ਕਾਂਡ 6 : ਸਰਦੀਆਂ ਦਾ ਸੂਰਜ ਅਸਮਾਨ ਵਿੱਚ ਕੂੰਗੜਿਆ ਜਿਹਾ ਖੜ੍ਹਾ ਸੀ। - ਸ਼ਿਵਚਰਨ ਜੱਗੀ ਕੁੱਸਾ

ਸਰਦੀਆਂ ਦਾ ਸੂਰਜ ਅਸਮਾਨ ਵਿੱਚ ਕੂੰਗੜਿਆ ਜਿਹਾ ਖੜ੍ਹਾ ਸੀ।
    ਦਾਰੂ ਨਾਲ਼ ''ਟੁੰਨ" ਹੋਇਆ ਜੁਗਾੜੂ ਕੰਧਾਂ ਕੌਲਿਆਂ ਵਿੱਚ ਵੱਜਦਾ ਜਾ ਰਿਹਾ ਸੀ। ਲੋਕ ਉਸ ਨੂੰ ਦੇਖ ਕੇ ਪਾਸਾ ਵੱਟ ਰਹੇ ਸਨ। ਕੋਈ ਵੀ ਕਬੀਲਦਾਰ ਬੰਦਾ ਕਲੇਸ਼ੀ ਜਿਹੇ ਬੰਦੇ ਨਾਲ਼ ਕਲਾਮ ਨਹੀਂ ਕਰਨਾ ਚਾਹੁੰਦਾ ਸੀ। ਬਿਨਾ ਕਿਸੇ ਕਾਰਨ ਤੋਂ ਭਰਜਾਈ ਦੀ ''ਚੁੱਕ" ਵਿੱਚ ਆ ਕੇ ਜੁਗਾੜੂ ਨੇ ਘਰਾਂ 'ਚੋਂ ਸ਼ਰੀਕ ਹਜਾਰਾ ਸਿੰਘ ਦਾ ਕਤਲ ਕਰ ਦਿੱਤਾ ਸੀ, ਇਸ ਲਈ ਲੋਕ ਹੁਣ ਜੁਗਾੜੂ ਨੂੰ ਘੱਟ ਹੀ ਮੂੰਹ ਲਾਉਂਦੇ ਸਨ।
    ਸੰਤਾ ਸਿੰਘ ਬਰਸੀਨ ਵੱਢ ਕੇ ਰੇੜ੍ਹੀ ਵਿੱਚ ਸੁੱਟ ਰਿਹਾ ਸੀ।
    ਉਸ ਦੇ ਬਿਲਕੁਲ ਨਜ਼ਦੀਕ ਜਾ ਕੇ ਦਾਰੂ ਨਾਲ਼ ਰੱਜੇ ਜੁਗਾੜੂ ਨੇ ਬੱਕਰਾ ਬੁਲਾਇਆ ਅਤੇ ਫ਼ਿਰ ਲਲਕਾਰਾ ਮਾਰਿਆ।
    ਸਾਊ ਜਿਹੇ ਸੰਤੇ ਦਾ ਕਾਲ਼ਜਾ ਨਿਕਲ਼ ਗਿਆ। ਉਸ ਨੇ ਪੱਠਿਆਂ ਦਾ ਥੱਬਾ ਰੇੜ੍ਹੀ ਵਿੱਚ ਸੁੱਟ ਕੇ ਜਦ ਗਹੁ ਨਾਲ਼ ਤੱਕਿਆ ਤਾਂ ਜੰਗਲੀ ਗੈਂਡੇ ਵਰਗਾ ਜੁਗਾੜੂ ਧੁੱਸ ਦੇਈ ਸੰਤੇ ਵੱਲ ਨੂੰ ਲਪਕਿਆ ਆ ਰਿਹਾ ਸੀ। ਸੰਤੇ ਦੇ ਹੋਸ਼ ਜਵਾਬ ਦੇ ਗਏ ਅਤੇ ਉਹ ਪੈਰ ਤੋਂ ਹੀ ਸਿਰਤੋੜ ਇੰਜਣ ਵਾਲ਼ੇ ਕੋਠੇ ਵੱਲ ਨੂੰ ਭੱਜ ਤੁਰਿਆ। ਪਰ ਭੂਸਰੇ ਸਾਹਣ ਵਰਗਾ ਜੁਗਾੜੂ ਬਰਸੀਨ ਦੇ ਕਿਆਰੇ ਵਿੱਚ ਦੀ ਟੇਢ ਦੇ ਕੇ ਉਸ ਦੇ ਸਾਹਮਣੇ ਜਾ ਖੜ੍ਹਾ। ਜੁਗਾੜੂ ਦੀਆਂ ਅੱਖਾਂ ਵਿੱਚੋਂ ਰੱਤ ਚੋਅ ਰਹੀ ਸੀ। ਦੋਨਾਲ਼ੀ ਬੰਦੂਕ ਵਰਗੀਆਂ ਨਾਸਾਂ 'ਤੋਂ ਫ਼ਰਾਟੇ ਵੱਜ ਰਹੇ ਸਨ।
-''ਭੱਜ ਕਿੱਧਰ ਭੱਜਦੈਂ...!" ਉਸ ਨੇ ਰੱਸੇ ਨੂੰ ਨਾਗਵਲ਼ ਪਾ ਕੇ ਸੰਤੇ ਦੇ ਗਲ਼ ਵਿੱਚ ਸੁੱਟ ਲਿਆ। ਸੰਤੇ ਦੀਆਂ ਅੱਖਾਂ ਅੱਗੇ ਭੂਚਾਲ਼ ਆ ਗਿਆ ਅਤੇ ਧਰਤੀ ਘੁਕਦੀ ਦਿਸੀ।
-''ਨ੍ਹਾਂ ਭੱਜ ਹੁਣ....?" ਜੁਗਾੜੂ ਨੇ ਰੱਸੇ ਨੂੰ ਕਸੀਸ ਵੱਟ ਕੇ ਕਸਾਅ ਪਾਇਆ ਤਾਂ ਸੰਤੇ ਦਾ ਸਾਹ ਬੰਦ ਹੋ ਗਿਆ ਅਤੇ ਅੱਖਾਂ ਅੱਗੇ ਹਨ੍ਹੇਰ ਛਾਉਂਦਾ ਲੱਗਿਆ। ਉਸ ਨੇ ਬਚਾਓ ਲਈ ਹੱਥ-ਪੈਰ ਜਿਹੇ ਮਾਰੇ, ਪਰ ਨੌਂ ਗਜੇ ਜੁਗਾੜੂ ਕੋਲੋਂ ਫ਼ਕੀਰ ਜਿਹਾ ਬੰਦਾ ਸੰਤਾ ਕਿਸ ਤਰ੍ਹਾਂ ਬਚ ਸਕਦਾ ਸੀ?
-''ਤੇਰਾ ਮੇਰੇ ਨਾਲ਼ ਵੈਰ ਕੀ ਐ...?" ਸੰਤ ਸਿਉਂ ਨੇ ਆਖਰੀ ਤਾਣ ਲਾ ਕੇ ਜੁਗਾੜੂ ਨੂੰ ਪੁੱਛਿਆ। ਉਸ ਦੇ ਗਲ਼ ਵਿੱਚੋਂ ਘੱਗੀ ਜਿਹੀ ਅਵਾਜ਼ ਨਿਕਲ਼ੀ।
-''ਕੋਈ ਨੀ...! ਜਮ੍ਹਾਂ ਈ ਕੋਈ ਬੈਰ ਨੀ ਬਾਈ ਸਿਆਂ...! ਬੱਸ ਨਿੱਕੀ ਭਾਬੋ ਦਾ ਹੁਕਮ ਐਂ...! ਓਸੇ ਦਾ ਹੁਕਮ ਗਜਾਉਣੈਂ...!" ਉਸ ਨੇ ਰੱਸੇ ਨੂੰ ਹੋਰ ਕਸਾਅ ਪਾਇਆ ਅਤੇ ਸੰਤੇ ਦਾ ਸਾਹ ਬੰਦ ਹੋਣ ਕਾਰਨ ਨਾਲ਼ ਦੀ ਨਾਲ਼ ਹੀ ਲੁੜਕ ਗਿਆ।
-''ਲੈ ਨਿੱਕੀਏ ਭਰਜਾਈਏ...! ਪੁਗਾ'ਤੇ ਆਪਣੇ ਬਚਨ..! ਚੜ੍ਹਾ ਦਿੱਤੇ ਤੇਰੇ ਬੋਲਾਂ 'ਤੇ ਫ਼ੁੱਲ..! ਚੱਕਲਾ ਆ ਕੇ ਆਬਦਾ ਦੁਸ਼ਮਣ ਸੰਤਾ ਸਿਉਂ...! ਆਹ ਪਿਐ ਬੱਕਰੇ ਮਾਂਗੂੰ 'ਕੱਠਾ ਕੀਤਾ...!" ਉਹ ਸੰਤੇ ਦੀ ਲਾਅਸ਼ ਘੜ੍ਹੀਸ ਕੇ ਕੱਚੇ ਰਾਹ 'ਤੇ ਲੈ ਆਇਆ ਸੀ।
-''ਦੇਖ ਭਾਬੋ...! ਪਾਅ ਦਰਸ਼ਣ ਆਬਦੇ ਬੈਰੀ ਦੇ, ਚਾੜ੍ਹਤਾ ਗੱਡੀ...!" ਜੁਗਾੜੂ ਅਸਮਾਨ ਵੱਲ ਬਾਹਾਂ ਉਲਾਰ-ਉਲਾਰ ਕੇ ਗਰਜ ਰਿਹਾ ਸੀ।
-''ਓਏ ਇਹ ਕੀ ਕਹਿਰ ਢਾਅ ਦਿੱਤਾ ਓਏ ਜਾਲਮਾਂ....!" ਦੂਰੋਂ ਤਾਇਆ ਬਖਤੌਰ ਸਿਰਤੋੜ ਭੱਜਿਆ ਆ ਰਿਹਾ ਸੀ।
ਸਾਰਾ ਪਿੰਡ ਇਕੱਠਾ ਹੋ ਗਿਆ ਸੀ।
ਸੰਤੇ ਦੀ ਲਾਅਸ਼ ਸ਼ਾਂਤ, ਅਹਿਲ ਪਈ ਸੀ।
-''ਮੈਂ ਤੇਰੀ ਰੱਖਿਆ ਨੀ ਕਰ ਸਕਿਆ ਓਏ ਸ਼ੇਰਾ...! ਤੇਰਾ ਤਾਇਆ ਲਲੈਕ ਨਿਕਲਿਆ..! ਤੇਰਾ ਤਾਇਆ ਬੋਲਾਂ ਦਾ ਕੱਚਾ ਨਿਕਲਿਆ...!"
