ਹੁਕਮਰਾਨ ਲੋਕਾਂ ਨੂੰ ਕਦੋਂ ਤੱਕ ਮਰਦੇ ਦੇਖਣਗੇ ? - ਗੁਰਚਰਨ ਸਿੰਘ ਨੂਰਪੁਰ

ਆਯੁਰਵੇਦ ਦੇ ਗ੍ਰੰਥਾਂ ਵਿਚ ਇਹ ਦਰਜ ਹੈ ਕਿ ਜਦੋਂ ਜਦੋਂ ਵੀ ਜਲਵਾਯੂ ਵਿਚ ਵੱਡੀਆਂ ਤਬਦੀਲੀਆਂ ਵਾਪਰਦੀਆਂ ਹਨ ਤਾਂ ਮਹਾਂਮਾਰੀ ਫੈਲਦੀ ਹੈ। ਅਸੀਂ ਜਿੱਥੇ ਆਪਣੇ ਸਮਿਆਂ ਵਿਚ ਜਲਵਾਯੂ ਵਿਚ ਹੋਈਆਂ ਵੱਡੀਆਂ ਤਬਦੀਲੀਆਂ ਵੇਖ ਰਹੇ ਹਾਂ, ਉੱਥੇ ਅਸੀਂ ਲੋਕਤੰਤਰਕ ਢੰਗ ਨਾਲ ਚੁਣੀਆਂ ਸਰਕਾਰਾਂ ਦੇ ਲੋਕਾਂ ਪ੍ਰਤੀ ਵਿਹਾਰ ਵਿਚ ਹੋਈਆਂ ਵੱਡੀਆਂ ਤਬਦੀਲੀਆਂ ਦੇ ਵੀ ਗਵਾਹ ਹਾਂ।
        ਪਿਛਲੇ ਸਾਲ ਜੋ ਡਰ ਅਤੇ ਸਹਿਮ ਦਾ ਮਾਹੌਲ ਸੀ ਉਹਨੂੰ ਅਸੀਂ ਹੁਣ ਹਕੀਕਤ ਵਿਚ ਬਦਲਿਆ ਦੇਖ ਰਹੇ ਹਾਂ। ਲੋਕ ਵੱਡੀ ਗਿਣਤੀ ਵਿਚ ਮਰ ਰਹੇ ਹਨ ਅਤੇ ਮਰ ਰਹੇ ਲੋਕਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਗਿਆ ਹੈ। ਹਸਪਤਾਲਾਂ ਵਿਚ ਬਿਮਾਰਾਂ ਅਤੇ ਸ਼ਮਸ਼ਾਨਘਾਟਾਂ ਵਿਚ ਲਾਸ਼ਾਂ ਦੀਆਂ ਲਾਈਨਾਂ ਲੱਗ ਗਈਆਂ ਹਨ। ਸਰਕਾਰੀ ਵਿਵਸਥਾ ਇਸ ਸਮੇਂ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਉਡੀਕ ਕਰ ਰਹੀ ਹੈ ਕਿ ਇਹ ਸਭ ਕੁਝ ਕੁਦਰਤੀ ਤੌਰ 'ਤੇ ਖ਼ਤਮ ਹੋ ਜਾਵੇ।
         ਪਿਛਲੇ ਸਾਲ ਕੋਵਿਡ ਦਾ ਇਕ ਉਹ ਦੌਰ ਸੀ ਜਦੋਂ ਅਸੀਂ ਦਰਵਾਜ਼ਿਆਂ ਦੇ ਹੈਂਡਲਾਂ ਨੂੰ ਸਾਫ਼ ਕਰ ਰਹੇ ਸੀ। ਅਸੀਂ ਪਿੰਡਾਂ, ਕਸਬਿਆਂ, ਦਫ਼ਤਰਾਂ ਇੱਥੋਂ ਤੱਕ ਵਾਹਨਾਂ ਨੂੰ ਇਨਫੈਕਸ਼ਨ ਮੁਕਤ ਕਰਨ ਲਈ ਸਪਰੇਆਂ ਕਰ ਰਹੇ ਸਾਂ। ਖ਼ਬਰਾਂ ਦਾ ਜ਼ਿਆਦਾ ਜ਼ੋਰ ਪੀ.