ਼ੀ ਵੇਖ ਮੈਨੂੰ ਕੁੱਝ ਹੈਰਾਨੀ ਹੋਣ ਲੱਗ ਪਈ ਸੀ। ਕਾਨਫਰੰਸ ਉੱਤੇ ਵੇਲੇ ਸਿਰ ਪਹੁੰਚਣਾ ਸੀ। ਇਸੇ ਲਈ ਉਸ ਨੂੰ ਸ਼ਾਮ ਨੂੰ ਮਿਲਣ ਦੀ ਗੱਲ ਕੀਤੀ। ਰਾਹ ਵਿਚ ਵੀ ਮੈਂ ਉਸ ਬਾਰੇ ਸੋਚਦੀ ਰਹੀ ਕਿ ਇਹ ਗ਼ਰੀਬ ਹੋ ਕੇ ਵੀ ਧੀ ਜੰਮਣ ਉੱਤੇ ਕਿੰਨਾ ਖ਼ੁਸ਼ ਸੀ।
ਮੇਰੇ ਪਤੀ ਕਹਿਣ ਲੱਗੇ, ''ਕੁੱਝ ਬਿਰਾਦਰੀਆਂ ਧੀਆਂ ਕੋਲੋਂ ਕੰਮ ਕਰਵਾਉਂਦੀਆਂ ਹਨ। ਪੁੱਤਰ ਵਿਹਲੇ ਰਹਿੰਦੇ ਹਨ। ਇਸੇ ਲਈ ਇਹ ਏਨਾ ਖ਼ੁਸ਼ ਸੀ।'' ਮੈਂ ਫੈਸਲਾ ਕਰ ਲਿਆ ਸੀ ਕਿ ਉਸ ਦੀ ਧੀ ਲਈ ਕੁੱਝ ਵਧੀਆ ਫਰਾਕਾਂ ਤੇ ਕਪੜੇ ਖ਼ਰੀਦ ਕੇ ਸੁਗ਼ਾਤ ਵਜੋਂ ਦੇ ਦਿਆਂਗੀ।
ਸ਼ਾਮ ਨੂੰ ਕਾਨਫਰੰਸ ਮੁੱਕਣ ਬਾਅਦ ਮੈਂ ਬਜ਼ਾਰੋਂ ਉਸ ਦੀ ਧੀ ਲਈ ਗੁਲਾਬੀ ਤੇ ਲਾਲ ਰੰਗ ਦੀਆਂ ਫਰਾਕਾਂ, ਲਪੇਟਣ ਲਈ ਦੋ ਫੁੱਲਾਂ ਵਾਲੀਆਂ ਚਾਦਰਾਂ, ਸਿਰ ਲਈ ਟੋਪੀ ਤੇ ਨਿੱਕੀਆਂ ਪਿਆਰੀਆਂ ਜਰਾਬਾਂ ਖ਼ਰੀਦ ਲਈਆਂ।
ਵਾਪਸ ਹੋਟਲ ਪਹੁੰਚਣ ਉੱਤੇ ਉਹ ਖ਼ੁਸ਼ੀ-ਖ਼ੁਸ਼ੀ ਮਠਿਆਈ ਖਵਾਉਣ ਲਈ ਆਇਆ ਤਾਂ ਮੈਂ ਉਸ ਨੂੰ ਸਾਰੇ ਕਪੜੇ ਫੜਾ ਦਿੱਤੇ।
ਕਪੜੇ ਫੜ ਕੇ ਉਹ ਹੈਰਾਨੀ ਨਾਲ ਮੇਰੇ ਵੱਲ ਤੱਕਣ ਲੱਗ ਪਿਆ ਤੇ ਬੋਲਿਆ,''ਯੇ ਕਿਆ ਕਰੇਗੀ। ਲੜਕੀ ਕੀ ਕੀਮਤ ਤੋਂ ਇਨ ਕੇ ਬਿਨਾ ਹੈ।''
ਮੈਨੂੰ ਸੁਣ ਕੇ ਇਕਦਮ ਧੱਕਾ ਲੱਗਿਆ। ਮੇਰੇ ਪਤੀ ਨੇ ਉਸ ਕੋਲੋਂ ਅਜਿਹੀ ਇਬਾਰਤ ਦਾ ਕਾਰਨ ਪੁੱਛਿਆ।
