ਪ੍ਰੇਰਨਾਦਾਇਕ ਲੇਖ : ਸ਼ਖ਼ਸੀਅਤ ਬਣ ਕੇ ਜੀਓ - ਗੁਰਸ਼ਰਨ ਸਿੰਘ ਕੁਮਾਰ

ਜਿਵੇਂ ਪੈਸਾ ਕਮਾਉਣ ਲਈ ਮਿਹਨਤ ਕਰਨੀ ਪੈਂਦੀ ਹੈ ਉਵੇਂ ਹੀ ਆਪਣੀ ਸ਼ਖ਼ਸੀਅਤ ਬਣਾਉਣ ਲਈ ਅਤੇ ਸੁਖੀ ਰਹਿਣ ਲਈ ਵਿਸ਼ੇਸ਼ ਧਿਆਣ ਦੇਣ ਦੀ ਅਤੇ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਜਦ ਕੋਈ ਬੰਦਾ ਕਿਸੇ ਕੰਮ ਨੂੰ ਵਾਰ ਵਾਰ ਕਰਦਾ ਹੈ ਤਾਂ ਇਹ ਉਸ ਦੀ ਵੱਖਰੀ ਪਛਾਣ ਬਣ ਜਾਂਦੀ ਹੈ। ਇਸ ਵੱਖਰੀ ਪਛਾਣ ਨੂੰ ਹੀ ਸ਼ਖ਼ਸੀਅਤ ਕਿਹਾ ਜਾਂਦਾ ਹੈ। ਜਦ ਕੋਈ ਮਨੁੱਖ ਕਾਫ਼ੀ ਗੁਣਾਂ ਦਾ ਧਾਰਨੀ ਬਣਦਾ ਹੈ ਤਾਂ ਉਸਦੀ ਸ਼ਾਨਦਾਰ ਸ਼ਖ਼ਸੀਅਤ ਬਣਦੀ ਹੈ। ਵੈਸੇ ਸ਼ਖ਼ਸੀਅਤ ਚੰਗੀ ਮਾੜੀ ਦੋਵੇਂ ਤਰ੍ਹਾਂ ਦੀ ਹੁੰਦੀ ਹੈ ਪਰ ਜ਼ਿਆਦਾ ਤੋਰ ਤੇ ਚੰਗੀ ਸ਼ਖ਼ਸੀਅਤ ਦਾ ਹੀ ਜਿਕਰ ਕੀਤਾ ਜਾਂਦਾ ਹੈ।
ਸ਼ਖ਼ਸੀਅਤ ਬਣਾਉਣ ਲਈ ਪਹਿਲਾਂ ਮਿਹਨਤ ਅਤੇ ਚੰਗੀਆਂ ਆਦਤਾਂ ਦੇ ਬੀਜ਼ ਬੀਜ਼ਣੇ ਪੈਂਦੇ ਹਨ। ਫਿਰ ਖ਼ੁਸ਼ਹਾਲੀ ਦੇ ਫੁੱਲ ਲੱਗਦੇ ਹਨ ਅਤੇ ਸ਼ਖ਼ਸੀਅਤ ਬਣਦੀ ਹੈ। ਜਦ ਸ਼ਖ਼ਸੀਅਤ ਨਿੱਖਰਦੀ ਹੈ ਤਾਂ ਸੁੱਖ ਮਿਲਣੇ ਸ਼ੁਰੂ ਹੋ ਜਾਂਦੇ ਹਨ। ਕਈ ਲੋਕ ਆਪਣੀ ਸ਼ਖ਼ਸੀਅਤ ਨੂੰ ਬਣਾਉਣ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਉਹ ਆਪਣੇ ਆਪ ਨੂੰ ਕਿਸਮਤ ਦੇ ਸਹਾਰੇ ਛੱਡ ਦਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਪਾਣੀ ਵਿਚ ਤੈਰ ਰਹੇ ਤਿਨਕੇ ਦੀ ਤਰ੍ਹਾਂ ਹੁੰਦੀ ਹੈ। ਤਿਨਕੇ ਨੂੰ ਲਹਿਰਾਂ ਜਿੱਧਰ ਮਰਜ਼ੀ ਰੋੜ੍ਹ ਕੇ ਲੈ ਜਾਣ। ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਅਜਿਹੇ ਬੰਦਿਆਂ ਦੀ ਜ਼ਿੰਦਗੀ ਹੋਈ ਨਾ ਹੋਈ ਇਕ ਬਰਾਬਰ ਹੀ ਹੁੰਦੀ ਹੈ।
