ਸੁੱਖੀ " - ਅਮਨਦੀਪ ਕੌਰ ਗਿੱਲ ਹਮਬਰਗ
'ਸੁੱਖੀ ' ਜਿਸ ਦਾ ਪੂਰਾ ਨਾਮ ਤਾਂ ਸੁਖਵਿੰਦਰ ਕੌਰ ਹੈ, ਪਰ ਮਾਂ-ਪਿਓ , ਭੈਣ ਭਰਾ ਅਤੇ ਸਹੇਲੀਆਂ ਸਭ ਪਿਆਰ ਨਾਲ "ਸੁੱਖੀ "ਹੀ ਕਹਿੰਦੇ । ਸੁੱਖੀ ਜਦੋਂ ਵਿਆਹੀ ਆਈ ਸੀ ਤਾਂ ਸਹੁਰੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੀ ।ਸੱਸ, ਸਹੁਰਾ, ਦਾਦਾ ਸਹੁਰਾ, ਸੁਨੱਖਾ ਪਤੀ, ਦਿਓਰ, ਇਕ ਵਿਆਹੀ ਵੱਡੀ ਨਨਾਣ, ਬਣਦੀ ਸਰਦੀ ਵਧੀਆ ਜਮੀਨ ਜਾਇਦਾਦ, ਡੰਗਰ ਵੱਛਾ ਗੱਲ ਕੀ ਹਰ ਚੀਜ਼ ਜੋ ਮਾਪੇ ਆਪਣੀ ਧੀ ਦੇ ਸਹੁਰੇ ਘਰ ਭਾਲ਼ਦੇ ਹਨ , ਸਭ ਕੁਝ ਸੀ ਸੁੱਖੀ ਦੇ ਸਹੁਰੇ ਘਰ ।
ਇਕ ਸਾਲ ਬਾਅਦ ਸੁੱਖੀ ਦੇ ਦੋ ਜੁੜਵਾਂ ਮੁੰਡੇ ਹੋ ਗਏ।ਸੱਸ ਆਪਣੀ ਨੂੰਹ ਦਾ ਬਹੁਤ ਤਿਓ ਕਰਦੀ ਸੀ । ਹਰ ਵੇਲੇ ਪੋਤਿਆਂ ਨੂੰ ਚੁੱਕੀ ਫਿਰਦੀ , ਨੂੰਹ ਦੇ ਆਲੇ ਦੁਆਲੇ ਰਹਿੰਦੀ । ਸੁੱਖੀ ਵੀ ਇਕ ਸੁਚੱਜੇ ਘਰ ਦੀ ਕੁੜੀ ਸੀ । ਦਸਵੀਂ ਪਾਸ, ਸਲਾਈ ਕਢਾਈ ਵਿੱਚ ਮਾਹਰ ਅਤੇ ਘਰੇਲੂ ਕੰਮਾਂ ਵਿਚ ਵੀ ਨਿਪੁੰਨ ਸੀ । ਕਦੇ ਉੱਚਾ ਬੋਲ ਨਾ ਬੋਲਦੀ । ਸੱਸ ਨੂੰਹ ਘਰ ਪਰਿਵਾਰ ਵਿਚ ਰੁਝੀਆਂ ਰਹਿੰਦੀਆਂ।
ਸਭ ਕੁਝ ਵਧੀਆ ਚੱਲ ਰਿਹਾ ਸੀ।ਸੁੱਖੀ ਦਾ ਪਤੀ ਮੇਲ ਖੇਤੀ ਕਰਦਾ ਸੀ, ਪਰ ਵਿਆਹ ਤੋਂ ਡੇਢ ਕੁ ਸਾਲ ਬਾਅਦ ਸ਼ਹਿਰ ਵਿਚ ਬਿਜਲੀ ਦੇ ਸਮਾਨ ਭਾਵ ਕਿ ਟੀ.ਵੀ. ,ਫਰਿੱਜ, ਕੂਲਰ ਵਗੈਰਾ ਦੀ ਦੁਕਾਨ ਪਾ ਲਈ । ਆਲੇ ਦੁਆਲੇ ਹੋਰ ਕੋਈ ਅਜਿਹੀ ਦੁਕਾਨ ਨਾ ਹੋਣ ਕਰਕੇ ਮੇਲ ਦੀ ਦੁਕਾਨ ਬਹੁਤ ਵਧੀਆ ਚੱਲ ਪਈ ਸੀ ।
