ਕਿਸਾਨ ਮੋਰਚਾ ਤੇ ਪ੍ਰੋਫ਼ੈਸਰ ਚੌਮਸਕੀ - ਤੇਜਵੰਤ ਸਿੰਘ ਗਿੱਲ

ਭਾਰਤ ਵਿਚ ਰਾਜਧਾਨੀ ਉਦਾਲੇ ਕਿਸਾਨ ਮੋਰਚੇ ਨੂੰ ਲੱਗਿਆਂ ਸੱਤ ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ ਸਖ਼ਤ ਸਰਦੀ ਵੀ ਉਨ੍ਹਾਂ ਸਬਰ-ਸੰਤੋਖ ਨਾਲ ਝੱਲੀ ਹੈ। ਹੁਣ ਝੁਲਸ ਦੇਣ ਵਾਲੀ ਗਰਮੀ ਵੀ ਉਹ ਆਪਣੇ ਪਿੰਡਿਆਂ ’ਤੇ ਹੰਢਾਅ ਰਹੇ ਹਨ। ਗੱਲਬਾਤ ਰਾਹੀਂ ਵਿਵਾਦ ਨੂੰ ਨਿਬੇੜਨ ਦੀ ਥਾਂ ਕੇਂਦਰ ਦੀ ਸਰਕਾਰ ਦੀ ਮਨਸ਼ਾ ਉਨ੍ਹਾਂ ਨੂੰ ਉੱਥੋਂ ਉਖਾੜਨ ਦੀ ਹੈ। ਗੋਦੀ ਮੀਡੀਆ ਉਨ੍ਹਾਂ ਦਾ ਉਤਸ਼ਾਹ ਮੱਧਮ ਪੈਣ, ਗਿਣਤੀ ਦੇ ਘੱਟ ਜਾਣ, ਵਖਰੇਵਿਆਂ ਦੇ ਵਧ ਜਾਣ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਂਦਾ ਰਹਿੰਦਾ ਹੈ। ਜੇ ਕਣਕ ਦੀ ਫ਼ਸਲ ਨੂੰ ਸਾਂਭਣ ਅਤੇ ਝੋਨੇ ਦੀ ਫ਼ਸਲ ਨੂੰ ਬੀਜਣ ਖ਼ਾਤਰ ਗਿਣਤੀ ਘੱਟ ਜਾਂਦੀ ਹੈ ਤਾਂ ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਸ਼ਾਬਾਸ਼ ਹੈ ਕਿਸਾਨ ਪੁਰਸ਼ਾਂ, ਬਜ਼ੁਰਗਾਂ, ਨੌਜਵਾਨਾਂ, ਮਾਵਾਂ, ਭੈਣਾਂ, ਭਤੀਜੀਆਂ ਅਤੇ ਭਾਣਜੀਆਂ ਦੇ ਕਿ ਉਨ੍ਹਾਂ ਦੇ ਹੌਸਲੇ ਭਰਪੂਰ ਰੂਪ ਵਿਚ ਕਾਇਮ ਹਨ।
      ਇਸ ਤਰ੍ਹਾਂ ਦੀ ਅਵਸਥਾ ਦੇ ਬਣੇ ਰਹਿਣ ਪਿੱਛੇ ਕਈ ਕਾਰਨ ਪ੍ਰਬਲ ਹਨ। ਮੁੱਖ ਤੌਰ ’ਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਹੈ ਜਿਸ ਨੂੰ ਬਣਾਏ ਰੱਖਣ ਵਿਚ ਮੁਖੀਆਂ ਦਾ ਬੜਾ ਹੱਥ ਹੈ ਜਿਨ੍ਹਾਂ ਦੀ ਉਨ੍ਹਾਂ ਨਾਲ ਸਾਂਝ ਅਟੁੱਟ ਆ ਬਣੀ ਹੈ। ਸ਼ਾਂਤ ਰਹਿਣ, ਏਕਤਾ ਬਣਾਈ ਰੱਖਣ ਅਤੇ ਆਪਣੇ ਇਰਾਦੇ ’ਤੇ ਦ੍ਰਿੜ੍ਹ ਬਣੇ ਰਹਿਣ ਦਾ ਜੋ ਨਿਰਣਾ ਉਨ੍ਹਾਂ ਨਿਗ੍ਹਾ ਵਿਚ ਧਾਰ ਰੱਖਿਆ ਹੈ, ਉਸ ਸਭ ਦੀ ਬਦੌਲਤ ਵਿਰਾਟ ਪਰਿਵਾਰ ਵਾਂਗ ਵਿਚਰਨਾ ਉਨ੍ਹਾਂ ਲਈ ਸੁਭਾਵਿਕ ਹੋ ਨਿੱਬੜਿਆ ਹੈ। ਸਥਾਨਕ ਨਿਵਾਸੀਆਂ ਦੇ ਦਿਲਾਂ ਵਿਚ ਉਨ੍ਹਾਂ ਪ੍ਰਤੀ ਜੋ ਸ਼ਰਧਾ ਆ ਸਮਾਈ ਹੈ, ਉਹ ਵੀ ਧਰਵਾਸ ਵਾਲੀ ਗੱਲ ਹੈ। ਸਰਕਾਰ ਦਾ ਅੜੀਅਲ ਵਤੀਰਾ, ਉੱਪਰੋਂ ਇਸ ਤਰ੍ਹਾਂ ਦਾ ਵਿਹਾਰ, ਜਿਵੇਂ ਕੋਈ ਸੰਕਟ ਨਹੀਂ ਪਰ ਅੰਦਰਖ਼ਾਤੇ ਉਨ੍ਹਾਂ ਨੂੰ ਉਖਾੜਨ ਦੀਆਂ ਵਿਉਂਤਾਂ ਘੜਦੇ ਰਹਿਣਾ, ਸਰਕਾਰ ਦਾ ਅਜਿਹਾ ਵਿਹਾਰ ਹੋ ਨਿੱਬੜਿਆ ਹੈ ਕਿ ਵੱਖ-ਵੱਖ ਪ੍ਰਾਂਤਾਂ ਵਿਚ ਹੋਈਆਂ ਨਿਰਣਾਇਕ ਹਾਰਾਂ ਮੱਤ ਦਾ ਸਾਧਨ ਨਹੀਂ ਬਣਦੀਆਂ ਲੱਗੀਆਂ। ਕੁਮੱਤ ਦਾ ਗੁਬਾਰ ਹੈ, ਜਿਸ ਨੇ ਕੇਂਦਰ ਸਰਕਾਰ ਨੂੰ ਕਲਾਵੇ ਵਿਚ ਲਿਆ ਹੋਇਆ ਹੈ।
        ਸਰਕਾਰ ਵਿਰੁੱਧ ਬੁਲੰਦ ਹੋਈ ਆਵਾਜ਼ ਜਿੱਥੇ ਸਾਰਥਿਕ ਕਰਤੱਵ ਨਿਭਾਉਂਦੀ ਹੈ, ਉਸ ਨਾਲ ਕਿਸਾਨਾਂ ਦੀ ਆਸ ਹੋਰ ਬੱਝਦੀ ਹੈ। ਅੰਤ ਨੂੰ ਜੇਤੂ ਹੋ ਕੇ ਆਪਣੇ ਘਰਾਂ ਅਤੇ ਖੇਤਾਂ ਵੱਲ ਮੁੜਨਾ ਸੰਭਵ ਹੀ ਨਹੀਂ, ਨਿਸ਼ਚਿਤ ਵੀ ਲੱਗਣ ਲੱਗ ਪੈਂਦਾ ਹੈ। ਨਿਰਾਸ਼ਾ ਦੀ ਜੋ ਬੱਦਲਵਾਈ ਛਾਈ ਹੁੰਦੀ ਹੈ, ਉਹ ਛਾਈਂ-ਮਾਈਂ ਹੋ ਜਾਂਦੀ ਹੈ। ਉਸ ਵਕਤ ਤਾਂ ਇਹ ਅਵਸਥਾ ਖ਼ਾਸ ਤੌਰ ’ਤੇ ਹੌਸਲਾ ਬਖਸ਼ਦੀ ਹੈ ਜਦੋਂ ਦੂਰ-ਦੁਰਾਡੇ ਦੇ ਦੇਸ਼ਾਂ, ਸ਼ਹਿਰਾਂ ਅਤੇ ਨਗਰਾਂ ਵਿਚ ਉਨ੍ਹਾਂ ਦੇ ਘੋਲ ਦੇ ਹੱਕ ਵਿਚ ਮੁਜ਼ਾਹਰੇ ਹੁੰਦੇ ਹਨ। ਮੋਢੇ-ਮੋਢੇ ਨਾਲ ਮੋਢਾ ਜੋੜ ਕੇ ਹਰੇਕ ਸੰਕਟ ਸਾਹਮਣੇ ਡਟਣ ਦੇ ਪ੍ਰਣ ਦੁਹਰਾਏ ਜਾਂਦੇ ਹਨ। ਕੁਝ ਹੱਦ ਤਕ ਤਾਂ ਇਹ ਸੁਭਾਵਿਕ ਹੈ ਕਿਉਂਕਿ ਉਨ੍ਹਾਂ ਦੇ ਗਰਾਈਂ, ਭਾਈ-ਭਤੀਜੇ ਵਿਦੇਸ਼ਾਂ ਵਿਚ ਵਸੇ ਹੋਏ ਹਨ। ਆਪਣੇ ਪ੍ਰਾਂਤ, ਜਾਤ, ਗੋਤ ਅਤੇ ਇਤਿਹਾਸਕ ਸਾਂਝ ਨਿਭਾਉਣ ਵਾਲੇ ਪਰਵਾਸੀਆਂ ਤੋਂ ਧਰਵਾਸ ਦਾ ਮਿਲਣਾ ਸੁਭਾਵਿਕ ਕਿਹਾ ਜਾ ਸਕਦਾ ਹੈ।
        ਬਹੁਤੇ ਹੀ ਅਸੁਭਾਵਿਕ ਪਰ ਪੂਰੇ ਨਿੱਘ ਨਾਲ ਧੀਮੀ ਸੁਰ ਵਿਚ ਰੁਕ-ਰੁਕ ਕੇ ਪਰਵਾਨ ਚੜ੍ਹੀ ਵਿਸ਼ਵ ਭਰ ਵਿਚ ਆਦਰ ਦਾ ਪੁੰਜ ਬਣੇ ਪ੍ਰੋਫ਼ੈਸਰ ਚੌਮਸਕੀ ਦੀ ਆਵਾਜ਼  ਕੁੱਝ ਦਿਨ ਪਹਿਲਾਂ ਜਿਵੇਂ ਭੁਗਤੀ ਹੈ, ਉਸ ਨੇ ਤਾਂ ਇਕ ਤਰ੍ਹਾਂ ਸਮਾਂ ਬੰਨ੍ਹ ਦਿੱਤਾ ਹੈ। ਯਹੂਦੀ ਪਰਿਵਾਰ ਦੇ ਜੰਮਪਲ, ਵਿਲੱਖਣ ਭਾਸ਼ਾ-ਸਿਧਾਂਤ ਨਾਲ ਆਪਣੀ ਅਦੁੱਤੀ ਪ੍ਰਤਿਭਾ ਦੀ ਪੈਂਠ ਜਮਾ ਕੇ, ਮਾਨਵ ਜਾਤੀ ਦੀ ਹੋਣੀ ਨਾਲ ਸਬੰਧਿਤ ਹਰੇਕ ਵਿਸ਼ੇ ਰਾਜਨੀਤੀ, ਅਰਥ-ਵਿਵਸਥਾ, ਜਬਰ, ਜ਼ੁਲਮ, ਵਾਤਾਵਰਨ, ਉਦਾਰਤਾ ਅਤੇ ਨਵ-ਉਦਾਰਤਾ, ਗੱਲ ਕੀ ਹਰੇਕ ਖੇਤਰ ਵਿਚ ਵਡਮੁੱਲੇ ਯੋਗਦਾਨ ਸਦਕਾ ਉਹ ਸਭ ਤੋਂ ਵਧੇਰੇ ਤੇ ਉਚੇਰੇ ਆਦਰ ਅਤੇ ਸਨਮਾਨ ਦੇ ਅਧਿਕਾਰੀ ਸਿੱਧ ਹੋ ਚੁੱਕੇ ਹਨ। ਭਾਰਤੀ ਮੂਲ ਦੇ ਨਾਸਾ ਵਿਚ ਕੰਮ ਕਰਦੇ ਰਹੇ ਵਿਗਿਆਨੀ (ਤੇ ਬਾਅਦ ਵਿਚ ਬਣੇ ਫ਼ਿਲਮਸਾਜ਼) ਬੇਦਬ੍ਰਤ ਪਾਈਨ ਦੀ ਉਨ੍ਹਾਂ ਨਾਲ ਕੁਝ ਕੁ ਮਿੰਟਾਂ ਦੀ ਗੱਲਬਾਤ ਸੁਣਨ ਨੂੰ ਮਿਲੀ ਹੈ, ਉਸ ਦੇ ਹਰੇਕ ਬੋਲ, ਵਾਕ ਦਾ ਬੇਅੰਤ ਮਹੱਤਵ ਅਤੇ ਮੁੱਲ ਬਣਦਾ ਹੈ। ਉਨ੍ਹਾਂ ਦੇ ਮੁਖਾਰਬਿੰਦ ਤੋਂ ਨਿਕਲੇ ਲਫ਼ਜ਼ ਹੁਲਾਰੇ ਨਾਲ ਭਰੇ ਹੋਏ, ਅਸੀਸ ਵਾਂਗ ਅਨੁਭਵ ਹੁੰਦੇ ਹਨ। ਵਾਰ-ਵਾਰ ਉਨ੍ਹਾਂ ਨੇ ਜੋ ਕਿਹਾ ਉਸ ਨੂੰ ਸੁਣ ਕੇ ਖ਼ੁਦ ਆਪਣੇ ਹਿਰਦੇ ਵਿਚ ਵਸਾ ਲੈਣ ਨੂੰ ਦਿਲ ਕਰਦਾ ਹੈ।
       ਕੁਝ ਮਿੰਟਾਂ ਵਿਚ ਚੱਲਣ ਵਾਲੀ ਵਾਰਤਾਲਾਪ ਬੇਦਬ੍ਰਤ ਪਾਈਨ ਦੇ ਇਸ ਪ੍ਰਸ਼ਨ ਨਾਲ ਆਰੰਭ ਹੁੰਦੀ ਹੈ ਕਿ ਕੀ ਕਿਸਾਨਾਂ ਵੱਲੋਂ ਭਾਰਤ ਵਿਚ ਕੀਤਾ ਜਾ ਰਿਹਾ ਰੋਸ ਮੁਜ਼ਾਹਰਾ ਜਾਇਜ਼ ਹੈ। ਜਵਾਬ ਵਿਚ ਪ੍ਰੋਫ਼ੈਸਰ ਚੌਮਸਕੀ ਦਾ ਇਹ ਕਹਿਣਾ ਹੈ ਕਿ ਰੋਸ ਮੁਜ਼ਾਹਰੇ ਵਜੋਂ ਕਿਸਾਨ ਜੋ ਕਰ ਰਹੇ ਹਨ, ਉਹ ਬਿਲਕੁਲ ਨੈਤਿਕ ਅਤੇ ਯੋਗ ਹੈ। ਵਜ਼ਾਹਤ ਵਿਚ ਉਹ ਅੱਗੇ ਇਹ ਵੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਸਬਰ ਨਾਲ ਉਹ ਧੱਕੇਸ਼ਾਹੀ ਦਾ ਸਾਹਮਣਾ ਕਰ ਰਹੇ ਹਨ, ਉਸ ’ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ। ਬੇਦਬ੍ਰਤ ਗੱਲਬਾਤ ਨੂੰ ਅਗਾਂਹ ਵਧਾਉਣ ਦੀ ਮਨਸ਼ਾ ਨਾਲ ਸਪੱਸ਼ਟ ਕਰਦਾ ਹੈ ਕਿ ਭਾਰਤੀ ਸਰਕਾਰ ਕਿਸਾਨਾਂ ’ਤੇ ਜ਼ੋਰ ਪਾ ਰਹੀ ਹੈ ਕਿ ਉਹ ਖੇਤੀਬਾੜੀ ਦਾ ਕਿੱਤਾ ਉਦਯੋਗਪਤੀਆਂ ਦੇ ਹਵਾਲੇ ਕਰ ਦੇਣ। ਪ੍ਰੋਫ਼ੈਸਰ ਚੌਮਸਕੀ ਤੋਂ ਉਹ ਜਾਣਨਾ ਚਾਹੁੰਦਾ ਹੈ ਕਿ ਉਹ ਸਰਕਾਰ ਦੀ ਬਦਨੀਤੀ ਨੂੰ ਕਿਸ ਤਰ੍ਹਾਂ ਲੈਂਦੇ ਹਨ। ਜਵਾਬ ਵਿਚ ਪ੍ਰੋਫ਼ੈਸਰ ਚੌਮਸਕੀ ਦਾ ਕਥਨ ਹੈ ਕਿ ਇਸ ਤਰ੍ਹਾਂ ਦੇ ਝਾਂਸੇ ਵਿਚ ਕਿਸਾਨਾਂ ਨੂੰ ਉਲਝਾ ਕੇ ਸਰਕਾਰ ਕੂਟਨੀਤੀ ਦੀ ਪਾਲਣਾ ਕਰਨ ਦਾ ਮਨ ਬਣਾਏ ਹੋਏ ਹੈ। ਆਪਣੀ ਵਰ੍ਹਿਆਂਬੱਧੀ ਚੱਲੀ ਖੋਜ ਦੇ ਆਧਾਰ ’ਤੇ ਉਹ ਕਹਿਣ ਤੋਂ ਬਿਲਕੁਲ ਨਹੀਂ ਝਿਜਕਦੇ ਕਿ ਸਾਂਭ-ਸੰਭਾਲ ਦੇ ਪੱਜ ਹੇਠ ਉਦਯੋਗਪਤੀ ਲੱਖਾਂ ਕਰੋੜਾਂ ਡਾਲਰਾਂ ਦਾ ਮਾਲ ਹਜ਼ਮ ਕਰ ਜਾਂਦੇ ਹਨ। ਜਿੰਨੇ ਲੱਖਾਂ ਕਰੋੜਾਂ ਡਾਲਰਾਂ ਦਾ ਕਿਸਾਨਾਂ ਨੂੰ ਚੂਨਾ ਲੱਗਦਾ ਹੈ, ਉਸ ਬਦਲੇ ਕੱਖ ਵੀ ਉਨ੍ਹਾਂ ਦੇ ਪੱਲੇ ਨਹੀਂ ਪੈਂਦਾ। ਭਾਵੇਂ ਆਪਣੇ ਵੱਲੋਂ ਸੰਖੇਪ ਲਫ਼ਜ਼ਾਂ ਵਿਚ ਹੀ ਪੂਰੇ ਵਿਸ਼ਵਾਸ ਨਾਲ ਖੁਦ ਦੀ ਧਾਰਨਾ ਦ੍ਰਿੜ ਕਰਦੇ ਹੋਏ ਉਹ ਸਪਸ਼਼ਟ ਕਰਦੇ ਹਨ ਕਿ ਕਿਸਾਨ ਜਿਸ ਠਰੰਮੇ  ਅਤੇ ਹੌਸਲੇ ਦਾ ਮੁਜਾ਼ਾਹਰਾ ਕਰ ਰਹੇ ਹਨ, ਜ਼ਾਤੀ ਤੌਰ ’ਤੇ ਉਨ੍ਹਾਂ ਲਈ ਇਹ ਬਹੁਤ ਧਰਵਾਸ ਦੀ ਗੱਲ ਹੈ।
       ਅੰਤ ਵਿਚ ਬੇਦਬ੍ਰਤ ਪਾਈਨ ਨੇ ਉਨ੍ਹਾਂ ਵੱਲੋਂ ਪ੍ਰਗਟ ਕੀਤੇ ਵਿਚਾਰਾਂ ਅਤੇ ਭਾਵਨਾਵਾਂ ਲਈ ਪ੍ਰੋਫ਼ੈਸਰ ਚੌਮਸਕੀ ਦਾ ਭਰਪੂਰ ਧੰਨਵਾਦ ਕਰਨਾ ਚਾਹਿਆ। ਬੜੀ ਹੀ ਸਹਿਜਭਾਵੀ ਜ਼ੁਬਾਨ ਵਿਚ ਉਨ੍ਹਾਂ ਕਿਹਾ ਕਿ ਧੰਨਵਾਦ ਤਾਂ ਕਿਸਾਨਾਂ ਦਾ ਕਰਨਾ ਬਣਦਾ ਹੈ ਜਿਹੜੇ ਭਰਪੂਰ ਹੌਸਲੇ, ਤੀਬਰ ਅਣਖ ਦਾ ਪ੍ਰਮਾਣ ਦੇ ਰਹੇ ਸਨ। ਹਨੇਰੇ ਸਮਿਆਂ ਵਿਚ ਉਹ ਚਾਨਣ ਦੀ ਜੋਤ ਜਗਾ ਰਹੇ ਸਨ। ਹਨੇਰੇ ਸਮਿਆਂ ਤੋਂ ਉਨ੍ਹਾਂ ਦਾ ਭਾਵ ਮੱਸਿਆ ਦੀਆਂ ਰਾਤਾਂ ਵਾਲਾ ਦੌਰ ਨਹੀਂ ਸੀ ਜਦ ਚੰਨ ਦੇ ਲੋਪ ਹੋਣ ਕਾਰਨ ਰਾਤਾਂ ਆਮ ਨਾਲੋਂ ਵਧੇਰੇ ਨ੍ਹੇਰੀਆਂ ਹੁੰਦੀਆਂ ਹਨ। ਇੱਥੇ ਉਨ੍ਹਾਂ ਦਾ ਸੰਕੇਤ ਉਸ ਧੱਕੇਸ਼ਾਹੀ ਅਤੇ ਉਪੱਦਰ ਵੱਲ ਸੀ ਜਿਸ ਕਾਰਨ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਕਿਰਤੀ ਕਿਸਾਨਾਂ, ਸੁਹਿਰਦਤਾ ਸਹਿਤ ਮਿਹਨਤ ਕਰਨ ਵਾਲੇ ਹੋਰ ਵਰਗਾਂ ਦਾ ਵਰਤਮਾਨ ਧੁੰਦਲਾ ਅਤੇ ਭਵਿੱਖ ਹਨੇਰਾ ਅਨੁਭਵ ਹੋ ਰਿਹਾ ਸੀ।