''ਹਮ ਬੰਛੜੇ ਹੈਂ ਸਾਹਬ। ਹਮ ਅਪਨੀ ਲੜਕੀਓਂ ਸੇ ਧੰਧਾ ਕਰਵਾਤੇ ਹੈਂ। ਯਹੀ ਹਮਾਰੀ ਕਮਾਈ ਕਾ ਤਰੀਕਾ ਹੈ। ਸਦੀਓਂ ਸੇ ਯਹੀ ਹੋਤਾ ਹੈ। ਰਤਲਾਮ, ਮੰਡਸੌਰ ਔਰ ਨੀਮੁੱਚ ਜ਼ਿਲ੍ਹੋਂ ਮੇਂ ਹਮਾਰੇ ਲੋਗ ਬਸਤੇ ਹੈਂ। ਹਮਾਰੇ ਯਹਾਂ ਅਫ਼ੀਮ ਬਹੁਤ ਖੁੱਲੀ ਮਿਲਤੀ ਹੈ। ਹਮਾਰੇ ਵਹਾਂ 75 ਗਾਂਵ ਹੈਂ। ਉਨ ਮੇਂ 23000 ਲੋਗ ਬਸਤੇ ਹੈਂ। ਸਭ ਯਹੀ ਕਾਮ ਕਰਤੇ ਹੈਂ,'' ਉਹ ਬੋਲੀ ਜਾ ਰਿਹਾ ਸੀ।
ਮੈਂ ਬੇਯਕੀਨੀ ਜਿਹੀ ਨਾਲ ਸੁਣ ਰਹੀ ਸੀ। ਕੁੱਝ ਪਲ ਪਹਿਲਾਂ ਤੱਕ ਜੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ, ਹੁਣ ਕੋਝਾ ਜਾਪਣ ਲੱਗ ਪਿਆ ਸੀ।
ਮੈਂ ਰਤਾ ਖਿੱਝ ਕੇ ਉਸ ਨੂੰ ਅਜਿਹਾ ਕਰਨ ਦਾ ਕਾਰਣ ਪੁੱਛਿਆ ਤਾਂ ਉਹ ਬੋਲਿਆ, ''ਸਦੀਓਂ ਸੇ ਹਮਾਰਾ ਯਹੀ ਰਿਵਾਜ਼ ਹੈ। ਜਬ ਗਿਆਰਾ ਸਾਲ ਦੀ ਲੜਕੀ ਹੋਤੀ ਹੈ ਤੋ ਉਸੇ ਪਹਿਲੀ ਬਾਰ ਕਾਮ ਪੇ ਲਗਾਇਆ ਜਾਤਾ ਹੈ। ਯੇ ਬੜਾ ਤਿਉਹਾਰ ਹੋਤਾ ਹੈ। ਸਭ ਘਰ ਕੇ ਮਰਦ ਕਮਰੇ ਕੇ ਬਾਹਰ ਬੈਠ ਕੇ ਜਸ਼ਨ ਮਨਾਤੇ ਹੈਂ ਔਰ ਘਰ ਕੀ ਔਰਤੇਂ, ਚਾਚੀ, ਮਾਮੀ, ਦਾਦੀ, ਲੜਕੀ ਕੋ ਕਸ ਕੇ ਪਕੜ ਕੇ ਪਹਿਲੇ ਮਰਦ ਗ੍ਰਾਹਕ ਕੋ ਸੌਂਪ ਦੇਤੀ ਹੈਂ। ਬਸ ਫਿਰ ਰੋਜ਼ ਕੀ ਕਮਾਈ ਸ਼ੁਰੂ। ਡੇਢ ਸੌ ਰੁਪੈ ਰੋਜ਼ ਤਕ ਕਮਾ ਲੇਤੀ ਹੈ ਲੜਕੀ। ਹਰ ਘਰ ਕਾ ਯਹੀ ਰੁਜ਼ਗਾਰ ਹੈ। ਜਿਸਕੇ ਯਹਾਂ ਲੜਕੀ ਪੈਦਾ ਨਹੀਂ ਹੋਤੀ, ਵੋ ਮੇਰੀ ਤਰ੍ਹਾਂ ਇਧਰ ਉਧਰ ਧੱਕੇ ਖਾਤਾ ਫਿਰਤਾ ਹੈ।''
ਮੈਨੂੰ ਉਸ ਤੋਂ ਘਿਣ ਆਉਣ ਲੱਗ ਪਈ ਸੀ। ਧੀ ਦਾ ਵਪਾਰੀ ਮੈਨੂੰ ਆਪਣੇ ਕਮਰੇ ਵਿਚ ਬੈਠਾ ਵੀ ਚੁੱਭ ਰਿਹਾ ਸੀ। ਮੈਂ ਆਪਣੇ ਆਪ ਉੱਤੇ ਲਾਅਨਤਾਂ ਪਾ ਰਹੀ ਸੀ ਕਿ ਮੈਂ ਉਸ ਹੱਥੋਂ ਮੂੰਹ ਮਿੱਠਾ ਕਿਉਂ ਕੀਤਾ!
