ਕਾਂਡ 5: ਅੱਜ ਮੌਸਮ ਬੜਾ ਸੁਹਾਵਣਾ ਸੀ। - ਸ਼ਿਵਚਰਨ ਜੱਗੀ ਕੁੱਸਾ

ਅੱਜ ਮੌਸਮ ਬੜਾ ਸੁਹਾਵਣਾ ਸੀ।
ਸ਼ਾਮ ਦਾ ਮੌਕਾ ਸੀ। ਸੰਤਾ ਸਿਉਂ ਖੇਤ ਕੱਸੀ ਦਾ ਪਾਣੀ ਲਾ ਰਿਹਾ ਸੀ, ਦੂਰ ਵੱਟ 'ਤੇ ਇੱਕ ਪਾਸੇ ਬਖਤੌਰ ਸਿਉਂ ਬੈਠਾ ਸੀ। ਅਚਾਨਕ ਕਾਕੂ ਚੌਂਕੀਦਾਰ ਨੇ ਉਹਨਾਂ ਕੋਲ਼ ਸਾਈਕਲ ਆ ਰੋਕਿਆ। ਚੜ੍ਹੇ ਸਾਹ ਤੋਂ ਲੱਗਦਾ ਸੀ ਕਿ ਉਸ ਨੇ ਸਾਈਕਲ ਬਹੁਤ ਤੇਜ਼ ਚਲਾਇਆ ਸੀ।
-''ਬਾਹਲ਼ਾ ਈ ਸਾਹੋ ਸਾਹ ਹੋਇਆ ਫ਼ਿਰਦੈਂ ਕਾਕੂ, ਸੁੱਖ ਐ..?" ਭਗਵਾਨ ਨੇ ਪੁੱਛਿਆ।
-''ਸੰਤਾ ਸਿਆਂ, ਮਾੜਾ ਜਿਆ ਉਰ੍ਹੇ ਹੋ ਕੇ ਮੇਰੀ ਗੱਲ ਸੁਣ..!" ਕਾਕੂ ਨੇ ਹੱਥ ਹਿਲਾ ਕੇ ਕਿਹਾ, ''ਤੂੰ ਵੀ ਨੇੜੇ ਆ ਜਾਹ ਬਖਤੌਰ ਸਿਆਂ..!"
ਸੰਤੇ ਦੇ ਨਾਲ਼ ਬਖਤੌਰ ਸਿਉਂ ਵੀ ਕੋਲ਼ ਆ ਗਿਆ।
-''ਮੈਨੂੰ ਸਰਪੈਂਚ ਨੇ ਭੇਜਿਐ...!" ਕਾਕੂ ਬੜਾ ਧੀਮਾਂ ਬੋਲਿਆ।
-''ਦੱਸ...?" ਬਖਤੌਰ ਦੀ ਤੇਜ਼ ਤਰਾਰ ਅੱਖ ਚੌਂਕੀਦਾਰ ਨੂੰ ਪੜ੍ਹਨ ਦਾ ਯਤਨ ਕਰ ਰਹੀ ਸੀ। ਪਰ ਕਿਸੇ ਗੱਲ ਦਾ ਸਿਰਾ ਹੱਥ ਨਹੀਂ ਆ ਰਿਹਾ ਸੀ।
-''ਜੁਗਾੜੂ ਬਰੀ ਹੋ ਕੇ ਘਰੇ ਆ ਗਿਆ..! ਆਬਦਾ ਬਚਾ ਰੱਖ..! ਅੱਬਲ ਤਾਂ ਚਾਰ ਦਿਨ ਕਿਸੇ ਪਾਸੇ ਟਿੱਭ ਜਾ..! ਵੈਰੀ ਤੇ ਹਲ਼ਕੇ ਕੁੱਤੇ ਦਾ ਵਿਸਾਹ ਨੀ ਖਾਈਦਾ ਹੁੰਦਾ..!" ਚੌਂਕੀਦਾਰ ਨੇ ਸੰਤਾ ਸਿਉਂ ਵੱਲ ਮੂੰਹ ਕਰ ਕੇ ਦੱਸਿਆ ਤਾਂ ਦੋਹਾਂ ਦੇ ਥੰਮ੍ਹ ਹਿੱਲ ਗਏ। ਸੰਤੇ ਦੇ ਮੱਥੇ ਤੋਂ ਕੱਚੀ ਤਰੇਲ਼ੀ ਦੀ ਛੱਲ ਫ਼ੁੱਟੀ।
-''ਤਿੰਨਾਂ ਮਹੀਨਿਆਂ 'ਚ ਈ ਘਰੇ ਕਿਵੇਂ ਆ ਗਿਆ..?" ਬਖਤੌਰ ਨੂੰ ਕੋਈ ਲੱਲ ਨਹੀਂ ਲੱਗ ਰਿਹਾ ਸੀ। ਉਸ ਦਾ ਦਿਮਾਗ ਖੱਲਾਂ ਖੂੰਜਿਆਂ ਵਿੱਚ ਹੱਥ ਮਾਰਦਾ ਫ਼ਿਰਦਾ ਸੀ, ''ਸੰਤਾ ਸਿਆਂ, ਤੂੰ ਕਿਆਰਿਆਂ ਵਿੱਚ ਪਾਣੀ ਖੁੱਲ੍ਹਾ ਛੱਡ, ਤੇ ਚੱਲ ਸਰਪੈਂਚ ਨੂੰ ਮਿਲ਼ਦੇ ਆਂ ਚੱਲ ਕੇ, ਤਿੰਨਾਂ ਮਹੀਨਿਆਂ 'ਚ ਬੰਦਾ ਖੋਟੇ ਪੈਸੇ ਮਾਂਗੂੰ ਘਰ ਆਜੇ, ਆਹ ਤਾਂ ਲੋਹੜ੍ਹਾ ਐ ਭੈੜ੍ਹਿਆ...!" ਬਖਤੌਰ ਕਿਆਰੇ ਦੇ ਖੂੰਜੇ ਰੱਖੀ ਜੁੱਤੀ ਕਾਹਲ਼ੀ ਨਾਲ਼ ਪੈਰਾਂ ਵਿੱਚ ਅੜਾਉਣ ਲੱਗ ਪਿਆ।
ਸੰਤੇ ਨੇ ਵੱਟਾਂ ਵੱਢ ਪਾਣੀ ਖੁੱਲ੍ਹਾ ਛੱਡ ਦਿੱਤਾ ਅਤੇ ਪੈਰ ਧੋ ਕੇ ਜੁੱਤੀ ਪਾ ਲਈ।
ਬਾਪੂ ਦੇ ਜਾਣ ਵਾਲ਼ੇ ਫ਼ੱਟ ਉਪਰ ਅੱਜ ਫ਼ਿਰ ਇੱਕ ਵਾਰ ਰੰਦਾ ਵੱਜ ਗਿਆ ਸੀ।
ਜੁੱਤੀ ਪਾਉਂਦੇ ਦੇ ਉਸ ਦੇ ਹੱਥ ਕੰਬ ਰਹੇ ਸਨ। ਬਾਪੂ ਦੇ ਕਾਤਲ ਨੂੰ ਜੇਲ੍ਹ ਤੋਰ ਕੇ ਉਹ ਤਾਂ ਸੁਖ ਦਾ ਸਾਹ ਲਈ ਬੈਠਾ ਸੀ। ਉਸ ਨੂੰ ਕੀ ਪਤਾ ਸੀ ਕਿ ਵੈਰੀ ਹਿੱਲਦੀ ਕੰਧ ਵਾਂਗ ਮੁੜ ਉਤੇ ਆ ਡਿੱਗੇਗਾ..?
-''ਘਬਰਾ ਨਾ ਪੁੱਤ ਸੋਹਣਿਆਂ...! ਜਿੰਨੀ ਕੁ ਜੋਕਰਾ ਹਾਂ, ਸਿਰ ਤੋਂ ਲੈ ਕੇ ਪੈਰਾਂ ਤੱਕ ਤੇਰੇ ਨਾਲ਼ ਐਂ...!" ਬਖਤੌਰ ਨੇ ਸੰਤੇ ਨੂੰ ਕਿਹਾ।
-''................।" ਪਰ ਸੰਤਾ ਸਿੰਘ ਚੁੱਪ ਸੀ। ਖ਼ਬਰ ਸੁਣ ਕੇ ਉਸ ਦਾ ਤੌਅਰ ਚੁੱਕਿਆ ਗਿਆ ਸੀ।
-''ਇੱਕ ਗੱਲ ਐ ਸੰਤਾ ਸਿਆਂ...!" ਉਸ ਨੂੰ ਚੁੱਪ ਦੇਖ ਕੇ ਬਖਤੌਰ ਸਿਉਂ ਬੋਲਿਆ।
-''..................।" ਸੰਤਾ ਨਾ ਬੋਲਿਆ।
-''ਆਪਾਂ ਵੀ ਇੱਕ ਅੱਧਾ ਹਥਿਆਰ ਹੱਥ ਹੇਠ ਕਰੀਏ, ਦੁਸ਼ਮਣ ਦਾ ਪਤਾ ਨੀ ਹੁੰਦਾ..!"
