ਭਾਰਤੀ 'ਲੋਕਤੰਤਰ' ਨੂੰ ਵੇਖ ਕੇ ਆਪਣੇ ਆਪ ਉੱਤੇ ਸ਼ਰਮ ਆਉਂਦੀ ਹੋਵੇਗੀ ਅਸਲੀ ਲੋਕਤੰਤਰ ਨੂੰ - ਜਤਿੰਦਰ ਪਨੂੰ

ਸਿਰਫ ਦੋ ਹਫਤੇ ਪਹਿਲਾਂ ਅਸੀਂ ਇੱਕ ਦੇਸੀ ਜਿਹੇ ਬੰਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਾਸਤੇ ਆਖੀ ਗਈ ਕਹਾਵਤ ਦਰਜ ਕੀਤੀ ਸੀ ਕਿ 'ਬੇਵਕੂਫ ਦੀ ਬਰਾਤੇ ਜਾਣ ਨਾਲੋਂ ਅਕਲਮੰਦ ਦੀ ਅਰਥੀ ਪਿੱਛੇ ਜਾਣਾ ਵੀ ਚੰਗਾ ਹੁੰਦਾ ਹੈ।' ਮੌਜੂਦਾ ਰਾਜ ਪ੍ਰਬੰਧ ਤੋਂ ਅੱਕੇ ਪਏ ਜਿਹੜੇ ਬਹੁਤ ਸਾਰੇ ਲੋਕ ਇਸ ਵੇਲੇ ਕਿਸੇ ਵੀ ਨਵੀਂ ਧਿਰ ਦੀ ਆਮਦ ਲਈ ਹੁੰਗਾਰਾ ਭਰਨ ਨੂੰ ਤਿਆਰ ਬੈਠੇ ਹਨ, ਉਨ੍ਹਾਂ ਵਿੱਚੋਂ ਕਈ ਲੋਕਾਂ ਨੇ ਇਸ ਉੱਤੇ ਇਤਰਾਜ਼ ਕੀਤਾ ਸੀ। ਅਮਰੀਕਾ ਵਿੱਚੋਂ ਇੱਕ ਸੱਜਣ ਨੇ ਤਾਂ ਆਪਣੇ ਆਪ ਨੂੰ 'ਗੱਲਬਾਤ ਜੋਗਾ' ਕਰਨ ਦੇ ਬਾਅਦ ਫੋਨ ਕਰ ਕੇ ਦੇਸੀ ਕਿਸਮ ਦੀਆਂ ਗਾਲ੍ਹਾਂ ਵੀ ਕੱਢ ਦਿੱਤੀਆਂ ਸਨ ਕਿ 'ਨਵੀਂ ਹਵਾ ਰੁਮਕਣ ਲੱਗੀ ਹੈ, ਤੂੰ ਵਿਰੋਧ ਕਰਨ ਤੁਰ ਪਿਐਂ।' ਅਸੀਂ ਕਿਸੇ ਦਾ ਵਿਰੋਧ ਅਤੇ ਹਮਾਇਤ ਨਹੀਂ ਸੀ ਕੀਤੀ, ਸਿਰਫ ਹਾਲਾਤ ਦੀ ਸਮੀਖਿਆ ਕੀਤੀ ਸੀ, ਪਰ ਜਿਹੜੀ ਗੱਲ ਓਦੋਂ ਕਈ ਲੋਕਾਂ ਦੀ ਨਜ਼ਰ ਵਿੱਚ 'ਨਵੀਂ ਰੁਮਕਦੀ ਹਵਾ ਦਾ ਵਿਰੋਧ' ਜਾਪਦੀ ਸੀ, ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਦੀ ਤਾਜ਼ਾ ਹਰਕਤ ਪਿੱਛੋਂ ਉਨ੍ਹਾਂ ਨੂੰ 'ਬੇਵਕੂਫਾਂ ਦੀ ਬਰਾਤ' ਦੇ ਅਰਥ ਮੁੜ ਕੇ ਸੋਚਣ ਦੀ ਲੋੜ ਹੈ। ਪਾਰਟੀ ਵੱਲੋਂ ਯੂਥ ਮੈਨੀਫੈਸਟੋ ਵਾਲੀ ਗਲਤੀ ਦੇ ਬਾਅਦ ਜਿੱਦਾਂ ਸੰਭਲ ਕੇ ਚੱਲਣ ਦੀ ਲੋੜ ਸੀ, ਇਹ ਸੰਭਲ ਨਹੀਂ ਰਹੀ।
ਪਾਰਲੀਮੈਂਟ ਭਵਨ ਦੀ ਵੀਡੀਓਗਰਾਫੀ ਕਰਨਾ ਅਤੇ ਫਿਰ ਨਾਲੋ-ਨਾਲ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਨ ਤੁਰ ਪੈਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ, ਪਰ ਉਸ ਮਾਮਲੇ ਦੀ ਹੋਰ ਚੀਰ-ਪਾੜ ਵਿੱਚ ਉਲਝਣ ਦੀ ਬਜਾਏ ਇਸ ਪਾਰਟੀ ਦੀ ਲੀਡਰਸ਼ਿਪ ਦੇ ਗੈਰ-ਸੰਜੀਦਾ ਵਿਹਾਰ ਨੂੰ ਵੇਖਣ ਦੀ ਲੋੜ ਹੈ। ਪਾਰਟੀ ਦਾ ਮੁਖੀ ਆਪ ਵੀ ਅਜੇ ਤੱਕ ਲੋੜ ਜੋਗੀ ਗੰਭੀਰਤਾ ਵਿਖਾਉਣ ਨੂੰ ਤਿਆਰ ਨਹੀਂ ਅਤੇ ਭਗਵੰਤ ਮਾਨ ਦੇ ਅੰਦਰੋਂ ਪੁਰਾਣਾ ਕਾਮੇਡੀਅਨ ਵਾਰ-ਵਾਰ ਬਾਹਰ ਆਉਣ ਨੂੰ ਉੱਛਲਦਾ ਹੈ। ਤਾਜ਼ਾ ਗਲਤੀ ਵੀ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਦੇ ਅੰਦਰੋਂ ਉੱਛਲਦੇ ਕਾਮੇਡੀਅਨ ਨੇ ਕਰਵਾਈ ਲੱਗਦੀ ਹੈ। ਉਂਜ ਇਸ ਪਾਰਟੀ ਵਿੱਚ ਇਹੋ ਜਿਹੇ ਕਈ ਲੋਕ ਹਨ। ਮਿਸਾਲ ਦੇ ਤੌਰ ਉੱਤੇ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਿੱਲੀ ਵਿੱਚ ਇੱਕ ਕੇਸ ਚੱਲਦਾ ਹੈ ਕਿ ਉਸ ਨੇ ਦਿੱਲੀ ਪੁਲਸ ਦੇ ਮੁਲਾਜ਼ਮਾਂ ਲਈ 'ਠੁੱਲਾ' ਸ਼ਬਦ ਵਰਤਿਆ ਹੈ। ਅਦਾਲਤ ਨੇ ਉਸ ਤੋਂ ਇਸ ਸ਼ਬਦ ਦੇ ਅਰਥ ਪੁੱਛੇ ਹਨ। ਪੁੱਛਣ ਦਾ ਕਾਰਨ ਇਹ ਹੈ ਕਿ ਇਹ ਸ਼ਬਦ ਕਿਸੇ ਡਿਕਸ਼ਨਰੀ ਵਿੱਚ ਨਹੀਂ ਮਿਲਦਾ। ਇਹ ਗੱਲ ਬਿਲਕੁਲ ਠੀਕ ਹੈ। ਬਾਹਲੀ ਠੇਠ ਬੋਲੀ ਵਿੱਚ ਮੰਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਂਦੇ ਸ਼ਬਦ ਡਿਕਸ਼ਨਰੀਆਂ ਵਿੱਚੋਂ ਕਦੇ ਵੀ ਨਹੀਂ ਮਿਲਦੇ ਹੁੰਦੇ।