ਸੁੱਖੀ ਦੀ ਜਿੰਦਗੀ ਵਧੀਆ ਲੀਹ ਤੇ ਰੁੜੀ ਜਾ ਰਹੀ ਸੀ , ਕਿ ਅਚਾਨਕ ਜਿੰਦਗੀ ਦੀ ਗੱਡੀ ਲੜ-ਖੜਾਉਣ ਲੱਗੀ । ਸੁੱਖੀ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਉਸਦੀ ਜਿੰਦਗੀ ਵਿੱਚ ਜਵਾਹਰਭਾਟਾ ਫੱਟਣ ਵਾਲਾ ਹੈ ਤੇ ਉਸ ਦਾ ਭਵਿੱਖ ਤੂਫਾਨਾਂ ਵਿਚ ਘਿਰਨ ਵਾਲਾ ਹੈ । ਉਸ ਸਮੇਂ ਖਾੜਕੂ ਲਹਿਰ ਅਜੇ ਚੱਲੀ ਚੱਲੀ ਸੀ ।ਉਸ ਦਾ ਪਤੀ ਮੇਲ ਵੀ ਇਸ ਲਹਿਰ ਵਿਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸ਼ਾਮਿਲ ਹੋ ਗਿਆ ਸੀ ।ਉਸਦੇ ਕੁਝ ਦੋਸਤ ਜੋ ਇਸ ਲਹਿਰ ਨਾਲ ਜੁੜੇ ਹੋਏ ਸਨ ਉਹ ਮੇਲ ਕੋਲ ਦੁਕਾਨ ਤੇ ਆਉਂਦੇ, ਤੇ ਕਦੇ ਕਦੇ ਆਪਣਾ ਕੋਈ ਸਮਾਨ ਮੇਲ ਨੂੰ ਘਰੇ ਜਾਂ ਦੁਕਾਨ ਤੇ ਸਾਭਣ ਲਈ ਦੇ ਦਿੰਦੇ ।
ਇਸ ਤਰ੍ਹਾਂ ਈ ਵਿਚੋਂ ਹੀ ਕਿਸੇ ਵਾਰਦਾਤ ਵਿਚ ਉਸ ਦੇ ਦੋਸਤਾਂ ਵਿੱਚੋਂ ਇੱਕ ਪੁਲਸ ਦੇ ਹੱਥ ਆ ਗਿਆ। ਉਸ ਨੇ ਪੁਲਿਸ ਨੂੰ ਸਾਰੀ ਹਕੀਕਤ ਬਿਆਨ ਕਰ ਦਿੱਤੀ । ਮੇਲ ਦੇ ਘਰ ਅਤੇ ਦੁਕਾਨ ਦੋਨਾਂ ਤੇ ਛਾਪਾ ਪਿਆ, ਮੇਲ ਸਣੇ ਸਮਾਨ ਰੰਗੇ ਹੱਥੀਂ ਫੜਿਆ ਗਿਆ। ਮੇਲ ਪਹਿਲਾਂ ਰਿਮਾਂਡ ਤੇ ਰੱਖਿਆ ਗਿਆ। ਫਿਰ ਕੇਸ ਚੱਲਿਆ ਤੇ ਮੇਲ ਨੂੰ ਨਜਾਇਜ ਹਥਿਆਰ ਰੱਖਣ ਦੇ ਜੁਰਮ ਹੇਠ ਤਿੰਨ ਸਾਲ ਦੀ ਜੇਲ੍ਹ ਹੋ ਗਈ । ਸਜਾ ਕੱਟ ਕੇ ਮੇਲ ਰਿਹਾਅ ਹੋ ਕੇ ਘਰ ਆ ਗਿਆ। ਪਰ ਇਲਾਕੇ ਵਿਚ ਜਦੋਂ ਵੀ ਕਿਤੇ ਕੋਈ ਵਾਰਦਾਤ ਹੁੰਦੀ, ਮੇਲ ਨੂੰ ਪੁਲਸ ਵੱਲੋਂ ਫੜ ਲਿਆ ਜਾਂਦਾ,ਇਹ ਜਾਣੇ ਬਿਨਾਂ ਕਿ ਉਹ ਵਾਰਦਾਤ ਵਿਚ ਸ਼ਾਮਿਲ ਸੀ ਜਾਂ ਨਹੀਂ । ਪੁਲੀਸ ਵੱਲੋਂ ਉਸ ਉਪਰ ਵੱਖ ਵੱਖ ਥਾਣਿਆਂ ਵਿਚ ਤਸੱਦਤ ਕੀਤਾ ਜਾਦਾ। ਕਦੇ ਕਦੇ ਤਾਂ ਕੋਈ ਅਤਾ ਪਤਾ ਵੀ ਨਾ ਲਗਦਾ ਕਿ ਮੇਲ ਕਿਹੜੀ ਹਵਾਲਾਤ ਵਿੱਚ ਬੰਦ ਆ , ਉਹ ਹੈਗਾ ਵੀ ਆ ਜਾਂ ਨਹੀਂ । ਕਦੇ ਸੁੱਖੀ ਦਾ ਭਰਾ ਤੇ ਕਦੇ ਦੋਨਾਂ ਜੁਆਕਾਂ ਨੂੰ ਗੋਦੀ ਚੁੱਕ ਸੱਸ ਨੂੰਹ ਆਪ ਮੇਲ ਦੀ ਭਾਲ ਵਿਚ ਜਾਂਦੀਆਂ। ਤਿੱਖੜ ਦੁਪਹਿਰਾਂ , ਕੜਾਕੇ ਦੀ ਠੰਢ ਵਿਚ ਧੱਕੇ ਖਾਂਦੀਆਂ ਫਿਰਦੀਆਂ । ਔਖਾ ਸੌਖਾ ਸਮਾਂ ਗੁਜ਼ਰਦਾ ਗਿਆ ।
ਪੁਲਿਸ ਦੀ ਕੁਟ ਦਾ ਸਤਾਇਆ ਮੇਲ ਨਸ਼ੇ ਖਾਣ ਲੱਗ ਗਿਆ ਤੇ ਹੌਲੀ ਹੌਲੀ ਨਸ਼ੇ ਵੇਚਣ ਦੀ ਲਤ ਵੀ ਲੱਗ ਗਈ । ਪਰ ਮੇਲ ਨੇ ਕਦੇ ਕਿਸੇ ਗਰੀਬ ਦਾ ਬੁਰਾ ਨਹੀਂ ਸੀ ਕੀਤਾ, ਹਮੇਸ਼ਾਂ ਮੱਦਦ ਨੂੰ ਤਿਆਰ ਰਹਿੰਦਾ। ਪਿੰਡ ਦੇ ਸਾਂਝੇ ਕੰਮਾਂ ਵਿਚ ਮੋਹਰੀ ਹੁੰਦਾ ।
ਜਦ ਮਾੜਾ ਸਮਾਂ ਆਉਂਦਾ ਦੱਸ ਕੇ ਨਹੀਂ ਆਉਂਦਾ। ਦੋ ਕ ਦਿਨ ਬੁਖਾਰ ਚੜਨ ਮਗਰੋਂ ਸੁੱਖੀ ਦੀ ਸੱਸ ਪੂਰੀ ਹੋ ਗਈ। ਸੁੱਖੀ ਦਾ ਵੱਡਾ ਸਹਾਰਾ ਖੁੱਸ ਗਿਆ। ਫਿਰ ਆਉਂਦੇ ਕੁਝ ਸਾਲਾਂ ਵਿਚ ਸੁੱਖੀ ਦੀ ਮਾਂ,ਸਹੁਰਾ ਤੇ ਦਾਦਾ ਸਹੁਰਾ ਵੀ ਚੱਲ ਵਸੇ ।
ਮੇਲ ਦਾ ਛੋਟਾ ਭਰਾ ਆਪਣੇ ਹਿਸੇ ਦੀ ਅੱਧੋਂ ਵੱਧ ਜਮੀਨ ਵੇਚ ਕੇ ਵਿਦੇਸ਼(ਯੌਰਪ) ਚਲਾ ਗਿਆ, ਪਰ ਕਾਫ਼ੀ ਕੋਸ਼ਿਸ਼ ਕਰਨ ਦੇ ਬਾਵਜੂਦ ਕਿਧਰੇ ਵੀ ਪੱਕਾ ਨਾ ਹੋ ਸਕਿਆ ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਧੱਕੇ ਖਾ ਕੇ ਮੁੜ ਆਇਆ । ਉਸਦੇ ਵਾਪਿਸ ਆਉਣ ਤੋਂ ਪਹਿਲਾਂ ਮੇਲ ਦੀ ਮੌਤ ਹੋ ਗਈ ਸੀ। ਇਕ ਹਨੇਰੀ ਰਾਤ ਨੂੰ ਮੇਲ ਦੀ ਘਰੋਂ ਕੁਝ ਦੂਰੀ ਤੇ ਇਕ ਬੇਅਬਾਦ ਖੂਹੀ ਵਿੱਚ ਡਿਗਣ ਕਰਕੇ ਮੌਤ ਹੋ ਗਈ। ਮੇਲ ਦੀ ਮੌਤ ਇਕ ਹਰੱਸ਼ ਬਣ ਕੇ ਰਹਿ ਗਈ। ਸੁੱਖੀ ਦੀ ਦੁਨੀਆਂ ਉੱਜੜ ਗਈ ਸੀ। ਮਹਿਜ਼ ਪੈਂਤੀ ਕੁ ਸਾਲ ਦੀ ਉਮਰ ਵਿਚ ਹੀ ਉਹ ਵਿਧਵਾ ਹੋ ਗਈ। ਰੋ ਰੋ ਰੱਬ ਨੂੰ ਪੁੱਛਦੀ ਕਿ ਰੱਬਾ ਮੈਂ ਤੇਰਾ ਕੀ ਵਿਗੜਿਆ ਏ, ਕਾਹਦੀ ਸਜਾ ਦੇਈ ਜਾਂਦਾ ਏਂ ?ਪਰ ਰੱਬ ਦੀਆਂ ਲਿਖੀਆਂ ਰੱਬ ਈ ਜਾਣੇ।ਭਰਿਆ ਭਰਿਆ ਘਰ ਖਾਲੀ ਜਿਹਾ ਹੋ ਗਿਆ। ਮੁੰਡੇ ਮਸਾਂ ਤੇਰਾਂ ਚੌਦਾਂ ਸਾਲਾ ਦੇ ਸਨ। ਉਹ ਦਿਓਰ ਜਿਸ ਨੂੰ ਕਿ ਸੁੱਖੀ ਨੇ ਆਪਣੇ ਪੁੱਤਾਂ ਵਾਂਗ ਪਾਲਿਆ ਸੀ। ਅੱਜ ਲੋੜ ਪੈਣ ਤੇ ਆਪਣੀ ਰਹਿੰਦੀ ਜਮੀਨ ਵੇਚ ਕੇ ਸ਼ਹਿਰ ਵਿੱਚ ਰਹਿਣ ਲੱਗ ਪਿਆ।
ਸੁੱਖੀ ਦਾ ਬਜੁਰਗ ਪਿਓ ਨਾਂ ਚਹੁੰਦਿਆਂ ਵੀ ਧੀ ਦਾ ਸਹਾਰਾ ਬਣਿਆ । ਸੁੱਖੀ ਨੇ ਵੀ ਜਿਗਰੇ ਦੇ ਨਾਲ ਜਿੰਦਗੀ ਦੇ ਦਿਨ ਕੱਟਣੇ ਸ਼ੁਰੂ ਕੀਤੇ। ਉਸ ਨੇ ਅਪਣੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ।
ਸੁੱਖੀ ਨੇ ਵੇਖਿਆ ਕਿ ਮੁੰਡੇ ਪੜਨ ਵਿੱਚ ਠੀਕ ਠਾਕ ਈ ਹਨ, ਇਸ ਲਈ ਉਹਨਾਂ ਨੂੰ ਖੇਤੀਬਾੜੀ ਦੇ ਕੰਮ ਵਿਚ ਪਾ ਦਿੱਤਾ। ਬੱਚੇ ਅਜੇ ਬਚਪਨ ਵਿੱਚੋਂ ਬਾਹਰ ਨਿਕਲੇ ਈ ਸਨ ਕਿ ਜ਼ਿੰਮੇਵਾਰੀਆਂ ਦਾ ਬੋਝ ਮੋਢਿਆਂ ਤੇ ਆ ਪਿਆ। ਕਮਜ਼ੋਰ ਮੋਢੇ ਬਿਨਾਂ ਪਿਓ ਦੇ ਸਹਾਰੇ ਤੋਂ ਇਹ ਭਾਰ ਚੁੱਕਣ ਦੀ ਕੋਸ਼ਿਸ਼ ਕਰਨ ਲੱਗੇ। ਨਿਆਣੀ ਮੱਤ ਸੀ ਕਿ ਕਦਮ ਲੜਖੜਾਉਣ ਲੱਗੇ। ਵੀਹ ਬਾਈ ਵਰ੍ਹਿਆਂ ਦੀ ਉਮਰ ਵਿਚ ਪਹੁੰਚਣ ਤੱਕ ਗਲਤ ਸੰਗਤ ਵਿੱਚ ਪੈ ਗਏ।
