ਮਜਬੂਰੀਆਂ - ਰਵਿੰਦਰ ਸਿੰਘ ਕੁੰਦਰਾ

ਮਜਬੂਰੀਆਂ ਦੀ ਦਾਸਤਾਂ, ਬੜੀ ਹੈ ਲੰਬੀ ਚੌੜੀ,
ਯਾਦ  ਕੋਈ  ਨਾ  ਮਿੱਠੀ, ਸਭ  ਹੈ ਕੌੜੀ ਕੌੜੀ।

ਸ਼ੁਰੂ  ਕਰਾਂ  ਮੈਂ  ਕਿੱਥੋਂ,  ਅਤੇ  ਨਬੇੜਾਂ  ਕਿੱਥੇ,
ਉੱਬਲੀ , ਰਿੱਝੀ ਜਾਵੇ, ਇਹ ਦੁੱਖਾਂ  ਦੀ ਤੌੜੀ।

ਸਾਹ ਨਹੀਂ ਆਉਂਦੇ ਸੌਖੇ, ਇਨ੍ਹਾਂ ਹਵਾਵਾਂ  ਵਿੱਚੋਂ,
ਖੁੱਲ੍ਹੀ  ਫ਼ਿਜ਼ਾਂ ਵੀ ਲੱਗਦੀ, ਹੈ ਹੁਣ ਸੌੜੀ ਸੌੜੀ।

ਖ਼ੌਫ਼ਨਾਕ ਨੇ ਸੈਰਗਾਹਾਂ, ਸੜਕਾਂ, ਪਗਡੰਡੀਆਂ,
ਕਿੱਥੇ ਹੈ ਉਹ ਜ਼ਿੰਦਗੀ, ਜੋਜਾਂਦੀ ਸੀ ਦੌੜੀ ਦੌੜੀ।

ਗਿਰਹਾ ਅਤੇ ਗਰਾਹੀ, ਦਾ ਸੀ ਰਿਸ਼ਤਾ ਗੂਹੜਾ,
ਸਾਂਝਾਂ ਨੇ ਸਭ ਟੁੱਟੀਆਂ, ਕਰੀਏ ਬਹੁੜੀ ਬਹੁੜੀ।

ਤਰਸਯੋਗ ਹੈ ਹਾਲਤ, ਅੱਜ ਮਨੁੱਖ ਦੀ ਇੰਨੀ,
ਦੁੱਖ ਦੇ ਖੂਹ ਚੋਂ ਨਿਕਲਣ, ਦੀ ਨਾ ਲੱਭੇ ਪੌੜੀ।

ਅਧੀਨਤਾ ਦੀ ਜ਼ੱਦ ਵਿੱਚ, ਅੱਜ ਸੁਪਨੇ ਵੀ ਕੋਝੇ,
ਮਟਕਣ ਤੋਂ ਵੀ ਡਰਦੀ, ਅੱਜ ਹਰ ਅੱਖ ਬਲੌਰੀ।

ਖਰਚੇ ਅਤੇ ਕਮਾਈਆਂ,  ਸਭ ਨੇ ਤਹਿਸ ਨਹਿਸ,
ਖਾਲੀ  ਹੈ  ਜਾਂ  ਭਰੀ,  ਭਾਵੇਂ  ਹੈ  ਕੋਈ  ਤਜੌਰੀ।

ਸਾਕਾਰ ਹੋਣ ਤੋਂ  ਸੁਪਨੇ,  ਅੱਜ ਨੇ  ਸਭ ਅਧੂਰੇ,
ਜਸ਼ਨ ਰੌਣਕਾਂ ਖੁਸ਼ੀਆਂ ਦੀ, ਬੰਦ ਪਈ ਹੈ ਦੌਰੀ।

ਕੰਧਾਂ ਓਹਲੇ ਪਰਦੇਸ ਅੱਜ, ਹੈ ਘਰ ਘਰ ਬਣਿਆ,
ਦੂਜੇ  ਪਾਸੇ  ਝਾਕਣ  ਲਈ, ਲੱਭੇ  ਕੋਈ ਤਾਂ ਮੋਰੀ।

ਬਾਹਰ ਕਦਮ ਟਿਕਾਉਣਾ, ਹੈ ਨਹੀਂ ਖ਼ਤਰਿਉਂ ਖਾਲੀ,
ਲੁਕਣ  ਇੱਕ  ਦੂਜੇ  ਪਿੱਛੇ, ਬਣੇ  ਨਾ  ਕੋਈ ਮੋਹਰੀ।

ਮਜਬੂਰੀਆਂ  ਦੀ  ਦਾਸਤਾਂ,  ਬੜੀ  ਹੈ  ਲੰਬੀ  ਚੌੜੀ,
ਯਾਦ   ਕੋਈ   ਨਾ   ਮਿੱਠੀ,  ਸਭ  ਹੈ  ਕੌੜੀ  ਕੌੜੀ।