ਕਈਆਂ ਨੂੰ ਬੰਦੇ ਤੋਂ ਵੱਧ ਜ਼ਮੀਨ ਜਾਇਦਾਦ ਪਿਆਰੀ ਹੈ - ਸਤਵਿੰਦਰ ਕੌਰ ਸੱਤੀ

ਲੋਕ ਕਹਿੰਦੇ ਹਨ, “ ਬਹੁਤੇ ਲੰਬੇ ਬੰਦੇ ਦੀ ਮੱਤ ਗਿੱਟਿਆਂ ਵਿੱਚ ਹੁੰਦੀ ਹੈ। “ ਊਚਾ ਹੋਣ ਕਰਕੇ ਲੋਕਾਂ ਨੂੰ ਲੱਤਾਂ ਮਾਰਦਾ ਫਿਰਦਾ ਲੱਗਦਾ ਹੈ। ਜਿਉਂ ਹੀ ਬੰਦੇ ਦੀ ਉਮਰ ਵਧਦੀ ਜਾਂਦੀ ਹੈ। ਬੰਦਾ ਲਾਲਚੀ ਤੇ ਅਕਲੋਂ ਵੀ ਘਟਦਾ ਬੱਚਾ ਬਣਦਾ ਜਾਂਦਾ ਹੈ। ਨਿੰਦਰ ਤੋਂ ਵੱਡੇ ਨੇ ਤੇ ਉਨ੍ਹਾਂ ਦੇ ਤਾਏ ਨੇ ਜੋ ਤਮਾਸ਼ਾ ਉਸ ਦੀ ਮੰਮੀ ਦੇ ਭੋਗ ਉੱਤੇ ਕੀਤਾ ਸੀ। ਉਸ ਦੇ ਡੈਡੀ ਨੂੰ ਭੁੱਲਦਾ ਨਹੀਂ ਸੀ। ਉਹ ਰਾਤ ਨੂੰ ਸੁੱਤਾ ਹੋਇਆ, ਉਬੜ ਵਾਹੇ ਉੱਠ ਜਾਂਦਾ ਸੀ। ਪਤਨੀ ਦੇ ਮਰ ਜਾਣ ਦਾ ਵੀ ਵਿਯੋਗ ਸੀ। ਅਣਗਿਣਤ ਪੈਸੇ ਜ਼ਿੰਦਗੀ ਵਿੱਚ ਕਮਾਏ, ਗਵਾਏ ਸਨ। ਕੋਈ ਹਿਸਾਬ ਨਹੀਂ ਸੀ। ਭਰੇ ਇਕੱਠ ਵਿੱਚ ਸਾਲਾਂ ਦੀ ਬਣੀ ਹੋਈ, ਇੱਜ਼ਤ ਉੱਤਰ ਗਈ ਸੀ। ਆਪਣੇ ਹੀ ਤਾਂ ਡੂੰਘਾ ਫੱਟ ਲਗਾਉਂਦੇ ਹਨ। ਐਸੀ ਹਾਲਤ ਵਿੱਚ ਬੰਦੇ ਦਾ ਦਿਮਾਗ਼ ਹਿੱਲ ਜਾਂਦਾ ਹੈ। ਕਈ ਲੋਕਾਂ ਤੋਂ ਲੁਕਣ ਲੱਗ ਜਾਂਦੇ ਹਨ। ਕਈ ਬਿਮਾਰ ਹੋ ਜਾਂਦੇ ਹਨ। ਧੀਰਜ ਛੱਡ ਦਿੰਦੇ ਹਨ। ਹਿੰਮਤ ਹਾਰ ਜਾਂਦੇ ਹਨ। ਕਈ ਬਗ਼ਾਵਤ ਕਰ ਦਿੰਦੇ ਹਨ। ਲੜਨ ਨੂੰ ਤਕੜੇ ਹੋ ਜਾਂਦੇ ਹਨ। ਮਸੀਬਤ ਦੁਖ ਦੇਖ ਕੇ ਕਈ ਲੜਨ ਲਈ ਜੰਮ ਕੇ ਟਕੱਰ ਲੈਂਦੇ ਹਨ। ਕਈ ਹੌਸਲਾ ਹਾਰ ਜਾਂਦੇ ਹਨ। ਨਿੰਦਰ ਦੇ ਡੈਡੀ ਅੰਦਰ ਵੀ ਕੁੱਝ ਉਸਲ ਵੱਡੇ ਲੈ ਰਿਹਾ ਸੀ। ਉਹ ਉਨ੍ਹਾਂ ਨੂੰ ਚੰਗੀ ਤਰਾਂ ਸਬਕ ਸਿਖਾਉਣਾ ਚਾਹੁੰਦਾ ਸੀ। ਉਸ ਨੇ ਤਿੰਨਾਂ ਨੂੰ ਕੋਲ ਸੱਦ ਲਿਆ। ਨਿੰਦਰ ਨੂੰ ਪੁੱਛਿਆ, “ ਤੈਨੂੰ ਮੇਰੀ ਜ਼ਮੀਨ ਵਿੱਚ ਅੱਧ ਕਿਧਰ ਵਾਲੇ ਪਾਸਿਉਂ ਚਾਹੀਦਾ ਹੈ। “ “ ਡੈਡੀ ਮੈਂ ਕੈਨੇਡਾ ਰਹਿਣਾ ਹੈ। ਮੈਂ ਪਿੰਡ ਦੀ ਜ਼ਮੀਨ ਕੀ ਕਰਨੀ ਹੈ? ਇਸ ਦਾ ਤੁਸੀਂ ਜੋ ਮਰਜ਼ੀ ਕਰੋ। “ ਉਸ ਨੇ ਆਪਦੇ ਵੱਡੇ ਭਰਾ ਨੂੰ ਪੁੱਛਿਆ, “ ਤੂੰ ਕਿਧਰ ਵਾਲੀ ਜ਼ਮੀਨ ਲੈਣੀ ਹੈ? “ ਉਸ ਨੇ ਕਿਹਾ, “ ਛੋਟੇ ਭਾਈ, ਮੈਂ ਜ਼ਮੀਨ ਵਿਚੋਂ ਹਿੱਸਾ ਨਹੀਂ ਲੈਣਾ। ਜ਼ਮੀਨ ਵੰਡਣ ਦੀ ਕੀ ਲੋੜ ਹੈ? ਇਹ ਸਾਰੀ ਆਪਣੀ ਹੀ ਹੈ। ਤੇਰਾ ਮੇਰਾ ਕਿਹੜਾ ਕੁੱਝ ਵੰਡਿਆ ਹੈ? ਵੰਡੀ ਹੋਈ ਵੀ ਤੇਰੇ ਵੱਡੇ ਮੁੰਡੇ ਨੇ ਹੀ ਬਹੁਣੀ ਹੈ। “ “ ਬਾਈ ਜੇ ਤੂੰ ਆਪਦੀ ਮਰਜ਼ੀ ਨਹੀਂ ਦੱਸਣੀ। ਮੈਨੂੰ ਸਕੂਲ ਵੱਲ ਦਾ ਹਿੱਸਾ ਦੇਂਦੇ। ਜ਼ਿੰਦਗੀ ਦਾ ਕੁੱਝ ਪਤਾ ਨਹੀਂ। ਚਾਹੇ ਹੁਣੇ ਫ਼ੂਕ ਨਿਕਲ ਜਾਵੇ। ਅੱਜ ਹੀ ਪਟਵਾਰੀ ਤੇ ਸਰਪੰਚ ਦੇ ਸਾਹਮਣੇ ਗੱਲ ਕਰ ਲਈਏ। ਲੁਧਿਆਣੇ ਮੁਨਸ਼ੀ ਕੋਲ ਜਾ ਕੇ ਨਾਮ ਚੜ੍ਹਾ ਆਈਏ। “ “ ਤੇਰੇ ਤੋਂ ਵੱਡਾ ਮੈਂ ਹਾਂ। ਮੈਂ ਪਹਿਲਾਂ ਮਰਾਂਗਾ। ਤੈਨੂੰ ਕਿਉਂ ਫ਼ਿਕਰ ਲੱਗ ਗਿਆ? ਇਹ ਸਾਰੀ ਜ਼ਮੀਨ ਤੇਰੀ ਹੈ। “ “ ਮੌਤ ਛੋਟੀਆਂ, ਵੱਡੀਆਂ ਉਮਰਾਂ ਨਹੀਂ ਦੇਖਦੀ। ਨਿੰਦਰ ਦੀ ਮੰਮੀ ਮੇਰੇ ਤੋਂ ਬਹੁਤ ਛੋਟੀ ਸੀ। ਮੇਰੇ ਤੋਂ ਪਹਿਲਾਂ ਮਰ ਗਈ। ਮੈਨੂੰ ਮੇਰੀ ਹੀ ਜ਼ਮੀਨ ਮਿਲ ਜਾਵੇ। ਤੇਰੀ ਜ਼ਮੀਨ ਮੈਨੂੰ ਨਹੀਂ ਚਾਹੀਦੀ। ਅੱਗੇ ਭੋਗ ‘ਤੇ ਤੁਸੀਂ ਦੋਨਾਂ ਨੇ ਬਥੇਰੇ ਫੁੱਲ ਪਾ ਦਿੱਤੇ। “ ਪਟਵਾਰੀ ਤੇ ਸਰਪੰਚ ਵੀ ਆ ਗਏ ਸਨ। ਪਟਵਾਰੀ ਨੇ ਪੁੱਛਿਆ, “ ਕੀ ਤੁਸੀਂ ਮਿਣਤੀ ਕਰਾਉਣ ਨੂੰ ਤਿਆਰ ਹੋ? ਛੇਤੀ ਕਰੋ, ਮੈਂ ਲਾਗਲੇ ਪਿੰਡ ਵੀ ਜਾ ਕੇ, ਇਹੀ ਕੰਮ ਕਰਨਾ ਹੈ। “ ਨਿੰਦਰ ਦੇ ਤਾਏ ਨੇ ਕਿਹਾ, “ ਸਾਡਾ ਕਿਹੜਾ ਕੁੱਝ ਵੰਡਿਆ ਹੈ? ਅਸੀਂ ਕਾਹਦੀ ਮਿਣਤੀ ਕਰਾਉਣੀ ਹੈ? ਮੈਂ ਕਿਹੜਾ ਪੱਪੂ ਹੁਣੀ ਪਾਲਣੇ ਹਨ? ਮੇਰਾ ਸਬ ਕੁੱਝ ਇਸੇ ਦਾ ਹੀ ਹੈ। ਨਿੰਦਰ ਦੀ ਮਾਂ ਮਰਨ ਕਰਕੇ, ਇਸ ਦੀ ਮੱਤ ਮਾਰੀ ਗਈ ਹੈ। “ ਉਹ ਵੱਡੇ ਭਾਈ ਦੀ ਗੱਲ ਸੁਣ ਕੇ ਭੱਖ ਗਿਆ ਸੀ। ਉਸ ਨੇ ਕਿਹਾ, “ ਉਸ ਦੇ ਮਰਨ ਕਰਕੇ, ਮੈਨੂੰ ਅੱਕਲ ਆ ਗਈ ਹੈ। ਜੇ ਤੁਸੀਂ ਦੋਂਨੇ ਉਸ ਦੇ ਕੁੱਝ ਨਹੀਂ ਲੱਗਦੇ ਸੀ। ਮੈਂ ਤੁਹਾਡਾ ਕੀ ਲੱਗਦਾਂ ਹਾਂ? ਲੋਕ ਪਸ਼ੂ, ਕੁੱਤੇ ਨੂੰ ਵੀ ਟੋਆ ਪੱਟ ਕੇ ਦੱਬਦੇ ਹਨ। ਤੁਸੀਂ ਤਾਂ ਉਸ ਦੀ ਪਸ਼ੂ ਜਿੰਨੀ ਵੀ ਕਦਰ ਨਹੀਂ ਕੀਤੀ। “ ਸਰਪੰਚ ਨੇ ਕਿਹਾ, “ ਜੋ ਕੰਮ ਕਰਨਾ ਹੈ। ਸਿਆਣੇ ਬਣ ਕੇ, ਰਾਜ਼ੀਨਾਮੇ ਨਾਲ ਕਰੋ। ਕਲੇਸ਼ ਚੰਗਾ ਨਹੀਂ ਹੁੰਦਾ। ਅਜੇ ਹੋਰ ਸੋਚ ਲਵੋ। “ ਸਰਪੰਚ ਸਾਹਿਬ ਮੈਂ ਤੁਹਾਨੂੰ ਤਾਂਹੀਂ ਇਕੱਠੇ ਕੀਤਾ ਹੈ। ਮੈਂ ਆਪਣਾ ਹਿੱਸਾ 25 ਕਿੱਲੇ ਸਕੂਲ ਦੇ ਨਾਮ ਕਰਨਾ ਚਾਹੁੰਦਾ ਹਾਂ। ਮੈਂ ਇਸ ਜ਼ਮੀਨ ਦੀ ਬਹੁਤ ਕਮਾਈ ਖਾਦੀ ਹੈ। ਕੈਨੇਡਾ ਦੀ ਪੈਨਸ਼ਨ ਮੇਰੇ ਲਈ ਬਹੁਤ ਹੈ। “ ਉਹ ਗੱਲਾਂ ਕਰਦੇ ਘਰੋਂ ਬਾਹਰ ਨਿਕਲ ਗਏ। ਉਸ ਨੇ ਪੰਚਾਇਤ ਤੇ ਪਟਵਾਰੀ ਦੇ ਸਾਹਮਣੇ ਕੱਚੀ ਵਸੀਅਤ ਲਿਖ ਦਿੱਤੀ। ਗਵਾਹਾਂ ਨੇ ਸਾਈਨ ਕਰ ਦਿੱਤੇ। ਪੰਚਾਇਤ ਤੇ ਪਟਵਾਰੀ ਨੇ ਉਸ ਨਾਲ ਜਾ ਕੇ ਮਿਣਤੀ ਕਰਕੇ, ਠੱਡਾ ਲਾ ਦਿੱਤਾ। ਇੱਕ ਦੋ ਬਾਰ ਮੁਨਸ਼ੀ ਕੋਲ ਵੀ ਜਾ ਆਏ ਸਨ। ਸਬ ਫ਼ੀਸਾਂ ਭਰ ਦਿੱਤੀਆਂ ਸਨ। ਰਜਿਸਟਰੀ ਬਣਨ ਨੂੰ ਸਮਾਂ ਲੱਗਣਾ ਸੀ। ਨਿੰਦਰ ਦੇ ਤਾਏ ਤੇ ਵੱਡੇ ਭਰਾ ਨੂੰ ਜਦੋਂ ਸਾਰੀ ਖ਼ਬਰ ਲੱਗੀ। ਉਹ ਆਪਦਾ ਹੋਸ਼ ਖੋ ਬੈਠੇ ਸਨ। ਨਿੰਦਰ ਆਪਦੇ ਸਹੁਰੀ ਗਿਆ ਹੋਇਆ ਸੀ। ਉਸੇ ਰਾਤ ਉਸ ਦਾ ਤਾਇਆ ਤੇ ਨਿੰਦਰ ਦਾ ਵੱਡਾ ਭਰਾ ਦਾਰੂ ਦੇ ਨਸ਼ੇ ਵਿੱਚ ਸਨ। ਨਿੰਦਰ ਦਾ ਡੈਡੀ ਮੰਜੇ ਉੱਤੇ ਪਿਆ ਸੀ। ਤਾਏ ਨੇ ਕਿਹਾ, “ ਤੂੰ ਸਾਨੂੰ ਜਿਉਂਦਿਆ ਨੂੰ ਮਾਰ ਦਿੱਤਾ। ਕੀ ਸਾਡੀ ਜ਼ਮੀਨ ਹੁਣ ਪੰਚਾਇਤ ਬਾਹੇਗੀ? ਤੂੰ ਉੱਥੇ ਪਾਠਸ਼ਾਲਾ ਖੋਲਣ ਲੱਗਿਆਂ ਹੈ। ਛੋਟੇ ਭਰਾ ਜਿਵੇਂ ਤੇਰਾ ਮਨ ਕਰਦਾ ਹੈ। ਉਵੇਂ ਕਰ ਲੈ। ਅਸੀਂ ਤੇਰੇ ਤੋਂ ਬਾਹਰ ਨਹੀਂ ਹਾਂ। ਸਕੂਲ ਆਪਣੇ ਵੀ ਬੱਚੇ ਪੜ੍ਹਨਗੇ। ਇਸੇ ਖ਼ੁਸ਼ੀ ਵਿੱਚ ਲੈ ਵੱਡੇ ਭਾਈ ਹੱਥੋਂ ਪੈੱਗ ਪੀ ਲੈ। “ ਨਿੰਦਰ ਦੇ ਵੱਡੇ ਭਰਾ ਨੇ ਕਿਹਾ, “ ਡੈਡੀ ਨੇ ਮੈਨੂੰ ਛੱਡ ਕੇ, ਲੋਕਾਂ ਦੇ ਬੱਚਿਆਂ ਨੂੰ ਜ਼ਮੀਨ ਦੇਣ ਦੀ ਤਿਆਰੀ ਕੀਤੀ ਹੈ। ਕੀ ਮੈਂ ਇਸ ਦਾ ਪੁੱਤਰ ਨਹੀਂ ਹਾਂ? “ “ ਮੈਨੂੰ ਤਾਏ ਵਾਲੇ 25 ਕਿੱਲੇ ਨਹੀਂ ਮੁੱਕਦੇ। ਆਪਣਾ ਵੀ ਦਾਨੀਆਂ ਵਿੱਚ ਨਾਮ ਆ ਜਾਵੇਗਾ। ਡੈਡੀ ਇੱਕ ਬਾਰ ਤਾਂ ਇਲਾਕੇ ਸਾਰੇ ਵਿੱਚ ਧੰਨ-ਧੰਨ ਹੋ ਜਾਵੇਗੀ। ਚੱਲ ਖਿੱਚਦੇ ਦਾਰੂ, ਮੈਂ ਵੀ ਇਸੇ ਗਲਾਸੀ ਵਿੱਚ ਪੀਣੀ ਹੈ। “ ਤਾਏ ਨੇ ਮਲੋ ਮਲੀ ਪੈੱਗ ਫੜਾ ਕੇ, ਆਪਦੇ ਵੱਡੇ ਭਤੀਜੇ ਨੂੰ ਅੱਖ ਮਾਰੀ। ਨਿੰਦਰ ਦੇ ਡੈਡੀ ਨੇ, ਉਸ ਤੋਂ ਫੜ ਕੇ ਸ਼ਰਾਬ ਪੀ ਲਈ ਸੀ। ਸ਼ਰਾਬ ਨੇ ਉਦੋਂ ਹੀ ਗਲ਼ਾ ਫੜ ਲਿਆ। ਨਿੰਦਰ ਦੇ ਡੈਡੀ ਨੇ ਕਿਹਾ, “ ਹਾਏ ਮੇਰਾ ਗਲ਼ਾ ਮੱਚ ਗਿਆ। ਅੱਗ ਲੱਗ ਗਈ। “ ਉਦੋਂ ਹੀ ਉਸ ਦੀ ਜ਼ੁਬਾਨ ਬੰਦ ਹੋ ਗਈ। ਉਸ ਨੂੰ ਔਖੇ-ਔਖੇ ਕੁੱਝ ਸਾਹ ਆਏ। ਨਿੰਦਰ ਦਾ ਡੈਡੀ ਧਰਤੀ ਉੱਤੇ ਡਿਗ ਕੇ, ਦਮ ਤੋੜ ਗਿਆ। ਬੰਦੇ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ। ਜ਼ਮੀਨ ਜਾਇਦਾਦ ਬੰਦੇ ਦੀ ਜਾਨ ਲੈ ਲੈਂਦੀ ਹੈ। ਕਈਆਂ ਨੂੰ ਬੰਦੇ ਤੋਂ ਵੱਧ ਜ਼ਮੀਨ ਜਾਇਦਾਦ ਪਿਆਰੀ ਹੈ। ਜ਼ਮੀਨ ਜਾਇਦਾਦ ਲਈ ਬੰਦਾ, ਬੰਦੇ ਨੂੰ ਮਾਰ ਦਿੰਦਾ ਹੈ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com