ਉਸ ਦੀ ਸ਼ਿਕਾਇਤ ਕਰਨ ਲਈ ਮੈਂ ਉਥੋਂ ਦੇ ਹੀ ਇਕ ਡਾਕਟਰ ਨਾਲ ਫ਼ੋਨ ਉੱਤੇ ਗੱਲ ਕੀਤੀ ਤਾਂ ਉਸ ਦੱਸਿਆ, ''ਇਨ੍ਹਾਂ ਦੀ ਜਾਤੀ 'ਚ 65 ਫੀਸਦੀ ਔਰਤਾਂ ਹੁੰਦੀਆਂ ਨੇ। ਮੱਧ ਪ੍ਰਦੇਸ ਦੇ ਵੁਮੈਨ ਐਮਪਾਵਰਮੈਂਟ ਵਿਭਾਗ ਨੇ 2015 'ਚ ਮੰਡਸੌਰ ਦੇ 38 ਪਿੰਡਾਂ ਵਿਚ ਸਰਵੇਖਣ ਕਰ ਕੇ ਸਪਸ਼ਟ ਕੀਤਾ ਸੀ ਕਿ ਉੱਥੇ ਕੁੱਲ 3435 ਵਸਨੀਕ ਹਨ ਜਿਨ੍ਹਾਂ ਵਿਚ 2243 ਔਰਤਾਂ ਹਨ ਤੇ 1192 ਆਦਮੀ। ਯਾਨੀ ਔਰਤਾਂ ਦੀ ਗਿਣਤੀ ਲਗਭਗ ਦੁਗਣੀ ਹੈ। ਪਰ, ਇਹ ਗਿਣਤੀ ਸਿਰਫ਼ ਇਸ ਲਈ ਹੈ ਕਿ ਜਿਸਮ ਫ਼ਰੋਸ਼ੀ ਦਾ ਧੰਧਾ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲਦਾ ਹੈ। ਜਿਸ ਘਰ ਕੁੜੀ ਪੈਦਾ ਨਹੀਂ ਹੁੰਦੀ, ਉੱਥੇ ਕੁੜੀ ਖ਼ਰੀਦੀ ਜਾਂਦੀ ਹੈ ਜਾਂ ਮੁਲਕ ਦੇ ਹੋਰਨਾ ਹਿੱਸਿਆਂ 'ਚੋਂ ਚੁੱਕ ਲਈ ਜਾਂਦੀ ਹੈ। ਇਹ ਸਾਰੀਆਂ ਕੁੜੀਆਂ ਨਵਜੰਮੀਆਂ ਹੀ ਚੁੱਕੀਆਂ ਜਾਂਦੀਆਂ ਹਨ ਜਾਂ ਕਿਸੇ ਹੋਰ ਵੱਲੋਂ ਸੁੱਟੀਆਂ ਲਿਆਈਆਂ ਜਾਂਦੀਆਂ ਹਨ। ਇਹੀ ਇਨ੍ਹਾਂ ਦੀ ਕਮਾਈ ਦਾ ਸਾਧਨ ਹੈ।''
ਮੇਰੇ ਪਤੀ ਨੇ ਇੰਟਰਨੈੱਟ ਰਾਹੀਂ ਇਸ ਇਲਾਕੇ ਦੀਆਂ ਕੁੱਝ ਖ਼ਬਰਾਂ ਕੱਢ ਕੇ ਮੇਰੇ ਅੱਗੇ ਧਰ ਦਿੱਤੀਆਂ। ਉਨ੍ਹਾਂ ਵਿਚ ਐਡਵੋਕੇਟ ਅਮਿਤ ਸ਼ਰਮਾ, ਜੋ ਆਰ.ਟੀ.