ਸਿਰ ਬੇਟੀਆਂ ਦੇ ਚਾਇ ਜੁਦਾ ਕਰਦੇ ... - ਸਵਰਾਜਬੀਰ

‘ਲਵ ਜਹਾਦ’ ਸ਼ਬਦ ਘੜਨ ਵਾਲਿਆਂ ਨੇ ਇਹ ਸ਼ਬਦ ਕਿਉਂ ਤੇ ਕਿਵੇਂ ਬਣਾਇਆ ਹੋਵੇਗਾ, ਇਹ ਸੋਚਣਾ ਤੇ ਸਮਝਣਾ ਬਹੁਤ ਆਸਾਨ ਵੀ ਹੈ ਤੇ ਕਠਿਨ ਵੀ। ਆਸਾਨ ਇਸ ਲਈ ਕਿਉਂਕਿ ਸਾਡੇ ਦੇਸ਼ ਵਿਚਲੀ ਵੱਡੀ ਬਹੁਗਿਣਤੀ ਫ਼ਿਰਕੇ ਦੇ ਕੁਝ ਵਿਅਕਤੀ ਇਹ ਸੋਚਦੇ ਹਨ ਕਿ ਦੇਸ਼ ਦੀ ਵੱਡੀ ਘੱਟਗਿਣਤੀ ਦੇ ਮਰਦ ਆਪਣੇ ਧਰਮ ਦੇ ਲੋਕਾਂ ਦੀ ਗਿਣਤੀ ਵਧਾਉਣ ਲਈ ਉਨ੍ਹਾਂ (ਬਹੁਗਿਣਤੀ ਫ਼ਿਰਕੇ) ਦੇ ਧਰਮ ਦੀਆਂ ਲੜਕੀਆਂ ਨੂੰ ਵਰਗਲਾ ਕੇ ਉਨ੍ਹਾਂ ਨੂੰ ਧਰਮ ਬਦਲਣ ਲਈ ਮਜਬੂਰ ਕਰਦੇ ਅਤੇ ਉਨ੍ਹਾਂ ਨਾਲ ਵਿਆਹ ਕਰਦੇ ਹਨ, ਅਜਿਹੀ ਸੋਚ ਅਨੁਸਾਰ ਧਾਰਮਿਕ ਫ਼ਿਰਕੇ ਦੇ ਮਰਦ ਇਸ ਕੰਮ ਨੂੰ ਧਾਰਮਿਕ ਫਰਜ਼ ਵਜੋਂ ਅੰਜਾਮ ਦਿੰਦੇ ਹਨ ਨਾ ਕਿ ਕਿਸੇ ਮਰਦ ਔਰਤ ਵਿਚਕਾਰ ਬਣਨ ਅਤੇ ਵਧਣ-ਫੁੱਲਣ ਵਾਲੇ ਸੁਭਾਵਿਕ ਰਿਸ਼ਤੇ ਵਜੋਂ।
        ਜਹਾਦ ਸ਼ਬਦ ਦੇ ਕਈ ਮਾਅਨੇ ਅਤੇ ਵਿਆਖਿਆਵਾਂ ਹਨ, ਜਿਨ੍ਹਾਂ ਵਿਚ ਇਸਲਾਮ ਦੇ ਵਿਰੋਧੀਆਂ ਵਿਰੁੱਧ ਜੰਗ ਕਰਨ ਤੋਂ ਲੈ ਕੇ ਜ਼ੁਲਮ ਵਿਰੁੱਧ ਸੰਘਰਸ਼ ਅਤੇ ਆਪਣੀ ਹਉਮੈਂ (ਨਫ਼ਸ) ਨੂੰ ਖ਼ਤਮ ਕਰਨ ਦੇ ਯਤਨ ਕਰਨਾ ਸ਼ਾਮਲ ਹਨ। ਹਰ ਸ਼ਬਦ ਅਤੇ ਖ਼ਾਸ ਕਰਕੇ ਧਾਰਮਿਕ ਸ਼ਬਦਾਂ ਦੀ ਆਪਣੀ ਇਤਿਹਾਸਕਤਾ ਹੁੰਦੀ ਹੈ ਅਤੇ ਧਾਰਮਿਕ ਤੇ ਸਮਾਜਿਕ ਆਗੂ, ਨਰਮਦਲੀਏ ਅਤੇ ਕੱਟੜਪੰਥੀ ਉਨ੍ਹਾਂ ਨੂੰ ਆਪੋ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਵਰਤਦੇ ਹਨ। ਮੁਸਲਮਾਨ ਆਗੂਆਂ, ਹੁਕਮਰਾਨਾਂ ਅਤੇ ਕੱਟੜਪੰਥੀਆਂ ਨੇ ਇਸ ਸ਼ਬਦ ਨੂੰ ਆਪਣੀਆਂ ਹਕੂਮਤਾਂ ਨੂੰ ਮਜ਼ਬੂਤ ਕਰਨ, ਆਪਣੇ ਵਿਰੋਧੀਆਂ ਨੂੰ ਦਬਾਉਣ ਅਤੇ ਦਹਿਸ਼ਤਗਰਦੀ ਅਤੇ ਕੱਟੜਪੰਥੀ ਧਾਰਨਾਵਾਂ ਦਾ ਪ੍ਰਚਾਰ ਕਰਨ ਲਈ ਵਰਤਿਆ ਹੈ। ਇਸੇ ਤਰ੍ਹਾਂ ਹਿੰਦੂਤਵ ਦੀ ਵਿਚਾਰਧਾਰਾ ਨਾਲ ਜੁੜੇ ਕੱਟੜਪੰਥੀ ਵੀ ਇਸ ਨੂੰ ਪ੍ਰੇਮ/ਪਿਆਰ ਜਿਹੇ ਪਵਿੱਤਰ ਸ਼ਬਦ ਨਾਲ ਜੋੜ ਕੇ ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ’ਤੇ ਇਹ ਦੋਸ਼ ਲਾਉਣ ਲਈ ਵਰਤਦੇ ਹਨ ਕਿ ਉਹ ਪ੍ਰੇਮ ਜਿਹੀ ਭਾਵਨਾ ਨੂੰ ਆਪਣੇ ਧਰਮ ਨੂੰ ਵਧਾਉਣ (ਭਾਵ ਦੂਸਰੇ ਧਰਮਾਂ ਦਾ ਨੁਕਸਾਨ ਕਰਨ ਅਤੇ ਇਸ ਤਰ੍ਹਾਂ ਜਹਾਦ ਕਰਨ) ਲਈ ਵਰਤਦੇ ਹਨ। ਹੁਣੇ ਹੁਣੇ ਕਸ਼ਮੀਰ ਵਿਚ ਉਭਾਰੇ ਗਏ ਅੰਤਰ-ਧਾਰਮਿਕ ਵਿਆਹਾਂ ਦੇ ਮਸਲੇ ਵਿਚ ਕੁਝ ਸਿੱਖ ਆਗੂ ਵੀ ਅਜਿਹੇ ਵਹਿਣ ਵਿਚ ਵਹਿ ਗਏ ਹਨ।
        ਉਪਰੋਕਤ ਦਲੀਲ ਅਨੁਸਾਰ ਹਰ ਧਰਮ ਦੇ ਲੋਕ ਇਹ ਸੋਚਦੇ ਹਨ ਕਿ ਸਾਡੀਆਂ ਕੁੜੀਆਂ ਤੇ ਔਰਤਾਂ ਵਿਚ ਸਮਝ ਨਹੀਂ ਹੈ ਅਤੇ ਦੂਸਰੇ ਧਰਮਾਂ ਦੇ ਮਰਦ ਉਨ੍ਹਾਂ ਨੂੰ ਬਹਿਕਾ ਕੇ ਧਰਮ ਬਦਲਣ ਲਈ ਮਜਬੂਰ ਕਰ ਰਹੇ ਹਨ, ਉਹ ਉਨ੍ਹਾਂ ਨੂੰ ਪ੍ਰੇਮ ਨਹੀਂ ਕਰਦੇ ਸਗੋਂ ਏਦਾਂ ਕਰਨਾ ਉਨ੍ਹਾਂ ਦਾ ਧਾਰਮਿਕ ਏਜੰਡਾ ਹੈ। ਏਥੇ ਸਵਾਲ ਉੱਠਦਾ ਹੈ ਕਿ ਕੀ ਕੁੜੀਆਂ ਤੇ ਔਰਤਾਂ ਇੰਨੀਆਂ ਬੇਸਮਝ ਹਨ। ਕੱਟੜਪੰਥੀਆਂ ਦਾ ਜਵਾਬ ਹੈ ਕਿ ਹਾਂ ਕੁੜੀਆਂ ਤੇ ਔਰਤਾਂ ਵਿਚ ਸਮਝ ਘੱਟ ਤੇ ਭਾਵਨਾ ਜ਼ਿਆਦਾ ਹੋਣ ਕਾਰਨ ਉਹ ਭਾਵਨਾਵਾਂ ਦੇ ਵੇਗ ਵਿਚ ਵਹਿ ਜਾਂਦੀਆਂ ਹਨ, ਦੂਸਰੇ ਧਰਮਾਂ ਦੇ ਮਰਦ ਉਨ੍ਹਾਂ ਦੀ ਸਮਝ ’ਤੇ ਪਰਦਾ ਪਾ ਦਿੰਦੇ ਹਨ।
        ਇਸ ਦਲੀਲ ਵਿਚੋਂ ਇਹ ਸੋਚ ਨਿਕਲਦੀ ਹੈ ਕਿ ਔਰਤਾਂ ਨੂੰ ਜ਼ਬਤ ਵਿਚ ਰੱਖਣਾ ਚਾਹੀਦਾ ਹੈ। ਜ਼ਬਤ ਵਿਚ ਕੌਣ ਰੱਖੇਗਾ ? ਸਪੱਸ਼ਟ ਹੈ ਕਿ ਮਰਦ । ਇਸ ਤਰ੍ਹਾਂ ਇਹ ਸਮਝ ਪਣਪਦੀ ਹੈ ਕਿ ਧਰਮਾਂ ਅਤੇ ਔਰਤਾਂ ਦੀ ਰਖਵਾਲੀ ਮਰਦਾਂ ਨੇ ਕਰਨੀ ਹੈ, ਆਪਣੀਆਂ ਔਰਤਾਂ ’ਤੇ ਪਾਬੰਦੀਆਂ ਤੇ ਬੰਦਿਸ਼ਾਂ ਲਗਾ ਕੇ, ਉਨ੍ਹਾਂ ਨੂੰ ਧਾਰਮਿਕ ਸਦਾਚਾਰ ਅਤੇ ਮਰਿਆਦਾ ਸਿਖਾ ਕੇ। ਅਜਿਹੀ ਸੋਚ ਅਤੇ ਮਰਿਆਦਾ ਸਮਾਜ ਦੀ ਸਮੂਹਿਕ ਸਮਝ ਬਣ ਜਾਂਦੀ ਹੈ ਜਿਸ ਨੂੰ ਲੋਕ ਸਮਾਜ ਦਾ ਕੁਦਰਤੀ ਨੇਮ ਸਮਝਣ ਲੱਗ ਪੈਂਦੇ ਹਨ। ਮਰਦ ਅਜਿਹੀ ਧਾਰਮਿਕ ਤੇ ਸਮਾਜਿਕ ਸਮਝ ਅਤੇ ਮਰਿਆਦਾ ਦੇ ਰਖਵਾਲੇ ਬਣ ਜਾਂਦੇ ਹਨ। ਅਜਿਹੀ ਸਮੂਹਿਕ ਸਮਝ ਆਪਣੇ ਫ਼ੈਸਲੇ ਖ਼ੁਦ ਕਰਨ ਵਾਲੀਆਂ ਔਰਤਾਂ ਵਿਰੁੱਧ ਵਰਤੀ ਜਾਂਦੀ ਹੈ। ਇਸ ਸਮਝ ਵਿਚ ਨਿਹਿਤ ਹੈ ਕਿ ਔਰਤਾਂ ਆਪਣੇ ਫ਼ੈਸਲੇ ਆਪ ਨਾ ਕਰਨ, ਉਨ੍ਹਾਂ ਦੇ ਫ਼ੈਸਲੇ ਪਰਿਵਾਰ, ਸਮਾਜ ਤੇ ਧਾਰਮਿਕ ਲੋਕ ਕਰਨਗੇ।
       ਇਹ ਦਲੀਲ ਸਿਰਫ਼ ਧਰਮ ਦੇ ਆਧਾਰ ’ਤੇ ਪੈਂਦੀਆਂ ਵੰਡੀਆਂ ਤਕ ਹੀ ਮਹਿਦੂਦ ਨਹੀਂ। ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਦੇ ਬਹੁਤ ਸਾਰੇ ਸਮਾਜਾਂ ਵਿਚ ਵਿਆਹ ਸ਼ਾਦੀਆਂ ਮੂਲ ਰੂਪ ਵਿਚ ਜਾਤ-ਪਾਤ ਤੋਂ ਪ੍ਰਭਾਵਿਤ ਹੁੰਦੀਆਂ ਹਨ। ਇਹ ਪ੍ਰਭਾਵ ਏਨਾ ਡੂੰਘਾ ਹੈ ਕਿ ਆਪਣੀ ਜਾਤ ਤੋਂ ਬਾਹਰ ਵਿਆਹ ਕਰਨ ਵਾਲੇ ਮੁੰਡੇ-ਕੁੜੀਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਸਮਾਜ ਤੇ ਭਾਈਚਾਰਾ ਅਜਿਹੇ ਕਾਰਿਆਂ ਨੂੰ ਪ੍ਰਵਾਨਗੀ ਦਿੰਦੇ ਹਨ ਅਤੇ ਅਜਿਹੇ ਕਾਤਲਾਂ ਨੂੰ ਉਸ ਜਾਤ ਦੀ ਅਣਖ ਅਤੇ ਸਮਾਜਿਕ ਮਰਿਆਦਾ ਦੇ ਰਖਵਾਲੇ ਮੰਨਿਆ ਜਾਂਦਾ ਹੈ। ਔਰਤਾਂ ’ਤੇ ਹੁੰਦੇ ਜ਼ੁਲਮ ਦਾ ਇਤਿਹਾਸ ਬਹੁਤ ਲੰਮਾ ਹੈ। ਜੰਗਾਂ ਦੌਰਾਨ ਜੇਤੂ ਫ਼ੌਜਾਂ ਹਾਰੇ ਹੋਏ ਇਲਾਕਿਆਂ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਉਨ੍ਹਾਂ ਨਾਲ ਜਬਰ-ਜਨਾਹ ਕਰਕੇ ਉਨ੍ਹਾਂ ਨੂੰ ਗ਼ੁਲਾਮ ਬਣਾਇਆ ਜਾਂਦਾ ਜਾਂ ਉਨ੍ਹਾਂ ਨਾਲ ਜ਼ਬਰਦਸਤੀ ਵਿਆਹ ਕੀਤੇ ਜਾਂਦੇ ਰਹੇ ਹਨ। ਜੇਤੂ ਔਰਤਾਂ ਦੇ ਸਰੀਰ ਨੂੰ ਨਿਸ਼ਾਨਾ ਬਣਾ ਕੇ ਹਾਰਿਆਂ ਦੀ ਅਣਖ ਤੇ ਮਾਣ-ਸਨਮਾਨ ਹੋਰ ਮਧੋਲਦੇ । ਇਨ੍ਹਾਂ ਵਰਤਾਰਿਆਂ ਨੇ ਵੀ ਔਰਤਾਂ ਨੂੰ ਇਤਿਹਾਸ ਵਿਚ ਅਜਿਹੇ ਇਤਿਹਾਸਕ ਪ੍ਰਤੀਕ ਵਜੋਂ ਸਥਾਪਿਤ ਕੀਤਾ ਜਿਨ੍ਹਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਦਾ ਲੁੱਟੇ ਜਾਣਾ ਸਮਾਜ ਦੀ ਸਮੂਹਿਕ ਬੇਇੱਜ਼ਤੀ ਹੈ। ਜੇਤੂ ਮਰਦ ਆਪਣੀ ਜਿੱਤ ਦੇ ਹਰਫ਼ ਔਰਤਾਂ ਦੇ ਸਰੀਰ ’ਤੇ ਲਿਖਦੇ ਹਨ।
