ਹਰ ਬੰਦੇ ਨੂੰ ਸੱਚਾ ਇਮਾਨਦਾਰ, ਦਿਆਲੂ, ਦਾਨੀ ਸੇਵਾਦਾਰ ਬਣਨ ਦੀ ਲੋੜ ਹੈ - ਸਤਵਿੰਦਰ ਕੌਰ ਸੱਤੀ

ਭਾਰਤ ਵਾਂਗ ਹੋਰ ਦੇਸ਼ਾਂ ਵਿੱਚ ਵੀ ਹਸਪਤਾਲ, ਮੈਡੀਕਲ ਕਲੀਨਿਕ ਬਹੁਤ ਹਨ। ਦਵਾਈਆਂ ਤੇ ਇਲਾਜ ਕਰਨ ਨੂੰ ਡਾਕਟਰ ਵੀ ਬਹੁਤ ਵਧੀਆ ਹਨ। ਕਿਸੇ ਦੇ ਚੀਰਾ ਆ ਜਾਵੇ। ਆਮ ਬੰਦੇ ਤੋਂ ਖ਼ੂਨ ਦੇਖਿਆ ਨਹੀਂ ਜਾਂਦਾ। ਕਈ ਬੰਦੇ ਮਲ੍ਹਮ ਪੱਟੀ ਕਰਨ ਦੀ ਥਾਂ ਜ਼ਖ਼ਮੀ ਕੋਲੋਂ ਅੱਖਾਂ ਮੀਚ ਕੇ, ਖਿਸਕ ਜਾਂਦੇ ਹਨ। ਡਾਕਟਰ ਵੱਡੇ-ਵੱਡੇ ਫੱਟ ਜੋੜ ਦਿੰਦੇ ਹਨ। ਸਰੀਰ ਵਿੱਚ ਨਵੇਂ ਅੰਗ ਪਾ ਦਿੰਦੇ ਹਨ। ਡਾਕਟਰ ਮਰੀਜ਼ ਵਿੱਚ ਜਾਨ ਪਾ ਦਿੰਦੇ ਹਨ। ਕਈ ਡਾਕਟਰ ਬਗੈਰ ਦਵਾਈ ਤੋਂ ਗੱਲਾਂ ਨਾਲ ਹੀ ਮਰੀਜ਼ ਨੂੰ ਤੰਦਰੁਸਤ ਕਰ ਦਿੰਦੇ ਹਨ। ਕੁੱਝ ਡਾਕਟਰ ਐਸੇ ਵੀ ਹਨ। ਬੰਦੇ ਦੇ ਪੁਰਜ਼ੇ ਕੱਢ ਕੇ, ਚੰਗੇ ਭਲੇ ਬੰਦੇ ਨੂੰ ਮਾਰ ਦਿੰਦੇ ਹਨ। ਸੀਤੇ ਹੋਏ ਜ਼ਖ਼ਮ ਆਮ ਜਨਤਾ ਨਹੀਂ ਖੋਲ੍ਹਦੀ। ਡਾਕਟਰ ਤੋਂ ਬਗੈਰ, ਕਿਸੇ ਨੂੰ ਇਲਮ ਵੀ ਨਹੀਂ ਹੈ। ਕਿਹੜਾ ਅੰਗ ਕਿਥੇ ਹੋਣਾ ਚਾਹੀਦਾ ਹੈ? ਕਈ ਹਸਪਤਾਲਾਂ ਦੇ ਦੁਆਲੇ ਅਨ ਜੰਮੇ ਬੱਚਿਆਂ, ਗਰਭਪਾਤ ਸਮੇਂ ਮਰੀਆਂ ਜੱਚਾ-ਔਰਤਾਂ ਦੀਆਂ ਲਾਸ਼ਾਂ ਦਾ ਮੁਸ਼ਕ ਮਾਰਦਾ ਹੈ। ਸਰਕਾਰ ਤੇ ਲੋਕ ਭਲਾਈ ਦੇ ਸੇਵਕਾਂ ਦੀਆਂ ਅੱਖਾਂ ਮਿਚੀਆਂ ਹੋਈਆਂ ਹਨ। ਸਬ ਕੁੱਝ ਦਿਸਦੇ ਹੋਏ ਵੀ ਅੰਨ੍ਹੇ ਹੋਏ ਹਨ। ਕਿੰਨੇ ਕੁ ਮਰੀਜ਼ ਹਸਪਤਾਲਾਂ ਵਿਚੋਂ ਜਿਉਂਦੇ ਮੁੜਦੇ ਹਨ? ਡਾਕਟਰਾਂ ਦੀ ਫ਼ੀਸ ਖਰੀ ਹੋ ਜਾਂਦੀ ਹੈ। ਬੰਦਾ ਮਰੇ ਚਾਹੇ ਜਿਊਵੇ।