ਉਹ ਰਵਾਂ-ਰਵੀਂ ਸਰਪੰਚ ਕੋਲ਼ ਪਹੁੰਚ ਗਏ।
ਸਰਪੰਚ ਵੀ ਦੁਬਿਧਾ ਜਿਹੀ ਵਿੱਚ ਦੁਖੀ ਜਿਹਾ ਬੈਠਾ ਸੀ।
-''ਆਹ ਕੀ ਲੋਹੜ੍ਹਾ ਵੱਜਿਆ ਸਰਪੈਂਚਾ..? ਥਮਲ੍ਹੇ ਅਰਗਾ ਬੰਦਾ ਮਾਰ ਕੇ ਅਗਲਾ ਤੀਜੇ ਮ੍ਹੀਨੇ ਘਰੇ ਆ ਵੱਜੇ ਅਲੋਕਾਰ ਨੀ..?" ਬਖਤੌਰ ਨੇ ਨਿਰਾਸ਼ਾ ਭਿੱਜੇ ਗੁੱਸੇ ਦਾ ਇਜ਼ਹਾਰ ਸਰਪੰਚ ਕੋਲ਼ ਕੀਤਾ।
-''ਗੱਲਾਂ ਕਈ ਐ ਬਖਤੌਰ ਸਿਆਂ..!" ਸਰਪੰਚ ਜਿਵੇਂ ਖੂਹ 'ਚੋਂ ਬੋਲਿਆ ਸੀ।
-''.................।" ਬਖਤੌਰ ਨੇ ਸੁਆਲੀਆ ਨਜ਼ਰਾਂ ਸਰਪੰਚ ਦੇ ਮੂੰਹ ਉਪਰ ਗੱਡ ਰੱਖੀਆਂ ਸਨ।
-''ਪਹਿਲੀ ਗੱਲ ਤਾਂ ਆਪਣੇ ਕੇਸ ਨੂੰ ਪੁਲ਼ਸ ਨੇ ਈ ਸਹੀ ਤਰੀਕੇ ਨਾਲ਼ ਨੀ ਚੱਕਿਆ..! ਨਾ ਸਬੂਤ ਪੇਸ਼ ਕੀਤੇ, ਤੇ ਨਾ ਕੋਈ ਗਵਾਹ ਖੜ੍ਹਾ ਕੀਤਾ, ਨਾ ਕੋਈ ਹਥਿਆਰ ਪੇਸ਼ ਕੀਤਾ, ਤੇ ਨਾ ਮੁਜਰਮ ਦੇ ਪੈਰਾਂ ਦੇ ਨਿਸ਼ਾਨ ਚੱਕੇ..! ਅਦਾਲਤ ਦਾ ਸਾਰਾ ਦਾਰੋਮਦਾਰ ਗਵਾਹਾਂ ਤੇ ਸਬੂਤਾਂ 'ਤੇ ਹੁੰਦੈ, ਜਦੋਂ ਅਦਾਲਤ ਕੋਲ਼ ਨਾ ਸਬੂਤ ਨਾ ਗਵਾਹ, ਓਹ ਸਜ਼ਾ ਕਿਹੜੇ ਆਧਾਰ 'ਤੇ ਦਿੰਦੀ..? ਜੱਜ ਨੇ ਅਗਲੇ ਦੇ ਰੱਸੇ ਲਾਹ'ਤੇ..! ਤੇ ਅਗਲਾ ਦਣ-ਦਣਾਉਂਦਾ ਘਰੇ ਆ ਵੱਜਿਆ...!"
-''ਪਰ ਉਹ ਤਾਂ ਪੁਲ਼ਸ ਕੋਲ਼ੇ ਸਾਰੇ ਪਿੰਡ ਦੇ ਸਾਹਮਣੇ ਆਪ ਮੰਨਿਆਂ ਸੀ ਬਈ ਕਤਲ ਮੈਂ ਕੀਤੈ..!" ਬਖਤੌਰ ਪਿੱਟਣ ਵਾਲ਼ਿਆਂ ਵਾਂਗ ਬੋਲ ਰਿਹਾ ਸੀ।
-''ਪਰ ਇਹ ਤਾਂ ਜੱਜ 'ਤੇ ਮੁਨੱਸਰ ਐ ਨ੍ਹਾਂ, ਬਈ ਉਹ ਇਸ ਇਕਬਾਲੀਆ ਬਿਆਨ ਨੂੰ ਕਿੰਨੀ ਕੁ ਗੰਭੀਰਤਾ ਨਾਲ਼ ਲੈਂਦੈ, ਦੂਜੀ ਗੱਲ ਇਹ ਐ ਬਈ ਇਹਦੇ ਵਕੀਲ ਨੇ ਕੋਈ ਡਾਕਟਰੀ ਰਿਪੋਰਟ ਦਿੱਤੀ ਸੀ, ਬਈ ਮੇਰੇ ਮੁਵੱਕਲ ਦੀ ਦਿਮਾਗੀ ਹਾਲਤ ਠੀਕ ਨੀ, ਆਪਣੇ ਵੱਲੋਂ ਵੀ ਕੋਈ ਨਿੱਗਰ ਪੈਰਵਾਹੀ ਨੀ ਹੋਈ, ਓਹ ਸਾਰੀਆਂ ਗੱਲਾਂ ਦੋਸ਼ੀ ਦੇ ਹੱਕ 'ਚ ਗਈਆਂ ਤੇ ਅਗਲਾ ਛੁੱਟ ਕੇ ਖੋਟੇ ਪੈਸੇ ਮਾਂਗੂੰ ਘਰੇ ਆ ਗਿਆ...!"
-''.................।" ਬਖਤੌਰ ਸਿਉਂ ਲੰਮਾਂ ਸਾਹ ਖਿੱਚ ਕੇ ਬੈਠ ਗਿਆ। ਉਸ ਦੇ ਨਾਲ਼ ਸੰਤਾ ਢੇਰੀ ਜਿਹੀ ਢਾਹ ਕੇ, ਮੁਰਕੜੀ ਜਿਹੀ ਮਾਰੀ ਬੈਠਾ ਸੀ।
-''ਚਿੰਤਾ ਤਾਂ ਮੈਨੂੰ ਇਹ ਲੱਗੀ ਵੀ ਐ, ਬਈ ਕਿਤੇ ਆਪਣੇ ਸੰਤਾ ਸਿਉਂ ਦਾ ਨਾ ਕੋਈ ਨਛਕਾਨ ਕਰਦੇ, ਸਾਡੇ ਕੋਲ਼ੋਂ ਤਾਂ ਅਜੇ ਹਜਾਰਾ ਸਿਉਂ ਦਾ ਫ਼ੱਟ ਨੀ ਭਰਿਆ ਗਿਆ, ਬਰਾਬਰ ਦਾ ਭਾਈ ਮਰ ਗਿਆ...!" ਬਖਤੌਰ ਦਾ ਮਨ ਭਰ ਆਇਆ, ''ਪਰਬਤ ਅਰਗਾ ਬੰਦਾ ਮਿਲਟ 'ਚ...!" ਬਖਤੌਰ ਕੋਲ਼ੋਂ ਗੱਲ ਨਾ ਪੂਰੀ ਹੋਈ, ਉਸ ਦੀਆਂ ਅੱਖਾਂ ਨੱਕੋ ਨੱਕ ਭਰੀਆਂ ਹੋਈਆਂ ਸਨ।
-''ਦਿਲ 'ਤੇ ਨਾ ਲਾ ਬਾਈ ਬਖਤੌਰ ਸਿਆਂ..! ਆਪਾਂ ਕਰਦੇ ਐਂ ਕੋਈ ਬੰਦੋਬਸਤ..! ਪਰ ਇੱਕ ਗੱਲ ਐ..!" ਸਰਪੰਚ ਨੇ ਅਗਲੀ ਗੱਲ ਵੱਲ ਇਸ਼ਾਰਾ ਕੀਤਾ।
-''.................।" ਬਖਤੌਰ ਨੇ ਭਿੱਜੀਆਂ ਨਜ਼ਰਾਂ ਉਪਰ ਚੁੱਕੀਆਂ।
-''ਸਿਆਣੇ ਕਹਿੰਦੇ ਹੁੰਦੇ ਐ, ਬਈ ਹਲ਼ਕੇ ਕੁੱਤੇ, ਖਰੂਦੀ ਸਾਹਣ ਤੇ ਵਿਗੜੇ ਬੰਦੇ ਦਾ ਕਦੇ ਵਿਸਾਹ ਨੀ ਖਾਈਦਾ..!"
-''ਫ਼ੇਰ ਆਬਦੇ ਬਚਾਓ ਵਾਸਤੇ ਕਿਸੇ ਹਥਿਆਰ ਦਾ ਢਾਣਸ ਕਰੀਏ...?"