       ਆਪਣੇ ਆਪ ਬਾਰੇ ਫ਼ੈਸਲੇ ਕਰਨ ਵਾਲੀਆਂ ਕੁੜੀਆਂ ਵਿਰੁੱਧ ਇਲਜ਼ਾਮਤਰਾਸ਼ੀ ਦਾ ਅਜਿਹਾ ਭਾਵੁਕ ਸੰਸਾਰ ਬਣਾਇਆ ਗਿਆ ਹੈ ਕਿ ਬਹੁਤੀਆਂ ਕੁੜੀਆਂ ਅਜਿਹੇ ਫ਼ੈਸਲੇ ਲੈਣ ਤੋਂ ਤ੍ਰਹਿ ਜਾਂਦੀਆਂ ਹਨ। ਉਦਾਹਰਨ ਦੇ ਤੌਰ ’ਤੇ ਜਾਤ ਤੇ ਧਰਮ ਤੋਂ ਬਾਹਰ ਅਤੇ ਇੱਥੋਂ ਤਕ ਕਿ ਜਾਤ ਧਰਮ ਦੇ ਅੰਦਰ ਰਹਿ ਕੇ ਆਪਣੇ ਤੋਂ ਨੀਵੀਂ ਸਮਾਜਿਕ ਅਤੇ ਆਰਥਿਕ ਹੈਸੀਅਤ ਦੇ ਮੁੰਡੇ ਨਾਲ ਵਿਆਹ ਕਰਵਾਉਣ ਦੇ ਕੁੜੀ ਦੇ ਫ਼ੈਸਲੇ ਨੂੰ ਪਿਉ ਦੀ ਪੱਗ ’ਤੇ ਦਾਗ਼ ਲਾਉਣ, ਪਿਉ ਦੀ ਪੱਗ ਮਿੱਟੀ ਵਿਚ ਰੋਲਣ, ਖ਼ਾਨਦਾਨ ਦੀ ਇੱਜ਼ਤ ’ਤੇ ਵੱਟਾ ਲਾਉਣ ਤੇ ਕੁਲ ਨੂੰ ਲਾਜ ਲਗਾਉਣ ਵਾਲਾ ਮੰਨਿਆ ਜਾਂਦਾ ਹੈ। ਕੁੜੀਆਂ ਨੂੰ ਜ਼ਬਤ ਵਿਚ ਰੱਖਣ ਦੇ ਸੰਦੇਸ਼ ਸਾਡੇ ਲੋਕ ਗੀਤਾਂ ਵਿਚ ਆਮ ਮਿਲਦੇ ਹਨ ਜਿਵੇਂ ‘‘ਹੁੰਦੇ ਭਾਈਆਂ ਦੇ, ਗੀਤ ਨਾ ਦਰੀ ਤੇ ਗਾਈਏ’’, ‘‘ਪੇਕਿਆਂ ਦੇ ਪਿੰਡ ਕੁੜੇ, ਧਾਰੀ ਬੰਨ੍ਹ ਸੁਰਮਾ ਨਾ ਪਾਈਏ।’’ ਇਹੋ ਜਿਹੀ ਸੋਚ-ਸਮਝ ਦੇ ਸੰਸਾਰ ਵਿਚ ਵਿਚਰਦੀਆਂ ਬਹੁਤੀਆਂ ਧੀਆਂ ਆਪਣੀ ਪਸੰਦ ਆਪਣੇ ਢਿੱਡਾਂ ਦੇ ਟੋਇਆਂ ਦੀਆਂ ਕਬਰਾਂ ਵਿਚ ਦਫ਼ਨ ਕਰ ਦਿੰਦੀਆਂ ਹਨ ਅਤੇ ਮਾਪਿਆਂ ਦੇ ਪਸੰਦ ਕੀਤੇ ਮੁੰਡਿਆਂ ਨਾਲ ਵਿਆਹ ਕਰਵਾ ਲੈਂਦੀਆਂ ਹਨ ਜਿਸ ਨਾਲ ਜਾਤੀਵਾਦ, ਮਰਦ-ਪ੍ਰਧਾਨ ਸੋਚ ਅਤੇ ਔਰਤਾਂ ਦੇ ਸਮਾਜ ਵਿਚ ਨੀਵੇਂ/ਗੌਣ ਦਰਜੇ ਦੀਆਂ ਹੋਣ ਦੀਆਂ ਵਿਚਾਰਧਾਰਾਵਾਂ ਹੋਰ ਦ੍ਰਿੜ੍ਹ ਹੁੰਦੀਆਂ ਰਹਿੰਦੀਆਂ ਹਨ। ਹਿੰਮਤ ਕਰਕੇ ‘ਹੀਰ’ ਬਣਨ ਵਾਲੀਆਂ ਕੁੜੀਆਂ ’ਚੋਂ ਬਹੁਤੀਆਂ ਨੂੰ ਧਿੰਗੋਜ਼ੋਰੀ ‘ਖੇੜਿਆਂ’ ਦੇ ਘਰ ਹੀ ਵਿਆਹਿਆ ਜਾਂਦਾ ਹੈ ਜਿੱਥੇ ਉਹ ਸਾਰੀ ਉਮਰ ਕੱਟ ਦਿੰਦੀਆਂ ਹਨ। ਸਿਰਫ਼ ਕੁਝ ਹੀਏ ਵਾਲੀਆਂ ਧੀਆਂ ਹੀ ਆਪਣੇ ਫ਼ੈਸਲਿਆਂ ’ਤੇ ਦ੍ਰਿੜ੍ਹ ਰਹਿੰਦੀਆਂ ਹਨ।
      ਇਹ ਵਿਚਾਰ ਸਦੀਆਂ ਪੁਰਾਣੇ ਹਨ। ਉਦਾਹਰਨ ਦੇ ਤੌਰ ’ਤੇ ਜਦੋਂ ਸਦੀਆਂ ਪਹਿਲਾਂ ਹੀਰ ਮਾਪਿਆਂ ਨੂੰ ਆਪਣੀ ਪਸੰਦ ਬਾਰੇ ਦੱਸਦੀ ਹੈ ਤਾਂ ਮਾਂ ਕਹਿੰਦੀ ਹੈ ਇਸ ਨਾਲ ਪਿਉ ਦੀ ਪੱਗ ਨੂੰ ਦਾਗ਼ ਲੱਗੇਗਾ, ਦਮੋਦਰ ਲਿਖਦਾ ਹੈ, ‘‘ਆਖ ਦਮੋਦਰ ਵਾਰ ਬੁੱਢੇ ਦੀ, ਧੀ ਊ ਦਾਗ਼ ਲਗਾਇਆ।’’ ਮਾਂ ਸੋਚਦੀ ਹੈ : ‘‘ਗਲ ਥੀਂ ਨਾੜਾ ਨ ਕਪਿਓਈ, ਭਹਿ ਅਵੱਲੀ ਜਾਈ’’ ਭਾਵ ਜੇ ਮੈਨੂੰ ਪਤਾ ਹੁੰਦਾ ਕਿ ਮੈਂ ਕਾਬੂ ਵਿਚ ਨਾ ਆਉਣ ਵਾਲੀ ਅੱਗ (ਭਹਿ ਅਵੱਲੀ) ਜੰਮ ਰਹੀ ਹਾਂ ਤਾਂ ਮੈਂ ਇਸ ਦਾ ਜੰਮਦੀ ਦਾ ਹੀ ਨਾੜਾ (ਨਾੜੂ) ਕੱਟ ਦੇਣਾ (ਕਪਿਓਈ) ਭਾਵ ਮਾਰ ਦੇਣਾ ਸੀ। ਭਾਵੇਂ ਇਹ ਸ਼ਬਦ ਮਾਂ ਦੇ ਮੂੰਹੋਂ ਕਹਿਲਾਏ ਜਾ ਰਹੇ ਹਨ ਪਰ ਜਵਾਨ ਕੁੜੀ ਨੂੰ ‘ਭਹਿ ਅਵੱਲੀ (ਕਾਬੂ ਵਿਚ ਨਾ ਆਉਣ ਵਾਲੀ ਅੱਗ)’ ਸਮਝਣਾ ਮਰਦਾਵੀਂ ਸੋਚ ਦੀ ਪੈਦਾਵਾਰ ਹੈ। ਵਾਰਿਸ ਸ਼ਾਹ ਨੇ ਇਸ ਵਰਤਾਰੇ ਨੂੰ ਡਾਢੇ ਸਖ਼ਤ ਸ਼ਬਦਾਂ ਵਿਚ ਬਿਆਨ ਕੀਤਾ ਹੈ, ‘‘ਸਿਰ ਬੇਟੀਆਂ ਦੇ ਚਾਇ ਜੁਦਾ ਕਰਦੇ, ਜਦੋਂ ਗੁੱਸਿਆਂ ਤੇ ਬਾਪ ਆਂਵਦੇ ਨੀ/ ਸਿਰ ਵੱਢ ਕੇ ਨਈਂ (ਨਦੀ) ਵਿਚ ਰੋੜ੍ਹ ਦੇਂਦੇ, ਮਾਸ ਕਾਉਂ, ਕੁੱਤੇ, ਬਿੱਲੇ ਖਾਂਵਦੇ ਨੀ।’’ ਹਿੰਦੋਸਤਾਨੀ ਬਰ੍ਹੇ-ਸਗੀਰ (ਉਪ ਮਹਾਂਦੀਪ) ਦੇ ਕਈ ਸਮਾਜਾਂ ਵਿਚ ਧੀਆਂ ਨੂੰ ਜੰਮਦਿਆਂ ਹੀ ਮਾਰ ਦੇਣ ਦਾ ਰਿਵਾਜ ਰਿਹਾ ਹੈ।
      ਜਵਾਨ ਕੁੜੀ ਨੂੰ ਆਪਣੀ ਪਸੰਦ ਦੇ ਸਾਥੀ ਨਾਲ ਵਿਆਹ ਨਾ ਕਰਨ ਦੇਣਾ ਉਸ ਦਾ ਮਾਨਸਿਕ ਕਤਲ ਹੈ ਜਿਸ ਦੀ ਦਹਿਸ਼ਤ ਉਸ ਦਾ ਸਰੀਰ ਅਤੇ ਰੂਹ ਸਾਰੀ ਉਮਰ ਭੋਗਦੇ ਹਨ। ਉਹ ਰੋਜ਼ ਭੋਰਾ ਭੋਰਾ ਹੋ ਕੇ ਮਰਦੀ ਹੈ। ਮਾਨਸਿਕ ਪੱਧਰ ’ਤੇ ਉਹ ਕਿਸੇ ਹੋਰ ਨਾਲ ਪ੍ਰੇਮ ਕਰਦੀ ਹੈ ਅਤੇ ਸਰੀਰ ਕੋਈ ਹੋਰ ਭੋਗਦਾ ਹੈ। ਕੀ ਇਹ ਸਮਾਜ ਦੀ ਰਜ਼ਾਮੰਦੀ ਨਾਲ ਹੋ ਰਿਹਾ ਜਬਰ-ਜਨਾਹ ਨਹੀਂ ਹੈ ?