ਕੇਜਰੀਵਾਲ ਅਤੇ ਉਸ ਦੀ ਪਾਰਟੀ ਲਈ 'ਬੇਵਕੂਫਾਂ ਦੀ ਬਰਾਤ' ਵਾਲੇ ਸ਼ਬਦ ਵਰਤਣ ਦਾ ਇਹ ਅਰਥ ਨਹੀਂ ਕਿ ਬਾਕੀ ਪਾਰਟੀਆਂ ਵਿੱਚ ਸਭ ਕੁਝ ਠੀਕ ਹੈ। ਏਦੂੰ ਵੱਧ ਬੇਵਕੂਫੀਆਂ ਕਰਨ ਵਾਲੇ ਵੀ ਓਥੇ ਮਿਲ ਜਾਣਗੇ। ਮਿਸਾਲ ਦੇ ਤੌਰ ਉੱਤੇ ਹੁਣੇ ਜਿਹੇ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਸੱਤਾ ਸੰਭਾਲਣ ਨੂੰ ਕਾਹਲੀ ਭਾਰਤੀ ਜਨਤਾ ਪਾਰਟੀ ਦੇ ਇੱਕ ਮੀਤ ਪ੍ਰਧਾਨ ਨੇ ਜਿਹੜਾ ਦੇਸ਼ ਵਿਆਪੀ ਪੁਆੜਾ ਪਾ ਦਿੱਤਾ ਹੈ, ਉਹ ਵੀ ਬਦ-ਜ਼ਬਾਨੀ ਦੀ ਹਰ ਹੱਦ ਟੱਪ ਜਾਣ ਦੀ ਮਿਸਾਲ ਹੈ। ਉਸ ਨੇ ਆਪਣੇ ਰਾਜ ਦੀ ਚਾਰ ਵਾਰੀਆਂ ਦੀ ਮੁੱਖ ਮੰਤਰੀ ਅਤੇ ਪਾਰਲੀਮੈਂਟ ਦੀ ਮੌਜੂਦਾ ਮੈਂਬਰ ਬਹੁਜਨ ਸਮਾਜ ਪਾਰਟੀ ਦੀ ਮੁਖੀ ਬੀਬੀ ਮਾਇਆਵਤੀ ਵਾਸਤੇ ਇਖਲਾਕ ਤੋਂ ਗਿਰੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਜਵਾਬ ਵਿੱਚ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਉਸ ਆਗੂ ਦਾ ਵਿਰੋਧ ਕਰਨ ਤੱਕ ਸੀਮਤ ਨਾ ਰਹਿ ਕੇ ਉਸ ਦੇ ਪਰਵਾਰ ਦੀਆਂ ਔਰਤਾਂ, ਉਸ ਦੀ ਮਾਂ, ਪਤਨੀ ਤੇ ਸਿਰਫ ਬਾਰਾਂ ਸਾਲ ਉਮਰ ਦੀ ਧੀ ਵਾਸਤੇ ਅਜਿਹੇ ਸ਼ਬਦ ਵਰਤੇ ਹਨ, ਜਿਹੜੇ ਸੁਣਨੇ ਮੁਸ਼ਕਲ ਹਨ। ਅਗਲੇ ਸਾਲ ਪੰਜਾਬ ਦੇ ਨਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਾਸਤੇ ਭਾਜਪਾ ਤੇ ਬਹੁਜਨ ਸਮਾਜ ਪਾਰਟੀ ਦੋਵੇਂ ਹੀ ਗੱਦੀ ਸੰਭਾਲਣ ਨੂੰ ਦੌੜ ਰਹੀਆਂ ਹਨ, ਪਰ ਰਾਜਨੀਤੀ ਵਿੱਚ ਦੌੜ ਵਾਅਦਿਆਂ, ਦਾਅਵਿਆਂ ਅਤੇ ਕੀਤੇ ਹੋਏ ਕੰਮਾਂ ਦੀ ਨਹੀਂ, ਬਦ-ਜ਼ਬਾਨੀ ਦੀ ਹੋਣ ਲੱਗੀ ਹੈ। ਜਿਹੜੇ ਭਾਜਪਾ ਆਗੂ ਪਹਿਲੇ ਦਿਨ ਆਪਣੇ ਮੀਤ ਪ੍ਰਧਾਨ ਦਾ ਬਚਾਅ ਕਰਦੇ ਰਹੇ, ਸ਼ਾਮ ਨੂੰ ਦਬਾਅ ਹੇਠ ਸਿਰਫ ਸਸਪੈਂਡ ਕਰਨ ਨਾਲ ਬੁੱਤਾ ਸਾਰਿਆ ਤੇ ਅਗਲੇ ਦਿਨ ਦਬਾਅ ਵਧਦਾ ਵੇਖ ਕੇ ਉਸ ਨੂੰ 'ਛੇ ਸਾਲ ਲਈ ਪਾਰਟੀ ਤੋਂ ਬਾਹਰ' ਕਰ ਦੇਣ ਦਾ ਐਲਾਨ ਕਰਨ ਤੱਕ ਸੀਮਤ ਸਨ, ਹੁਣ ਆਪਣੇ ਓਸੇ ਬੰਦੇ ਦੀ ਢਾਲ ਬਣ ਕੇ ਸਾਹਮਣੇ ਆ ਗਏ ਹਨ। ਉਨ੍ਹਾਂ ਇਹ ਮੁੱਦਾ ਚੁੱਕ ਲਿਆ ਹੈ ਕਿ ਗਲਤੀ ਉਸ ਨੇ ਕੀਤੀ ਸੀ, ਉਸ ਦੀ ਮਾਂ, ਪਤਨੀ ਤੇ ਧੀ ਨੂੰ ਨਿਸ਼ਾਨਾ ਬਣਾ ਕੇ ਬਸਪਾ ਵਾਲਿਆਂ ਨੇ ਵੀ ਅਪਰਾਧ ਕੀਤਾ ਹੈ। ਕਾਨੂੰਨ ਦੇ ਪੱਖੋਂ ਉਸ ਭਾਜਪਾ ਆਗੂ ਦੀ ਮਦਦ ਲਈ ਚੁੱਕਿਆ ਇਨ੍ਹਾਂ ਦਾ ਮੁੱਦਾ ਵੀ ਗਲਤ ਨਹੀਂ। 
ਸਾਡੇ ਸਾਹਮਣੇ ਇਸ ਤੋਂ ਅਗਲਾ ਸਵਾਲ ਇਹ ਹੈ ਕਿ ਕੀ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਲੋਕਤੰਤਰ ਵਿਕਸਤ ਹੋਵੇਗਾ ਜਾਂ ਰਹਿੰਦਾ ਵੀ ਬੇੜਾ ਗਰਕ ਜਾਵੇਗਾ? ਇਸ ਵਕਤ ਇਹੋ ਜਿਹੇ ਹਾਲਤ ਹੀ ਦਿਸਦੇ ਹਨ।
ਹੁਣੇ ਲੰਘੇ ਹਫਤੇ ਦੌਰਾਨ ਰਾਜਸਥਾਨ ਤੋਂ ਭਾਜਪਾ ਦੇ ਇੱਕ ਵਿਧਾਇਕ ਨੇ ਇਹ ਬਿਆਨ ਦਾਗ ਦਿੱਤਾ ਕਿ ਜੰਮੂ ਅਤੇ ਕਸ਼ਮੀਰ ਦੀ ਸਮੱਸਿਆ ਹੱਲ ਹੋ ਜਾਣੀ ਸੀ, ਜਵਾਹਰ ਲਾਲ ਨਹਿਰੂ ਨੇ ਇਸ ਲਈ ਨਹੀਂ ਹੋਣ ਦਿੱਤੀ ਕਿ ਅਗਲੇ ਪਾਸੇ ਜ਼ਿਦ ਕਰੀ ਬੈਠਾ ਸ਼ੇਖ ਅਬਦੁੱਲਾ ਅਸਲ ਵਿੱਚ ਪੰਡਿਤ ਨਹਿਰੂ ਦਾ 'ਮਤਰੇਆ ਭਰਾ' ਸੀ। ਉਹ ਸਿਰਫ ਇਸ ਹੱਦ ਨੂੰ ਛੋਹ ਕੇ ਨਹੀਂ ਰੁਕਿਆ, ਅੱਗੋਂ 'ਮਤਰੇਆ' ਹੋਣ ਦੇ ਅਰਥ ਵੀ ਦੱਸਣ ਲੱਗ ਪਿਆ। ਰਾਜਸਥਾਨ ਦੇ ਆਪਣੇ ਉਸ ਵਿਧਾਇਕ ਨੂੰ ਭਾਜਪਾ ਨੇ ਇਸ ਤਰ੍ਹਾਂ ਕਰਨੋਂ ਡਾਂਟਿਆ ਨਹੀਂ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦਿੱਲੀ ਦੀਆਂ ਚੋਣਾਂ ਦੌਰਾਨ ਇੱਕ ਕੇਂਦਰੀ ਮੰਤਰੀ ਬੀਬੀ ਨੇ ਕਿਹਾ ਸੀ ਕਿ ਰਾਮ ਨੂੰ ਮੰਨਣ ਵਾਲੇ 'ਰਾਮਜ਼ਾਦੇ' ਹਨ ਅਤੇ ਜਿਹੜੇ ਰਾਮ ਨੂੰ ਨਹੀਂ ਮੰਨਦੇ, ਉਨ੍ਹਾਂ ਦੇ ਨਾਂਅ ਨਾਲ 'ਰਾਮਜ਼ਾਦੇ' ਦੇ ਸ਼ੁਰੂ ਵਿੱਚ ਉਸ ਬੀਬੀ ਨੇ 'ਹ' ਜੋੜ ਕੇ ਬਹੁਤ ਗੰਦੀ ਗਾਲ੍ਹ ਕੱਢ ਦਿੱਤੀ ਸੀ। ਓਦੋਂ ਵੀ ਭਾਜਪਾ ਆਪਣੀ ਉਸ ਮੰਤਰੀ ਬੀਬੀ ਦਾ ਬਚਾਅ ਕਰਦੀ ਰਹੀ ਸੀ। ਜਦੋਂ ਪਾਰਲੀਮੈਂਟ ਵਿੱਚ ਇਸ ਗੱਲ ਤੋਂ ਬੜਾ ਵੱਡਾ ਉਬਾਲ ਆ ਗਿਆ ਤਾਂ ਉਸ ਨੂੰ ਮੁਆਫੀ ਮੰਗਣ ਨੂੰ ਆਖਿਆ ਸੀ, ਪਰ ਉਸ ਤੋਂ ਬਾਅਦ ਵੀ ਇਹ ਸਿਲਸਿਲਾ ਰੁਕਿਆ ਨਹੀਂ ਸੀ। ਕਈ ਸਾਧ ਤੇ ਸਾਧਵੀਆਂ ਹੁਣ ਤੱਕ ਇਹੋ ਕੁਝ ਕਰੀ ਜਾਂਦੇ ਹਨ।
ਅਸੀਂ ਭਾਰਤੀ ਲੋਕਤੰਤਰ ਦੇ 'ਮੰਦਰ' ਕਹਾਉਂਦੀ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਵਿੱਚ ਏਦਾਂ ਦੀ ਬੇਹੂਦਗੀ ਦੇ ਕਈ ਨਮੂਨੇ ਵੇਖਣ ਦੀ ਬਦਕਿਸਮਤੀ ਹੰਢਾਈ ਹੋਈ ਹੈ। ਇੱਕ ਮੌਕੇ ਉੱਤਰ ਪ੍ਰਦੇਸ਼ ਵਿੱਚ ਜਦੋਂ ਬਸਪਾ ਤੇ ਭਾਜਪਾ ਵਿੱਚ ਸੱਤਾ ਸੰਘਰਸ਼ ਹੋਇਆ ਤੇ ਵਿਧਾਨ ਸਭਾ ਵਿੱਚ ਕੁਰਸੀਆਂ ਚੱਲੀਆਂ ਸਨ, ਮੇਜ਼-ਕੁਰਸੀਆਂ ਹੇਠੋਂ ਬਾਹਰ ਖਿੱਚ ਕੇ ਮਾਈਕਰੋਫੋਨ ਤੇ ਛਿੱਤਰਾਂ ਨਾਲ ਇੱਕ-ਦੂਸਰੇ ਨੂੰ ਕੁੱਟਿਆ ਗਿਆ ਸੀ, ਓਦੋਂ ਇੱਕ ਵਿਧਾਇਕ ਬੀਬੀ ਦੇ ਬੋਲ ਜਿਸ ਵੀ ਮੀਡੀਆ ਚੈਨਲ ਨੇ ਪੇਸ਼ ਕੀਤੇ, ਉਨ੍ਹਾਂ ਵਿੱਚ ਇੱਕ ਜਗ੍ਹਾ ਕੱਟ ਕੇ ਬੀਪ ਦੀ ਸੀਟੀ ਵਜਾਈ ਜਾਂਦੀ ਸੀ। ਕਿਹਾ ਜਾਂਦਾ ਸੀ ਕਿ ਉਸ ਬੀਬੀ ਨੇ ਓਥੇ ਏਦਾਂ ਦੀ 'ਸੁਲੱਖਣੀ' ਭਾਸ਼ਾ ਵਰਤੀ ਹੋਈ ਸੀ, ਜਿਹੜੀ ਸੁਣਾ ਸਕਣੀ ਔਖੀ ਸੀ। ਸਾਡੀ ਪੰਜਾਬ ਦੀ ਵਿਧਾਨ ਸਭਾ ਵਿੱਚ ਵੀ ਘੱਟੋ-ਘੱਟ ਦੋ ਵਾਰ ਗਾਲ੍ਹਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਤੇ ਦੂਸਰੇ ਰਾਜਾਂ ਵਿੱਚ ਵੀ ਵਿਧਾਨ ਸਭਾਵਾਂ ਵਿੱਚ ਏਦਾਂ ਦਾ ਕਈ ਕੁਝ ਵਾਪਰ ਚੁੱਕਾ ਹੈ। ਇੱਕ ਦੱਖਣੀ ਰਾਜ ਵਿੱਚ ਜਦੋਂ ਰਾਜ ਕਰਦੀ ਧਿਰ ਤੇ ਵਿਰੋਧੀ ਧਿਰ ਦੀ ਲੜਾਈ ਗੁੱਥਮ-ਗੁੱਥਾ ਤੱਕ ਪਹੁੰਚ ਗਈ ਤਾਂ ਵਿਰੋਧੀ ਧਿਰ ਦੀ ਲੀਡਰ ਨੇ ਬਾਹਰ ਆ ਕੇ ਸਾੜ੍ਹੀ ਦਾ ਪਾਟਾ ਹੋਇਆ ਪੱਲਾ ਪੱਤਰਕਾਰਾਂ ਨੂੰ ਵਿਖਾ ਕੇ ਕਿਹਾ ਸੀ ਕਿ ਹਾਊਸ ਵਿੱਚ ਮੇਰੀ ਇੱਜ਼ਤ ਲੁੱਟਣ ਲਈ ਯਤਨ ਕੀਤਾ ਗਿਆ ਹੈ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਏਦਾਂ ਦਾ ਇੱਕ ਬਦਕਿਸਮਤ ਦ੍ਰਿਸ਼ ਪਾਰਲੀਮੈਂਟ ਵਿੱਚ ਵੀ ਵੇਖਿਆ ਜਾ ਚੁੱਕਾ ਹੈ। ਓਥੇ ਵੀ ਮੈਂਬਰਾਂ ਨੇ ਹੱਥੋ-ਪਾਈ ਲਈ ਬਾਂਹਾਂ ਟੰਗੀਆਂ ਤੇ ਬਦ-ਜ਼ਬਾਨੀ ਕੀਤੀ ਸੀ।
ਗੀਤ ਤਾਂ ਗੀਤ ਹੁੰਦਾ ਹੈ ਤੇ ਉਸ ਦੀ ਇੱਕ ਸੁਰ ਵੀ ਹੁੰਦੀ ਹੈ, ਪਰ ਜਦੋਂ ਅਸਲ ਦੀ ਥਾਂ ਉਸ ਦੀ ਨਕਲ ਵਾਲੀ ਪੈਰੋਡੀ ਪੇਸ਼ ਹੁੰਦੀ ਹੈ, ਓਦੋਂ ਵੇਖਣ ਤੇ ਸੁਣਨ ਵਾਲਿਆਂ ਨੂੰ ਹੱਸਣ ਦਾ ਮੌਕਾ ਬੇਸ਼ੱਕ ਮਿਲ ਜਾਵੇ, ਹਕੀਕਤ ਤੋਂ ਮਿਲਣ ਵਾਲਾ ਮਜ਼ਾ ਨਹੀਂ ਮਿਲ ਸਕਦਾ। ਭਾਰਤ ਦਾ ਲੋਕਤੰਤਰ ਵੀ ਅਸਲੀ ਅਰਥਾਂ ਵਿੱਚ ਲੋਕਤੰਤਰ ਨਹੀਂ ਬਣ ਸਕਿਆ ਅਤੇ ਸਮਾਜ ਦੇ ਸਾਹਮਣੇ ਆਪਣੇ ਤੋਂ ਪਹਿਲਾਂ ਆਏ ਲੋਕਤੰਤਰ ਦੇ ਪ੍ਰਤੀਕਾਂ ਦੀ ਬੜੇ ਘਟੀਆ ਰੰਗ ਦੀ ਪੈਰੋਡੀ ਬਣ ਗਿਆ ਹੈ। ਪੈਰੋਡੀ ਵੀ ਇਹੋ ਜਿਹੀ ਹੈ, ਜਿਸ ਵਿੱਚ ਹੱਸਣ ਦੇ ਮੌਕੇ ਘੱਟ ਅਤੇ ਮੱਥੇ ਉੱਤੇ ਹੱਥ ਮਾਰਨ ਵਾਲੇ ਵੱਧ ਪੇਸ਼ ਹੁੰਦੇ ਹਨ। ਇਸ ਪੈਰੋਡੀ ਨੇ ਕਈ ਮਸਖਰਿਆਂ ਨੂੰ ਦੇਸ਼ ਦੀ ਲੀਡਰੀ ਦੇ ਮੌਕੇ ਦਿੱਤੇ ਹੋਏ ਹਨ। ਪੰਦਰਾਂ ਸਾਲ ਪਹਿਲਾਂ ਬਿਹਾਰ ਤੋਂ ਕੇਂਦਰ ਦਾ ਇੱਕ ਮੰਤਰੀ ਹੁੰਦਾ ਸੀ, ਜਿਹੜਾ ਖਾਨਦਾਨੀ ਓਝਾ ਸੀ ਅਤੇ ਮੰਤਰੀ ਬਣਨ ਤੋਂ ਪਹਿਲਾਂ ਝਾੜ-ਫੂਕ ਨਾਲ ਲੋਕਾਂ ਦੇ ਰੋਗਾਂ ਦਾ ਇਲਾਜ ਕਰਨ ਦਾ ਦਾਅਵਾ ਕਰਦਾ ਸੀ। ਉਸ ਨੇ ਬਿਹਾਰ ਵਿੱਚ ਭਾਰਤ ਦਾ ਓਝਾ ਸੰਮੇਲਨ ਕਰਵਾ ਦਿੱਤਾ ਤੇ ਭਾਰਤੀ ਲੋਕਤੰਤਰ ਦਾ ਕੇਂਦਰੀ ਮੰਤਰੀ ਕਾਲਾ ਤੇਲ ਸਰੀਰ ਉੱਤੇ ਮਲ਼ ਕੇ ਸਿਰਫ ਇੱਕ ਕੱਛੇ ਨਾਲ ਲੋਕਾਂ ਦੇ ਸਾਹਮਣੇ ਇੱਕ ਗੰਡਾਸੇ ਵਰਗੇ ਹਥਿਆਰ ਨਾਲ ਨਾਚ ਕਰਦਾ ਰਿਹਾ ਸੀ। ਹੁਣ ਮੱਧ ਪ੍ਰਦੇਸ਼ ਤੋਂ ਬੜੀ ਭੱਦੀ ਗੱਲ ਸੁਣੀ ਹੈ। ਓਥੇ ਇੱਕ ਮੰਤਰੀ ਨੇ ਆਰਥਿਕ ਸੰਕਟ ਦੀ ਮਾਰ ਨਾਲ ਮਰ ਗਏ ਕਿਸਾਨਾਂ ਦੇ ਅੰਕੜੇ ਪੇਸ਼ ਕੀਤੇ ਤਾਂ ਕੁਝ ਵੇਰਵੇ ਦੱਸਣ ਦੇ ਬਾਅਦ ਕਹਿ ਦਿੱਤਾ ਕਿ 'ਐਨੇ ਕਿਸਾਨ ਭੂਤ-ਪ੍ਰੇਤਾਂ ਕਾਰਨ ਵੀ ਮਾਰੇ ਗਏ।' ਮੰਤਰੀ ਦੀ ਇਸ ਰਿਪੋਰਟ ਤੋਂ ਰੌਲਾ ਪੈ ਗਿਆ ਕਿ ਉਹ ਅੰਧ-ਵਿਸ਼ਵਾਸੀ ਹੈ ਤੇ ਵਿਧਾਨ ਸਭਾ ਵਿੱਚ ਇਸ ਸੋਚ ਦਾ ਪ੍ਰਚਾਰ ਕਰਦਾ ਹੈ। ਸਰਕਾਰ ਦੇ ਮੁਖੀ ਨੇ ਸਫਾਈ ਦਿੱਤੀ ਕਿ ਇਸ ਤਰ੍ਹਾਂ ਕਹਿਣ ਦਾ ਅਰਥ ਇਹ ਨਹੀਂ ਕਿ ਮੰਤਰੀ ਅੰਧ-ਵਿਸ਼ਵਾਸੀ ਹੈ, ਅਸਲ ਵਿੱਚ ਉਸ ਨੇ ਇਹ ਦੱਸਿਆ ਹੈ ਕਿ 'ਐਨੇ ਕਿਸਾਨਾਂ ਦੇ ਪਰਵਾਰ ਕਹਿੰਦੇ ਹਨ ਕਿ ਉਹ ਭੂਤਾਂ-ਪ੍ਰੇਤਾਂ ਵਾਲੀ ਕਸਰ ਨਾਲ ਮਾਰੇ ਗਏ ਹਨ'। ਇਹ ਤਸਵੀਰ ਉਸ ਭਾਰਤ ਦੇਸ਼ ਦੀ ਹੈ, ਜਿਸ ਦਾ ਇੱਕ ਉਪ-ਗ੍ਰਹਿ ਇਸ ਵੇਲੇ ਬੜਾ ਖੂੰਖਾਰ ਮੰਨੇ ਜਾਂਦੇ 'ਮੰਗਲ' ਗ੍ਰਹਿ ਦੀ ਖੋਜ ਕਰਨ ਲਈ ਉਸ ਦੇ ਦੁਆਲੇ ਕਬੱਡੀ ਪਾਉਂਦਾ ਫਿਰਦਾ ਹੈ।
ਭਾਰਤ ਦੇ ਲੋਕਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਇਸ ਲਈ ਪੱਲੇ ਪਏ ਹਨ ਕਿ ਸਾਡੇ ਲੋਕ ਅਸਲ ਵਿੱਚ ਲੋਕਤੰਤਰ ਦੀ ਪੈਰੋਡੀ ਨੂੰ ਹੀ ਲੋਕਤੰਤਰ ਮੰਨ ਕੇ ਤਸੱਲੀ ਕਰੀ ਜਾ ਰਹੇ ਹਨ। ਲੋਕਤੰਤਰ ਤਾਂ ਓਦੋਂ ਬਣਦਾ ਹੈ, ਜਦੋਂ ਬੁਨਿਆਦੀ ਅਧਿਕਾਰਾਂ ਦੀ ਗਾਰੰਟੀ ਦੇ ਨਾਲ ਬੁਨਿਆਦੀ ਫਰਜ਼ਾਂ ਦੀ ਪੂਰਤੀ ਦੀ ਭਾਵਨਾ ਵਿਕਸਤ ਕਰਦੇ ਹੋਏ ਏਦਾਂ ਦੇ ਆਗੂ ਵੀ ਸਮੇਂ ਦੀਆਂ ਸੱਟਾਂ ਨਾਲ ਘੜੇ ਜਾਣ, ਜਿਹੜੇ ਅਗਵਾਈ ਕਰ ਸਕਣ। ਏਥੇ ਏਦਾਂ ਦਾ ਕੁਝ ਵੀ ਨਹੀਂ। ਉੱਘੇ ਪੱਤਰਕਾਰ ਵਿਨੋਦ ਦੂਆ ਨੇ ਇੱਕ ਵਾਰ ਮਜ਼ਾਕ ਨਾਲ ਕਿਹਾ ਸੀ ਕਿ ਭਾਰਤ ਵਿੱਚ ਵਿਕਦੇ ਮਨਚੂਰੀਅਨ ਦਾ ਪਤਾ ਚੀਨ ਦੇ ਲੋਕਾਂ ਨੂੰ ਲੱਗ ਜਾਵੇ ਤਾਂ ਚੀਨ ਵਿੱਚ ਵਿਕਦੇ ਅਸਲ ਮਨਚੂਰੀਅਨ ਨੂੰ ਆਪਣੇ ਨਾਂਅ ਤੋਂ ਸ਼ਰਮ ਆਉਣ ਲੱਗ ਪਵੇਗੀ। ਭਾਰਤ ਵਿੱਚ ਜਿਹੜਾ ਰਾਜ ਪ੍ਰਬੰਧ ਸਾਡੇ ਕੋਲ ਹੈ, ਜੇ ਉਸ ਨੂੰ ਅਸਲੀ ਲੋਕਤੰਤਰ ਮੰਨ ਲਿਆ ਤਾਂ ਜਿੱਥੇ ਕਿਧਰੇ ਸੱਚਮੁੱਚ ਦਾ ਲੋਕਤੰਤਰ ਮੌਜੂਦ ਹੋਇਆ, ਉਸ ਨੂੰ ਵੀ ਆਪਣੇ ਆਪ ਉੱਤੇ ਸ਼ਰਮ ਆਉਣ ਲੱਗ ਪਵੇਗੀ।

24 July 2016