-''ਹਥਿਆਰ ਦਾ ਢਾਣਸ ਤਾਂ ਕਰ ਦਿਆਂਗੇ, ਪਰ ਲੋੜ ਪੈਣ 'ਤੇ ਸੰਤਾ ਚਲਾ ਵੀ ਲਉ..?" ਸਰਪੰਚ ਨੇ ਅਗਲੀ ਗੱਲ ਵੱਲ ਇਸ਼ਾਰਾ ਕੀਤਾ।
-''..................।" ਬਖਤੌਰ ਨੇ ਸੰਤੇ ਵੱਲ ਦੇਖਿਆ। ਉਹ ਪੱਥਰ ਹੋਇਆ ਚੁੱਪ ਵੱਟੀ ਬੈਠਾ ਸੀ।
-''ਸਰਪੈਂਚਾ ਹੋਰ ਨਾ ਕੰਮ ਕਰੀਏ..?" ਬਖਤੌਰ ਨੂੰ ਕੋਈ ਨਵੀਂ ਗੱਲ ਸੁੱਝੀ ਸੀ।
-''ਕੀ...?"
-''ਆਪਾਂ ਠਾਣੇ ਦਰਖ਼ਾਸਤ ਨਾ ਦੇ ਦੇਈਏ ਬਈ ਸੰਤੇ ਨੂੰ ਜੁਗਾੜੂ ਤੋਂ ਖ਼ਤਰੈ, ਤੇ ਉਹ ਇਹਨੂੰ ਕੋਈ ਨਛਕਾਨ ਪੁਚਾ ਸਕਦੈ..? ਜਦੋਂ ਪੁਲ਼ਸ ਨੇ ਜਮਾਨਤਾਂ ਕਰਵਾ ਦਿੱਤੀਆਂ, ਜੁਗਾੜੂ ਆਪੇ ਡਰ ਮੰਨੂੰ..?"
-''ਓਏ ਭੋਲ਼ਿਆ ਬਾਈ, ਜਦੋਂ ਕੁੱਤੀ ਹੈ ਈ ਚੋਰਾਂ ਦੀ, ਓਹਨਾਂ ਤੋਂ ਕਿਹੜੇ ਭਲੇ ਦੀ ਆਸ ਰੱਖੀਏ..? ਦਰਖ਼ਾਸਤ ਦੇ ਦਿੰਨੇ ਐਂ, ਪਰ ਆਬਦੇ ਆਪ ਨੂੰ ਫ਼ੋਕਾ ਧਰਵਾਸ ਦੇਣਾ, ਤੇ ਡੁੱਬਦੀ ਬੇੜੀ ਦੇ ਰਹਿਮ 'ਤੇ ਹੱਥ ਜੋੜ ਕੇ ਬੈਠੇ ਰਹਿਣਾ ਮਹਾਂ ਮੂਰਖਤਾਈ ਐ..!"  
-''ਪਰ ਇਹਦਾ ਕੋਈ ਹੱਲ ਤਾਂ ਕੱਢਣਾ ਪਊ, ਸਰਪੈਂਚਾ..! ਮਰਦਾ ਕੀ ਨੀ ਕਰਦਾ..? ਹੱਲ ਕੱਢੇ ਬਿਨਾਂ ਤਾਂ ਨੀ ਸਰਨਾਂ..!"
-''ਆਪਣੇ ਪਿੰਡ ਆਲ਼ੇ ਸਕੂਲ 'ਚ ਸ਼ੈੱਡ ਪੈਂਦੈ, ਮੈਂ ਹੁਣ ਜਾਣੈ ਸਕੂਲ ਨੂੰ, ਤੂੰ ਆਥਣੇ ਆ ਮੇਰੇ ਕੋਲ਼ੇ, ਓਦੋਂ ਤੱਕ ਹੱਲ ਕੱਢਦੇ ਐਂ ਕੋਈ..!" ਸਰਪੰਚ ਨੇ ਆਖਿਆ।
-''ਚੰਗਾ..!"
-''ਬਖਤੌਰ ਸਿਆਂ, ਤੂੰ ਅਜੇ ਸੰਤਾ ਸਿਉਂ ਨੂੰ 'ਕੱਲਾ ਨਾ ਛੱਡੀਂ, ਸਮੇਂ ਦਾ ਮੂੰਹ ਸੁੰਘਦੇ ਐਂ, ਬਈ ਤਿੰਨ ਮਹੀਨੇ ਜੇਲ੍ਹ 'ਚ ਰਹਿਣ ਤੋਂ ਬਾਅਦ ਕੁਛ ਬੰਦਾ ਵੀ ਬਣਿਆਂ, ਜਾਂ ਓਹੀ ਰੰਘੜ੍ਹਊ ਧੌਣ 'ਚ ਅੜਾਈ ਫ਼ਿਰਦੈ..?"
-''ਸਿਆਣੇ ਕਹਿੰਦੇ ਨੀ ਹੁੰਦੇ..? ਬਈ ਰੱਸੀ ਮੱਚ ਜਾਂਦੀ ਐ, ਪਰ ਵੱਟ ਨੀ ਜਾਂਦਾ, ਊਤ ਲੋਕ ਛੇਤੀ ਕੀਤੇ ਸਿੱਧੇ ਥੋੜ੍ਹੋ ਹੁੰਦੇ ਐ..? ਇਹ ਕੁੱਤੇ ਦੀਆਂ ਪੂਛਾਂ ਵੰਝਲੀ 'ਚ ਪਾਈਆਂ ਸਿੱਧੀਆਂ ਹੋਣ ਵਾਲ਼ੀਆਂ ਨੀ, ਸਰਪੈਂਚਾ..! ਇਹਨਾਂ ਵਾਸਤੇ ਤਾਂ ਕੋਈ ਜੁਗਤ ਈ ਲੜਾਉਣੀ ਪਊ..! ਜਾਂ ਫ਼ੇਰ ਅੱਡੀਆਂ ਦਾ ਜੋਰ ਲਾ ਕੇ ਜੜੋਂ ਈ ਖਿੱਚਣੀਆਂ ਪੈਣਗੀਆਂ...।" ਬਖਤੌਰ ਘੋਰ ਨਿਰਾਸ਼ਾ ਵਿੱਚੋਂ ਬੋਲ ਰਿਹਾ ਸੀ।
-''ਬਾਹਲ਼ਾ ਕਲਪ ਨਾ ਬਖਤੌਰ ਸਿਆਂ, ਆਥਣੇ ਕਰਦੇ ਐਂ ਕੋਈ ਵਿਚਾਰ..!"
-''ਚੱਲ ਬਈ ਸ਼ੇਰ ਬੱਗਿਆ...!" ਬਖਤੌਰ ਨੇ ਸੰਤੇ ਦੀ ਪਿੱਠ ਥਾਪੜੀ।
ਸੰਤਾ ਮਰੇ ਜਿਹੇ ਮਨ ਨਾਲ਼ ਉਠ ਕੇ ਖੜ੍ਹਾ ਹੋ ਗਿਆ।
-''ਢਿੱਲਾ ਜਿਆ ਕਾਹਨੂੰ ਹੁੰਨੈ ਸੰਤਾ ਸਿਆਂ..? ਤੇਰੇ ਵੱਜਣ ਆਲ਼ੀ ਗੋਲ਼ੀ, ਪਹਿਲਾਂ ਮੇਰੀ ਹਿੱਕ 'ਚ ਦੀ ਲੰਘੂ..!" ਬਖਤੌਰ ਨੇ ਸਾਰੇ ਜੋਰ ਨਾਲ਼ ਹਿੱਕ 'ਚ ਧੱਫਾ ਮਾਰਿਆ।
ਉਹ ਆਪਣੇ-ਆਪਣੇ ਰਸਤੇ ਪੈ ਗਏ।
ਸਕੂਲ ਦੇ ਦਰਵਾਜੇ ਵਿੱਚ ਹੀ ਸਰਪੰਚ ਨੂੰ ਜੁਗਾੜੂ ਦੀ ਭਰਜਾਈ ਤੇਜ ਕੌਰ ਮਿਲ਼ ਪਈ। ਉਹ ਅੱਖ ਦੀ ਬੇਈਮਾਨ ਅਤੇ ਮੂੰਹ ਦੀ ਮਿੱਠੀ ਸੀ। ਤੇਜ ਕੌਰ ਦਾ ਲੋਹੜ੍ਹੇ ਦਾ ਰੰਗ ਰੂਪ ਦੁਹਾਈ ਬਣਿਆਂ ਪਿਆ ਸੀ। ਮੋਟੀਆਂ ਅੱਖਾਂ ਵਿੱਚ ਪਾਇਆ ਸੁਰਮਾਂ ਦੇਖਣ ਵਾਲ਼ੇ ਨੂੰ ਗਸ਼ ਪਾਉਂਦਾ ਸੀ।
-''ਚਾਚਾ ਜੀ, ਸਤਿ ਸ੍ਰੀ ਅਕਾਲ..!" ਉਸ ਨੇ ਸਰਪੰਚ ਨੂੰ ਹੱਥ ਜੋੜੇ।
-''ਸਤਿ ਸ੍ਰੀ ਅਕਾਲ ਭਾਈ ਬੀਬਾ, ਠੀਕ ਓਂ..?"