ਜੇ ਤੁਸੀਂ ਆਪਣੀ ਸ਼ਖ਼ਸੀਅਤ ਨੂੰ ਸ਼ਾਨਦਾਰ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਪਹਿਲਾਂ ਆਪਣੀ ਦਿੱਖ ਨੂੰ ਸੁਧਾਰੋ। ਆਪਣੇ ਆਪ ਨੂੰ ਲਿਸ਼ਕਾ ਕੇ ਰੱਖੋ। ਇਸ ਦਾ ਮਤਲਬ ਇਹ ਨਹੀਂ ਕਿ  ਤੁਹਾਡਾ ਚਿਹਰਾ ਗੋਰਾ ਹੋਵੇ ਅਤੇ ਕੱਪੜੇ ਕੀਮਤੀ ਹੋਣ। ਜਿਹੋ ਜਿਹਾ ਚਿਹਰਾ ਰੱਬ ਨੇ ਦਿੱਤਾ ਹੈ ਉਹ ਹੀ ਠੀਕ ਹੈ। ਇੱਥੇ ਮਤਲਬ ਇਹ ਹੈ ਕਿ ਆਪਣੇ ਸਾਰੇ ਸਰੀਰ ਦੀ ਸਫ਼ਾਈ ਅਤੇ ਸਿਹਤ ਵਲ ਪੂਰਾ ਧਿਆਨ ਦਿਓ। ਤੁਹਾਡੇ ਸਰੀਰ ਨੇ ਸਾਰੀ ਉਮਰ ਤੁਹਾਡੇ ਨਾਲ ਨਿਭਣਾ ਹੈ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣਾ ਤੁਹਾਡਾ ਫ਼ਰਜ਼ ਹੈ। ਬਿਮਾਰ ਬੰਦਾ ਕੋਈ ਮਾਰਕੇ ਦਾ ਕੰਮ ਨਹੀਂ ਕਰ ਸਕਦਾ  ਅਤੇ ਕਮਜ਼ੋਰ ਬੰਦੇ ਨੂੰ ਸਾਰੇ ਦਬਾ ਲੈਂਦੇ ਹਨ। ਸਰੀਰ ਨੂੰ ਤੰਦਰੁਸਤ ਰੱਖਣ ਲਈ ਨਸ਼ਿਆਂ ਤੇ ਹੋਰ ਮਾੜੀਆਂ ਆਦਤਾਂ ਤੋਂ ਬਚੋ। ਬੇਸ਼ੱਕ ਤੁਹਾਡੇ ਕੱਪੜੇ ਕੀਮਤੀ ਨਾ ਹੋਣ ਪਰ ਉਹ ਮੌਸਮ ਅਤੇ ਰਿਵਾਜ਼ ਮੁਤਾਬਕ, ਤੁਹਾਡੇ ਸਰੀਰ 'ਤੇ ਢੁਕਵੇਂ ਅਤੇ ਸਾਫ ਸੁਥਰੇ ਹੋਣੇ ਚਾਹੀਦੇ ਹਨ। ਤੁਸੀਂ ਸਦਾ ਚਿੰਤਾ ਰਹਿਤ ਅਤੇ ਸਹਿਜ ਵਿਚ ਰਹੋ ਅਤੇ ਚਿਹਰੇ ਤੇ ਮੁਸਕਰਾਹਟ ਰੱਖੋ। ਫਿਰ ਦੇਖੋ ਲੋਕ ਕਿਵੇਂ ਤੁਹਾਡੇ ਵੱਲ ਖਿੱਚੇ ਜਾਂਦੇ ਹਨ। ਆਪਣੀਆਂ ਮਾੜੀਆਂ ਆਦਤਾਂ ਨੂੰ ਤਿਆਗੋ ਅਤੇ ਚੰਗੀਆਂ ਆਦਤਾਂ ਨੂੰ ਅਪਣਾਓ। ਇਸ ਤੋਂ ਇਲਾਵਾ ਹੇਠ ਲਿਖੀਆਂ ਗੱਲਾਂ ਵੱਲ ਵੀ ਧਿਆਨ ਦਿਓ:
