ਕਰੋਨਾ ਤੋਂ ਬਲੈਕ ਫੰਗਸ ਦਾ ਭੈਅ -  ਡਾ. ਸ਼ਿਆਮ ਸੁੰਦਰ ਦੀਪਤੀ

ਕਰੋਨਾ ਨੂੰ ਲੈ ਕੇ ਸਥਿਤੀ ਅਜੇ ਪੂਰੀ ਤਰ੍ਹਾਂ ਸੰਭਲੀ ਨਹੀਂ ਤੇ ਹੁਣ ਹੌਲੀ ਹੌਲੀ ਬਲੈਕ ਫੰਗਸ ਨੇ ਇੱਕ ਤੋਂ ਬਾਅਦ ਇੱਕ ਸੂਬੇ ਨੂੰ ਆਪਣੇ ਘੇਰੇ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਦਹਿਸ਼ਤ ਕਰੋਨਾ ਤੋਂ ਵੀ ਵੱਧ ਹੈ, ਜਦੋਂ ਕੋਈ ਉਹ ਖ਼ਬਰਾਂ ਸੁਣਦਾ ਹੈ ਕਿ ਮਰੀਜ਼ਾਂ ਦੀਆਂ ਅੱਖਾਂ ਹੀ ਕੱਢਣੀਆਂ ਪੈ ਰਹੀਆਂ ਹਨ, ਕਿਸੇ ਦੀ ਇੱਕ ਕਿਸੇ ਦੀਆਂ ਦੋਵੇਂ। ਇਸ ਬਿਮਾਰੀ ਨੂੰ ਕਰੋਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਡਰ ਹਰ ਇਕ ਦੇ ਮਨ ਵਿਚ ਫੈਲ ਗਿਆ ਹੈ। ਮਾੜੀ ਮੋਟੀ ਅੱਖ ਦੀ ਤਕਲੀਫ਼, ਲਾਲੀ ਜਾਂ ਪਾਣੀ ਆਉਣ ’ਤੇ ਵੀ, ਸਭ ਤੋਂ ਪਹਿਲਾਂ ਬਲੈਕ ਫੰਗਸ ਦੀ ਦਿਮਾਗ ਵਿਚ ਦਸਤਕ ਹੁੰਦੀ ਹੈ। ਇਸ ਦੀ ਸੱਚਾਈ ਕੀ ਹੈ, ਕਿੰਨੇ ਕੁ ਭਰਮ-ਭੁਲੇਖੇ ਹਨ ਤੇ ਅਸਲੀਅਤ ਕੀ ਹੈ। ਇਹ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਬਚਾਅ ਹੋ ਸਕੇ ਤੇ ਗੰਭੀਰ ਹਾਲਤ ਹੋਣ ਤੋਂ ਬਚਿਆ ਜਾ ਸਕੇ।

• ਇਹ ਬਲੈਕ ਫੰਗਸ ਹੈ ਕੀ ?