-''ਹਾਂ ਜੀ ਠੀਕ ਆਂ..!"
-''ਤੁਸੀਂ ਜੁਗਾੜੂ ਦੇ...?"
-''ਜੀ ਹਾਂ, ਮੈਂ ਉਹਨਾਂ ਦੀ ਨਿੱਕੀ ਭਰਜਾਈ ਆਂ ਜੀ...!"
-''ਵੱਡੇ ਘਰ ਜਾ ਕੇ ਸੁਧਰਿਆ ਕੁਛ...? ਕਿ ਅਜੇ ਵੀ ਓਹੋ ਜਿਆ ਈ ਐ...??"
-''ਨਹੀਂ ਜੀ, ਹੁਣ ਤਾਂ ਕੁਛ ਠੀਕ ਐ..!"
-''ਚਲੋ ਸ਼ੁਕਰ ਐ ਭਾਈ ਬੀਬਾ..! ਮਾਰਿਆ ਤਾਂ ਸਹੁਰੇ ਨੇ ਕਮਲ਼ ਈ, ਬਿਨਾ ਕਸੂਰ ਬੰਦਾ ਮਾਰ'ਤਾ, ਹੁਣ ਸਮਝਾ ਕੇ ਰੱਖਿਓ ਭਾਈ, ਕੁਛ ਨੀ ਪਿਆ ਇਹਨਾਂ ਗੱਲਾਂ 'ਚ, ਬਾਧੂ ਉਜਾੜੇ ਨੂੰ ਈ ਥਾਂ ਐਂ..!"
-''ਨਹੀਂ ਹੁਣ ਤਾਂ ਕੁਛ ਸੁਧਾਰ ਹੋਇਐ, ਚਾਚਾ ਜੀ..!"
-''ਕਲੇਸ਼ਾਂ 'ਚ ਕੀ ਰੱਖਿਐ ਭਾਈ, ਤੁਸੀਂ ਪੜ੍ਹੇ ਲਿਖੇ, ਸਿਆਣੇ ਓਂ, ਬੱਸ ਉਹਨੂੰ ਸਿਆਣਾ ਬਣਾ ਕੇ ਰੱਖੋ, ਕਲੇਸ਼ਾਂ 'ਚ ਉਲਝੇ ਘਰਾਂ ਦੇ ਤਾਂ ਚੁੱਲ੍ਹਿਆਂ 'ਚ ਘਾਹ ਉਗ ਆਉਂਦੈ..!" ਆਖ ਸਰਪੰਚ ਸਕੂਲ ਅੰਦਰ ਚਲਿਆ ਗਿਆ।
ਤੇਜ ਕੌਰ ਬੜੀ ਤੇਜੀ ਨਾਲ਼ ਘਰ ਆ ਗਈ।
ਜੁਗਾੜੂ ਮੰਜੇ 'ਤੇ ਸਿਰ ਜਿਹਾ ਸੁੱਟੀ ਪਿਆ ਸੀ।
-''ਕੀੜਿਆਂ ਆਲ਼ੇ ਕੁੱਤੇ ਵਾਂਗੂੰ ਕਾਹਤੋਂ ਸਿਰ ਜਿਆ ਸਿੱਟੀ ਪਿਐਂ, ਭਾਈ ਜੀ..?" ਉਸ ਨੇ ਜੁਗਾੜੂ ਨੂੰ ਹਿਲਾਇਆ।
-''ਨਹੀਂ, ਊਂ ਈਂ ਪਿਐਂ..!" ਉਸ ਨੇ ਬੜਾ ਜੋਰ ਲਾ ਕੇ ਅੱਖਾਂ ਪੱਟੀਆਂ।
-''ਜੇਲ੍ਹ 'ਚ ਜਾ ਕੇ ਤਾਂ ਲੋਕ ਮੋਢਿਆਂ ਉਤੋਂ ਦੀ ਥੁੱਕਣ ਲੱਗ ਜਾਂਦੇ ਐ, ਤੂੰ ਚਾਰ ਦਿਨ ਜੇਲ੍ਹ 'ਚ ਜਾ ਕੇ ਜਮਾਂ ਈ ਖੱਸੀ ਜਿਆ ਹੋ ਗਿਆ..?" ਤੇਜ ਕੌਰ ਨੇ ਉਸ ਦੀ ਮਰਦਾਨਗੀ ਨੂੰ ''ਆਰ" ਲਾਈ।
-''......................।" ਜੁਗਾੜੂ ਪਿਆ-ਪਿਆ ਇੱਕ ਦਮ ਤੇਜ ਕੌਰ ਵੱਲ ਝਾਕਿਆ। ਜਿਵੇਂ ਉਸ ਦੇ ਸਰੀਰ ਨੂੰ ਕੋਈ ਕਰੰਟ ਲੱਗਿਆ ਸੀ। ਨਿੱਖਰੀ ਤਿੱਖਰੀ ਭਰਜਾਈ ਨੂੰ ਦੇਖ ਕੇ ਉਸ ਦੀਆਂ ਅੱਖਾਂ ਬੈਟਰੀ ਵਾਂਗ ਜਗੀਆਂ ਸਨ।
-''ਕਿਹੋ ਜੀਆਂ ਗੱਲਾਂ ਕਰੀ ਜਾਨੀਂ ਐਂ...?" ਉਹ ਪਿਆਸੇ ਕਾਂ ਵਾਂਗ ਛੋਟੀ ਭਰਜਾਈ ਵੱਲ ਝਾਕਿਆ। ਭਰਜਾਈ ਦਾ ਸਰੀਰ ਦੋ ਗਜ ਫ਼ਾਸਲੇ ਤੋਂ ਵੀ ਭੱਠ ਵਾਂਗ ਸੇਕ ਮਾਰ ਰਿਹਾ ਸੀ।
-''ਲੈ ਫ਼ੜ ਪੈਸੇ, ਜਾਹ ਠੇਕੇ ਤੋਂ ਲਿਆ ਬੋਤਲ, ਤੇ ਗੜ੍ਹਕੇ ਨਾਲ਼ ਪੀਅ...! ਮੇਰੇ ਤੇ ਤੇਰੇ ਭਰਾ ਦੇ ਹੁੰਦਿਆਂ ਤੂੰ ਸੁੱਕੇ ਸੋੜ੍ਹੇ ਥੋੜ੍ਹੋ ਮਰਨੈਂ..? ਜਾਹ ਲਿਆ ਬੋਤਲ, ਤੇ ਦੋ ਪੈੱਗ ਲਾ ਕੇ ਟੱਸ ਫ਼ੜ, ਕੰਨ ਜੇ ਨਾ ਸਿੱਟ...!" ਭਰਜਾਈ ਨੇ ਛਾਤੀਆਂ ਦੇ ਸੰਨ੍ਹ 'ਚੋਂ ਹਾਥੀ ਦੇ ਕੰਨ ਜਿੱਡੇ ਨੋਟ ਕੱਢ ਕੇ ਫ਼ੜਾਏ। ਉਸ ਦੇ ਤਰਕ ਜਿਹੀ ਮਾਰਨ 'ਤੇ ਜੁਗਾੜੂ ਛਾਲ਼ ਮਾਰ ਕੇ ਮੰਜੇ ਤੋਂ ਉਠਿਆ, ਜਿਵੇਂ ਉਸ ਦੀ ਪਿੱਠ ਹੇਠ ਕੋਈ ਸੱਪ ਆ ਗਿਆ ਸੀ। ਭਰਜਾਈ ਦੀ ਤਿੱਖੀ ਤਰਕ ਬੜੀ ਜ਼ਹਿਰੀਲੀ ਸੀ। ਭਰਜਾਈ ਦੇ ਹੱਥੋਂ ਨੋਟ ਉਸ ਨੇ ਉਂਗਲ਼ਾਂ ਦਾ ਚਿਮਟਾ ਬਣਾ ਕੇ ਫ਼ੜੇ। ਨਿੱਕੀ ਭਰਜਾਈ ਦੀ ਤਰਕ ਉਸ ਦੇ ਨਸ਼ਤਰ ਵਾਂਗ ਵੱਜੀ ਸੀ।
ਜੁਗਾੜੂ ਸੀ ਕਿ ਕੋਈ ਬਲਾਅ..? ਉਹ ਫ਼ੁਰਤੀ ਨਾਲ਼ ਬੋਤਲ ਲੈ ਕੇ ਮੁੜ ਆਇਆ। ਉਸ ਦੇ ਆਉਣ ਤੱਕ ਭਰਜਾਈ ਨੇ ਸਾਗ ਨੂੰ ਲਸਣ, ਹਰੀ ਮਿਰਚ ਅਤੇ ਅਧਰਕ ਦਾ ਤੜਕਾ ਲਾ ਦਿੱਤਾ ਸੀ। ਉਪਰ ਹਰਾ ਧਨੀਆਂ ਛਿੜਕ ਦਿੱਤਾ ਸੀ।
-''ਲੈ ਚੱਕ..! ਹੁਣੇ ਤੜਕਾ ਲਾਇਐ..! ਐਸ਼ਾਂ ਕਰ ਤੇ ਬੁੱਲੇ ਵੱਢ..!" ਉਹ ਸਾਗ ਦੀ ਬਾਟੀ ਅਤੇ ਪਾਣੀ ਦਾ ਜੱਗ ਜੁਗਾੜੂ ਅੱਗੇ ਰੱਖਦੀ ਬੋਲੀ।
-''ਕੋਈ ਗਿਲਾਸ ਵੀ ਲਿਆ ਦੇ..! ਕਿ ਬੁੱਕ ਨਾਲ਼ ਈ ਪੀ'ਲਾਂ...?" ਉਸ ਨੇ ਬੋਤਲ ਦਾ ਗਲ਼ ਕੁੱਕੜ ਵਾਂਗ ਮਰੋੜਿਆ। ਦਾਰੂ ਦੀ ਬੋਤਲ ਨੇ ਉਸ ਅੰਦਰ ਕਿਸੇ ਹੌਂਸਲੇ ਦਾ ਸੰਚਾਰ ਕਰ ਦਿੱਤਾ ਸੀ।
-''ਗਿਲਾਸ ਕੀ..? ਜਾਨ ਮੰਗ ਜਾਨ, ਭਾਈ ਜੀ..! ਤੇਰੀ ਜਾਨ ਨੂੰ ਕਾਹਦਾ ਘਾਟੈ...?" ਉਹ ਮੱਖੀ ਵਾਂਗੂੰ ''ਭਿਣਨ-ਭਿਣਨ" ਕਰਦੀ ਵਾਪਸ ਮੁੜ ਗਈ।
-''ਜਾਨ ਤੇਰੀ ਐਂਵੇਂ ਆਈ ਐ..?"
