ਮਿੰਨੀ ਕਹਾਣੀ : ਜ਼ਰੂਰਤ ਦਾ ਮੁੱਲ - ਗੁਰਸ਼ਰਨ ਸਿੰਘ ਕੁਮਾਰ


ਪਿਓ ਦੇ ਮਰਨ ਤੋਂ ਬਾਅਦ ਜੀਤੇ ਨੇ ਆਪਣੇ ਬਾਪ ਦਾਦੇ ਦਾ ਪਲੰਬਰ ਵਾਲਾ ਜੱਦੀ ਪੁਸ਼ਤੀ ਕੰਮ ਸੰਭਾਲ ਲਿਆ। ਇਸ ਸਮੇਂ ਉਹ ਇਕ ਕਾਮਯਾਬ ਪਲੰਬਰ ਸੀ।ਸਾਰੇ ਸ਼ਹਿਰ ਵਿਚ ਜਿਸ ਨੂੰ ਵੀ ਪਲੰਬਰ ਦੀ ਜ਼ਰੂਰਤ ਪੈਂਦੀ ਉਹ ਜੀਤੇ ਨੂੰ ਬੁਲਾ ਕੇ ਹੀ ਖ਼ੁਸ਼ ਹੁੰਦਾ। ਇਸ ਤਰ੍ਹਾਂ ਇਸ ਕੰਮ ਵਿਚ ਜੀਤੇ ਦੀ ਪੁੱਛ ਵਧਣ ਲੱਗੀ। ਉਹ ਪੈਸੇ ਵੀ ਠੋਕ ਕੇ ਲੈਂਦਾ ਸੀ। ਇਸ ਲਈ ਉਸ ਦੇ ਘਰ ਦੀ ਮਾਇਕ ਹਾਲਤ ਵੀ ਕਾਫ਼ੀ ਸੁਧਰ ਗਈ।
 ਪੈਸਾ ਜ਼ਿਆਦਾ ਆਉਣ ਨਾਲ ਜੀਤੇ ਦਾ ਦਿਮਾਗ਼ ਵੀ ਚੜ੍ਹ ਗਿਆ। ਉਹ ਬੜੇ ਨਖ਼ਰੇ ਨਾਲ ਕੰਮ ਕਰਨ ਲੱਗਾ। ਜਦ ਕੋਈ ਵੀ ਉਸ ਨੂੰ ਕੰਮ ਲਈ ਬੁਲਾਉਂਦਾ ਤਾਂ ਜੀਤਾ ਬੜੀ ਅੜੀ ਨਾਲ ਜਾਂਦਾ। ਉਹ ਕਹਿੰਦਾ ਇਸ ਸਮੇਂ ਮੈਂ ਕੋਈ ਹੋਰ ਕੰਮ ਫ਼ੜਿਆ ਹੋਇਆ ਹੈ, ਕੱਲ੍ਹ ਆਵਾਂਗਾ। ਉਹ ਕਹਿੰਦਾ ਕਿ ਜੇ ਗਾਹਕ ਦੇ ਸੱਦੇ ਤੇ ਪਹਿਲੀ ਵਾਰੀ ਚਲੇ ਜਾਓ ਤਾਂ ਬੰਦੇ ਦੀ ਕਦਰ ਨਹੀਂ ਰਹਿੰਦੀ। ਗਾਹਕ ਨੂੰ  ਜਰਾ ਤੰਗ ਹੋਣ ਦਿਓ, ਫਿਰ ਉਹ ਮੇਰੇ ਕੰਮ ਦੀ ਕਦਰ ਕਰੇਗਾ। ਅਸਲ ਕੀਮਤ ਤਾਂ ਜ਼ਰੂਰਤ ਦੀ ਹੁੰਦੀ ਹੈ। ਗਾਹਕ ਵੀ ਤਾਂ ਹੀ ਮੂੰਹ ਮੰਗੇ ਪੈਸੇ ਦਿੰਦਾ ਹੈ। ਇਸ ਤਰ੍ਹਾਂ ਉਹ ਗਾਹਕਾਂ ਦੇ ਕਈ ਕਈ ਚੱਕਰ ਲੁਵਾਉਂਦਾ ਅਤੇ ਪੈਸੇ ਵੀ ਮਾਰਕੀਟ ਨਾਲੋਂ ਬਹੁਤ ਜ਼ਿਆਦਾ ਲੈਂਦਾ।