ਪੀ.ਈ. ਕਿੱਟਾਂ 'ਤੇ ਸੀ। ਅਸੀਂ ਇਸ ਗੱਲ ਨੂੰ ਸਮਝਣ ਵਿਚ ਲੱਗੇ ਹੋਏ ਸੀ ਕਿ ਕੋਰੋਨਾ ਦਾ ਵਾਇਰਸ ਕਿੰਨੇ ਤਾਪਮਾਨ 'ਤੇ ਮਰਦਾ ਹੈ, ਕਿੱਥੋਂ ਇਸ ਨੂੰ ਅਗਾਂਹ ਫੈਲਣ ਲਈ ਖੁਰਾਕ ਮਿਲਦੀ ਹੈ। ਅੱਜ ਅਜਿਹਾ ਨਹੀਂ ਹੋ ਰਿਹਾ। ਇਸ ਦਾ ਭਾਵ ਇਹ ਹੈ ਕਿ ਅਸੀਂ ਅਜੇ ਤੱਕ ਕੋਵਿਡ-19 ਦੇ ਸੁਭਾਅ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਸਾਨੂੰ ਦੱਸਿਆ ਗਿਆ ਕਿ ਵੈਕਸੀਨ ਬਚਾਅ ਲਈ ਬੇਹੱਦ ਜ਼ਰੂਰੀ ਹੈ ਪਰ ਹੁਣ ਕਿਹਾ ਜਾ ਰਿਹਾ ਹੈ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਤੁਹਾਨੂੰ ਸਾਰੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਇਹ ਸਭ ਕੁਝ ਦਰਸਾਉਂਦਾ ਹੈ ਕਿ ਕੋਵਿਡ ਵਾਇਰਸ ਸੁਭਾਅ ਅਤੇ ਇਸ ਦੇ ਇਲਾਜ ਸਬੰਧੀ ਬਹੁਤ ਕੁਝ ਅਜਿਹਾ ਹੈ, ਜਿਸ ਨੂੰ ਸਮਝਿਆ ਜਾਣਾ ਅਜੇ ਬਾਕੀ ਹੈ।
       ਇਸ ਸਮੇਂ ਸਰਕਾਰ ਦਾ ਬਿਮਾਰਾਂ ਪ੍ਰਤੀ ਰਵੱਈਆ ਬੇਹੱਦ ਨਿਰਾਸ਼ਾਜਨਕ ਹੈ। ਮਹਾਂਮਾਰੀ ਨਾਲ ਮਰਦੇ ਲੋਕਾਂ ਨੂੰ ਬਚਾਉਣ ਦੀ ਬਜਾਏ ਕੇਂਦਰ ਅਤੇ ਰਾਜ ਸਰਕਾਰਾਂ ਵੇਖੋ ਤੇ ਉਡੀਕ ਕਰੋ ਦੀ ਰਣਨੀਤੀ 'ਤੇ ਚੱਲ ਰਹੀਆਂ ਹਨ। ਦੇਸ਼ ਵਿਚ ਕੋਰੋਨਾ ਦੇ ਸੰਕਰਮਣ ਨੂੰ ਫੈਲਾਉਣ ਲਈ ਆਪਣੇ ਸੌੜੇ ਸਿਆਸੀ ਹਿਤਾਂ ਲਈ ਵੱਖ-ਵੱਖ ਰਾਜਸੀ ਪਾਰਟੀਆਂ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ। ਹਾਲਾਤ ਇਸ ਸਮੇਂ ਇਹ ਹਨ ਕਿ ਸਰਕਾਰ ਨੇ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੀ ਬਾਂਹ ਤਾਂ ਕੀ ਫੜਨੀ ਸੀ, ਜੋ ਸਰਕਾਰ ਵਿਸ਼ਵ ਗੁਰੂ ਹੋਣ ਦੇ ਦਾਅਵੇ ਕਰ ਰਹੀ ਸੀ ਉਹ ਸਰਕਾਰ ਲੋਕਾਂ ਨੂੰ ਆਕਸੀਜਨ ਮੁਹੱਈਆ ਕਰਵਾਉਣ ਵਿਚ ਵੀ ਨਾਕਾਮ ਰਹੀ ਹੈ। 24 ਘੰਟਿਆਂ ਵਿਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੁਣ 4 ਹਜ਼ਾਰ ਤੋਂ ਉੱਪਰ ਚਲਾ ਗਿਆ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਈ ਹਸਪਤਾਲਾਂ ਦੀਆਂ ਉਦਾਹਰਨਾਂ ਹਨ, ਜਿੱਥੇ ਆਕਸੀਜਨ ਨਾ ਮਿਲਣ ਕਾਰਨ ਅਨੇਕਾਂ ਲੋਕਾਂ ਦੀ ਮੌਤ ਹੋ ਗਈ। ਇਲਾਜ ਤਾਂ ਦੂਰ ਜਿਸ ਸਰਕਾਰ ਦੇ ਸ਼ਾਸਨ ਕਾਲ ਵਿਚ ਲੋਕ ਆਕਸੀਜਨ ਖੁਣੋਂ ਮਰ ਰਹੇ ਹੋਣ ਉਸ ਦੀ ਇਸ ਤੋਂ ਵੱਡੀ ਨਾਕਾਮੀ ਕੀ ਹੋ ਸਕਦੀ ਹੈ ਭਲਾ? ਸਰਕਾਰ ਦਾ ਸਾਰਾ ਜ਼ੋਰ ਆਪਣੇ ਅਕਸ ਨੂੰ ਬਚਾਉਣ 'ਤੇ ਲੱਗਾ ਹੋਇਆ ਹੈ ਜਿੱਥੇ ਕੁਝ ਸਮਾਂ ਪਹਿਲਾਂ ਟੀ. ਵੀ. ਚੈਨਲ ਸਾਨੂੰ ਬਿਮਾਰੀ ਦੇ ਵੱਡੇ-ਵੱਡੇ ਅੰਕੜੇ ਵਿਖਾ ਰਹੇ ਸਨ ਉਹ ਹੁਣ ਨੈਗੇਟਿਵ ਹੋਏ ਕੇਸਾਂ ਨੂੰ ਵਧਾ-ਚੜ੍ਹਾ ਕੇ ਦੱਸਣ ਲੱਗ ਪਏ ਹਨ ਪਰ ਬਲਦੇ ਸਿਵਿਆਂ ਅਤੇ ਦਰਿਆਵਾਂ ਵਿਚ ਰੁੜ੍ਹ ਕੇ ਆ ਰਹੀਆਂ ਲਾਸ਼ਾਂ ਦਾ ਕੀ ਕਰੋਗੇ? ਪੰਜ ਰਾਜਾਂ ਵਿਚ ਵਿਧਾਨ ਸਭਾ ਅਤੇ ਉੱਤਰ ਪ੍ਰਦੇਸ਼ ਵਿਚ ਹੋਈਆਂ ਪੰਚਾਇਤੀ ਚੋਣਾਂ ਨੇ ਸਥਿਤੀ ਨੂੰ ਵਿਸਫੋਟਕ ਬਣਾ ਦਿੱਤਾ। ਇਸ ਤੋਂ ਇਲਾਵਾ ਕੁੰਭ ਮੇਲੇ ਦੌਰਾਨ ਲੱਖਾਂ ਲੋਕਾਂ ਦੀ ਭੀੜ ਅਤੇ ਕਈ ਦਿਨ ਅਗਾਊਂ ਚਲਦੀਆਂ ਰਹੀਆਂ ਮੇਲੇ ਦੀਆਂ ਤਿਆਰੀਆਂ ਲਈ ਸੈਂਕੜੇ ਕਾਮਿਆਂ ਵਲੋਂ ਮਿਲ ਕੇ ਮੇਲੇ ਲਈ ਕੀਤੇ ਪ੍ਰਬੰਧ ਨੇ ਕੋਰੋਨਾ ਦੇ ਫੈਲਾਅ ਲਈ ਵੱਡੀ ਭੂਮਿਕਾ ਨਿਭਾਈ। ਇਨ੍ਹਾਂ ਸਭ ਸਰਗਰਮੀਆਂ ਨਾਲ ਕੋਰੋਨਾ ਨੇ ਭੀੜ-ਭੜੱਕੇ ਵਾਲੇ ਸ਼ਹਿਰਾਂ ਤੋਂ ਅਗਾਂਹ ਜਾ ਕੇ ਪਿੰਡਾਂ ਤੱਕ ਆਪਣੇ ਪੈਰ ਪਸਾਰ ਲਏ ਹਨ।
          ਹਾਲਾਤ ਹੁਣ ਇਹ ਬਣ ਗਏ ਹਨ ਕਿ ਕਈ ਥਾਵਾਂ 'ਤੇ ਲਾਸ਼ਾਂ ਨੂੰ ਜਲਾਉਣ ਲਈ ਲੱਕੜਾਂ ਦਾ ਪ੍ਰਬੰਧ ਨਹੀਂ ਹੋ ਰਿਹਾ। ਲਾਸ਼ਾਂ ਦਰਿਆਵਾਂ ਵਿਚ ਸੁੱਟੀਆਂ ਜਾ ਰਹੀਆਂ ਹਨ। ਇਕੱਲੀ ਗੰਗਾ ਨਦੀ ਵਿਚ ਵੱਖ-ਵੱਖ ਥਾਵਾਂ ਤੋਂ 4000 ਤੋਂ ਵੱਧ ਲਾਸ਼ਾਂ ਰੁੜ੍ਹ ਕੇ ਆਈਆਂ ਹਨ। ਬਿਲਕੁਲ ਇਸੇ ਤਰ੍ਹਾਂ ਜਮਨਾ ਨਦੀ ਵਿਚ ਮ੍ਰਿਤਕ ਦੇਹਾਂ ਸੁੱਟੀਆਂ ਜਾ ਰਹੀਆਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਵੇਂ ਮਰੇ ਬੰਦੇ ਦੇ ਸਰੀਰ 'ਤੇ ਵੀ ਜੈਵਿਕ ਕਿਰਿਆਵਾਂ ਲੰਮਾ ਸਮਾਂ ਜਾਰੀ ਰਹਿੰਦੀਆਂ ਹਨ ਉਸੇ ਤਰ੍ਹਾਂ ਕੋਰੋਨਾ ਨਾਲ ਮਰੇ ਬੰਦੇ ਦੇ ਸਰੀਰ ਤੋਂ ਇਹ ਵਾਇਰਸ ਪਾਣੀ ਤੱਕ ਵੀ ਜਾ ਸਕਦਾ ਹੈ, ਇਹ ਪਾਣੀ ਵਿਚ ਕਿੰਨਾ ਸਮਾਂ ਜ਼ਿੰਦਾ ਰਹਿ ਸਕਦਾ ਹੈ? ਗਰਮੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਪੀਣ ਵਾਲੇ ਪਾਣੀ ਦੀ ਕਿੱਲਤ ਹੋਰ ਵਧ ਜਾਵੇਗੀ। ਭਵਿੱਖ ਵਿਚ ਜੇਕਰ ਹੋਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਪਾਣੀ ਹੋਰ ਦੂਸ਼ਿਤ ਹੁੰਦਾ ਹੈ ਤਾਂ ਇਸ ਪਾਣੀ ਦੇ ਪੀਣ ਨਾਲ ਪਾਣੀ ਵਿਚ ਰਹਿਣ ਵਾਲੇ ਜੀਵ ਜੰਤੂ, ਮਨੁੱਖਾਂ 'ਤੇ ਇਸ ਦਾ ਕੀ ਅਸਰ ਹੋਵੇਗਾ? ਇਸ ਸਬੰਧੀ ਸਾਡੇ ਕੋਲ ਕਿਸੇ ਤਰ੍ਹਾਂ ਦੀ ਪ੍ਰਪੱਕ ਜਾਣਕਾਰੀ ਜਾਂ ਪ੍ਰੋਗਰਾਮ ਨਹੀਂ ਹੈ। ਇਸ ਦੇ ਬਚਾਅ ਲਈ ਸਾਡੀਆਂ ਸਰਕਾਰਾਂ ਅਗਾਊਂ ਕੀ ਪ੍ਰਬੰਧ ਕਰ ਰਹੀਆਂ ਹਨ? ਬਿਮਾਰੀ ਸਬੰਧੀ ਸਰਕਾਰ ਦੀ ਫਿਕਰਮੰਦੀ ਜਿਵੇਂ ਹੋਣੀ ਚਾਹੀਦੀ ਸੀ ਉਹ ਕਿਸੇ ਪੱਖ ਤੋਂ ਵੀ ਨਜ਼ਰ ਨਹੀਂ ਆ ਰਹੀ। ਦੇਸ਼ ਵਿਚ ਸਿਹਤ ਸਹੂਲਤਾਂ ਦਾ ਹਾਲ ਤਾਂ ਏਨਾ ਨਿੱਘਰਿਆ ਹੋਇਆ ਹੈ ਕਿ ਕਈ ਸਿਹਤ ਕੇਂਦਰਾਂ ਵਿਚ ਕਈ ਸਾਲਾਂ ਤੋਂ ਕੋਈ ਸਟਾਫ ਹੀ ਨਹੀਂ ਗਿਆ, ਉੱਥੇ ਡੰਗਰ ਬੰਨ੍ਹੇ ਜਾਂਦੇ ਹਨ। ਕੁਝ ਸਰਕਾਰੀ ਹਸਪਤਾਲਾਂ ਦੇ ਕਮਰਿਆਂ ਵਿਚ ਤੂੜੀ ਭਰੀ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਕੁਝ ਹਸਪਤਾਲਾਂ ਵਿਚ ਵੈਂਟੀਲੇਟਰ ਮਸ਼ੀਨਾਂ ਹਨ ਪਰ ਇਨ੍ਹਾਂ ਨੂੰ ਚਲਾਉਣ ਵਾਲਾ ਸਟਾਫ ਨਹੀਂ ਹੈ। ਕਿਤੇ ਕਿਸੇ ਨੇਤਾ ਦੇ ਘਰ ਵੱਡੀ ਗਿਣਤੀ ਵਿਚ ਐਬੂਲੈਂਸ ਵੈਨਾਂ ਖੜ੍ਹੀਆਂ ਮਿਲਦੀਆਂ ਹਨ। ਡਾਕਟਰੀ ਸਾਮਾਨ, ਦਵਾਈਆਂ, ਪੀ ਪੀ ਈ ਕਿੱਟਾਂ ਦੀ ਵੱਡੀ ਘਾਟ ਹੈ। ਜੇਕਰ ਕਿਤੇ ਇਹ ਸਾਮਾਨ ਉਪਲਬਧ ਵੀ ਹੈ ਤਾਂ ਇਨ੍ਹਾਂ ਨੂੰ ਵਰਤਣ ਵਾਲਾ ਅਮਲਾ ਨਹੀਂ ਹੈ। ਜਦੋਂ ਇਹ ਪਤਾ ਸੀ ਕਿ ਸਿਰ 'ਤੇ ਵੱਡੀ ਆਫ਼ਤ ਆਈ ਹੋਈ ਹੈ ਅਤੇ ਇਹ ਕਿਸੇ ਵੀ ਸਮੇਂ ਭਿਆਨਕ ਰੂਪ ਅਖ਼ਤਿਆਰ ਕਰ ਸਕਦੀ ਹੈ ਤਾਂ ਕਿਉਂ ਨਹੀਂ ਅਗਾਊਂ ਪ੍ਰਬੰਧ ਕੀਤੇ ਗਏ। ਸਰਕਾਰੀ ਤੰਤਰ ਦਾ ਜੇਕਰ ਜ਼ੋਰ ਰਿਹਾ ਤਾਂ ਇਸੇ ਗੱਲ 'ਤੇ ਜ਼ੋਰ ਰਿਹਾ ਕਿ ਪੂਰੀ ਦੁਨੀਆ 'ਚ ਭਾਰਤ ਦਾ ਡੰਕਾ ਵੱਜਣ ਦੀਆਂ ਖ਼ਬਰਾਂ ਨੂੰ ਵੱਡੀਆਂ ਤੋਂ ਹੋਰ ਵੱਡੀਆਂ ਬਣਾਇਆ ਜਾਵੇ। 