       ਦੂਸਰੇ ਪੱਖ ਤੋਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਬਾਗ਼ੀ ਔਰਤਾਂ ਦੀ ਸਰੀਰਕਤਾ ਕਾਰਨ ਧਾਰਮਿਕ ਤੇ ਸਮਾਜਿਕ ਤਵਾਜ਼ਨ ਡੋਲਦੇ ਅਤੇ ਅਸਥਿਰ ਹੁੰਦੇ ਹਨ। ਔਰਤਾਂ ਦੀ ਸਰੀਰਕਤਾ  ਮਰਦ ਪ੍ਰਧਾਨ ਸੋਚ ਅਤੇ ਸਮਾਜਿਕ, ਧਾਰਮਿਕ ਤੇ ਜਾਤੀਵਾਦੀ ਸੌੜੇਪਣ ਲਈ ਖ਼ਤਰਾ ਬਣ ਜਾਂਦੀ ਹੈ। ਕੱਟੜਪੰਥੀਏ ਔਰਤਾਂ ਦੀ ਸਰੀਰਕਤਾ ਅਤੇ ਉਨ੍ਹਾਂ ਦੇ ਆਪਣੇ ਬਾਰੇ ਫ਼ੈਸਲੇ ਲੈਣ ਦੇ ਇਰਾਦਿਆਂ ਤੋਂ ਪ੍ਰੇਸ਼ਾਨ ਹੁੰਦੇ ਹਨ, ਉਨ੍ਹਾਂ ਅਨੁਸਾਰ ਅਜਿਹੀਆਂ ਔਰਤਾਂ ਮਰਿਆਦਾ ਨੂੰ ਭੰਗ ਕਰ ਕੇ ਧਰਮਾਂ, ਫ਼ਿਰਕਿਆਂ ਅਤੇ ਜਾਤਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਤੇ ਸਮਾਜ ਵਿਚ ਖਲਲ ਪੈਦਾ ਕਰਦੀਆਂ ਹਨ।
        ਔਰਤਾਂ ਵਿਰੁੱਧ ਅਜਿਹੀਆਂ ਪਾਬੰਦੀਆਂ ਹਮੇਸ਼ਾਂ ਲਗਾਈਆਂ ਜਾਂਦੀਆਂ ਰਹੀਆਂ ਹਨ। ਮਰਦ ਕਿਸੇ ਵੀ ਧਰਮ, ਫ਼ਿਰਕੇ, ਜਾਤ ਜਾਂ ਇਲਾਕੇ ਦੀ ਔਰਤ ਨਾਲ ਸ਼ਾਦੀ ਕਰ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਇਹ ਸਮਝਿਆ ਜਾਂਦਾ ਹੈ ਕਿ ਉਸ ਧਰਮ, ਫ਼ਿਰਕੇ ਜਾਂ ਇਲਾਕੇ ਦਾ ਗੌਰਵ ਵਧਿਆ ਹੈ, ਜਦੋਂਕਿ ਕੋਈ ਔਰਤ ਅਜਿਹਾ ਕਰੇ ਤਾਂ ਸਮਝਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਗੌਰਵ ਘਟਿਆ ਹੈ ਅਤੇ ਧਰਮ, ਫ਼ਿਰਕੇ, ਜਾਤ ਜਾਂ ਇਲਾਕੇ ਦੀ ਬੇਇਜ਼ਤੀ ਹੋਈ ਹੈ। ਇਸ ਤਰ੍ਹਾਂ ਇਹ ਸੋਚ ਮਰਦ-ਪ੍ਰਧਾਨ ਸੋਚ ਹੋਣ ਦੇ ਨਾਲ ਨਾਲ ਸਬੰਧਿਤ ਧਰਮਾਂ, ਫ਼ਿਰਕਿਆਂ, ਜਾਤਾਂ ਤੇ ਇਲਾਕਿਆਂ ਨਾਲ ਜੁੜੀਆਂ ਸੋਚਾਂ ਤੋਂ ਵੀ ਪ੍ਰਵਾਨਿਤ ਹੁੰਦੀ ਹੋਈ ਸਮਾਜ ਦੀ ਸਾਂਝੀ ਸਮਝ ਜਾਂ ਵਿਚਾਰਧਾਰਾ ਬਣਦੀ ਹੋਈ ਸਾਡੇ ਸਮਾਜਿਕ ਅਵਚੇਤਨ ਵਿਚ ਸਮਾ ਜਾਂਦੀ ਹੈ। ਇਸ ਵਿਚੋਂ ਔਰਤਾਂ ਦੇ ਆਪਣੇ ਤੇ ਆਪਣੇ ਸਰੀਰ ਬਾਰੇ ਫ਼ੈਸਲੇ ਲੈਣ ਦੇ ਹੱਕ ਮਨਫ਼ੀ ਹੁੰਦੇ ਹਨ, ਉਸ ਦਾ ਤ੍ਰੀਮਤਪਣ ਮਨਫ਼ੀ ਹੁੰਦਾ ਹੈ।