-''ਅੱਜ ਸਕੂਲ 'ਚ ਮੈਨੂੰ ਸਰਪੈਂਚ ਮਿਲ਼ਿਆ ਸੀ..!" ਤੇਜ ਕੌਰ ਨੇ ਅਸਲ ਗੱਲ ਦੱਸੀ।
-''...............।" ਜੁਗਾੜੂ ਨੇ ਗਿਲਾਸ ਦਾਰੂ ਦਾ ਭਰ ਕੇ ਧਰਤੀ ਮਾਤਾ ਨੂੰ ਛਿੱਟਾ ਦਿਤਾ ਅਤੇ ਸ਼ਰਬਤ ਦੇ ਪਾਣੀ ਵਾਂਗ ਸੂਤ ਗਿਆ। ਘਰ ਦੀ ਦਾਰੂ ਨੇ ਉਸ ਨੂੰ ਪੱਠਾ ਲਾ ਦਿੱਤਾ ਸੀ। ਉਸ ਨੇ ਧੁੜਧੁੜੀ ਜਿਹੀ ਲੈ ਕੇ ਸਾਗ ਦਾ ਚਮਚਾ ਮੂੰਹ ਵਿੱਚ ਪਾਇਆ। ਜਾੜ੍ਹ ਹੇਠ ਆਈ ਹਰੀ ਮਿਰਚ ਦੀ ਕੁੜੱਤਣ ਨਾਲ਼ ਉਸ ਦਾ ਮੂੰਹ ਆਪਣੇ ਆਪ ਖੁੱਲ੍ਹ ਗਿਆ।
-''ਬੋਲਦਾ ਸੀ ਕੁਛ...?" ਉਹ ਮੂੰਹ ਬਕਬਕਾ ਜਿਹਾ ਬਣਾਈ ਬੈਠਾ ਸੀ।
-''ਬੋਲਣਾ ਤਾਂ ਕੀ ਸੀ..? ਸਮਝੌਤੀਆਂ ਜੀਆਂ ਦਿੰਦਾ ਸੀ, ਇਹ ਕੰਮ ਮਾੜੇ ਐ ਭਾਈ, ਉਹਨੂੰ ਸਮਝਾਓ ਭਾਈ, ਲੜਾਈ ਝਗੜ੍ਹਿਆਂ 'ਚ ਕੁਛ ਨੀ ਪਿਆ ਭਾਈ..!" ਗੱਲਾਂ ਕਰਦੀ ਤੇਜ ਕੌਰ ਨਾਲ਼ ਦੀ ਨਾਲ਼ ਜੁਗਾੜੂ ਦਾ ਚਿਹਰਾ ਪੜ੍ਹ ਰਹੀ ਸੀ। ਪਰ ਜੁਗਾੜੂ ਨੇ ਕੋਈ ਤਰਾਰਾ ਨਹੀਂ ਦਿਖਾਇਆ ਸੀ। ਕੋਈ ਕਰੜਾ ਜਵਾਬ ਨਹੀਂ ਦਿੱਤਾ ਸੀ।
-''ਕਹਿ ਜਿੰਨ੍ਹਾਂ ਨੇ ਸੁੱਥਣਾਂ ਸੁਆਈਐਂ, ਦੂਜੇ ਕੰਮ ਵਾਸਤੇ ਥਾਂ ਪਹਿਲਾਂ ਰੱਖੇ ਐ..!"
-''ਮੈਂ ਤਾਂ ਕਹਿਤਾ...!"
-''ਕੀ ਕਹਿਤਾ...?" ਜੁਗਾੜੂ ਨੇ ਇੱਕ ਗਿਲਾਸ ਹੋਰ ਭਰ ਲਿਆ।
-''ਬਈ ਬੰਦਾ ਜਿਹੜਾ ਕੁਛ ਕਰਦੈ, ਆਬਦੇ ਸਿਰ 'ਤੇ ਈ ਕਰਦੈ...!" ਤੇਜ ਕੌਰ ਨੇ ਸਰਾਸਰ ਝੂਠ ਬੋਲਿਆ। ਉਹ ਜੁਗਾੜੂ ਦੀ ਬੁਝੀ ਧੂਣੀਂ 'ਤੇ ਭੂਕਣੇ ਨਾਲ਼ ਫ਼ੂਕ ਮਾਰਨਾ ਚਾਹੁੰਦੀ ਸੀ।
-''ਮੇਰੀ ਤਾਂ ਅੰਦਰ ਕਿਸੇ ਕੰਜਰ ਨੇ ਬਾਤ ਨੀ ਪੁੱਛੀ, ਮੈਂ ਤਾਂ ਆਬਦੇ ਸਿਰ 'ਤੇ ਛੁੱਟ ਕੇ ਆਇਐਂ..!" ਜੁਗਾੜੂ ਨੇ ਲੱਠ ਵਰਗਾ ਉਲਾਂਭਾ ਭਰਜਾਈ ਦੇ ਪੈਰੀਂ ਵਗਾਹ ਮਾਰਿਆ।
-''ਲੈ, ਦੋ ਵਾਰੀ ਤਾਂ ਮੈਂ ਤੇਰੀ ਮੁਲਾਕਾਤ ਕਰਨ ਗਈ ਆਂ..!" ਭਰਜਾਈ ਅੰਦਰੋਂ ਥਿੜਕੀ। ਪਰ ਤੁਰੰਤ ਸੰਭਲ਼ ਗਈ। ਉਸ ਨੇ ਸੋਚਿਆ ਤੱਕ ਨਹੀਂ ਸੀ ਕਿ ਜੁਗਾੜੂ ਉਖੜੀ ਕੁਹਾੜ੍ਹੀ ਵਾਂਗ ਮੱਥੇ 'ਚ ਵੱਜੇਗਾ?
-''ਤੇਰੀ ਗੱਲ ਨੀ ਕਰਦਾ ਭਰਜਾਈਏ...! ਮੰਨੋ ਪੈਣੇ ਲੋਕਾਂ ਦੀ ਗੱਲ ਕਰਦੈਂ, ਤੂੰ ਤਾਂ ਆਬਦੇ ਆਪ ਨੂੰ ਮੱਲੋਮੱਲੀ ਵਿੱਚ ਘਸੋੜ ਲੈਨੀਂ ਐਂ, ਤੂੰ ਉਹਨਾਂ ਕੰਜਰਾਂ ਨਾਲ਼ ਮਿਲ਼ਗੀ...? ਤੂੰ ਸੌ ਗੁਣਾਂ ਦੀ ਗੁਥਲੀ, ਤੇ ਲੋਕ ਸਾਲ਼ੇ ਗੰਦ ਦੇ ਬੋਰੇ..! ਤੂੰ ਉਹਨਾਂ ਨਾਲ਼ ਮਿਲਗੀ...?"
-''ਮੈਂ ਤਾਂ ਤੇਰੇ ਸਾਹੀਂ ਸਾਹ ਲੈਨੀਂ ਐਂ, ਦੁਨੀਆਂ ਸੌ ਗੱਲਾਂ ਕਰਦੀ ਊਝਾਂ ਲਾਉਂਦੀ ਐ, ਪਰ ਮੇਰੇ ਕੋਈ ਕੰਜਰ ਜੁੱਤੀ ਦੇ ਯਾਦ ਨੀ, ਮੈਂ ਮਾਰਦੀ ਆਂ ਢਾਕ ਤੋਂ ਦੀ ਦੁਨੀਆਂ ਨੂੰ..!"
