ਦੋ ਸ਼ਬਦ - ਨਿਰਮਲ ਸਿੰਘ ਕੰਧਾਲਵੀ

ਸਾਡੀ ਪੰਜਾਬੀ ਮਾਂ-ਬੋਲੀ ਨੂੰ ਹਮੇਸ਼ਾ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਸਿਆਸਤਦਾਨਾਂ ਨੇ ਇਸ ਭਾਸ਼ਾ ਨਾਲ ਬੇਈਮਾਨੀਆਂ ਕੀਤੀਆਂ ਉੱਥੇ ਅਫ਼ਸਰਸ਼ਾਹੀ ਨੇ ਵੀ ਇਸ ਦੇ ਰਾਹ ਵਿਚ ਕੰਡੇ ਵਿਛਾਏ। ਅਸੀਂ ਆਪ, ਆਪਣੀ ਮਾਤ-ਭਾਸ਼ਾ ਬੋਲਣ ਵਾਲੇ ਵੀ, ਆਪਣੇ ਆਪ ਨੂੰ ਇਹਨਾਂ ਦੋਸ਼ਾਂ ਤੋਂ ਬਰੀ ਨਹੀਂ ਕਰ ਸਕਦੇ। ਮਿਸਾਲ ਦੇ ਤੌਰ ‘ਤੇ, ਪੰਜਾਬ ਵਿਚ ਕੰਮ ਕਰਦਾ ਇਕ ਗੈਰ-ਪੰਜਾਬੀ ਸਾਰੇ ਟੱਬਰ ਨੂੰ ਹਿੰਦੀ ਬੋਲਣ ਲਾ ਦਿੰਦਾ ਅਸੀਂ ਸਾਰਾ ਟੱਬਰ ਉਸ ਨੂੰ ਪੰਜਾਬੀ ਬੋਲਣ ਨਹੀਂ ਲਗਾ ਸਕਦੇ, ਕਿਉਂ? ਮੌਜੂਦਾ ਸਮੇਂ ਪੰਜਾਬ ਵਿਚ ਅਸੀਂ ਦੇਖ ਸਕਦੇ ਹਾਂ ਕਿ ਪੰਜਾਬੀ ਆਪ ਹੀ ਆਪਣੀ ਮਾਤ-ਭਾਸ਼ਾ ‘ਤੇ ਕੁਹਾੜਾ ਚਲਾ ਰਹੇ ਹਨ। ਇਸ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਅੱਜ ਮੈਂ ਪੰਜਾਬੀ ਭਾਸ਼ਾ ਦੇ ਉੱਘੇ ਗਲਪਕਾਰ ਨਵਤੇਜ ਸਿੰਘ ਪ੍ਰੀਤਲੜੀ ਦੇ ਦਸੰਬਰ 1973 ਦੇ ‘ਪ੍ਰੀਤਲੜੀ’ ਅੰਕ ਵਿਚ ਲਿਖੀ ਮਾਂ-ਬੋਲੀ ਨਾਲ਼ ਵਾਪਰੀ ਇਕ ਘਟਨਾ, ਜੋ ਉਹਨਾਂ ਨੇ ‘ਮੇਰੀ ਧਰਤੀ, ਮੇਰੇ ਲੋਕ’ ਕਾਲਮ ਵਿਚ ਲਿਖੀ ਸੀ, ਪੇਸ਼ ਕਰਨੀ ਚਾਹਾਂਗਾ, ਜਿਸ ਤੋਂ ਪਤਾ ਲਗਦਾ ਹੈ ਕਿ ਅਫ਼ਸਰਸ਼ਾਹੀ ਮੁੱਢ ਤੋਂ ਹੀ ਪੰਜਾਬੀ ਭਾਸ਼ਾ ਨਾਲ ਕਿਵੇਂ ਸਲੂਕ ਕਰਦੀ ਆ ਰਹੀ ਹੈ ਤੇ, ਅੱਜ ਵੀ ਕਰ ਰਹੀ ਹੈ। ਪੇਸ਼ ਹੈ ਉਹ ਰਚਨਾ।
                                           ਪੰਜਾਬੀ ਨੂੰ ਹੱਥਕੜੀ