    ਉਨ੍ਹਾਂ ਨੇ ਸਪੱਸ਼ਟ ਤਾਂ ਨਹੀਂ ਕੀਤਾ, ਪਰ ਅਨੁਮਾਨ ਹੋ ਸਕਦਾ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਜਿਸ ਅੰਤਰਰਾਸ਼ਟਰੀ ਪ੍ਰਗਤੀਵਾਦੀ ਸੰਗਠਨ (Progressive International Organisation) ਦਾ ਉਨ੍ਹਾਂ ਪਿਛਲੇ ਸਾਲ ਸੰਕਲਪ ਲਿਆ ਸੀ (ਵਿਭਿੰਨ ਦੇਸ਼ਾਂ ਤੋਂ ਜੁੜੇ ਲੇਖਕਾਂ, ਕਲਾਕਾਰਾਂ, ਬੁੱਧਜੀਵੀਆਂ ਅਤੇ ਕੁਝ ਨੀਤੀਵਾਨਾਂ ਨਾਲ ਆਈਸਲੈਂਡ ਵਿਚ ਉਦਘਾਟਨ ਕੀਤਾ ਸੀ) ਭਾਰਤ ਵਿਚ ਪੂਰੀ ਤਨਦੇਹੀ ਅਤੇ ਸੁਹਿਰਦਤਾ ਨਾਲ ਮੁਜ਼ਾਹਰਾ ਕਰ ਰਹੇ ਕਿਸਾਨ ਉਸ ਦਾ ਵਡਮੁੱਲਾ ਭਾਗ ਹੋ ਸਕਦੇ ਹਨ। ਨਾਮਕਰਨ ਤੋਂ ਤਾਂ ਲੱਗ ਸਕਦਾ ਹੈ ਕਿ ਸੰਗਠਨ ਉਸ ਪ੍ਰਗਤੀਵਾਦੀ ਗੱਠਜੋੜ ਦਾ ਹੀ ਉੱਤਰਾਧਿਕਾਰੀ ਹੋ ਸਕਦਾ ਹੈ ਜਿਸ ਦੀ 1935 ਵਿਚ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਨੀਂਹ ਰੱਖੀ ਗਈ ਸੀ। ਸਾਹਿਤਕ ਦੇ ਨਾਲ ਉਸ ਦਾ ਉਦੇਸ਼ ਵਿਚਾਰਧਾਰਕ ਸੀ ਜੋ ਬਹੁਤ ਵਾਰੀ ਰਾਜਨੀਤਕ ਬਣ ਕੇ ਰਹਿ ਜਾਂਦਾ ਸੀ। ਪ੍ਰਣ ਤਾਂ ਵਿਰਾਟ ਰੂਪ ਵਿਚ ਸਾਹਿਤ ਅਤੇ ਸੱਭਿਆਚਾਰ ਦੀ ਸੁਰੱਖਿਆ ਉਸ ਸੰਗਠਨ ਦਾ ਉਦੇਸ਼ ਸੀ, ਪਰ ਸਮਾਜਵਾਦ ਜਿਵੇਂ ਕਿ ਸੋਵੀਅਤ ਰੂਸ ਵਿਚ ਇਸ ਨੂੰ ਸਥੂਲ ਰੂਪ ਦਿੱਤਾ ਜਾ ਰਿਹਾ ਸੀ, ਉਸ ਦੀ ਧਿਰ ਬਣਨਾ ਉਸ ਸੰਗਠਨ ਦੀ ਰਹਿ-ਰਹਿ ਕੇ ਮਜਬੂਰੀ ਬਣ ਜਾਂਦਾ ਸੀ।
