ਜਾ ਮੁੰਡਿਆ, ਪੱਛਮ ਨੂੰ ਜਾ ...  - ਗੁਰਬਚਨ ਜਗਤ

ਕਹਾਣੀ ਨਵੀਂ ਨਹੀਂ ਹੈ ਪਰ ਇਹ ਉਨ੍ਹਾਂ ਕਹਾਣੀਆ ’ਚੋਂ ਇਕ ਹੈ ਜੋ ਲੰਮੇ ਅਰਸੇ ਤੋਂ ਮੈਨੂੰ ਧੂਹ ਪਾਉਂਦੀਆਂ ਰਹੀਆਂ ਹਨ। ਇਹ ਬਰਤਾਨੀਆ, ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਕੁਝ ਹੱਦ ਤੱਕ ਗ੍ਰੀਸ ਤੇ ਇਟਲੀ ਜਿਹੇ ਪੱਛਮ ਦੇ ਦੇਸ਼ਾਂ ਵਿਚ ਵਸੇ ਪੰਜਾਬੀਆਂ ਦੀ ਕਹਾਣੀ ਹੈ। ਪੰਜਾਬੀਆਂ ਦੀ ਗੱਲ ਇਸ ਲਈ ਕਿਉਂਕਿ ਮੈਂ ਹੋਰਨਾਂ ਨਾਲੋਂ ਉਨ੍ਹਾਂ ਨੂੰ ਜ਼ਿਆਦਾ ਜਾਣਦਾ ਹਾਂ ਹਾਲਾਂਕਿ ਉੱਥੇ ਮਲਿਆਲੀ ਤੇ ਤਾਮਿਲ ਵੀ ਬਹੁਤ ਹਨ ਜਿਨ੍ਹਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ।
       ਸਮੁੱਚੇ ਮਨੁੱਖੀ ਇਤਿਹਾਸ ਦੌਰਾਨ ਇਨਸਾਨ ਬਿਹਤਰ ਆਰਥਿਕ ਸੰਭਾਵਨਾਵਾਂ ਤੇ ਮਿਆਰੀ ਜ਼ਿੰਦਗੀ ਦੀ ਤਲਾਸ਼ ਵਿਚ ਪਰਵਾਸ ਕਰਦਾ ਰਿਹਾ ਹੈ। ਅੱਜ ਸਾਡੇ ਨੌਜਵਾਨਾਂ ਦੀ ਬਹੁਤ ਵੱਡੀ ਗਿਣਤੀ ਉਚੇਰੀ ਸਿੱਖਿਆ ਤੇ ਉਸ ਤੋਂ ਬਾਅਦ ਰੁਜ਼ਗਾਰ ਖ਼ਾਤਰ ਵਿਦੇਸ਼ ਚਲੀ ਜਾਂਦੀ ਹੈ। ਉਂਜ, ਅੱਜ ਮੈਂ ਉਨ੍ਹਾਂ ਦੀ ਗੱਲ ਕਰਾਂਗਾ ਜਿਨ੍ਹਾਂ ਨੇ ਪਿਛਲੀ ਸਦੀ ਦੇ ਪੰਜਾਹਵਿਆਂ ਦੇ ਦਹਾਕੇ ਵਿਚ ਪੰਜਾਬ ਨੂੰ ਛੱਡ ਕੇ ਵਿਦੇਸ਼ੀ ਧਰਤੀ ’ਤੇ ਪੈਰ ਪਾਏ ਸਨ। ਉਨ੍ਹਾਂ ਦਾ ਪਹਿਲਾ ਲੌਅ ਦੋਆਬੇ ਦੇ ਖਿੱਤੇ ਤੋਂ ਸੀ ਅਤੇ ਇਨ੍ਹਾਂ ਵਿਚ ਮੁੱਖ ਤੌਰ ’ਤੇ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਨੌਜਵਾਨ ਸਨ ਜਿਨ੍ਹਾਂ ’ਚੋਂ ਕਈਆਂ ਦੇ ਪਰਿਵਾਰ ਪੱਛਮੀ ਪੰਜਾਬ ’ਚੋਂ ਉੱਜੜ ਕੇ ਆਏ ਸਨ ਅਤੇ ਉਨ੍ਹਾਂ ਦਾ ਮੁੜ ਵਸੇਬਾ ਨਹੀਂ ਹੋ ਸਕਿਆ ਸੀ। ਉਹ ਕੰਮ ਦੀ ਤਲਾਸ਼ ਵਿਚ ਬਰਤਾਨੀਆ ਚਲੇ ਗਏ ਤਾਂ ਕਿ ਉੱਥੋਂ ਪੈਸੇ ਕਮਾ ਕੇ ਆਪਣੇ ਪਰਿਵਾਰਾਂ ਦੀ ਮਦਦ ਕਰ ਸਕਣ। ਇੰਗਲੈਂਡ ਵਿਚ ਉਦੋਂ ਖੁੱਲ੍ਹੀਆਂ ਸਟੀਲ ਭੱਠੀਆਂ ਦਾ ਇਕ ਅਜਿਹਾ ਧੰਦਾ ਸੀ ਜਿਸ ਵਿਚ ਚੰਗੀ ਉਜਰਤ ਮਿਲਦੀ ਸੀ ਜਾਂ ਫਿਰ ਖਾਣਾਂ ਦਾ ਕੰਮ ਸੀ। ਇਨ੍ਹਾਂ ਦਾ ਕੰਮ ਬਹੁਤ ਔਖਾ ਸੀ, ਹਾਲਾਂਕਿ ਤਨਖ਼ਾਹ ਬਰਤਾਨਵੀ ਮਿਆਰਾਂ ਨਾਲੋਂ ਤਾਂ ਘੱਟ ਹੁੰਦੀ ਸੀ ਪਰ ਪਰਵਾਸੀਆਂ ਦੇ ਲਿਹਾਜ਼ ਤੋਂ ਠੀਕ ਠਾਕ ਹੁੰਦੀ ਸੀ। ਮੈਨੂੰ ਉਨ੍ਹਾਂ ਪਰਵਾਸੀਆਂ ’ਤੇ ਹੈਰਾਨੀ ਹੁੰਦੀ ਹੈ ਕਿ ਉਹ ਅੰਗਰੇਜ਼ੀ ਨਹੀਂ ਬੋਲ ਸਕਦੇ ਸਨ, ਉੱਥੋਂ ਦੇ ਲੋਕਾਂ ਤੇ ਸੱਭਿਆਚਾਰ ਤੋਂ ਅਣਜਾਣ ਸਨ ਤੇ ਆਪਣੇ ਘੁਰਨਿਆਂ ਵਿਚ ਕਿਵੇਂ ਰਹਿੰਦੇ ਸਨ। ਮੈਂ ਸੁਣਿਆ ਕਿ ਉਨ੍ਹਾਂ ਦੀਆਂ ਰਿਹਾਇਸ਼ਗਾਹਾਂ ’ਤੇ ਚਾਕ ਨਾਲ ਨਿਸ਼ਾਨ ਬਣੇ ਹੁੰਦੇ ਸਨ ਤੇ ਪੜ੍ਹਨਾ ਲਿਖਣਾ ਨਾ ਜਾਣਦੇ ਹੋਣ ਕਰਕੇ ਉਹ ਅੰਡਰਗਰਾਊਂਡ ਰੇਲਵੇ ਸਟੇਸ਼ਨਾਂ ਦੀ ਗਿਣਤੀ ਕਰ ਕੇ ਟਿਕਾਣਾ ਯਾਦ ਰੱਖਦੇ ਸਨ।
        ਕਦੇ ਕਦਾਈ ਜਦੋਂ ਉਹ ਭੁੱਲ ਭੁਲੇਖੇ ਇਧਰ ਉਧਰ ਚਲੇ ਜਾਂਦੇ ਸਨ ਤਾਂ ਉਨ੍ਹਾਂ ਨੂੰ ਆਖ ਰੱਖਿਆ ਹੁੰਦਾ ਸੀ ਕਿ ਉਹ ਆਪਣੇ ਨੇੜਲੇ ‘ਬੌਬੀ’ (ਪੁਲੀਸ ਅਫ਼ਸਰ) ਕੋਲ ਚਲੇ ਜਾਣ ਤੇ ਉਸ ਨੂੰ ਦੱਸ ਦੇਣ। ਸ਼ੁਰੂ ਦੇ ਕੁਝ ਸਾਲਾਂ ਵਿਚ ਇਹ ‘ਬੌਬੀ’ ਉਨ੍ਹਾਂ ਨੂੰ ਉਨ੍ਹਾਂ ਦੇ ਟਿਕਾਣਿਆਂ ’ਤੇ ਪਹੁੰਚਾ ਦਿੰਦੇ ਸਨ। ਜਲਦੀ ਹੀ ਪੁਲੀਸ ਨੂੰ ਪਤਾ ਚੱਲ ਗਿਆ ਕਿ ਇਨ੍ਹਾਂ ਪਰਵਾਸੀਆਂ ਦੀ ਮਜਬੂਰੀ ਦਾ ਫ਼ਾਇਦਾ ਉਠਾਇਆ ਜਾ ਰਿਹਾ ਹੈ ਤਾਂ ਇਹ ਪਿਰਤ ਬੰਦ ਹੋ ਗਈ। ਇਸ ਦੌਰਾਨ, ਇਹ ਪਰਵਾਸੀ ਕਮਾਈਆਂ ਜੋੜਦੇ ਰਹੇ ਅਤੇ ਆਪਣੇ ਘਰਾਂ ਨੂੰ ਭੇਜਦੇ ਰਹੇ। ਹੌਲੀ ਹੌਲੀ ਇਸ ਨਾਲ ਇਕ ਮੁਤਵਾਜ਼ੀ ਅਰਥਚਾਰਾ ਖੜ੍ਹਾ ਹੋ ਗਿਆ ਕਿਉਂਕਿ ਲੋਕਾਂ ਨੇ ਗ਼ੈਰ-ਸਰਕਾਰੀ ਚੈਨਲਾਂ ਰਾਹੀਂ ਵੀ ਆਪਣਾ ਪੈਸਾ ਭੇਜਣਾ ਸ਼ੁਰੂ ਕਰ ਦਿੱਤਾ ਸੀ। ਮੈਨੂੰ ਯਾਦ ਹੈ ਕਿ ਇਕ ਸਮੇਂ ਪੌਂਡ ਦਾ ਸਰਕਾਰੀ ਭਾਅ 18 ਰੁਪਏ ਹੁੰਦਾ ਸੀ ਜਦਕਿ ਬਲੈਕ ਮਾਰਕੀਟ ਵਿਚ ਇਸ ਦਾ ਭਾਅ 30 ਰੁਪਏ ਦਿੱਤਾ ਜਾ ਰਿਹਾ ਸੀ। ਟਰੈਵਲ ਏਜੰਟਾਂ, ਸਰਕਾਰੀ ਅਫ਼ਸਰਾਂ ਆਦਿ ਦੀ ਮਿਲੀਭੁਗਤ ਸੀ ਅਤੇ ਪਿੰਡਾਂ ਵਿਚ ਘਰਾਂ ਤੱਕ ਰੁਪਏ ਪਹੁੰਚਾਉਣ ਲਈ ਹਰਕਾਰਿਆਂ ਦੀ ਪੂਰੀ ਪੌਦ ਤਿਆਰ ਹੋ ਗਈ ਸੀ। ਫੋਨ ਤਾਂ ਉਦੋਂ ਹੁੰਦੇ ਨਹੀਂ ਸਨ, ਇਸ ਲਈ ਖ਼ਤਾਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਘੱਲੀ ਰਕਮ ਬਾਰੇ ਗੁੱਝੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਸੀ। ਕੁਝ ਟਰੈਵਲ ਏਜੰਟ ਮਾਲਾਮਾਲ ਹੋ ਗਏ ਅਤੇ ਕੁਝ ਹੋਰ ਤਾਂ ਮੰਤਰੀ ਵੀ ਬਣ ਗਏ।
       ਪੰਜਾਬ ਦੇ ਅਰਥਚਾਰੇ ’ਤੇ ਇਸ ਦਾ ਸੁਖਾਵਾਂ ਅਸਰ ਪਿਆ ਤੇ ਕਿਸਾਨ ਨਵੇਂ ਕੱਪੜੇ ਪਹਿਨਣ ਲੱਗੇ ਤੇ ਦੋਪਹੀਆ ਵਾਹਨਾਂ ’ਤੇ ਨਜ਼ਰ ਆਉਣ ਲੱਗ ਪਏ। ਜ਼ਮੀਨ ਦੇ ਭਾਅ ਵੀ ਤੇਜ਼ੀ ਨਾਲ ਵਧ ਰਹੇ ਸਨ ਅਤੇ ਪਰਵਾਸੀ ਪੰਜਾਬੀਆਂ ਨੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਨੌਜਵਾਨਾਂ ਦਾ ਇਨ੍ਹਾਂ ਦੇਸ਼ਾਂ ਵੱਲ ਹੋਰ ਜ਼ਿਆਦਾ ਰੁਖ਼ ਹੋਣ ਲੱਗ ਪਿਆ ਅਤੇ ਬਰਤਾਨੀਆ ਤੇ ਪੰਜਾਬ ਦੋਵਾਂ ਵਿਚ ਅਗਲੀ ਪੀੜ੍ਹੀ ਦੀ ਜੀਵਨਸ਼ੈਲੀ ਵਿਚ ਬਦਲਾਅ ਆ ਗਿਆ ਸੀ। ਦੂਜੀ ਪੀੜ੍ਹੀ ਵਾਪਸ ਮੁੜਨ ਬਾਰੇ ਜਕੋਤੱਕੀ ਵਿਚ ਸੀ ਪਰ ਵਿਦੇਸ਼ ਵਿਚ ਹੀ ਜੰਮੀ ਪਲੀ ਤੇ ਪੜ੍ਹੀ ਲਿਖੀ ਤੀਜੀ ਪੀੜ੍ਹੀ ਦੇ ਆਉਂਦੇ ਆਉਂਦੇ ਪੂਰੀ ਤਬਦੀਲੀ ਆ ਚੁੱਕੀ ਸੀ ਤੇ ਉਨ੍ਹਾਂ ਵਾਪਸ ਮੁੜਨ ਦਾ ਖ਼ਿਆਲ ਲਾਹ ਦਿੱਤਾ। ਉਸ ਨੇ ਮੁਕਾਮੀ ਸਿਸਟਮ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਅਤੇ ਕਾਰੋਬਾਰਾਂ, ਸਨਅਤਾਂ ਅਤੇ ਪ੍ਰੋਫੈਸ਼ਨਲ ਧੰਦਿਆਂ ਨੂੰ ਵੀ ਅਪਣਾਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਪੰਜਾਬ ਵਿਚ ਆਉਣ ਵਾਲਾ ਧਨ ਘਟਣ ਲੱਗ ਪਿਆ ਤੇ ਜ਼ਮੀਨ ਦੀ ਲਲਕ ਵੀ ਮੱਠੀ ਪੈ ਗਈ। ਅੱਸੀਵਿਆਂ ਤੇ ਨੱਬੇਵਿਆਂ ਦੇ ਦਹਾਕਿਆਂ ਵਿਚ ਪੰਜਾਬ ਦੀਆਂ ਮੁਸੀਬਤਾਂ ਨੇ ਅਖੀਰ ਵਿਚ ਵਾਪਸੀ ਦੀ ਰਹਿੰਦੀ ਖੂੰਹਦੀ ਚਾਹਤ ਵੀ ਮਾਂਦ ਪਾ ਦਿੱਤੀ- ਹੋਰ ਤਾਂ ਹੋਰ ਪਹਿਲੀ ਪੀੜ੍ਹੀ ਦੇ ਪਰਵਾਸੀ ਵੀ ਮੁੜਨ ਤੋਂ ਇਨਕਾਰੀ ਹੋ ਗਏ। ਮਹਿਲਨੁਮਾ ਘਰ, ਮੈਰਿਜ ਪੈਲੇਸਾਂ ਦਾ ਨਿਰਮਾਣ ਰੁਕ ਗਿਆ ਅਤੇ ਅਸਾਸੇ ਵੇਚ ਵੱਟ ਕੇ ਜਾਣ ਦਾ ਉਲਟਾ ਰੁਝਾਨ ਸ਼ੁਰੂ ਹੋ ਗਿਆ।
       ਇਸ ਦੌਰਾਨ ਟਰੈਵਲ ਏਜੰਟਾਂ, ਪਰਵਾਸੀ ਪੰਜਾਬੀਆਂ, ਸਰਕਾਰੀ ਅਫ਼ਸਰਾਂ ਤੇ ਹਰ ਰੰਗ ਦੇ ਸਿਆਸਤਦਾਨਾਂ ਦਾ ਇਕ ਨਾਪਾਕ ਗੱਠਜੋੜ ਕਾਇਮ ਹੋ ਗਿਆ। ਪਰਵਾਸੀ ਪੰਜਾਬੀ ਚੋਣਾਂ ਲੜਨ ਲਈ ਫੰਡਾਂ ਦਾ ਇਕ ਬੇਸ਼ਕੀਮਤੀ ਵਸੀਲਾ ਬਣ ਗਏ ਸਨ। ਜੇ ਕਿਤੇ ਸਿਆਸਤਦਾਨਾਂ ਨੇ ਆਪਣੇ ਹਿੱਤ ਸਾਧਣ ਦੀ ਬਜਾਇ ਪੰਜਾਬ ਦੀ ਫ਼ਿਕਰ ਕੀਤੀ ਹੁੰਦੀ ਤਾਂ ਅੱਜ ਸਾਡੇ ਸੂਬੇ ਦੀ ਇਹ ਬਦਹਾਲੀ ਨਹੀਂ ਹੋਣੀ ਸੀ ਸਗੋਂ ਇਹ ਰਹਿਣਯੋਗ ਬਿਹਤਰ ਸਥਾਨ ਬਣ ਜਾਣਾ ਸੀ। ਸਰਕਾਰਾਂ ਨੇ ਸਮੇਂ ਸਮੇਂ ’ਤੇ ਪਰਵਾਸੀ ਕਾਨਫਰੰਸਾਂ ਕਰਵਾਈਆਂ, ਪਰਵਾਸੀ ਸਰਮਾਇਆ ਆਕਰਸ਼ਿਤ ਕਰਨ ਲਈ ਵਿਸ਼ੇਸ਼ ਸੈੱਲ ਕਾਇਮ ਕੀਤੇ ਗਏ ਪਰ ਇਹ ਸਭ ਵਿਅਰਥ ਦੇ ਮੇਲੇ ਸਿੱਧ ਹੋਏ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਪੰਜਾਬ ਵਿਚ ਇਨ੍ਹਾਂ ਦੀ ਮਦਦ ਨਾਲ ਕੋਈ ਇਕ ਵੀ ਸਨਅਤ ਨਹੀਂ ਲੱਗ ਸਕੀ। ਸ਼ੁਰੂ ਸ਼ੁਰੂ ਵਿਚ ਉਹ ਨਿਵੇਸ਼ ਦੀ ਰੁਚੀ ਦਿਖਾਉਂਦੇ ਸਨ ਅਤੇ ਜਦੋਂ ਸਰਕਾਰ ਦਾ ਕੋਈ ਹੁੰਗਾਰਾ ਨਾ ਆਉਂਦਾ ਤਾਂ ਉਹ ਖਾਲੀ ਹੱਥ ਵਾਪਸ ਚਲੇ ਜਾਂਦੇ। ਮੇਰਾ ਖ਼ਿਆਲ ਹੈ ਕਿ ਇਹ ਸਾਰੇ ਸੰਮੇਲਨ ਤੇ ਸੈੱਲ ਹੁਣ ਠੱਪ ਪਏ ਹਨ। ਥੋੜ੍ਹੇ ਜਿਹੇ ਉੱਦਮ ਅਤੇ ਅਫ਼ਸਰਸ਼ਾਹੀ ਘਟਾ ਕੇ ਪੰਜਾਬ ਦਾ ਸਨਅਤੀਕਰਨ ਕੀਤਾ ਜਾ ਸਕਦਾ ਸੀ ਤੇ ਸਾਡੇ ਨੌਜਵਾਨਾਂ ਲਈ ਇੱਥੇ ਹੀ ਚੰਗਾ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਸੀ। ਸਨਅਤ ਹੀ ਨਹੀਂ ਸਗੋਂ ਪਰਵਾਸੀ ਪੰਜਾਬੀ ਆਲਮੀ ਪੱਧਰ ਦੇ ਸੰਸਥਾਨ ਕਾਇਮ ਕਰ ਕੇ ਅਤੇ ਆਪਣੀ ਲਿਆਕਤ ਦੇ ਇਸਤੇਮਾਲ ਰਾਹੀਂ ਉਚੇਰੀ ਸਿੱਖਿਆ ਦੇ ਖੇਤਰ ਵਿਚ ਵੀ ਯੋਗਦਾਨ ਪਾ ਸਕਦੇ ਸਨ। ਸਿਹਤ ਸੰਭਾਲ ਇਕ ਹੋਰ ਖੇਤਰ ਹੈ ਜਿਸ ਵਿਚ ਉਨ੍ਹਾਂ ਦੀਆਂ ਸੇਵਾਵਾਂ ਤੋਂ ਫ਼ਾਇਦਾ ਉਠਾਇਆ ਜਾ ਸਕਦਾ ਸੀ। ਅਤਿ ਆਧੁਨਿਕ ਹਸਪਤਾਲ ਕਾਇਮ ਕੀਤੇ ਜਾ ਸਕਦੇ ਸਨ। ਕੌਮਾਂਤਰੀ ਪ੍ਰਸਿੱਧੀ ਦੇ ਮਾਲਕ ਪਰਵਾਸੀ ਭਾਰਤੀ ਇੱਥੇ ਆ ਕੇ ਮਦਦ ਕਰ ਸਕਦੇ ਸਨ। ਮੈਡੀਕਲ ਸਿੱਖਿਆ ਤੇ ਖੋਜ ਦੇ ਖੇਤਰ ਵਿਚ ਵੱਡੀ ਪੁਲਾਂਘ ਭਰੀ ਜਾ ਸਕਦੀ ਸੀ। ਸਾਡੀ ਨੌਕਰਸ਼ਾਹੀ, ਸਿਆਸੀ ਪਾਰਟੀਆਂ, ਸਾਡੀਆਂ ਸਰਕਾਰਾਂ ਸਹਾਇਕ ਨਹੀਂ ਸਗੋਂ ਸਾਡੀ ਤਰੱਕੀ ਦੇ ਰਾਹ ਦੇ ਰੋੜੇ ਸਾਬਿਤ ਹੋਈਆਂ ਹਨ। ਜੇ ਰਾਜਸੀ ਸ਼ਕਤੀ ਦਾ ਇਸਤੇਮਾਲ ਲੋਕਾਂ ਦੀ ਬਿਹਤਰੀ ਲਈ ਨਹੀਂ ਕੀਤਾ ਜਾਂਦਾ ਸਗੋਂ ਆਪਣੇ ਹੀ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਰਨਾ ਹੈ ਤਾਂ ਅਜਿਹੀ ਰਾਜਸੀ ਸ਼ਕਤੀ ਦਾ ਕੀ ਅਰਥ ਰਹਿ ਜਾਂਦਾ ਹੈ?
ਮੈਂ ਪੰਜਾਬ ਦੇ ਅਰਥਚਾਰੇ, ਸਿੱਖਿਆ ਅਤੇ ਸਿਹਤ ਸੰਭਾਲ ਦੇ ਢਾਂਚੇ ਨੂੰ ਤਬਦੀਲ ਕਰਨ ਲਈ ਸਿਰਫ਼ ਮਨੁੱਖੀ ਸਰੋਤਾਂ ਦੀ ਗੱਲ ਕੀਤੀ ਹੈ। ਅਸੀਂ ਇਕ ਬਿਹਤਰ ਖਲੂਸਦਾਰ ਸਿਹਤਮੰਦ ਤੇ ਸਿਖਿਅਤ ਇਨਸਾਨ ਪੈਦਾ ਕਰ ਸਕਦੇ ਸਾਂ। ਅਸੀਂ ਪੰਜਾਬ ਨੂੰ ਪਰਵਾਸ ਦੀ ਪੌੜੀ ਬਣਾਉਣ ਦੀ ਬਜਾਇ ਦੂਜਿਆਂ ਲਈ ਟਿਕਾਣਾ ਵੀ ਬਣਾ ਸਕਦੇ ਸਾਂ। ਪੰਜਾਬ ਦਾ ਬਿਹਤਰੀਨ ਸਰੋਤ ਇਸ ਦੇ ਮਨੁੱਖੀ ਸਰੋਤ ਸਨ ਜੋ ਹੁਣ ਅਸੀਂ ਗੁਆ ਲਏ ਹਨ। ਬੇਰੁਜ਼ਗਾਰੀ, ਮਾੜੀ ਸਿੱਖਿਆ ਅਤੇ ਸਿਹਤ ਢਾਂਚੇ ਨੇ ਸਾਨੂੰ ਇਸ ਮੁਕਾਮ ’ਤੇ ਪਹੁੰਚਾ ਦਿੱਤਾ ਹੈ।
