ਸਿੱਖੀ_ਫਲਸਫਾ_ਬਨਾਮ_ਅਖੌਤੀ_ਲੋਕਤੰਤਰ - ਮਨਦੀਪ ਕੌਰ ਪੰਨੂ

ਧਰਮ ਦੁਨੀਆ ਦੇ ਇਤਿਹਾਸ ਵਿੱਚ ਸਰਬ ਸਾਂਝੀਵਾਲਤਾ ਤੇ ਸੇਵਾ ਲਈ ਆਪਣੀਆਂ ਵੱਖਰੀ ਮਿਸਾਲਾਂ ਪੇਸ਼ ਕਰਦਾ ਰਿਹਾ ਹੈ। ਕੌਮ ਦੇ ਹੀਰਿਆਂ ਨੂੰ ਮਨੁੱਖਤਾ ਦੇ ਭਲੇ ਤੇ ਦੂਜਿਆਂ ਦੇ ਧਰਮ ਦੀ ਰਾਖੀ,ਬਿਗਾਨੀਆਂ ਧੀਆਂ ਨੂੰ ਬਚਾਉਣ ਲਈ ਹਮੇਸ਼ਾ ਹੀ ਭਾਰੀ ਮੁੱਲ ਤਾਰਨਾ ਪਿਆ।
ਜਿਹੜੀਆਂ ਕੌਮਾਂ ਅੱਣਖੀ ਹੁੰਦੀਆਂ ਹਨ,ਉਹਨਾਂ ਨੂੰ ਆਪਣੀ ਅਣੱਖ ਤੇ ਗੈਰਤ ਦਾ ਮੁੱਲ ਦੇਣਾ ਹੀ ਪੈਦਾ ਹੈ। ਇਸ ਗੱਲ ਦਾ ਕੋਈ ਦੁੱਖ ਨਹੀ ਕਿ ਜੂਨ 1984 ਵਿੱਚ ਆਪਣੇ ਹੀ ਦੇਸ਼ ਦੇ ਫੌਜੀਆਂ ਨੇ ਸਾਡੇ ਨਾਲ ਜੰਗ ਕਿਉ ਲੜੀ??? ਦੁੱਖ ਤਾਂ ਇਸ ਗੱਲ ਦਾ ਇਹ ਹੈ ਕਿ ਜਦੋ ਉਹਨਾਂ ਲੋਕਾਂ ਨੇ ਲੜਾਈ ਅਨੈਤਿਕਤਾ ਨਾਲ ਲੜੀ ਤੇ ਉਹਨਾਂ ਦੀਆਂ ਕਰਤੂਤਾਂ ਤੇ ਇਨਸਾਨੀਅਤ ਵੀ ਸ਼ਰਮਸਾਰ ਹੋਈਂ। ਜੇਕਰ ਸੂਰਮਗਤੀ ਨਾਲ ਲੜਦੇ ਤਾਂ ਕੋਈ ਇੰਤਰਾਜ ਨਹੀ।

ਮੈ ਸਿੱਖ ਇਤਿਹਾਸ ਵਿੱਚ ਵਾਪਰੀਆਂ ਕੁੱਝ ਘਟਨਾਵਾਂ ਦਾ ਜਿਕਰ ਕਰਨਾ ਚਾਹੁੰਦੀ ਹਾਂ,ਜਿਸ ਵਿੱਚ ਸਿੱਖਾਂ ਨੇ ਦੁਸ਼ਮਣਾਂ ਨੂੰ ਵੀ ਪੂਰਾ ਸਤਿਕਾਰ ਦਿੱਤਾ।
ਪਹਿਲੀ ਉਦਾਹਰਨ:
ਮਿਸਲਾਂ ਵੇਲੇ ਜਲੰਧਰ ਕੋਲ ਸਿੰਘਾਂ ਨੇ ਇਕ ਜੰਗ ਲੜਿਆ ਸੀ ਤੇ ਸਾਹਮਣੇ ਵਾਲਾ ਸੂਰਮਾ ਬਹੁੱਤ ਹੀ ਬਹਾਦਰੀ ਨਾਲ ਲੜਿਆ। ਜੰਗ ਦੌਰਾਨ ਹੋਈ ਉਸਦੀ ਮੌਤ ਤੋ ਬਾਅਦ ਸਿੱਖਾਂ ਨੇ ਉਹਦੇ ਲਈ ਕਫਨ ਮੰਗਵਾਇਆ ਤੇ ਦੁਸ਼ਮਣਾਂ ਦੇ ਯੋਧੇ ਤੇ ਕਫਨ ਪਾ ਕੇ ਇਕ ਗੱਲ ਸਪਸ਼ਟ ਕੀਤੀ ਤੂੰ ਲੜਿਆ ਚਾਹੇ ਸਾਡੇ ਖਿਲਾਫ ਹੈ ਪਰ ਲੜਿਆ ਬਹਾਦਰੀ ਨਾਲ ਹੈ। ਅਸੀ ਤੈਨੂੰ ਕਫਨ ਪਾ ਕੇ ਵਿਦਾ ਕਰਦੇ ਹਾਂ। ਸਿੱਖ ਕੌਮ ਉਹ ਹੈ ਜਿਹਨਾਂ ਨੇ ਆਪਣੇ ਦੁਸ਼ਮਣਾਂ ਤੇ ਵੀ ਕਫਨ ਪਾਏ ਹਨ।