-''ਤੇ ਮੈਂ ਕਿਹੜਾ ਕਦੇ ਕੋਈ ਫ਼ਰਕ ਰੱਖਿਐ ਲਾਣੇਦਾਰਨੀਏਂ..? ਲਹੂ ਡੋਲ੍ਹਣ ਨੂੰ ਮੈਂ ਤਿਆਰ ਰਹਿੰਨੈਂ, ਤੂੰ ਹੁਕਮ ਕਰ, ਮੈਂ ਸਾਰਾ ਪਿੰਡ ਮਾਰ ਦਿਆਂ..!" ਉਸ ਨੇ ਕਸੀਸ ਵੱਟ ਕੇ ਗਿਲਾਸ ਅੰਦਰ ਸੁੱਟਿਆ। ਨਸ਼ੇ ਦੀ ਲੋਰ ਨੇ ਉਸ ਨੂੰ ਸੱਤਰੰਗੀ ਪੀਂਘ ਵਾਲ਼ਾ ਹੁਲ੍ਹਾਰਾ ਦਿੱਤਾ, ''ਬੱਸ ਤੂੰ ਨਾ ਪਿੱਛਾ ਦੇਈਂ ਭਾਬੋ, ਤੇਰੇ ਇੱਕ ਇਸ਼ਾਰੇ 'ਤੇ ਮੈਂ ਸਾਰੀ ਦੁਨੀਆਂ ਫ਼ਨਾਂਹ ਕਰਦੂੰ..!"
-''ਲੈ, ਇੱਕ ਪੈੱਗ ਮੇਰੇ ਹੱਥ ਦਾ ਵੀ ਪੀਅ..!" ਉਸ ਨੇ ਪੌਣਾ ਗਿਲਾਸ ਕਰ ਕੇ ਜੁਗਾੜੂ ਦੇ ਹੱਥ ਫ਼ੜਾ ਦਿੱਤਾ।
-''ਤੇਰੇ ਆਖੇ ਤੋਂ ਤਾਂ ਮੈਂ ਮੌਹਰਾ ਵੀ ਪੀ ਜਾਊਂ, ਭਾਬੋ...! ਤੂੰ ਹੁਕਮ ਤਾਂ ਕਰ ਕੇ ਦੇਖ...!" ਉਸ ਨੇ ਗਿਲਾਸ ਖਾਲੀ ਕਰ ਦਿੱਤਾ। ਉਸ ਦੀਆਂ ਅੱਖਾਂ ਦਾ ਰੰਗ ''ਜੋਗੀਆਂ" ਹੋ ਗਿਆ ਸੀ। ਜੰਗਲੀ ਬੋਤੇ ਵਾਂਗ ਉਹ ਮੰਜੇ 'ਤੇ ਹੀ ਤੜਾਫ਼ੇ ਜਿਹੇ ਮਾਰਨ ਲੱਗ ਪਿਆ। ਫ਼ਿਰ ਉਹ ਉਠ ਕੇ ਜੰਗਲੀ ਬੋਤੇ ਵਾਂਗ ਬੁੱਕਿਆ। ਤੇਜ ਕੌਰ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਕੇ ਮਸਾਂ ਚੁੱਪ ਕਰਵਾਇਆ।
-''ਕਿਉਂ ਝੱਜੂ ਪਾਇਐ...? ਲੋਕਾਂ ਨੂੰ ਤਮਾਸ਼ਾ ਦਿਖਾਉਣੈ...?" ਤੇਜ ਕੌਰ ਦਾ ਹੱਥ ਜੁਗਾੜੂ ਦੇ ਮੂੰਹ 'ਚੋਂ ਡਿੱਗੀ ਝੱਗ ਨਾਲ਼ ਲਿੱਬੜ ਗਿਆ ਸੀ।
-''ਤੇਰੀ ਖਾਤਰ ਤਾਂ ਮੈਂ ਖੂਹ 'ਚ ਡਿੱਗਣ ਨੂੰ ਤਿਆਰ ਬਰ ਤਿਆਰ ਐਂ, ਭਾਬੋ ਮੇਰੀਏ..!"
-''ਖੂਹ 'ਚ ਡਿੱਗਣ ਨੂੰ ਮੈਂ ਜਮਾਂ ਨੀ ਆਖਦੀ..!"
-''ਖਾਤੇ 'ਚ ਡਿੱਗ ਪੈਂਨੈ..?"
-''ਵੇ ਫ੍ਹੋਅਟ...!"
-''ਹੋਰ ਦੱਸ ਕੀ ਕਰਾਂ...? ਤੇਰੀ ਖਾਤਰ ਮੈਂ ਫ਼ਾਕੜਾਂ ਹੋਜਾਂ..!"
-''ਕਹਿੰਦੇ ਨੀ ਹੁੰਦੇ..? ਪੁੱਤਰ ਜੰਮੇਂ ਨਲਾਇਕ ਨਾ, ਧੀ ਅੰਨ੍ਹੀ ਚੰਗੀ..!"
-''ਨਲੈਕ...?"
-''ਤੇ ਹੋਰ ਤੂੰ ਜਣਦਿਆਂ ਦਾ ਸਿਰ ਐਂ...?" ਤੇਜ ਕੌਰ ਖਿਝੀ ਪਈ ਸੀ।
-''ਇੱਕ ਜੱਫ਼ੀ ਪਾ ਲੈ, ਚਾਹੇ ਮੇਰੀ ਬਲੀ ਲੈ ਲਈਂ...!"
-''ਲੈ...! ਤੂੰ ਵੀ ਕੀ ਯਾਦ ਕਰੇਂਗਾ..!" ਤੇਜ ਕੌਰ ਨੇ ਉਸ ਨੂੰ ਪਿੱਛੋਂ ਜੱਫ਼ੀ ਪਾ ਲਈ।
-''ਅਖੇ ਬੱਕਰੀ ਨੇ ਦਿੱਤਾ ਦੁੱਧ, ਤੇ ਓਹ ਵੀ ਮੀਂਗਣਾਂ ਘੋਲ਼ ਕੇ...! ਜੱਫ਼ੀ ਪਾਈ, ਤੇ ਉਹ ਵੀ ਪਿੱਛੋਂ..? ਵੇਲ਼ਾ ਜਿਆ ਪੂਰਾ ਨਾ ਕਰ, ਜੇ ਪਾਉਣੀਂ ਐਂ ਤਾਂ ਸਾਹਮਣੇ ਆ ਕੇ ਪਾਅ...! ਹਿੱਕ 'ਚ ਵੱਜ ਟਿਕਾਅ ਕੇ..! ਅੱਖਾਂ ਜੀਆਂ ਨਾ ਪੂੰਝ...!"
ਤੇਜ ਕੌਰ ਅੱਗੇ ਆ ਗਈ ਅਤੇ ਉਸ ਨੇ ਜੁਗਾੜੂ ਨੂੰ ਘੁੱਟ ਕੇ ਗਲਵਕੜੀ ਵਿੱਚ ਜਕੜ ਲਿਆ।
-''ਐਹਨਾਂ ਗੱਲਾਂ ਨੂੰ ਤਾਂ ਮੈਂ ਜੁੱਗੜਿਆਂ ਦਾ ਤਰਸੀ ਜਾਨੈਂ, ਭਾਬੋ...! ਮੈਂ ਤਾਂ ਗਲਵਕੜੀ ਨੂੰ ਤਰਸ ਗਿਆ..!"
-''ਹੁਣ ਤਾਂ ਰੱਜ ਆ ਗਿਆ...?"
-''ਇੱਕ ਹੋਰ ਪਾ ਲੈ, ਫ਼ੇਰ ਦੁੱਖ ਟੁੱਟਣਗੇ ਜੁੱਗਾਂ ਜੁਗਾਂਤਰਾਂ ਦੇ...!"
ਤੇਜ ਕੌਰ ਨੇ ਇੱਕ ਵਾਰ ਫ਼ਿਰ ਗਲਵਕੜੀ ਪਾ ਲਈ।
-''ਭਾਬੋ...!"
-''ਬੋਲ...?"
-''ਇੱਕ ਗੱਲ ਆਖਾਂ...?"
-''ਵੀਹ ਆਖ...!" ਉਹ ਉਸ ਨੂੰ ਘੁੱਟੀ ਖੜ੍ਹੀ ਸੀ।
-''ਪੂਰੀ ਕਰੇਂਗੀ...?"
-''ਅੱਗੇ ਕਦੇ ਮੁੱਕਰੀ ਐਂ...? ਤੇਰਾ ਹਰ ਕੰਮ ਅੱਧ ਬੋਲ ਨੀ ਕੀਤਾ..?"
-''ਮੈਨੂੰ ਸਾਕ ਕਦੋਂ ਕਰਵਾਉਣੈ...?"
