ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ

ਵਾੜ ਖਾਂਦੀ ਰਹੀ ਖੇਤ ਨੂੰ ਖੇਤ ਚੁੱਪ ਰਿਹਾ
ਕਿਸ ਤਰ੍ਹਾਂ ਦੇ ਬਣ ਗਏ ਹਾਲਾਤ ਤੇਰੇ ਸ਼ਹਿਰ ਵਿੱਚ

ਖ਼ਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਹਿੰਸਾ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਚੇਤਾਵਨੀ ਦਿੱਤੀ ਕਿ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ। ਕੈਪਟਨ ਨੇ ਪ੍ਰਕਾਸ਼ ਸਿੰਘ ਬਾਦਲ 'ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਲੋਕਾਂ ਦਾ ਧਿਆਨ ਭਟਕਾਉਣ ਦਾ ਇਲਜਾਮ ਲਾਇਆ ਹੈ। ਉਹਨਾ ਕਿਹਾ ਕਿ ਐਸ ਆਈ ਟੀ ਪਵਿੱਤਰ ਧਾਰਮਿਕ ਗ੍ਰੰਥਾਂ ਦੀਆਂ 200 ਬੇਅਦਬੀ ਘਟਨਾਵਾਂ ਦੀ ਜਾਂਚ ਕਰੇਗੀ।
ਕਈ ਰਾਜੇ ਆਏ, ਕਈ ਰਾਜੇ ਗਏ! ਕਿਸੇ ਵੀ ਵਰ੍ਹਿਆਂ ਤੋਂ ਪੰਜਾਬ ਦੀ ਸਾਰ ਨਹੀਂ ਲਈ! ਨਹੀਂ ਪੁੱਛਿਆ ਕਿਸੇ ਪੰਜਾਬ ਦਾ ਹਾਲ-ਚਾਲ। ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ, ਪੰਜਾਬ ਕੁਰਲਾਇਆ। ਪੰਜਾਬ ਨੇ ਕਈ ਸੰਤਾਪ ਭੋਗੇ, ਪੰਜਾਬ ਲਹੂ ਦੇ ਅੱਥਰੂ ਰੋਇਆ।।
ਪੰਜਾਬ ਦੇ ਲੋਕ ਗਰੀਬ ਹੋਏ, ਪੰਜਾਬ ਦਾ ਨੇਤਾ ਖੁਸ਼ਹਾਲ ਹੋਇਆ। ਪੰਜਾਬ ਦੇ ਲੋਕ ਅਣਆਈ ਮੌਤੇ ਮਰੇ, ਪੰਜਾਬ ਦਾ ਹਾਕਮ ਚੁੱਪ ਰਿਹਾ! ਹਾਕਮ ਚਾਹੇ ਚਿੱਟਾ ਸੀ ਜਾਂ ਪੀਲਾ, ਨੀਲਾ। ਹਾਕਮਾਂ ਦਰਵਾਜ਼ੇ ਬੰਦ ਕੀਤੇ, ਕੁੰਭਕਰਨ ਦੀ ਨੀਂਦੇ ਸੁੱਤੇ। ਲੋਕ ਸੜਦੇ ਰਹੇ, ਲੋਕ ਭੁੱਜਦੇ ਰਹੇ। ਲੋਕ ਵਰ੍ਹਿਆਂ ਤੋਂ ਹਾਲਾਤਾਂ ਦੇ ਸ਼ਿਕਾਰ ਨਾ ਜੀਉਂਦਿਆਂ 'ਚ ਰਹੇ ਨਾ ਮੋਇਆ 'ਚ।
ਹੁਣ ਪੰਜਾਬ ਫਿਰ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹੈ! ਨੇਤਾ ਆਪਣਾ ਰਾਗ ਅਲਾਪ ਰਹੇ ਆ। ਆਪਣੇ ਪਰ ਤੋਲ ਰਹੇ ਆ। ਆਪਣੀ ਸਿਆਸਤ ਕਰ ਰਹੇ ਆ। ਇੱਕ ਦੂਜੇ ਨੂੰ ਕੋਸ ਰਹੇ ਆ। ਪੰਜਾਬ ਨਿਢਾਲ ਪਿਆ ਹੈ। ਪ੍ਰੇਸ਼ਾਨ ਪਿਆ ਹੈ। ਲੋਕ ਸਲਫਾਸ ਖਾ ਰਹੇ ਆ। ਲੋਕ ਵਿਦੇਸ਼ਾਂ ਨੂੰ ਭੱਜ ਰਹੇ ਆ। ਨੇਤਾ ਸੀਨਾ ਤਾਣ, ਇੱਕ ਦੂਜੇ ਦੀ ਹਿੱਕ 'ਚ ਨਫਰਤ ਦੇ ਤੀਰ ਚੋਭ ਰਹੇ ਆ। ਤੇ ਕਿਸੇ ਕਵੀ ਦੇ ਲਿਖੇ ਬੋਲ ਸੱਚ ਕਰ ਰਹੇ ਆ, "ਵਾੜ ਖਾਂਦੀ ਰਹੀ ਖੇਤ ਨੂੰ ਖੇਤ ਚੁੱਪ ਰਿਹਾ, ਕਿਸ ਤਰ੍ਹਾਂ ਦੇ ਬਣ ਗਏ ਹਾਲਾਤ ਤੇਰੇ ਸ਼ਹਿਰ ਵਿੱਚ"।

