ਮਿਹਰ ਸਿੰਘ ਕਲੋਨੀ ਦਾ ਹਵਾਈ ਹੀਰੋ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਜਿਹੜਾ ਵੀ ਜਣਾ ਪਟਿਆਲੇ ਦੂਖ ਨਿਵਾਰਨ ਗੁਰਦੁਆਰੇ ਗਿਆ ਹੋਵੇਗਾ, ਉਨ੍ਹਾਂ ਵਿੱਚੋਂ ਸ਼ਾਇਦ ਇੱਕ ਫੀਸਦੀ ਤੋਂ ਵੀ ਘੱਟ ਨੂੰ ਪਤਾ ਹੋਵੇਗਾ ਕਿ ਉਸ ਥਾਂ ਤੋਂ 200 ਮੀਟਰ ਦੂਰ ਮਿਹਰ ਸਿੰਘ ਕਲੋਨੀ ਹੈ, ਜਿੱਥੇ ਇੱਕ ਘਰ ਵਿਚ ਜਾਂਬਾਜ਼ ਬੱਬਰ ਸ਼ੇਰ ਰਹਿੰਦਾ ਸੀ ਜਿਸ ਨੇ ਇੱਕ ਨਹੀਂ, ਦੋ ਨਹੀਂ, ਅਨੇਕ ਰਿਕਾਰਡ ਤੋੜ ਕੇ ਆਪਣਾ ਨਾਂ ਇਤਿਹਾਸ ਵਿਚ ਅਮਰ ਕਰ ਲਿਆ ਹੋਇਆ ਹੈ।

    ਮੋਟੀਆਂ ਅੱਖਾਂ, ਦਗ਼-ਦਗ਼ ਕਰਦਾ ਚਿਹਰਾ ਤੇ ਚੌੜੀ ਛਾਤੀ ਵਾਲੇ ਮਿਹਰ ਸਿੰਘ ਉੱਤੇ ਰਬ ਦੀ ਅਪਾਰ ਕਿਰਪਾ ਸੀ। ਜਿਸ ਤਰੀਕੇ ਉਹ ਹਰ ਕਿਸੇ ਦੇ ਦਿਲ ਵਿਚ ਥਾਂ ਬਣਾ ਲੈਂਦਾ ਸੀ ਤੇ ਔਖੇ ਤੋਂ ਔਖੇ ਕੰਮ ਨੂੰ ਆਸਾਨੀ ਨਾਲ ਕਰ ਲੈਂਦਾ ਸੀ, ਸਾਰੇ ਸਾਥੀ ਉਸ ਨੂੰ ਪਿਆਰ ਤੇ ਸਤਿਕਾਰ ਨਾਲ 'ਮਿਹਰ ਬਾਬਾ' ਕਹਿ ਕੇ ਬੁਲਾਉਂਦੇ ਸਨ। ਭਾਰਤੀ ਏਅਰ ਫੋਰਸ ਦਾ 'ਬਾਬਾ ਬੋਹੜ' ਜਾਣਿਆ ਜਾਂਦਾ ਮਿਹਰ ਸਿੰਘ 20 ਮਾਰਚ 1915 ਨੂੰ ਫੈਸਲਾਬਾਦ ਪਾਕਿਸਤਾਨ ਵਿਚ ਸ੍ਰ. ਤਰਲੋਕ ਸਿੰਘ ਜੀ ਦੇ ਘਰ ਪੈਦਾ ਹੋਇਆ ਸੀ।
    ਵਿਸ਼ਵ ਜੰਗ ਦੂਜੀ ਅਤੇ ਹਿੰਦ ਪਾਕ ਜੰਗ (1947-48) ਵਿਚ ਜੌਹਰ ਵਿਖਾਉਣ ਵਾਲਾ ਮਿਹਰ ਸਿੰਘ ਉੱਚ ਕੋਟੀ ਦਾ ਲਿਖਾਰੀ ਵੀ ਸੀ।
    ਜੰਗੀ ਪਾਇਲਟ ਮਿਹਰ ਬਾਬਾ ਨੇ 1936 ਤੋਂ 1948 ਤੱਕ ਸੇਨਾ ਵਿਚ ਸੇਵਾ ਨਿਭਾਈ।
    ਭਾਰਤ ਸਰਕਾਰ ਵੱਲੋਂ ਉਸ ਨੂੰ 'ਉੱਤਮ ਹਵਾਈ ਸਿੱਖ' ਜਾਂ 'ਉੱਡਣਾ ਸਿੱਖ' ਵਜੋਂ ਕਹਿ ਕੇ ਸਨਮਾਨਿਆ ਜਾਂਦਾ ਰਿਹਾ। ਭਾਰਤ ਸਰਕਾਰ ਦੇ ਰਿਕਾਰਡ ਵਿਚ ਇਹ ਵੀ ਦਰਜ ਹੈ ਕਿ ਹਵਾਈ ਕਲਾਬਾਜ਼ੀਆਂ ਦੇ ਨਾਲ-ਨਾਲ ਹਵਾਈ ਜਹਾਜ਼ ਨੂੰ ਉਡਾਉਂਦਿਆਂ ਮਿਹਰ ਸਿੰਘ ਉਸੇ ਦਾ ਹੀ ਇੱਕ ਹਿੱਸਾ ਯਾਨੀ ਮਸ਼ੀਨ ਦਾ ਹੀ ਪੁਰਜ਼ਾ ਬਣ ਜਾਂਦਾ ਸੀ ਤੇ ਅਜਿਹੀਆਂ ਔਖੀਆਂ ਉਡਾਣਾਂ ਭਰਦਾ ਸੀ ਕਿ ਬਾਕੀ ਜਣੇ ਦੰਦਾਂ ਥੱਲੇ ਉਂਗਲਾਂ ਦਬਾ ਲੈਂਦੇ ਸਨ।
    ਉਸ ਸਮੇਂ ਦੇ ਇੱਕੋ-ਇੱਕ ਮਹਾਨ ਹਵਾਈ ਯੋਧੇ ਵਜੋਂ ਜਾਣੇ ਜਾਂਦੇ ਮਿਹਰ ਸਿੰਘ ਬਾਰੇ ਜਨਰਲ ਵਿਲੀਅਮ ਸਲਿਮ ਦੇ ਵਿਚਾਰ ਸਨ-''ਸਕੂਐਡਰਨ ਲੀਡਰ ਮਿਹਰ ਸਿੰਘ ਤੋਂ ਮੈਨੂੰ ਬਹੁਤ ਆਸਾਂ ਹਨ। ਉਸ ਦੇ ਕੰਮ ਕਰਨ ਦੀ ਲਗਨ, ਵਿਹਾਰ ਤੇ ਲੀਡਰਸ਼ਿਪ ਦੀ ਬੇਮਿਸਾਲ ਜੁਗਤ ਨੇ ਮੈਨੂੰ ਏਨਾ ਪ੍ਰਭਾਵਿਤ ਕੀਤਾ ਹੈ ਕਿ ਮੈਂ ਇਹ ਮੰਨਦਾ ਹਾਂ, ਉਸ ਦੇ ਨਾਲ ਕੰਮ ਕਰਨ ਵਾਲੇ ਗਰੁੱਪ ਦੇ ਲੋਕ ਬਹੁਤ ਖੁਸ਼ਕਿਸਮਤ ਹਨ।''
    ਕਮਾਲ ਦੀ ਗੱਲ ਇਹ ਹੈ ਕਿ ਇਸ ਹਵਾਈ ਜੋਧੇ ਨੇ ਅਣਖ ਤੇ ਗ਼ੈਰਤ ਨਾਲ ਨੌਕਰੀ ਕਰਦਿਆਂ ਜੋ ਇੱਜ਼ਤ ਕਮਾਈ, ਉਸ ਦਾ ਹਾਲੇ ਤੱਕ ਕੋਈ ਸਾਨੀ ਨਹੀਂ ਬਣ ਸਕਿਆ। ਭਾਰਤੀ ਹਵਾਈ ਫੌਜ ਦਾ ਇੱਕੋ ਇੱਕ ਸਰਵ ਉੱਚ ਸੇਵਾ ਸਨਮਾਨ ਮਾਰਚ 1944 ਵਿਚ ਕਾਰਜਕਾਰੀ ਲੀਡਰ ਮਿਹਰ ਸਿੰਘ ਨੂੰ ਹੀ ਦਿੱਤਾ ਗਿਆ ਸੀ।
    ਸੰਨ 1933 ਵਿਚ ਕਰਾਚੀ ਵਿਚ ਕਾਇਮ ਹੋਈ ਸਕੂਐਡਰਨ ਵਿਚ 1936 ਵਿਚ ਇੱਕੋ ਇੱਕ ਭਾਰਤੀ ਸਕੂਐਡਰਨ ਲੀਡਰ ਬਤੌਰ ਪਾਇਲਟ ਸ਼ਾਮਲ ਹੋਣ ਵਾਲਾ ਮਿਹਰ ਸਿੰਘ ਹੀ ਸੀ। ਉਸ ਸਮੇਂ ਦੇ ਸਭ ਤੋਂ ਵੱਡੇ ਅਫਸਰ ਐੱਚ.ਐੱਮ. ਗਰੇਵ, ਏਅਰ ਵਾਈਸ ਮਾਰਸ਼ਲ ਵੱਲੋਂ, ਰਾਇਲ ਏਅਰ ਫੋਰਸ ਕਾਲਜ ਵਿਚ ਮਿਹਰ ਸਿੰਘ ਬਾਰੇ ਲਿਖਿਆ-ਅੰਗਰੇਜ਼ ਕੈਡਿਟਾਂ ਨਾਲ ਮੁਕਾਬਲਾ ਕਰਨਾ ਕੋਈ ਖਾਲਾ ਜੀ ਦਾ ਘਰ ਨਹੀਂ ਹੁੰਦਾ। ਜਿਸ ਕਿਸਮ ਦਾ ਸਿਰੜੀ, ਮਿਹਨਤੀ, ਸਿਦਕੀ ਅਤੇ ਜ਼ਾਂਬਾਜ਼ ਹਵਾਬਾਜ਼ ਮਿਹਰ ਸਿੰਘ ਹੈ, ਉਸ ਦਾ ਵਾਕਈ ਕੋਈ ਮੁਕਾਬਲਾ ਨਹੀਂ! ਬਾਕਮਾਲ ਹੌਸਲਾ! ਜਿੱਥੇ ਉਹ ਆਪਣੇ ਪੇਸ਼ੇ ਵਿਚ ਉੱਚ ਚੋਟੀ ਦਾ ਪਾਇਲਟ ਮੰਨਿਆ ਗਿਆ ਹੈ, ਉੱਥੇ ਹਾਕੀ ਦੇ ਖਿਡਾਰੀ ਵਜੋਂ ਵੀ ਉਸ ਦਾ ਕੋਈ ਸਾਨੀ ਨਹੀਂ। ਸਭ ਤੋਂ ਉੱਤਮ ਗੱਲ ਇਹ ਹੈ ਕਿ ਉਸ ਵਰਗਾ ਖ਼ੁਸ਼ ਦਿਲ ਤੇ ਹਰਮਨ ਪਿਆਰਾ ਕੋਈ ਹੋਰ ਹੈ ਹੀ ਨਹੀਂ। ਉਹ ਸਚਮੁੱਚ ਇੱਕ ਵਧੀਆ ਧਾਰਮਿਕ ਮਨੁੱਖ ਤੇ ਬੇਮਿਸਾਲ ਖਿਡਾਰੀ ਹੈ!