        ਇਸ ਸਮੱਸਿਆ ਨੂੰ ਸਾਰੇ ਦੇਸ਼ ਅਤੇ ਖ਼ਾਸ ਕਰਕੇ ਕਈ ਸੂਬਿਆਂ ਵਿਚ ਫਿਰ ਉਭਾਰਿਆ ਜਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਅਲਾਹਾਬਾਦ ਹਾਈਕੋਰਟ ਨੇ ਇਕ ਫ਼ੈਸਲੇ ਵਿਚ ਕਿਹਾ ਕਿ ਸਿਰਫ਼ ਵਿਆਹ ਕਰਵਾਉਣ ਲਈ ਧਰਮ ਬਦਲਣਾ ਵਾਜਿਬ ਨਹੀਂ ਹੈ। ਅਦਾਲਤ ਦਾ ਫ਼ੈਸਲਾ ਇਕ ਖ਼ਾਸ ਪ੍ਰਸੰਗ ਵਿਚ ਸੀ ਪਰ ਉਸ ’ਤੇ ਟਿੱਪਣੀ ਕਰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਲਵ ਜਹਾਦ’ ਨੂੰ ਰੋਕਣ ਲਈ ਕਰੜਾ ਕਾਨੂੰਨ ਬਣਾਏਗੀ। ਸਰਕਾਰ ਦੇ ਇਰਾਦੇ ਨੂੰ ਲੋਕਾਂ ਤਕ ਪਹੁੰਚਾਉਣ  ਲਈ ਵਰਤੀ ਗਈ ਭਾਸ਼ਾ ਵੀ ਹਿੰਸਕ ਸੀ । ਮੁੱਖ ਮੰਤਰੀ ਨੇ ਦੇਸ਼ ਦੀ ਵੱਡੀ ਘੱਟਗਿਣਤੀ ਫ਼ਿਰਕੇ ਦੇ ਨੌਜਵਾਨਾਂ ’ਤੇ ਦੋਸ਼ ਲਗਾਇਆ ਕਿ ਉਹ ਆਪਣਾ ਨਾਮ ਅਤੇ ਪਛਾਣ (ਧਰਮ) ਲੁਕਾ ਕੇ ‘‘ਬਹਿਨੋਂ ਬੇਟੀਓਂ ਕੀ ਇੱਜ਼ਤ ਸੇ ਖਿਲਵਾੜ ਕਰਤੇ ਹੈਂ।’’ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ‘‘ਸੁਧਰੇਂਗੇ ਨਹੀਂ ਤੋ ‘ਰਾਮ ਨਾਮ ਸਤ’ ਕੀ ਬਾਤ ਨਿਕਲਨੇ ਵਾਲੀ ਹੈ।’’ ਬਾਅਦ ਵਿਚ ਪਹਿਲਾਂ ਆਰਡੀਨੈਂਸ ਜਾਰੀ ਕਰਕੇ (ਨਵੰਬਰ 2020) ਅਤੇ ਫਿਰ ਬਿਲ ਵਿਧਾਨ ਸਭਾ ਵਿਚ ਪਾਸ ਕਰਕੇ (ਫਰਵਰੀ 2021) ਅਜਿਹਾ ਕਾਨੂੰਨ ‘ਪ੍ਰੋਹਿਬਸ਼ਨ ਆਫ਼ ਅਨਲਾਅਫੁੱਲ ਰਿਲੀਜਨ ਕਨਵਰਜ਼ਨ ਐਕਟ-2021’ ਬਣਾਇਆ ਗਿਆ। ਹੁਣ ਇਸ ਨੂੰ ਜੰਮੂ-ਕਸ਼ਮੀਰ ਵਿਚ ਲਾਗੂ ਕਰਵਾਉਣ ਲਈ ਕਿਹਾ ਜਾ ਰਿਹਾ ਹੈ।
        ਲੋਕ ਸਦੀਆਂ ਤੋਂ ਧਰਮ ਬਦਲਦੇ ਆਏ ਹਨ। ਕੁਝ ਲੋਕਾਂ ਦੇ ਧਰਮ ਬਦਲਣ ਨਾਲ ਕਿਸੇ ਖ਼ਾਸ ਧਰਮ ਦੀ ਹੋਂਦ ਖ਼ਤਰੇ ਵਿਚ ਨਹੀਂ ਪੈ ਜਾਂਦੀ। ਧਰਮ ਦੁਨੀਆਂ ਦੇ ਵੱਖ ਵੱਖ ਖ਼ਿੱਤਿਆਂ ਵਿਚ ਫੈਲਦੇ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹੇ ਹਨ। ਵੱਖ ਵੱਖ ਧਰਮਾਂ ਦੇ ਮਰਦ ਤੇ ਔਰਤਾਂ ਆਪਸ ਵਿਚ ਸ਼ਾਦੀਆਂ ਕਰਦੇ ਹਨ।