-''............................।" ਗੱਲ ਸੁਣ ਕੇ ਤੇਜ ਕੌਰ ਨੂੰ ਭੁਆਂਟਣੀ ਆਈ।
-''ਤੈਨੂੰ ਮੇਰੇ ਹੁੰਦਿਆਂ ਟੋਟ ਐ ਕਾਸੇ ਦੀ...?"
-''ਆਬਦੀ ਤੀਮੀਂ ਤਾਂ ਫ਼ੇਰ ਆਬਦੀ ਈ ਹੁੰਦੀ ਐ ਨ੍ਹਾਂ..?"
-''ਤੂੰ ਬਿਗਾਨਿਆਂ ਵਾਲ਼ੀ ਗੱਲ ਜੀ ਕਰ ਕੇ ਮੇਰਾ ਦਿਲ ਨਾ ਤੋੜਿਆ ਕਰ ਭਾਈ ਜੀ, ਦੱਸ ਮੈਂ ਕਦੇ ਕਿਸੇ ਗੱਲੋਂ ਤੇਰਾ ਹੱਥ ਫ਼ੜਿਐ..? ਤੂੰ ਪਾਣੀ ਮੰਗਦੈਂ, ਤੈਨੂੰ ਦੁੱਧ ਹਾਜਰ ਕਰੀਦੈ...!"
-''ਐਨੇ ਮਹੀਨਿਆਂ ਬਾਅਦ ਮੈਂ ਜੇਲ੍ਹ 'ਚੋਂ ਆਇਐਂ, ਤੇ ਤੂੰ....!" ਜੁਗਾੜੂ ਨੇ ਅਜੇ ਗੱਲ ਵੀ ਪੂਰੀ ਨੀ ਸੀ ਕੀਤੀ, ਤੇਜ ਕੌਰ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਲਿਆ।
-''ਚੱਲ ਅੰਦਰ...!" ਉਸ ਨੇ ਬਾਹਰਲੇ ਦਰਵਾਜੇ ਦਾ ਕੁੰਡਾ ਲਾ ਦਿੱਤਾ ਅਤੇ ਬਾਂਹ ਫ਼ੜ ਕੇ ਜੁਗਾੜੂ ਨੂੰ ਅੰਦਰ ਲੈ ਤੁਰੀ। ਉਸ ਦੇ ਦਿਲ ਦੀ ਧੜ੍ਹਕਣ ਤੇਜ਼ ਹੋ ਗਈ ਸੀ। ਜੁਗਾੜੂ ਵੀ ਬੋਤੇ ਵਾਂਗ ਪੁਲਾਂਘਾਂ ਪੁੱਟਦਾ ਧੁੱਸ ਦੇਈ ਆ ਰਿਹਾ ਸੀ।
ਸਵਾਤ ਦਾ ਦਰਵਾਜਾ ਭੇੜ੍ਹ ਕੇ ਜੁਗਾੜੂ ਨੇ ਭਰਜਾਈ ਨੂੰ ਚੱਭਾ ਮਾਰਿਆ ਅਤੇ ਚਰ੍ਹੀ ਦੀ ਪੂਲੀ ਵਾਂਗ ਥੱਲੇ ਧਰ ਲਈ।
ਕਮਰੇ ਅੰਦਰ ਲੋਰ ਦਾ ਤੁਫ਼ਾਨ ਉਠਿਆ ਅਤੇ ਸਮਾਂ ਪਾ ਕੇ ਸ਼ਾਂਤ ਹੋ ਗਿਆ।
-''ਚੱਲ ਲੀੜੇ ਪਾ ਕੇ ਬਾਹਰ ਚੱਲ, ਕੋਈ ਆ ਨਾ ਜਾਵੇ...!"
ਜੁਗਾੜੂ ਕੱਪੜੇ ਪਾ ਕੇ ਬਾਹਰ ਨਿਕਲ਼ ਗਿਆ। ਹੁਣ ਉਸ ਦੇ ਸਰੀਰ ਵਿੱਚ ਉਤਨਾ ਬਲ ਨਹੀਂ ਸੀ, ਜਿੰਨਾਂ ਉਹ ਪਹਿਲਾਂ ਫ਼ੁੰਕਾਰੇ ਮਾਰਦਾ ਸੀ।
ਪਿੱਛੇ ਹੀ ਤੇਜ ਕੌਰ ਬਾਹਰ ਆ ਗਈ।
-''ਮੰਗ ਕੀ ਮੰਗਦੀ ਐਂ, ਭਾਬੋ..?" ਉਹ ਪੈੱਗ ਪਾਉਂਦਾ ਬੋਲਿਆ।
-''ਮੈਂ ਕੀ ਮੰਗਣੈਂ..? ਕਾਸੇ ਦੀ ਲੋੜ ਨੀ, ਤੇਰਾ ਦਿੱਤਾ ਸਭ ਕੁਛ ਐ..!"
-''ਨਹੀਂ..! ਮੰਗ ਕੀ ਮੰਗਦੀ ਐਂ, ਓਹੀ ਹਾਜ਼ਰ ਕਰੂੰ..!"
-''ਵੇ ਮੈਂ ਕੀ ਮੰਗਣੈਂ ਕਮਲ਼ਿਆ..? ਸੱਤੇ ਖ਼ੈਰਾਂ..!"
-''ਨਹੀਂ ਭਾਬੋ...! ਤੀਸਰਾ ਬਚਨ ਐਂ, ਮੰਗ..!"
-''ਜੋ ਮੰਗਿਆ ਦੇਵੇਂਗਾ..?"
-''ਤੈਨੂੰ ਬਚਨ ਦਿੱਤਾ, ਜੋ ਬੱਤੀ ਦੰਦਾਂ 'ਚੋਂ ਕੱਢੇਂਗੀ, ਓਹੀ ਦਿਊਂਗਾ...!"
-''ਪੱਕੀ ਗੱਲ ਐ...?"
-''ਇੱਟ ਅਰਗੀ ਪੱਕੀ...!"
-''ਪੱਕਾ ਬਚਨ...!"
-''ਮਰਦਾਂ ਆਲ਼ਾ ਬਚਨ ਭਾਬੋ...! ਮਰਦਾਂ ਆਲ਼ਾ ਬਚਨ...!"
-''ਹਜਾਰੇ ਦੇ ਸੰਤੇ ਨੂੰ ਪਾਰ ਬੁਲਾ ਦੇ..!"
-''ਹਜਾਰੇ ਦੇ ਸੰਤੇ ਨੂੰ..?" ਜੁਗਾੜੂ ਦੇ ਹੱਥ ਢਿੱਲੇ ਪੈ ਗਏ।
-''ਹਾਂ...!"
-''.........................।" ਉਸ ਨੇ ਭਰਜਾਈ ਦਾ ਚਿਹਰਾ ਗਹੁ ਨਾਲ਼ ਤੱਕਿਆ। ਭਰਜਾਈ ਦਾ ਚਿਹਰਾ ਉਸ ਨੂੰ ਕਿਸੇ ਬੁੱਚੜ ਵਰਗਾ ਲੱਗਿਆ ਅਤੇ ਉਹ ਫ਼ੌਲਾਦੀ ਚੁੱਪ ਧਾਰ ਗਿਆ।
-''ਬੱਸ...? ਆਹੀ ਬਚਨ ਸੀ..?" ਭਰਜਾਈ ਦਾ ਚਿਹਰਾ ਪੱਥਰ ਬਣਿਆਂ ਪਿਆ ਸੀ। ਉਸ ਨੇ ਜਿੰਨ ਵਰਗਾ ਮੂੰਹ ਖੋਲ੍ਹ ਕੇ ਮਿਹਣੇ ਵਰਗਾ ਸੁਆਲ ਕੀਤਾ।
-''ਪਰ ਕਿਉਂ..? ਓਹਨੇ ਕਿਹੈ ਤੈਨੂੰ ਕੁਛ..?"
-''ਹੁਣ ਗੱਲਾਂ ਈ ਪੁੱਛੀ ਜਾਵੇਂਗਾ, ਜਾਂ ਆਬਦੇ ਕੀਤੇ ਬਚਨ 'ਤੇ ਵੀ ਪੱਕਾ ਰਹੇਂਗਾ..? ਓਦੋਂ ਤਾਂ ਤੀਸਰੇ ਬਚਨ ਦੀ ਰਟ ਲਾਈ ਫ਼ਿਰਦਾ ਸੀ, ਜਿਵੇਂ ਅਕਬਰ ਬਾਦਸ਼ਾਹ ਹੁੰਨੈਂ..!" ਉਹ ਕੌੜਾ ਜਿਹਾ ਮੁਸਕੁਰਾਈ।
-''ਕੰਮ ਥੋੜ੍ਹਾ ਜਿਆ ਠੰਢਾ ਨਾ ਪੈ ਲੈਣ ਦੀਏ..? ਹੁਣੇ ਹੁਣੇ ਤਾਂ ਹਜਾਰੇ ਦਾ ਗੁੱਗਾ ਪੂਜ ਕੇ ਹਟੇ ਐਂ..!"