ਛੱਡਦੇ ਛੱਡਦੇ ਮੇਰੀ ਬਾਂਹ
ਮੈਂ ਨਹੀਂ ਰਹਿਣਾ ਤੇਰੇ ਗਰਾਂ


ਖ਼ਬਰ ਹੈ ਕਿ ਹਿੰਦੋਸਤਾਨ ਦਾ ਮਸ਼ਹੂਰ ਬਾਬਾ ਰਾਮਦੇਵ ਇਹਨਾ ਦਿਨਾਂ ਵਿੱਚ ਚਰਚਾ ਵਿੱਚ ਹੈ। ਉਸਨੇ ਇੱਕ ਟੀਵੀ ਚੈਨਲ ਤੇ ਇੱਕ ਇੰਟਰਵੀਊ ਦੌਰਾਨ ਬੋਲਦਿਆਂ ਕਿਹਾ ਕਿ ਕਾਲਾ ਧਨ, ਭ੍ਰਿਸ਼ਟਾਚਾਰ ਅਤੇ ਵਿਵਸਥਾ ਪ੍ਰੀਵਰਤਨ ਮੇਰਾ ਮੁੱਦਾ ਸੀ। ਪਰ ਦੇਸ਼ ਦੇ ਲੋਕ ਹੁਣ ਵਾਲੀ ਸਰਕਾਰ ਵਲੋਂ ਕੀਤੇ ਯਤਨਾਂ ਤੋਂ ਸੰਤੁਸ਼ਟ ਨਹੀਂ ਹਨ। ਉਹਨਾ ਕਿਹਾ ਕਿ ਦੇਸ਼ 'ਚ ਮਹਿੰਗਾਈ ਵਧੀ ਹੈ। ਪੈਟਰੋਲ ਡੀਜ਼ਲ ਦੀ ਕੀਮਤ ਆਸਮਾਨ ਛੂਹ ਗਈ ਹੈ। ਉਸਨੇ ਕਿਹਾ ਕਿ ਮੈਂ ਨਾ ਸੱਜੇ ਹਾਂ ਨਾ ਖੱਬੇ ਹਾਂ। ਮੇਰੀ ਕੋਈ ਪੱਕੀ ਧਿਰ ਨਹੀਂ ਹੈ।
ਜਾਪਦੈ ਬਾਬਾ ਮੋੜ ਕੱਟੂ। ਮੋਦੀ ਉਹਨੂੰ ਰਾਸ ਨਹੀਂ ਆਇਆ । ਭਾਈ ਮੋਦੀ ਤਾਂ ਲੋਕਾਂ ਨੂੰ ਵੀ ਰਾਸ ਨਹੀਂ ਆਇਆ ਉਹਨੂੰ ਕਿਵੇਂ ਰਾਸ ਆਉਂਦਾ?
ਬਾਬਾ ਆ ਕਾਰੋਬਾਰੀ! ਪਹਿਲਾਂ ਯੋਗ ਵੇਚਦਾ ਰਿਹਾ, ਲੋਕਾਂ ਨੂੰ ਨਚਾਉਂਦਾ ਟਪਾਉਂਦਾ ਰਿਹਾ। ਫਿਰ ਸਿਆਸਤੀ ਬਣਿਆ, ਮੁੜ ਮੋਦੀ ਦੀ ਪੋੜੀ ਚੜ੍ਹ ਗਿਆ। ਹੁਣ ਉਹਨੂੰ ਦੀਹਦਾ ਹੋਊ ਮੋਦੀ ਦੀ ਵਾਰੀ ਨਹੀਂ ਆਉਣੀ, ਕਾਂਗਰਸ ਨੂੰ ਜਿਤਾਊ, ਰਾਹੁਲ ਨਾਲ ਜੱਫੀ ਪਾਊ, ਉਹਨੂੰ ਯੋਗ ਸਿਖਾਊ ਤੇ 'ਪਤੰਜਲੀ' ਲਈ ਟੈਕਸਾਂ ਦੀ ਛੋਟ ਪਾਊ।
ਬਾਬਾ ਆ ਕਾਰੋਬਾਰੀ! ਵੇਖੋ ਨਾ ਪਹਿਲਾਂ ਮਸਾਲੇ ਵੇਚਦਾ ਰਿਹਾ! ਦਵਾਈਆਂ ਵੇਚਦਾ ਰਿਹਾ। ਹੁਣ ਦੁੱਧ ਵੇਚਣ ਦੇ ਰਾਹ ਪੈ ਗਿਆ। ਲੋਕਾਂ ਨੂੰ ਗਊ ਦੁੱਧ ਪਿਆਊ, ਸਿਹਤ ਚੰਗੀ ਕਰੂ ਆਪਣੀ ਤੇ ਢੋਲੇ ਗਾਊ ਆਉਣ ਵਾਲੀ ਸਰਕਾਰ ਦੇ! ਤਦੇ ਆਂਹਦਾ ਆ ਮਹਿੰਗਾਈ ਵਧ ਗਈ ਆ ਮੋਦੀ ਜੀ। ਤੇਲ ਦੀ ਕੀਮਤ ਵੱਧ ਗਈ ਆ ਮੋਦੀ ਜੀ! ਭ੍ਰਿਸ਼ਟਾਚਾਰ ਵੱਧ ਗਿਆ ਆ ਮੋਦੀ ਜੀ। ਹੁਣ ਜਦ ਲੋਕਾਂ ਨੇ ਤੇਰੀ ਬਾਂਹ ਨਹੀਂ ਫੜਨੀ ਤਾਂ ਮੈਂ ਕਿਉਂ ਫੜਾਂ? ਤਦੇ ਹੁਣੇ ਤੋਂ ਗਾਉਣ ਲੱਗ ਪਿਆ ਪ੍ਰੋ: ਮੋਹਨ ਸਿੰਘ ਦੀ ਕਵਿਤਾ, "ਛੱਡਦੇ ਛੱਡਦੇ ਮੇਰੀ ਬਾਂਹ, ਮੈਂ ਨਹੀਂ ਰਹਿਣਾ ਤੇਰੇ ਗਰਾਂ"।