ਆਈ. ਐਕਟੀਵਿਸਟ ਵੀ ਹੈ, ਨੇ ਬਿਆਨ ਦਿੱਤਾ ਹੋਇਆ ਸੀ ਕਿ ਜੁਲਾਈ 2014 ਵਿਚ ਨੀਮੁੱਕ ਜ਼ਿਲ੍ਹੇ ਵਿਚ ਰੇਡ ਪੈਣ ਉੱਤੇ ਪਤਾ ਲੱਗਿਆ ਕਿ ਇਕ ਬੰਛੜੇ ਟੱਬਰ ਨੇ ਸ਼ਟਾਮ ਪੇਪਰ ਉੱਤੇ 500 ਰੁਪੈ ਵਿਚ ਸੰਨ 2009 ਵਿਚ ਇਕ ਸਾਲ ਦੀ ਬੱਚੀ ਖਰੀਦੀ ਜੋ ਹੁਣ 6 ਸਾਲ ਦੀ ਹੋ ਚੁੱਕੀ ਸੀ। ਇਹ ਸਭ ਬੜੇ ਸੰਗਠਿਤ ਢੰਗ ਨਾਲ ਚੱਲਦਾ ਪਿਆ ਹੈ ਤੇ ਹੇਠੋਂ ਉੱਪਰ ਤਕ ਪੂਰੀ ਕਮਿਸ਼ਨ ਬੰਨ੍ਹੀ ਹੋਈ ਹੈ। ਇਨ੍ਹਾਂ ਵਿੱਚੋਂ ਕਿਸੇ ਵੀ ਕੁੜੀ ਦਾ ਪੂਰਾ ਧਿਆਨ ਨਹੀਂ ਰੱਖਿਆ ਜਾਂਦਾ। ਨਿੱਕੀਆਂ ਬੱਚੀਆਂ ਤੋਂ ਪੂਰਾ ਘਰ ਦਾ ਕੰਮ ਕਰਵਾਇਆ ਜਾਂਦਾ ਹੈ ਤੇ ਕਦੇ ਵੀ ਰੱਜ ਕੇ ਰੋਟੀ ਨਹੀਂ ਦਿੱਤੀ ਜਾਂਦੀ। ਇਹੀ ਹਰ ਘਰ ਦਾ ਰੂਟੀਨ ਹੈ।
ਇਨ੍ਹਾਂ ਨੂੰ ਪੂਰੀ ਵਿਚਾਰਗੀ ਤੇ ਅਧੀਨਤਾ ਨਾਲ ਪਾਲ ਕੇ, ਮਾਰ ਕੁੱਟ ਕੇ ਦਬਾਅ ਹੇਠ ਰੱਖ ਕੇ ਸਿਰਫ਼ ਧੰਧੇ ਲਈ ਹੀ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਵਿਚ ਆਪਣੇ ਹੱਕਾਂ ਬਾਰੇ ਤਾਂ ਦੂਰ ਦੀ ਗੱਲ, ਆਵਾਜ਼ ਕੱਢਣ ਦੀ ਵੀ ਹਿੰਮਤ ਨਾ ਬਚੇ।
ਬੱਚੀਆਂ ਨੂੰ ਭਾਵੇਂ ਸਾਰਾ ਦਿਨ ਭੁੱਖਾ ਰਹਿਣਾ ਪਵੇ, ਪਰ ਰੋਟੀ ਉਦੋਂ ਹੀ ਇਕ ਵੇਲੇ ਦੀ ਨਸੀਬ ਹੁੰਦੀ ਹੈ, ਜਦੋਂ ਜਿਸਮ ਵੇਚ ਕੇ ਕਮਾਈ ਪਿਓ ਦੇ ਹੱਥ ਧਰ ਦੇਣ।
ਇਹ ਕਮਾਈ 30 ਰੁਪੈ ਤੋਂ 150 ਰੁਪੈ ਤੱਕ ਦੀ ਹਰ ਰਾਤ ਦੀ ਹੁੰਦੀ ਹੈ। ਜਿਹੜੀ ਵੀ ਰਾਤ ਬੱਚੀ ਕੋਲ ਗਾਹਕ ਨਾ ਆਏ ਤਾਂ ਉਹ ਦਿਨ ਉਸ ਨੂੰ ਫਾਕਾ ਕੱਟਣਾ ਪੈਂਦਾ ਹੈ। ਜਿਸ ਟੱਬਰ ਵਿਚ ਕੁੜੀ ਪੈਦਾ ਕਰਨ ਦੇ ਲਾਲਚ ਵਿਚ ਮੁੰਡੇ ਵੱਧ ਪੈਦਾ ਹੋ ਜਾਣ, ਤਾਂ ਮੁੰਡੇ ਵੇਚ ਦਿੱਤੇ ਜਾਂਦੇ ਹਨ ਤੇ ਉਸ ਬਦਲੇ ਕੁੜੀ ਖ਼ਰੀਦ ਲਈ ਜਾਂਦੀ ਹੈ।
