ਬੰਦਾ ਮਰਵਾਇਆ- ਮਲਕੀਅਤ 'ਸੁਹਲ'

            ਧਰਮ ਦੇ ਨਾਂ ਤੇ ਹੋਣ ਡਰਾਮੇਂ।  
           ਲੋਕਾਂ ਤੋਂ ਕਰਵਾਉਣ ਹੰਗਾਮੇਂ।                                                                          
           ਭਾੜੇ-ਖੋਰੇ  ਅੱਗ  ਲਗਾਉਂਦੇ   
           ਉਹ ਇਨ੍ਹਾਂ ਦੇ, ਜੀਜੇ- ਮਾਮੇਂ।
    
            ਇਹ ਨੇ 'ਸ਼ੀਹ ਮੁੱਕਦਮ ਰਾਜੇ'
           ਅੱਜ ਵੀ ਲੀਡਰ ਨੇ ਸ਼ਹਿਜ਼ਾਦੇ।
           ਪੁੱਠੀ ਗਿਣਤੀ ਰਹੇ ਸਿਖਾਉਂਦੇ
           ਬਾਬੇ - ਲੀਡਰ  ਨੇ ਮਹਾਰਾਜੇ।

            ਮਾਂ ਬੋਲੀ ਨੂੰ ਭੁੱਲ ਗਏ ਜਿਹੜੇ
           ਕਿਵੇਂ ਪੈਣਗੇ  ਮਾਂ ਦੇ ਚਰਨੀਂ।
           ਪੜ੍ਹਿਆ ਨਾ ਜੇ  ਊੱੜਾ- ਐੜਾ
           ਉਨ੍ਹਾਂ ਨੇ ਪੈਂਤੀ  ਕਿਥੋਂ ਪੜ੍ਹਨੀ।

           ਜੀਊਂਦੀ ਮਾਂ ਦਾ ਸੁੱਖ ਬੜਾ ਹੈ।
           ਮਾਂ ਮਰ ਜਾਵੇ  ਦੁੱਖ  ਬੜਾ ਹੈ।
           ਕਰਦਾ ਜੋ ਵੀ  ਮਾਂ ਦੀ  ਸੇਵਾ  
           ਉਹ ਸਮਝਦਾਰ ਮਨੁੱਖ ਬੜਾ ਹੈ

            ਝਗੜੇ ਕਈ ਨੇ ਹੁਣ ਮਾਵਾਂ ਦੇ।
           ਕੁਝ ਝਗੜੇ ਨੇ  ਦਰਿਆਵਾਂ ਦੇ।
           ਹਿੰਦੂ, ਮੁਸਲਮ ਅਤੇ ਈਸਾਈ
           ਹੁਣ  ਦੰਗੇ ਸੂਰਾਂ,  ਗਾਵਾਂ  ਦੇ।

           ਇਹ ਗੱਲ ਸਭ ਨੂੰ ਕਹਿਣੀ ਹੈ।  
           ਹੁਣ ਨੀਤ  ਬਦਲਣੀਂ ਪੈਣੀ ਹੈ।
           ਪਰ! ਧਰਮ ਦੇ ਠੇਕੇਦਾਰਾਂ ਦੀ
           ਅਜੇ ਅੰਦਰੋਂ  ਸੋਚ ਪੁਰਣੀ ਹੈ।

          

           ਹਿੰਦੂ-ਮੁਸਲਮ ਸੀ ਦੋਵੇਂ ਰੋਏ।
           ਉਹ ਨਹੀਂ  ਭਾਂਬੜ ਮੱਠੇ ਹੋਏ।
           ਜੋ ਸੰਨ ਸੰਤਾਲੀ ਭਰੇ ਗਵਾਹੀ
           ਘਰ ਲੋਕਾਂ ਦੇ ਸੀ, ਢੱਠੇ ਹੋਏ।


           ਮਿਤੱਰਤਾ ਦੀ  ਲਹਿਰ ਬਣਾਓ।
           ਖ਼ੁਦ ਵੀ ਸਮਝੋ  ਤੇ  ਸਮਝਾਓ।
           ਇਵੇਂ ਬੇੜੀ  ਪਾਰ ਨਹੀਂ ਹੋਣੀ
           ਰਲ- ਮਿਲ ਸਾਰੇ  ਚੱਪੂ ਲਾਓ।


           ''ਸੁਹਲ''ਜੋ ਸੰਤਾਪ ਹੰਡਾਇਆ।
           ਨਹੀਉਂ ਜਾਣਾ ਕਦੇ ਭੁਲਾਇਆ।
           ਜਨੂਨੀਂ ૶ ਰਾਜਨੀਤਕ ਨੇ ਚਾਲਾਂ
           ਬੰਦੇ  ਤੋਂ  ਬੰਦਾ  ਮਰਵਾਇਆ।