ਉਹਦੀ ਅਕਲ ਦਾ ਜ਼ਰਾ ਅਨੁਮਾਨ ਲਾਓ
ਦੁੱਧ ਚੋਣ ਲਈ ਮੁਰਗੀ ਜੋ ਪਾਲਦਾ ਏ।

ਖ਼ਬਰ ਹੈ ਕਿ 2019 'ਚ ਭਾਜਪਾ ਨੂੰ ਸੱਤਾ 'ਚ ਆਉਣ ਤੋਂ ਰੋਕਣ ਲਈ ਯੂਪੀ 'ਚ ਮਹਾਂ-ਗੱਠਜੋੜ 'ਤੇ ਬਸਪਾ ਸੁਪਰੀਮੋ ਮਾਇਆਵਤੀ  ਨੇ ਕਿਹਾ ਕਿ ਜਦ ਤੱਕ ਸਾਨੂੰ ਸਨਮਾਨਜਨਕ ਸੀਟਾਂ ਨਹੀਂ ਮਿਲਣਗੀਆਂ, ਅਸੀਂ ਕਿਸੇ ਨਾਲ ਗੱਠਜੋੜ ਨਹੀਂ ਕਰਾਂਗੇ। ਜੇਲ੍ਹ ਤੋਂ ਰਿਹਾਅ ਹੋਕੇ ਆਏ ਸਹਾਰਨਪੁਰ ਦੰਗਿਆਂ ਦੇ ਕਥਿਤ ਦੋਸ਼ੀ ਭੀਮ ਆਰਮੀ ਦੇ ਮੁੱਖੀ ਚੰਦਰ ਸ਼ੇਖਰ ਭੂਆ ਵਾਲੀ ਟਿਪਣੀ ਤੇ ਕਿਹਾ ਕਿ ਉਹਦਾ ਕਿਸੇ ਨਾਲ ਭਰਾ-ਭੈਣ ਜਾਂ ਭੂਆ ਭਤੀਜੇ ਦਾ ਰਿਸ਼ਤਾ ਨਹੀਂ। ਉਸਨੇ ਕਿਹਾ ਕਿ ਮੇਰਾ ਰਿਸ਼ਤਾ ਸਿਰਫ ਆਮ ਆਦਮੀ, ਦਲਿਤਾਂ, ਆਦਿ ਵਾਸੀਆਂ ਅਤੇ ਪੱਛੜੇ ਲੋਕਾਂ ਨਾਲ ਹੈ। ਮਾਇਆਵਤੀ ਨੂੰ ਭੂਆ ਬਰਾਬਰ ਦੱਸਦੇ ਹੋਏ ਰਾਵਣ ਨੇ ਆਪਣੇ ਸਮਰਥਕਾਂ ਨੂੰ ਭਾਜਪਾ ਨੂੰ ਉਖਾੜ ਸੁੱਟਣ ਦੀ ਅਪੀਲ ਕੀਤੀ ਸੀ।
ਧਰਤੀ ਗੁੰਗੀ, ਅੰਬਰ ਬੋਲਾ, ਲੋਕਾਂ ਦੇ ਕੰਨ ਪੱਥਰ! ਤਦੇ ਕਦੇ ਸਹਾਰਨਪੁਰ ਦੰਗੇ ਹੁੰਦੇ ਹਨ, ਕਦੇ ਗੁਜਰਾਤ ਵਿੱਚ। ਕਦੇ ਕਤਲੇਆਮ ਹੁੰਦੇ ਹਨ ਦੇਸ਼ ਦੇ ਨਿਰਦਈ ਦਿਲ ਦਿੱਲੀ ਵਿੱਚ। ਹੰਝੂਆਂ ਦੀ ਗਾਥਾ ਸ਼ੁਰੂ ਹੁੰਦੀ ਹੈ, ਲਹੂ ਦੀ ਬੇਰੋਕ ਧਾਰਾ ਵਗਦੀ ਹੈ ਅਤੇ ਵਿਚੋਂ ਨਿਕਲਦਾ ਹੈ ਵੋਟਾਂ ਦਾ ਸ਼ਗੂਫਾ। ਮੰਨੋ ਚਾਹੇ ਨਾ ਮੰਨੋ ਇਥੋਂ ਹੀ ਭੂਆ-ਭਤੀਜੇ ਦੇ ਰਿਸ਼ਤੇ ਬਣਦੇ ਹਨ, ਟੁੱਟਦੇ ਹਨ, ਭਰਾ ਮਾਰੂ ਜੰਗ ਹੁੰਦੀ ਹੈ।
ਮੰਨੋ  ਚਾਹੇ ਨਾ ਮੰਨੋ ਵੋਟਾਂ ਦੀ ਸਿਆਸਤ ਦੋਸਤ ਨੂੰ ਦੁਸ਼ਮਣ ਅਤੇ ਦੁਸ਼ਮਣ ਨੂੰ ਦੋਸਤ ਬਣਾ ਦਿੰਦੀ ਹੈ। ਜੇ ਲੋੜ ਹੋਊ ਭੂਆ ਨੂੰ ਤਾਂ ਭਤੀਜੇ ਨੂੰ ਗਲ ਲਾ ਲਊ, ਨਹੀਂ ਤਾਂ ਰਾਵਣ ਨੂੰ ਅਸਮਾਨ ਤੋਂ ਧਰਤੀ 'ਤੇ ਪਟਕ ਦਊ। ਬਥੇਰਿਆਂ ਨਾਲ ਉਸ ਇਵੇਂ ਕੀਤੀ ਹੈ, ਉਸ ਨੇ ਹੀ ਕਿਉਂ ਆਹ ਦੇਖੋ ਤਾਂ ਯੂ.ਪੀ. ਵਾਲੇ  ਅਖਿਲੇਸ਼ ਨੇ ਚੰਗਾ ਭਲਾ ਪਿਓ ਮੁਲਾਇਮ ਯਾਦਵ "ਘਰੇ" ਬਿਠਾ ਤਾ। ਚਾਚੇ ਨੂੰ ਖੂਹ ਦੀ ਤਾਂ ਛਪੱੜ ਦਾ ਪਾਣੀ ਪੀਆ ਤਾ।
ਪਰ ਆਹ ਵੇਖੋ ਨਾ ਰਾਵਣ, ਹਾਲੇ ਕੱਲ ਲਹੂ 'ਚੋਂ ਨਹਾਕੇ ਆਇਆ, ਅੱਜ ਹੀ ਵੋਟਾਂ ਗਿਨਣ ਲੱਗ ਪਿਆ। ਬਕਸੇ ਵਿਚੋਂ ਐਮ ਪੀ ਬਨਣ ਦਾ ਰੁੱਕਾ ਭਾਲਣ ਲੱਗ ਪਿਆ ਤੇ ਅੱਜ ਹੀ ਮਾਇਆ ਨੂੰ ਸਤਿਕਾਰਦਾ ਤੇ ਭਾਜਪਾ ਨੂੰ ਫਿਟਕਾਰਦਾ। ਤਦੇ ਇਹੋ ਜਿਹਿਆਂ ਬਾਰੇ, ਕਵੀ ਲਿਖਦਾ ਆ, "ਉਹਦੀ ਅਕਲ ਦਾ ਜ਼ਰਾ ਅਨੁਮਾਨ ਲਾਓ, ਦੁੱਧ ਚੋਣ ਲਈ ਮੁਰਗੀ ਜੋ ਪਾਲਦਾ ਏ"।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ

    ਭਾਰਤ 'ਚ ਔਰਤਾਂ ਮਰਦਾਂ ਦੀ ਔਸਤਨ ਕੱਦ 1.60 ਮੀਟਰ ਹੈ ਜਦਕਿ ਯੂਰਪ ਦੇ ਮੁਲਕ ਨੀਦਰਲੈਂਡ ਦੇ ਲੋਕ ਦੁਨੀਆ 'ਚ ਸਭ ਤੋਂ ਲੰਮੇ ਹਨ, ਜਿਹਨਾ ਦਾ ਔਸਤਕ ਕੱਦ 1.838 ਮੀਟਰ ਅਰਥਾਤ 6.03 ਫੁਟ ਹੈ।

ਇੱਕ ਵਿਚਾਰ

ਸਭ ਤੋਂ ਵੱਡਾ  ਹੌਸਲੇ ਵਾਲਾ ਕੰਮ ਜਿਹੜਾ ਤੁਸੀਂ ਕਰ ਸਕਦੇ ਹੋ ਉਹ ਹੈ ਆਪਣੇ ਸੁਪਨਿਆਂ ਦਾ ਜੀਵਨ ਜੀਊਣਾ.......... ਓਪੁਰਾ ਵਿਨਫੇ

ਗੁਰਮੀਤ ਪਲਾਹੀ
9815802070

23 Sep. 2018