ਤਾਇਆ ਬਖਤੌਰ ਦਰਵੇਸ਼ ਜਿਹੇ ਸੰਤੇ ਦੀ ਲਾਅਸ਼ 'ਤੇ ਪਿਆ ਵਿਰਲਾਪ ਕਰ ਰਿਹਾ ਸੀ।
ਦੂਰ ਠੇਕੇ 'ਤੇ ਖੜ੍ਹ ਕੇ ਜੁਗਾੜੂ ਬੋਤਲ ਖਰੀਦ ਰਿਹਾ ਸੀ। ਦਿਨ ਦਿਹਾੜ੍ਹੇ ਕੀਤਾ ਖ਼ੂਨ ਉਸ ਦੇ ਸਿਰ ਨੂੰ ਚੜ੍ਹਿਆ ਹੋਇਆ ਸੀ। ਪਿੰਡ ਵਿੱਚ ਤੜਥੱਲ ਮੱਚਿਆ ਪਿਆ ਸੀ। ਜੁਗਾੜੂ ਨੇ ਤਿੰਨ-ਚਾਰ ਮਹੀਨਿਆਂ ਵਿੱਚ ਹੀ ਇੱਕ ਘਰ ਦੇ ਦੋ ਬੰਦੇ ''ਪਾਰ" ਬੁਲਾ ਦਿੱਤੇ ਸਨ। ਤੇ ਉਹ ਵੀ ਬੇਕਸੂਰ ਅਤੇ ਨਿਹੱਥੇ...! ਸਾਰੇ ਪਿੰਡ ਦੇ ਦੰਦ ਜੁੜੇ ਪਏ ਸਨ।
ਠੇਕੇ ਦੇ ਅੰਦਰ ਬੈਠਾ ਠੇਕੇ ਦਾ ਮਾਲਕ ਲਾਲਾ ਜੁਗਾੜੂ ਨੂੰ ਦੇਖ-ਦੇਖ ਜੁਲਾਹੇ ਦੀ ਤਾਣੀ ਵਾਂਗੂੰ ਕੰਬੀ ਜਾ ਰਿਹਾ ਸੀ।
-''ਸੀਸੀ ਕੱਢ...! ਦੇਖ-ਦੇਖ ਮੂਤੀ ਕਿਉਂ ਜਾਨੈਂ ਸਾਲ਼ਿਆ...?" ਉਸ ਨੇ ਬਾਣੀਏਂ ਦੇ ਅੱਗੇ ਨੋਟ ਇਸ ਤਰ੍ਹਾਂ ਸੁੱਟੇ, ਜਿਵੇਂ ਮੌਲੇ ਬਲ਼ਦ ਅੱਗੇ ਕੜਬ ਸਿੱਟੀਦੀ ਹੈ!
-''ਮੇਰੇਆਰ ਡਰ ਤਾਂ ਲੱਗਦਾ ਈ ਐ, ਤੂੰ ਤਾਂ ਮਿੰਟ 'ਚ ਬੰਦਾ ਮਾਰਤਾ...! ਤੇਰੇ ਵਰਗੇ ਤੋਂ ਤਾਂ ਰਾਮ ਬਚਾਏ...! ਏ ਆਹ ਚੱਕ ਆਬਦੀ ਚੀਜ਼, ਤੇ ਖਹਿੜ੍ਹਾ ਛੱਡ..!" ਉਸ ਨੇ ਬੋਤਲ ਜੁਗਾੜੂ ਹੱਥ ਦੇ ਕੇ ਖਿੜਕੀ ਬੰਦ ਕਰ ਲਈ ਅਤੇ ''ਰਾਮ-ਨਾਮ" ਜਪਣ ਲੱਗ ਪਿਆ।
ਜੁਗਾੜੂ ਨੇ ਬੋਤਲ ਦਾ ਡੱਟ ਦੰਦਾਂ ਨਾਲ਼ ਤੋੜਿਆ ਅਤੇ ਮੂੰਹ ਲਾ ਕੇ ਅੱਧੀ ਬੋਤਲ ਸੂਤ ਧਰੀ।
-''ਪੁਗਾ ਦਿੱਤੇ ਬਚਨ ਭਾਬੋ ਤੇਰੇ...!" ਉਹ ਮੁੜ ਸੰਤੇ ਦੀ ਲਾਅਸ਼ ਕੋਲ਼ ਆ ਗਿਆ।
-''ਖ਼ਬਰਦਾਰ ਹੋਜਾ ਹੁਣ...! ਜੇ ਮੇਰੇ ਬੰਦੇ ਨੂੰ ਦੇ ਸਰੀਰ ਨੂੰ ਹੱਥ ਲਾਇਆ, ਗੋਲ਼ੀ ਬਣ ਕੇ ਵਿਚ ਦੀ ਨਿਕਲਜੂੰ...!" ਦੂਰੋਂ ਸੰਤਾ ਸਿੰਘ ਦੇ ਘਰਵਾਲ਼ੀ ਹਰ ਕੌਰ ਨੇ ਹੋਕਰਾ ਮਾਰਿਆ। ਉਸ ਦੇ ਹੱਥ ਵਿੱਚ ਸੇਲੇ ਵਾਲ਼ੀ ਡਾਂਗ ਸੀ ਅਤੇ ਉਸ ਨੇ ਸਿਰ 'ਤੇ ਮੜਾਸਾ ਮਾਰਿਆ ਹੋਇਆ ਸੀ। ਦੂਰੋਂ ਉਹ ਕਿਸੇ ਮਰਦ ਦਾ ਭੁਲੇਖਾ ਪਾਉਂਦੀ ਸੀ।
