ਕਹਾਣੀ : ਲਹਿੰਬਰ ਲੰਬੜ  - ਰਵੇਲ ਸਿੰਘ ਇਟਲੀ

ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਸਾਡੇ  ਪਿੰਡ ਦਾ ਲੰਬੜਦਾਰ ਲਹਿੰਬਰ ਸਿੰਘ ਹੁੰਦਾ ਸੀ।ਜੋ ਪਿੰਡ ਵਿੱਚ ਲਹਿੰਬੜ ਲੰਬੜ ਕਰਕੇ ਜਾਣਿਆ ਜਾਂਦਾ ਸੀ।ਉਹ ਮਸਾਂ ਉਰਦੂ ਵਿੱਚ ਦਸਤਖਤ ਕਰਨ ਜੋਗੀਆਂ ਦੋ ਕੁ ਜਮਾਤਾਂ ਪਾਸ ਕਰ ਕੇ  ਹੀ ਸਕੂਲ ਨੂੰ ਆਖਰੀ ਫਤਹਿ ਬੁਲਾ ਆਇਆ ਸੀ।ਉਰਦੂ ਜ਼ੁਬਾਨ ਵਿੱਚ ਉਸ ਦੇ ਕੀਤੇ ਹੋਏ ਦਸਤਖਤ ਵੀ ਲਿਖੇ ਮੂਸਾ ਪੜ੍ਹੇ ਖੁਦਾ ਵਾਲੀ ਗੱਲ ਹੀ ਹੁੰਦੀ।ਕਈ ਵਾਰ ਤਾਂ ਉਸਦੇ ਕੀਤੇ ਦਸਤਖਤ ਲਹਿੰਬਰ ਸਿੰਘ ਦੀ ਥਾਂ  ਦੀ ਲੂੰਬੜ ਸਿੰਘ ਵੀ ਪੜ੍ਹੇ ਜਾ ਸਕਦੇ ਸਨ।ਫਿਰ ਵੀ ਉਸ ਵਰਗੇ ਹਸਤਾਖਰ ਕਰਨੇ ਕੋਈ ਸੌਖਾ ਕੰਮ ਨਹੀਂ ਸੀ।  
           ਉਸ ਦੀ ਹਵੇਲੀ ਦੇ ਇੱਕ ਕਮਰੇ ਵੋੱਚ ਪਟਵਾਰੀ ਦਾ ਦਫਤਰ ਹੁੰਦਾ ਸੀ।ਜਿਸ ਦੇ ਬਾਹਰ ਸੰਘਣੇ ਛਾਂ ਦਾਰ ਟਾਹਲੀ ਦੇ ਰੁੱਖ ਹੇਠਾ ਇੱਕ ਦੋ ਮੰਜੇ ਡੱਠੇ ਹੀ ਰਹਿੰਦੇ ਸਨ,ਜਿੱਥੇ ਕੋਈ ਨਾ ਕੋਈ  ਆਇਆ ਗਿਆ ਰਹਿੰਦਾ ਸੀ। ਪਟਵਾਰੀ ਵੱਲੋਂ ਮਾਮਲਾ ਉਗ੍ਰਾਹਉਣ ਵਾਲੀ ਢਾਲ ਬਾਛ ਮਿਲਣ ਤੇ ਉਹ ਪਟਵਾਰੀ ਕੋਲੋਂ ਸਾਰੇ ਮਾਲਕਾਂ ਦੀਆਂ ਰਸੀਦਾਂ ਉਹ ਇੱਕੋ ਵਾਰ ਹੀ ਲਿਖਵਾ ਲੈਂਦਾ ਸੀ।ਤੇ ਸਾਰੇ ਪਿੰਡ ਦਾ ਮੁਆਮਲਾ ਵੀ ਉਹ ਉਗ੍ਰਾਹੁਣ ਤੋਂ ਪਹਿਲਾਂ ਹੀ ਮਿਥੇ ਹੋਏ ਸਮੇਂ ਸਿਰ ਆਪਣੇ ਕੋਲੋਂ ਤਾਰ ਦਿਆ ਕਰਦਾ ਸੀ।ਪਟਵਾਰੀ ਨੇ ਉਸ ਕੋਲ ਆਉਣ ਲਈ ਕੁਝ ਦਿਨ ਨੀਯਤ ਕੀਤੇ ਹੋਏ ਸਨ। ਜਦੋਂ ਲੋਕੀਂ ਪਟਵਾਰੀ ਕੋਲ ਜਦੋਂ ਕਿਸੇ ਜ਼ਮੀਨ ਦੇ ਕੰਮ ਕਰਾਉਣ ਲਈ ਆਉਂਦੇ ਤਾਂ ਮੁਆਮਲਾ ਵੀ ਨਾਲ ਹੀ ਦੇ ਜਾਂਦੇ।ਉਹ ਔਖਾ ਸੌਖਾ ਹੋ ਕੇ ਰਸੀਦਾਂ ਤੇ ਨਾਂ ਪੜ੍ਹ ਕੇ ਆਪਣੇ ਵਿੰਗ ਤੜਿੰਗੇ ਮਰੇ ਹੋਏ ਕਾਢੇ ਵਰਗੇ ਦਸਤਖਤ ਕਰ ਕੇ ਦੇ ਆਪਣੀਆਂ ਅਸਾਮੀਆਂ ਨੂੰ ਫੜਾ ਛਡਦਾ।
 ਕਈ ਵਾਰ ਕਈਆਂ ਦੀ ਰਸੀਦਾਂ ਇਧਰ ਉਧਰ ਵਿੱਚ ਵੱਟ ਜਾਂਦੀਆਂ,ਜਿਨ੍ਹਾਂ ਨੂੰ ਲੋਕ ਆਪ ਹੀ ਇਧਰੋਂ ਉਧਰੋਂ ਕੋਲੋਂ ਪੁੱਛ ਪੁਛਾ ਕੇ ਵਟਾ ਲੈਂਦੇ। ਨਿਤ ਪਟਵਾਰੀ ਨਾਲ ਵਾਹ ਪੈਣ ਕਰਕੇ ਗਿਰਦਾਵਰੀ ਵੇਲੇ ਪਟਵਾਰੀ ਦੇ ਨਾਲ ਬਾਹਰ ਖੇਤਾਂ ਵਿੱਚ ਜਾਣ ਕਰਕੇ ਉਸ ਨੂੰ ਖੇਤਾਂ ਦੇ ਬਹੁਤ ਸਾਰੇ ਨੰਬਰ ਖਸਰਾ ਜ਼ਬਾਨੀ ਯਾਦ ਹੋ ਗਏ ਸਨ।
 ਏਨਾ ਕੁਝ ਹੋਣ ਦੇ ਬਾਵਜੂਦ ਉਸਦੀ ਯਾਦ ਸ਼ਕਤੀ ਕਮਾਲ ਦੀ ਸੀ।ਖੇਤਾਂ ਦੀ ਗਿਦਾਵਰੀ ਕਰਨ ਵੇਲੇ ਪਟਵਾਰੀ ਦੀ ਉਸ ਨੂੰ ਖਾਸ ਲੋੜ ਪਿਆ ਕਰਦੀ ਸੀ।  ਮੌਕੇ ਤੇ ਕੀਤੀ ਹੋਈ ਗਿਰਦਾਵਰੀ ਗਲਤ ਹੋ ਸਕਦੀ ਸੀ, ਪਰ ਹਵੇਲੀ ਵਿੱਚ ਬੈਠ ਕੇ ਸ਼ਜਰੇ ਤੇ ਉੰਗਲਾਂ ਰੱਖ ਰੱਖ ਕੇ ਕੀਤੀ ਗਈ ਉਸ ਦੀ ਲਿਖਾਈ ਗਿਰਦਾਵਰੀ ਕਦੇ ਗਲਤ ਨਹੀਂ ਹੁੰਦੀ ਸੀ।ਅੱਧ ਪਚੱਧੀ ਗਿਰਦਾਵਰੀ ਤਾਂ ਉਹ ਪਟਵਾਰੀ ਨੂੰ ਹਵੇਲੀ ਬੈਠਿਆਂ ਹੀ ਕਰਵਾ ਛਡਦਾ ਸੀ।