     ਮਿਹਰ ਸਿੰਘ ਨੂੰ ਬਚਪਨ ਤੋਂ ਹੀ ਮਾਪਿਆਂ ਤੋਂ ਸਿੱਖੀ ਦੀ ਦਾਤ ਮਿਲੀ ਹੋਈ ਸੀ। ਇਸੇ ਲਈ ਮਿਹਰ ਸਿੰਘ ਸਰਬਤ ਦਾ ਭਲਾ ਮੰਗਦਿਆਂ ਹੀ ਵੱਡਾ ਹੋਇਆ ਸੀ। ਭਾਵੇਂ ਬੀ.ਐਸ.ਸੀ. ਪੜ੍ਹਦਿਆਂ ਹੀ ਉਸ ਨੂੰ ਅੰਗਰੇਜ਼ੀ ਭਾਰਤੀ ਏਅਰ ਫੋਰਸ ਵਿਚ ਕਮਿਸ਼ਨ ਮਿਲ ਗਿਆ ਸੀ ਤੇ ਦੁਨੀਆ ਦੇ ਚੋਟੀ ਦੇ ਹਵਾਈ ਸੇਨਾ ਟ੍ਰੇਨਿੰਗ ਸਕੂਲ ਕਰਾਨਵੈਲ, ਰਾਇਲ ਏਅਰ ਫੋਰਸ ਕਾਲਜ ਵਿਚ ਟ੍ਰੇਨਿੰਗ ਕਰਨ ਦਾ ਮੌਕਾ ਮਿਲਿਆ, ਪਰ ਫਿਰ ਵੀ ਉਹ ਸਿੱਖੀ ਸਿਦਕ ਨਾਲ ਭਰਪੂਰ ਨਿਮਰਤਾ ਤੇ ਨਿਡਰਤਾ ਦਾ ਅਜਬ ਸੁਮੇਲ ਸੀ।
    ਟ੍ਰੇਨਿੰਗ ਦੌਰਾਨ ਇੱਕ ਵੀ ਅਜਿਹਾ ਅਧਿਕਾਰੀ ਨਹੀਂ ਸੀ, ਜਿਸ ਨੇ ਮਿਹਰ ਸਿੰਘ ਦੀ ਦਲੇਰੀ ਅਤੇ ਹੌਸਲੇ ਦੀ ਤਾਰੀਫ਼ ਨਾ ਕੀਤੀ ਹੋਵੇ। ਅੱਜ ਤੱਕ ਦੇ ਰਿਕਾਰਡ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਵੀ ਅਫ਼ਸਰ ਨੂੰ ਆਪਣੇ ਕੈਡਟ ਤੋਂ ਕਦੇ ਸ਼ਿਕਾਇਤ ਨਾ ਹੋਈ ਹੋਵੇ। ਪਰ ਮਿਹਰ ਸਿੰਘ ਦੇ ਵਿਹਾਰ ਤੇ ਸਖ਼ਤ ਮਿਹਨਤੀ ਸੁਭਾਅ ਨੇ ਹਰ ਕਿਸੇ ਨੂੰ ਕੀਲ ਲਿਆ ਸੀ।
    ਸੰਨ 1937 ਵਿਚ ਜਦੋਂ ਕਬਾਇਲੀਆਂ ਨੇ ਮਿਹਰ ਸਿੰਘ ਦੇ ਹਵਾਈ ਜਹਾਜ਼ ਉੱਤੇ ਹੱਲਾ ਬੋਲਿਆ ਤੇ ਜਹਾਜ਼ ਨੂੰ ਅੱਗ ਲੱਗ ਗਈ ਤਾਂ ਮਿਹਰ ਸਿੰਘ ਨੇ ਜਿਸ ਦਲੇਰਾਨਾ ਢੰਗ ਨਾਲ ਵਾਪੀਤੀ ਵਿਖੇ ਕਰੈਸ਼ ਲੈਂਡਿੰਗ ਕਰਦਿਆਂ ਪਹਾੜੀ ਇਲਾਕੇ ਵਿਚ ਜਹਾਜ਼ ਉਤਾਰਿਆ, ਅਫਸਰਾਂ ਨੂੰ ਯਕੀਨ ਹੀ ਨਹੀਂ ਸੀ ਕਿ ਉਹ ਜ਼ਿੰਦਾ ਬਚ ਸਕਦਾ ਸੀ।
    ਉਸ ਸੂਰਮੇ ਨੇ ਆਪਣੀ ਬੰਦੂਕ ਨਾਲ ਲੈ ਕੇ, ਪਹਾੜੀ ਗੁਫ਼ਾ ਵਿਚ ਲੁਕ ਕੇ ਨਾ ਸਿਰਫ਼ ਕਬਾਇਲੀਆਂ ਦਾ ਸਾਹਮਣਾ ਕੀਤਾ, ਬਲਕਿ ਬਿਨਾਂ ਨਕਸ਼ੇ ਦੇ, ਪੈਦਲ ਤੁਰ ਕੇ ਪਹਾੜੀ ਰਾਹ ਵਿੱਚੋਂ ਵਾਪਸ ਆਪਣੇ ਇਲਾਕੇ ਵਿਚ ਪਹੁੰਚ ਕੇ ਵਿਖਾ ਦਿੱਤਾ!
