ਧਰਤੀ 'ਤੇ ਸਾਡੇ ਜ਼ਿੰਦਾ ਹੋਣ ਦੇ ਅਰਥ  - ਗੁਰਚਰਨ ਸਿੰਘ ਨੂਰਪੁਰ

ਇਕ ਦਾਰਸ਼ਨਿਕ ਇਕ ਦਿਨ ਆਪਣੇ ਚੇਲਿਆਂ ਨਾਲ ਜ਼ਿੰਦਗੀ ਦੇ ਸਬੰਧ ਵਿਚ ਗੱਲਬਾਤ ਕਰ ਰਿਹਾ ਸੀ। ਗੱਲ ਇਕ ਖ਼ਾਸ ਨੁਕਤੇ 'ਤੇ ਗਈ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਸਵਾਲ ਕੀਤਾ, 'ਇਹ ਸੱਚ ਹੈ ਅਸੀਂ ਸਭ ਨੇ ਇਕ ਨਾ ਇਕ ਦਿਨ ਇਸ ਧਰਤੀ ਤੋਂ ਰੁਖ਼ਸਤ ਹੋ ਜਾਣਾ ਹੈ। ਮੌਤ ਹੱਥੋਂ ਹਾਰ ਜਾਣਾ ਹੈ। ਜਦੋਂ ਅਸੀਂ ਜਾਣਦੇ ਹਾਂ ਕਿ ਇਹ ਜ਼ਿੰਦਗੀ ਸਦੀਵੀ ਨਹੀਂ ਅੱਜ ਜਾਂ ਕੱਲ੍ਹ ਜਾਣ ਵਾਲੀ ਹੈ ਤਾਂ ਮਨੁੱਖ ਲਈ ਇਸ ਜ਼ਿੰਦਗੀ ਦਾ ਹਾਸਲ ਕੀ ਹੋਇਆ ?'
       ਉਸ ਦੇ ਕੁਝ ਚੇਲਿਆਂ ਨੇ ਆਪਣੇ-ਆਪਣੇ ਢੰਗ ਨਾਲ ਇਸ ਸਵਾਲ ਦੇ ਜਵਾਬ ਦਿੱਤੇ। ਪਰ ਉਹ ਦਾਰਸ਼ਨਿਕ ਚੁੱਪ ਰਿਹਾ। ਅਖੀਰ ਚੇਲਿਆਂ ਵਲੋਂ ਉਸ ਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਕਿ ਜ਼ਿੰਦਗੀ ਦਾ ਹਾਸਲ ਕੀ ਹੈ? ਤਾਂ ਇਸ ਸਵਾਲ ਦਾ ਜੋ ਜਵਾਬ ਉਸ ਦਾਰਸ਼ਨਿਕ ਨੇ ਦਿੱਤਾ ਉਹ ਸਾਡੇ ਸਭ ਲਈ ਬੜਾ ਮੁੱਲਵਾਨ ਹੈ। ਉਸ ਕਿਹਾ, 'ਜ਼ਿੰਦਗੀ ਦਾ ਹਾਸਲ ਇਹ ਹੈ ਕੋਈ ਮਨੁੱਖ ਇਸ ਧਰਤੀ 'ਤੇ ਕਿਵੇਂ ਵਿਚਰਿਆ, ਕਿਵੇਂ ਜੀਵਿਆ।'
      ਅਸੀਂ ਸਾਰੇ ਇਸ ਜ਼ਮੀਨ 'ਤੇ ਕੁਝ ਸਮਾਂ ਰਹਿਣ ਲਈ ਆਏ ਹਾਂ। ਸਾਡਾ ਇੱਥੇ ਹੋਣ ਦਾ ਇਕ ਨਿਸਚਿਤ ਸਮਾਂ ਹੈ। ਡਾਕਟਰੀ ਵਿਗਿਆਨ ਨੇ ਮਨੁੱਖ ਦੀ ਔਸਤ ਉਮਰ ਵਿਚ ਵਾਧਾ ਕੀਤਾ ਹੈ। ਹੋ ਸਕਦਾ ਹੈ ਕਿ ਕੱਲ੍ਹ ਨੂੰ ਡਾਕਟਰੀ ਵਿਗਿਆਨ ਮਨੁੱਖ ਦੀ ਜ਼ਿੰਦਗੀ ਨੂੰ ਦੋ ਜਾਂ ਢਾਈ ਸੌ ਸਾਲ ਵੀ ਲੰਬਾ ਕਰ ਲਵੇ ਤਾਂ ਵੀ ਮੌਤ ਅਟੱਲ ਹੈ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਮਨੁੱਖ ਦਾ ਧਰਤੀ 'ਤੇ ਹੋਣਾ ਕੇਵਲ ਉਹਦੇ ਆਪਣੇ ਆਪ ਲਈ ਹੀ ਨਹੀਂ ਹੁੰਦਾ, ਉਸ ਦੇ ਜ਼ਿੰਮੇ ਵੱਡੇ ਫਰਜ਼ ਲੱਗੇ ਹੁੰਦੇ ਹਨ, ਉਸ ਨੇ ਆਪਣੇ ਜੀਵਨ ਦੌਰਾਨ ਆਪਣੇ ਫ਼ਰਜ਼ਾਂ ਨੂੰ ਸਮਰਪਿਤ ਹੋਣਾ ਹੁੰਦਾ ਹੈ। ਸਾਡੇ ਜੀਵਨ ਦਾ ਹਾਸਲ, ਸਾਡੇ ਜੀਵਨ ਦੀ ਸਫਲਤਾ, ਇਸ ਵਿਚ ਹੈ ਕਿ ਅਸੀਂ ਆਪਣੇ ਜੀਵਨ ਕਾਲ ਦੌਰਾਨ ਆਪਣੇ ਫ਼ਰਜ਼ਾਂ ਨੂੰ ਕਿੱਥੋਂ ਤੱਕ ਪੂਰਾ ਕੀਤਾ? ਸਾਡਾ ਸਰੀਰ ਸਾਡਾ ਵਜੂਦ ਕੇਵਲ ਸਾਡਾ ਨਹੀਂ ਕਿ ਅਸੀਂ ਇਸ ਨਾਲ ਜਿਵੇਂ ਮਰਜ਼ੀ ਵਿਹਾਰ ਕਰੀਏ, ਜੋ ਮਰਜ਼ੀ ਖਾਈਏ ਪੀਵੀਏ, ਜਿੱਥੇ ਮਰਜ਼ੀ ਜਾਈਏ ਰਹੀਏ। ਸਾਡੇ ਵਜੂਦ ਦੇ ਫ਼ਰਜ਼ਾਂ ਦਾ ਫੈਲਾਅ ਸਾਡੇ ਆਪਣੇ ਆਪ ਤੋਂ ਸ਼ੁਰੂ ਹੋ ਕੇ ਘਰ ਪਰਿਵਾਰ, ਰਿਸ਼ਤੇਦਾਰ, ਸਮਾਜ ਅਤੇ ਇਸ ਤੋਂ ਅਗਾਂਹ ਇਸ ਧਰਤੀ ਦੇ ਹਵਾ, ਪਾਣੀ, ਮਿੱਟੀ ਤੱਕ ਹੈ। ਸਾਡੇ ਫ਼ਰਜ਼ਾਂ ਦਾ ਦਾਇਰਾ ਆਪਣੇ ਫ਼ਿਰਕੇ ਜਾਤ ਧਰਮ ਤੱਕ ਹੀ ਨਹੀਂ ਬਲਕਿ ਵਿਸ਼ਵ ਦੇ ਹਰ ਨਾਗਰਿਕ ਤੱਕ ਹੈ।
       ਮਨੁੱਖ ਦੇ ਫ਼ਰਜ਼ਾਂ ਦੇ ਦਾਇਰੇ ਨੂੰ ਦਰਸਾਉਂਦੀ ਕੀਨੀਆ ਦੀ ਇਕ ਬੜੀ ਪ੍ਰਸਿੱਧ ਕਹਾਵਤ ਹੈ, 'ਧਰਤੀ ਦੀ ਸੰਭਾਲ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਇਹ ਸਾਡੇ ਮਾਪਿਆਂ ਤੋਂ ਮਿਲਿਆ ਤੋਹਫ਼ਾ ਨਹੀਂ। ਇਹ ਤਾਂ ਤੁਹਾਡੇ ਬੱਚਿਆਂ ਦੀ ਅਮਾਨਤ ਹੈ।'
      ਜ਼ਿੰਦਗੀ ਦੇ ਮਕਸਦ ਨੂੰ ਸਮਝਣ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਸਮੇਂ ਦੀ ਮਹੱਤਤਾ ਨੂੰ ਸਮਝ ਲਈਏ। ਬਹੁਤ ਸਾਰੇ ਲੋਕ ਜ਼ਿੰਦਗੀ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹਨ ਜਿਵੇਂ ਇਹ ਕੋਈ ਸ਼ੁਗਲ ਮੇਲਾ ਕਰਨ ਵਾਲੀ ਸ਼ੈਅ ਹੋਵੇ। ਵਿਹਲੇ ਲੋਕ ਆਪਣੇ ਮਨ, ਤਨ ਤੋਂ ਇਲਾਵਾ ਸਮਾਜ ਵਿਚ ਵੀ ਵਿਕਾਰ ਪੈਦਾ ਕਰਨ ਦਾ ਜ਼ਰੀਆ ਬਣਦੇ ਹਨ। ਪੰਜਾਬੀ ਦੀ ਕਹਾਵਤ ਹੈ 'ਵਿਹਲਾ ਮਨ ਸ਼ੈਤਾਨ ਦਾ ਘਰ।' ਅੱਜ ਸਮਾਜ ਦੀ ਬਹੁਗਿਣਤੀ ਕੋਲ ਮੋਬਾਈਲ ਨੈੱਟਵਰਕ ਹੈ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਸਵੇਰ ਤੋਂ ਸ਼ਾਮ ਤੱਕ ਕਈ-ਕਈ ਘੰਟੇ ਸਕਰੀਨ 'ਤੇ ਬੇਵਜ੍ਹਾ ਉਂਗਲਾਂ ਮਾਰਨ ਨੂੰ ਹੀ ਆਪਣਾ ਰੁਝੇਵਾਂ ਸਮਝ ਲਿਆ ਹੈ। ਮੋਬਾਈਲ ਨੈੱਟਵਰਕ ਦੀ ਹੱਦੋਂ ਵੱਧ ਵਰਤੋਂ ਹੁਣ ਨਵੇਂ ਸੰਕਟਾਂ ਨੂੰ ਜਨਮ ਦੇ ਰਹੀ ਹੈ। ਸਾਡੇ ਰੁਝੇਵੇਂ ਉਸਾਰੂ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਸਾਡੇ ਅੰਦਰ ਖੁਸ਼ੀ ਅਤੇ ਪਰਿਵਾਰ ਤੇ ਸਮਾਜ ਵਿਚ ਖੁਸ਼ਹਾਲੀ ਪੈਦਾ ਹੋਵੇ। ਇਸ ਸਭ ਕੁਝ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਸਮੇਂ ਦੀ ਕਦਰ ਕਰਨੀ ਸਿੱਖੀਏ। ਸਮੇਂ ਦੀ ਸੁਯੋਗ ਵਰਤੋਂ ਕਰਕੇ ਹੀ ਅਸੀਂ ਆਪਣੇ ਸੁਪਨਿਆਂ ਨੂੰ ਉਡਾਰੂ ਬਣਾ ਸਕਦੇ ਹਾਂ। ਸਾਡੇ ਕੁਝ ਹੋਣ ਵਿਚ ਸਭ ਤੋਂ ਵੱਡੀ ਰੁਕਾਵਟ ਹੁੰਦੀ ਹੈ ਨਿਰਾਸ਼ਾਵਾਦੀ ਨਜ਼ਰੀਆ। ਨਿਰਾਸ਼ਾਵਾਦੀ ਮਨੁੱਖ ਸੋਚਦਾ ਹੈ ਕਿ ਉਹ ਕੁਝ ਨਹੀਂ ਕਰ ਸਕਦਾ। ਜ਼ਿੰਦਗੀ ਦਾ ਹਰ ਸਾਕਾਰਾਤਮਿਕ ਪੱਖ ਵੀ ਉਸ ਨੂੰ ਨਕਾਰਾਤਮਿਕ ਲਗਦਾ ਹੈ। ਉਹ ਸੋਚਦੇ ਹਨ ਕਿ ਉਹ ਕੀ ਕਰ ਸਕਦੇ ਹਨ? ਦੁਨੀਆ ਦਾ ਸਾਰਾ ਤਾਣਾ-ਬਾਣਾ ਹੀ ਵਿਗੜਿਆ ਪਿਆ ਹੈ। ਉਹ ਇਸ ਗੱਲ ਨੂੰ ਨਹੀਂ ਸਮਝ ਰਹੇ ਹੁੰਦੇ ਕਿ ਇਸ ਸਾਰੇ ਤਾਣੇ-ਬਾਣੇ ਦੀ ਇਕ ਤੰਦ ਉਹ ਆਪ ਵੀ ਹਨ। ਅਸੀਂ ਆਪਣੇ ਆਪ ਵਿਚ ਆਸ਼ਾਵਾਦੀ ਰਹੀਏ। ਸਾਡੇ ਕੋਲ ਅਜਿਹੇ ਮਹਾਨ ਮਨੁੱਖਾਂ ਦੀਆਂ ਅਨੇਕਾਂ ਮਿਸਾਲਾਂ ਹਨ ਜਿਨ੍ਹਾਂ ਦੀ ਸਾਕਾਰਾਤਮਿਕ ਸੋਚ ਅਤੇ ਹੱਥਾਂ ਦੀ ਬਖਸ਼ਿਸ਼ ਨੇ ਹਜ਼ਾਰਾਂ ਲੋੜਵੰਦ ਅਤੇ ਵਿਲਕਦੇ ਲੋਕਾਂ ਦੀਆਂ ਜ਼ਿੰਦਗੀਆਂ ਬਦਲੀਆਂ। ਰੱਬ ਨੂੰ ਅੱਜ ਤੱਕ ਕਿਸੇ ਨੇ ਵੇਖਿਆ ਹੈ ਜਾਂ ਨਹੀਂ ਇਸ ਬਾਰੇ ਪੱਕਾ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਨਸਾਨਾਂ ਦੇ ਭੇਸ 'ਚ ਰੱਬ ਨੂੰ ਦੇਖਿਆ ਜਾ ਸਕਦਾ ਹੈ। ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਜਦੋਂ 1947 ਦੇ ਉਜਾੜੇ ਦੌਰਾਨ ਪਾਕਿਸਤਾਨ ਤੋਂ ਸ੍ਰੀ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਦੇ ਹੱਥ ਖਾਲੀ ਸਨ। ਪੈਸਾ-ਧੇਲਾ, ਘਰ-ਪਰਿਵਾਰ ਕੁਝ ਵੀ ਨਹੀਂ ਸੀ ਉਨ੍ਹਾਂ ਕੋਲ। ਪਰ ਇਸ ਸਭ ਕੁਝ ਦੇ ਬਾਵਜੂਦ ਦੁਨੀਆ ਦੀ ਇਕ ਸਭ ਤੋਂ ਵੱਡੀ ਦੌਲਤ ਉਨ੍ਹਾਂ ਕੋਲ ਸੀ। ਉਹ ਸੀ ਦੂਜਿਆਂ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ। ਉਨ੍ਹਾਂ ਦੇ ਸੀਨੇ ਅੰਦਰ ਇਕ ਸੰਵੇਦਨਸ਼ੀਲ ਹਿਰਦਾ ਸੀ ਜੋ ਮਜ਼ਲੂਮਾਂ, ਬੇਸਹਾਰਿਆਂ, ਦੁਖੀਆਂ ਲਈ ਧੜਕਦਾ ਸੀ। ਉਹਦੇ ਜ਼ਿਹਨ ਵਿਚ ਧੁੱਪ ਵਿਚ ਸੜਦੇ ਮਨੁੱਖਾਂ ਦੇ ਸਿਰਾਂ 'ਤੇ ਛਾਂ ਬਣ ਕੇ ਖੜ੍ਹਨ ਦੀ ਵੇਦਨਾ ਸੀ, ਜਿਸ ਨੇ ਉਨ੍ਹਾਂ ਨੂੰ ਦੁਨੀਆ ਵਿਚ ਮਹਾਨ ਬਣਾ ਦਿੱਤਾ। ਉਨ੍ਹਾਂ ਬਿਮਾਰੀਆਂ ਦੁਸ਼ਵਾਰੀਆਂ ਨਾਲ ਲਾਚਾਰ ਹੋਏ ਲੂਲੇ-ਲੰਗੜਿਆਂ, ਅਪਾਹਜਾਂ, ਲੋੜਵੰਦਾਂ, ਮਜ਼ਲੂਮਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਦੀ ਸੇਵਾ ਵਿਚ ਜੁਟ ਗਏ। ਇਕ ਸਾਈਕਲ ਰੇਹੜੀ ਤੇ ਫਿਰ ਟਾਂਗੇ ਤੋਂ ਸ਼ੁਰੂ ਹੋਇਆ ਸਫ਼ਰ ਇਕ ਵਿਸ਼ਾਲ ਪਿੰਗਲਵਾੜੇ ਵਿਚ ਤਬਦੀਲ ਹੋ ਗਿਆ। ਦੀਨ-ਦੁਨੀਆ ਦੀ ਸੇਵਾ ਦੇ ਸੰਕਲਪ ਨੂੰ ਜਿਵੇਂ ਭਗਤ ਪੂਰਨ ਸਿੰਘ ਜੀ ਨੇ ਸੱਚ ਕਰ ਵਿਖਾਇਆ ਇਸ ਤਰ੍ਹਾਂ ਦੀਆਂ ਮਿਸਾਲਾਂ ਦੁਨੀਆ ਵਿਚ ਬਹੁਤ ਘੱਟ ਹਨ। ਹੁਣ ਜਦੋਂ ਅਸੀਂ ਇਸ ਸਭ ਕੁਝ ਬਾਰੇ ਸੋਚਦੇ ਹਾਂ ਤਾਂ ਸਮਝਦੇ ਹਾਂ ਕਿ ਇਹ ਸਭ ਕੁਝ ਭਗਤ ਜੀ ਦੀ ਸਾਕਾਰਾਤਮਿਕ ਸੋਚ ਕਰਕੇ ਸੰਭਵ ਹੋ ਸਕਿਆ।
       ਦੁਨੀਆ ਦੇ ਮਹਾਨ ਦਾਰਸ਼ਨਿਕ ਸੁਕਰਾਤ ਨੇ ਇਕ ਬੜੀ ਖੂਬਸੂਰਤ ਗੱਲ ਕਹੀ ਹੈ- 'ਜੇਕਰ ਕੋਈ ਇਨਸਾਨ, ਆਪਣੀਆਂ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਦੀ ਸਿਖਰ ਤੱਕ ਵਰਤੋਂ ਕਰਨ ਤੋਂ ਬਿਨਾਂ ਹੀ ਬੁੱਢਾ ਹੋ ਜਾਂਦਾ ਹੈ ਤਾਂ ਇਹ ਬੇਹੱਦ ਅਪਮਾਨਜਨਕ ਹੈ।'