ਜਲੰਧਰ, ਜਿੰਮਖਾਨਾ ਕਲੱਬ- ਸ਼ਹਿਰ ਦੇ ਵੱਡੇ ਅਫ਼ਸਰਾਂ, ਐਮ,ਐਲ.ਏਜ਼ ਤੇ ਪਤਵੰਤਿਆਂ ਦਾ ਕਲੱਬ। ਵੱਡੇ ਅਹੁਦੇਦਾਰ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ। ਨਵੰਬਰ ਦਾ ਮਹੀਨਾ ਸ਼ੁਰੂ, ਸੁਹਾਵਣਾ ਮੌਸਮ।
ਦੋ ਤਿੰਨ ਦਿਨ ਏਥੇ ਸਾਰੇ ਭਾਰਤ ਦੀਆਂ ਅਖ਼ਬਾਰਾਂ ਦੇ ਐਡੀਟਰਾਂ ਨੇ ਪ੍ਰੈਸ ਦੀ ਆਜ਼ਾਦੀ ਅਤੇ ਹੋਰ ਸਬੰਧਤ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰੇ ਕੀਤੇ, ਮਤੇ ਪਾਸ ਕੀਤੇ, ਕੇਂਦਰ ਦੇ ਮੰਤਰੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਤਕਰੀਰਾਂ ਸੁਣੀਆਂ, ਖਾਣੇ ਖਾਧੇ, ਸਭਿਆਚਾਰਕ ਪ੍ਰੋਗਰਾਮ ਮਾਣੇ.....
ਇਸ ਕਾਨਫਰੰਸ ਤੋਂ ਬਾਅਦ ਅਗਲੀ ਸ਼ਾਮ ਏਸੇ ਕਲੱਬ ਵਿਚ ਉਸ ਕਾਨਫਰੰਸ ਲਈ ਬਣੇ ਮੰਡਪ ਵਿਚ ਇਕ ਸਭਿਆਚਾਰਕ ਪ੍ਰੋਗਰਾਮ ਹੋਇਆ। ਗੀਤਕਾਰਾਂ, ਸਾਜ਼ਿੰਦਿਆਂ, ਨ੍ਰਿਤਕਾਰਾਂ ਤੇ ਕਲਾਕਾਰਾਂ ਨੇ ਰਲ਼ ਕੇ ਇਸ ਦੇਸ਼ ਦੇ ਵੰਨ-ਸੁਵੰਨੇ ਲੋਕ- ਗੀਤ ਤੇ ਲੋਕ ਨਾਚ ਪੇਸ਼ ਕੀਤੇ।
ਅਖੀਰ ਉੱਤੇ ਧੰਨਵਾਦ ਦੀ ਤਕਰੀਰ ਡਿਪਟੀ ਕਮਿਸ਼ਨਰ ਨੇ ਕਰਨੀ ਸੀ। ਉਹਨਾਂ ਆਪਣੀ ਤਕਰੀਰ ਅੰਗਰੇਜ਼ੀ ਵਿਚ ਸ਼ੁਰੂ ਕੀਤੀ।
ਸਰੋਤਿਆਂ ਵਿਚ ਪਿੱਛੇ ਬੈਠੇ ਇਕ ਸੱਜਣ ਨੇ ਉੱਚੀ ਸਾਰੀ ਕਿਹਾ, “ ਕਿਰਪਾ ਕਰ ਕੇ ਪੰਜਾਬੀ ਵਿਚ ਬੋਲੋ।”
ਡਿਪਟੀ ਕਮਿਸ਼ਨਰ ਸਟੇਜ ਉੱਤੋਂ ਅੰਗਰੇਜ਼ੀ ਵਿਚ ਹੀ ਗੱਜੇ, “ ਮੈਨੂੰ ਕੌਣ ਹਦਾਇਤ ਦੇ ਰਿਹਾ ਹੈ?”
ਉਸ ਸੱਜਣ ਨੇ ਜਵਾਬ ਦਿਤਾ, “ ਇਕ ਪੰਜਾਬੀ।“
ਡਿਪਟੀ ਕਮਿਸ਼ਨਰ ਨੇ ਗੁੱਸੇ ਨਾਲ਼ ਆਪਣਾ ਫ਼ੈਸਲਾ ਅੰਗਰੇਜ਼ੀ ਵਿਚ ਹੀ ਸੁਣਾਇਆ, “ ਮੈਂ ਆਪਣੀ ਤਕਰੀਰ ਅੰਗਰੇਜ਼ੀ ਵਿਚ ਹੀ ਜਾਰੀ ਰੱਖਾਂਗਾ।”
ਜਦੋਂ ਡਿਪਟੀ ਕਮਿਸ਼ਨਰ ਦੀ ਧੰਨਵਾਦੀ ਤਕਰੀਰ ਮੁੱਕ ਗਈ ਤਾਂ ਉਸ ਦੇ ਹੁਕਮ ਨਾਲ਼ ਉਸ ‘ਪੰਜਾਬੀ’ ਨੂੰ ਲੱਭਣਾ ਸ਼ੁਰੂ ਕੀਤਾ ਗਿਆ, ਜਿਸ ਨੇ ਏਡੇ ਵੱਡੇ ਕਲੱਬ ਵਿਚ, ਏਡੇ ਵੱਡੇ ਅਫ਼ਸਰ ਨੂੰ ਪੰਜਾਬੀ ਵਿਚ ਬੋਲਣ ਲਈ ਕਿਹਾ ਸੀ।
ਢੂੰਡ ਭਾਲ਼ ਪਿੱਛੋਂ ਪਤਾ ਲੱਗਾ ਕਿ ਉਹ ਸੱਜਣ ਉੱਥੋਂ ਜਾ ਚੁੱਕਿਆ ਸੀ। ਉਹਦੇ ਬਾਰੇ ਸੂਹ ਲਾਈ ਗਈ ਤਾਂ ਪਤਾ ਲੱਗਾ ਕਿ  ਉਹ ਕੇਂਦਰੀ ਸਰਕਾਰ ਨਾਲ ਸਬੰਧਤ ਇਕ ਸੰਸਥਾ ਦੇ ਕਰਮਚਾਰੀ ਦਾ ਪ੍ਰਾਹੁਣਾ ਸੀ। ਪੁਲਸ ਵਾਲੇ ਉਸ ਕਰਮਚਾਰੀ ਦੇ ਘਰ ਪੁੱਜ ਗਏ। ਉਸ ‘ਪੰਜਾਬੀ’ ਨੂੰ ਫੜ ਲਿਆ ਗਿਆ, ਉਹਨੂੰ ਹੱਥਕੜੀ ਲਗਾਈ ਗਈ, ਤੇ ਰਾਤ ਵੇਲੇ ਥਾਣੇ ਲਿਆਂਦਾ ਗਿਆ।
ਉਹ ‘ਪੰਜਾਬੀ’ ਜਿਸ ਸਰਕਾਰੀ ਕਰਮਚਾਰੀ ਦਾ ਪ੍ਰਾਹੁਣਾ ਸੀ, ਉਸ ਨੂੰ ਵੀ ਧਮਕਾਇਆ ਗਿਆ, ਨੌਕਰੀ ਆਦਿ ਦੇ ਡਰਾਵੇ ਦਿਤੇ ਗਏ। ਉਸ ‘ਪੰਜਾਬੀ’ ਨੂੰ ਆਪਣਾ ਤਾਂ ਕੋਈ ਡਰ ਨਹੀਂ ਸੀ ਪਰ ਆਪਣੇ ਮੇਜ਼ਬਾਨ ਨੂੰ ਖਾਹਮਖਾਹ ਕਿਸੇ ਤਕਤੀਫ਼ ਵਿਚ ਪਾਉਣ ਤੋਂ ਜ਼ਰੂਰ ਸੰਕੋਚ ਸੀ।
ਅਖੀਰ ਫ਼ੈਸਲਾ ਹੋਇਆ ਕਿ ਉਹ ‘ਪੰਜਾਬੀ’ ਅਗਲੀ ਸ਼ਾਮ ਉਸੇ ਜਿੰਮਖਾਨਾ ਕਲੱਬ ਵਿਚ, ਕਲੱਬ ਦੇ ਮੈਂਬਰਾਂ ਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿਚ ਡਿਪਟੀ ਕਮਿਸ਼ਨਰ ਸਾਹਿਬ ਤੋਂ ਆਪਣੀ ਗੁਸਤਾਖ਼ੀ ਦੀ ਮੁਆਫ਼ੀ ਮੰਗੇ।