ਦੁਨੀਆਂ ਖੂਹ ਦੀ ਆਵਾਜ਼ ਹੈ। ਦੂਜਿਆਂ ਨਾਲ ਓਹੋ ਜਿਹਾ ਵਿਓਹਾਰ ਕਰੋ ਜਿਹੋ ਜਿਹਾ ਤੁਸੀਂ ਉਨ੍ਹਾਂ ਤੋਂ ਆਪਣੇ ਲਈ ਚਾਹੁੰਦੇ ਹੋ। ਜੇ ਤੁਸੀਂ ਦੂਜਿਆਂ ਨੂੰ ਸਹਿਯੋਗ ਕਰੋਗੇ ਤਾਂ ਬਦਲੇ ਵਿਚ ਤੁਹਾਨੂੰ ਉਨ੍ਹਾਂ ਤੋਂ ਸਹਿਯੋਗ ਹੀ ਮਿਲੇਗਾ। ਤੁਹਾਡੇ ਆਪਸੀ ਰਿਸ਼ਤੇ ਸੁਖਾਵੇਂ ਬਣਨਗੇ। ਕਿਸੇ ਦੀ ਪ੍ਰਸੰਸਾ ਕਰਨ ਸਮੇਂ ਕੰਜੂਸੀ ਨਾ ਕਰੋ। ਦੂਸਰਿਆਂ ਪ੍ਰਤੀ ਆਪਣਾ ਮਨ ਸਾਫ ਰੱਖੋ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਖ਼ੁਸ਼ ਹੋਵੋ। ਉਨ੍ਹਾਂ ਦੇ ਖ਼ੁਸ਼ੀ ਦੇ ਮੌਕਿਆਂ ਤੇ ਉਨ੍ਹਾਂ ਨੂੰ ਸ਼ੁੱਭ ਇੱਛਾਵਾਂ ਜ਼ਰੂਰ ਦਿਓ। ਉਨ੍ਹਾਂ ਦੇ ਬੱਚਿਆਂ ਨੂੰ ਪਿਆਰ ਕਰੋ ਅਤੇ ਹੌਸਲਾ ਅਫ਼ਜ਼ਾਈ ਕਰੋ। ਇਸ ਤਰ੍ਹਾਂ ਤੁਹਾਡੇ ਆਪਸੀ ਸਬੰਧ ਸੁਖਾਵੇਂ ਅਤੇ ਲੰਮੇ ਸਮੇਂ ਤੱਕ ਨਿਭਣ ਵਾਲੇ ਹੋਣਗੇ। ਲੋੜ ਵੇਲੇ ਉਹ ਤੁਹਾਡੇ ਸਹਾਈ ਹੋਣਗੇ ਅਤੇ ਤੁਹਾਡੇ ਨਾਲ ਖੜਨਗੇ।
ਜਿਹੜੀਆਂ ਮਾੜੀਆਂ ਆਦਤਾਂ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਰੋਕਣਾ ਚਾਹੁੰਦੇ ਹੋ ਪਹਿਲਾਂ ਆਪ ਉਨ੍ਹਾਂ ਤੋਂ ਬਚੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਨਸ਼ੇ ਨਾ ਕਰਨ ਤਾਂ ਪਹਿਲਾਂ ਤੁਹਾਨੂੰ ਆਪ ਸਾਰੇ ਨਸ਼ੇ ਛੱਡਣੇ ਪੈਣਗੇ। ਜੇ ਤੁਸੀਂ ਆਪ ਰੋਜ਼ ਸ਼ਰਾਬ ਦੀ ਬੋਤਲ ਖੋਲ੍ਹ ਕੇ ਬੈਠ ਜਾਂਦੇ ਹੋ ਤਾਂ ਤੁਸੀਂ ਕਦੀ ਆਪਣੇ ਬੱਚਿਆਂ ਨੂੰ ਸ਼ਰਾਬ ਪੀਣ ਤੋਂ ਨਹੀਂ ਰੋਕ ਸਕਦੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਰਾਮ ਬਣੇ ਤਾਂ ਪਹਿਲਾਂ ਤੁਹਾਨੂੰ ਆਪ ਦਸਰਥ ਬਣਨਾ ਪਵੇਗਾ।
ਦੂਸਰੇ ਦੀ ਨਿੰਦਾ ਚੁਗਲੀ ਤੋਂ ਬਚੋ। ਕਿਸੇ ਦੀ ਨੁਕਤਾਚੀਨੀ ਅਤੇ ਨੁਕਸ ਕੱਢਣੇ ਵੀ ਮਾੜੀ ਗੱਲ ਹੈ। ਦੂਸਰੇ ਦੀ ਨੁਕਤਾਚੀਨੀ ਕਰ ਕੇ ਤੁਸੀਂ ਕਦੀ ਆਪਣੇ ਆਪ ਨੂੰ ਉਸ ਤੋਂ ਵਧੀਆਂ ਸਾਬਤ ਨਹੀਂ ਕਰ ਸਕਦੇ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਆਪਣੇ ਹੀ ਤੁਹਾਡਾ ਸਾਥ ਛੱਡ ਜਾਣਗੇ। ਤੁਸੀਂ ਇਕੱਲ੍ਹੇ ਪੈ ਜਾਵੋਗੇ ਅਤੇ ਦੁਖੀ ਹੋਵੋਗੇ।
ਗੁਰਬਤ ਵਿਚ ਜਿਉਣਾ ਬਹੁਤ ਔਖਾ ਹੈ। ਇਸ ਲਈ ਮਿਹਨਤ ਕਰ ਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਓ। ਕਿਸੇ ਕੋਲੋਂ ਕੁਝ ਲੈਣ ਦੀ ਉਮੀਦ ਨਾ ਰੱਖੋ। ਜਦ ਉਮੀਦਾਂ ਟੁੱਟਦੀਆਂ ਹਨ ਤਾਂ ਬਹੁਤ ਦਰਦ ਦਿੰਦੀਆਂ ਹਨ। ਆਪਣੀ ਨੇਕ ਕਮਾਈ ਵਿਚੋਂ ਕਿਸੇ ਲੌੜਵੰਦ ਦੀ ਮਦਦ ਕਰਨ ਦੀ ਆਦਤ ਪਾਓ। ਇਸ ਨਾਲ ਤੁਹਾਨੂੰ ਰੁਹਾਨੀ ਖ਼ੁਸ਼ੀ ਅਤੇ ਸ਼ਾਂਤੀ ਮਿਲੇਗੀ। ਆਪਣੀ ਚਾਦਰ ਦੇਖ ਕੇ ਪੈਰ ਪਸਾਰੋ। ਜੋ ਆਪਣੀ ਚਾਦਰ ਦੇਖ ਕੇ ਪੈਰ ਨਹੀਂ ਪਸਾਰਦਾ ਉਸ ਨੂੰ ਇਕ ਦਿਨ ਦੂਜਿਆਂ ਅੱਗੇ ਇਕ ਦਿਨ ਹੱਥ ਪਸਾਰਨੇ ਪੈਂਦੇ ਹਨ। ਆਪਣੇ ਮੁਸ਼ਕਲ ਸਮੇਂ ਅਤੇ ਬੁਢਾਪੇ ਲਈ ਕੁਝ ਧਨ ਵੱਖਰਾ ਬਚਾ ਕੇ ਜ਼ਰੂਰ ਰੱਖੋ ਤਾਂ ਕਿ ਔਖੇ ਵੇਲੇ ਤੁਹਾਨੂੰ ਕਿਸੇ ਦੂਸਰੇ ਅੱਗੇ ਹੱਥ ਨਾ ਅੱਡਣੇ ਪੈਣ।
ਦੂਸਰਿਆਂ ਦੇ ਸਾਹਮਣੇ ਹਰ ਸਮੇਂ ਆਪਣੇ ਹੀ ਦੁੱਖੜੇ ਨਾ ਰੋਂਦੇ ਰਹੋ ਜਿਵੇਂ ਹਾਇ ਮੈਂ ਲੁੱਟ ਗਿਆ, ਮੇਰਾ ਇਹ ਨੁਕਸਾਨ ਹੋ ਗਿਆ, ਮੇਰਾ ਉਹ ਨੁਕਸਾਨ ਹੋ ਗਿਆ, ਮੇਰੇ 'ਤੇ ਦੁੱਖਾਂ ਦੇ ਪਹਾੜ ਡਿੱਗ ਪਏ ਆਦਿ। ਰੋਂਦਾ ਚਿਹਰਾ ਤਾਂ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਕਈ ਲੋਕ ਤੁਹਡੀ ਤਰਸ-ਯੋਗ ਹਾਲਤ ਤੇ ਵੈਸੇ ਤਾਂ ਤੁਹਾਡੇ ਨਾਲ ਹਮਦਰਦੀ ਦਿਖਾਉਂਦੇ ਹਨ ਪਰ ਅੰਦਰੋਂ ਉਹ ਖ਼ੁਸ਼ ਹੁੰਦੇ ਹਨ। ਯਾਦ ਰੱਖੋ ਅੰਤ ਤੁਹਾਨੂੰ ਆਪਣੀ ਮਦਦ ਆਪ ਹੀ ਕਰਨੀ ਪੈਣੀ ਹੈ ਅਤੇ ਆਪਣੀ ਕਿਸਮਤ ਖ਼ੁਦ ਹੀ ਬਦਲਣੀ ਪੈਣੀ ਹੈ।
ਆਪਣੀ ਕਾਬਲੀਅਤ ਦੇ ਝੂਠੇ ਦਾਅਵੇ ਨਾ ਕਰਿਆ ਕਰੋ। ਆਪਣੀਆਂ ਨਾਕਾਮਯਾਬੀਆਂ ਦਾ ਦੋਸ਼ ਹਾਲਾਤ ਨੂੰ ਨਾ ਦਿਓ ਜਿਵੇਂ:- ਜੇ ਮੈਨੂੰ ਮੌਕਾ ਮਿਲਦਾ ਤਾਂ ਮੈਂ ਜੰਗ ਜਿੱਤ ਲੈਣੀ ਸੀ ਜਾਂ ਪਹਾੜ ਢਾਅ ਦੇਣੇ ਸਨ ਆਦਿ। ਇਸ ਦੀ ਬਜਾਏ ਆਪਣੇ ਗੁਣਾਂ ਨੂੰ ਤਰਾਸ਼ੋ ਅਤੇ ਦੁਨੀਆਂ ਨੂੰ ਕੁਝ ਕਰ ਕੇ ਦਿਖਾਓ। ਤੁਹਾਡੀ ਆਵਾਜ਼ ਨਾਲੋਂ ਤੁਹਾਡੇ ਕੰਮ ਆਪਣੇ ਆਪ ਬੋਲਣੇ ਚਾਹੀਦੇ ਹਨ।
    ਦੂਸਰੇ ਦੀ ਸੰਪਨਤਾ ਦੇਖ ਕੇ ਦੁਖੀ ਨਾ ਹੋਵੋ ਨਾ ਹੀ ਦੂਸਰੇ ਨਾਲ ਆਪਣਾ ਮੁਕਾਬਲਾ ਕਰੋ। ਇਸ ਨਾਲ ਤੁਹਾਨੂੰ ਨਿਰਾਸ਼ਾ ਹੀ ਪੱਲੇ ਪਵੇਗੀ। ਪ੍ਰਮਾਤਮਾ ਨੇ ਸਭ ਮਨੁੱਖਾਂ ਨੂੰ ਅਲੱਗ ਅਲੱਗ ਗੁਣ, ਕਾਬਲੀਅਤ ਅਤੇ ਸੁਭਾਅ ਦੇ ਕੇ ਆਪਣੀ ਤਰ੍ਹਾਂ ਨਾਲ ਪੂਰਨ ਤੋਰ ਤੇ ਅਲੱਗ ਅਲੱਗ ਬਣਾਇਆ ਹੈ। ਇਸ ਲਈ ਸਭ ਦੀ ਪ੍ਰਾਪਤੀ ਵੀ ਅਲੱਗ ਅਲੱਗ ਹੀ ਹੈ। ਇਸ ਲਈ ਕਦੀ ਇਹ ਨਾ ਸੋਚੋ ਕਿ ਜੇ ਤੁਹਾਡੇ ਗੁਵਾਂਢੀ ਕੋਲ ਵੱਡੀ ਕਾਰ ਹੈ ਤਾਂ ਤੁਹਾਡੇ ਕੋਲ ਵੀ ਵੱਡੀ ਕਾਰ ਹੀ ਹੋਣੀ ਚਾਹੀਦੀ ਹੈ ਜਾਂ ਤੁਹਾਡੇ ਸਹਿਕਰਮਚਾਰੀ ਕੋਲ ਤਿੰਨ ਮੰਜ਼ਿਲੀ ਕੋਠੀ ਹੈ ਤਾਂ ਤੁਹਾਡੇ ਕੋਲ ਵੀ ਤਿੰਨ ਮੰਜ਼ਿਲੀ ਕੋਠੀ ਜ਼ਰੂਰ ਹੋਣੀ ਚਾਹੀਦੀ ਹੈ। ਤੁਹਾਡਾ ਦੂਸਰੇ ਨਾਲ ਕੋਈ ਮੁਕਾਬਲਾ ਨਹੀਂ। ਜੋ ਮਿਲ ਗਿਆ ਉਸ ਤੇ ਸਬਰ ਕਰੋ। ਜੇ ਤੁਹਾਨੂੰ ਕੁਝ ਹੋਰ ਚਾਹੀਦਾ ਹੈ ਤਾਂ ਹੋਰ ਮਿਹਨਤ ਕਰੋ।
ਕਦੀ ਆਪਣੇ ਬਲ, ਧਨ, ਵਿਦਿਆ ਅਤੇ ਗਿਆਨ ਦਾ ਦੂਜੇ ਉੱਤੇ ਰੋਅਬ ਪਾਉਣ ਦੀ ਕੋਸ਼ਿਸ਼ ਨਾ ਕਰੋ। ਵੱਡਾ ਬੰਦਾ ਉਹ ਹੀ ਹੈ ਜਿਸ ਕੋਲ ਕੋਈ ਦੂਜਾ ਬੰਦਾ ਖੜ ਕੇ ਆਪਣੇ ਆਪ ਨੂੰ ਨੀਵਾਂ, ਗ਼ਰੀਬ, ਹੀਣਾ, ਕਮਜ਼ੋਰ ਜਾਂ ਘਟੀਆ ਨਾ ਸਮਝੇ। ਜੇ ਤੁਹਾਨੂੰ ਦੂਸਰੇ ਨਾਲ ਵਰਤਣ ਦਾ ਸਲੀਕਾ ਹੀ ਨਹੀਂ ਆਇਆ ਤਾਂ ਤੁਹਾਡੀ ਸਾਰੀ ਸਿਆਣਪ ਅਤੇ ਵਡੱਪਣ ਬੇਕਾਰ ਹੈ। ਜੇ ਤੁਸੀਂ ਦੂਜਿਆਂ ਦਾ ਦਿਲ ਜਿੱਤਣਾ ਚਾਹੁੰਦੇ ਹੋ ਅਤੇ ਸ਼ਾਨਦਾਰ ਸ਼ਖ਼ਸੀਅਤ ਦੇ ਧਾਰਨੀ ਬਣਨਾ ਚਾਹੁੰਦੇ ਹੋ ਤਾਂ ਨਿਰਸੁਆਰਥ ਹੋ ਕੇ ਲੋਕ ਭਲਾਈ ਦੇ ਕੰਮ ਕਰੋ। ਜੇ ਤੁਸੀਂ ਲੋਕਾਂ ਦੀ ਭੀੜ ਵਿਚ ਖੜੇ ਹੋਵੋ ਤਾਂ ਤੁਹਾਡੀ ਸ਼ਖ਼ਸੀਅਤ ਸਭ ਤੋਂ ਅਲੱਗ ਨਜ਼ਰ ਆਉਣੀ ਚਾਹੀਦੀ ਹੈ। ਤੁਹਾਡੇ ਚਿਹਰੇ ਤੋਂ ਆਤਮਵਿਸ਼ਵਾਸ ਅਤੇ ਦੂਸਰਿਆਂ ਪ੍ਰਤੀ ਇਮਾਨਦਾਰੀ, ਸੁਹਿਰਦਤਾ ਅਤੇ ਹਮਦਰਦੀ ਨਜ਼ਰ ਆਉਣੀ ਚਾਹੀਦੀ ਹੈ। ਜਿਹੜਾ ਬੰਦਾ ਇਕੱਲ੍ਹਾ ਚੱਲਣ ਦੀ ਹਿੰਮਤ ਰੱਖਦਾ ਹੈ ਉਸ ਪਿੱਛੇ ਇਕ ਦਿਨ ਕਾਫ਼ਲੇ ਚੱਲਦੇ ਹਨ। ਜ਼ਿੰਦਗੀ ਵਿਚ ਕੁਝ ਕਰ ਕੇ ਦਿਖਾਓ। ਵਿਅਕਤੀ ਬਣ ਕੇ ਨਾ ਜੀਓ, ਸ਼ਖ਼ਸੀਅਤ ਬਣ ਕੇ ਜੀਓ। ਵਿਅਕਤੀ ਆਪਣੀ ਉਮਰ ਨਾਲ ਖਤਮ ਹੋ ਜਾਂਦਾ ਹੈ ਪਰ ਸ਼ਖ਼ਸੀਅਤ ਸਦੀਆਂ ਤੱਕ ਆਉਣ ਵਾਲੀਆਂ ਨਸਲਾਂ ਨੂੰ ਮਸ਼ਾਲ ਦੀ ਤਰ੍ਹਾਂ ਰਸਤਾ ਰੋਸ਼ਨ ਕਰਦੀ ਰਹਿੰਦੀ ਹੈ।
*****
ਗੁਰਸ਼ਰਨ ਸਿੰਘ ਕੁਮਾਰ
 #  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email:  gursharan1183@yahoo.in