ਸੁੱਖੀ ਦੀ ਜਿੰਦਗੀ ਫਿਰ ਮੁਸੀਬਤਾਂ ਦੇ ਹਨੇਰਿਆਂ ਵਿੱਚ ਘਿਰਨ ਲੱਗੀ। ਬਜੁਰਗ ਪਿਓ ਵੀ ਆਪਣੀ ਧੀ ਦਾ ਸਾਥ ਛੱਡ ਰੱਬ ਦੇ ਘਰ ਜਾ ਪਹੁੰਚਿਆ। ਜਮੀਨ ਵੀ ਬਹੁਤੀ ਜਿਆਦਾ ਨੀ ਰਹਿ ਗਈ ਸੀ। ਸੁੱਖੀ ਨੇ ਆਪਣੇ ਪੁੱਤਾ ਨੂੰ ਸਮਝਾਇਆ ਕਿ ਪੁੱਤ ਥੋਡੇ ਤੋਂ ਬਿਨਾਂ ਮੇਰਾ ਹੋਰ ਕੌਣ ਆ।ਮੈਂ ਤਾਂ ਥੋਡੇ ਵਿਚੋਂ ਈ ਅਪਣੀਆਂ ਖੁਸ਼ੀਆਂ ਲੱਭਣੀਆਂ ਨੇ, ਕਿਉਂ ਆਪਣੀ ਮਾਂ ਨੂੰ ਰੋਲਣ ਲੱਗੇ ਓ।ਇਥੇ ਕਿਹੜਾ ਥੋਡਾ ਪਿਓ ਰੋਕੜੇ ਛੱਡ ਗਿਆ, ਜਿਹਨੂੰ ਤੁਸੀਂ ਵੈਲਪੁਣੇ 'ਚ ਰੋੜਨ ਲੱਗੇ ਓ। ਮਾਂ ਦਾ ਪਾਇਆ ਤਰਲਾ "ਸ਼ਾਇਦ ਪੁੱਤਾਂ ਦੀ ਸਮਝ ਵਿੱਚ ਆ ਗਿਆ। ਦੋਹਾਂ ਭਰਾਵਾਂ ਨੇ ਆਪਣੇ ਫੂੱਫੜ ਦੀ ਸਲਾਹ ਨਾਲ ਹੀਲਾ ਵਸੀਲਾ ਕੀਤਾ ਤੇ ਇਕ ਉਹਨਾਂ ਵਿਚੋਂ ਇਕ ਅਮਰੀਕਾ ਚਲਾ ਗਿਆ। ਦੋ ਕੋ ਸਾਲ ਬਾਅਦ ਦੂਸਰਾ ਵੀ ਦੁਬਈ ਚਲਾ ਗਿਆ।
ਹੌਲੀ ਹੌਲੀ ਸਭ ਠੀਕ ਹੁੰਦਾ ਲੱਗਿਆ।ਅਮਰੀਕਾ ਵਾਲਾ ਚਾਰ ਪੰਜਕੁ ਸਾਲ ਬਾਅਦ ਇੰਡੀਆ ਆਇਆ ਤਾਂ ਉਸਦੇ ਫੁੱਫੜ ਦੇ ਪਸੰਦ ਦੀ ਕੁੜੀ ਨਾਲ ਕੋਰਟ ਮੈਰਿਜ ਕਰ ਦਿੱਤੀ ਗਈ ਅਤੇ ਬਾਕੀ ਰਸਮਾਂ ਕੁੜੀ ਦੇ ਅਮਰੀਕਾ ਪਹੁੰਚਣ ਤੇ ਕਰਨ ਦੀ ਗੱਲ ਪੱਕੀ ਕੀਤੀ ਗਈ। ਸੁੱਖੀ ਤੇ ਉਸ ਦੇ ਪੁੱਤਰਾਂ ਨੇ ਇਹ ਮੰਨ ਲਿਆ ਕਿਉਂ ਕਿ ਉਸੇ ਫੁੱਫੜ ਕਰਕੇ ਈ ਉਹ ਅਮਰੀਕਾ ਜਾ ਸਕਿਆ ਸੀ।ਕੁਝ ਸਮਾਂ ਪੈਣ ਤੇ ਉਸ ਕੁੜੀ ਦੇ ਪੇਪਰ ਬਣ ਗਏ ਅਤੇ ਉਹ ਅਮਰੀਕਾ ਪਹੁੰਚ ਗਈ , ਪਰ ਆਪਣੇ ਰਿਸ਼ਤੇਦਾਰਾਂ ਦੇ ਕੋਲ। ਸਾਰੇ ਪੇਪਰ ਬਣਵਾ ਕੇ ਉਹ ਧੋਖਾ ਦੇ ਗਈ।