ਦੂਜੀ ਉਦਾਹਰਨ:
ਕਰਤਾਰਪੁਰ ਸਾਹਿਬ ਦੀ ਜੰਗ ਵੇਲੇ ਪੈਂਦੇ ਖਾਨ ਗੁਰੂ ਘਰ ਦੇ ਵਿਰੁੱਧ ਲੜਣ ਆਇਆ ਤਾਂ ਉਹਨੇ ਤਿੰਨ ਵਾਰ ਕੀਤੇ ਤਾਂ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਹ ਤਿੰਨੋ ਵਾਰ ਰੋਕ ਲਏ। ਫਿਰ ਗੁਰਦੇਵ ਨੇ ਇਕ ਵਾਰ ਕੀਤਾ ਤਾਂ ਪੈਂਦੇ ਖਾਨ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਤਾਂ ਉਸ ਨੂੰ ਗੁਰੂ ਸਾਹਿਬ ਨੇ ਆਪਣੀ ਗੋਦ ਵਿੱਚ ਲੈ ਕੇ ਕਿਹਾ ਸੀ ਤੇਰਾ ਜਨਮ ਤੁਰਕਾਂ ਦੇ ਘਰ ਹੋਇਆ ਹੈ,ਤੂੰ ਮੇਰੇ ਨਾਲ ਰਿਸ਼ਤਾ ਤਾਂ ਤੋੜ ਚੱਲਿਆ। ਤੂੰ ਆਪਣੀਆਂ ਕਲਮਾਂ ਪੜ੍ਹ ਲੈ ਤੇ ਆਪਣੀ ਢਾਲ ਦੀ ਛਾਂ ਕਰਦਾ ਹਾਂ ਤੇ ਜਦੋ ਤੱਕ ਤੇਰੀਆਂ ਕਲਮਾਂ ਪੜ੍ਹੀਆਂ ਨਹੀ ਜਾਂਦੀਆਂ ਉਦੋ ਤੱਕ ਮੈ ਤੈਨੂੰ ਮੌਤ ਦੇ ਨੇੜੇ ਨਹੀ ਜਾਣ ਦੇਵਾਂਗਾ।

ਤੀਜੀ ਉਦਾਹਰਨ:
ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋ ਦਸ਼ਮੇਸ਼ ਪਿਤਾ ਜੀ ਨੇ ਜੰਗ ਲੜੇ ਤਾਂ ਭਾਈ ਘਨੱਈਆ ਜੀ ਨੂੰ ਪਾਣੀ ਨਾਲ ਮਲ੍ਹਮ ਪੱਟੀ ਵੀ ਦਿੱਤੀ। ਮੇਰਾ ਤਾਂ ਮੰਨਣਾ ਹੈ ਕਿ ਰੈਡ ਕਰਾਸ ਜਿਹੀ ਸੰਸਥਾ ਦੇ ਬਾਨੀ ਭਾਈ ਘਨੱਈਆ ਜੀ ਨੂੰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ।

ਚੌਥੀ ਉਦਾਹਰਨ:
ਦਸ਼ਮੇਸ਼ ਪਿਤਾ ਜੀ ਆਪਣੇ ਤੀਰ ਦੀ ਨੋਕ ਨਾਲ ਹਮੇਸ਼ਾ ਸਵਾ ਤੋਲਾ ਸੋਨਾ ਲਗਾ ਕੇ ਰੱਖਦੇ ਸਨ ਤਾਂ ਕਿ ਮਰਨ ਵਾਲੇ ਦੇ ਪਰਿਵਾਰ ਦੇ ਮੈਂਬਰ ਇਸ ਸੋਨੇ ਨਾਲ ਉਸਦੀਆਂ ਅੰਤਿਮ ਰਸਮਾਂ ਕਰ ਸਕਣ। ਮੇਰੀ ਸੱਚੀ ਸਰਕਾਰ ਦੀਆਂ ਗੱਲਾਂ ਹੀ ਜੱਗ ਤੋ ਨਿਆਰੀਆਂ ਹਨ,ਜਿਹਨਾਂ ਦਾ ਕੋਈ ਸਾਨੀ ਨਹੀ ਹੈ।
ਇਹ ਹੈ ਸਿੱਖੀ ਦਾ ਫਲਸਫਾ,ਜੋ ਚੜ੍ਹ ਕੇ ਆਏ ਦੁਸ਼ਮਣ ਨੂੰ ਵੀ ਕਲਾਵੇ ਵਿੱਚ ਲੈਂਦਾ ਹੈ।

ਹੁਣ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੀ ਜਿਹਨਾਂ ਨੇ ਸਿੱਖ ਕੌਮ ਨਾਲ ਜੋ ਵਿਸ਼ਵਾਸਘਾਤ ਕੀਤਾ,ਉਹ ਭਾਰਤ ਦੇ ਮੱਥੇ ਤੇ ਲੱਗਾ ਉਹ ਕਲੰਕ ਹੈ। ਜਿਸ ਨੂੰ ਮਿਟਾਇਆ ਨਹੀ ਜਾ ਸਕਦਾ। ਤੀਜਾ ਘੱਲੂਘਾਰਾ ਬਾਬਾ-ਏ-ਕੌਮ ਸੰਤ ਜਰਨੈਲ ਸਿੰਘ ਜੀ ਖਾਲਸਾ ਤੇ ਹਮਲਾ ਨਹੀ ਸੀ,ਇਹ ਸਿੱਖਾਂ ਦੀ ਅੱਣਖ ਤੇ ਗੈਰਤ ਉੱਪਰ ਹਮਲਾ ਸੀ।
ਪਹਿਲੀ ਜੂਨ ਨੂੰ ਰਾਤ ਦੇ ਨੋ ਵਜੇ ਤਕ ਗੋਲਾਬਾਰੀ ਹੁੰਦੀ ਰਹੀ ਤੇ
ਫੌਜ ਨੇ ਘੇਰਾ ਪਾਈ ਰੱਖਿਆ ਸੀ। ਮੇਰਾ ਤਾਂ ਮੰਨਣਾ ਹੈ ਕਿ ਉਹ ਗੋਲਾਬਾਰੀ ਇਸ ਕਰਕੇ ਹੁੰਦੀ ਰਹੀ ਕਿ ਦੇਖਿਆ ਜਾਵੇ ਕਿ ਇਹਨਾਂ ਕੋਲ ਅੰਦਰ ਕਿਹੜੇ-ਕਿਹੜੇ ਹਥਿਆਰ ਹਨ ਤੇ ਕਿੱਥੇ-ਕਿੱਥੇ ਮੋਰਚੇ ਹਨ। ਇਹ ਇਕ ਟੈਸਟ ਪ੍ਰਕਿਰਿਆ ਦਾ ਰੂਪ ਸੀ।
ਦੋ ਜੂਨ ਨੂੰ ਸੰਗਤਾਂ ਦਾ ਵਿਸ਼ਵਾਸ ਜਿੱਤਣ ਲਈ ਕੋਈ ਕਾਰਵਾਈ ਨਹੀ ਕੀਤੀ ਗਈ। ਤਿੰਨ ਜੂਨ ਨੂੰ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਵਸ ਸੀ।ਸੰਗਤਾਂ ਨੂੰ ਅੰਦਰ ਆਉਣ ਤੋ ਨਹੀ ਰੋਕਿਆ ਗਿਆ ਤਾਂ ਕਿ ਸਿੱਖਾਂ ਦਾ ਵੱਧ ਤੋ ਵੱਧ ਘਾਣ ਕੀਤਾ ਜਾਵੇ। ਜਦੋ ਸਭ ਕੁੱਝ ਪਹਿਲਾਂ ਹੀ ਯੋਜਨਾਬੱਧ ਕੀਤਾ ਗਿਆ ਸੀ ਤਾਂ ਸੰਗਤਾਂ ਨੂੰ ਇਕੱਠੇ ਕਿਉ ਹੋਣ ਦਿੱਤਾ ਗਿਆ। ਜਦੋ ਕਿ ਫੌਜ ਨੇ ਘੇਰਾਬੰਦੀ ਕੀਤੀ ਹੋਈ ਸੀ ਤੇ ਟੈਂਕ ਤੇ ਬਖਤਰਬੰਦ ਗੱਡੀਆਂ ਦਰਬਾਰ ਸਾਹਿਬ ਵਿੱਚ ਆ ਚੁੱਕੇ ਸਨ। ਮੁੱਕਦੀ ਗੱਲ ਇਹ ਹੈ ਕਿ ਸੰਗਤਾਂ ਨੂੰ ਭੁਲੇਖੇ ਵਿੱਚ ਰੱਖਿਆ ਗਿਆ ਕਿ ਅੰਦਰ ਮਾਹੌਲ ਠੀਕ ਹੈ।

***ਅਕਾਲ ਤਖ਼ਤ ਸਾਹਿਬ ਦੀ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ।
***ਸ਼ਹੀਦਾਂ ਦੀਆਂ ਲਾਸ਼ਾਂ ਨੂੰ ਗੰਨਿਆਂ ਵਾਂਗ ਲੱਦ ਕੇ ਲੈ ਕੇ ਜਾਇਆ ਗਿਆ।
****ਸੂਰਮੇ ਸਿੱਖਾਂ(ਨੇਤਰਹੀਣ) ਨੂੰ ਵੀ ਮਾਰਿਆ ਗਿਆ,ਉਹਨਾਂ ਨੇ ਕਿਹੜਾ ਹਥਿਆਰ ਚਲਾਉਣੇ ਸਨ????
***UNO ਦੇ ਫੈਸਲੇ ਅਨੁਸਾਰ ਹਰ ਲੜਾਈ ਵਿੱਚ ਰੈਡ ਕਰਾਸ ਜਾਣੀ ਚਾਹੀਦੀ ਹੈ। ਇੱਥੋ ਤੱਕ ਕਿ ਦੂਸਰੇ ਵਿਸ਼ਵ ਯੁੱਧ ਵਿੱਚ ਵੀ ਰੈਡ ਕਰਾਸ ਸੰਸਥਾ ਦੇ ਮੈਂਬਰ ਜ਼ਖਮੀਆਂ ਦੀ ਮਲੱਹਮ ਪੱਟੀ ਕਰਨ ਗਏ ਪਰ ਦਰਬਾਰ ਸਾਹਿਬ ਵਿੱਚ ਅਜਿਹੀ ਸਹੂਲਤ ਕਿਉ ਨਹੀ ਦਿੱਤੀ ਗਈ??? ਜਿਹੜੇ ਲੋਕ ਮਰੇ ਸੀ,ਉਹਨਾਂ ਦੀਆਂ ਲਾਸ਼ਾਂ ਸੜ ਗਈਆਂ ਕਿਉਕਿ ਗਰਮੀ ਬਹੁੱਤ ਸੀ। ਉਹਨਾਂ ਦੀਆਂ ਬਾਹਾਂ ਫੜ ਕੇ ਰੱਖਣ ਲਗਦੇ ਸੀ ਤਾਂ ਬਾਂਹ ਹੀ ਨਿਕਲ ਜਾਂਦੀ ਸੀ।
***ਪਾਣੀ ਵਾਲੀ ਟੈਂਕੀ ਦੇ ਮੋਰਚੇ ਤੇ ਜਦੋ ਟੈਂਕੀ ਟੁੱਟ ਗਈ ਤਾਂ ਪਾਣੀ ਦਾ ਸਿਸਟਮ ਬੰਦ ਹੋ ਗਿਆ। ਕਹਿਰ ਦੀ ਗਰਮੀ ਪੈਂਦੀ ਸੀ ਤੇ ਲੋਕ ਪਿਆਸੇ ਮਰ ਰਹੇ ਸੀ। 4 ਜੂਨ ਤੋ 6 ਜੂਨ ਤੱਕ ਸੰਗਤਾਂ ਨੂੰ ਪਾਣੀ ਨਹੀ ਮਿਲਿਆ। ਦੁਨੀਆ ਦੇ ਇਤਿਹਾਸ ਵਿੱਚ ਸਭ ਤੋ ਘਿਨਾਉਣੀ ਗੱਲ ਇਹ ਮੰਨੀ ਜਾਂਦੀ ਹੈ ਕਿ ਜਦੋ ਦੁਸ਼ਮਣ ਨੂੰ ਪਿਆਸੇ ਰੱਖ ਕੇ ਮਾਰਨਾ।
***ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਮਾਰਨ ਬਦਲੇ ਬਰਾੜ ਤੇ ਹੋਰਾਂ ਨੂੰ ਤਰੱਕੀਆਂ ਦਿੱਤੀਆਂ। ਲਾਹਨਤ ਹੈ ਇਹੋ ਜਿਹੇ ਐਵਾਰਡਾਂ ਤੇ ਤਰੱਕੀਆਂ ਤੇ ਜੋ ਮਨੁੱਖਤਾ ਦਾ ਘਾਣ ਕਰਨ ਪਿੱਛੇ ਮਿਲੀਆਂ।
ਮਸਲਾ ਇਹ ਨਹੀ ਕਿ ਜੰਗ ਉਹ ਕੋਣ ਜਿੱਤਿਆ??