    ਜਨਰਲ ਵਿਲਿਅਮ ਸਲਿਮ ਲਈ ਇਹ ਕਰਾਮਾਤ ਤੋਂ ਘੱਟ ਨਹੀਂ ਸੀ। ਇਸੇ ਲਈ ਮਜਬੂਰ ਹੋ ਕੇ ਉਸ ਨੂੰ ਲਿਖਣਾ ਪਿਆ, ''ਨੌਜਵਾਨ ਸਿੱਖ ਸਕੂਐਡਰਨ ਲੀਡਰ ਮਿਹਰ ਸਿੰਘ ਨੂੰ ਹਵਾਈ ਭਾਰਤੀ ਫੌਜ ਦੀਆਂ ਅੱਖਾਂ'' ਦਾ ਖ਼ਿਤਾਬ ਮਿਲਣਾ ਚਾਹੀਦਾ ਹੈ! ਇਹ ਪਾਇਲਟ ਕਿੱਥੇ ਹੈ, ਇਹ ਤਾਂ ਜਹਾਜ਼ ਦਾ ਹੀ ਇੱਕ ਪੁਰਜ਼ਾ ਬਣ ਕੇ ਜੰਗ ਲੜਦਾ ਹੈ। ਇਸ ਦੇ ਅਧੀਨ ਕੰਮ ਕਰਦੀ ਪੂਰੀ ਯੂਨਿਟ ਹੀ ਬਹੁਤ ਖ਼ੁਸ਼, ਅਸਰਦਾਰ ਤੇ ਮਿਸਾਲੀ ਬਣ ਜਾਂਦੀ ਹੈ।''
    ਹਵਾਈ ਸੈਨਾ ਦੇ ਪਹਿਲੇ 6 ਚੋਟੀ ਦੇ ਚੁਣੇ ਅਫ਼ਸਰਾਂ ਵਿੱਚੋਂ ਇੱਕ ਮਿਹਰ ਸਿੰਘ ਸੀ।
    ਮਿਹਰ ਸਿੰਘ ਅਧੀਨ ਕੰਮ ਕਰਦੀ 6 ਸਕੂਐਡਰਨ ਇੰਡੀਅਨ ਏਅਰ ਫੋਰਸ ਤੇ ਹਾਕਰ ਹਰੀਕੇਨ ਹਵਾਈ ਜਹਾਜ਼ ਨੂੰ ਵਾਕਈ ਉਸ ਸਮੇਂ 'ਫੌਜ ਦੀਆਂ ਅੱਖਾਂ' ਹੀ ਮੰਨ ਲਿਆ ਗਿਆ ਸੀ। ਉਸ ਸਮੇਂ ਵੀ ਕਮਾਂਡਰ, ਜਨਰਲ ਵਿਲੀਅਮ ਸਲਿਮ ਹੀ ਸੀ।
    ਗੱਲ ਹਿੰਦ ਪਾਕ ਜੰਗ, 1947-48 ਦੀ ਕਰੀਏ ਤਾਂ ਮਿਹਰ ਸਿੰਘ ਨੇ ਜੋ ਕਮਾਲ ਵਿਖਾਇਆ, ਪੂਰੇ ਹਿੰਦੁਸਤਾਨ ਨੂੰ ਉਸ ਉੱਤੇ ਨਾਜ਼ ਹੋ ਗਿਆ।
    26 ਅਕਤੂਬਰ 1947 ਨੂੰ ਸਿੱਖ ਰੈਜਮੈਂਟ ਯੂਨਿਟ ਨੂੰ ਸ੍ਰੀਨਗਰ ਪਹੁੰਚਾਉਣਾ ਸੀ। ਇਸ ਦਾ ਮੁਖੀ ਲੈਫ. ਕਰਨਲ ਦੀਵਾਨ ਰਣਜੀਤ ਰਾਏ ਸੀ। ਪੂਰੀ ਦੀ ਪੂਰੀ ਬ੍ਰਿਗੇਡ ਨੂੰ ਉੱਥੇ ਹਵਾਈ ਜਹਾਜ਼ ਰਾਹੀਂ ਪਹੁੰਚਾਉਣ ਦੀ ਜ਼ਿੰਮੇਵਾਰੀ ਮਿਹਰ ਸਿੰਘ ਨੂੰ ਦਿੱਤੀ ਗਈ। ਇਸ ਤਰ੍ਹਾਂ ਮਿਹਰ ਸਿੰਘ ਪਹਿਲਾ ਪਾਇਲਟ ਬਣ ਗਿਆ ਜਿਸ ਨੇ ਉੱਥੇ 5 ਦਿਨਾਂ ਵਿਚ ਸਾਰਾ ਕੰਮ ਮੁਕੰਮਲ ਕਰ ਦਿੱਤਾ।
    ਲਾਰਡ ਮਾਊਂਟਬੈਟਨ ਨੂੰ ਉਸ ਸਮੇਂ ਮਜਬੂਰ ਹੋ ਕੇ ਕਹਿਣਾ ਪਿਆ ਕਿ ਉਸ ਨੇ ਪੂਰੀ ਉਮਰ ਅਜਿਹਾ ਜਾਂਬਾਜ਼ ਹਵਾਈ ਸਿੱਖ ਨਹੀਂ ਵੇਖਿਆ ਜਿਸ ਨੇ ਏਨੀ ਫੁਰਤੀ ਨਾਲ ਕੰਮ ਨਬੇੜਿਆ ਹੋਵੇ। ਉਸ ਤੋਂ ਬਾਅਦ ਮਿਹਰ ਸਿੰਘ ਨੇ ਹਵਾਈ ਪੁਲ ਤਿਆਰ ਕੀਤਾ ਤੇ ਪਹਿਲਾ ਹਵਾਈ ਜਹਾਜ਼ ਪੂੰਛ ਏਅਰਪੋਰਟ ਉੱਤੇ ਉਤਾਰਿਆ। ਇਹ ਹੁਣ ਤੱਕ ਦੀ ਸਭ ਤੋਂ ਔਖੀ ਉਡਾਣ ਮੰਨੀ ਜਾ ਚੁੱਕੀ ਹੈ ਜਿਸ ਦੇ ਤਿੰਨ ਪਾਸੇ ਦਰਿਆ ਤੇ ਚੌਥੇ ਪਾਸੇ ਤਿੱਖੀ ਢਲਾਣ ਸੀ।