-''ਤਾਇਆ ਜੀ, ਪੁਲ਼ਸ ਲੈ ਕੇ ਆਓ, ਇਹਨੂੰ ਹਰਾਮਦੇ ਨੂੰ ਮੈਂ ਰੋਕਦੀ ਆਂ...!" ਹਰ ਕੌਰ ਨੇ ਬਖਤੌਰ ਨੂੰ ਕਿਹਾ।
-''ਪੁਲ਼ਸ ਤਾਂ ਆਗੀ ਭਾਈ...!" ਪਿੱਛੋਂ ਸਰਪੰਚ ਬੋਲਿਆ।
ਹਰ ਕੌਰ ਦੀ ਹਿੰਮਤ ਦੇਖ ਕੇ ਪਿੰਡ ਦੀ ਮੁੰਡੀਹਰ ਨੇ ਜੁਗਾੜੂ ਨੂੰ ਘੇਰ ਲਿਆ। ਉਹ ਪਾੜ 'ਚ ਫ਼ੜੇ ਚੋਰ ਵਾਂਗ ਝਾਕ ਰਿਹਾ ਸੀ। ਚਾਰ ਚੁਫ਼ੇਰਿਓਂ ਘਿਰਿਆ ਦੇਖ ਕੇ ਉਸ ਦੀ ਬੇਮੋਖੀ ਪੀਤੀ ਦਾਰੂ ਲਹਿ ਗਈ ਸੀ।
-''ਇਹਨੂੰ ਹਰਾਮ ਦੇ ਤੁਖਮ ਨੂੰ ਮੂਧਾ ਪਾਓ, ਇਹਦੀਆਂ ਮੁੱਛਾਂ ਪੱਟ ਕੇ ਇਹਦੀ ..... 'ਚ ਦਿਓ ਇਹਦੀ ਮਾਂ ਦੇ .... ਦਿੱਤਾ! ਇਹਨੇ ਵੀ ਬੜੇ ਵੀਰਵਾਰ ਲੰਘਾਏ ਐ...!" ਠਾਣੇਦਾਰ ਨੇ ਜੀਪ 'ਚੋਂ ਉਤਰਦਿਆਂ ਕਿਹਾ। ਇਹ ਠਾਣੇਦਾਰ ਨਵਾਂ ਹੀ ਬਦਲ ਕੇ ਆਇਆ ਸੀ ਅਤੇ ਆਪਣੇ ਸਖ਼ਤ ਸੁਭਾਅ ਲਈ ਮਸ਼ਹੂਰ ਸੀ। ਸਰਪੰਚ ਨੇ ਉਸ ਨੂੰ ਜੁਗਾੜੂ ਬਾਰੇ ਸਾਰਾ ਕੁਝ ਦੱਸ ਦਿੱਤਾ ਸੀ।
ਕੁਝ ਪਲਾਂ ਵਿੱਚ ਹੀ ਸਿਪਾਹੀਆਂ ਨੇ ਜੁਗਾੜੂ ਦਾ ਮੋਰ ਬਣਾ ਦਿੱਤਾ।
ਉਹ ਛੁਰੀਆਂ ਥੱਲੇ ਪਏ ਸੂਰ ਵਾਂਗ ਮਿਆਂਕ ਰਿਹਾ ਸੀ।
-''ਬੋਲ...! ਬੋਲ ਉਹਨੂੰ ਕਿਉਂ ਮਾਰਿਆ ਹਰਾਮ ਦਿਆ...?" ਠਾਣੇਦਾਰ ਖ਼ੁਦ ਡੰਡਾ ਲੈ ਕੇ ਝੰਬਣ ਡਹਿ ਪਿਆ। ਜੁਗਾੜੂ ਦੇ ਹੱਡ ਗੋਡਿਆਂ 'ਤੇ ਵਰ੍ਹਦੇ ਡੰਡੇ ''ਟੱਕ-ਟੱਕ" ਦੀ ਅਵਾਜ਼ ਕਰਦੇ ਸਨ ਅਤੇ ਜੁਗਾੜੂ ਦਾ ਅੜਾਹਟ ਕੰਧਾਂ ਨਾਲ਼ ਵੱਜ-ਵੱਜ ਮੁੜਦਾ ਸੀ।
-''ਐਨਾਂ ਨਾ ਮਾਰ ਸਰਦਾਰਾ, ਮਰ ਜਾਊਂਗਾ...!" ਜੁਗਾੜੂ ਹੱਥ ਜੋੜੀ ਕੰਬੀ ਜਾ ਰਿਹਾ ਸੀ। ਉਸ ਦੀਆਂ ਉਂਗਲ਼ਾਂ ਸੁੱਜ ਕੇ ਪਾਥੀ ਬਣ ਗਈਆਂ ਸਨ।
-''ਤੇਰੀ ਭੈਣ ਦਾ ਸਾਕ ਲੈਲਾਂ, ਤੈਨੂੰ ਮਾਰਾਂ ਨਾ ਤਾਂ ਹੋਰ ਤੈਨੂੰ ਨਿਉਂਦਾ ਦੇਵਾਂ..? ਭੈਣ ਦਿਆਂ ਘੜੁੱਕਿਆ ਬਿਨਾਂ ਗੱਲੋਂ ਦਰਵੇਸ਼ ਬੰਦਾ ਮਾਰ ਕੇ ਪਰ੍ਹਾਂ ਕੀਤਾ..!"
-''ਮੈਥੋਂ ਗਲਤੀ ਹੋਗੀ ਸਰਦਾਰਾ...! ਮੈਨੂੰ ਬਖ਼ਸ਼, ਮੈਂ ਮਰਜੂੰਗਾ...!" ਉਹ ਹੱਥ ਜੋੜ ਕੇ ਵਾਸਤੇ ਘੱਤ ਰਿਹਾ ਸੀ।
-''ਸਾਲ਼ਿਆ ਤੂੰ ਦੱਸਦਾ ਕਿਉਂ ਨੀ...? ਸੰਤਾ ਸਿਉਂ ਨੂੰ ਤੂੰ ਕਾਹਤੋਂ ਮਾਰਿਆ..?" ਸਰਪੰਚ ਬੋਲਿਆ। ਉਸ ਦੇ ਅੰਦਰੋਂ ਵੀ ਵਟਣੇਂ ਉਠੀ ਜਾ ਰਹੇ ਸਨ।
-''ਮੈਨੂੰ ਤਾਂ ਮੇਰੀ ਨਿੱਕੀ ਭਰਜਾਈ ਨੇ ਨੀ ਟਿਕਣ ਦਿੱਤਾ, ਸਰਪੈਂਚਾ..! ਉਹਨੇ ਈ ਮੇਰੇ ਗਿੱਟੇ ਸੋਟੀ ਲਾਈ ਰੱਖੀ, ਅੱਗੇ ਮੈਥੋਂ ਬਿਚਾਰਾ ਹਜਾਰਾ ਮਰਵਾ ਕੇ ਰੱਖਤਾ...!" ਉਹ ਉਚੀ-ਉਚੀ ਰੋਣ ਲੱਗ ਪਿਆ।
-''ਸੰਤੇ ਨੂੰ ਕਿਉਂ ਮਾਰਿਆ...?" ਠਾਣੇਦਾਰ ਦਾ ਡੰਡਾ ਜੁਗਾੜੂ ਦੇ ਸਿਰ 'ਤੇ ਘੁਕ ਰਿਹਾ ਸੀ।
-''ਮੈਨੂੰ ਤਾਂ ਆਪ ਨੀ ਪਤਾ ਸਰਦਾਰਾ...! ਮੇਰਾ ਤਾਂ ਇਹਨਾਂ ਜਿਉਣ ਜੋਕਰਿਆਂ ਨਾਲ਼ ਕੋਈ ਬੈਰ ਨੀ ਸੀ, ਮੇਰੀ ਨਿੱਕੀ ਭਰਜਾਈ ਕਹਿੰਦੀ ਸੰਤੇ ਨੂੰ ਮਾਰ ਦੇ, ਤੈਨੂੰ ਸਾਕ ਲਿਆ ਕੇ ਦਿਊਂਗੀ, ਮੈਂ ਤਾਂ ਉਹਦੀਆਂ ਗੱਲਾਂ 'ਚ ਆ ਗਿਆ..! ਹਾੜ੍ਹੇ, ਚਾਹੇ ਫ਼ਾਹੇ ਲਾ ਦਿਓ, ਪਰ ਐਨਾਂ ਮਾਰੋ ਨਾ ਵੀਰ ਬਣ ਕੇ, ਮੇਰੇ ਤਾਂ ਚਿੱਬ ਪੈਗੇ ਸਰੀਰ 'ਚ, ਤੇ ਮਾਸ ਚਿਲੂੰ-ਚਿਲੂੰ ਕਰੀ ਜਾਂਦੈ...!" ਉਸ ਨੇ ਮੁੜ ਸੁੱਜੇ ਹੱਥ ਜੋੜ ਦਿੱਤੇ। ਡੰਡਿਆਂ ਦਾ ਭੰਨਿਆਂ ਉਹ ''ਭੁੱਟ-ਭੁੱਟ" ਬੋਲੀ ਜਾ ਰਿਹਾ ਸੀ। ਇਸ ਹੋਣ ਵਾਲ਼ੇ ਸਲੂਕ ਬਾਰੇ ਤਾਂ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ।