ਅੱਜ ਕਲ ਦੇ ਦਿਨਾਂ ਵਿਚ ਏਜੰਟ ਸੁੱਟੀਆਂ ਹੋਈਆਂ ਕੁੜੀਆਂ ਨੂੰ ਸ਼ਿਕਾਰੀ ਕੁੱਤਿਆਂ ਵਾਂਗ ਚੁੱਕਣ ਲਈ ਤਿਆਰ ਬੈਠੇ ਹੋਏ ਹਨ ਤੇ 2000 ਤੋਂ 10,000 ਤੱਕ ਦੀ ਕੀਮਤ ਲੈ ਕੇ ਬੰਛੜਿਆਂ ਨੂੰ ਵੇਚ ਰਹੇ ਹਨ।
''ਉੱਪਰ'' ਤੱਕ ਦਿੱਤੀ ਜਾਂਦੀ ਰਿਸ਼ਵਤ ਹੀ ਇਸ ਸਦੀਆਂ ਪੁਰਾਣੀ ਰੀਤ ਨੂੰ ਤੋੜਨ ਵਿਚ ਅਸਮਰਥ ਸਾਬਤ ਹੋ ਰਹੀ ਹੈ। ਜੇ ਕੋਈ ਪਿਓ ਅਜਿਹੀ ਰੀਤ ਨੂੰ ਤੋੜ ਕੇ ਨੌਕਰੀ ਦੀ ਭਾਲ ਵਿਚ ਬਾਹਰ ਵੀ ਨਿਕਲੇ ਤਾਂ ਬਾਕੀ ਟੱਬਰ ਦੇ ਛੇਕੇ ਜਾਣ ਦਾ ਡਰ ਤੇ ਦਲਾਲਾਂ ਵੱਲੋਂ ਮਿਲਦੀਆਂ ਧਮਕੀਆਂ ਵਾਪਸ ਉਸੇ ਦਲਦਲ ਵਲ ਉਸ ਨੂੰ ਧੱਕ ਦਿੰਦੀਆਂ ਹਨ।
ਇਸ ਹਨ੍ਹੇਰਗਰਦੀ ਤੇ ਗੁੰਡਾਗਰਦੀ ਵਿਚ, ਜਿੱਥੇ ਪਿਓ, ਚਾਚਾ, ਤਾਇਆ ਆਪਣੀ ਹੀ ਧੀ ਦੀ ਪੱਤ ਲੁੱਟੇ ਜਾਣ ਦਾ ਜਸ਼ਨ ਮਨਾਉਂਦੇ ਹੋਣ ਤੇ ਤਾਈਆਂ, ਚਾਚੀਆਂ, ਜੋ ਆਪ ਇਹੀ ਨਰਕ ਭੋਗ ਚੁੱਕੀਆਂ ਹੋਣ, ਇਕ 11 ਵਰ੍ਹਿਆਂ ਦੀ ਨਾਬਾਲਗ ਬੱਚੀ ਦੇ ਬਲਾਤਕਾਰ ਦਾ ਅੱਖੀਂ ਵੇਖੇ ਗਵਾਹ ਹੋਣ ਦਾ ਹਿੱਸਾ ਬਣਾਈਆਂ ਜਾ ਰਹੀਆਂ ਹੋਣ ਤਾਂ ਉੱਥੇ ਇਕ ਨੁੱਕਰੇ ਲੱਗੀ ਆਪਣੀਆਂ ਸੁੱਕ ਚੁੱਕੇ ਹੰਝੂਆਂ ਵਾਲੀਆਂ ਅੱਖਾਂ 'ਚੋਂ ਮੁੱਕ ਚੁੱਕੇ ਸੁਫਨਿਆਂ ਨਾਲ ਅਸਮਾਨੀਂ ਤੱਕਦੀ ਤੇ ਭੁੱਖ ਨਾਲ ਕੜਵੱਲ ਪੈਂਦੇ ਢਿਡ ਨੂੰ ਨੱਪਦੀ ਮਾਂ ਦੀ ਪੀੜ ਬਾਰੇ ਕੌਣ ਚਿੰਤਿਤ ਹੋਵੇਗਾ?