ਦੂਜੇ ਦਿਨ ਜਿੰਮਖਾਨਾ ਕਲੱਬ ਅੰਦਰ ਪਤਵੰਤਿਆਂ ਦੀ ਮਹਿਫ਼ਲ ਵਿਚ ਡਿਪਟੀ ਕਮਿਸ਼ਨਰ ਸਾਹਿਬ ਸਜੇ। ਉਹਨਾਂ ਦੇ ਇਕ ਪਾਸੇ ਲੋਕਾਂ ਦੇ ਚੁਣੇ ਹੋਏ ਇਕ ਐਮ.ਐਲ.ਏ. ਵੀ ਸ਼ੁਸ਼ੋਭਿਤ ਸਨ। ਦੱਸਿਆ ਜਾਂਦਾ ਹੈ ਕਿ ਕਮਿਸ਼ਨਰ ਸਾਹਿਬ ਵੀ ਉਸ ਵੇਲੇ ਕਲੱਬ ਵਿਚ ਹੀ ਸਨ, ਭਾਵੇਂ ਉਸ ਮੁਆਫ਼ੀ- ਮਹਿਫ਼ਲ ਵਿਚ ਸ਼ਰੀਕ ਨਹੀਂ ਸਨ। ਕਿਸੇ ਹੋਰ ਸਰਗਰਮੀ ਵਿਚ ਰੁਝੇ ਹੋਏ ਸਨ।
ਉਸ ‘ਪੰਜਾਬੀ’ ਨੇ ਸਭਿਆਚਾਰਕ ਪ੍ਰੋਗਰਾਮ ਵਿਚ ਕੀਤੀ ਗਈ ਆਪਣੀ ਮੰਗ ਦਾ ਜ਼ਿਕਰ ਕੀਤਾ, ਫੇਰ ਹੱਥਕੜੀ ਲੱਗਣ ਅਤੇ ਥਾਣੇ ਲਿਜਾਏ ਜਾਣ ਦਾ ਜ਼ਿਕਰ ਕੀਤਾ ਤੇ ਫੇਰ ਕਿਹਾ, “ ਜੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਦੁਖਾਇਆ ਹੈ, ਤਾਂ ਮੈਂ ਉਹਨਾਂ ਕੋਲੋਂ ਮੁਆਫ਼ੀ ਮੰਗਦਾ ਹਾਂ।“
ਡਿਪਟੀ ਕਮਿਸ਼ਨਰ ਸਾਹਿਬ ਨੇ ਮੁਆਫ਼ੀ ਬਾਰੇ ਸਿਰ ਹਿਲਾਇਆ। ਐਮ.ਐਲ. ਏ. ਸਾਹਿਬ ਬੋਲੇ ਕੁਝ ਨਾ ਪਰ ਉਹਨਾਂ ਦੇ ਮੂੰਹ ਉੱਤੇ ਇਸ ਮੁਆਫ਼ੀ ਦੇ ਮਤੇ ਦੀ ਤਾਈਦ ਮੁਸਕਰਾ ਰਹੀ ਸੀ। ਪਤਵੰਤਿਆਂ ਉੱਤੇ ਵੀ ਹਮਾਇਤੀ ਚੁੱਪ ਛਾਈ ਹੋਈ ਸੀ।
ਕਹਿੰਦੇ ਨੇ ਉੱਥੇ ਬੈਠੇ ਸਿਰਫ਼ ਇਕ ਪਤਵੰਤੇ ਨੇ, ਜਿਹੜਾ ਕੋਈ ਰਿਟਾਇਰਡ ਅਫ਼ਸਰ ਸੀ, ਕਿਹਾ, “ ਮੇਰੇ ਘਰ ਵੱਡੀ ਚੋਰੀ ਹੋਈ ਨੂੰ ਕਈ ਦਿਨ ਹੋ ਗਏ ਨੇ। ਮੈਂ ਅਪਣੇ ਵਾਕਫ਼ ਅਫ਼ਸਰਾਂ ਨੂੰ ਫ਼ੋਨ ਕੀਤੇ, ਮਿਲਿਆ ਵੀ, ਪਰ ਮੇਰੇ ਘਰ ਆਉਣ ਜਾਂ ਇਸ ਚੋਰੀ ਦੀ ਤਫ਼ਤੀਸ਼ ਕਰਨ ਲਈ ਪੁਲਸ ਨੂੰ ਹਾਲੀ ਤੱਕ ਵਿਹਲ ਨਹੀਂ ਮਿਲੀ। ਪਰ ਇਸ ਮਾਮਲੇ ਵਿਚ ਪੁਲਸ ਨੇ ਖ਼ੂਬ ਤੇਜ਼ੀ ਵਿਖਾਈ ਏ! ਇਸ ਸੱਜਣ ਨੂੰ ਰਾਤੋ ਰਾਤ ਲੱਭ ਕੇ ਥਾਣੇ ਲੈ ਗਏ ਤੇ ਅਗਲੇ ਦਿਨ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਦੇ ਹੁਕਮ ਦੀ ਤਾਮੀਲ ਵੀ ਕਰਾ ਲਈ।“
(... ਪਤਾ ਨਹੀਂ ਮੈਨੂੰ ਰਹਿ ਰਹਿ ਕੇ ਬਹੁਤ ਚਿਰ ਪਹਿਲਾਂ ਦੀ ਇਕ ਗੱਲ ਯਾਦ ਆ ਰਹੀ ਹੈ। ਇਕ ਵਾਰ ਮੇਰਾ ਇਕ ਵਾਕਫ਼ ਕਿਸੇ ਅਰਜ਼ੀ-ਨਵੀਸ ਕੋਲੋਂ ਡਿਪਟੀ ਕਮਿਸ਼ਨਰ ਵਲ ਇਕ ਅਰਜ਼ੀ ਲਿਖਵਾ ਰਿਹਾ ਸੀ। ਮੈਂ ਕੋਲ ਖੜੋਤਾ ਸਾਂ।
ਅਰਜ਼ੀ-ਨਵੀਸ ਨੇ ਸ਼ੁਰੂ ਕੀਤਾ, “ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ’।
ਮੈਂ ਪੁਛ ਲਿਆ, “ ਕੀ ਇਹ ਬਹਾਦਰ ਲਿਖਣਾ ਵੀ ਜ਼ਰੂਰੀ ਏ?”
ਅਰਜ਼ੀ-ਨਵੀਸ ਨੇ ਕਿਹਾ, “ ਜੀ ਇੰਜ ਹੀ ਲਿਖੀਦਾ ਏ।“
ਮੈਂ ਪੁੱਛਿਆ, “ ਪਰ ਤੁਹਾਨੂੰ ਕਿਵੇਂ ਪਤਾ ਏ ਉਹ ਜ਼ਰੂਰ ਹੀ ਬਹਾਦਰ ਹੋਏਗਾ? ਬੁਜ਼ਦਿਲ ਵੀ ਤਾਂ ਹੋ ਸਕਦਾ ਏ!”
ਬੁੱਢੇ ਅਰਜ਼ੀ-ਨਵੀਸ ਨੇ ਮੇਰੇ ਵਲ ਇੰਜ ਵੇਖਿਆ ਜਿਵੇਂ ਉਹਨੂੰ ਮੇਰੀ ਗੱਲ ਉੱਕਾ ਸਮਝ ਨਹੀਂ ਸੀ ਪਈ, ਤੇ ਉਹਦਾ ਉਹ ਹੱਥ, ਜਿਹਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਇਹਨਾਂ ਵੱਡੇ ਅਫਸਰਾਂ ਨੂੰ ‘ਬਹਾਦਰ’ ਲਿਖਣ ਦੇ ਲੇਖੇ ਲਾਇਆ ਸੀ, ਬੇਮਲੂਮਾ ਜਿਹਾ ਕੰਬ ਰਿਹਾ ਸੀ....)