-''ਤੇਜ ਕੁਰ ਨੇ ਸਾਕ ਦਾ ਲਾਲਚ ਦਿੱਤਾ, ਤੇ ਤੂੰ ਸਾਕ ਦੇ ਲਾਲਚ 'ਚ ਸਾਧੂ ਵਰਗਾ ਬੰਦਾ ਮਾਰਤਾ..?" ਸਰਪੰਚ ਦੁੱਖ ਦੇ ਨਾਲ਼-ਨਾਲ਼ ਦੰਗ ਵੀ ਬਹੁਤਾ ਸੀ।
-''ਕੁੱਤਾ ਭੌਂਕਦੈ ਸਰਪੈਂਚ ਸਾਹਬ..! ਮੈਂ ਇਹਨੂੰ ਕੁਛ ਨੀ ਕਿਹਾ, ਮੈਂ ਤਾਂ ਇਹਨੂੰ ਕਦੇ ਦੇਹਲ਼ੀ ਨੀ ਚੜ੍ਹਨ ਦਿੱਤਾ ਜਹਾਨ ਦੀ ਜੂਠ ਨੂੰ, ਹੁਣ ਛਿੱਤਰ ਪੈਂਦਿਆਂ ਤੋਂ ਬਚਣ ਵਾਸਤੇ ਮੇਰਾ ਨਾਂ ਬਕੀ ਜਾਂਦੈ ਔਤਾਂ ਦੇ ਜਾਣਾ..!" ਇੱਕ ਖੂੰਜੇ ਤੋਂ ਤੇਜ ਕੌਰ ਅੱਗੇ ਹੋ ਕੇ ਬੋਲੀ।
-''ਦੁੱਧ ਧੋਤੀ ਤੂੰ ਵੀ ਹੈਨ੍ਹੀ ਭਾਈ..! ਤੇਰੀਆਂ ਵੀ ਮੈਨੂੰ ਬਥੇਰੀਆਂ ਕਨਸੋਆਂ ਮਿਲ਼ਦੀਆਂ ਰਹੀਐਂ, ਸਾਰੇ ਟਟਬੈਰ ਤੇਰੇ ਖੜ੍ਹੇ ਕੀਤੇ ਵੇ ਐ..! ਤੂੰ ਈ ਇਹਦੀ ਪੂਛ ਨੂੰ ਵੱਟ ਚਾੜ੍ਹੀ ਰੱਖਿਐ, ਨਹੀਂ ਇਹਦਾ ਹਜਾਰੇ ਕੇ ਟੱਬਰ ਨਾਲ਼ ਕੀ ਬੈਰ ਸੀ..?"
-''ਹਜਾਰੇ ਕੇ ਟੱਬਰ ਨੇ ਇਹਦੀ ਭੈਣ ਦਾ ਰਿਸ਼ਤਾ ਨੀ ਸੀ ਲਿਆ ਸਰਪੈਂਚਾ, ਸਾਰੇ ਪਿੰਡ ਨੂੰ ਪਤੈ, ਓਦੋਂ ਦੀ ਮੈਨੂੰ ਟਿਕਣ ਨੀ ਸੀ ਦਿੰਦੀ, ਪਿਉ ਪੁੱਤ ਮਰਵਾ ਕੇ ਦਮ ਲਿਆ, ਤੇ ਹੁਣ ਸੱਚੀ ਬਣਦੀ ਐ..!" ਜੁਗਾੜੂ ਜੁਆਕ ਵਾਂਗ ਬਿਲਕੀ ਜਾ ਰਿਹਾ ਸੀ।
-''ਸਰਪੈਂਚ ਸਾਹਬ, ਲਾਅਸ਼ ਪੋਸਟ ਮਾਰਮ ਵਾਸਤੇ ਸ਼ਹਿਰ ਲੈ ਆਓ...! ਚੱਲ ਤੂੰ ਵੀ ਜੀਪ 'ਚ ਬੈਠ ਨੀ..!" ਠਾਣੇਦਾਰ ਤੇਜ ਕੌਰ ਨੂੰ ਕੌੜਿਆ।
-''ਇਹਨੂੰ ਵੀ ਜੀਪ 'ਚ ਲੱਦੋ...!" ਠਾਣੇਦਾਰ ਨੇ ਬੜੀ ਖੁੰਦਕ ਨਾਲ਼ ਸਿਪਾਹੀਆਂ ਨੂੰ ਇਸ਼ਾਰਾ ਕੀਤਾ।