ਅੰਤ ਤਲਾਕ ਮੰਗਣ ਲੱਗ ਪਈ।ਮੁੰਡੇ ਦਾ ਦਿਲ ਸਾਫ ਸੀ।ਉਹ ਉਸਨੂੰ ਬਹੁਤ ਚਹੁੰਦਾ ਸੀ।ਉਸ ਤੋਂ ਧੋਖਾ ਬਰਦਾਸ਼ਤ ਨਾ ਹੋਇਆ ਅਤੇ ਉਹ ਨਸ਼ੇ ਕਰਨ ਲੱਗ ਪਿਆ।ਇਕ ਵਾਰ ਤਾਂ ਮੌਤ ਦੇ ਮੂੰਹ ਤੋਂ ਮੁੜਿਆ। ਪਰ ਹੁਣ ਉਸਦੀ ਸੁਰਤ ਟਿਕਾਣੇ ਆ ਗਈ ਸੀ । ਡੁਬਈ ਵਾਲਾ ਵੀ ਕਦੇ ਇੰਡੀਆ ਆ ਗਿਆ ਤੇ ਕਦੇ ਚਲੇ ਗਿਆ।
ਹੁਣ ਤਾਂ ਜਿਵੇਂ ਸੁੱਖੀ ਮੁਸੀਬਤਾਂ ਦੀ ਆਦੀ ਹੋ ਗਈ ਸੀ। ਉਹ ਸੋਚਦੀ ਕਿ ਦੁੱਖ ਉਸਦੀ ਜਿੰਦਗੀ ਦਾ ਅਟੁੱਟ ਹਿੱਸਾ ਬਣ ਗਏ ਹਨ। ਜਿੰਦਗੀ ਆਪਣੀ ਚਾਲ ਤੇ ਕਿਸਮਤ ਆਪਣੀਆਂ ਚਾਲਾਂ ਚੱਲਦੀ ਰਹੀ।ਸਮਾਂ ਬੀਤਦਾ ਗਿਆ।
ਕਹਿੰਦੇ ਬਾਰਾਂ ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ ਤੇ ਰੱਬ ਨੇ ਸੁੱਖੀ ਦੀ ਵੀ ਸੁਣੀ । ਅਮਰੀਕਾ ਵਾਲੇ ਮੁੰਡੇ ਨੂੰ ਇਕ ਦੋਸਤ ਮਿਲਿਆ ਜਿਸ ਦੀ ਸੰਗਤ ਵਿੱਚ ਰਹਿੰਦਿਆਂ ੳਹ ਸਹੀ ਰਸਤੇ ਤੇ ਆ ਗਿਆ । ਸੱਚੀ ਸੁੱਚੀ ਕਮਾਈ ਕਰਨ ਲੱਗਾ। ਉਹ ਹੁਣ ਆਪਣੀ ਕਮਾਈ ਜੋੜ ਕੇ ਮਾਂ ਨੂੰ ਭੇਜਣ ਲੱਗਿਆ । ਚੰਗੇ ਦਿਨ ਦਸਤਕ ਦੇਣ ਲੱਗੇ। ਘਰ ਵਿਚ ਬਰਕਤ ਆਉਣ ਲੱਗੀ। ਸੁੱਖੀ ਨੇ ਗਹਿਣੇ ਧਰੇ ਚਾਰ ਸਿਆੜ ਛੁਡਵਾ ਲਏ। ਸੁੱਖੀ ਆਪਣੇ ਪੁੱਤਰਾਂ ਦੇ ਭਵਿੱਖ ਦੇ ਸੁਪਨੇ ਸਜਾਉਣ ਲੱਗੀ, ਉਹਨਾਂ ਦਾ ਵਿਆਹ ਕਰਨ ਦੀਆਂ ਸਕੀਮਾਂ ਲਾਉਂਦੀ।ਡੁਬਈ ਵਾਲੇ ਦਾ ਤਾਂ ਰਿਸ਼ਤਾ ਵੀ ਪੱਕਾ ਕਰ ਦਿੱਤਾ। ਸੁੱਖੀ ਉਸ ਦਿਨ ਦੀ ਉਡੀਕ ਕਰਨ ਲੱਗੀ ਜਦੋਂ ਉਸਦੇ ਦੋਨੋ ਪੁੱਤ ਘਰ ਪਰਤਣ ਤੇ ਉਹ ਪੁੱਤਾਂ ਨੂੰ ਵਿਆਹ ਕੇ ਨੂੰਹਾਂ ਘਰ ਲਿਆਵੇ, ਪਰਿਵਾਰ ਵਿਚ ਵਾਧਾ ਹੋਵੇ। ਮੰਡਿਆਂ ਦੇ ਜਨਮ ਤੋਂ ਬਾਅਦ ਤਾਂ ਜਿਵੇਂ ਖੁਸ਼ੀਆਂ ਨੇ ਸਹੁੰ ਪਾ ਲਈ ਸੀ ਕਿ ਇਸ ਘਰ ਪੈਰ ਨੀ ਪਾਉਣਾ।
ਪਰ ਜਿੰਦਗੀ ਕਦ ਕਰਵਟ ਬਦਲਦੀ ਹੈ ਇਸ ਦਾ ਕਿਸੇ ਨੂੰ ਪਤਾ ਨਹੀਂ ਚੱਲਦਾ। ਜੋ ਸੁਪਨੇ ਵਿਚ ਵੀ ਨਹੀਂ ਸੋਚਿਆ ਹੁੰਦਾ ਉਹ ਹੋ ਜਾਂਦਾ। ਆਉਣ ਵਾਲੀਆਂ ਖੁਸ਼ੀਆਂ ਦੇ ਸੁਪਨਿਆਂ ਵਿਚ ਡੁੱਬੀ ਸੁੱਖੀ ਦੀ ਜਿੰਦਗੀ ਵਿੱਚ ਅਚਾਨਕ ਹਨੇਰ ਆ ਗਿਆ, ਉਸ ਦਾ ਜਹਾਨ ਲੁਟਿਆ ਗਿਆ, ਉਸਦੇ ਅਮਰੀਕਾ ਰਹਿੰਦੇ ਪੁੱਤ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਦੀ ਖਬਰ ਸੁੱਖੀ ਦੇ ਕੰਨਾਂ ਵਿੱਚ ਪਿਘਲੇ ਸਿੱਕੇ ਵਾਂਗ ਪਈ।ਉਹ ਖੜੀ ਹੀ ਸੁੰਨ ਹੋ ਗਈ।ਉਸਦੀ ਬਗੀਚੀ ਫਿਰ ਤੋਂ ਉੱਜੜ ਗਈ। ਢਿੱਡੋਂ ਜੰਮੇ ਪੁੱਤ ਦਾ ਆਖਰੀ ਵਾਰ ਮੂੰਹ ਤੱਕ ਦੇਖਣਾ ਨਸੀਬ ਨਾ ਹੋਇਆ। ਉਸਦਾ ਅਮਰੀਕਾ ਈ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।ਮਾਂ ਆਪਣੇ ਪੁੱਤ ਨੂੰਆਖਰੀ ਵਾਰ ਸੀਨੇ ਨਾਲ ਵੀ ਨਾ ਲਗਾ ਸਕੀ।ਸੱਤ ਸਾਲ ਪਹਿਲਾਂ ਪੁੱਤ ਨੂੰ ਘੁੱਟ ਜੱਫੀ ਪਾਈ ਸੀ, ਜਦੋਂ ਉਹ ਘਰੋਂ ਗਿਆ ਸੀ। ਸੁੱਖੀ ਰਾਤਾਂ ਨੂੰ ਉੱਠ ਉੱਠ ਕੇ ਰੋਂਦੀ ਰਹਿੰਦੀ। ਦਿਨ ਪਹਾੜ ਵਰਗੇ ਲਗਦੇ।
ਦੂਜੇ ਪੁੱਤ ਨੂੰ ਛੁੱਟੀ ਨਾ ਮਿਲਣ ਕਾਰਨ ਉਹ ਆ ਨਾ ਸਕਿਆ, ਦੋਨੋ ਭਰਾਵਾਂ ਵਿਚ ਬਹੁਤ ਪਿਆਰ ਸੀ। ਹੁਣ ਉਹ ਬਿਲਕੁਲ ਟੁੱਟ ਗਿਆ, ਉਦਾਸ ਹੋ ਗਿਆ, ਨਾ ਖਾਂਦਾ ਨਾਂ ਪੀਂਦਾ। ਉਸਦੀ ਸੱਜੀ ਬਾਂਹ, ਉਸਦਾ ਭਰਾ ਹਮੇਸ਼ਾ ਲਈ ਉਸਦਾ ਸਾਥ ਛੱਡ ਗਿਆ ਸੀ ।