    ਫੰਗਸ ਜੇਕਰ ਆਮ ਭਾਸ਼ਾ ਵਿਚ ਸਮਝੀਏ ਤਾਂ ਇਹ ਉੱਲੀ ਹੈ। ਉੱਲੀ ਜੋ ਅਸੀਂ ਆਪਣੇ ਆਲੇ ਦੁਆਲੇ ਫੈਲੀ ਦੇਖਦੇ ਹਾਂ। ਇਹ ਮਿੱਟੀ ਵਿਚ ਹੁੰਦੀ ਹੈ। ਸਲਾਬੇ ਵਾਲੀ ਥਾਂ, ਜਿਥੇ ਸੂਰਜ ਦੀ ਰੌਸ਼ਨੀ ਨਹੀਂ ਪੈਂਦੀ ਉੱਥੇ ਇਹ ਉਗਦੀ ਹੈ। ਬਲੈਕ ਫੰਗਸ ਵੀ ਉਸੇ ਕਿਸਮ ਦੀ ਹੈ। ਇਹ ਪਹਿਲੀ ਵਾਰੀ ਸਾਹਮਣੇ ਨਹੀਂ ਆਈ ਹੈ। ਇਹ ਬਹੁਤ ਹੀ ਘੱਟ ਮਰੀਜ਼ਾਂ ਵਾਲੀ ਬਿਮਾਰੀ ਹੈ। ਇਹ ਅਕਸਰ ਉਨ੍ਹਾਂ ਮਰੀਜ਼ਾਂ ਵਿਚ ਦੇਖੀ ਗਈ ਹੈ, ਜਿਸ ਵਿਅਕਤੀ ਦੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੁੰਦੀ ਹੈ। ਦੂਸਰੇ, ਉਨ੍ਹਾਂ ਮਰੀਜ਼ਾਂ ਵਿਚ ਜੋ ਆਈ.ਸੀ.ਯੂ. ਵਿਚ ਲੰਮਾਂ ਸਮਾਂ ਪਏ ਰਹਿੰਦੇ ਹਨ ਤੇ ਉਨ੍ਹਾਂ ਦੀਆਂ ਸਾਹ ਦੀਆਂ ਨਲੀਆਂ, ਜੋ ਆਕਸੀਜਨ ਦੇਣ ਲਈ ਵਰਤੀਆਂ ਜਾਂਦੀਆਂ ਹਨ, ਲੋੜ ਮੁਤਾਬਕ, ਸਮੇਂ ਸਿਰ ਬਦਲੀਆਂ ਨਹੀਂ ਜਾਂਦੀਆਂ। ਇਹ ਮਰੀਜ਼ ਅਕਸਰ ਸ਼ੂਗਰ ਕਾਬੂ ਨਾ ਹੋਣ ਵਾਲੇ ਮਰੀਜ਼, ਕੈਂਸਰ ਜਾਂ ਸਾਹ ਛਾਤੀ ਦੀ ਕਿਸੇ ਲੰਮੀ ਬਿਮਾਰੀ ਵਾਲੇ ਹੁੰਦੇ ਹਨ।

• ਇਸ ਬਿਮਾਰੀ ਦਾ ਕਰੋਨਾ ਨਾਲ ਸਬੰਧ ਜੋੜਿਆ ਜਾ ਰਿਹਾ ਹੈ। ਉਸ ਦੀ ਕੀ ਵਜ੍ਹਾ ਹੈ ?
     