     ਇਕ ਵਾਰ ਪਿੰਡ ਵਿੱਚ ਸ਼ਰਾਬ ਦਾ ਛਾਪਾ ਪਿਆ।ਜਿਸ ਦੀ ਭੱਠੀ ਫੜੀ ਗਈ, ਲੰਬੜ ਦਾ ਮੂੰਹ ਮੁਲਾਹਜ਼ੇ ਵਾਲਾ ਬੰਦਾ ਸੀ ਜੋ ਕਦੇ ਕਦੇ ਲੰਬੜ ਦੀ ਹਵੇਲੀ ਜਦੋਂ ਪਟਵਾਰੀ ਜਾਂ ਪੁਲਿਸ ਵਾਲੇ ਆਉਂਦੇ ਤਾਂ ਘਰ ਦੀ ਮੁਰਗੀ ਦਾਲ ਬਰੋਬਰ ਸਮਝ ਕੇ ਉਸ ਦੇ ਇਸ਼ਾਰੇ ਤੇ ਹੀ ਦੇਸੀ ਦਾਰੂ ਦੀਆਂ ਦੋ ਕੰਗਣੀ ਦਾਰ ਬੋਤਲਾਂ ਤੇ ਦੇਸੀ ਕੁੱਕੜ ਚੁੱਪ ਚੁਪੀਤੇ ਕਿਤੋਂ ਨਾ ਕਿਤੋਂ ਪਹੁੰਚ ਜਾਂਦੇ।
ਇੱਕ ਵੇਰਾਂ ਕੀ ਹੋਇਆ ਕਿ ਮੌਕੇ ਤੇ ਫੜੀ ਗਈ ਚਲਦੀ ਭੱਠੀ ਬਾਰੇ ਨੰਬਰਦਾਰ ਅਤੇ ਇਕ ਹੋਰ ਮੁਅਤਬਰ ਦੇ ਦਸਤਖਤ ਗਵਾਹਾਂ ਵਜੋਂ ਪੁਲਸ ਨੇ ਕਰਵਾ ਲਏ,ਇਕ ਗੁਆਹ ਤਾਂ ਅੰਗੂਠਾ ਟੇਕ ਸੀ ,ਦੂਜਾ ਲਹਿੰਬਰ ਲੰਬੜ ਸੀ ਉਹ ਕਹਿਣ ਲੱਗਾ ਇਹ ਦਸਤਖਤ ਤਾਂ ਮੇਰੇ ਹੈ ਈ ਨਹੀਂ ਹਨ, ਜੱਜ ਨੇ ਸਾਮ੍ਹਣੇ ਉਸ ਦੇ ਚਾਰ ਵਾਰ ਦਸਤਖਤ ਕਰਵਾਏ ਜੋ ਚਾਰੇ ਹੀ ਰਲ਼ਦੇ ਨਹੀਂ ਸਨ।
 ਆਖਰ ਛੋਟੀ ਮੋਟੀ ਬਹਿਸ  ਤੇ ਤਾਰੀਖਾਂ ਪੈਣ ਤੋਂ ਬਾਅਦ ਸ਼ਰਾਬ ਦੀ ਭੱਠੀ  ਵਾਲਾ ਬੰਦਾ ਬਰੀ ਹੋ ਗਿਆ। ਪਿੱਛੋਂ  ਇੱਕ ਦਿਨ ਉਹ ਬੰਦਾ ਮਿਲਿਆ ਲਹਿੰਬਰ ਲੰਬੜ ਉਸ ਨੂੰ ਕਹਿਣ ਲੱਗਾ, ਓਏ ਬਚ ਬਚਾ ਕੇ ਇਹ ਕੰਮ ਕਰਿਆ ਕਰੋ ਨਾਲੇ ਭੱਠੀ ਫੜਾਉਣ ਵਾਲਿਆਂ ਨੂੰ  ਕਦੇ ਕਦੇ ਕਾਣਾ ਵੀ ਕਰ ਛੱਡਿਆ ਕਰੋ। ਠਾਣੇ ਵਾਲੇ ਬੰਦਿਆਂ ਦਾ ਆਪਣੇ ਨਾਲ ਰੋਜ਼ ਵਾਹ ਪੈਣ ਕਰਕੇ ਉਹ ਉਨ੍ਹਾਂ ਨੂੰ ਆਪਣੇ ਬੰਦੇ ਹੀ ਸਮਝਿਆ ਕਰਦਾ ਸੀ।
ਦੇਸ਼ ਦੀ ਵੰਡ ਹੋ ਗਈ ਕੋਈ ਕਿਤੇ ਲੋਈ ਜਿੱਥੇ ਜਿਥੇ ਸਿੰਗ ਸਮਾੲ ਲੋਕ ਚਲੇ ਗਏ । ਇਹ ਸਭ ਗੱਲਾਂ ਯਾਦਾਂ ਦੀ ਭੜੋਲੀ ਵਿੱਚ ਪੈ ਕੇ ਜਿਵੇਂ ਗੁਆਚ ਗਈਆਂ।