        ਜਦੋਂ ਅਸੀਂ ਬਿਗਾਨੇ ਮੁਲ਼ਕਾਂ ਵਿਚ ਪੰਜਾਬੀਆਂ ਵੱਲੋਂ ਮਾਰੀਆਂ ਮੱਲਾਂ ਵੱਲ ਦੇਖਦੇ ਹਾਂ ਤਾਂ ਪੰਜਾਬੀਆਂ ਦੇ ਮਨੁੱਖੀ ਸਰੋਤ ਦੀ ਮੇਰੀ ਦਲੀਲ ਆਪਣੇ ਆਪ ਸਿੱਧ ਹੁੰਦੀ ਹੈ। ਕਾਰੋਬਾਰ ਹੀ ਨਹੀਂ ਸਗੋਂ ਉਨ੍ਹਾਂ ਨੇ ਸਿਆਸੀ ਤੇ ਸਮਾਜਿਕ ਖੇਤਰਾਂ ਵਿਚ ਆਪਣਾ ਮੁਕਾਮ ਬਣਾਇਆ ਹੈ। ਅੱਜ ਬਰਤਾਨੀਆ ਤੇ ਸਕਾਟਲੈਂਡ ਵਿਚ ਸਾਡੇ ਐਮਪੀ ਹਨ, ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਦੀਆਂ ਸੰਸਦਾਂ ਵਿਚ ਪੰਜਾਬੀ ਮੈਂਬਰ ਹਨ। ਕੈਨੇਡਾ ਵਿਚ ਬਹੁਤ ਸਾਰੇ ਪੰਜਾਬੀ ਮੰਤਰੀ ਹਨ ਅਤੇ ਕੁਝ ਬਰਤਾਨੀਆ ਵਿਚ ਵੀ ਹਨ ਤੇ ਅਮਰੀਕਾ ਵਿਚ ਆਲ੍ਹਾ ਅਹਿਲਕਾਰ ਹਨ। ਦੁਨੀਆ ਦੀਆਂ ਬਿਹਤਰੀਨ ਬਹੁਕੌਮੀ ਕੰਪਨੀਆਂ ਦੇ ਮੋਹਰੀ ਪੰਜਾਬੀ ਹਨ ਅਤੇ ਵੱਖ ਵੱਖ ਖੇਤਰਾਂ ਵਿਚ ਵਿਦਵਾਨਾਂ ਤੇ ਮਾਹਿਰਾਂ ਦੀ ਸਾਡੇ ਕੋਲ ਕੋਈ ਕਮੀ ਨਹੀਂ ਹੈ।
       ਸਮਾਜਿਕ ਮੁਹਾਜ਼ ’ਤੇ ਮੈਂ ਸਿਰਫ਼ ਇਕ ਮਿਸਾਲ ਦੇਵਾਂਗਾ ਜੋ ਪੱਛਮ ਦੇ ਲੋਕਾਂ ਦੇ ਦਿਲੋ-ਦਿਮਾਗ ’ਤੇ ਛਾਈ ਹੋਈ ਹੈ- ਉਹ ਹੈ ਲੰਗਰ ਦਾ ਸਿੱਖ ਸੰਕਲਪ। ਗੁਰਦੁਆਰੇ ’ਚ ਆਉਣ ਵਾਲੇ ਨੂੰ ਲੰਗਰ ਛਕਾਇਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਬੈਲਜੀਅਮ ’ਚ ਹਵਾਈ ਹਾਦਸੇ ਵੇਲੇ ਤੇ ਕਈ ਹੋਰਨੀ ਥਾਈਂ ਰੇਲ ਹਾਦਸਿਆਂ, ਅਕਾਲ, ਭੂਚਾਲ, ਹੜ੍ਹਾਂ ਵੇਲੇ ਤੇ ਹੁਣ ਕੋਵਿਡ ਜਿਹੇ ਹਰੇਕ ਹੰਗਾਮੀ ਮੌਕੇ ’ਤੇ ਲੰਗਰ ਵਰਤਾਇਆ ਜਾਂਦਾ ਹੈ। ਖ਼ਾਲਸਾ ਏਡ ਜਿਹੀਆਂ ਸਿੱਖ ਸੰਸਥਾਵਾਂ ਸਭ ਤੋਂ ਪਹਿਲਾਂ ਪਹੁੰਚਦੀਆਂ ਹਨ ਤੇ ਬਚਾਓ ਤੇ ਰਾਹਤ ਦੇ ਕਾਰਜ ਅੰਜਾਮ ਦਿੰਦੀਆਂ ਹਨ ਤੇ ਲੋੜਵੰਦਾਂ ਲਈ ਲੰਗਰ ਚਲਾਉਂਦੀਆਂ ਹਨ। ਇਹ ਸਾਡੇ ਹੀ ਨੌਜਵਾਨ ਧੀਆਂ ਪੁੱਤ ਹਨ ਜੋ ਵਿਦੇਸ਼ੀ ਧਰਤੀਆਂ ’ਤੇ ਅਜਿਹੀ ਸੇਵਾ ਦੇ ਕਾਰਜ ਨਿਭਾਅ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਦਿਲੋਂ ਅਪਣਾਇਆ ਹੋਇਆ ਹੈ। ਹੁਣ ਜੇ ਅਸੀਂ ਉਨ੍ਹਾਂ ਲਈ ਪੰਜਾਬ ਦੀ ਸਨਅਤ, ਸਿੱਖਿਆ, ਸਿਹਤ ਆਦਿ ਜਿਹੇ ਖੇਤਰ ਖੋਲ੍ਹ ਦੇਈਏ ਤਾਂ ਜ਼ਰਾ ਸੋਚੋ ਕਿ ਉਹ ਇਨ੍ਹਾਂ ਸੇਵਾਵਾਂ ਨੂੰ ਕਿਸ ਮੁਕਾਮ ’ਤੇ ਪਹੁੰਚਾ ਸਕਦੇ ਹਨ। ਜੇ ਪੰਜਾਬ ਦੀ ਧੁਰ ਅੰਦਰੋਂ ਸੇਵਾ ਦੀ ਚਿਣਗ ਵਾਲੇ ਦੋ ਚਾਰ ਦੂਰਅੰਦੇਸ਼ ਆਗੂ ਵੀ ਹੁੰਦੇ ਤੇ ਉਨ੍ਹਾਂ ਹੋਰ ਕਿਤੋਂ ਉਮੀਦ ਤੱਕਣ ਦੀ ਬਜਾਇ ਇਸ ਪਰਵਾਸੀ ਭਾਈਚਾਰੇ ਕੋਲ ਅੱਪੜਨਾ ਸੀ।
       ਅੱਜ ਵੀ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਤੇ ਪ੍ਰਾਈਵੇਟ ਸਨਅਤਾਂ ਨੂੰ ਜਦੋਂ ਬਿਹਤਰੀਨ ਮਨੁੱਖੀ ਸਰੋਤਾਂ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਹ ਪੰਜਾਬੀਆਂ ਵੱਲ ਤੱਕਦੇ ਹਨ ਜੋ ਉਨ੍ਹਾਂ ਦੇ ਮਾਹੌਲ ਵਿਚ ਰਚਮਿਚ ਕੇ ਸਮਾਜ ਲਈ ਵੱਡਾ ਯੋਗਦਾਨ ਦਿੰਦੇ ਹਨ। ਇਸੇ ਲਈ ਤਾਂ ਅਜੇ ਵੀ ‘ਨੌਜਵਾਨ ਪੱਛਮ ਦਾ ਰੁਖ਼ ਕਰਦੇ ਹਨ’ ਤੇ ਉਹ ਵਾਪਸ ਨਹੀਂ ਆਉਂਦੇ। ਅੱਜ ਸਾਡੇ ਨੌਜਵਾਨ 10+2 ਤੋਂ ਬਾਅਦ ਉਚੇਰੀ ਸਿੱਖਿਆ ਲਈ ਵਿਦੇਸ਼ ਜਾਂਦੇ ਹਨ ਤੇ ਡਿਗਰੀਆਂ ਹਾਸਲ ਕਰ ਕੇ ਉਨ੍ਹਾਂ ’ਚੋਂ ਜ਼ਿਆਦਾਤਰ ਉੱਥੇ ਰੁਜ਼ਗਾਰ ’ਤੇ ਲੱਗ ਜਾਂਦੇ ਹਨ ਤੇ ਕਈ ਵੱਡੇ ਉਦਮੀ ਬਣ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹਨ। ਅੱਜ ਸਾਡੇ ਪਿੰਡ ਖਾਲੀ ਹੋ ਰਹੇ ਹਨ, ਸਾਡੇ ਸ਼ਹਿਰਾਂ ਤੇ ਕਸਬਿਆਂ ਵਿਚ ਵੀ ਅਜਿਹੇ ਬਜ਼ੁਰਗ ਜੋੜਿਆਂ ਦੀ ਭਾਰੀ ਤਾਦਾਦ ਰਹਿ ਰਹੀ ਹੈ ਜਿਨ੍ਹਾਂ ਦੀਆਂ ਅਗਲੀਆਂ ਦੋ ਪੀੜ੍ਹੀਆਂ ਵਿਦੇਸ਼ ਜਾ ਚੁੱਕੀਆਂ ਹਨ। ਇਨ੍ਹਾਂ ਬਜ਼ੁਰਗਾਂ ਦੀਆਂ ਨਜ਼ਰਾਂ ਉਨ੍ਹਾਂ ਵਿਦੇਸ਼ੀ ਦਰਾਂ ’ਤੇ ਲੱਗੀਆਂ ਰਹਿੰਦੀਆਂ ਹਨ ਜਿੱਥੇ ਉਨ੍ਹਾਂ ਦੇ ਚਿਰਾਗ਼ ਆਪਣੀਆਂ ਜ਼ਿੰਦਗੀਆਂ ਸੰਵਾਰਨ ਲੱਗੇ ਹੋਏ ਹਨ। ਬਿਨਾਂ ਸ਼ੱਕ ਸਾਡੇ ਇਸ ਮੁਲ਼ਕ ਨੂੰ ਦਹਾਕਿਆਂ ਤੋਂ ਚਲਾਉਣ ਵਾਲੇ ਭੱਦਰਪੁਰਸ਼ਾਂ ਦੇ ਬੱਚਿਆਂ ਨੂੰ ਰੁਜ਼ਗਾਰ ਲਈ ਬਾਹਰ ਜਾ ਕੇ ਧੱਕੇ ਖਾਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਨ੍ਹਾਂ ‘ਬੇਨਾਮੀ’ ਕਮਾਈ ਦੇ ਬੇਪਨਾਹ ਭੰਡਾਰ ਭਰ ਲਏ ਹਨ। ਉਨ੍ਹਾਂ ਨੂੰ ਉਹ ਵਿਛੋੜੇ ਤੇ ਇਕਲਾਪੇ ਦਾ ਦਰਦ ਨਹੀਂ ਝੱਲਣਾ ਪੈਂਦਾ ਜਿਹੜਾ ਹੋਰਨਾਂ ਨੂੰ ਝੱਲਣਾ ਪੈ ਰਿਹਾ ਹੈ। ਉਹ ਹਾਕਮ ਹਨ ਤੇ ਅਸੀਂ ਰਿਆਇਆ ਹਾਂ ਅਤੇ ਸਾਡਾ ਮੇਲ ਪੰਜ ਸਾਲਾਂ ’ਚ ਇਕ ਵਾਰ ਹੁੰਦਾ ਹੈ ਜਦੋਂ ਸਾਨੂੰ ਮੁੜ ਉਨ੍ਹਾਂ ’ਚੋਂ ਹੀ ਕਿਸੇ ਨੂੰ ਸਾਡੀ ਕਿਸਮਤ ਦਾ ਘਾੜਾ ਚੁਣਨਾ ਪੈਂਦਾ ਹੈ।
       ਅਖੀਰ ’ਚ ਮੈਂ ਉਨ੍ਹਾਂ ਜਿਗਰੇ ਵਾਲੇ ਨੌਜਵਾਨਾਂ ਨੂੰ ਅੰਤਮ ਸਲਾਮ ਕਰਦਾ ਹਾਂ ਜਿਨ੍ਹਾਂ ਉਦੋਂ ਬਿਗਾਨੀ ਧਰਤੀ ਵੱਲ ਰੁਖ਼ ਕੀਤਾ ਸੀ ਜਦੋਂ ਉਨ੍ਹਾਂ ਨੂੰ ਉੱਕਾ ਪਤਾ ਨਹੀਂ ਸੀ ਕਿ ਉੱਥੇ ਉਨ੍ਹਾਂ ਨਾਲ ਕੀ ਬੀਤੇਗੀ- ਫਰਨੇਸ ਭੱਠੀਆਂ ਤੇ ਖਾਣਾਂ ਵਿਚ ਕੰਮ ਕੀਤਾ, ਮੁਕਾਮੀ ਸਮਾਜ ਤੋਂ ਅਲੱਗ ਥਲੱਗ ਹੋ ਕੇ ਘੁਰਨਿਆਂ ਵਰਗੇ ਘਰਾਂ ’ਚ ਰਹਿੰਦੇ ਰਹੇ। ਉਨ੍ਹਾਂ ਦੇ ਸਿਰੜ ਤੇ ਕੁਰਬਾਨੀਆਂ ਨੇ ਉਨ੍ਹਾਂ ਦੇ ਬੱਚਿਆਂ ਤੇ ਅਗਲੀਆਂ ਪੀੜ੍ਹੀਆਂ ਦੀ ਬਿਹਤਰੀ ਦਾ ਰਾਹ ਪੱਧਰਾ ਕੀਤਾ ਸੀ। ਉਹ ਲੱਖਾਂ ਦੀ ਤਾਦਾਦ ਵਿਚ ਦੁਨੀਆ ਦੇ ਹਰ ਕੋਨੇ ਵਿਚ ਜਾ ਕੇ ਵੱਸੇ ਸਨ ਪਰ ਪੰਜਾਬ ਉਨ੍ਹਾਂ ਦੇ ਦਿਲ ਵਿਚ ਵਸਦਾ ਸੀ। ਹਾਲੇ ਵੀ ਜਦੋਂ ਕੋਈ ਇਹ ਮੰਤਰ ਦੁਹਰਾਉਂਦਾ ਹੈ ਕਿ ‘ਮੁੰਡਿਓ ਪੱਛਮ ਦਾ ਰੁਖ਼ ਕਰੋ’ ਤਾਂ ਇਹ ਸੋਚ ਕੇ ਮਨ ਗ਼ਮਗੀਨ ਹੋ ਜਾਂਦਾ ਹੈ ਤੇ ਚਿੱਤ ਘਬਰਾਉਣ ਲੱਗ ਪੈਂਦਾ ਹੈ ਕਿੰਜ ਉੱਥੇ ਉਨ੍ਹਾਂ ਦੇ ਵੱਡੇ ਵਡੇਰਿਆਂ ਨੇ ਨਵੇਂ ਸਿਰਿਓਂ ਆਪਣੀਆਂ ਜੜ੍ਹਾਂ ਜਮਾਈਆਂ ਸਨ।
* ਸਾਬਕਾ ਚੇਅਰਮੈਨ ਯੂਪੀਐੱਸਸੀ ਅਤੇ ਸਾਬਕਾ ਰਾਜਪਾਲ ਮਨੀਪੁਰ ।