-''ਮੈਂ ਕਿਉਂ ਜੀਪ 'ਚ ਬੈਠਾਂ ਠਾਣੇਦਾਰਾ..? ਮੇਰਾ ਕੀ ਕਸੂਰ ਐ..? ਨ੍ਹਾਂ ਮੈਂ ਕੀ ਗੁਨਾਂਹ ਕਰਤਾ..?" ਭਮੱਤਰੀ ਤੇਜ ਕੌਰ ਬੋਲੀ। ਉਸ ਨੂੰ ਭੱਜਣ ਨੂੰ ਕੋਈ ਰਾਹ ਨਹੀਂ ਲੱਭਦਾ ਸੀ। ਇਸ ਗਲ਼ ਪੈਣ ਵਾਲ਼ੀ ਬਲਾਅ ਬਾਰੇ ਤਾਂ ਉਸ ਨੇ ਕਦੇ ਸੁਪਨੇ ਵਿੱਚ ਵੀ ਚਿਤਵਿਆ ਨਹੀਂ ਸੀ। ਰੋਜੇ ਬਖਸ਼ਾਉਂਦੀ ਤੇਜ ਕੌਰ ਦੇ ਤਾਂ ਨਮਾਜਾਂ ਗਲ਼ ਆ ਪਈਆਂ ਸਨ।
-''ਗੁਨਾਂਹ ਕੱਲ੍ਹ ਨੂੰ ਅਦਾਲਤ ਜਾ ਕੇ ਦੱਸਾਂਗੇ...!" ਠਾਣੇਦਾਰ ਬੋਲਿਆ।
-''ਚੱਲ ਬੈਠ...! ਨਹੀਂ ਸਾਨੂੰ ਧੱਕੇ ਨਾਲ਼ ਚੜ੍ਹਾਉਣਾ ਪਊ...!" ਹੌਲਦਾਰ ਨੇ ਕਿਹਾ।
-''ਵੇ ਪਿੰਡਾ..! ਥੋਡੇ ਪਿੰਡ ਦੀ ਤੀਮੀ ਮਾਨੀ ਨੂੰ ਠਾਣੇ ਲੈ ਚੱਲੇ ਐ, ਥੋਨੂੰ ਕੋਈ ਸ਼ਰਮ ਹਯਾ ਨੀ ਆਉਂਦਾ..?" ਉਸ ਨੇ ਸਾਰੇ ਪਿੰਡ ਦੀ ਅਣਖ ਨੂੰ ਲਲਕਾਰਿਆ।
-''ਆਦਮਖੋਰੇ, ਤੂੰ ਪਿੰਡ 'ਚ ਕਤਲ 'ਤੇ ਕਤਲ ਕਰਵਾਈ ਚੱਲ, ਪਿੰਡ ਤੇਰੀ ਇੱਜਤ ਬਚਾਉਣ ਵਾਸਤੇ ਭੱਜਿਆ ਫ਼ਿਰੇ...? ਸ਼ਰਮ ਹਯਾ ਤਾਂ ਤੈਨੂੰ ਚਾਹੀਦਾ ਸੀ, ਅਗਲਿਆਂ ਦਾ ਘਰ ਉਜਾੜ ਕੇ ਧਰਤਾ...!"
-''ਘਰ ਵੀ ਸਾਧੂ ਮਹਾਤਮਾਂ ਵਰਗੇ ਬੰਦਿਆਂ ਦੇ ਉਜਾੜੇ ਡੈਣ ਨੇ...!" ਬਖਤੌਰ ਬੋਲਿਆ।
ਪੁਲੀਸ ਦੀ ਜੀਪ ਜੇਠ ਭਰਜਾਈ ਨੂੰ ਲੱਦ ਕੇ ਲੈ ਗਈ।
ਸਰਪੰਚ ਹੋਰੀਂ ਸੰਤਾ ਸਿਉਂ ਦੀ ਲਾਅਸ਼ ਪੋਸਟ ਮਾਰਟਮ ਲਈ ਤੁਰਨ ਲੱਗੇ ਤਾਂ ਹਰ ਕੌਰ ਅੱਗੇ ਆ ਗਈ।
-''ਮੈਂ ਵੀ ਲਾਅਸ਼ ਦੇ ਨਾਲ਼ ਜਾਣੈਂ, ਤਾਇਆ ਜੀ..!" ਉਸ ਨੇ ਬਖਤੌਰ ਸਿੰਘ ਨੂੰ ਆਖਿਆ।
-''ਤੈਨੂੰ ਬੱਚਾ ਬੱਚੀ ਹੋਣ ਆਲ਼ੇ ਪੁੱਤ, ਕਮਲ਼ ਨਾ ਮਾਰ..! ਹਜਾਰਾ ਸਿਉਂ ਦੀ ਕੁਲ਼, ਉਹਦੀ ਅਗਲੀ ਪੀੜ੍ਹੀ ਦਾ ਖਿਆਲ ਕਰ, ਘਰ ਨੂੰ ਜਾਹ, ਅਸੀਂ ਹੈ ਤਾਂ ਹੈਗੇ..?"