       ਅਕਸਰ ਸਾਡੇ 'ਚੋਂ ਬਹੁਤ ਸਾਰੇ ਲੋਕਾਂ ਨੂੰ ਲਗਦਾ ਹੈ ਕਿ ਉਹ ਕੁਝ ਨਹੀਂ ਕਰ ਸਕਦੇ। ਸਾਡੇ ਕੋਲ ਕੋਈ ਸੱਤਾ ਸਾਧਨ ਜਾਂ ਲੋੜੀਂਦਾ ਧਨ ਨਹੀਂ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਅਸੀਂ ਜਿੱਥੇ ਹੁੰਦੇ ਹਾਂ ਉੱਥੇ ਖੜ੍ਹੇ ਵੀ ਕਿੰਨਾ ਕੁਝ ਕਰ ਸਕਦੇ ਹੁੰਦੇ ਹਾਂ। ਅਜੋਕੇ ਦੌਰ ਦਾ ਮਨੁੱਖ ਕੁਦਰਤ ਅਤੇ ਕੁਦਰਤੀ ਸਾਧਨਾਂ ਨਾਲ ਹੀ ਨਹੀਂ ਜ਼ਿੰਦਗੀ ਨਾਲ ਵੀ ਹਾਬੜਿਆਂ ਵਾਲਾ ਵਿਹਾਰ ਕਰਦਾ ਹੈ। ਅੱਜ ਦੀਆਂ ਰਾਜਨੀਤਕ, ਸਮਾਜਿਕ, ਭ੍ਰਿਸ਼ਟਾਚਾਰ, ਪ੍ਰਵਾਸ, ਲੜਾਈਆਂ-ਕਲੇਸ਼, ਬਿਮਾਰੀਆਂ, ਯੁੱਧ, ਰਿਸ਼ਤਿਆਂ ਦਾ ਵਿਗੜ ਰਿਹਾ ਤਾਣਾ-ਬਾਣਾ ਆਦਿ ਸਮੱਸਿਆਵਾਂ ਦਾ ਸਬੰਧ ਮਨੁੱਖ ਦੀ ਸਵਾਰਥੀ ਮਨੋਬਿਰਤੀ ਦਾ ਨਤੀਜਾ ਹੈ। ਮਨੁੱਖ ਨੇ ਜ਼ਿੰਦਗੀ ਪ੍ਰਤੀ ਆਸ਼ਾ ਨੂੰ ਗਵਾ ਲਿਆ ਹੈ। ਮਨੁੱਖ ਦੇ ਹਾਬੜੇਪਣ ਨੇ ਕਈ ਤਰ੍ਹਾਂ ਦੇ ਸਰੀਰਕ ਅਤੇ ਮਨੋਵਿਕਾਰਾਂ ਨੂੰ ਜਨਮ ਦਿੱਤਾ ਹੈ ਜਿਸ ਨਾਲ ਪੂਰੀ ਦੁਨੀਆ ਵਿਚ ਲੜਾਈਆਂ-ਝਗੜੇ, ਕਲੇਸ਼ ਅਤੇ ਮਾਰਾ ਮਾਰੀ ਵਧ ਰਹੀ ਹੈ। ਕੁਦਰਤ ਪ੍ਰਤੀ ਮਨੁੱਖ ਦਾ ਵਿਹਾਰ ਸਤਿਕਾਰ ਵਾਲਾ ਨਹੀਂ ਲੁੱਟ-ਖਸੁੱਟ ਵਾਲਾ ਹੈ। ਤਕਨੀਕੀ ਵਿਕਾਸ ਦੀ ਤੇਜ਼ ਗਤੀ ਨੇ ਵਾਤਾਵਰਨ ਦੀ ਬਰਬਾਦੀ ਦੇ ਨਾਲ-ਨਾਲ ਮਨੁੱਖ ਅੰਦਰਲੀ ਸਹਿਜਤਾ ਨੂੰ ਵੀ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ।
        ਦੁਨੀਆ ਭਰ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ ਅਜਿਹਾ ਮਨੁੱਖ ਪੈਦਾ ਕਰਨ ਦੀ ਕੋਸ਼ਿਸ਼ ਵਿਚ ਹਨ, ਜਿਸ ਨੂੰ ਰੋਟੀ, ਕੱਪੜਾ, ਮਕਾਨ ਹਾਸਲ ਕਰਨ ਦਾ ਗੁਰ ਆਉਂਦਾ ਹੋਵੇ। ਮਨੁੱਖ ਵਲੋਂ ਇਹ ਸਵਾਲ ਕੀਤਾ ਜਾਣਾ ਅਜੇ ਬਾਕੀ ਹੈ ਕਿ ਲੱਖਾਂ ਵਿੱਦਿਅਕ ਅਦਾਰਿਆਂ ਤੋਂ ਇਲਾਵਾ ਲੱਖਾਂ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਮੱਠਾਂ, ਡੇਰਿਆਂ, ਆਸ਼ਰਮਾਂ ਦੇ ਹੋਣ ਦੇ ਬਾਵਜੂਦ ਅਸੀਂ ਬਹੁਗਿਣਤੀ ਵਿਚ ਮਾਨਵਵਾਦੀ ਸੋਚ ਵਾਲੇ ਇਨਸਾਨ ਪੈਦਾ ਕਿਉਂ ਨਹੀਂ ਕਰ ਸਕੇ? ਸਾਡੀ ਧਰਤੀ, ਪਾਣੀ, ਮਿੱਟੀ ਅਤੇ ਇਸ ਦੁਨੀਆ ਨੂੰ ਚੰਗਾ ਬਣਾਉਣ ਦਾ ਫ਼ਿਕਰ ਕਰਨ ਵਾਲੇ ਕਿੱਧਰ ਚਲੇ ਗਏ? ਇਹ ਸੋਚਿਆ ਜਾਣਾ ਅਜੇ ਬਾਕੀ ਹੈ ਕਿ ਇਸ ਧਰਤੀ ਨੂੰ ਸਭ ਤੋਂ ਵੱਧ ਲੋੜ ਇਸ ਸਮੇਂ ਚੰਗੇ ਇਨਸਾਨਾਂ ਦੀ ਹੈ। ਇਹ ਸ਼ਾਇਦ ਉਦੋਂ ਸੰਭਵ ਹੋਵੇਗਾ ਜਦੋਂ ਦੁਨੀਆ ਭਰ ਦੇ ਸਕੂਲਾਂ-ਕਾਲਜਾਂ ਵਿਚ ਮਕੈਨੀਕਲ ਦਿਮਾਗ ਪੈਦਾ ਕਰਨ ਦੀ ਬਜਾਏ ਮਾਨਵੀ ਕਦਰਾਂ-ਕੀਮਤਾਂ 'ਤੇ ਵੱਧ ਜ਼ੋਰ ਦਿੱਤਾ ਜਾਵੇਗਾ। ਅੱਜ ਦੇ ਬਾਜ਼ਾਰੂ ਸੱਭਿਆਚਾਰ ਨੇ ਮਨੁੱਖ ਦੇ ਵਿਹਾਰ ਨੂੰ ਅਜਿਹਾ ਬਣਾ ਦਿੱਤਾ ਹੈ ਕਿ ਉਹ ਰੁਤਬੇ ਲਈ ਜਿਊਣ ਲੱਗ ਪਿਆ ਹੈ। ਇਹ ਮਨੋਬਿਰਤੀ ਹੀ ਸਾਡੀਆਂ ਸਭ ਤਰ੍ਹਾਂ ਦੀਆਂ ਬਿਮਾਰੀਆਂ ਦੁਸ਼ਵਾਰੀਆਂ ਦੀ ਜੜ੍ਹ ਹੈ। ਆਓ ਮਨੁੱਖ ਨਾਲ ਮਨੁੱਖਾਂ ਵਰਗਾ ਵਿਹਾਰ ਕਰਨਾ ਸਿੱਖੀਏ, ਆਪਣੇ ਆਪ, ਪਰਿਵਾਰ, ਸਮਾਜ ਤੋਂ ਅਗਾਂਹ ਇਸ ਧਰਤੀ ਲਈ ਜਿਊਣਾ ਸਿੱਖੀਏ। ਕੁਦਰਤ ਦਾ ਸਨਮਾਨ ਕਰੀਏ। ਉਦੋਂ ਜਦੋਂ ਅਸੀਂ ਇਸ ਧਰਤੀ 'ਤੇ ਨਹੀਂ ਹੋਵਾਂਗੇ ਤਾਂ ਸਾਡੀਆਂ ਅਗਲੀਆਂ ਨਸਲਾਂ ਨੂੰ ਸਾਡੇ 'ਅਖੌਤੀ ਸੱਭਿਅਕ' ਹੋਣ 'ਤੇ ਅਫ਼ਸੋਸ ਜ਼ਾਹਰ ਨਾ ਕਰਨਾ ਪਵੇ।
- ਜ਼ੀਰਾ/ ਸੰਪਰਕ ☬: 98550-51099