ਮਿੱਤਰ ਨਾਲੋਂ ਦੁਸ਼ਮਣ ਬੇਹਤਰ ! - ਬੁੱਧ ਸਿੰਘ ਨੀਲੋਂ


ਮਿੱਤਰੋਂ ! ਜਦੋਂ ਦੇ ਚੌਂਕੀਦਾਰ ਬਣੇ ਆ, ਹੁਣ ਮਿੱਤਰਾਂ ਦੇ ਬੋਲ ਪਿਆਰੇ ਹੀ ਨਹੀਂ ਲੱਗਦੇ, ਸਗੋਂ ਸ਼ਰਬਤ ਦਾ ਪਾਣੀ ਬਣ ਗਏ ਹਨ। ਉਸ ਵੇਲੇ ਤੋਂ ਅਸੀਂ ਪੁਲਿਸ ਵਾਂਗ 'ਨੋਟਾਂ ਤੇ ਮਾਲ' ਦੀ ਬਰਾਮਦਗੀ ਤਾਂ ਨੀ ਕੀਤੀ । ਦੁਸ਼ਮਣ ਕਮਾਏ ਹਨ … ਦੋਸਤ ਗਵਾਏ ਹਨ … ਇਹ ਹੈ ਸੱਚ ਬੋਲਣ ਦੀ ਕਮਾਈ !
ਪਰ ਆਲੇ ਦੁਆਲੇ 'ਵੱਟਿਆਂ' ਦਾ 'ਬੋਹਲ' ਜਰੂਰ ਬਣਾ ਲਿਆ। ਚਾਰੇ ਪਾਸੇ ਮਿੱਤਰਾਂ ਦੀ ਨੀ ਦੁਸ਼ਮਣਾਂ ਦੀ ਭੀੜ ਕੱਠੀ ਕਰ ਲਈ ਐ ਇਹ ਉਹ ਹਨ ਜੋ ਡੰਗ ਵੀ ਮਾਰਦੇ ਤੇ ਮਾਲ ਵੀ ਚਾਰਦੇ ਆ ….
ਹੁਣ ਹਰ ਵੇਲੇ ਇਹ ਡਰ ਬਣਿਆ ਰਹਿੰਦਾ ਹੈ ਕਿ ਜਦੋਂ 'ਪੁਰੇ ਦੀ ਵਾਅ' ਚੱਲੀ ਤਾਂ ਹੱਡਾਂ 'ਚ ਪੀੜ ਹੀ ਸ਼ੁਰੂ ਨਾ ਹੋ ਜਾਵੇ। ਲੇਖਕ ਭਾਈਚਾਰੇ ਨੂੰ ਇਹ ਝੋਰਾ ਵੱਢ-ਵੱਢ ਖਾਈ ਜਾਂਦਾ ਹੈ ਕਿ ਇਹ 'ਬੁੱਕਲ' 'ਚ ਬੈਠ ਕੇ ਮੁੱਛਾਂ ਮੁੰਨੀ ਜਾਂਦਾ ਹੈ। ਦਰਦ ਵਧੀ ਜਾਂਦਾ …..
ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ।
ਮਾੜੇ ਦੀ ਜਨਾਨੀ ਭਾਬੀ ਸਭ ਦੀ ਹੁੰਦੀ ਐ।
ਨਾਲ ਕੌਣ ਆਖੇ ਰਾਣੀਏ ਅੱਗਾ ਢਕ।
ਜੇ ਕ੍ਰਿਸ਼ਨ ਇਸ਼ਕ ਕਰੇ ਤਾਂ ਰਾਸ ਲੀਲਾ, ਜੇ ਕੋਈ ਮਾਤੜ ਕਰੇ ਤਾਂ ਛੇੜਛਾੜ ਦਾ ਮਾਮਲਾ। ਪਰਚਾ ਬਲਾਤਕਾਰ ਦਾ. ਕੀ ਨਹੀਂ ਹੁੰਦਾ … ਬਲਦੇਵ ਸਿੰਘ ਦੇ ਨਾਵਲ "ਇਕਵੀਂ ਸਦੀ" ਤੇ "ਗੰਦਲੇ ਪਾਣੀ" .. ਪੜ੍ਹਨ ਦੀ ਲੋੜ ਹੈ … ਪਤਾ ਲੱਗ ਜੂ ਪੰਜਾਬ ਕਿਧਰ ਤੁਰ ਰਿਹਾ ਹੈ … ਨਹੀਂ ਫੇਰ ਕਰਨਲ ਜਸਬੀਰ ਭੁੱਲਰ ਦਾ ਨਵਾਂ ਨਾਵਲ " ਖਿੱਦੋ" ਪੜ੍ਹਨ ਦੀ ਜਰੂਰਤ ਹੈ। ਜਦੋਂ ਅੰਨ੍ਹੇ ਪੀਹਣ ਤੇ ਕੁੱਤੇ ਚੱਟਦੇ ਹੁੰਦੇ ਆ … ਸਭ ਗੋਲਮਾਲ ਹੈ .. ਗੋਲਮਾਲ ..
ਜਦੋ ਮੀਆਂ ਬੀਵੀ ਰਾਜ਼ੀ ਤਾਂ ਕੀ ਕਰੂਗਾ ਕਾਜ਼ੀ। ਜਦੋਂ ਤਕ ਮਿਲਦੀਆਂ ਰੋਟੀਆਂ ਸਭੇ ਗੱਲਾਂ ਖੋਟੀਆ.। ਹੁਣ ਪਰਦੇ ਖੁੱਲ੍ਹਦੇ ਹਨ … ਪਰ ਇਨ੍ਹਾਂ ਨਾ ਸ਼ਰਮ ਹੈ ਤੇ ਨਾ ਹਿਯਾ ਹੈ .... ਪੂਰੇ ਕੰਜਰ ਬਣ ਗਏ ਹਨ … ਰੱਜੇ ਨੂੰ ਰਜਾਓ ਜੀ ..
ਮੇਰਾ ਰੋਣ ਨੂੰ ਜੀ ਕਰਦਾ ਹੈ … ਹੁਣ ਕਲੇਰਾਂ ਵਾਲਿਆਂ ਦਾ ਇਨਾਮ ਮੈਨੂੰ ਕਿਵੇਂ ਮਿਲੇ … ਹੁਣ ਦੁਬਾਰਾ ਜੁਗਾੜਬੰਦੀ ਸ਼ੁਰੂ ਕੀਤੀ ਹੈ .... ਢਿੱਡ ਭਰ ਗਿਆ ਨੀਤ ਨਹੀਂ ਭਰੀ...!
ਪਰ ਮਿੱਤਰੋਂ ! ਕਰੀਏ ਕੀ ?
ਅਖੇ ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ।
ਖੱਟੀ ਖੱਟਗੇ ਮੁਰੱਬਿਆਂ ਵਾਲੇ ਤੇ
ਅਸੀਂ ਰਹਿ ਗੇ ਭਾਅ ਪੁੱਛਦੇ। ….... ਖ਼ੈਰ !
ਜਦੋਂ ਆਪਣੇ ਹੀ ਪਰਾਏ ਹੋ ਜਾਣ ਤਾਂ ਫਿਰ ਭੁੱਖਾ ਮਰਦਾ ਬੰਦਾ ਕੀ ਨੀ ਕਰਦਾ ? ਉਹ ਜਿਉਂਦੇ ਰਹਿਣ ਲਈ ਪਾਪੜ ਤਾਂ ਵੇਲਦਾ? ਪਰ ਥੁੱਕ ਨਾਲ ਬੜੇ ਪਕਾਉਣੇ ਤਾਂ ਨਹੀਂ ਆਉਂਦੇ । ਇਸ ਕੋਰੋਨਾ ਦੀ ਆਡ ਵਿੱਚ ਸਰਕਾਰ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ । ਦੇਸ਼ ਦੇ ਲੋਕਾਂ ਨੇ ਅਜੇ ਵੀ ਨਹੀਂ ਸਮਝਣਾ .