    ਉਸ ਜਹਾਜ਼ ਵਿਚ, ਜਿਸ ਵਿਚ ਸਿਰਫ਼ ਇਕ ਟਨ ਭਾਰ ਚੁੱਕਿਆ ਜਾ ਸਕਦਾ ਸੀ, ਮਿਹਰ ਸਿੰਘ ਨੇ ਤਿੰਨ ਟਨ ਭਾਰ ਲੱਦ ਕੇ, ਬਿਨਾਂ ਕਿਸੇ 'ਲੈਂਡਿੰਗ ਏਡ' ਦੇ, ਬਿਨਾਂ ਸਹਾਇਕ ਦੇ, ਰਾਤ ਨੂੰ ਤੇਲ ਦੇ ਦੀਵਿਆਂ ਦੇ ਸਹਾਰੇ ਉਸ ਔਖੀ ਥਾਂ ਉੱਤੇ ਜਹਾਜ਼ ਉਤਾਰ ਦਿੱਤਾ।
    ਚੁਫ਼ੇਰੇ ਇਸ ਬਹਾਦਰੀ ਦੇ ਕਾਰਨਾਮੇ ਦੀ ਰੱਜ ਕੇ ਚਰਚਾ ਵੀ ਹੋਈ ਤੇ ਬੱਲੇ ਬੱਲੇ ਵੀ। ਲੇਹ ਲੱਦਾਖ ਵਿਖੇ ਜਹਾਜ਼ ਉਤਾਰਨ ਦਾ ਢੰਗ ਵੀ ਮਿਹਰ ਸਿੰਘ ਨੇ ਪਹਿਲੀ ਉਡਾਣ ਭਰ ਕੇ ਸਭ ਨੂੰ ਸਿਖਾਇਆ।
    ਉਸ ਦੀ ਹਿੰਮਤ ਤੇ ਉੱਡਣ ਕਲਾ ਨੂੰ ਪ੍ਰਤੱਖ ਵੇਖਣ ਲਈ ਮੇਜਰ ਜਨਰਲ ਕੇ.ਐੱਸ ਥਿਮਈਆ ਨੇ ਆਪ ਮਿਹਰ ਸਿੰਘ ਦੇ ਨਾਲ ਬਹਿ ਕੇ ਹਿਮਾਲਿਆ ਦਾ ਦੌਰਾ ਕੀਤਾ ਤੇ 24,000 ਫੁੱਟ ਉੱਚੀ ਉਡਾਣ ਦੇ ਰਾਹੀਂ ਜੋਜ਼ੀਲਾ ਪਾਸ ਵੇਖ ਅਸ਼ ਅਸ਼ ਕਰ ਉੱਠੇ। ਅਤਿ ਤਾਂ ਉਦੋਂ ਹੋਈ ਜਦੋਂ ਬਿਨਾਂ ਨਕਸ਼ੇ ਦੇ, ਬਿਨਾਂ ਬਰਫ਼ ਪਿਘਲਾਉਣ ਵਾਲੇ ਜੰਤਰਾਂ ਦੇ ਅਤੇ ਬਿਨਾਂ ਕੈਬਿਨ ਅੰਦਰਲਾ ਦਬਾਓ ਘਟਾਇਆਂ, 11,540 ਫੁੱਟ ਉੱਤੇ ਇੰਡਸ ਦਰਿਆ ਦੇ ਨਾਲ ਨਿਰੋਲ ਰੇਤਲੀ ਪੱਟੀ ਉੱਤੇ ਹਵਾਈ ਜਹਾਜ਼ ਉਤਾਰ ਕੇ ਵਿਖਾ ਦਿੱਤਾ।
    ਇਸ ਤਰ੍ਹਾਂ ਦੀ ਕਲਾ ਸਿਰਫ਼ ਕੋਈ ਕ੍ਰਾਂਤੀਕਾਰੀ ਯੋਧਾ ਹੀ ਵਿਖਾ ਸਕਦਾ ਸੀ। ਇਸੇ ਲਈ ਹਾਲੇ ਤੱਕ ਮਿਹਰ ਸਿੰਘ ਦਾ ਕੋਈ ਸਾਨੀ ਨਹੀਂ ਬਣ ਸਕਿਆ।
    ਸਰਵ-ਉੱਚ ਸੇਵਾ ਸਨਮਾਨ, ਜੋ ਮਾਰਚ 1944 ਨੂੰ ਮਿਹਰ ਸਿੰਘ ਨੂੰ ਦਿੱਤਾ ਗਿਆ, ਉਹ ਹਾਲੇ ਤੱਕ ਸਿਰਫ਼ ਉਸੇ ਦੇ ਹਿੱਸੇ ਆਇਆ ਹੈ। ਹੋਰ ਕਿਸੇ ਭਾਰਤੀ ਹਵਾਬਾਜ਼ ਨੂੰ ਇਹ ਨਹੀਂ ਦਿੱਤਾ ਗਿਆ। ਉਸ ਨੂੰ ਦਿੱਤੇ ਸਨਮਾਨ ਪੱਤਰ ਵਿਚ ਲਿਖਿਆ ਸੀ :- ''ਇਸ ਅਫਸਰ ਨੇ ਅਣਗਿਣਤ ਔਖੇ ਅਪਰੇਸ਼ਨਾਂ ਨੂੰ ਸਫਲਤਾ-ਪੂਰਵਕ ਨੇਪਰੇ ਚੜ੍ਹਾਇਆ ਹੈ। ਜਿਸ ਕਲਾ, ਹਿੰਮਤ, ਦ੍ਰਿੜਤਾ, ਉਤਸਾਹ ਤੇ ਬਹਾਦਰੀ ਦਾ ਪ੍ਰਗਟਾਵਾ ਮਿਹਰ ਸਿੰਘ ਨੇ ਕੀਤਾ, ਉਸ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਲੀਡਰ ਸਾਬਤ ਕਰ ਦਿੱਤਾ ਹੈ। ਇਸ ਜੁਝਾਰੂ ਅਫ਼ਸਰ ਨੇ ਸਭ ਤੋਂ ਵਡਮੁੱਲੀ ਸੇਵਾ ਕਰ ਕੇ ਆਪਣਾ ਤੇ ਦੇਸ ਦਾ ਨਾਂ ਉੱਚਾ ਕਰ ਦਿੱਤਾ ਹੈ।''
    26 ਜਨਵਰੀ 1950 ਨੂੰ ਏਅਰ ਕਮਾਂਡਰ ਮਿਹਰ ਸਿੰਘ ਨੂੰ ਭਾਰਤੀ ਹਥਿਆਬੰਦ ਸੇਨਾ ਵਿਚ ਵਿਲੱਖਣ ਪਛਾਣ ਕਾਇਮ ਕਰਨ ਸਦਕਾ ਦੂਜੇ ਸਭ ਤੋਂ ਵੱਡੇ ਤਮਗ਼ੇ-'ਮਹਾਵੀਰ ਚੱਕਰ' ਦੇ ਕੇ ਸਨਮਾਨਿਤ ਕੀਤਾ ਗਿਆ।
    ਉਸ ਸਨਮਾਨ ਪੱਤਰ ਵਿਚ ਲਿਖਿਆ ਗਿਆ :- ''ਜੰਮੂ ਕਸ਼ਮੀਰ ਵਿਚ ਏਅਰ ਕਮਾਂਡਰ ਮਿਹਰ ਸਿੰਘ ਨੇ ਲਾਮਿਸਾਲ ਬਹਾਦਰੀ ਵਿਖਾਉਂਦਿਆਂ, ਖ਼ਤਰਿਆਂ ਨਾਲ ਜੂਝਦਿਆਂ, ਦ੍ਰਿੜਤਾ-ਪੂਰਵਕ ਅਗਵਾਈ ਕਰਦਿਆਂ ਜੋ ਪੂਰੀ ਸੈਨਾ ਲਈ ਮਿਸਾਲ ਕਾਇਮ ਕੀਤੀ ਹੈ, ਉਸ ਦਾ ਕੋਈ ਸਾਨੀ ਨਹੀਂ। ਪੂੰਛ ਤੇ ਲੇਹ ਵਿਖੇ ਹਵਾਈ ਜਹਾਜ਼ ਉਡਾਉਣ ਵਾਲਾ ਤੇ ਐਮਰਜੈਂਸੀ ਲੈਂਡਿੰਗ ਕਰਨ ਵਾਲਾ ਪਹਿਲਾ ਪਾਇਲਟ ਮਿਹਰ ਸਿੰਘ ਹੈ ਜਿਸ ਨੇ ਇਹ ਵੇਖਦਿਆਂ ਕਿ ਜਾਨ ਨੂੰ ਖ਼ਤਰਾ ਹੈ, ਆਪਣੇ ਜੂਨੀਅਰ ਪਾਇਲਟਾਂ ਦੀ ਜਾਨ ਖ਼ਤਰੇ ਵਿਚ ਪਾਉਣ ਦੀ ਥਾਂ ਆਪ ਗੰਭੀਰ ਖ਼ਤਰਾ ਸਹੇੜਿਆ। ਉਸ ਨੇ ਆਪਣੀ ਜਾਨ ਹਥੇਲੀ ਉੱਤੇ ਧਰ, ਆਪਣੀ ਡਿਊਟੀ ਦਾ ਹਿੱਸਾ ਨਾ ਹੁੰਦਿਆਂ ਹੋਇਆਂ ਵੀ ਇਹ ਕਾਰਜ ਨੇਪਰੇ ਚਾੜ੍ਹ ਕੇ ਆਪਣੇ ਸਾਥੀਆਂ ਤੇ ਹੇਠਲਿਆਂ ਵਿਚ ਵਿਸ਼ਵਾਸ ਤੇ ਜੋਸ਼ ਪੈਦਾ ਕਰ ਦਿੱਤਾ।''
    ਏਨੀ ਪ੍ਰਤਿਭਾ ਤੇ ਪ੍ਰਸੰਸਾ ਹੋਰਨਾਂ ਤੋਂ ਕਿੱਥੇ ਜਰੀ ਜਾਂਦੀ ਹੈ। ਏਸੇ ਲਈ ਮਿਹਰ ਸਿੰਘ ਤੋਂ ਉੱਚੇ ਅਹੁਦੇ ਉੱਤੇ ਬੈਠਿਆਂ ਨੂੰ ਸਾੜਾ ਲੱਗਣ ਲੱਗ ਪਿਆ। ਜਦੋਂ ਕਿਸੇ ਪਾਸਿਓਂ ਅੜਿੱਕੇ ਨਾ ਆਇਆ ਤਾਂ ਫਿਰਕੂ ਭਾਵਨਾਵਾਂ ਉਜਾਗਰ ਕਰ ਕੇ ਫੌਜ ਦੀ ਨਿੱਕੀ ਮੋਟੀ ਖ਼ਰੀਦ ਵਿਚ ਹੇਰ ਫੇਰ ਦਾ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ। ਫਿਰ ਫੌਜ ਵਿਚ ਨਿਯਮਾਂ ਤੋਂ ਉਲਟ ਬਦਲੀਆਂ ਕਰਨ ਦਾ ਇਲਜ਼ਾਮ ਲਾਇਆ ਜੋ ਸਿੱਧ ਨਾ ਹੋ ਸਕਿਆ। ਉਸ ਤੋਂ ਬਾਅਦ ਫੌਜ ਵਿਚਲਾ 'ਡਸਿਪਲਿਨ' ਅਤੇ ਮਜ਼ਬੂਤੀ ਕਾਇਮ ਨਾ ਰੱਖ ਸਕਣ ਬਾਰੇ ਗੱਲ ਚੁੱਕੀ ਤਾਂ ਮਿਹਰ ਸਿੰਘ ਨੇ ਇਸ ਕਲੇਸ਼ ਵਿਚ ਸੀਨੀਅਰ ਅਫ਼ਸਰਾਂ ਨਾਲ ਉਲਝਣ ਨਾਲੋਂ ਅਸਤੀਫ਼ਾ ਦੇਣਾ ਬਿਹਤਰ ਸਮਝਿਆ।
    ਮਿਹਰ ਸਿੰਘ ਦੀ ਜ਼ਿੰਦਗੀ ਦਾ ਇਹ ਸਭ ਤੋਂ ਔਖਾ ਨਿਰਣਾ ਸੀ। ਜਾਨ ਜੋਖ਼ਮ ਵਿਚ ਪਾਉਣ ਵਾਲਾ ਤੇ ਬਿਨਾਂ ਸੋਚੇ ਸਮਝੇ ਅੱਗ ਵਿਚ ਕੁੱਦ ਜਾਣ ਵਾਲਾ ਮਿਹਰ ਸਿੰਘ ਆਪਣੀ ਅਣਖ ਬਰਕਰਾਰ ਰੱਖਣ ਵਾਸਤੇ ਦਿਲ ਉੱਤੇ ਪੱਥਰ ਰੱਖ ਕੇ ਹਵਾਈ ਫੌਜ ਨੂੰ ਅਲਵਿਦਾ ਕਹਿ ਗਿਆ। ਸਾਥੀਆਂ ਦਾ ਮਨੋਬਲ ਉੱਚਾ ਚੁੱਕਣ ਵਾਲਾ, ਹਵਾਈ ਫੌਜ ਨੂੰ ਮਾਣ ਸਨਮਾਨ ਦਵਾਉਣ ਵਾਲਾ ਤੇ ਉੱਤਮ ਗੁਣਾਂ ਨਾਲ ਭਰਪੂਰ, ਸੂਰਮਿਆਂ ਦਾ ਸੂਰਮਾ, ਮੌਤ ਨੂੰ ਮਖੌਲਾਂ ਕਰਨ ਵਾਲਾ ਮਿਹਰ ਸਿੰਘ ਆਪਣੀ ਪ੍ਰਤਿਸ਼ਠਾ ਅਤੇ ਈਮਾਨਦਾਰੀ ਨੂੰ ਦਾਗ਼ੀ ਹੋਣ ਤੋਂ ਬਚਾਉਣ ਲਈ ਅਸਤੀਫ਼ਾ ਦੇਣ ਉੱਤੇ ਮਜਬੂਰ ਹੋ ਗਿਆ।
    ਏਨੇ ਪ੍ਰਤਿਸ਼ਠਿਤ ਹਵਾਈ ਸਿੱਖ ਨੂੰ ਝਟਪਟ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੇ ਆਪਣੇ ਨਾਲ ਬਤੌਰ ਨਿਜੀ ਐਡਵਾਈਜ਼ਰ ਰੱਖ ਲਿਆ।
    ਏਅਰ ਮਾਰਸ਼ਲ ਅਸਗ਼ਰ ਖ਼ਾਨ, ਹਿੰਦ-ਪਾਕ ਵੰਡ ਤੋਂ ਪਹਿਲਾਂ ਮਿਹਰ ਸਿੰਘ ਦੇ ਅਧੀਨ ਹੀ ਕੰਮ ਸਿੱਖਦੇ ਰਹੇ ਸਨ। ਵੰਡ ਤੋਂ ਬਾਅਦ ਉਹ ਪਾਕਿਸਤਾਨ ਏਅਰ ਫੋਰਸ ਦੇ ਚੀਫ਼ ਆਫ ਏਅਰ ਸਟਾਫ਼ ਬਣੇ। ਉਨ੍ਹਾਂ ਲਿਖਿਆ- ''ਸਿਵਾਏ ਮਿਹਰ ਸਿੰਘ ਜੀ ਦੇ, ਇੱਕ ਵੀ ਅਜਿਹਾ ਕੋਈ ਹੋਰ ਜਾਂਬਾਜ਼ ਸਕੂਐਡਰਨ ਲੀਡਰ ਨਹੀਂ ਸੀ ਜਿਸ ਨੂੰ ਵੱਡੇ-ਛੋਟੇ, ਸਭ ਨਾਲ ਇੱਜ਼ਤ ਨਾਲ ਪੇਸ਼ ਆਉਣ ਦਾ ਵੱਲ ਆਉਂਦਾ ਹੋਵੇ। ਹਰ ਕਿਸੇ ਨੂੰ ਮੁਹੱਬਤ ਕਰਦਿਆਂ, ਮਿਸਾਲੀ ਦਲੇਰੀ ਵਿਖਾ ਕੇ ਪ੍ਰੇਰਣਾ, ਹਿੰਮਤ, ਵਿਸ਼ਵਾਸ ਤੇ ਭਰੋਸੇ ਨਾਲ ਲਬਾਲਬ ਕਰਨ ਵਾਲੀ ਸ਼ਖਸੀਅਤ ਸਨ ਮਿਹਰ ਸਿੰਘ!''