-''ਨਾਲ਼ੇ ਹੁਣ ਤੂੰ ਨਾਲ਼ ਕੀ ਕਰਨ ਜਾਣੈਂ ਸ਼ੇਰਾ..? ਸੰਤਾ ਸਿਉਂ ਤਾਂ ਹੁਣ ਮਿੱਟੀ ਐ...!" ਤਾਇਆ ਬਖਤੌਰ ਫ਼ਿੱਸ ਪਿਆ।
-''.................।" ਤਾਏ ਬਖਤੌਰ ਦੀ ਵੈਰਾਗ ਵਾਲ਼ੀ ਹਾਲਤ ਦੇਖ ਕੇ ਹਰ ਕੌਰ ਚੁੱਪ ਵੱਟ ਗਈ।
ਲਾਅਸ਼ ਵਾਲ਼ੀ ਟਰਾਲੀ ਤੁਰ ਗਈ।
ਸਾਰਾ ਪਿੰਡ ਹਰਾਸਿਆ ਜਿਹਾ ਖੜ੍ਹਾ ਸੀ।
......ਉਸ ਦਿਨ ਤੋਂ ਬਾਅਦ ਹਰ ਕੌਰ ਨੇ ਆਪਣਾ ਲੱਕ ਬੰਨ੍ਹ ਲਿਆ ਸੀ। ਤਾਇਆ ਬਖਤੌਰ ਅਤੇ ਸਾਰਾ ਪਿੰਡ ਉਸ ਦੀ ਮੱਦਦ ਕਰਦਾ ਸੀ। ਦਿਨ ਪੂਰੇ ਹੋਣ 'ਤੇ ਹਰ ਕੌਰ ਨੇ ਇੱਕ ਨਿੱਗਰ ਪੁੱਤ ਨੂੰ ਜਨਮ ਦਿੱਤਾ, ਜਿਸ ਦਾ ਨਾਂ ''ਜੋਗਾ ਸਿੰਘ" ਰੱਖਿਆ।
.....ਤੇ ਅੱਜ ਮੁੱਦਤਾਂ ਬਾਅਦ ਹਰ ਕੌਰ ਦੇ ਘਰ ਕਿਸੇ ਖ਼ੁਸ਼ੀ ਨੇ ਪੈਰ ਪਾਉਣੇ ਸਨ। ਇਕਲੌਤੇ ਪੁੱਤਰ ਦਾ ਵਿਆਹ ਹੋਣਾ ਸੀ। ਭਰ ਜੁਆਨ ਉਮਰ ਤੋਂ ਲੈ ਕੇ ਹਰ ਕੌਰ ਨੇ ਬੁੜ੍ਹਾਪਾ ਕੱਟਿਆ ਸੀ। ਸਾਰੀ ਉਮਰ ਉਸ ਨੇ ਜੱਦੋਜਹਿਦ ਨਾਲ਼ ਤਵੇ 'ਤੇ ਪਈ ਨੇ ਕੱਟੀ ਸੀ ਅਤੇ ਲੱਖਾਂ ਔਖਾਂ ਨਾਲ਼ ਦੋ ਹੱਥ ਕਰਦਿਆਂ ਉਸ ਦਾ ਸੁਭਾਅ ਚਿੜਚੜਾ ਜਿਹਾ ਹੋ ਗਿਆ ਸੀ। ਉਹ ਹਰ ਵਕਤ ਅੱਕਿਆਂ ਵਾਂਗ ਝਾਕਦੀ ਅਤੇ ਮੱਥੇ 'ਤੇ ਕੁੱਤੇ ਵਾਲ਼ੀ ਤਿਊੜੀ ਪਾਈ ਰੱਖਦੀ। ਸਾਰੀ ਜ਼ਿੰਦਗੀ ਉਸ ਨੇ ਕਿਸੇ ਨੂੰ ਖੰਘਣ ਨਹੀਂ ਦਿੱਤਾ ਸੀ। ਪਿੰਡ ਦਾ ਕੋਈ ਬੰਦਾ ਅੱਖ ਵਿੱਚ ਪਾਇਆ ਨਹੀਂ ਰੜਕਿਆ ਸੀ। ਜੁਗਾੜੂ ਅਤੇ ਉਸ ਦੀ ਭਰਜਾਈ ਤੇਜ ਕੌਰ ਦੇ ਖ਼ਿਲਾਫ਼ ਠੋਕ ਕੇ ਅਗਵਾਹੀਆਂ ਦਿੱਤੀਆਂ ਸਨ ਅਤੇ ਸਿਰ 'ਤੇ ਮੜਾਸਾ ਮਾਰ ਕੇ ਮੁਕੱਦਮੇਂ ਦੀ ਪੂਰੀ ਪੈਰਵਾਹੀ ਕੀਤੀ ਸੀ। ਹਰ ਕੌਰ ਨੇ ਉਤਨਾ ਚਿਰ ਦਮ ਨਹੀਂ ਲਿਆ ਸੀ, ਜਦ ਤੱਕ ਜੁਗਾੜੂ ਨੂੰ ਫ਼ਾਂਸੀ ਅਤੇ ਉਸ ਦੀ ਭਰਜਾਈ ਤੇਜ ਕੌਰ ਨੂੰ ਵੀਹ ਸਾਲ ਦੀ ਸਜ਼ਾ ਨਹੀਂ ਬੋਲ ਗਈ।