ਕਰੋਨਾ ਨਾਲ ਬਲੈਕ ਫੰਗਸ ਦਾ ਸਬੰਧ ਜੁੜ ਗਿਆ ਹੈ, ਕਿਉਂ ਜੋ ਹੁਣ ਦੇਸ਼ ਵਿਚ ਕਰੋਨਾ ਮਹਾਮਾਰੀ ਦੀ ਮਾਰ ਹੈ। ਸਾਰੇ ਹਸਪਤਾਲ ਹੀ ਕਰੋਨਾ ਪੀੜਤਾਂ ਨਾਲ ਭਰੇ ਪਏ ਹਨ ਤੇ ਬਲੈਕ ਫੰਗਸ ਦਾ ਹਮਲਾ ਹੁਣ ਉਨ੍ਹਾਂ ਉੱਪਰ ਵੱਧ ਹੈ। ਉਂਝ ਕਰੋਨਾ ਵੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਕਰਦਾ ਹੀ ਹੈ। ਸਾਹ-ਨਲੀਆਂ ਦੀ ਸਾਫ਼ ਸਫ਼ਾਈ ਵੀ ਇਕ ਕਾਰਨ ਹੈ ਪਰ ਦੂਸਰਾ ਅਹਿਮ ਕਾਰਨ ਕਰੋਨਾ ਮਰੀਜ਼ਾਂ ਲਈ ਵਰਤੀ ਜਾ ਰਹੀ ਦਵਾਈ ਕੋਰਟੀਕੋਸਈਰਾਇਡ ਦੀ ਵੱਡੀ ਭੂਮਿਕਾ ਹੈ।
      ਕੋਰਟੀਕੋਸਟੀਰਾਇਡ ਦਾ ਸਿੱਧਾ ਹਮਲਾ ਸਰੀਰ ਦੀ ਸੁਰੱਖਿਆ ਪ੍ਰਣਾਲੀ ’ਤੇ ਹੁੰਦਾ ਹੈ ਤੇ ਨਾਲੇ ਹੀ ਇਹ ਸਰੀਰ ਵਿਚ ਸ਼ੂਗਰ ਦੀ ਮਾਤਰਾ ਨੂੰ ਇਕੋਦਮ ਵਧਾ ਦਿੰਦੀ ਹੈ। ਇਸ ਗੱਲ ਤੋਂ ਅੰਦਾਜ਼ਾ ਲਗਾਉ ਕਿ ਇਕ ਆਮ ਆਦਮੀ ਨੂੰ ਜੇ ਇਹ ਦਵਾਈ ਦਿੱਤੀ ਜਾਂਦੀ ਹੈ ਤਾਂ ਉਸ ਦੀ ਬਲੱਡ ਸ਼ੁਗਰ 250 ਤਕ ਪਹੁੰਚ ਜਾਂਦੀ ਹੈ ਤੇ ਜੇਕਰ ਉਹ ਪਹਿਲੋਂ ਹੀ ਸ਼ੁਗਰ ਰੋਗੀ ਹੋਵੇ ਤਾਂ ਉਹ ਚਾਰ-ਪੰਜ ਸੌ ਤਕ ਪਹੁੰਚ ਜਾਂਦੀ ਹੈ। ਉਸ ਤਰ੍ਹਾਂ ਕੋਰਟੀਕੋਸਟੀਰਾਇਡ, ਸ਼ੂਗਰ ਦਾ ਵੱਧਣਾ ਤੇ ਫੰਗਸ ਦਾ ਹਮਲਾ ਆਪਸ ਵਿਚ ਜੁੜੇ ਹੋਏ ਹਨ।

• ਕੀ ਇਹ ਕਰੋਨਾ ਦੀ ਤਰ੍ਹਾਂ ਇਕ ਦੂਸਰੇ ਤੋਂ ਫੈਲਦੀ ਹੈ ?
    ਬਲੈਕ ਫੰਗਸ ਦੇ ਫੈਲਣ ਦੀ ਗੱਲ, ਉਸ ਨੂੰ ਮੌਕਾ ਮਿਲਣ ਨਾਲ ਜੁੜੀ ਹੈ। ਫੰਗਸ ਸਾਡੇ ਆਲੇ ਦੁਆਲੇ ਰਹਿੰਦੀ ਹੈ। ਸਾਡੇ ਸਰੀਰ ਦੀ ਚਮੜੀ ’ਤੇ ਇਹ ਹਮੇਸ਼ਾ ਹੁੰਦੀ ਹੈ। ਗਰਮੀ ਵਿਚ ਪਾਊਡਰ ਦਾ ਇਸਤੇਮਾਲ ਇਸੇ ਲਈ ਹੁੰਦਾ ਹੈ ਕਿ ਫੰਗਸ ਨੂੰ ਪਨਪਨ ਦਾ ਮੌਕਾ ਨਾ ਮਿਲੇ। ਪਸੀਨਾ ਅਤੇ ਤਾਪਮਾਨ ਇਕ ਵਧੀਆ ਵਾਤਾਵਰਨ ਬਣਾਉਂਦੇ ਹਨ ਤੇ ਫੰਗਸ ਵਧਦੀ ਫੁਲਦੀ ਹੈ। ਕਰੋਨਾ ਦੀ ਬਿਮਾਰੀ ਦਾ ਵਾਇਰਸ ਇਕ ਦੂਸਰੇ ਦੇ ਨੇੜੇ ਆਉਣ ’ਤੇ ਖਾਂਸੀ ਜ਼ੁਕਾਮ ਵੇਲੇ ਖੰਘ, ਨਿੱਛ ਰਾਹੀਂ ਫੈਲਦਾ ਹੈ। ਜਦੋਂ ਕਿ ਫੰਗਸ ਨੂੰ ਵਧਣ ਫੁਲਣ ਲਈ ਜਿਥੇ ਤਾਪਮਾਨ, ਨਮੀ ਮਦਦ ਕਰਦੀ ਹੈ, ਉਥੇ ਉਸ ਨੂੰ ਖੁਰਾਕ ਦੀ ਵੀ ਲੋੜ ਹੈ। ਸਰੀਰ ਵਿਚ ਵਧੀ ਹੋਈ ਸ਼ੂਗਰ ਇਹ ਮੌਕਾ ਦਿੰਦੀ ਹੈ। ਪਿਛਲੇ ਸਾਲ ਵੀ ਜੋ ਲੋਕ ਮਰੇ ਹਨ, ਉਨ੍ਹਾਂ ਵਿਚੋਂ ਬਹੁ ਗਿਣਤੀ ਉਹ ਰਹੇ ਹਨ ਜਿਨ੍ਹਾਂ ਨੂੰ ਪਹਿਲੋਂ ਸ਼ੂਗਰ ਸੀ ਤੇ ਉਤੋਂ ਕਰੋਨਾ ਦਾ ਹਮਲਾ ਹੋ ਗਿਆ। ਬਲੈਕ ਫੰਗਸ ਇਸ ਤਰ੍ਹਾਂ ਸਾਹ ਰਾਹੀਂ, ਇਕ ਦੂਸਰੇ ਦੇ ਨੇੜੇ ਆਉਣ ’ਤੇ ਨਹੀਂ ਫੈਲਦੀ।

• ਕਰੋਟੀਕੋਸਟੀਰਾਇਡ ਨੇ ਕਈਆਂ ਦੀ ਜਾਨ ਬਚਾਈ ਹੈ, ਫਿਰ ਇਹ ਫੰਗਸ ਦਾ ਡਰ, ਇਹ ਹਾਲਤ ਕਿਵੇਂ ਹੈ ?
    ਕੋਰਟੀਕੋਸਟੀਰਾਇਡ ਨੂੰ ‘ਜੀਵਨ-ਦਾਤੀ’ ਦਵਾ ਕਿਹਾ ਜਾਂਦਾ ਹੈ ਤੇ ਇਹ ਹੈ ਵੀ। ਇਹ ਦਵਾ, ਵੈਸੇ ਤਾਂ ਕੋਈ ਵੀ, ਖਾਸ ਕਰ ਦੋ ਧਾਰੀ ਤਲਵਾਰ ਹੈ। ਜਿਥੇ ਇਹ ਜਾਨ ਬਚਾਉਂਦੀ ਹੈ। ਉਥੇ ਇਹ ਮਾਰ ਵੀ ਦਿੰਦੀ ਹੈ। ਇਸ ਨੂੰ ਦਰਅਸਲ ਕਿਸੇ ਮੈਡੀਕਲ ਮਾਹਿਰ ਦੀ ਨਿਗਰਾਨੀ ਵਿਚ ਦੇਣਾ ਚਾਹੀਦਾ ਹੈ। ਜਦੋਂ ਕਿ ਹੋ ਕੀ ਰਿਹਾ ਹੈ। ਦੇਸ਼ ਦੇ ਮਾਹਿਰਾਂ ਨੇ ਮਿਲਕੇ, ਇਕ ਸਟੈਂਡਰਡ ਦਵਾ ਸੂਚੀ ਤਿਆਰ ਕੀਤੀ ਹੈ ਜੋ ਹਰ ਪਾਜ਼ੇਟਿਵ ਮਰੀਜ਼ ਨੂੰ ਦਿੱਤੀ ਜਾ ਰਹੀ ਹੈ। ਪੰਜਾਬ ਵਿਚ ਵੰਡੀ ਜਾ ਰਹੀ ਫਤਹਿ ਕਿੱਟ ਵਿਚ ਵੀ ਉਹੀ ਦਵਾਈਆਂ ਹਨ। ਇਸ ਚਰਚਾ ਵਿਚ ਨਾ ਪੈਂਦੇ ਹੋਏ ਕਿ ਉਸ ਸੂਚੀ ਵਿਚ ਵੀ ਜੋ ਐਂਟੀਬਾਓਟਿਕ ਵਰਤੇ ਜਾ ਰਹੇ ਹਨ, ਉਹ ਪ੍ਰਭਾਵੀ ਹਨ ਜਾਂ ਨਹੀਂ, ਪਰ ਜੋ ਮੁਸ਼ਕਿਲ ਖੜ੍ਹੀ ਹੋ ਰਹੀ ਤੇ ਠੀਕ ਕਰਨ ਦੀ ਥਾਂ ਨੁਕਸਾਨ ਪਹੁੰਚਾ ਰਹੀ ਹੈ ਕਿ ਇਸ ਦਵਾ ਸੂਚੀ ਇਕ ਦੂਸਰੇ ਤੋਂ ਵਰਲਡ ਸੈਪ ਰਾਹੀਂ ਖੁਦ ਹੀ ਭੇਜੀ ਅਤੇ ਵਰਤਣ ਲਈ ਸੁਝਾਈ ਜਾ ਰਹੀ ਹੈ। ਜਦੋਂ ਵੀ ਕਿਸੇ ਨੂੰ ਮਾੜਾ ਮੋਟਾ ਸ਼ੱਕ ਹੰਦਾ ਹੈ, ਬੁਖਾਰ, ਖਰਾਸ਼, ਜੁਕਾਮ, ਕਿਸੇ ਵੀ ਕਾਰਨ ਹੁੰਦਾ ਹੈ। ਉਹ ਇਹ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੰਦਾ ਹੈ। ਸਾਡੇ ਪੇਂਡੂ ਅਤੇ ਸ਼ਹਿਰੀ ਆਰ ਐਮ.ਪੀ. (ਕਹਿਣ ਨੂੰ ਰਜਿਸਟਰਡ, ਪਰ ਗੈਰ ਸਿਖਲਾਈ ਵਾਲੇ) ਜੋ ਪਹਿਲਾਂ ਹੀ ਕਰੋਟੀਕੋਸਟੀਰਾਇਡ ਵਰਤਦੇ ਰਹਿੰਦੇ ਹਨ, ਹੁਣ ਜਦੋਂ ਕੋਵਿਡ ਅਤੇ ਸਟੀਰਾਈਡ ਦਾ ਸਬੰਧ ਸਾਹਮਣੇ ਆਇਆ ਹੈ ਤਾਂ ਉਨ੍ਹਾਂ ਨੇ ਇਸ ਤੈਅ ਸੂਚੀ ਵਿਚ ਕੋਰਟੀਕੋਟੀਰਾਇਡ (ਵਾਇਸੋਲੋਨ ਜਾਂ ਪਰੈਡਨੀਸੁਲੋਨ) ਵੀ ਜੋੜ ਦਿੱਤੀ ਹੈ ਤੇ ਇਹ ਵਰਲਡ ਸੈਪ ਯੂਨੀਵਰਸਿਟੀ ਵਿਚ ਘੁੰਮ ਰਹੀ ਹੈ। ਇਹ ਸਭ ਤੋਂ ਵੱਧ ਨੂਕਸਾਨ ਪਹੰਚਾ ਰਹੀ ਹੈ।

• ਇਸ ਹਾਲਾਤ ਦਾ ਸੁਧਾਰ ਕਿਵੇਂ ਹੋਵੇ?