    ਪਰਮ ਵਸ਼ਿਸ਼ਟ-ਸ੍ਰੇਸ਼ਠ ਸਿੱਖ ਏਅਰ ਕਮਾਂਡਰ ਮਿਹਰ ਸਿੰਘ ਨੇ ਮਹਾਰਾਜਾ ਪਟਿਆਲਾ ਨਾਲ ਰਹਿ ਕੇ ਸ਼ਾਨਦਾਰ ਸੇਵਾ ਨਿਭਾਈ। ਮਿਹਰ ਸਿੰਘ ਦੇ ਨਾਲ ਤੇ ਮਾਤਹਿਤ ਕੰਮ ਕਰਦੇ ਅਫ਼ਸਰ ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚੇ ਵੀ ਅੱਜ ਤਾਈਂ ਮਿਹਰ ਸਿੰਘ ਵਰਗੀ ਸ਼ਖ਼ਸੀਅਤ ਨੂੰ ਨਹੀਂ ਭੁਲਾ ਸਕੇ।
    ਮਿਹਰ ਸਿੰਘ ਬਾਰੇ ਇਹ ਲਿਖਿਆ ਮਿਲਦਾ ਹੈ ਕਿ 16 ਮਾਰਚ ਸੰਨ 1952 ਨੂੰ ਰਾਤ ਵੇਲੇ ਜੰਮੂ ਤੋਂ ਦਿੱਲੀ ਵੱਲ ਹਵਾਈ ਜਹਾਜ਼ ਉਡਾਉਂਦਿਆਂ ਰਾਹ ਵਿਚ ਤਗੜੇ ਤੂਫ਼ਾਨ ਦਾ ਸਾਹਮਣਾ ਕਰਦਿਆਂ ਮਿਹਰ ਸਿੰਘ ਨੂੰ ਰੱਬ ਨੇ ਸਾਡੇ ਕੋਲੋਂ ਖੋਹ ਲਿਆ।
    ਪ੍ਰਭਾਵਸ਼ਾਲੀ, ਪ੍ਰਤਿਭਾਵਾਨ ਤੇ ਮਾਣਮੱਤੀ ਸ਼ਖ਼ਸੀਅਤ, ਜਿਸ ਨੇ ਮਹਿਜ਼ 12 ਸਾਲਾਂ ਦੀ ਫੌਜੀ ਨੌਕਰੀ ਵਿਚ ਏਨੇ ਸਨਮਾਨ ਜਿੱਤੇ ਕਿ ਕੋਈ ਉਸ ਦੀ ਹਾਲੇ ਤੱਕ ਬਰਾਬਰੀ ਨਹੀਂ ਕਰ ਸਕਿਆ, ਦੀ ਯਾਦ ਨੂੰ ਸਦੀਵੀ ਬਣਾਉਣ ਲਈ ਏਅਰ ਕਮਾਂਡਰ ਮਿਹਰ ਸਿੰਘ ਦੇ ਨਾਂ ਉੱਤੇ ਭਾਰਤੀ ਹਵਾਈ ਸੈਨਾ ਨੇ ਐਵਾਰਡ ਰੱਖ ਦਿੱਤਾ ਹੈ।
    ਸੰਨ 2018 ਵਿਚ 'ਮਿਹਰ ਬਾਬਾ ਐਵਾਰਡ' ਜਾਰੀ ਕੀਤਾ ਗਿਆ, ਜਿਹੜਾ ਹਰ ਸਾਲ ਉਸ ਵਿਦਵਾਨ ਫੌਜੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਡਰੋਨ ਬਣਾਉਣ ਦੀ ਕਲਾ ਵਿਚ ਅਣਕਿਆਸੀ ਮੁਹਾਰਤ ਹਾਸਲ ਕੀਤੀ ਹੋਵੇ।
    ਭਾਰਤੀ ਹਵਾਈ ਫੌਜ ਨੇ ਤਾਂ ਮਿਹਰ ਸਿੰਘ ਦੀ ਅਦੁੱਤੀ ਬਹਾਦਰੀ ਨੂੰ ਅਮਰ ਕਰ ਦਿੱਤਾ। ਸਵਾਲ ਇਹ ਉੱਠਦਾ ਹੈ ਕਿ ਆਖ਼ਰ ਕਦੋਂ ਤੱਕ ਸਾੜੇ ਦੇ ਭਰੇ ਕੁੱਝ ਲੋਕ ਭਾਰਤ ਦੀ ਹਿੱਕ ਉੱਤੇ, ਮੈਦਾਨ-ਏ-ਜੰਗ ਵਿਚ ਜੂਝਣ ਵਾਲੇ ਜੁਝਾਰੂ ਜੋਧਿਆਂ ਦੇ ਮਾਣ ਸਨਮਾਨ ਉੱਤੇ ਵੱਟਾ ਲਾ ਕੇ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਰਹਿਣਗੇ?
    ਸਵਾਲ ਤਾਂ ਇਹ ਵੀ ਹੈ ਕਿ ਅਸੀਂ ਮਿਹਰ ਸਿੰਘ ਵਰਗੇ ਹੀਰੇ ਦੀ ਲਿਸ਼ਕ ਫਿੱਕੀ ਤਾਂ ਨਹੀਂ ਪਾ ਦਿੱਤੀ?
    ਕੀ ਅਸੀਂ ਮਿਹਰ ਸਿੰਘ ਕਲੋਨੀ ਵੱਲ ਕਦੇ ਗੇੜਾ ਮਾਰਿਆ? ਕੀ ਅਸੀਂ ਜਾਂਬਾਜ਼ ਬੱਬਰ ਸ਼ੇਰ ਬਾਰੇ ਆਪਣੀ ਕੌਮ ਨਾਲ ਪਲ ਸਾਂਝੇ ਕੀਤੇ? ਕੀ ਉਸ ਦੀ ਯਾਦ ਤਾਜ਼ਾ ਰੱਖਣ ਲਈ ਕੋਈ ਉਪਰਾਲਾ ਕੀਤਾ? ਕੀ ਹਮੇਸ਼ਾ ਹੀ ਜਦੋਂ ਕੋਈ ਸਿੱਖ ਵਿਲੱਖਣ ਹਿੰਮਤ ਵਿਖਾਉਣ ਸਦਕਾ ਉਚੇਰੀ ਪਦਵੀ ਹਾਸਲ ਕਰੇਗਾ, ਤਾਂ ਹਰ ਵਾਰ ਫਿਰਕੂ ਭਾਵਨਾਵਾਂ ਦਾ ਹੀ ਸ਼ਿਕਾਰ ਹੁੰਦਾ ਰਹੇਗਾ?
    ਆਓ ਮਨਾਂ ਵਿਚਲੇ ਪਾੜ ਮਿਟਾ ਕੇ, ਇਕਜੁੱਟ ਹੋ ਕੇ, ਕੌਮ ਦੀ ਚੜ੍ਹਦੀ ਕਲਾ ਵਿਚ ਆਪੋ ਆਪਣਾ ਯੋਗਦਾਨ ਪਾਈਏ ਅਤੇ ਆਪਣੇ ਮਾਣਮੱਤੇ ਪਿਛੋਕੜ ਵਿਚਲੇ 'ਹੀਰੋ' ਹਮੇਸ਼ਾ ਯਾਦ ਰੱਖੀਏ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783