ਇਲਾਜ ਦੇ ਨਾਲ ਮਰੀਜ਼ ਨੂੰ ਖ਼ੁਰਾਕ ਵੀ ਚਾਹੀਦੀ ਹੈ। ਤਾਜ਼ਾ ਭੋਜਨ ਖਾਣ ਨਾਲ ਸਰੀਰ ਤਕੜਾ ਰਹਿੰਦਾ ਹੈ। ਇੰਡੀਆ ਦੇ ਹਸਪਤਾਲਾਂ ਵਾਂਗ ਮਰੀਜ਼ ਨੂੰ ਖ਼ੁਰਾਕ ਨਹੀਂ ਮਿਲੇਗੀ। ਸਰੀਰ ਨੂੰ ਜ਼ਰੂਰੀ ਤੱਤ ਨਹੀਂ ਮਿਲਣਗੇ[ ਮਰੀਜ਼ ਨੇ ਤੰਦਰੁਸਤ ਨਹੀਂ ਹੋ ਸੱਕਣਾਂ। ਇੰਡੀਆ ਵਿੱਚ ਮਰੀਜ਼ ਦੀ ਦੇਖਭਾਲ ਕਰਨ ਵਾਲਿਆਂ ਦੀ ਸਹਿਤ ਵੀ ਖ਼ਰਾਬ ਹੋ ਜਾਂਦੀ ਹੈ। ਉਹ ਵੀ ਆਪ ਦੇ ਖਾਣ ਦਾ ਧਿਆਨ ਨਹੀਂ ਰੱਖਦੇ। ਪੱਕੇ ਵਸਨੀਕਾਂ ਲਈ ਕੈਨੇਡਾ ਵਿੱਚ ਡਾਕਟਰੀ ਇਲਾਜ ਮੁਫ਼ਤ ਹੈ। ਹਸਪਤਾਲ ਵਿਚ ਮਰੀਜ਼ ਨੂੰ ਭੋਜਨ ਮੁਫ਼ਤ ਦਿੱਤਾ ਜਾਂਦਾ ਹੈ। ਸਗੋਂ ਖ਼ਬਰ ਨੂੰ ਗਏ ਰਿਸ਼ਤੇਦਾਰ ਵੀ ਵਿਚੋਂ ਹੀ ਭੋਜਨ ਛੱਕ ਲੈਂਦੇ ਹਨ। ਭਾਰਤ ਦੀ ਆਬਾਦੀ ਪਿੰਡਾ ਵਿੱਚ ਵੱਧ ਹੈ। ਲੋਕ ਬਹੁਤੇ ਧਨਵਾਨ ਨਹੀਂ ਹਨ। ਪਿੰਡਾ ਵਿੱਚ ਵੱਧ ਤੋਂ ਵੱਧ ਹਸਪਤਾਲ ਖੁੱਲ੍ਹਣੇ ਚਾਹੀਦੇ ਹਨ। ਭਾਰਤ ਵਿੱਚ ਹਸਪਤਾਲ ਜ਼ਿਆਦਾ ਸ਼ਹਿਰਾਂ ਵਿੱਚ ਹਨ। ਬਿਮਾਰ ਦਾ ਇਲਾਜ ਕਰਾਉਣ ਲਈ ਘਰ ਤੋਂ ਦੂਰ ਸ਼ਹਿਰ ਵਿੱਚ ਜਾਣਾ ਪੈਂਦਾ ਹੈ। ਹਰ ਰੋਜ਼ ਘਰ ਤੋਂ ਹਸਪਤਾਲ ਜਾਣਾ ਬਹੁਤ ਔਖਾ ਹੈ। ਹੋਟਲ ਵਿੱਚੋਂ ਖਾਣਾ ਮਹਿੰਗਾ ਪੈਂਦਾ ਹੈ। ਪਹਿਲਾਂ ਹੀ ਡਾਕਟਰਾਂ ਦੀਆਂ ਫ਼ੀਸਾਂ ਬਹੁਤ ਹਨ।

ਭਾਰਤੀ ਲੋਕ ਧਰਮ ਦੇ ਮਾਮਲੇ ਵਿੱਚ ਬਹੁਤ ਦਾਨੀ ਹਨ। ਹਰ ਗੁਰਦੁਆਰੇ ਸਾਹਿਬ ਵਿੱਚ ਲੰਗਰ ਮੁਫ਼ਤ ਚੱਲਦਾ ਹੈ। ਜੇ ਹਸਪਤਾਲ ਗੁਰਦੁਆਰੇ ਸਾਹਿਬ ਦੇ ਨੇੜੇ ਹੋਣ। ਹਰ ਗੁਰਦੁਆਰੇ ਸਾਹਿਬ ਦੇ ਨਾਲ ਹਸਪਤਾਲ ਖੋਲੇ ਜਾਣ। ਭੋਜਨ ਦੀ ਭੁੱਖ ਕਾਰਨ ਕੋਈ ਨਹੀਂ ਮਰੇਗਾ। ਮਰੀਜ਼ ਤੇ ਉਸ ਦੇ ਦੁਆਲੇ ਰਹਿਣ ਵਾਲੇ ਉੱਥੋਂ ਢਿੱਡ ਭਰ ਸਕਦੇ ਹਨ। ਰਾੜਾ ਸਾਹਿਬ ਗੁਰਦੁਆਰੇ ਸਾਹਿਬ ਦੇ ਨਾਲ ਹਸਪਤਾਲ ਵੀ ਹੈ। ਸਗੋਂ ਬੁੱਢਿਆਂ ਲਈ ਆਸ਼ਰਮ, ਬੱਚਿਆਂ ਲਈ ਸਕੂਲ, ਨੌਜਵਾਨਾਂ ਲਈ ਕਾਲਜ ਖੋਲਿਆਂ ਗਿਆ ਹੈ। ਐਸਾ ਪੁੰਨ ਦਾ ਕੰਮ ਕਰਨ ਲਈ ਹਰ ਬੰਦੇ ਨੂੰ ਸੱਚਾ ਇਮਾਨਦਾਰ, ਦਿਆਲੂ, ਦਾਨੀ, ਸੇਵਾਦਾਰ ਬਣਨ ਦੀ ਲੋੜ ਹੈ।