2020 ਦੇ ਲਾਕ ਡਾਊਨ ਦੌਰਾਨ ਦੇਸ਼ ਦੇ ਟੀ.ਵੀ. ਚੈਨਲਾਂ ਨੇ ਇਹ ਪ੍ਰਚਾਰ ਕੀਤਾ ਕਿ ਕੋਰੋਨਾ ਨਾਲ ਕਿਵੇਂ ਲੜਿਆ ਜਾਵੇ ਇਸ ਸਬੰਧੀ ਸਾਰੀ ਦੁਨੀਆ ਦੇ ਲੋਕ ਸਾਡੇ ਰਾਜ ਨੇਤਾਵਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਖ਼ਬਰਾਂ ਮਗਰੋਂ ਅਸੀਂ ਇਹ ਪ੍ਰਚਾਰ ਕੀਤਾ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਅਸੀਂ ਕੋਰੋਨਾ ਨਾਲ ਲੜਨ ਵਾਲੀਆਂ ਦਵਾਈਆਂ ਅਤੇ ਹੋਰ ਸਾਜ਼ੋ-ਸਾਮਾਨ ਭੇਜ ਕੇ ਦੂਜੇ ਦੇਸ਼ਾਂ ਦੀ ਮਦਦ ਕਰ ਰਹੇ ਹਾਂ। ਫਿਰ ਇਹ ਖ਼ਬਰਾਂ ਸੁਣਨ ਨੂੰ ਮਿਲਣ ਲੱਗੀਆਂ ਕਿ ਕਿਹੜੇ-ਕਿਹੜੇ ਦੇਸ਼ਾਂ 'ਚੋਂ ਸਾਡੀ ਵੈਕਸੀਨ ਦੀ ਕਿੰਨੀ ਜ਼ਿਆਦਾ ਮੰਗ ਹੈ ਅਤੇ ਇਸ ਮੰਗ ਦੀ ਪੂਰਤੀ ਲਈ ਅਸੀਂ ਕਿਹੜੇ ਦੇਸ਼ਾਂ ਨਾਲ ਸਮਝੌਤਾ ਕਰ ਰਹੇ ਹਾਂ। ਦੇਸ਼ ਦੇ ਆਗੂਆਂ ਨੇ ਹਵਾਈ ਕਿਲ੍ਹਿਆਂ ਦੀ ਉਸਾਰੀ ਨਾਲ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਅਤੇ ਖ਼ਬਰਾਂ ਵਿਚ ਛਾਏ ਰਹਿਣ ਦੇ ਉਨ੍ਹਾਂ ਚਾਅ ਨੇ ਸਭ ਨੂੰ ਏਨਾ ਬੇਪ੍ਰਵਾਹ ਕਰ ਦਿੱਤਾ ਕਿ ਅਸੀਂ ਆਪਣੇ ਦੇਸ਼ ਦਾ ਫ਼ਿਕਰ ਕਰਨ ਦੀ ਬਜਾਏ ਦੁਨੀਆ ਦੇ ਹੋਰ ਦੇਸ਼ਾਂ ਦੇ ਫ਼ਿਕਰ ਦਾ ਵਿਖਾਵਾ ਕਰਨ ਲੱਗ ਪਏ। ਇਸ ਬੇਪ੍ਰਵਾਹੀ ਅਤੇ ਖ਼ਬਰਾਂ ਵਿਚ ਬਣੇ ਰਹਿਣ ਦੇ ਝੱਲ ਵਿਚ ਜਿੱਥੇ ਇਸ ਸਮੇਂ ਲੋਕਾਂ ਦਾ ਨਰਸੰਘਾਰ ਹੋ ਰਿਹਾ ਹੈ ਉੱਥੇ ਦੇਸ਼ ਬਰਬਾਦੀ ਦੇ ਕੰਢੇ ਆ ਖੜ੍ਹਾ ਹੋਇਆ ਹੈ। ਇਹ ਵੱਡੇ ਫ਼ਿਕਰ ਵਾਲੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਕੋਲ ਮਰ ਰਹੇ ਲੋਕਾਂ ਅਤੇ ਦੇਸ਼ ਨੂੰ ਬਰਬਾਦੀ ਤੋਂ ਬਚਾਉਣ ਲਈ ਕੋਈ ਪ੍ਰੋਗਰਾਮ ਨਹੀਂ। ਅਸੀਂ ਜੋ ਅਜੇ ਜਿਊਂਦੇ ਹਾਂ ਇਸ ਭਿਆਨਕ ਮੰਜ਼ਰ ਦੇ ਪ੍ਰਤੱਖ ਪਰ ਬੇਵੱਸ ਗਵਾਹ ਬਣ ਰਹੇ ਹਾਂ।
          ਚਾਹੀਦਾ ਤਾਂ ਇਹ ਸੀ ਕਿ ਪਿਛਲੇ ਸਾਲ ਜਦੋਂ ਬਿਮਾਰੀ ਪੈਰ ਪਸਾਰ ਰਹੀ ਸੀ, ਉਸ ਸਮੇਂ ਹੀ ਹਰ ਵੱਡੇ-ਛੋਟੇ ਹਸਪਤਾਲਾਂ ਵਿਚ ਡਾਕਟਰਾਂ, ਨਰਸਾਂ ਅਤੇ ਪੈਰਾਮੈਡੀਕਲ ਸਟਾਫ ਦੀ ਵੱਡੀ ਪੱਧਰ 'ਤੇ ਭਰਤੀ ਕੀਤੀ ਜਾਂਦੀ। ਹਰ ਛੋਟੇ-ਵੱਡੇ ਸੈਂਟਰਾਂ ਵਿਚ ਕੋਰੋਨਾ ਵਾਰਡ ਸਥਾਪਤ ਕੀਤੇ ਜਾਂਦੇ, ਹਰ ਹਸਪਤਾਲ ਵਿਚ ਵੱਡੀ ਗਿਣਤੀ ਵਿਚ ਆਕਸੀਜਨ ਸਿਲੰਡਰ ਅਤੇ ਵੈਂਟੀਲੇਟਰਾਂ ਦੀ ਸਹੂਲਤ ਨੂੰ ਯਕੀਨੀ ਬਣਾਈ ਜਾਂਦੀ, ਹਰ ਹਸਪਤਾਲ ਵਿਚ ਬਿਮਾਰਾਂ ਨੂੰ ਰੱਖਣ ਲਈ ਨਵੇਂ ਵਾਰਡਾਂ ਅਤੇ ਬੈੱਡਾਂ ਦੀ ਵਿਵਸਥਾ ਕੀਤੀ ਜਾਂਦੀ ਪਰ ਅਫ਼ਸੋਸ ਜਦੋਂ ਦੇਸ਼ ਨੂੰ ਸੰਭਾਲਣ ਦਾ ਸਮਾਂ ਸੀ ਉਦੋਂ ਦੇਸ਼ ਦੀ ਅਗਵਾਈ ਕਰਨ ਵਾਲੇ ਚੋਣਾਂ ਜਿੱਤਣ ਲਈ ਪੱਬਾਂ ਭਾਰ ਹੋਏ ਰਹੇ। ਆਕਸੀਜਨ ਲੈ ਕੇ ਜਾਣ ਵਾਲੀਆਂ ਜਿਹੜੀਆਂ ਰੇਲ ਗੱਡੀਆਂ ਹੁਣ ਲੋਕਾਂ ਨੂੰ ਟੀ. ਵੀ. 