ਗੱਲ ਤਾਂ ਇਹ ਹੈ ਕਿ ਅੰਤਿਮ ਸਵਾਸਾਂ ਤਕ ਜੁੱਅਰਤ ਤੇ ਜਜਬੇ ਨਾਲ ਕੌਣ ਲੜਿਆ???
ਸਿੰਘਾਂ ਨੇ ਚਮਕੌਰ ਦੀ ਗੜ੍ਹੀ ਤੇ ਸਾਰਾਗੜ੍ਹੀ ਦੀ ਲੜਾਈ ਦਾ ਇਤਿਹਾਸ ਦੁਹਰਾਇਆ ਤਾਂ ਵੱਡਿਆਂ-ਵੱਡਿਆਂ ਨੇ ਮੂੰਹ ਵਿੱਚ ਉਂਗਲਾਂ ਪਾ ਲਈਆ।

ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ 2% ਆਬਾਦੀ ਹੋਣ ਦੇ ਬਾਵਜੂਦ 85% ਕੁਰਬਾਨੀਆਂ ਦੇ ਕੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੋਵੇ। ਉਸੇ ਦੇਸ਼ ਦੇ ਅਖੌਤੀ ਲੋਕਤੰਤਰ ਨੇ ਸਮੁੱਚੀ ਮਾਨਵਤਾ ਦੇ ਰੂਹਾਨੀ ਕੇਂਦਰ ਦੇ ਸਰੋਤ ਦਰਬਾਰ ਸਾਹਿਬ ਉਪਰ ਹਮਲਾ ਕਰਕੇ ਇੱਕ ਵਾਰ ਕੁਦਰਤ ਦੀ ਰੂਹ ਨੂੰ ਹਿਲਾ ਦਿੱਤਾ ਹੈ।
ਮੈ ਸੋਚਦੀ ਹਾਂ ਕਿ ਜੇਕਰ ਇਹੀ ਕੁਰਬਾਨੀਆਂ ਅਸੀ ਦੇਸ਼ ਪੰਜਾਬ ਦੀ ਸਥਾਪਨਾ ਲਈ ਦਿੱਤੀਆਂ ਹੁੰਦੀਆਂ ਤਾਂ ਸ਼ਾਇਦ ਸਾਨੂੰ 20% ਕੁਰਬਾਨੀਆਂ ਦੇਣੀਆਂ ਪੈਂਦੀਆਂ।
ਆਉ! ਅੱਜ ਤੀਜੇ ਘੱਲੂਘਾਰੇ ਦੇ ਸਮੂੰਹ ਸ਼ਹੀਦਾਂ ਨੂੰ ਸਿਜਦਾ ਕਰਦੇ ਹੋਏ ਅਸੀ ਸਾਰੇ ਇਕ ਨਿਸ਼ਾਨ ਸਾਹਿਬ ਦੇ ਥੱਲੇ ਇੱਕਠੇ ਹੋਈਏ ਤੇ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ।
ਸਰਬੱਤ ਦੇ ਭਲੇ ਦੀ ਅਰਦਾਸ ਨਾਲ,
ਮਨਦੀਪ ਕੌਰ ਪੰਨੂ