ਅਜੋਕੇ ਪੜਾਅ ’ਤੇ ਸੰਗਠਿਤ ਕੀਤੇ ਅੰਤਰਰਾਸ਼ਟਰੀ ਪ੍ਰਗਤੀਵਾਦੀ ਸੰਗਠਨ (Progressive International Organisation) ਨੇ ਉਨ੍ਹਾਂ ਆਸ਼ਿਆਂ ’ਤੇ ਜੁੜਨ ਦਾ ਪ੍ਰਣ ਲਿਆ ਜੋ ਅਜੋਕੇ ਸਮੇਂ ਮਾਨਵਜਾਤੀ ਨੂੰ ਦਰਪੇਸ਼ ਹਨ। ਉਨ੍ਹਾਂ ਵਿਚ ਵਾਤਾਵਰਨ ਦੀ ਸ਼ੁੱਧਤਾ, ਪਰਮਾਣੂ ਹਥਿਆਰਾਂ ਦਾ ਵਿਰੋਧ, ਬੰਧੇਜਹੀਣ ਵਪਾਰ ਦਾ ਵਿਰੋਧ, ਬਹੁ-ਨਸਲੀ, ਬਹੁ-ਜਾਤੀ ਅਤੇ ਬਹੁ-ਸੱਭਿਆਚਾਰਕ ਜੀਵਨ ਦਾ ਸਮਰਥਨ, ਪ੍ਰਕਿਰਤੀ ਦੀ ਸੁਰੱਖਿਆ ਦਾ ਅਹਿਦ, ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਅਤੇ ਘੱਟ, ਨਿਮਨ ਜਾਤੀਆਂ ਦੀ ਸੁਰੱਖਿਆ ਆਦਿ ਸ਼ਾਮਲ ਹਨ। ਜਿਸ ਨਿਸ਼ਚੇ ਅਤੇ ਸੁਹਿਰਦਤਾ ਨਾਲ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ, ਜਿਵੇਂ ਆਰਜ਼ੀ ਤੌਰ ’ਤੇ ਬਣੇ ਆਪਣੇ ਟਿਕਾਣਿਆਂ ਵਿਚ ਦਿਨ ਕਟੀ ਕਰਦੇ ਉਹ ਮੂਲ ਵਾਸੀਆਂ ਦੀ ਧਿਰ ਬਣੇ ਹੋਏ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਜਾਤ ਭਾਵ ਦੇ ਲੰਗਰ ਛਕਾਉਂਦੇ ਹਨ। ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦੇ ਹਨ ਅਤੇ ਸਭ ਦੀ ਸੁਰੱਖਿਆ ਆਪਣੇ ਸਿਰ ਲੈਂਦੇ ਹੋਏ ਬਾਕੀਆਂ ਨੂੰ ਚਿੰਤਾ ਤੋਂ ਮੁਕਤ ਰੱਖਦੇ ਹਨ, ਉਸ ਤੋਂ ਤਾਂ ਇਹੋ ਪ੍ਰਭਾਵ ਜਾਂਦਾ ਹੈ ਕਿ ਅਣਜਾਣੇ ਉਹ ਉਸ ਅੰਤਰਰਾਸ਼ਟਰੀ ਪ੍ਰਗਤੀਵਾਦ ਸੰਗਠਨ ਦੇ ਸਮਰਥਕ ਹਨ ਜਿਸ ਦੀ ਪ੍ਰੋਫ਼ੈਸਰ ਚੌਮਸਕੀ ਦੇ ਉਦਘਾਟਨੀ ਭਾਸ਼ਣ ਨਾਲ ਦੋ ਕੁ ਸਾਲ ਪਹਿਲਾਂ ਨੀਂਹ ਰੱਖੀ ਗਈ ਸੀ।
ਸੰਪਰਕ : 98150-86016