'ਤੇ ਵਿਖਾਈਆਂ ਜਾ ਰਹੀਆਂ ਹਨ, ਉਹ ਅੱਠ-ਦਸ ਮਹੀਨੇ ਪਹਿਲਾਂ ਦਿਸਣੀਆਂ ਚਾਹੀਦੀਆਂ ਸਨ। ਜਿਹੜੇ ਦੇਸ਼ ਨੂੰ ਹਸਪਤਾਲਾਂ, ਡਾਕਟਰਾਂ ਅਤੇ ਚੰਗੀਆਂ ਸਿਹਤ ਸਹੂਲਤਾਂ ਦੀ ਲੋੜ ਸੀ, ਉਸ ਦੇਸ਼ ਵਿਚ ਮੰਦਰ ਲਈ ਚੰਦਾ ਇਕੱਠਾ ਕਰਨ, ਨਵੀਂ ਸੰਸਦ ਬਣਾਉਣ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਣ ਲੱਗਾ ਕਿ ਦੇਸ਼ ਇਨ੍ਹਾਂ ਨਵੀਆਂ ਇਮਾਰਤਾਂ ਲਈ ਆਪਣੇ ਘਰਾਂ ਵਿਚ ਜਸ਼ਨ ਮਨਾ ਲੈਣ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਭਿਆਨਕ ਸਮੇਂ ਵਿਚ ਹਸਪਤਾਲਾਂ ਵਿਚ ਵੱਡੀ ਗਿਣਤੀ ਸਟਾਫ ਦੀ ਭਰਤੀ ਕਰੇ। ਲੋਕਾਂ ਨੂੰ ਬਚਾਉਣ ਲਈ ਲੋੜੀਂਦੀਆਂ ਦਵਾਈਆਂ ਅਤੇ ਡਾਕਟਰੀ ਸਾਜ਼ੋ-ਸਾਮਾਨ ਦੀ ਮੰਗ ਨੂੰ ਤੁਰੰਤ ਪੂਰਾ ਕੀਤਾ ਜਾਵੇ। ਬੇਕਾਰ ਹੋ ਗਏ ਲੋਕਾਂ ਨੂੰ ਦਰਗੁਜ਼ਰ ਕਰਨ ਲਈ ਨਗਦ ਪੈਸੇ ਦਿੱਤੇ ਜਾਣ। ਪੰਜ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ ਤਾਂ ਕਿ ਉਹ ਸੁਰੱਖਿਅਤ ਆਪਣੇ ਘਰੀਂ ਜਾ ਸਕਣ। ਹਰ ਤਰ੍ਹਾਂ ਦੇ ਇਕੱਠਾਂ ਸਮਾਗਮਾਂ ਭਾਵੇਂ ਉਹ ਸਰਕਾਰੀ ਜਾਂ ਗ਼ੈਰ-ਸਰਕਾਰੀ ਹੋਣ 'ਤੇ ਤੁਰੰਤ ਰੋਕ ਲਾਈ ਜਾਵੇ। ਗ਼ਰੀਬਾਂ ਮਜ਼ਦੂਰਾਂ ਜਿਨ੍ਹਾਂ ਕੋਲ ਇਲਾਜ ਕਰਾਉਣ ਲਈ ਪੈਸੇ ਨਹੀਂ ਹਨ, ਦੇ ਇਲਾਜ ਲਈ ਉਨ੍ਹਾਂ ਦੀ ਤੁਰੰਤ ਮਾਲੀ ਮਦਦ ਕੀਤੀ ਜਾਵੇ। ਇਸ ਭਿਆਨਕ ਦੌਰ ਵਿਚ ਸਰਕਾਰ ਨੇ ਲੋਕਾਂ ਦੀ ਬਾਂਹ ਨਾ ਫੜੀ ਤਾਂ ਸਥਿਤੀ ਇਸ ਤੋਂ ਭਿਆਨਕ ਹੀ ਨਹੀਂ ਵਿਸਫੋਟਕ ਵੀ ਹੋ ਸਕਦੀ ਹੈ।
ਸੰਪਰਕ, : ਮੋਬਾਈਲ : 98550-51099