ਏਕੇ ਦੀ ਲੋਅ - ਸਵਰਾਜਬੀਰ

ਹਰ ਸੰਘਰਸ਼ ਕਿਸੇ ਖ਼ਾਸ ਭੂਗੋਲਿਕ ਖ਼ਿੱਤੇ ਦੇ ਲੋਕਾਂ ਦੇ ਜੀਵਨ ’ਚੋਂ ਜਨਮ ਲੈਂਦਾ ਅਤੇ ਉਨ੍ਹਾਂ ਦੀ ਹਿੰਮਤ ਤੇ ਜੇਰੇ ਦੇ ਸਿਰ ’ਤੇ ਜਵਾਨ ਹੁੰਦਾ ਹੈ। ਮੌਜੂਦਾ ਕਿਸਾਨ ਸੰਘਰਸ਼ ਪੰਜਾਬ ਦੀ ਸਰਜ਼ਮੀਨ ’ਤੇ ਜਨਮਿਆ, ਪਣਪਿਆ ਅਤੇ ਫਿਰ ਹਰਿਆਣੇ ਅਤੇ ਪੱਛਮੀ ਉੱਤਰ ਪ੍ਰਦੇਸ਼ ਦੀ ਧਰਤੀ ਨੂੰ ਆਪਣੇ ਕਲਾਵੇ ਵਿਚ ਲੈਂਦਿਆਂ, ਦੂਰ-ਦੂਰ ਤਕ ਫੈਲ ਗਿਆ। ਇਸ ਦੀਆਂ ਗੂੰਜਾਂ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸੁਣਾਈ ਦਿੱਤੀਆਂ ਹਨ ਅਤੇ ਕਾਰਪੋਰੇਟ ਲਾਲਚ ਅਤੇ ਰਿਆਸਤੀ ਦਮਨ ਦੇ ਦੌਰ ਵਿਚ ਇਹ ਅੰਦੋਲਨ ਲੋਕਾਈ ਦੇ ਬਹੁਤ ਵੱਡੇ ਹਿੱਸੇ ਦੀ ਆਵਾਜ਼ ਬਣ ਗਿਆ ਹੈ। ਪੰਜਾਬ ਦੇ ਲੋਕ ਇਸ ਅੰਦੋਲਨ ਨਾਲ ਸਜੀਵ ਰੂਪ ਵਿਚ ਜੁੜੇ ਹੋਣ ਦੇ ਨਾਲ ਨਾਲ ਇਸ ਦੇ ਸ਼ੁਕਰਗੁਜ਼ਾਰ ਵੀ ਹਨ ਕਿਉਂਕਿ ਕਿਸਾਨ ਮੋਰਚੇ ਨੇ ਪੰਜਾਬ ਨੂੰ ਨਵੀਂ ਪਛਾਣ ਦਿੱਤੀ ਹੈ। ਪੰਜਾਬੀ ਅਤੇ ਖ਼ਾਸ ਕਰਕੇ ਪੰਜਾਬੀ ਨੌਜਵਾਨ ਇਸ ਮੋਰਚੇ ਕਾਰਨ ਖ਼ਾਸ ਤਰ੍ਹਾਂ ਨਾਲ ਊਰਜਿਤ ਹੋਏ ਹਨ, ਉਨ੍ਹਾਂ ਨੂੰ ਉਹ ਸਾਕਾਰਾਤਮਕ ਊਰਜਾ ਮਿਲੀ ਹੈ ਜਿਹੜੀ ਕਈ ਦਹਾਕਿਆਂ ਤੋਂ ਪੰਜਾਬ ਵਿਚੋਂ ਗਾਇਬ ਸੀ। ਉਹ ਪੰਜਾਬ, ਜਿਸ ਨੂੰ ਕਿਸੇ ਸਮੇਂ ਨਸ਼ਿਆਂ ਵਿਚ ਗ੍ਰਸੀ ਭੂਮੀ ਕਿਹਾ ਜਾ ਰਿਹਾ ਸੀ, ਅੱਜ ਸਾਰੇ ਦੇਸ਼ ਦੀ ਅਗਵਾਈ ਕਰ ਰਿਹਾ ਹੈ। ਇਸ ਅੰਦੋਲਨ ਵਿਚ ਕਿਸਾਨ ਮੰਗਾਂ ਦੇ ਨਾਲ ਨਾਲ ਲੋਕਾਂ ਦਾ ਸਰਕਾਰਾਂ ਦੇ ਲੋਕ-ਵਿਰੋਧੀ ਕਿਰਦਾਰ ਅਤੇ ਕਾਰਜਸ਼ੈਲੀ ਵਿਰੁੱਧ ਗੁੱਸਾ ਅਤੇ ਰੋਹ ਵੀ ਸ਼ਾਮਲ ਹਨ ਜਿਸ ਕਾਰਨ ਇਹ ਅੰਦੋਲਨ ਮਨੁੱਖੀ ਆਜ਼ਾਦੀ ਅਤੇ ਜਮਹੂਰੀ ਅਧਿਕਾਰਾਂ ਦਾ ਸੰਘਰਸ਼ ਵੀ ਬਣ ਗਿਆ ਹੈ।
        ਇਸ ਅੰਦੋਲਨ ਦੀ ਉਸਾਰੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਉੱਦਮ ਅਤੇ ਉਸ ਉੱਦਮ ਨੂੰ ਵੱਡੀ ਪੱਧਰ ’ਤੇ ਮਿਲੇ ਕਿਸਾਨਾਂ ਦੇ ਹੁੰਗਾਰੇ ਦੀ ਬੁਨਿਆਦ ’ਤੇ ਹੋਈ ਹੈ। ਇਸ ਨੂੰ ਹੋਰ ਵਰਗਾਂ ਦੇ ਲੋਕਾਂ ਅਤੇ ਔਰਤਾਂ ਦੀ ਹਮਾਇਤ ਮਿਲੀ ਅਤੇ ਪੰਜਾਬ ਦੇ ਗਾਇਕ, ਰੰਗਕਰਮੀ, ਲੇਖਕ, ਵਿਦਵਾਨ, ਅਰਥ ਸ਼ਾਸਤਰੀ ਅਤੇ ਹੋਰ ਖੇਤਰਾਂ ਦੇ ਮਾਹਿਰ ਇਸ ਵਿਚ ਸ਼ਾਮਲ ਹੋਏ। ਅੰਦੋਲਨ ਦੇ ਆਗੂਆਂ ਨੇ ਦਲਿਤਾਂ ਨੂੰ ਸੰਘਰਸ਼ ਵਿਚ ਸ਼ਾਮਲ ਕਰਨ ਦੇ ਚੇਤਨ ਯਤਨ ਕੀਤੇ ਜੋ ਸੀਮਤ ਰੂਪ ਵਿਚ ਸਫ਼ਲ ਹੋਏ ਪਰ ਜਿਨ੍ਹਾਂ ਦਾ ਪ੍ਰਤੀਕਾਤਮਕ ਮਹੱਤਵ ਭਵਿੱਖ ਦੇ ਸੰਘਰਸ਼ਾਂ ਲਈ ਸ਼ਾਨਦਾਰ ਰੂਪ-ਰੇਖਾ ਬਣਾਉਣ ਵਿਚ ਪਿਆ ਹੈ। ਅੰਦੋਲਨ ਦੀ ਇਸ ਮਹਾਂ-ਉਸਾਰੀ ਵਿਚ ਸਭ ਤੋਂ ਵੱਡੀ ਭੂਮਿਕਾ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਦੀ ਏਕਤਾ ਨੇ ਨਿਭਾਈ ਹੈ। ਇਸ ਏਕਤਾ ਨੇ ਹੀ ਲੋਕਾਂ ਦਾ ਭਰੋਸਾ ਜਿੱਤਿਆ ਅਤੇ ਉਨ੍ਹਾਂ ਦੀਆਂ ਉਮੰਗਾਂ ਦੇ ਸੰਸਾਰ ਨੂੰ ਜਿਊਣ ਜੋਗਿਆਂ ਕੀਤਾ ਹੈ।
       ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਡੇਰੇ ਲਾਈ ਬੈਠੇ ਹਨ। ਉਨ੍ਹਾਂ ਦੇ ਠਰੰਮੇ ਨਾਲ ਉੱਥੇ ਰਹਿਣ ਨੇ ਜੱਦੋਜਹਿਦ ਨੂੰ ਇਕ ਨਵੀਂ ਤਰ੍ਹਾਂ ਦੇ ਨਕਸ਼ ਦਿੱਤੇ ਹਨ। ਇਸ ਜੱਦੋਜਹਿਦ ਵਿਚ ਕਸਾਈਆਂ ਦੇ ਬਿੰਗ ਸਹਿਣ ਦਾ ਜਜ਼ਬਾ ਹੈ ਅਤੇ ਸਾਰੇ ਪੰਜਾਬ ਨੂੰ ਲੱਗਦਾ ਹੈ ਕਿ ਪੰਜਾਬ ਦੀ ਹੋਂਦ ਅਤੇ ਭਵਿੱਖ ਕਿਸਾਨ ਸੰਘਰਸ਼ ’ਤੇ ਨਿਰਭਰ ਕਰਦੇ ਹਨ। ਇਸ ਲਈ ਜਦ ਕਦੇ ਕਿਸਾਨ ਆਗੂਆਂ ਦੀ ਏਕਤਾ ਵਿਚ ਤਰੇੜ ਦੀ ਕੋਈ ਖ਼ਬਰ ਆਉਂਦੀ ਹੈ ਤਾਂ ਪੰਜਾਬੀਆਂ ਦੇ ਦਿਲ ਧੜਕ ਉੱਠਦੇ ਹਨ, ਉਨ੍ਹਾਂ ਦੇ ਮਨਾਂ ’ਚੋਂ ਚੀਸ ਉੱਠਦੀ ਹੈ, ‘‘ਯਾ ਰੱਬਾ, ਇਹ ਖ਼ਬਰ ਗ਼ਲਤ ਹੋਵੇ।’’
       ਸੰਘਰਸ਼ਾਂ ਵਿਚ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਦੇ ਵਿਚਾਰਾਂ ਵਿਚ ਸੰਘਰਸ਼ ਚਲਾਉਣ ਬਾਰੇ ਨੀਤੀ ਅਤੇ ਅੰਦੋਲਨ ਦੇ ਟੀਚਿਆਂ ਤਕ ਪਹੁੰਚਣ ਲਈ ਅਪਣਾਏ ਜਾਣ ਵਾਲੇ ਢੰਗ-ਤਰੀਕਿਆਂ ਵਿਚ ਅੰਤਰ ਹੋਣੇ ਸੁਭਾਵਿਕ ਹਨ। ਹਰ ਜਥੇਬੰਦੀ ਸੰਘਰਸ਼ ਵਿਚ ਆਪਣਾ ਜਨਤਕ ਘੇਰਾ ਵਿਸ਼ਾਲ ਕਰਕੇ ਆਪਣੇ ਆਧਾਰ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹਿੰਦੀ ਹੈ। ਇਸ ਮੰਤਵ ਲਈ ਉਹ ਲੋਕਾਂ ਵਿਚ ਵੱਧ ਤੋਂ ਵੱਧ ਪ੍ਰਚਾਰ ਅਤੇ ਮੀਡੀਆ ਦੇ ਪਲੇਟਫਾਰਮਾਂ ਦੀ ਵਰਤੋਂ ਕਰਦੀ ਹੈ। ਕਈ ਜਥੇਬੰਦੀਆਂ ਵਿਚ ਸਿਰਫ਼ ਆਪਣੀ ਵਿਚਾਰਧਾਰਾ ਦੇ ਸਹੀ ਹੋਣ ਅਤੇ ਸਹੀ ਹੋਣ ਦੇ ਪ੍ਰਚਾਰ ਨੂੰ ਅੰਤਿਮ ਸੁਰ ਦੇਣ ਦਾ ਰੁਝਾਨ ਵੀ ਹਾਵੀ ਰਹਿੰਦਾ ਹੈ। ਅਜਿਹੇ ਰੁਝਾਨ ਦਾ ਮੁੱਖ ਕਾਰਨ ਪਿਛਲੇ ਕੁਝ ਦਹਾਕਿਆਂ ਦਾ ਇਤਿਹਾਸ ਹੈ ਜਿਸ ਵਿਚ ਲੋਕ-ਪੱਖੀ ਅਤੇ ਜਮਹੂਰੀ ਲਹਿਰ ਵੱਡੀ ਟੁੱਟ-ਭੱਜ ਦਾ ਸ਼ਿਕਾਰ ਹੋਈ ਜਿਸ ਕਾਰਨ ਬਹੁਤ ਦੇਰ ਤਕ ਪੰਜਾਬ ਦੇ ਲੋਕ ਕੋਈ ਅਜਿਹਾ ਵਿਸ਼ਾਲ ਲੋਕ-ਪੱਖੀ ਅੰਦੋਲਨ ਨਹੀਂ ਸਿਰਜ ਸਕੇ ਜੋ ਪੰਜਾਬ ਦੀ ਪਛਾਣ ਬਣਦਾ।
         ਜੇ ਇਹ ਅੰਦੋਲਨ ਪੰਜਾਬ ਦੀ ਪਛਾਣ ਬਣਿਆ ਹੈ ਤਾਂ ਇਸ ਦਾ ਕਾਰਨ ਕਿਸਾਨ ਜਥੇਬੰਦੀਆਂ ਵਿਚ ਹੋਇਆ ਏਕਾ ਹੈ। ਇਹ ਏਕਾ ਹੀ ਅੰਦੋਲਨ ਦੀ ਜਿੰਦ-ਜਾਨ ਹੈ। ਕਿਸਾਨ ਜਥੇਬੰਦੀਆਂ ਇਹ ਵੀ ਜਾਣਦੀਆਂ ਹਨ ਕਿ ਸਰਕਾਰ ਅਤੇ ਕਿਸਾਨ-ਵਿਰੋਧੀ ਤਾਕਤਾਂ ਇਸ ਤਾਕ ਵਿਚ ਹਨ ਕਿ ਕਿਸੇ ਤਰੀਕੇ ਨਾਲ ਇਸ ਏਕੇ ਨੂੰ ਢਾਹ ਲਾਈ ਜਾਵੇ। ਕਿਸਾਨ-ਵਿਰੋਧੀ ਤਾਕਤਾਂ ਜਾਣਦੀਆਂ ਹਨ ਕਿ ਸੰਘਰਸ਼ ਦੇ ਲੰਮੇ ਹੋਣ ਨਾਲ ਉਹ ਅੰਦੋਲਨਕਾਰੀਆਂ ਵਿਚ ਵਿਚਾਰਾਂ ਦੇ ਵਖਰੇਵਿਆਂ ਦਾ ਫ਼ਾਇਦਾ ਉਠਾ ਸਕਦੀਆਂ ਹਨ, ਪਹਿਲਾਂ ਉਨ੍ਹਾਂ ਨੇ ਅੰਦੋਲਨ ਨੂੰ ਸਿਰਫ਼ ਪੰਜਾਬ ਅਤੇ ਸਿੱਖਾਂ ਦਾ ਅੰਦੋਲਨ ਕਹਿਣ, ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਵਿਚਕਾਰ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਸਲਾ ਉਠਾਉਣ, 26 ਜਨਵਰੀ 2021 ਨੂੰ ਲਾਲ ਕਿਲੇ ਵਿਚ ਹੁੱਲੜਬਾਜ਼ੀ ਕਰਵਾਉਣ, ਅੰਦੋਲਨ ਨੂੰ ਸਿੱਖ ਬਨਾਮ ਕਾਮਰੇਡ ਅਤੇ ਕਿਸਾਨ ਬਨਾਮ ਨੌਜਵਾਨ ਦੇ ਆਧਾਰ ’ਤੇ ਵੰਡਣ ਦੇ ਵੱਡੇ ਯਤਨ ਕੀਤੇ ਹਨ ਪਰ ਉਹ ਕਾਮਯਾਬ ਨਹੀਂ ਹੋਈਆਂ। ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਹੈ ਕਿ ਕਿਸਾਨ-ਵਿਰੋਧੀ ਤਾਕਤਾਂ ਨੇ ਹੱਥਲ ਹੋ ਕੇ ਨਹੀਂ ਬਹਿਣਾ। ਉਨ੍ਹਾਂ ਦੇ ਪਿੱਛੇ ਸਰਕਾਰ ਅਤੇ ਕਾਰਪੋਰੇਟਾਂ ਦੀ ਸ਼ਕਤੀ ਹੈ, ਜੇ ਉਹ ਸ਼ਕਤੀ ਨਾਕਾਮ ਅਤੇ ਨਿਰਬਲ ਸਾਬਤ ਹੋ ਰਹੀ ਹੈ ਤਾਂ ਉਸ ਦਾ ਇਕ ਹੀ ਕਾਰਨ ਕਿਸਾਨ ਜਥੇਬੰਦੀਆਂ ਦਾ ਏਕਾ ਹੈ।
        ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਕਿਸਾਨ ਮੋਰਚਾ ਆਪਣੇ ਹੁਣ ਵਾਲੇ ਰੂਪ ਵਿਚ ਬਣਿਆ ਰਹੇ ਅਤੇ ਸਫ਼ਲ ਹੋਵੇ। ਹਰ ਪੰਜਾਬੀ ਚਾਹੁੰਦਾ ਹੈ ਕਿ, ‘‘ਜਿਹੜੇ ਮੰਜ਼ਲਾਂ ਤੇ ਸਾਨੂੰ ਲੈ ਜਾਵਣ, ਕਿਤੇ ਕਦਮਾਂ ਦੇ ਉਹ ਨਿਸ਼ਾਨ ਵੇਖਾਂ।’’ ਪੰਜਾਬੀਆਂ ਨੇ ਪਿਛਲੇ ਦਹਾਕਿਆਂ ਵਿਚ ਅੰਤਾਂ ਦੇ ਦੁੱਖ ਝੱਲੇ ਹਨ, ਇਕ-ਦੂਜੇ ਨੂੰ ਕੋਹਿਆ ਤੇ ਬਹੁਤ ਵਾਰ ਉਨ੍ਹਾਂ ਆਪਣੀਆਂ ਰਾਹਾਂ ਨੂੰ ਆਪ ਹੀ ਕੰਡਿਆਲੀਆਂ ਬਣਾਇਆ ਹੈ। ਲਹਿੰਦੇ ਪੰਜਾਬ ਦੇ ਸ਼ਾਇਰ ਰਸ਼ੀਦ ਅਨਵਰ ਅਨੁਸਾਰ ‘‘ਜਾਂ ਕੰਡੇ ਘਰ ਦੀਆਂ ਕਿੱਕਰਾਂ ਦੇ ਵੇਖੇ ਤਾਂ ਖਿਆਲ ਆਇਆ/ ਕਿ ਆਪਣੇ ਰਸਤਿਆਂ ਨੂੰ ਆਪ ਈ ਕੰਡਿਆਲਦੇ ਰਹੇ ਆਂ।’’
        ਜਥੇਬੰਦੀਆਂ ਦੇ ਵਿਚਾਰਾਂ ਵਿਚ ਵਖਰੇਵੇਂ ਹੁੰਦੇ ਹਨ ਪਰ ਸੰਘਰਸ਼ ਸਮੇਂ ਏਕਤਾ ਸਭ ਵੱਲੋਂ ਸਵੀਕਾਰ ਕੀਤੇ ਗਏ ਟੀਚਿਆਂ ਦੇ ਆਧਾਰ ’ਤੇ ਬਣਦੀ ਹੈ। ਕੁਝ ਲੋਕ ਦਲੀਲ ਦੇ ਸਕਦੇ ਹਨ ਕਿ ਵਿਚਾਰਾਂ ਦੀ ਸੰਪੂਰਨ ਏਕਤਾ ਕਦੇ ਨਹੀਂ ਹੋ ਸਕਦੀ, ਇਹ ਸਹੀ ਹੈ, ਪਰ ਇਸ ਦੇ ਨਾਲ ਇਹ ਵੀ ਸਹੀ ਹੈ ਕਿ ਕਿਸੇ ਇਕ ਵਿਅਕਤੀ ਅਤੇ ਜਥੇਬੰਦੀ ਦੇ ਵਿਚਾਰਾਂ ਦਾ ਸੰਪੂਰਨ ਤੌਰ ’ਤੇ ਸਹੀ ਹੋਣਾ ਵੀ ਇਕ ਮਿੱਥ ਅਤੇ ਅਵਿਗਿਆਨਕ ਵਿਸ਼ਵਾਸ ਹੈ। ਅਜਿਹਾ ਦਾਅਵਾ ਯਥਾਰਥਕ ਨਹੀਂ। ਵਿਚਾਰਾਂ ਦੇ ਵਖਰੇਵਿਆਂ ਨੂੰ ਸਵੀਕਾਰ ਕਰਦਿਆਂ, ਕਿਸੇ ਸਥਿਤੀ ਨਾਲ ਜੂਝਣ ਲਈ ਸਾਂਝੀ ਨੀਤੀ ਬਣਾਉਣਾ, ਅਪਣਾਉਣਾ ਅਤੇ ਉਸ ਨੂੰ ਅਮਲੀ ਰੂਪ ਦੇਣਾ ਹੀ ਅਸਲੀ ਚੁਣੌਤੀ ਹੈ। ਸਾਂਝੀਵਾਲਤਾ ਅਤੇ ਏਕਤਾ ਨੇ ਹੀ ਇਤਿਹਾਸ ਸਿਰਜੇ ਨੇ, ਜਦ ਜਦ ਲੋਕਾਂ ਦੀ ਏਕਤਾ ਟੁੱਟੀ, ਉਦੋਂ ਹੀ ਲੋਕ-ਪੱਖੀ ਤਾਕਤਾਂ ਦੀ ਹਾਰ ਹੋਈ, ਲੋਕ-ਵਿਰੋਧੀ ਅਤੇ ਵੰਡ-ਪਾਊ ਤਾਕਤਾਂ ਹਾਵੀ ਹੋਈਆਂ ਤੇ ਜਿੱਤੀਆਂ। ਉੱਘੀ ਅਮਰੀਕਨ ਨਾਵਲਕਾਰ ਉਰਸੂਲਾ ਕੇ.ਲੀ. ਗਵਿਨ ਦਾ ਕਹਿਣਾ ਹੈ ਕਿ ਕਿਸੇ ਸਫ਼ਰ ਵਿਚ ‘‘ਸਭ ਤੋਂ ਮਾੜੀਆਂ ਕੰਧਾਂ (ਅੜਚਣਾਂ) ਉਹ ਨਹੀਂ ਹੁੰਦੀਆਂ ਜਿਹੜੀਆਂ ਤੁਹਾਨੂੰ ਰਾਹ ਵਿਚ ਬਣੀਆਂ ਮਿਲੀਆਂ ਹਨ। ਸਭ ਤੋਂ ਮਾੜੀਆਂ ਕੰਧਾਂ (ਅੜਚਣਾਂ) ਉਹ ਹੁੰਦੀਆਂ ਹਨ ਜਿਹੜੀਆਂ ਤੁਸੀਂ ਖ਼ੁਦ ਬਣਾਉਂਦੇ ਹੋ।’’ ਸਰਮਾਏਦਾਰੀ ਨਿਜ਼ਾਮ ਵਿਰੁੱਧ ਲੜਨ ਦੀ ਤਾਕੀਦ ਕਰਦਿਆਂ ਇਹ ਨਾਵਲਕਾਰ ਲਿਖਦੀ ਹੈ, ‘‘ਅਸੀਂ ਸਰਮਾਏਦਾਰੀ ਦੇ ਯੁੱਗ ਵਿਚ ਰਹਿੰਦੇ ਹਾਂ। ਇਹਦੀ ਤਾਕਤ ਅਟੱਲ ਅਤੇ ਅਥਾਹ ਲੱਗਦੀ ਹੈ। ਰਾਜਿਆਂ ਦੇ ਦੈਵੀ ਹੱਕਾਂ ਦੀ ਤਾਕਤ ਵੀ ਏਦਾਂ ਦੀ ਪ੍ਰਤੀਤ ਹੁੰਦੀ ਸੀ। ਲੋਕ ਤਾਕਤਵਰਾਂ ਦਾ ਮੁਕਾਬਲਾ ਕਰਕੇ ਹਾਲਾਤ ਬਦਲ ਸਕਦੇ ਹਨ।’’
ਵਿਚਾਰਾਂ ਦੇ ਵਖਰੇਵਿਆਂ ਨੂੰ ਆਪਸ ਵਿਚ ਬਹਿ ਕੇ ਨਜਿੱਠਿਆ ਜਾ ਸਕਦਾ ਹੈ, ਇਨ੍ਹਾਂ ਵਖਰੇਵਿਆਂ ਨੂੰ ਮੰਜ਼ਿਲ ’ਤੇ ਪਹੁੰਚਣ ਦੇ ਵਿਸ਼ਵਾਸ ਦੀ ਏਕਤਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਲੱਖਾਂ ਲੋਕਾਂ ਨੇ ਇਸ ਮੋਰਚੇ ਨੂੰ ਤਨ, ਮਨ ਤੇ ਧਨ ਸਮਰਪਿਤ ਕੀਤਾ ਹੈ। ਸੈਂਕੜੇ ਕਿਸਾਨਾਂ ਨੇ ਜਾਨਾਂ ਕੁਰਬਾਨ ਕੀਤੀਆਂ ਹਨ। ਇਹ ਕੁਰਬਾਨੀਆਂ ਏਕਤਾ ਮੰਗਦੀਆਂ ਹਨ। ਸਾਨੂੰ ਇਹ ਵੀ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਸਾਡੇ ਵਿਚ ਵਖਰੇਵਿਆਂ ਨਾਲੋਂ ਸਾਂਝ ਦੇ ਤੱਤ ਜ਼ਿਆਦਾ ਹਨ ਅਤੇ ਇਸ ਵੇਲੇ ਸਭ ਤੋਂ ਵੱਡੀ ਸਾਂਝ ਹੈ ਕਿਸਾਨ ਜਥੇਬੰਦੀਆਂ ਦਾ ਇਕੱਠੇ ਹੋ ਕੇ ਕਿਸਾਨਾਂ ਦੇ ਹੱਕਾਂ ਲਈ ਉਹ ਲੜਾਈ ਲੜਨਾ ਜੋ ਹੁਣ ਸਾਰੇ ਪੰਜਾਬੀਆਂ ਦੀ ਹੋਂਦ ਦੀ ਲੜਾਈ ਬਣ ਗਈ ਹੈ।
       ਕਿਸਾਨ ਅੰਦੋਲਨ ਨੇ ਪੰਜਾਬ ਨੂੰ ਨਿਰਾਸ਼ਾ ਦੇ ਆਲਮ ਵਿਚੋਂ ਬਾਹਰ ਕੱਢਿਆ ਹੈ, ਇਸ ਨੇ ਪੰਜਾਬੀਆਂ, ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਇਕ ਅਜਿਹੇ ਇਤਿਹਾਸਕ ਮੰਜ਼ਰ ’ਤੇ ਪਹੁੰਚਾ ਦਿੱਤਾ ਹੈ ਜਿੱਥੇ ਉਨ੍ਹਾਂ ਦੇ ਸਿਦਕ ਅਤੇ ਸੰਜਮ ਦਾ ਵੱਡਾ ਇਮਤਿਹਾਨ ਹੋਣਾ ਹੈ। ਇਸ ਇਮਤਿਹਾਨ ਵਿਚ ਸਫ਼ਲ ਹੋਣ ਦੀ ਸਭ ਤੋਂ ਵੱਡੀ ਓਟ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦਾ ਏਕਾ ਹੈ।
        ਕਿਸਾਨ ਆਗੂਆਂ ਦੇ ਸਿਰ ਵੱਡੀ ਅਤੇ ਇਤਿਹਾਸਕ ਜ਼ਿੰਮੇਵਾਰੀ ਹੈ ਕਿ ਉਹ ਉਸ ਇਤਿਹਾਸਕ ਮੁਕਾਮ ਦੀਆਂ ਜ਼ਿੰਮੇਵਾਰੀਆਂ ਨੂੰ ਧੀਰਜ ਅਤੇ ਸਾਂਝ ਦੇ ਆਧਾਰ ’ਤੇ ਨਿਭਾਉਣ। ਇਸ ਮੁਕਾਮ ’ਤੇ ਜਥੇਬੰਦਕ ਅਤੇ ਨਿੱਜੀ ਹਉਮੈਂ ਤੇ ਟਕਰਾਉ ਤੋਂ ਬਚਣ ਦੀ ਸਖ਼ਤ ਜ਼ਰੂਰਤ ਹੈ। ਇਤਿਹਾਸ ਨੇ ਕਿਸਾਨ ਆਗੂਆਂ ਨੂੰ ਇਸ ਅੰਦੋਲਨ ਵਿਚ ਏਕਤਾ ਬਣਾਈ ਰੱਖਣ ਦੀ ਪ੍ਰੀਖਿਆ ਵਿਚ ਸਫ਼ਲ ਹੋਣ ਦੇ ਮਾਪਦੰਡ ’ਤੇ ਪਰਖਣਾ ਹੈ। ਪੰਜਾਬੀ ਆਪਣੀਆਂ ਆਸਾਂ, ਉਮੰਗਾਂ, ਨਵ-ਜੀਵਨ ਦੀਆਂ ਰੀਝਾਂ, ਭਵਿੱਖ ਦੇ ਕਿਲੇ ਨੂੰ ਫ਼ਤਿਹ ਕਰਨ ਦੀਆਂ ਉਮੀਦਾਂ, ਸਭ ਇਸ ਅੰਦੋਲਨ ਦੇ ਨਿਰਾਲੇ ਸਫ਼ਰ ਵਿਚੋਂ ਦੇਖ ਰਹੇ ਹਨ। ਏਕਤਾ ਦੀ ਲੋਅ ਵਿਚ ਇਸ ਸਫ਼ਰ ਦੇ ਨਿਰਾਲੇਪਣ ਨੂੰ ਕਾਇਮ ਰੱਖਣਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਜ਼ਿੰਮੇਵਾਰੀ ਹੈ। ਪੰਜਾਬੀਆਂ ਨੂੰ ਯਕੀਨ ਹੈ ਕਿ ਕਿਸਾਨ ਆਗੂ ਆਪਸੀ ਵਿਚਾਰ-ਵਟਾਂਦਰੇ ਰਾਹੀਂ ਹੁਣ ਤਕ ਬਣਾਈ ਏਕਤਾ ਦੀ ਬੁਨਿਆਦ ’ਤੇ ਇਸ ਅੰਦੋਲਨ ਨੂੰ ਆਪਣੀ ਮੰਜ਼ਿਲ ਤੱਕ ਲੈ ਜਾਣਗੇ।-