ਹੋਲੀ ਹੋਲੀ ਜੀਤੇ ਦੇ ਗਾਹਕ ਉੇਸ ਤੋਂ ਤੰਗ ਪੈ ਕੇ ਉਸ ਨਾਲ ਨਰਾਜ਼ ਰਹਿਣ ਲੱਗੇ। ਪੈਸਾ ਖੁੱਲ੍ਹਾ ਆਉਣ ਨਾਲ ਜੀਤੇ ਨੂੰ ਨਸ਼ਿਆਂ ਦੀ ਆਦਤ ਵੀ ਪੈ ਗਈ। ਹੁਣ ਉਹ ਕੰਮ ਵੱਲ ਵੀ ਧਿਆਨ ਘੱਟ ਦਿੰਦਾ ਅਤੇ ਚਿੱਟਾ ਖਾ ਕੇ ਸਾਰਾ ਦਿਨ ਆਪਣੀ ਚੰਡਾਲ ਚੌਕੜੀ ਨਾਲ ਸਾਰਾ ਦਿਨ ਪਾਰਕ ਵਿਚ ਬੈਠ ਕੇ ਤਾਸ਼ ਖੇਡਦਾ ਰਹਿੰਦਾ। ਜੀਤੇ ਦੀ ਮਾਂ ਉਸ ਨੂੰ ਬਹੁਤ ਸਮਝਾਉਂਦੀ ਕਿ ਨਸ਼ੇ ਦੀ ਆਦਤ ਛੱਡ ਕੇ ਆਪਣੇ ਕੰਮ ਵੱਲ ਧਿਆਨ ਦੇ ਪਰ ਜੀਤਾ ਪੈਰਾਂ ਤੇ ਪਾਣੀ ਨਾ ਪੈਣ ਦਿੰਦਾ।
ਇਕ ਦਿਨ ਉਨ੍ਹਾਂ ਦੇ ਘਰ ਦੇ ਬਾਹਰ ਦੇ ਵਿਹੜੇ ਦੀ ਟੂਟੀ ਲੀਕ ਕਰਨ ਲੱਗ ਪਈ ਪਰ ਜੀਤੇ ਨੇ ਕੋਈ ਧਿਆਨ ਨਾ ਦਿੱਤਾ। ਜੀਤੇ ਦੀ ਮਾਂ ਨੇ ਉਸ ਨੂੰ ਟੂਟੀ ਠੀਕ ਕਰਨ ਲਈ ਕਿਹਾ ਪਰ ਜੀਤੇ ਨੇ ਜੁਵਾਬ ਦਿੱਤਾ-''ਮਾਂ ਮੈਂ ਅੱਜ ਬਹੁਤ ਥੱਕਿਆ ਹੋਇਆ ਹਾਂ, ਕੱਲ੍ਹ ਠੀਕ ਕਰਾਂਗਾ।''  ਜੀਤੇ ਦਾ ਕੱਲ੍ਹ ਕਦੀ ਨਾ ਆਇਆ। ਮਾਂ ਨੇ ਜੀਤੇ ਨੂੰ ਕਈ ਵਾਰੀ ਕਿਹਾ ਪਰ ਜੀਤੇ ਨੇ ਹਰ ਵਾਰੀ ਟਾਲ ਦਿੱਤਾ। ਕਈ ਦਿਨ ਤੱਕ ਟੂਟੀ ਚੌਂਦੀ ਰਹੀ ਅਤੇ ਵਿਹੜੇ ਵਿਚ ਚਿੱਕੜ ਹੁੰਦਾ ਰਿਹਾ।
ਇਕ ਦਿਨ ਜੀਤਾ ਸ਼ਾਮ ਨੂੰ ਘਰ ਆਇਆ ਤਾਂ ਨਸ਼ੇ ਵਿਚ ਗੜੁਚ ਸੀ। ਵਿਹੜੇ ਵਿਚ ਨਵੀਂ ਲੱਗੀ ਟੂਟੀ ਦੇਖ ਕੇ ਉਹ ਬੜਾ ਹੈਰਾਨ ਹੋਇਆ। ਉਸ ਨੇ ਮਾਂ ਨੂੰ ਪੁੱਛਿਆ-''ਮਾਂ ਇਹ ਟੂਟੀ ਕਿੰਨੇ ਬਦਲੀ ਹੈ?''
''ਪਲੰਬਰ ਨੇ ਬਦਲੀ ਹੈ, ਹੋਰ ਕਿੰਨੇ ਬਦਲਣੀ ਸੀ?''
''ਕਿਹੜੇ ਪਲੰਬਰ ਨੇ?''
''ਉਹ ਤੇਰੇ ਯਾਰ ਵਿਜੈ ਨੇ। ਬੜਾ ਚੰਗਾ ਹੈ। ਮੇਰੇ ਇਕ ਵਾਰੀ ਕਹਿਣ ਤੇ ਹੀ ਆ ਕੇ ਲਾ ਗਿਆ।''
''ਟੂਟੀ ਕਿੰਨੇ ਦੀ ਆਈ ਹੈ?'' ਜੀਤੇ ਨੇ ਪੁੱਛਿਆ
''ਦੋ ਸੋ ਰੁਪਏ ਦੀ ਅਤੇ ਦੋ ਸੋ ਰੁਪਏ ਤੇਰਾ ਯਾਰ ਵਿਜੈ ਲੈ ਗਿਆ।'' ਇਹ ਸੁਣ ਕੇ ਜੀਤੇ ਨੂੰ ਅੱਗ ਲੱਗ ਗਈ ਉਹ ਚੀਕਿਆ-''ਮਾਂ ਤੂੰ ਅੇਵੇਂ 400 ਰੁਪਏ ਰੋੜ ਦਿੱਤੇ। 25 ਪੈਸੇ ਦੀ ਵਾਸ਼ਰ ਬਦਲ ਕੇ ਆਪਣੀ ਟੂਟੀ ਠੀਕ ਹੋ ਜਾਣੀ ਸੀ ਜਿਸ ਦੇ ਤੂੰ 400 ਰੁਪਏ ਖਰਚ ਦਿੱਤੇ।''
25 ਪੈਸੇ ਦੀ ਗੱਲ ਨਹੀਂ ਪੁੱਤਰ, 400 ਰੁਪਏ ਸਾਡੀ ਜ਼ਰੂਰਤ ਦੇ ਲੱਗੇ ਹਨ। ਮਹੀਨੇ ਤੋਂ ਵਿਹੜੇ ਵਿਚ ਚਿੱਕੜ ਨਾਲ ਘਰ ਨਰਕ ਬਣਿਆ ਪਿਆ ਸੀ। ਆਏ ਗਏ ਤੇ ਵੀ ਬੁਰਾ ਪ੍ਰਭਾਵ ਪੈਂਦਾ ਸੀ। ਇਸ ਲਈ ਮੈਂ ਦੁਕਾਨ ਤੋਂ ਨਵੀਂ ਟੂਟੀ ਲਿਆ ਕੇ ਵਿਜੈ ਕੋਲੋਂ ਲਵਾ ਲਈ। ਚਾਰ ਸੋ ਰੁਪਏ ਲੱਗ ਵੀ ਗਏ ਤਾਂ ਕੀ ਹੋਇਆ ਘਰ ਤਾਂ ਸੁਥਰਾ ਹੋ ਗਿਆ।''
ਜੀਤਾ ਸ਼ਰਮਿੰਦਾ ਹੋਇਆ ਸੜ ਭੁੱਜ ਕੇ ਅੰਦਰ ਜਾ ਕੇ ਧੜੱਮ ਕਰ ਕੇ ਮੰਜੀ ਤੇ ਪੈ ਗਿਆ।
*****

ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-094631-89432
083608-42861
email:  gursharan1183@yahoo.in