ਉਸ ਮਾਂ ਨੂੰ ਆਪਣੀ ਹੀ ਨਾਬਾਲਗ ਧੀ ਦੀ ਪੱਤ ਲੁੱਟੇ ਜਾਣ ਬਾਅਦ ਦੀ ਮਿਲੀ ਕਮਾਈ ਵਿੱਚੋਂ ਢਿੱਡ ਭਰਨਾ ਪੈਂਦਾ ਹੈ।
ਅਜਿਹੇ ਮਾਹੌਲ ਵਿਚ ਕੀ ਕੋਈ ਜੁਅਰਤ ਕਰ ਸਕਦਾ ਹੈ ਇਹ ਪੁੱਛਣ ਦੀ, ਕਿ ਭਾਰਤ ਮਾਤਾ ਦੇ ਸਪੂਤੋ, ਬੇਟੀਆਂ ਜੰਮਣ ਦਾ ਹੋਕਾ ਦੇਣ ਵਾਲਿਓ ਬਘਿਆੜੋ, ਕੀ ਇਸ ਹੈਵਾਨੀਅਤ ਦੇ ਨੰਗੇ ਨਾਚ ਵਾਸਤੇ ਧੀਆਂ ਦਾ ਜੰਮਣਾ ਜ਼ਰੂਰੀ ਹੈ?
ਸ਼ੁਕਰ ਹੈ ਅਜਿਹੇ ਸ਼ੈਤਾਨੀਅਤ ਭਰੇ ਮਾਹੌਲ ਵਿਚ ਵੀ ਅਜਗਰਾਂ ਦੇ ਮੂੰਹੋਂ ਮਾਸੂਮ ਕਲੀਆਂ ਨੂੰ ਬਚਾਉਣ ਲਈ ਇਕ ਐਸ.ਪੀ. ਨੇ ਜੁਅਰਤ ਵਿਖਾਈ ਹੈ। ਸ੍ਰੀ ਟੀ.ਕੇ. ਵਿਦਿਆਰਥੀ (ਐਸ.ਪੀ.) ਨੇ ਬੰਛੜਿਆਂ ਦੇ ਕੁੱਝ ਪੁੱਤਰਾਂ ਨੂੰ ਪੜ੍ਹਨੇ ਪਾਇਆ ਹੈ ਤਾਂ ਜੋ ਉਨ੍ਹਾਂ ਨੂੰ ਮਨੁੱਖੀ ਹੱਕਾਂ ਬਾਰੇ ਗਿਆਨ ਹੋਵੇ ਤੇ ਉਹ ਹੱਕ ਹਲਾਲ ਦੀ ਕਮਾਈ ਉੱਤੇ ਗੁਜ਼ਾਰਾ ਕਰਨ ਨਾ ਕਿ ਭੈਣਾਂ ਦੇ ਸਰੀਰਾਂ ਦਾ ਲਹੂ ਨਿਚੋੜ ਕੇ।
ਅਫ਼ਸੋਸ ਤਾਂ ਸਿਰਫ਼ ਇਹ ਹੈ ਕਿ ਜਿੱਥੇ ਇਕ ਅਣਖੀ ਪੁਲਿਸ ਅਫਸਰ ਨੇਕ ਕੰਮ ਵੱਲ ਤੁਰਿਆ ਹੈ ਉੱਥੇ ਬੰਛੜੇ ਹੀ ਬਿਆਨ ਦੇ ਰਹੇ ਹਨ-''ਹਮਾਰੇ ਸਭ ਸੇ ਜ਼ਿਆਦਾ ਕਸਟਮਰ ਤੋ ਪੁਲਿਸ ਸੇ ਹੀ ਹੈਂ। ਵੋ ਕਿਆ ਬੰਦ ਕਰਵਾਏਂਗੇ। ਉਨ੍ਹੇਂ ਹਫ਼ਤਾ ਕੌਣ ਦੇਗਾ ਫਿਰ!!''
ਦੁਰ ਫਿਟੇ ਮੂੰਹ! ਦੁਰ ਫਿਟੇ ਮੂੰਹ! ਲੱਖ ਲਾਅਨਤ!!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

30 Aug. 2018