-''ਵੇ ਪਸ਼ੂਆ..! ਅੱਗੇ ਕਿਹੜਾ ਉਹਨਾਂ ਨੇ ਤੇਰੀ ਕੰਧ ਢਾਅਤੀ..? ਜਿਹੋ ਜਿਆ ਉਹਨਾਂ ਨੇ ਅੱਗੇ ਲੱਲ੍ਹਰ ਲਾਅਤਾ, ਓਹੋ ਜਿਆ ਈ ਹੁਣ ਲਾ ਦੇਣਗੇ, ਨਾਲ਼ੇ ਹੁਣ ਕਿਹੜਾ ਕੋਈ ਮਗਰ ਆਉਣ ਆਲ਼ਾ ਰਹੂ..?"
-''ਸੰਤੇ ਵਾਸਤੇ ਤੇਰੀ ਭੈਣ ਦਾ ਰਿਸ਼ਤਾ ਨੀ ਸੀ ਲਿਆ ਹਜਾਰੇ ਕਿਆਂ ਨੇ, ਤੂੰ ਉਹ ਕਿੜ੍ਹ ਕੱਢਦੀ ਐਂ, ਭਾਬੋ..! ਮੈਂ ਸਾਰੀ ਹੀਰ ਜਾਣਦੈਂ, ਕਮਲ਼ਾ ਮੈਂ ਜਮਾਂ ਨੀ, ਮੈਨੂੰ ਤਾਂ ਤੂੰ ਰਿਸ਼ਤਾ ਕਰਵਾਇਆ ਨੀ, ਮੈਂ ਤਾਂ ਬੋਤੇ ਦੀ ਪੂਛ ਅਰਗਾ ਲੰਡਾ ਈ ਡੱਕ-ਡੱਕ ਵੱਜਦਾ ਫ਼ਿਰਦੈਂ...!"
-''ਤੂੰ ਇਹ ਕੰਮ ਸਿਰੇ ਲਾਅ, ਜਿੱਦਣ ਬਰੀ ਹੋ ਕੇ ਆ ਗਿਆ, ਓਦਣ ਈ ਰਿਸ਼ਤਾ ਲਿਆਦੂੰ..!"
-''ਪੱਕੀ ਗੱਲ ਐ...?"
-''ਓਹ...ਹੋਅ.....! ਬੇ'ਤਬਾਰੀ ਜੀ ਨਾ ਕਰਿਆ ਕਰ..!" ਤੇਜ ਕੌਰ ਨੇ ਬੁੱਲ੍ਹ ਟੇਰੇ।
-''ਲੈ ਫ਼ੇਰ ਅੱਜ ਰਾਤ ਨੂੰ ਈ ਲੈ ਕੰਡਾ ਕੱਢਿਆ...!"
-''ਰਾਤ ਕੀਹਦੀ ਮਾਂ ਨੂੰ ਆਈ..? ਤੂੰ ਪੈੱਗ ਸ਼ੈਗ ਲਾ ਕੇ ਖੇਤ ਈ ਜਾ ਦੱਬ, ਅਗਲਾ ਹੁਣੇ ਰੇੜ੍ਹੀ ਲੈ ਕੇ ਪੱਠਿਆਂ ਨੂੰ ਗਿਐ..!"
-''ਤੂੰ ਦੇਖਿਐ...?"
-''ਜੇ ਦੇਖਿਐ, ਤਾਂ ਹੀ ਤਾਂ ਆਖਦੀ ਐਂ..! ਵੈਰੀ ਨੂੰ ਆਵੇਸਲ਼ੇ ਨੂੰ ਈ ਦੱਬੀਏ..! ਤੂੰ ਇੱਕ ਅੱਧਾ ਪੈੱਗ ਲਾ, ਬਾਹਲ਼ੀ ਨਾ ਅਜੇ ਪੀਂਵੀਂ, ਆ ਕੇ ਚਾਹੇ ਸਾਰੀ ਪੀ ਲਈਂ, ਇੱਕ ਬੋਤਲ ਦੇ ਪੈਸੇ ਤੈਨੂੰ ਹੋਰ ਦੇ ਦਿੰਨੀ ਆਂ...! ਆਹ ਲੈ ਫ਼ੜ..!" ਉਸ ਨੇ ਕੁਝ ਨੋਟ ਉਸ ਦੀ ਮੁੱਠੀ ਵਿੱਚ ਦੇ ਦਿੱਤੇ।
-''ਹੁਣ ਬਾਹਰ ਨੀ ਪੀਣੀ, ਕੰਮ ਕਰ ਕੇ ਘਰੇ ਆ ਕੇ ਪੀਣੀ ਐਂ...!"
-''ਮੈਂ ਤੇਰੇ ਤੋਂ ਨਾਬਰ ਐਂ...? ਚੱਲ ਓਏ ਭਗਤਾ..! ਪੁਗਾ ਭਾਬੋ ਨੂੰ ਦਿੱਤੇ ਬੋਲ, ਕਰ ਪੂਰੇ ਬਚਨ, ਲਿਆ ਇੱਕ ਤਕੜਾ ਜਿਆ ਰੱਸਾ ਫ਼ੜਾ ਕੇਰਾਂ..! ਜੇ ਕੋਈ ਹਥਿਆਰ ਚੱਕਿਆ, ਲੋਕ ਸ਼ੱਕ ਕਰਨਗੇ, ਰੱਸਾ ਹੱਥ 'ਚ ਹੋਊ ਤਾਂ ਲੋਕ ਸੋਚਣਗੇ ਬਈ ਪੱਠਿਆਂ ਨੂੰ ਚੱਲਿਐ..!"
-''ਸਿਆਣਾ ਹੋ ਗਿਆ ਤੂੰ..! ਨਾਲ਼ੇ ਕਿਸੇ ਕੋਲ਼ ਭਾਫ਼ ਨੀ ਕੱਢਣੀ, ਬੱਸ ਕੰਮ ਕਰ ਕੇ ਛੱਪ ਦੇਣੇ ਆਜੀਂ..! ਆਹ ਲੈ ਰੱਸਾ, ਤੇ ਆਹ ਫ਼ੜ ਦਾਤੀ...!"
-''ਮਾਸਟਰ ਕਦੋਂ ਆਊ...?" ਜੁਗਾੜੂ ਆਪਣੇ ਛੋਟੇ ਭਰਾ ਨੂੰ ''ਮਾਸਟਰ" ਹੀ ਆਖਦਾ ਸੀ।
-''ਉਹ ਤਾਂ ਸਕੂਲ ਬੰਦ ਹੋਏ ਤੋਂ ਆਊ..! ਅੱਜ ਚੈਹਾ ਪੈਣੈਂ ਸਕੂਲ 'ਚ, ਸਕੂਲ ਤੋਂ ਬਾਅਦ ਅੱਜ ਘੁੱਟ ਲਾਉਣਗੇ ਵੀ ਓਥੇ..! ਉਹ ਤਾਂ ਅੱਜ ਲੇਟ ਈ ਆਊ..!"
ਜੁਗਾੜੂ ਨੇ ਇੱਕ ਪੂਰਾ ਗਿਲਾਸ ਭਰ ਕੇ ਅੰਦਰ ਸੁੱਟਿਆ ਅਤੇ ਰੱਸਾ ਅਤੇ ਦਾਤੀ ਲੈ ਬਾਹਰ ਨਿਕਲ਼ ਗਿਆ।
ਤੇਜ ਕੌਰ ਕਿਸੇ ਵਿਸ਼ੇਸ਼ ਲਹਿਜੇ ਨਾਲ਼ ਜਾਂਦੇ ਜੁਗਾੜੂ ਨੂੰ ਤੱਕ ਰਹੀ ਸੀ। ਜੁਗਾੜੂ ਉਸ ਲਈ ਦੇਵਤਾ ਸੀ, ਜਿਸ ਨੇ ਉਸ ਦੇ ਸਾਰੇ ਧੋਣੇ ਧੋ ਦੇਣੇ ਸਨ। ਸ਼ਰੀਕ ਨੂੰ ਮਾਰ ਕੇ ਜਦ ਜੁਗਾੜੂ ਨੇ ਸਾਰੀ ਉਮਰ ਲਈ ਅੰਦਰ ਚਲਿਆ ਜਾਣਾ ਸੀ ਤਾਂ ਜੁਗਾੜੂ ਦੀ ਸਾਰੀ ਜ਼ਮੀਨ ਤੇਜ ਕੌਰ ਅਤੇ ਉਸ ਦੇ ਘਰਵਾਲ਼ੇ ਨੇ ਹੀ ਭੋਰ-ਭੋਰ ਖਾਣੀਂ ਸੀ। ਜੁਗਾੜੂ ਤਾਂ ਉਸ ਲਈ ਇੱਕ ''ਖਾਣ" ਸੀ, ਜਿਸ ਵਿੱਚੋਂ ਸੋਨਾ ਨਹੀਂ, ਝੋਟੇ ਦੇ ਸਿਰ ਵਰਗੀ ਉਪਜਾਊ ਪੈਲ਼ੀ ਹੀ ਨਿਕਲਣੀ ਸੀ।