      ਇਤਿਹਾਸਕਾਰ ਭਗਵਾਨ ਜੋਸ਼ ਅਨੁਸਾਰ ‘‘ਜਾਤ, ਧਰਮ ਤੇ ਸਟੇਟਸ ਦੇ ਪਾੜੇ ਲੰਘ ਕੇ, ਸਿਰਫ਼ ਇਨਸਾਨ ਦਾ ਇਨਸਾਨ ਨੂੰ ਚੰਗੇ ਲੱਗਣ ਕਾਰਨ ਹੋਇਆ ਵਿਆਹ ਜਾਗੀਰਦਾਰੀ ਕਦਰਾਂ-ਕੀਮਤਾਂ ਵਾਲੇ (ਫਿਊਡਲ) ਸਮਾਜ, ਜਿਸ ਦਾ ਸਾਰਾ ਦਾਰੋਮਦਾਰ ਇੱਜ਼ਤ ਤੇ ਸਟੇਟਸ ’ਤੇ ਟਿਕਿਆ ਹੁੰਦਾ ਹੈ, ਦੇ ਲਈ ਇਕ ਅਤਿ ਖ਼ਤਰਨਾਕ ਵਿਚਾਰਧਾਰਾ ਹੈ ਅਤੇ ਮਾਪੇ ਚਾਹੁੰਦੇ ਹਨ ਕਿ ਧੀਆਂ ਨੂੰ ਇਸ ਦੀ ਕਨਸੋਅ ਵੀ ਨਹੀਂ ਪੈਣੀ ਚਾਹੀਦੀ, ਮਨੁੱਖੀ ਅਧਿਕਾਰਾਂ ਤੇ ਮਨੁੱਖੀ ਆਜ਼ਾਦੀ ਦੀ ਗੱਲ ਬਹੁਤ ਚੰਗੀ ਗੱਲ ਹੈ... ਪਰ ਕਾਨੂੰਨ ਦੀ ਬਰਾਬਰੀ ਦਾ ਘੇਰਾ ਖ਼ੂਨ ਦੀ ਬਰਾਬਰੀ ਤਕ ਨਹੀਂ ਫੈਲਣ ਦਿੱਤਾ ਜਾ ਸਕਦਾ। ਜਾਗੀਰਦਾਰੀ ਸਮਾਜ ਨੂੰ ਇਹ ਡਰ ਰਹਿੰਦਾ ਹੈ ਕਿ ਇਸ ਨਾਲ ਤਾਂ ਸਾਰੇ ਸਮਾਜ ਵਿਚ ਅਨਾਰਕੀ (ਅਫ਼ਰਾ ਤਫ਼ਰੀ) ਫੈਲ ਜਾਵੇਗੀ, ਹੇਠਲੀ ਉੱਤੇ ਹੋ ਜਾਵੇਗੀ।’’ ਇਸੇ ਲੇਖ ਵਿਚ ਉਹ ਸਿੱਟਾ ਕੱਢਦਾ ਹੈ, ‘‘ਅਲੱਗ ਅਲੱਗ ਕਿਸਮ ਦੇ ਖ਼ੂਨ ਦਾ ਮਿਲਣਾ ਹੀ ਇਨਸਾਨੀ ਬਰਾਦਰੀ ਦੀ ਨੀਂਹ ਰੱਖ ਸਕਦਾ ਹੈ।’’
ਇਨਸਾਨੀ ਬਰਾਦਰੀ ਦੀ ਨੀਂਹ ਰੱਖੇ ਜਾਣਾ ਧਾਰਮਿਕ ਕੱਟੜਪੰਥੀਆਂ ਨੂੰ ਰਾਸ ਨਹੀਂ ਆਉਂਦਾ। ਉਹ ਇਹ ਸਮਝਣ ਤੋਂ ਅਸਮਰੱਥ ਹਨ ਕਿ ਵੱਖ ਵੱਖ ਧਰਮਾਂ ਤੇ ਜਾਤਾਂ ਦੇ ਇਨਸਾਨਾਂ ਦੇ ਵਿਆਹ ਹੋਣ ਨਾਲ ਧਾਰਮਿਕ ਸੌੜਾਪਣ ਘਟੇਗਾ ਅਤੇ ਮਨੁੱਖਤਾ ਆਪਣੀ ਵਿਸ਼ਾਲਤਾ ਗ੍ਰਹਿਣ ਕਰੇਗੀ। ਪ੍ਰੇਮ ਵਿਆਹ ਕਰਾਉਣ ਵਾਲਿਆਂ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਸਮਾਜਿਕ ਨਿਆਂ ਅਤੇ ਇਨਸਾਨੀ ਬਰਾਬਰੀ ਦੇ ਹੱਕ ਵਿਚ ਖਲੋਣ ਵਾਲੇ ਜਿਊੜੇ ਬਣਨ ਅਤੇ ਉਨ੍ਹਾਂ ਦੀ ਸੰਤਾਨ ਵੀ ਅਜਿਹੀ ਇਨਸਾਨ-ਪ੍ਰਸਤ ਸੋਚ ਨੂੰ ਅੱਗੇ ਲੈ ਜਾਣ ਵਾਲੀ ਬਣੇ। ਧਰਮ ਅਤੇ ਜਾਤਾਂ ’ਤੇ ਆਧਾਰਿਤ ਪਛਾਣਾਂ ਅਤੇ ਮਰਦ-ਪ੍ਰਧਾਨ ਸੋਚ ਵਿਰੁੱਧ ਲੜਾਈ ਬਹੁਤ ਲੰਮੇ ਸਮੇਂ ਤਕ ਲੜਨੀ ਪੈਣੀ ਹੈ। ਇਹ ਪਛਾਣਾਂ ਖ਼ਤਮ ਤਾਂ ਨਹੀਂ ਹੋ ਸਕਦੀਆਂ ਪਰ ਜਮਹੂਰੀ ਤਾਕਤਾਂ ਨੂੰ ਇਨ੍ਹਾਂ ਦੇ ਵੰਡ-ਪਾਊ ਅਤੇ ਹਿੰਸਕ ਪੱਖਾਂ ਨੂੰ ਘਟਾਉਣ ਅਤੇ ਮਨੁੱਖਤਾ, ਸਾਂਝੀਵਾਲਤਾ ਤੇ ਸਮਾਜਿਕ ਬਰਾਬਰੀ ਨੂੰ ਸਮਾਜ ਵਿਚ ਪਹਿਲ ਦੇਣ ਲਈ ਸਮਾਜਿਕ ਨਿਆਂ ਵੱਲ ਸੇਧਿਤ ਸੰਘਰਸ਼ ’ਤੇ ਜ਼ੋਰ ਦੇਣਾ ਚਾਹੀਦਾ ਹੈ।