ਕਿਮ ਦੀ ਸੱਸ ਇੰਡੀਆ ਮੋਗੇ ਤੋਂ ਗੋਡਿਆਂ ਦਾ ਅਪ੍ਰੇਸ਼ਨ ਕਰਾ ਕੇ ਆਈ ਸੀ। ਅਪ੍ਰੇਸ਼ਨ ਕਰਨ ਦੇ ਵੀ ਬਹੁਤ ਢੰਗ ਹਨ। ਰੋਗ ਕਿੰਨਾ ਕੁ ਹੈ? ਕਿੰਨਾ ਪੁਰਾਣਾਂ ਹੈ? ਉਸ ਦੇ ਹਿਸਾਬ ਨਾਲ ਅਪ੍ਰੇਸ਼ਨ ਕੀਤੇ ਜਾਂਦੇ ਹਨ। ਕਈ ਡਾਕਟਰ ਅੰਗ ਚੋਰ ਤੇ ਵਪਾਰੀ ਹਨ। ਸੀਬੋ ਦਾ ਲੱਕ ਦਾ ਜੋੜ ਖਿਸਕ ਗਿਆ ਸੀ। ਉਸ ਤੋਂ ਭਾਵੇਂ ਤੁਰਿਆ ਨਹੀਂ ਜਾਂਦਾ ਸੀ। ਉਸ ਨੇ ਇੰਡੀਆ ਜਾ ਕੇ ਇਲਾਜ ਕਰਾਉਣ ਦੀ ਜਿੰਦ ਫੜੀ ਹੋਈ ਸੀ। ਕੈਨੇਡਾ ਵਿੱਚ ਵੀਲ ਚੇਅਰ ਵਾਲੇ ਲਈ ਬਹੁਤ ਸਹੂਲਤਾਂ ਹਨ। ਪੈਦਲ ਤੁਰਨ ਵਾਲੇ ਜ਼ਿਆਦਾਤਰ ਐਸੇ ਲੋਕਾਂ ਦੀ ਮਦਦ ਕਰਦੇ ਹਨ। ਗੌਰਮਿੰਟ ਵੱਲੋਂ ਵੀ ਦਵਾਈਆਂ ਤੇ ਰਹਿਣ ਲਈ ਮੁਫ਼ਤ ਥਾਂ ਦਿੱਤੀ ਜਾਂਦੀ ਹੈ। ਅੰਗਹੀਣ ਲੋਕਾਂ ਲਈ ਐਸੀਆਂ ਕਾਰਾਂ, ਮੋਟਰਾਂ ਬਣਾਈਆਂ ਜਾਂਦੀਆਂ ਹਨ। ਜੋ ਆਸਾਨੀ ਨਾਲ ਚਲਾ ਸਕਣ। ਇੰਡੀਆ ਵਿੱਚ ਲੋਕ ਬੰਦੇ ਨੂੰ ਪੈਰਾਂ ਉੱਤੇ ਖੜ੍ਹੇ ਨੂੰ ਸਿੱਟ ਦਿੰਦੇ ਹਨ। ਸੀਬੋ ਕੈਨੇਡਾ ਨੂੰ ਛੱਡ ਕੇ, ਇੰਡੀਆ ਮੋਗੇ ਇਲਾਜ ਕਰਾਉਣ ਚੱਲੀ ਸੀ। ਬੈਂਕ ਵਿਚੋਂ ਸਾਰੇ ਡਾਲਰ ਵੀ ਲੈ ਗਈ। ਇੰਡੀਆ ਜਾਣ ਸਾਰ ਵੀਲ ਚੇਅਰ ਛੁੱਟ ਗਈ ਸੀ। ਵਿਹੜਾ ਵੀ ਪੱਧਰਾ ਨਹੀਂ ਸੀ। ਜਦੋਂ ਵੀ ਉਸ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਹੁੰਦਾ ਸੀ। ਦੋ ਜਾਣੇ ਚੱਕ ਕੇ ਇੱਧਰ-ਉੱਧਰ ਕਰਦੇ ਸਨ। ਸੀਬੋ ਦੀ ਜ਼ੁਬਾਨ ਬਿਲਕੁਲ ਚੁੱਪ ਨਹੀਂ ਹੁੰਦੀ ਸੀ। ਸਬ ਨੂੰ ਗਾਲ਼ਾਂ ਕੱਢਦੀ ਸੀ। ਮੁਰਦਾ ਬੋਲੂ, ਖੱਫਣ ਪਾੜੂ। ਜਦੋਂ ਮੌਤ ਨੇੜੇ ਦਿਸਦੀ ਹੈ। ਬੰਦੇ ਦਾ ਇਹੀ ਹਾਲ ਹੁੰਦਾ ਹੈ।

ਕੁੱਝ ਹੀ ਦਿਨਾਂ ਵਿੱਚ ਸੀਬੋ ਤੋਂ ਰਿਸ਼ਤੇਦਾਰ ਅੱਕ ਗਏ ਸਨ। ਉਸ ਨੂੰ ਹਸਪਤਾਲ ਵਿੱਚ ਮੋਗੇ ਦਾਖ਼ਲ ਕਰ ਦਿੱਤੀ। ਮੋਗੇ ਵਾਲੇ ਡਾਕਟਰਾਂ ਨੇ ਪੂਰੀ ਫ਼ੀਸ ਲੈ ਲਈ। ਸੀਬੋ ਨੂੰ ਜ਼ਿਆਦਾ ਬਿਮਾਰ ਦੇਖ ਕੇ. ਲੁਧਿਆਣੇ ਦੇ ਹੋਸਪੀਟਲ ਵਿੱਚ ਭੇਜ ਦਿੱਤਾ। ਉੱਥੇ ਲੱਕ ਦੀਆਂ ਹੱਡੀਆਂ ਸਿੱਧੀਆਂ ਕਰਨ ਦਾ ਅਪ੍ਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਰੱਬ ਜਾਣਦਾ ਹੈ। ਉਸ ਦੇ ਕਿਹੜੇ ਅੰਗ ਕੱਢੇ. ਬਦਲੇ ਗਏ? ਕੀ-ਕੀ ਰੀਸਰਚ ਕੀਤੀ ਗਈ? ਸੀਬੋ ਦੇ ਸਰੀਰ ਵਿੱਚ ਜ਼ਹਿਰ ਫੈਲ ਗਈ। ਤੀਜੇ ਦਿਨ ਉਸ ਦੀ ਲਾਸ਼ ਦੇ ਦਿੱਤੀ ਗਈ। ਲਾਸ਼ ਜ਼ਿਆਦਾ ਚਿਰ ਰੱਖਣ ਵਾਲੀ ਨਹੀਂ ਸੀ। ਗੈਰੀ ਦੇ ਕੈਨੇਡਾ ਤੋਂ ਆਉਣ ਤੋਂ ਪਹਿਲਾਂ ਹੀ ਦਾਗ਼ ਲੱਗਾ ਦਿੱਤਾ ਸੀ। ਕੈਨੇਡਾ ਦਾ ਸਿਟੀਜ਼ਨ ਹੋਣ ਕਰ ਕੇ, ਇੰਡੀਆ ਦਾ ਵੀਜ਼ਾ ਲੈਣ ਨੂੰ ਕਾਫ਼ੀ ਦਿਨ ਲੱਗ ਗਏ ਸਨ। ਸੀਬੋ ਦੇ ਭੋਗ ਦੀ ਅਰਦਾਸ ਵਿੱਚ ਤੇ ਦਾਨ ਪੁੰਨ ਕਰਨ ਵੇਲੇ ਨੂੰ ਗੈਰੀ ਪਹੁੰਚ ਗਿਆ ਸੀ। ਜਿਊਦੀ ਮਾਂ ਨੂੰ ਗੈਰੀ ਨੇ ਘਰੋਂ ਕੱਢ ਦਿੱਤਾ ਸੀ। ਗੈਰੀ ਉਸ ਨੂੰ ਮਿਲਣ ਵੀ ਨਹੀਂ ਜਾਂਦਾ ਸੀ। ਸੁੱਖੀ ਹੀ ਸੀਬੋ ਨੂੰ ਸੀਨੀਅਰ ਸੈਂਟਰ ਵਿਚੋਂ ਘਰ ਲੈ ਆਈ ਸੀ।

ਮਰਨ ਪਿੱਛੋਂ ਸਰੀਰ ਨਾਲ ਕੀ ਬੀਤਦੀ ਹੈ? ਕਿਸੇ ਜੀਵ ਨੂੰ ਪਤਾ ਨਹੀਂ ਲੱਗਦਾ। ਮ੍ਰਿਤਕ ਸਰੀਰ ਨੂੰ ਅੱਗ ਵਿੱਚ ਜਾਲੋਂ, ਮਿੱਟੀ ਵਿੱਚ ਦੁਬਾਉ, ਪਾਣੀ ਵਿੱਚ ਡੋਬੋ, ਚਾਹੇ ਚੀਰ ਫਾੜ ਕਰ ਕੇ ਰੀਸਰਚ ਕਰੋ। ਜਾਲ ਕੇ ਸੁਆਹ ਬਣਾਉਣ ਨਾਲੋਂ, ਪਾਣੀ ਜਾਂ ਮਿੱਟੀ ਵਿਚ ਕਿਸੇ ਜੀਵ ਦਾ ਢਿੱਡ ਭਰੇ ਵੱਡਾ ਪੁੰਨ ਹੈ। ਮਰੇ ਸਰੀਰ ਦੇ ਅੰਗ ਦਾਨ ਕਰਨੇ, ਮਰਿਆ ਸਰੀਰ ਰੀਸਰਚ ਕਰਨ ਨੂੰ ਦੇ ਕੇ, ਹੋਰ ਬਿਮਾਰੀਆਂ ਦਾ ਇਲਾਜ ਲੱਭਣ ਦਾ ਬਹੁਤ ਵੱਡਾ ਪੁੰਨ ਹੈ। ਜਿਉਂਦੇ ਬੰਦੇ ਨਾਲ ਚੰਗੀ ਬੋਲ-ਚਾਲ ਰੱਖਣਾ। ਹੋਰ ਵੀ ਬਹੁਤ ਇੱਜ਼ਤ ਤੇ ਮਾਣ ਦੀ ਗੱਲ ਹੈ।

ਗੈਰੀ ਨੂੰ ਪਿੰਡ ਦੀ ਹਵਾ ਰਾਸ ਆ ਗਈ ਸੀ। ਉਹ ਮਾਂ ਦੇ ਭੋਗ ਤੇ ਗਿਆ ਹੀ ਨਹੀਂ ਮੁੜਿਆ ਸੀ। ਗੈਰੀ ਦਾ ਮਸਾਂ ਸ਼ਿਫ਼ਟਾਂ ਲਗਾਉਣ ਤੋਂ ਖਹਿੜਾ ਛੁੱਟਿਆ ਸੀ। ਕੰਮ ਤੇ ਜਾਣ ਲਈ ਸੌਣ ਤੋਂ ਪਹਿਲਾਂ ਅਲਾਰਮ ਲਗਾਉਣਾ ਪੈਂਦਾ ਸੀ। ਜਦੋਂ ਅਲਾਰਮ ਵੱਜਦਾ ਸੀ। ਉਬੜ ਵਾਹੇ ਉੱਠਦਾ ਸੀ। ਜਿਵੇਂ ਕੋਈ ਡਰਾਉਣਾ ਸੁਪਨਾ ਦੇਖ ਲਿਆ ਹੋਵੇ। ਬਹੁਤੀ ਬਾਰ ਤਾਂ ਨੀਂਦ ਨਹੀਂ ਪੂਰੀ ਹੋਈ ਹੁੰਦੀ ਸੀ। ਥਕੇਵਾਂ ਵੀ ਨਹੀਂ ਲਹਿੰਦਾ ਸੀ। ਮਨ ਉੱਠਣ ਨੂੰ ਨਹੀਂ ਕਰਦਾ ਸੀ। ਸਰੀਰ ਨਾਲੋਂ ਕੈਨੇਡਾ ਦੇ ਡਾਲਰਾਂ ਦਾ ਮੋਹ ਜ਼ਿਆਦਾ ਸੀ। ਗੈਰੀ ਅੱਖ ਖੁੱਲ ਦੇ ਹੀ ਕੰਮ ਕਰਨ ਨੂੰ ਭੱਜਦਾ ਸੀ। ਰਾਤ ਨੂੰ ਸੌਣ ਲਈ ਹੀ ਘਰ ਆਉਂਦਾ ਸੀ। ਜਿਸ ਦਿਨ ਦਾ ਪਿੰਡ ਗਿਆ ਸੀ। ਜਾਨ ਸੌਖੀ ਹੋ ਗਈ ਸੀ। ਇੰਨੇ ਸਾਲਾਂ ਪਿੱਛੋਂ ਅਕਲ ਆਈ ਸੀ। ਸਾਰੀ ਉਮਰ ਕੰਮ ਕਰ ਕੇ ਵੀ ਕੁੱਝ ਹੱਥ ਨਹੀਂ ਆਇਆ ਸੀ।


ਅੱਜ ਤੱਕ ਘਰ, ਕਾਰਾਂ ਦੀਆਂ, ਬੈਂਕ ਦੀਆਂ ਕਿਸ਼ਤਾਂ ਤੇ ਬਿਲ ਦੇਣ ਵਿੱਚ ਹੀ ਸਾਰੀ ਕਮਾਈ ਰੋੜ ਦਿੱਤੀ ਸੀ। ਘਰ ਫ਼ਰੀ ਕਰਨ ਦੇ ਚਾਅ ਵਿੱਚ ਦਾਰੂ ਤੋਂ ਬਗੈਰ ਚੱਜ ਨਾਲ ਖਾਂਦਾ ਪੀਤਾ ਵੀ ਨਹੀਂ ਸੀ। ਦਾਰੂ ਵੀ ਥਕੇਵਾਂ ਲਾਹੁਣ ਦੇ ਬਹਾਨੇ ਪੀਂਦਾ ਸੀ। ਗੈਰੀ ਨੂੰ ਪਿੰਡ ਤਾਂ ਸ਼ਰਾਬ ਤੇ ਰੋਟੀ ਕੈਨੇਡਾ ਤੋਂ ਆ ਕੇ ਸਸਤੀ ਲੱਗਦੀ ਹੈ। ਸਬਰ ਜਿਹਾ ਆ ਗਿਆ ਸੀ। ਪਿੰਡ ਜ਼ਮੀਨ ਚਾਚਾ ਵਾਹੁੰਦਾ ਸੀ। ਇਸੇ ਕਰ ਕੇ ਮਹੀਨਾ ਕੁ ਗੈਰੀ ਨੇ ਚਾਚੇ ਦੇ ਘਰੋਂ ਰੋਟੀ ਖਾਦੀ। ਗੈਰੀ ਨੂੰ ਲੱਗਣ ਲੱਗਾ ਸੀ। ਉਸ ਸਿਰ ਅਹਿਸਾਨ ਚੜ੍ਹ ਰਿਹਾ ਹੈ। ਉਸ ਨੇ ਆਪ ਦੇ ਚਾਚੇ ਨੂੰ ਕਿਹਾ, " ਚਾਚਾ ਜੀ ਇੰਨੇ ਦਿਨ ਹੋ ਗਏ। ਮੈਂ ਤੁਹਾਡੇ ਘਰੋਂ ਰੋਟੀ ਖਾਂਦਾ ਹਾਂ। " " ਫਿਰ ਕੀ ਹੋ ਗਿਆ? ਤੇਰਾ ਮੇਰਾ ਕਿਹੜਾ ਕੁੱਝ ਵੰਡਿਆ ਹੈ? " ਚਾਚੀ ਨੇ ਕਿਹਾ, " ਪੁੱਤਰ ਤੂੰ ਬੇਗਾਨਿਆਂ ਵਾਲੀਆਂ ਗੱਲਾਂ ਕਿਉਂ ਕਰਦਾ ਹੈ? ਜਿਹੋ ਜਿਹੇ ਮੇਰੇ  ਪੁੱਤਰ ਹਨ। ਵੈਸਾ ਹੀ ਸਾਨੂੰ ਤੂੰ ਵੀ ਹੈ। " " ਚਾਚੀ ਜੀ, ਉਹ ਤਾਂ ਠੀਕ ਹੈ। ਮੇਰਾ ਮਤਲਬ ਹੈ। ਹਿਸਾਬ ਕਿਤਾਬ ਰੱਖਣਾ ਚਾਹੀਦਾ ਹੈ। ਅਜੇ ਮੇਰਾ ਕੈਨੇਡਾ ਜਾਣ ਦਾ ਇਰਾਦਾ ਨਹੀਂ ਹੈ। " ਚਾਚੀ ਨੇ ਆਪਣੇ ਪਤੀ ਵੱਲ ਟੇਢਾ ਜਿਹਾ ਝਾਕਿਆ। ਉਸ ਨੇ ਕਿਹਾ, " ਪੁੱਤ ਇਹ ਕੀ ਕਿਹਾ? ਲੋਕ ਤਾਂ ਕੈਨੇਡਾ ਜਾਣ ਨੂੰ ਜਾਨ ਉੱਤੇ ਖੇਡ ਜਾਂਦੇ ਹਨ। ਤੇਰੀ ਵਹੁਟੀ ਉਡੀਕਦੀ ਹੋਣੀ ਹੈ। ਛੁੱਟੀਆਂ ਬਹੁਤ ਹੋ ਗਈਆਂ। ਹੁਣ ਤੂੰ ਜਾਣ ਦੀ ਤਿਆਰੀ ਕਰ ਲੈ। " " ਤਾਂ ਹੀ ਮੈਂ ਸੋਚਦਾ ਸੀ। ਬਹੁਤਾ ਚਿਰ ਵਿਹਲਿਆ ਨੂੰ ਰੋਟੀਆਂ ਨਹੀਂ ਮਿਲਦੀਆਂ। ਤੁਸੀਂ ਮੈਨੂੰ ਅਲੱਗ ਕਰ ਦਿਓ। ਨਾਲੇ ਮੈਨੂੰ ਜ਼ਮੀਨ ਦਾ ਮਾਮਲਾ ਵਟਾਈ ਵੀ ਚਾਹੀਦਾ ਹੈ। " ਚਾਚੇ ਦੀ ਆਵਾਜ਼ ਹੀ ਬਦਲ ਗਈ ਸੀ। ਉਹ ਔਖਾ ਜਿਹਾ ਬੋਲਿਆ, " ਉਏ ਭਤੀਜ ਜ਼ਮੀਨ ਦਾ ਹਿੱਸਾ ਤੇਰੇ ਪਿਉ ਨੇ ਮੇਰੇ ਤੋਂ ਨਹੀਂ ਮੰਗਿਆ ਸੀ। ਤੂੰ ਕਲ ਦਾ ਬੱਚਾ ਐਡਾ ਮੂੰਹ ਅੱਡਣ ਲੱਗਾ ਹੈ। ਜਾ ਮੈਂ ਨਹੀਂ ਦੁਆਨੀ ਦਿੰਦਾ। ਤੇਰੀ ਦਾਲ-ਰੋਟੀ ਵੀ ਅੱਜ ਤੋਂ ਬੰਦ ਕਰ ਦਿੰਦਾ ਹਾਂ। ਤੂੰ ਆਪ ਦਾ ਜ਼ੋਰ ਲਾ ਲੈ। " ਚਾਚੀ ਨੇ ਕਿਹਾ, " ਪੁੱਤ ਮਿੱਠੀ ਪਿਆਰ ਨਾਲ ਰਹੀਦਾ ਹੈ। ਘੂਰਨ ਨਾਲ ਤਾਂ ਕੁੱਤਾ ਵੀ ਲੱਤ ਪਾੜਨ ਆਉਂਦਾ ਹੈ। " ਗੈਰੀ ਨੇ ਰਾਤ ਦੀ ਰੋਟੀ ਨਹੀਂ ਖਾਂਦੀ ਸੀ। ਸ਼ਰਾਬ ਹੀ ਪੀ ਜਾਂਦਾ ਸੀ। ਜਿਸ ਦਾ ਉਸੇ ਨੂੰ ਕੋਈ ਨਸ਼ਾ ਨਹੀਂ ਹੋ ਰਿਹਾ ਸੀ। ਰੂੜੀ ਕੋਲ ਸੜਕ ‘ਤੇ ਉਸ ਨੇ ਦੋ ਕਮਰੇ ਕੈਨੇਡਾ ਤੋਂ ਜਾ ਕੇ ਪਾਏ ਸਨ। ਪਹਿਲੇ ਦਿਨ ਉਹ ਕਈ ਸਾਲਾਂ ਪਿੱਛੋਂ ਬਾਣ ਦੇ ਰੜੇ ਮੰਜੇ ਤੇ ਬਗੈਰ ਚਾਦਰ ਤੋਂ ਸੁੱਤਾ ਸੀ।


ਸੀਰੀ ਨੇ ਇਹ ਗੱਲ ਕਈਆਂ ਗੁਆਂਢੀਆਂ ਦੇ ਕੰਨਾਂ ਵਿੱਚ ਪਾ ਦਿੱਤੀ ਸੀ। ਗੈਰੀ ਨੂੰ ਆਸਰਾ ਦੇਣ ਵਾਲੇ ਕਈ ਸ਼ਰੀਕੇ ਵਿਚੋਂ ਚਾਚੇ ਤਾਏ ਆ ਗਏ ਸਨ। ਇੱਕ ਤਾਂ ਜਾ ਕੇ ਸਰਪੰਚ ਨੂੰ ਵੀ ਲੈ ਆਇਆ ਸੀ। ਇਹ ਸਰਪੰਚ ਤੇ ਸ਼ਰੀਕ ਕਈ ਬਾਰ ਗੈਰੀ ਤੋਂ ਦਾਰੂ ਪੀ ਕੇ ਗਏ ਸਨ। ਸਾਰੇ ਤਮਾਂਸਾਂ ਦੇਖਣ ਵਾਲੇ ਸਨ। ਸਰਪੰਚ ਨੇ, ਗੈਰੀ ਨੂੰ ਕਿਹਾ, " ਤੇਰੀ ਇਹ ਹਾਲਤ ਹੋ ਗਈ। ਤੂੰ ਰਾਤ ਮੇਰੇ ਕੋਲ ਆ ਜਾਣਾ ਸੀ। ਜਾਂ ਕਿਸੇ ਕੋਲ ਸੁਨੇਹਾ ਭੇਜ ਦਿੰਦਾ। ਐਸੇ ਸਮੇਂ ਹੀ ਤਾਂ ਬੰਦਾ ਕੰਮ ਆਉਂਦਾ ਹੈ। " " ਸਰਪੰਚ ਜੀ, ਤੁਸੀਂ ਬਹੁਤ ਖੇਚਲ ਕੀਤੀ ਹੈ। ਇੱਕ ਮਿਹਰਬਾਨੀ ਕਰ ਦਿਉ। ਮੈਨੂੰ ਮੇਰੀ ਜ਼ਮੀਨ ਵਿਚੋਂ ਹਿੱਸਾ ਵੰਡਾ ਦਿਉ। " " ਇਹੀ ਤਾਂ ਸਾਡਾ ਕੰਮ ਹੈ। ਮੇਰੇ ਹੁੰਦੇ ਹੋਏ, ਤੂੰ ਫ਼ਿਕਰ ਨਾਂ ਕਰ। ਮੈਂ ਹੁਣੇ ਤੇਰੇ ਚਾਚੇ ਵੱਲ ਜਾਂਦਾ ਹਾਂ। ਉਹ ਮੇਰੀ ਗੱਲ ਨਹੀਂ ਉਲੱਦਦਾ। ਲਿਆ ਪਹਿਲਾਂ ਸਾਨੂੰ ਦੋ-ਦੋ ਪੈੱਗ ਪਿਲਾ ਕੇ ਗਰਮ ਕਰ। ਕਿੱਲੋ ਮੱਛੀ ਵੀ ਮੰਗਾ ਲੈ। ਗੈਰੀ ਨੇ ਸਾਰਿਆ ਵਿਚਾਲੇ ਬੋਤਲ ਰੱਖ ਦਿੱਤੀ ਸੀ। ਸਣੇ ਸਰਪੰਚ ਤੇ ਸ਼ਰੀਕੇ ਵਾਲੇ ਕਾਂਵਾਂ ਵਾਂਗ ਬੋਤਲ ਦੁਆਲੇ ਹੋ ਗਏ ਸਨ। ਸੀਰੀ ਮੱਛੀ ਲੈਣ ਚਲਾ ਗਿਆ ਸੀ। ਮੱਛੀ ਦੇ ਪਕੌੜਿਆਂ ਵਾਲਾ ਪਿੰਡ ਦੇ ਦਰਵਾਜ਼ੇ ਮੂਹਰੇ ਦੁਕਾਨ ਲਗਾਉਂਦਾ ਸੀ। ਉਹ ਪਿੰਡ ਦੇ ਛੱਪੜ ਵਿਚੋਂ ਹੀ ਮੱਛੀਆਂ ਫੜਦਾ ਸੀ। ਛੱਪੜ ਦਾ ਪਾਣੀ ਸਾਬਣ ਤੇ ਨਾਲੀਆਂ ਦੇ ਗੰਦ ਨਾਲ ਤੱਤਾ ਭਰਪੂਰ ਰੂੜੀ ਦੇ ਰਿਉ ਤੋਂ ਵੀ ਗੁਣਕਾਰੀ ਸੀ।


ਮੱਛੀ ਦੀ ਵਾਸ਼ਨਾ ਸੁੰਘਦਾ ਗੈਰੀ ਦਾ ਚਾਚਾ ਵੀ ਆ ਗਿਆ ਸੀ। ਗੈਰੀ ਨੇ ਗ਼ੁੱਸੇ ਨਾਲ ਉਸ ਤੋਂ ਪਾਸਾ ਪਲਟ ਲਿਆ ਸੀ। ਸਰਪੰਚ ਨੇ ਕਿਹਾ, " ਜਵਾਨਾਂ ਚਾਚੇ ਭਤੀਜੇ ਦੀ ਕੋਈ ਲੜਾਈ ਨਹੀਂ ਹੁੰਦੀ। ਖ਼ੂਨ ਨੂੰ ਖ਼ੂਨ ਖਿੱਚਦਾ ਹੈ। ਬਾਈ ਤੂੰ ਵੀ ਜੁਆਕਾ ਵਾਲੀਆਂ ਗੱਲਾਂ ਕਰਦਾਂ ਹੈ। ਇੱਧਰ ਪਰੇ ਹੋ ਕੇ ਮੇਰੀ ਗੱਲ ਸੁਣ। " ਸਰਪੰਚ ਗੈਰੀ ਦੇ ਚਾਚੇ ਨੂੰ ਪਰੇ ਲੈ ਗਿਆ ਸੀ। ਉਸ ਨੇ ਕਿਹਾ, " ਯਾਰ ਤੂੰ ਇੰਨੇ ਚਿਰ ਦਾ ਜ਼ਮੀਨ ਖਾਂਦਾ ਹੈ। 30 ਹਜ਼ਾਰ ਇਸ ਦੇ ਹੱਥ ਤੇ ਰੱਖ ਦੇ। ਇਸ ਦਾ ਮੂੰਹ ਬੰਦ ਹੋ ਜਾਵੇਗਾ। ਇਸ ਨੇ ਕਿਹੜਾ ਉਮਰ ਭਰ ਇੱਥੇ ਬੈਠਣਾ ਹੈ? ਜਦੋਂ ਹਾੜ ਦੇ ਮਹੀਨੇ ਤ੍ਰੇਲੀਆਂ ਆਈਆਂ। ਇਸ ਨੇ ਕੈਨੇਡਾ ਨੂੰ ਭੱਜਣਾ ਹੈ। " ਚਾਚੇ ਦੀਆਂ ਵਾਸਾ ਖਿੜ ਗਈਆਂ। ਸਰਪੰਚ ਤੇ ਚਾਚੇ ਨੇ ਹੱਥ ਮਿਲਾਇਆ। ਦੋਨੇਂ ਬੁੱਲ੍ਹਾਂ ਵਿੱਚ ਹੱਸਦੇ ਢਾਣੀ ਵਿੱਚ ਆ ਬੈਠੇ। ਚਾਚੇ ਨੇ ਕਿਹਾ, " ਗੈਰੀ ਜੋ ਸਰਪੰਚ ਫ਼ੈਸਲਾ ਕਰ ਦੇਵੇਗਾ। ਉਹ ਮੈਨੂੰ ਮਨਜ਼ੂਰ ਹੈ। ਤੂੰ ਕਿਹੜਾ ਬਾਹਰ ਦਾ ਬੰਦਾ ਹੈ। ਮੇਰੇ ਭਰਾ ਦੀ ਔਲਾਦ ਹੈ। " ਉਸ ਨੇ ਗੈਰੀ ਨੂੰ ਜੱਫੀ ਵਿੱਚ ਲੈ ਲਿਆ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com