ਕੁਝ ਮਹੀਨੇ ਬਾਅਦ ਉਹ ਵਾਪਿਸ ਆ ਗਿਆ। ਮਾਂ ਦੇ ਸੀਨੇ ਲੱਗਾ ਤਾਂ ਮਾਂ ਨੂੰ ਥੋੜ੍ਹਾ ਧਰਵਾਸ ਆਇਆ।ਪਰ ਸੁੱਖੀ ਬਿਲਕੁਲ ਟੁੱਟ ਚੁੱਕੀ ਸੀ। ਨਾ ਕੋਈ ਚਾਅ, ਨਾ ਉਮੀਦ।ਬਸ ਜਿਉਂਦੀ ਲਾਸ਼ ਸੀ।ਦੋਨਾਂ ਪੁੱਤਰਾਂ ਦੀਆਂ ਸ਼ਕਲਾਂ ਬਿਲਕੁਲ ਇਕੋ ਜਿਹੀਆਂ ਸਨ। ਉਹ ਇਸ ਨੂੰ ਦੇਖਦੀ ਤਾਂ ਦੂਜਾ ਚੇਤੇ ਆ ਜਾਂਦਾ ਭਾਂਵੇ ਕਿ ਭੁੱਲਿਆ ਤਾਂ ਉਹ ਕਦੇ ਵੀ ਨਹੀਂ ।
ਸੁੱਖੀ ਦੀ ਹਾਲਤ ਤੇ ਘਰ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਰਿਸ਼ਤੇਦਾਰਾਂ ਨੇ ਸੁੱਖੀ ਨੂੰ ਦੂਜੇ ਮੁੰਡੇ ਦਾ ਵਿਆਹ ਕਰਨ ਦੀ ਸਲਾਹ ਦਿੱਤੀ ।ਬਹੁਤ ਹੀ ਸਾਦੇ ਢੰਗ ਨਾਲ ਵਿਆਹ ਕੀਤਾ ਗਿਆ। ਸੁਖੀ ਨੇ ਭਰੇ ਮਨ ਨਾਲ ਸਾਰੇ ਸ਼ਗਨ ਵਿਹਾਰ ਕੀਤੇ। ਸੁੱਖੀ ਨੂੰ ਪਲ ਪਲ ਅਪਣੇ ਵਿਛੜੇ ਪੁੱਤ ਦੀ ਯਾਦ ਆ ਰਹੀ ਸੀ। ਬਾਹਰੋਂ ਖੁਸ਼ ਨਜ਼ਰ ਆ ਰਹੀ ਮਾਂ ਦੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਸੀ , ਅਜੀਬ ਜਿਹੀ ਹਾਲਤ ਸੀ।ਸਮਝੌਤਾ ਕਰਨਾ ਤਾਂ ਜਿਵੇਂ ਉਸਦੀ ਆਦਤ ਹੀ ਬਣ ਗਈ ਸੀ। ਮਨ ਵਿਚ ਤਾਂ ਉਸਨੇ ਇਕ ਪੁੱਤ ਦੇ ਵਿਛੋੜੇ ਦੇ ਕੀਰਨੇ ਪਾਏ ਦੂਜੇ ਪਾਸੇ ਪ੍ਰਮਾਤਮਾ ਦੇ ਵਿਧੀ ਵਿਧਾਂਤ ਨੂੰ ਮੰਨਦਿਆਂ ਦੂਜੇ ਪੁੱਤ ਦੇ ਸ਼ਗਨ ਮਨਾਉਂਦਿਆਂ ਕਾਰਜ ਕੀਤੇ ।
(ਮੇਰੀ ਭੂਆ 'ਸੁੱਖੀ " ਨੂੰ ਸਮਰਪਿਤ ਜੋ ਸਿਰਫ ਨਾਂ ਦੀ ਹੀ ਸੁੱਖੀ ਆ।)
ਅਮਨਦੀਪ ਕੌਰ ਗਿੱਲ ਹਮਬਰਗ