ਤਾਰ ਮੇਰੇ ਦਿਲ ਵਾਲੇ - ਰਵਿੰਦਰ ਸਿੰਘ ਕੁੰਦਰਾ

ਸਾਂਭੇ ਹੋਏ ਨੇ ਸਾਰੇ,
ਤਾਰ ਓਹੀ ਦਿਲ ਵਾਲੇ,
ਛੇੜਿਆ ਜਿਨਾਂ ਨੇ ਕਦੀ ਰਾਗ,
ਤੇਰੇ ਪਿਆਰ ਦਾ ।

ਤਰਜ਼ ਉਹੀ ਫੇਰ ਉਠੀ,
ਹੇਕ ਜਿਹੀ ਬਣ ਕੇ ਤੇ,
ਚਾੜ੍ਹਿਆ ਸੀ ਜਿਸ ਨੇ ਖ਼ੁਮਾਰ,
ਤੇਰੇ ਪਿਆਰ ਦਾ।

ਇਹ ਚਸ਼ਮਾ ਹੈ ਜ਼ਮਜ਼ਮੀ,
ਫੁੱਟੀਆਂ ਫੁਹਾਰਾਂ ਵਾਲਾ,
ਵਗਦਾ ਰਹੇਗਾ ਲਗਾਤਾਰ,
ਤੇਰੇ ਪਿਆਰ ਦਾ ।

ਬਾਗ਼ 'ਤੇ ਬਗੀਚੇ,
ਰੰਗੀਨ ਬਣ ਨਿੱਖਰੇ ਨੇ,
ਮਹਿਕਾਂ ਬਖੇਰੇ ਗੁਲਜ਼ਾਰ,
ਤੇਰੇ ਪਿਆਰ ਦਾ ।

ਰਾਤ ਅਤੇ ਦਿਨ ਵਾਲਾ,
ਸਮਾਂ ਇੱਕੋ ਜਿਹਾ ਜਾਪੇ,
ਸੱਜਰੀ ਸਵੇਰ ਹੈ ਨਿਖਾਰ,
ਤੇਰੇ ਪਿਆਰ ਦਾ ।

ਸ਼ਾਲਾ ਤੇਰੇ ਰੂਪ ਦੀ ਨਾ,
ਧੁੱਪ ਕਦੀ ਹੋਵੇ ਮੱਠੀ,
ਸੇਕਦਾ ਰਹਾਂ ਮੈਂ ਅੰਗਿਆਰ,
ਤੇਰੇ ਪਿਆਰ ਦਾ।