     ਇਸ ਸਥਿਤੀ ਬਾਰੇ ਆਪਾਂ ਪੂਰੀ ਤਰ੍ਹਾਂ ਜਾਣੂ ਹੋ ਗਏ ਹਾਂ। ਸਥਿਤੀ ਸਮਝ ਆ ਰਹੀ ਹੈ। ਦਰਅਸਲ ਕਰੋਟੀਕੋਸਟੀਰਾਇਡ ਦੀ ਭੂਮਿਕਾ ਦੇ ਦੋ ਪਹਿਲੂ, ਮਾਰੂ ਤੇ ਸਥਿਤੀ ਸੰਭਾਲਣ ਵਾਲੀ, ਕੁਝ ਇਸ ਤਰ੍ਹਾਂ ਹਨ। ਕਰੋਨਾ ਬਿਮਾਰੀ ਦੇ ਤਿੰਨ ਪੜਾਅ ਸਭ ਜਾਣ ਗਏ ਹਨ, ਮਾਮੂਲੀ, ਮੱਧਮ ਅਤੇ ਗੰਭੀਰ। ਮਾਮੂਲੀ ਹਾਲਤ ਵਿਚ ਇਸ ਨੂੰ ਸ਼ੁਰੂ ਕਰਨਾ ਨੁਕਸਾਨ ਪਹੁੰਚਾਉਣ ਵਾਲਾ ਹੈ ਕਿਉਂਕਿ 80-85% ਕੇਸਾਂ ਵਿਚ ਵਾਇਰਸ ਆਪਣੀ ਉਮਰ ਭੋਗ ਕੇ ਮੁੱਕ ਜਾਂਦਾ ਹੈ ਤੇ ਸਟੀਰਾਇਡ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਕੇ ਸਗੋਂ ਵਾਇਰਸ ਨੂੰ ਮੌਕਾ ਦਿੰਦਾ ਹੈ ਕਿ ਉਹ ਵਧ ਜਾਣ।
       ਬਿਮਾਰੀ ਦੇ ਪੰਜ-ਸੱਤ ਦਿਨਾਂ ਤੋਂ ਬਾਅਦ ਜਦੋਂ ਸਥਿਤੀ ਠੀਕ ਹੋਣ ਤੋਂ ਬਾਅਦ ਖਰਾਬ ਹੁੰਦੀ ਜਾਪੇ ਤਾਂ ਡਾਕਟਰ ਨਾਲ ਸੰਪਰਕ ਕਰਕੇ ਉਸ ਦੀ ਸਲਾਹ ਲਈ ਜਾਵੇ। ਉਸ ਹਾਲਤ ਦੇ ਮੁੱਖ ਲੱਛਣ ਹਨ, ਬੁਖਾਰ ਦਾ ਬਣੇ ਰਹਿਣਾ ਤੇ 102 ਤਕ ਪਹੁੰਚ ਜਾਣਾ, ਬੈਠੇ ਬੈਠੇ ਸਾਹ ਚੜਣਾ ਤੇ ਖਾਂਸੀ ਖਿੱਚਵੀਂ ਆਉਣੀ। ਜੇਕਰ ਆਕਸੀਮੀਟਰ ਹੈ ਤਾਂ ਉਸ ਵਿਚ ਆਕਸੀਜਨ ਮਾਤਰਾ 90 ਦੇ ਨੇੜੇ ਤੇੜੇ ਪਹੁੰਚਣਾ। ਅਸਲ ਵਿਚ ਇਹ ਸਮਾਂ ਹੈ ਕੋਰਟੀਕੋਸਟੀਰਾਇਡ ਸ਼ੁਰੂ ਕਰਨ ਦਾ ਤੇ ਉਹ ਵੀ ਡਾਕਟਰ ਦੀ ਸਲਾਹ ਨਾਲ। ਇਸੇ ਤਰ੍ਹਾਂ ਤੀਸਰੇ, ਗੰਭੀਰ ਪੜਾਅ ਵਿਚ ਵੀ ਇਸ ਦਵਾ ਦੀ ਕੋਈ ਵੱਡੀ ਭੂਮਿਕਾ ਨਹੀਂ ਹੈ।

• ਕੀ ਇਸ ਹਾਲਤ ਦਾ ਇਲਾਜ ਸੰਭਵ ਹੈ?