ਅਸੀਂ ਤਾਂ 'ਨੰਗੇ ਧੜ' ਲੜ ਰਹੇ ਹਾਂ, ਤੇ ਨਿੱਤ 'ਨੰਗ-ਭੁੱਖ' ਨਾਲ ਮਰ ਰਹੇ ਹਾਂ। ਹੁਣ ਤੁਸੀਂ ਆਖੋਗੇ ਕਿ ਇਹ 'ਘੁਣਤਰਾਂ' ਕੀ ਪਾਈ ਜਾਂਦਾ ਐ? ਵਿਚਲੀ ਗੱਲ ਦੱਸ ਜਿਵੇਂ ਮਰਾਸੀ ਦੱਸਦੈ ਹੁੰਦੇ ਬੰਦੇ ਦਾ ਕੁਰਸੀਨਾਮਾ !
ਕਹਿੰਦਾ ਈਸਬਗੋਲ ਕੁੱਝ ਨਾ ਫੋਲ
ਮਿੱਤਰੋਂ ! ਅਸਲ ਗੱਲ ਇਹ ਹੈ ਕਿ ਆਪਾਂ ਮੁਰਗੀ ਵਾਂਗ ਨਿੱਤ ਆਂਡਾ ਨਹੀਂ ਦੇਂਦੇ ਨਾ ਹੀ ਕਦੇ ਆਪਣੀ 'ਜਿੱਤ ਦੇ ਝੰਡੇ ਗੱਡੇ' ਹਨ। ਪਰ ਜਦੋਂ ਆਲੇ-ਦੁਆਲੇ ਸ਼ਬਦਾਂ ਦੀਆਂ ਉਲਟੀਆਂ ਦਾ ਮੁਸ਼ਕ ਸਿਰ ਨੂੰ ਚੜਦਾ ਹੈ ਤਾਂ ਸੰਭਾਲ ਕੇ ਰੱਖੇ ਹਥਿਆਰ ਚੁੱਕਣੇ ਪੈਂਦੇ ਹਨ।
ਪਰ ਦੁੱਖ ਇਸ ਗੱਲ ਦਾ ਐ ਕਿ ਮੂਹਰੇ ਕੋਈ ਦੁਸ਼ਮਣ ਨਹੀਂ ਸਗੋਂ ਉਹ ਭਰਾ ਹਨ। ਜਿਹਨਾਂ ਦੇ ਖਿਲਾਫ ਜੰਗ ਲੜਨੀ ਪੈ ਗੀ। ਹੁਣ ਹਾਲਤ ਤਾਂ ਮਹਾਂਭਾਰਤ ਦੀ ਜੰਗ ਵਾਂਗ ਹੋ ਗਈ ਆ। ਸਾਡੇ ਕੋਲ ਤਾਂ ਕੋਈ ਕ੍ਰਿਸ਼ਨ ਵੀ ਨਹੀਂ ਜਿਹੜਾ ਆਪਣਿਆਂ ਨੂੰ ਮਾਰਨ ਲਈ 'ਗੀਤਾ ਦਾ ਉਪਦੇਸ਼' ਦਿੰਦਾ ਹੋਵੇ। ਹੁਣ ਤੇ ਭਵੀਸ਼ਣ ਨੀ ਕੋਈ ਰਾਜ਼ ਦੱਸਦੈ ਕਿ ਨਿੱਤ ਰੋਟੀ ਮੰਗਦੇ ਢਿੱਡ ਦਾ ਗਲਾ ਕਿਵੇਂ ਵੱਢੀਏ ?
ਹੁਣ ਹਾਲਤ ਹੀ ਇਹ ਮੇਰੇ ਕੱਲੇ ਦੇ ਨਹੀਂ ਸਭ ਦੇ ਬਣ ਗਏ ਕਿ ਹੁਣ ਇੱਥੇ ਤਾਂ ਲੜਾਈ ਵਿਰੋਧੀਆਂ ਨਾਲ ਲੜਨ ਦੀ ਵਜਾਏ ਬੰਦਾ ਆਪਣੇ ਆਪ ਨਾਲ ਹੀ ਲੜੀ ਜਾ ਰਿਹਾ ਹੈ।
ਇਸ ਲੜਾਈ ਵਿੱਚ ਕੋਈ ਹੋਰ 'ਮਰੇ ਜਾਂ ਨਾ ਮਰੇ' ਪਰ ਬੰਦਾ ਆਪਣੇ ਆਪ ਨੂੰ ਜਰੂਰ ਮਾਰਦਾ ਹੈ। ਨਿੱਤ ਮਰ ਰਿਹਾ, ਕਿਸੇ ਨੂੰ ਕੋਈ ਫਰਕ ਨੀ ਪਿਆ। ਬੰਦਾ ਕਿਵੇਂ ਮਰਦੈ ਹੈ ,ਇਸ ਦੀ ਕਿਧਰੇ ਭਿਣਕ ਵੀ ਨੀ ਪੈਂਦੀ ਤੇ ਨਾ ਹੀ ਕੰਨੋਂ-ਕੰਨੀਂ ਖ਼ਬਰ  ਹੁੰਦੀ ਹੈ।
ਕਿਧਰੇ ਸ਼ੋਕ ਮਤੇ ਵੀ ਨੀ ਪੈਂਦੇ, ਅਖ਼ਬਾਰਾਂ ਨੂੰ ਬਿਆਨ ਵੀ ਜਾਰੀ ਨਹੀਂ ਹੁੰਦੇ। ਇੱਥੇ ਕਈ ਸਮਾਜ ਦੇ ਚੌਧਰੀ ਸਵੇਰੇ ਉਠ ਕੇ ਇਹ ਦੇਖਦੇ ਨੇ ਕਿਹੜਾ ਬਿਆਨ ਜਾਰੀ ਕਰਨਾ ਹੈ।
ਇਹ ਕੰਮ ਸਿਆਸੀ ਆਗੂ ਕਰੇ ਤਾਂ ਕਰੇ, ਉਸ ਦੀ ਆਪਣੀ 'ਭੁੱਖ' ਹੋ ਸਕਦੀ ਹੈ, ਪਰ ਜਦੋਂ ਕੋਈ 'ਸਾਹਿਤ ਤੇ ਸਮਾਜ ਸੇਵੀ ਸੰਸਥਾ' ਇਹ ਸੋਚਣ ਲੱਗ ਪਏ ਕਿ 'ਘਬਰਾ ਨਾ ਤੇਰੀ ਮੌਤ' ਤੇ ਵੀ ਅਸੀਂ ਮਤਾ ਪਾ ਦਿਆਂਗੇ ਤੇ ਅਖ਼ਬਾਰ ਨੂੰ ਬਿਆਨ ਜਾਰੀ ਕਰ ਦਿਆਂਗੇ।
ਜਿਵੇਂ ਆਪ ਮਰਨਾ ਹੀ ਨੀ ਹੁੰਦਾ । ਬੰਦਾ ਸਰੀਰਕ ਮੌਤ ਤਾਂ ਇੱਕ ਦਿਨ ਮਰਦਾ ਪਰ ਮਾਨਸਿਕ ਤੌਰ ਤੇ ਪਲ ਪਲ ਮਰਦਾ। ਘਟਨਾ ਕੋਈ ਵੀ ਹੋਵੇ ,ਅੱਜ ਕੱਲ ਇਹੀ ਕੁੱਝ ਹੀ ਹੁੰਦਾ ਹੈ ਸਿਰਫ਼ ਬਿਆਨ ਹੀ ਜਾਰੀ ਹੁੰਦੇ ਹਨ। ਸਥਿਤੀ ਕਾਬੂ ਹੇਠ ਹੈ...ਜਾਂਚ ਕਮਿਸ਼ਨ ਬਣਾ ਦਿੱਤਾ ।
ਹਕੀਕਤ ਵਿੱਚ ਕੁੱਝ ਨਹੀਂ ਹੁੰਦਾ। ਕਦੋ ਤੋਂ ਕਮਿਸ਼ਨ ਬਣ ਰਹੇ ਹਨ. ਸਰਕਾਰ ਦੇ ਸਿੱਟ ਆਈ ਹੈ ਬਹੁਤ ਫਿਟ … ਪਰ ਲੋਕ ਰਹੇ ਪਿੱਟ … ਕੀ ਹੈ ਇਹ ਵੀਹ ਬਾਰ ਬਣੀ ਆ ਸਿੱਟ ?