ਮੈਂ ਪੰਜਾਬ ਦੇ ਮੁੱਖ-ਮੰਤਰੀ ਜਾਂ ਕਿਸੇ ਮੰਤਰੀ ਨੂੰ, ਜਿਹੜੇ ਪੰਜਾਬੀ ਨਾਲ ਬੜਾ ਪਿਆਰ ਦਸਦੇ ਹਨ, ਕੁਝ ਨਹੀਂ ਕਹਿਣਾ ਚਾਹੁੰਦਾ। ਉਹ ਬਹੁਤ ਵੱਡੇ ਕੌਮੀ ਕੰਮਾਂ ਵਿਚ ਰੁਝੇ ਰਹਿੰਦੇ ਹਨ, ਉਹਨਾਂ ਨੂੰ ਪੰਜਾਬੀ ਵਿਚ ਬੋਲਣ ਦੀ ਨਿਗੂਣੀ ਮੰਗ ਉੱਤੇ ‘ਪੰਜਾਬੀ’ ਨੂੰ ਹੱਥਕੜੀ ਲੱਗਣ ਬਾਰੇ ਸੋਚਣ ਦੀ ਵਿਹਲ ਨਹੀਂ। ਹਾਂ, ਮੈਂ ਸਿਰਫ਼ ਆਪਣੇ ਕੁਝ ਕੁ ਮੀਨ ਮੇਖ ਕੱਢਣ ਵਾਲੇ ਪਾਠਕਾਂ ਅੱਗੇ ਜ਼ਰੂਰ ਬੇਨਤੀ ਕਰਨੀ ਚਾਂਹਦਾ ਹਾਂ ਕਿ ਮੈਨੂੰ ਇਹ ਨਾ ਕਹਿਣ, “ ਭਲਾ ਅਜਿਹੀ ਘਟਨਾ ਕਿਵੇਂ ਵਾਪਰ ਸਕਦੀ ਹੈ? ਤੁਸੀ ਵਧਾ ਚੜ੍ਹ ਕੇ ‘ਮੇਰੀ ਧਰਤੀ, ਮੇਰੇ ਲੋਕ’ ਵਿਚ ਲਿਖਦੇ ਰਹਿੰਦੇ ਹੋ। ਹਰ ਮਹੀਨੇ ਆਪਣੇ ਦੇਸ਼ ਦੀ ਨਿੰਦਿਆ ਕਰਦੇ ਰਹਿੰਦੇ ਹੋ। ਤੁਸੀਂ ਇਹ ਸਭ ਆਪ ਜੋੜਦੇ ਹੋ। ਸਾਡੇ ਇਸ ਨਿਰਣੇ ਦਾ ਬੜਾ ਵੱਡਾ ਸਬੂਤ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹ ਘਟਨਾ ਜਲੰਧਰ ਵਿਚ ਵਾਪਰੀ ਹੈ, ਪਰ ਜਲੰਧਰ ਤਾਂ ਪੰਜਾਬ ਅਤੇ ਪੰਜਾਬੀ ਦੀਆਂ ਅਖ਼ਬਾਰਾਂ ਦਾ ਕੇਂਦਰ ਹੈ। ਜੇ ਭਲਾ ਇਹ ਘਟਨਾ ਸੱਚੀ ਹੁੰਦੀ ਤਾਂ ਕੀ ਅਖ਼ਬਾਰਾਂ ਵਿਚ ਨਾ ਛਪਦੀ?”
ਮੈਂ ਸਿਰਫ਼ ਏਨਾ ਹੀ ਕਹਾਂਗਾ ਕਿ ਤੁਸੀਂ ਮੇਰੀ ਥਾਂ ਇਹ ਗੱਲ ਜਲੰਧਰ ਦੇ ਅਖ਼ਬਾਰਾਂ ਦੇ ਐਡੀਟਰਾਂ ਕੋਲੋਂ ਪੁੱਛੋ। ਜਦੋਂ ਇਹ ਘਟਨਾ ਵਾਪਰੀ ਸ਼ਾਇਦ ਉਹ ਬਾਹਰੋਂ ਆਏ ਮਹਿਮਾਨ ਐਡੀਟਰਾਂ ਨਾਲ਼ ਸਰਹੱਦ ਦੇ ਦੌਰੇ ਕਰ ਰਹੇ ਸਨ, (ਪਤਾ ਨਹੀਂ ਉਹਨਾਂ ਦੇ ਪੱਤਰ-ਪ੍ਰੇਰਕ ਜਿਹੜੇ ਔਰਤਾਂ ਨਾਲ ਛੇੜ –ਛਾੜ, ਉਧਾਲੇ, ਰਾਤ ਨੂੰ ਸੜਕਾਂ ਉੱਤੇ ਆਸ਼ਕਾ ਦੀਆਂ ਰੰਗਰਲ਼ੀਆਂ ਦੀ ਸੂਹ ਲਗਾਉਂਦੇ ਰਹਿੰਦੇ ਹਨ, ਉਹ ਕਿੱਥੇ ਸਨ?) , ਤੇ ਜਦੋਂ ਉਹ ਦੌਰਿਆਂ ਤੋਂ ਪਰਤੇ ਤਾਂ ਇਹ ਘਟਨਾ ‘ਖ਼ਬਰ’ ਨਹੀਂ ਸੀ ਰਹੀ, ਜਾਂ ਇਹਨਾਂ ਵਿਚੋਂ ਬਹੁਤਿਆਂ ਲਈ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਹੀ ਹਨ। ਮੈਨੂੰ ਇਸ ਬਾਰੇ ਕੁਝ ਪਤਾ ਨਹੀਂ, ਤੁਸੀਂ ਆਪ ਪਤਾ ਕਰ ਸਕਦੇ ਹੋ। ਮੈਂ ਤਾਂ ਸਿਰਫ਼ ਇਹ ਹੀ ਕਹਿ ਸਕਦਾ ਹਾਂ ਕਿ ਮੈਂ ਜੋ ਲਿਖਿਆ ਹੈ, ਉਹ ਬਿਲਕੁਲ ਸੱਚ ਹੈ।
ਤੁਹਾਡੇ ਵਿਚੋਂ ਕੋਈ ਸ਼ਾਇਦ ਇਹ ਕਹੇ, “ ਹੋ ਸਕਦਾ ਹੈ ਕਿ ਡਿਪਟੀ ਕਮਿਸ਼ਨਰ ਪੰਜਾਬੀ ਨਾ ਹੋਣ, ਇਸ ਲਈ ਅੰਗਰੇਜ਼ੀ ਬੋਲ ਰਹੇ ਹੋਣ।“
ਹਾਂ- ਹੋ ਸਕਦਾ ਹੈ, ਪਰ ਜਿਹੜੇ ਪੰਜਾਬ ਵਿਚ ਏਨੀ ਦੇਰ ਤੋਂ ਅਫ਼ਸਰੀ ਕਰ ਰਹੇ ਹਨ, ਉਹ ਟੁੱਟੀ ਫੁੱਟੀ ਅਫ਼ਸਰਸ਼ਾਹੀ ਪੰਜਾਬੀ ਵਿਚ ਹੀ ਦੋ ਲਫ਼ਜ਼ ਬੋਲ ਕੇ, ਆਪਣੀ ਮਜਬੂਰੀ ਦਸ ਕੇ ਹਿੰਦੀ ਵਿਚ ਧੰਨਵਾਦ ਕਰ ਛੱਡਦੇ, ਬਾਅਦ ਵਿਚ ਭਾਵੇਂ ਅੰਗਰੇਜ਼ੀ ਹੀ ਬੋਲ ਲੈਂਦੇ, ਪਰ ਜਾਪਦਾ ਹੈ ਕਿ ਸਾਡੇ ਕਈ ਅਫ਼ਸਰ ਭਾਰਤੀ ਲੋਕਾਂ ਨਾਲ਼ ਭਾਰਤੀ ਭਾਸ਼ਾਵਾਂ ਵਰਤਣ ਦੀ ਥਾਂ ਹੱਥਕੜੀ ਵਰਤਣਾ ਵਧੇਰੇ ਪਸੰਦ ਕਰਦੇ ਹਨ।
ਨਵਤੇਜ ਸਿੰਘ ਪ੍ਰੀਤਲੜੀ