ਪਰ ਵਿਦੇਸ਼ ਰਹਿੰਦਿਆਂ ਇਕ ਦਿਨ ਮੈਨੂੰ ਉਹ ਪਾਰਕ ਵਿੱਚ ਬੈਠਾ ਮਿਲਿਆ ਇਕ ਦਿਨ ਉਹ ਮੈਨੂੰ  ਮਿਲਿਆ। ਪਹਿਲਾਂ ਵਾਲਾ ਲਹਿੰਬੜ ਲੰਬੜ ਉਸ ਵਿੱਚੋਂ ਉਡਾਰੀ ਮਾਰ ਚੁਕਾ ਸੀ। ਰੰਗ ਵਿਦੇਸ਼ ਵਿੱਚ ਲੰਮਾ ਸਮਾਂ ਰਹਿਣ ਕਰਕੇ ਹੁਣ ਬੱਗਾ  ਚਿੱਟਾ  ਹੋ  ਚੁਕਾ ਸੀ।ਆਵਾਜ਼ ਵਿੱਚ ਕੁਝ ਕੰਬਣੀ ਜਿਹੀ ਸੀ ਫਿਰ ਬੋਲਾਂ ਵਿੱਚ ਕੁਝ ਪਛਾਣ ਅਜੇ ਬਾਕੀ ਸੀ।ਘਰ ਵਿਚ ਹੀ ਰਹਿਣ ਕਰਕੇ ਢੀਚਕ ਮਾਰ ਕੇ ਚਲਦਾ ਸੀ । ਰਹਿੰਦੀ ਖੁਹੰਦੀ ਕਸਰ ਸ਼ੂਗਰ ਦੇ ਰੋਗ ਨੇ ਪੂਰੀ ਕਰ ਛੱਡੀ ਸੀ।ਮੈਂ ਉਸ ਨੂੰ ਪਾਰਕ ਵਿੱਚ ਬੈਠੇ ਹੋਏ ਨੂੰਪਛਾਣ ਲਿਆ ਤਾਂ ਉਹ ਬੜੀ ਖੜਕਵੀ  ਆਵਾਜ਼ ਵਿੱਚ ਬੋਲਿਆ ਓਏ ਤੂੰ ਝੰਡਾ ਪਟਵਾਰੀ ਤਾਂ ਨਹੀਂ  ਮੈਂ ਆਹੋ ਕਹਕਿ ਉਸ ਨਾਲ ਹੱਥ ਮਿਲਾਇਆ ਤੇ ਉਹ ਕਹਿਣ ਲੱਗਾ ਸ਼ੁਕਰ ਹੈ ਯਾਰ ਇੱਥੇ ਕੋਈ ਆਪਣਾ ਤਾਂ ਮਿਲਿਆ।
ਇਸ ਦੇ ਬਾਅਦ ਪਾਰਕ ਵਿੱਚ ਆ ਕੇ ਉਹ ਉਹੀ ਪਰਾਣੀਆਂ ਗੱਲਾਂ ਦਾ ਛਿੱਕੂ ਖਲਾਰ ਬਹਿੰਦਾ। ਜਾਂ ਆਪਣੀ ਘਰ ਵਾਲੀ ਜੋ ਇੱਥੋਂ ਪੰਜਾਬ ਪਰਤਣ ਤੇ ਰੱਬ ਨੂੰ ਪਿਆਰੀ ਹੋ ਗਈ ਦੀਆਂ ਗੱਲਾਂ ਛੇੜ ਕੇ  ਅਥਰੂ ਵਹਾਉਂਦਾ ਮਨ ਨੂੰ ਧਰਵਾਸ ਦੇਣ ਦੀ ਕੋਸ਼ਸ਼ ਕਰਦਾ।ਤੇ  ਇਸ ਤਰਾਂ ਇਕ ਦੂਜੇ ਨੂੰ ਦਿਲਾਸੇ ਦੇਂਦਿਆਂ ਫਿਰ ਮਿਲਣ ਲਈ ਆਪੋ ਆਪਣੇ ਟਿਕਾਣਿਆਂ ਤੇ ਚਲੇ ਜਾਂਦੇ।
ਉਸ ਨੂੰ ਵੇਖ ਕੁ ਹੁ ਇਵੇਂ ਲਗਦਾ  ਸੀ ਜਿਵੇ ਉਹ ਪਹਿਲਾ ਲਹਿੰਬੜ ਲੰਬੜ ਨਹੀਂ ਸਗੋਂ ਕੋਈ ਦੇਸ਼ੋਂ ਵਿਦੇਸ਼ੀ ਹੋਇਆ ਪਰ ਕੱਟਿਆ ਪੰਛੀ ਹੋਵੇ।
 ਰਵੇਲ ਸਿੰਘ ਇਟਲੀ