ਜਦੋਂ ਸਾਰੇ ਹੀ ਮੂੰਹ ਮੀਚ ਕੇ ਬਹਿ ਜਾਣ … ਸਰਾਣੇ ਬਾਂਹ ਰੱਖ ਕੇ ਪੈ ਜਾਣ ਤਾਂ ਕਿਸੇ ਨੂੰ ਤਾਂ ਬੋਲਣਾ ਪਵੇਗਾ ਤੇ ਫੇਰ ਕਿਸੇ ਨੂੰ ਤਾਂ ਲਿਖਣਾ ਪਊ?
ਕਈਆਂ ਨੂੰ ਇਹ ਭਰਮ ਹੈ ਕਿ ਅਸੀਂ 'ਚੌਧਰੀ' ਹਾਂ ਤੇ ਸਾਡੀ ਚੌਧਰ ਦਾ ਵਧੇਰੇ ਬੋਲਬਾਲਾ ਹੈ, ਉਹ ਹਰ ਥਾਂ ਚੌਧਰ ਘੋਟਦੇ ਹਨ ਤੇ ਆਪਣੇ ਪ੍ਰਵਚਨ ਸੁਣਾਉਂਦੇ ਹਨ। ਕੁਰਸੀ ਦੁਆਲੇ ਪੂਛ ਮਾਰਦੇ ਹਨ …. ਕੁਰਸੀ ਤੇ ਜੀਭ ਫੇਰ ਕੇ ਸਾਫ ਕਰਦੇ ਹਨ ਤੇ ਝੋਲੀ ਭਰਦੇ ਹਨ।
ਕਈ ਵਾਰ ਭਰਮ ਵਿੱਚ ਜਾ ਸ਼ਰਮ ਵਿੱਚ ਮੀਸਣਾ ਹਾਸ ਹਸਦੇ ਹਨ ।ਉਹਨਾਂ ਦੀਆਂ ਝੱਲ ਵਲੱਲੀਆਂ ਦਾ ਪਤਾ ਨੀ ਲੱਗਦੈ ਕਿ ਹੋ ਕੀ ਰਿਹਾ..?
ਉਹ ਆਪਣਿਆਂ ਨੂੰ ਹੀ ਨਹੀਂ ਸਗੋਂ ਬੇਗਾਨਿਆਂ ਨੂੰ ਅਜਿਹੇ ਹੁਕਮ ਕਰਨ ਲੱਗਦੇ ਹਨ ਕਿ ਸੁਨਣ ਵਾਲੇ ਨੂੰ ਸਮਝ ਨੀ ਪੈਂਦੀ ਇਹ 'ਸੱਜਣ ਪੁਰਸ਼' ਕੀ ਕਹਿ ਰਹੇ ਹਨ ? ਬਹੁਤਿਆਂ ਨੇ ਲਿਖਣਾ ਸ਼ੁਗਲ ਬਣਾ ਲਿਆ ਹੈ। ਉਹਨਾਂ ਸ਼ੌਕ ਪਾਲ ਲਿਆ ਜਿਵੇਂ ਕਬੂਤਰ ਪਾਲੀ ਦੇ ਹਨ ।
ਹੁਣ ਉਹ ਸ਼ਰਾਬੀ ਵਾਂਗ ਕਿਤਾਬਾਂ ਦੀਆਂ 'ਉਲਟੀਆਂ' ਕਰੀ ਜਾ ਰਹੇ ਹਨ। ਉਨਾਂ ਦੀਆਂ ਕਿਤਾਬਾਂ ਕਿਸ ਦੀ 'ਜੇਬ' ਭਾਰੀ ਕਰਦੀਆਂ ਹਨ? ਇਹ ਤਾਂ ਉਹ ਜਾਣਦੇ ਹਨ, ਜਿਹੜੇ ਛਾਪਦੇ ਹਨ। ਜਿਸ ਤਰਾਂ ਹੁਣ ਸਮਾਜ ਵਿੱਚ ਇਨਾਂ 'ਉਲਟੀਧਾਰੀਆਂ' ਦਾ ਵਾਧਾ ਹੋਇਆ ਹੈ, ਇਸ ਨਾਲ ਆਲੇ-ਦੁਆਲੇ ਪ੍ਰਦੂਸ਼ਣ ਹੋਇਆ ਹੈ।
ਵਜਦੋਂ ਇਹੋ ਜਿਹੀਆਂ 'ਉਲਟੀਆਂ' ਨੂੰ ਲਿਪ ਪੋਚ ਕੇ ਲੋਕਾਂ ਨੂੰ 'ਵੱਡੇ' ਪੇਸ਼ ਕਰਨ ਤਾਂ ਸਮਝ ਨਹੀਂ ਆਉਂਦੀ ਕਿ ਅਸੀਂ ਕਿਹੜੇ ਸਮਿਆਂ 'ਚ ਕਿਹੜੇ ਕਵੀਆਂ ਦੇ ਘੇਰੇ ਵਿੱਚ ਫਸੇ ਬੈਠੇ ਹਾਂ। ਸ਼ਬਦਾਂ ਦੀਆਂ ਜੁਗਾਲੀਆਂ ਕਰਦਿਆਂ ਤੇ ਸੁਣਦਿਆਂ ਹੁਣ ਡਰ ਜਿਹਾ ਲੱਗਣ ਲੱਗ ਪਿਆ ਹੈ ਕਿ ਅਸੀਂ ਕਿਸ ਨੂੰ ਆਖੀਏ ਕਿ 'ਰਾਣੀਏ ਅੱਗਾ ਢੱਕ'।
ਹੁਣ ਤਾਂ ਚਿੱਟੀਆਂ ਮੁੱਛਾਂ ਵਾਲੇ 'ਰਾਣੀਆਂ' ਨੂੰ 'ਰਾਣੀਹਾਰ' ਪਾਉਣ ਦੇ ਲਈ ਪੱਬਾਂ ਭਾਰ ਹੋਏ ਆਪਣੇ ਕਾਰੋਬਾਰ ਹੀ ਬੰਦ ਕਰੀ ਜਾ ਰਹੇ ਹਨ। ਇਨਾਂ ਬੇਗ਼ਮਾਂ ਨੂੰ ਥਾਂ ਥਾਂ ਹੁੰਦੇ ਸ਼ਬਦਾਂ ਦੇ ਮੁਜਰਿਆਂ ਦੇ ਵਿੱਚ 'ਖਾਸ ਬੇਗ਼ਮ' ਦਾ ਖਿਤਾਬ ਦਿਵਾਉਣ ਲਈ ਜੁਗਾੜਬੰਦੀ ਕਰਦੇ ਹਨ ਜੇ ਅਗਾਂਹ ਦਾਲ ਨਾ ਗਲੇ ਤਾਂ ਪੱਲਿਓ ਮਾਇਆ ਵੀ ਭੇਟ ਕਰੀ ਜਾ ਰਹੇ ਹਨ।
ਇਨਾਂ 'ਚਿੱਟੀਆਂ ਮੁੱਛਾਂ' ਵਾਲਿਆਂ ਨੇ ਸਾਹਿਤ ਦੀ ਬੜੀ ਸੇਵਾ ਕੀਤੀ ਹੈ। ਇਹ ਹਰ ਵੇਲੇ ਅਸਮਾਨ ਚੜ੍ਹੀ ਇੱਲ ਵਾਂਗ 'ਕੱਚੇ ਮਾਸ' 'ਤੇ ਨਿਗਾ ਰੱਖਦੇ ਹਨ। ਜਦੋਂ ਕਦੇ ਅਸੀਂ ਇਨਾਂ 'ਚਿੱਟੀਆਂ' ਦਾਹੜੀਆਂ ਦੇ ਕੁਰਸੀਨਾਮੇ ਵੇਖਦੇ ਹਾਂ ਤਾਂ ਸਮਝ ਆਉਂਦੀ ਹੈ ਕਿ 'ਜਿਹੇ ਕੁੱਜੇ ਤੇਹੇ ਆਲੇ' ਹਨ।
ਉਹ ਆਪਣੇ ਆਲੇ ਦੁਆਲੇ ਜਿਹੜੇ 'ਗੜਵਈਆਂ' ਦੀ ਭੀੜ ਲਾਈ ਬੈਠੇ ਹਨ, ਜਦੋਂ ਉਹ ਪ੍ਰਵਚਨ ਕਰਦੇ ਹਨ ਕਿ ਸਾਡੇ ਆਲੇ ਦੁਆਲੇ ਸਮਾਜ ਵਿੱਚ ਏਨਾ ਪ੍ਰਦੂਸ਼ਣ ਵਧਾਉਣ ਵਾਲੀਆਂ ਸ਼ਕਤੀਆਂ ਪੈਦਾ ਹੋ ਗਈਆਂ ਹਨ, ਜਿਹੜੀਆਂ ਸਮਾਜ ਨੂੰ ਗਧਿਆਂ ਵਾਂਗ ਚਰੀ ਜਾ ਰਹੀਆਂ ਹਨ ਤਾਂ ਹਾਸਾ ਆਉਂਦਾ ਹੈ।
ਇਹ ਹਾਸਾ ਰੋਣੇ ਵਰਗਾ ਹੁੰਦਾ ਹੈ ਪਰ ਇਸ ਰੋਣੇ ਨੂੰ ਕੋਈ ਸੁਣਦਾ ਨਹੀਂ । ਸਗੋਂ ਹਰ ਕੋਈ 'ਟਿੰਡ ਵਿੱਚ ਕਾਨਾ' ਪਾਈ ਬੈਠਾ ਆਪਣਾ-ਆਪਣਾ ਰਾਗ ਅਲਾਪ ਰਿਹਾ ਹੈ। ਇਹ ਰਾਗ ਕਿਹੜਾ ਹੈ?
ਇਸ ਦੀ ਨਾ ਤਾਂ ਉਨਾਂ ਨੂੰ ਸਮਝ ਹੈ ਤਾਂ ਨਾ ਹੀ ਸੁਨਣ ਵਾਲਿਆਂ ਨੂੰ ਸਮਝ ਆਉਂਦੀ ਹੈ।
ਸਮਾਜ ਵਿੱਚ ਵੱਧ ਰਹੇ ਸ਼ੋਰ ਕਰਕੇ 'ਮੁਰਾਰੀ ਲਾਲ' ਆਪਣੀ ਚੁੱਪ ਦੀ ਗੁਫ਼ਾ ਵਿੱਚ ਬੈਠਾ ਆਖੀ ਜਾ ਰਿਹਾ ਹੈ। 'ਭਾਊ ਤੈੰ ਕੀ ਲੈਣਾ ਐ' ! ਢਕੀ ਰਿੱਝਣ ਦੇ।
ਪਰ ਚੌਕੀਦਾਰ ਕੀ ਕਹੇ ? ਜਾਗਦੇ ਰਹੋ ਜਾਗਦੇ ਕਿ .... ਚੋਰੋ ਆ ਜਾਓ ਤੇ ਘਰਾਂ ਵਾਲਿਓ ਸੌ ਜਾਓ ? ... ਜਦੋਂ ਅੰਨ੍ਹੀ ਪੀਹਵੇ ਤੇ ਕੁੱਤਾ ਚੱਟੇ .. ਫਿਰ ਤਾਂ ਏਹੀ ਕਹਿਣ ਦੀ ਲੋੜ ਹੈ।
ਚੌਕੀਦਾਰਾ ਲੈ ਮਿੱਤਰਾ ... ਤੇਰੇ ਲੱਗਦੇ ਨੇ ਬੋਲ ਪਿਆਰੇ। ਪਿਆਰ, ਜੰਗ ਤੇ ਸਿਆਸਤ ਵਿੱਚ ਸਭ ਜਾਇਜ਼ ਨਹੀਂ ਹੁੰਦਾ ਸਭ ਕੁਝ ਨਜਾਇਜ਼ ਹੁੰਦਾ ਐ। ਪਰ ਸਾਹਿਤ ਤੇ ਇਤਿਹਾਸ ਦੇ ਦਰਬਾਰੀ ਲੇਖਕਾਂ ਨੇ ਸਭ ਕੁੱਝ ਸੱਤਾ ਦੇ ਇਸ਼ਾਰੇ ਝੂਠ ਨੂੰ ਸੱਚ ਬਣਾ ਦਿੱਤਾ ਐ। ਪਰ ਸਮੇਂ ਦੇ ਨਾਲ ਤਾਂ ਹੜ੍ਹ ਦਾ ਪਾਣੀ ਵੀ ਨਿੱਤਰ ਜਾਂਦਾ ਐ।
ਪਰ ਹੁਣ ਤੇ ਮੀਡੀਆ ਕਰੋਨਾ ਵਾਇਰਸ ਦੀ ਪਰਲੋ ਲਿਆਉਣ ਉਤੇ ਲੱਗਿਆ ਐ । ਸਰਕਾਰ ਦਾ ਨੰਗ ਢਕੀ ਜਾ ਰਿਹਾ। ਮੂੰਹ ਉਤੇ ਲੱਗੀ ਕਾਲਖ ਧੋਣ ਲੱਗਿਆ ਪਿਆ ਐ। ਪਰ ਖੂਨ ਦੇ ਧੱਬੇ ਕਦੋਂ ਮਿੱਟਦੇ ਹਨ। ਖੈਰ ਬਾਕੀ ਤੁਸੀਂ ਆਪ ਸਿਆਣੇ ਓ। ਸਮਾਂ ਬੜਾ ਬਲਵਾਨ ਐ।
ਭਲਾ ਮੇਰਾ ਰੋਣ ਨੂੰ ਚਿੱਤ ਕਿਉਂ ਕਰਦਾ ਹੈ … ਮੇਰੀ ਅੱਖ ਹੁਣ ਪੱਚੀ ਲੱਖੀ ਪੁਰਸਕਾਰ ਢੁਕਣ ਦੀ .. ਹੁਣ … ਮੇਰੇ ਰੋਣ ਤੇ ਚੁਪ ਕਰਵਾਉਣ ਵਾਲਿਆਂ ਨੇ ਵੈਨਕੂਵਰ ਤੋਂ ਚੰਡੀਗੜ੍ਹ ਤੱਕ ਮੋਰਚਾ ਸੰਭਾਲ ਲਿਆ ਹੈ।
ਚਾਰੇ ਪਾਸੇ ਚਰਚਾ ਤੇ ਖਰਚਾ .... ਹੋ ਰਿਹਾ ਹੈ। ਬਾਕੀ ਸਮਾਂ ਦੱਸੂ … ਵਰਿਆਮਾਂ ਸਿਉ ਕੀ ਕਰਦਾ ਹੈ … ਕਲੇਰਾਂ ਵਾਲਿਆਂ ਦੇ ਨਾਲ … ! ਜੁਗਤੀ ਨੇ ਜੁਗਤ ਲਾਈ ਹੈ...!
ਬੁੱਧ ਸਿੰਘ ਨੀਲੋਂ
ਸੰਪਰਕ : 94643-70823