      ਵੈਸੇ ਤਾਂ ਹਰ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਦਾ ਇਲਾਜ ਸਿਹਤ ਵਿਗਿਆਨ ਕੋਲ ਹੈ, ਪਰ ਉਹ ਲੰਮਾਂ ਵੀ ਹੈ ਤੇ ਮਹਿੰਗਾ ਵੀ । ਇਸ ਬਲੈਕ ਫੰਗਸ ਦਾ ਵੀ ਇਲਾਜ ਮੌਜੂਦ ਹੈ। ਪਰ ਸਥਿਤੀ ਨੱਕ ਤੋਂ ਸ਼ੁਰੂ ਹੁੰਦੀ ਹੈ, ਜਦੋਂ ਖੂਨ ਵਗਦਾ ਹੈ, ਫਿਰ ਇਹ ਨੱਕ ਦੇ ਨੇੜੇ ਮੌਜੂਦ ਸਾਈਨਸ ਤਕ ਪਹੁੰਚਦੀ ਹੈ ਤੇ ਅੱਖਾਂ ਵੀ ਬਿਲਕੁਲ ਨੇੜੇ ਹੁੰਦੀਆਂ ਹਨ। ਨੱਕ ਅਤੇ ਦਿਮਾਗ ਦਾ ਵੀ ਆਪਸੀ ਸਬੰਧ ਹੈ। ਇਸ ਲਈ ਜਿੰਨਾ ਛੇਤੀ ਪਤਾ ਚੱਲੇ, ਉਨਾ ਛੇਤੀ ਦਵਾ ਸ਼ੁਰੂ ਕਰ ਬਚਾਇਆ ਜਾ ਸਕਦਾ ਹੈ, ਅੱਖ ਤੱਕ ਪਹੁੰਚਣ ਦੇ ਸਮੇਂ, ਅੱਖਾਂ ਕੱਢਣ ਨਾਲ ਜਾਨ ਬਚਾਈ ਜਾ ਸਕਦੀ ਹੈ ਪਰ ਦਿਮਾਗ ’ਤੇ ਪਹੁੰਚਣ ਮਗਰੋਂ ਇਸ ਹਾਲਤ ਤੋਂ ਬਾਹਰ ਨਿਕਲਣਾ ਕਾਫ਼ੀ ਔਖਾ ਹੈ।

• ਕਈ ਸਰਕਾਰਾਂ ਇਸ ਨੂੰ ਮਹਾਮਾਰੀ ਘੋਸ਼ਿਤ ਕਰਨ ਦੀ ਗੱਲ ਕਰ ਰਹੀਆਂ ਹਨ, ਇਸ ਨਾਲ ਕੁਝ ਹੋਵੇਗਾ ?
    ਦੇਖੋ, ਮਹਾਮਾਰੀ ਘੋਸ਼ਿਤ ਕਰਨਾ, ਇਕ ਅਲਰਟ ਹੈ, ਚਿਤਾਵਨੀ ਹੈ ਤੇ ਇਸ ਦੇ ਲਈ ਮੁਸ਼ਤੈਦੀ ਨਾਲ ਤਿਆਰੀ ਕਰਨ ਦੀ ਲੋੜ ਹੈ। ਉਹ ਤਿਆਰੀ ਸਾਨੂੰ ਦਿਸ ਰਹੀ ਹੈ, ਜੋ ਕਰੋਨਾ ਸਮੇਂ ਖੁੱਲ੍ਹ ਕੇ ਸਾਹਮਣੇ ਆਈ ਹੈ। ਦਰਅਸਲ ਤਿੰਨ ਹੀ ਮੁੱਖ ਮੁੱਦੇ ਹਨ। ਬਲੱਡ ਸ਼ੂਗਰ ਨੂੰ ਕਾਬੂ ਵਿਚ ਰੱਖਣਾ, ਉਸ ਦੇ ਲਈ ਹਸਪਤਾਲ ਵਿਚ ਪੂਰਾ ਸਟਾਫ, ਡਾਕਟਰ ਅਤੇ ਨਰਸਾਂ ਚਾਹੀਦੇ ਹਨ। ਸਟੀਰਾਇਡ ਨੂੰ ਡਾਕਟਰ ਦੀ ਸਲਾਹ ਨਾਲ, ਹਸਪਤਾਲ ਵਿਚ ਸ਼ੁਰੂ ਕਰਨਾ, ਉਸ ਲਈ ਬੈੱਡ ਚਾਹੀਦੇ ਹਨ ਤੇ ਮਰੀਜ਼ ਦੀਆਂ ਨਲੀਆਂ, ਆਕਸੀਜਨ ਫਿਲਟਰ ਕਰਨ ਵਾਲੇ ਪਾਣੀ ਦੀ ਬੋਤਲ ਨੂੰ ਬਦਲਣ ਲਈ ਵੀ ਅਮਲੇ ਦੀ ਲੋੜ ਹੈ। ਇਸ ਤੋਂ ਇਲਾਵਾ ਵਾਰਡ ਦੀ ਸਾਫ਼ ਸਫ਼ਾਈ, ਵਾਰਡ ਦੀ ਨਿਯਮ ਤੌਰ ਤੇ ਫਿਊਮੀਗੇਸ਼ਨ, ਮਤਲਬ ਨਿਰੰਤਰ ਕੀਟਾਣੂ ਰਹਿਤ ਬਣਾਉਣਾ ਵੀ ਇਕ ਅਹਿਮ ਹਿੱਸਾ ਹੈ। ਫੰਗਸ ਵਾਰਡ ਵਿਚ ਹੋਵੇਗੀ ਤੇ ਮੌਕਾ ਮਿਲਦੇ ਹੀ ਆਪਣੇ ਆਪ ਨੂੰ ਵਧਾਏਗੀ।
      ਇਸ ਮੁੱਢਲੀ ਤਿਆਰੀ ਦੇ ਨਾਲ, ਜੇਕਰ ਬਲੈਕ ਫੰਗਸ ਦਾ ਹਮਲਾ ਹੋ ਜਾਵੇ ਤਾਂ ਦਵਾਈਆਂ ਮੁਹੱਈਆ ਕਰਵਾਉਣਾ। ਅੱਜ ਇਕ ਆਪਾਤ ਹਾਲਤ ਬਣੀ ਹੈ ਤਾਂ ਦਵਾਈਆਂ ਦੀ ਜਮਾਂਖੋਰੀ ਦੀਆਂ ਖ਼ਬਰਾਂ ਆ ਰਹੀਆਂ ਹਨ। ਬਲੈਕ ਮੇਲਿੰਗ ਸ਼ੁਰੂ ਹੋ ਗਈ ਹੈ। ਪੰਜ ਹਜ਼ਾਰ ਵਾਲੀ ਦਵਾਈ ਸੱਤਰ ਹਜ਼ਾਰ ਵਿਚ ਮਿਲਣ ਦੀਆਂ ਖਬਰਾਂ ਹਨ।

ਸੰਪਰਕ : 9815808506