ਦਲੀਪ ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ - ਉਜਾਗਰ ਸਿੰਘ

ਦਲੀਪ ਸਿੰਘ ਵਾਸਨ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗੂੜ੍ਹ ਗਿਆਨ ਰੱਖਣ ਵਾਲਾ ਬਹੁਪੱਖੀ, ਬਹੁਮੰਤਵੀ ਅਤੇ ਸਰਬਕਲਾ ਸੰਪੂਰਨ ਵਿਦਵਾਨ ਇਨਸਾਨ ਹੈ। ਉਨ੍ਹਾਂ ਦੀਆਂ ਰਚਨਾਵਾਂ ਸੱਚਾਈ ਅਤੇ ਸਾਰਥਿਕਤਾ ਦਾ ਪ੍ਰਮਾਣ ਹਨ। ਉਹ ਜਿਹੋ ਜਹੇ ਬਾਹਰੋਂ ਹਨ, ਉਹੋ ਜਹੇ ਹੀ ਅੰਦਰੋਂ ਹਨ। ਕੋਈ ਮੁਲੰਮਾ ਨਹੀਂ। ਸਾਦਾ ਅਤੇ ਸਰਲ ਜੀਵਨ ਬਤੀਤ ਕਰਦੇ ਹਨ। ਕਹਿਣੀ ਤੇ ਕਰਨੀ ਵਿਚ ਕੋਈ ਅੰਤਰ ਨਹੀਂ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਉਹ ਜਿਤਨੇ ਵੱਡੇ ਇਨਸਾਨ ਅਤੇ ਵਿਦਵਾਨ ਹਨ, ਉਤਨੀ ਹੀ ਸਰਲ ਭਾਸ਼ਾ ਅਤੇ ਸ਼ੈਲੀ ਵਿਚ ਜੀਵਨ ਦੀ ਵਿਚਾਰਧਾਰਾ ਨੂੰ ਅਜਿਹੇ ਢੰਗ ਨਾਲ ਲਿਖਦੇ ਹਨ ਕਿ ਉਨ੍ਹਾਂ ਦੇ ਹਰ ਸ਼ਬਦ ਨੂੰ ਪਾਠਕ ਪੱਲੇ ਬੰਨ੍ਹਣ ਦਾ ਪ੍ਰਣ ਕਰ ਲੈਂਦਾ ਹੈ। ਵੈਸੇ ਤਾਂ ਉਨ੍ਹਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਵਿਚ 50 ਤੋਂ ਵੱਧ ਪੁਸਤਕਾਂ ਲਿਖੀਆਂ ਪ੍ਰੰਤੂ ਅੱਜ ਮੈਂ ਉਨ੍ਹਾਂ ਦੀ ਲੇਖਾਂ ਦੀ ਪੁਸਤਕ ‘ਜੀਵਨ ਇਕ ਸੱਚਾਈ’ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਵਾਂਗਾ। ਇਸ ਪੁਸਤਕ ਵਿਚ ਛੋਟ-ਛੋਟੇ 55 ਲੇਖ ਹਨ ਪ੍ਰੰਤੂ ਹਰ ਲੇਖ ਆਪਣੇ ਆਪ ਵਿਚ ਇਕ ਅਟੱਲ ਸਚਾਈ ਬਾਰੇ ਬਹੁਮੁਲੀ ਮੁਕੰਮਲ ਜਾਣਕਾਰੀ ਦਿੰਦਾ ਹੈ। ਭਾਵੇਂ ਸਰਸਰੀ ਤੌਰ ਤੇ ਪਾਠਕ ਨੂੰ ਇਹ ਨਿੱਕੀਆਂ-ਨਿੱਕੀਆਂ ਗੱਲਾਂ ਬਹੁਤੀਆਂ ਪਸੰਦ ਨਾ ਆਉਣ ਪ੍ਰੰਤੂ ਜੇਕਰ ਤੁਸੀਂ ਉਨ੍ਹਾਂ ਤੇ ਅਮਲ ਕਰੋਗੇ ਤਾਂ ਸਫਲਤਾ ਤੁਹਾਡੇ ਪੈਰ ਚੁੰਮੇਗੀ। ਇਸ ਪੁਸਤਕ ਦਾ ਪਹਿਲਾ ਹੀ ਲੇਖ ‘ਝੂਠ ਦਾ ਦਾਇਰਾ’ ਬੜਾ ਦਿਲਚਸਪ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਜੀਵਨ ਦਾ ਆਧਾਰ ਝੂਠ ਹੈ। ਕੋਈ ਵੀ ਇਨਸਾਨ ਪੂਰਾ ਸੱਚ ਨਹੀਂ ਬੋਲਦਾ। ਜਿਹੜੇ ਸੱਚ ਬੋਲਣ ਦੀ ਨਸੀਹਤ ਦੇ ਰਹੇ ਹੁੰਦੇ ਹਨ, ਉਹ ਵੀ ਝੂਠ ਬੋਲ ਰਹੇ ਹੁੰਦੇ ਹਨ। ਇਹ ਠੀਕ ਹੈ ਕਿ ਝੂਠ ਮੁਸੀਬਤਾਂ ਖੜ੍ਹੀਆਂ ਕਰਦਾ ਹੈ ਕਿਉਂਕਿ ਇਕ ਝੂਠ ਨੂੰ ਛੁਪਾਉਣ ਲਈ ਅਨੇਕ ਝੂਠ ਬੋਲਣੇ ਪੈਂਦੇ ਹਨ। ਝੂਠ ਨਾਲ ਨੁਕਸਾਨ ਹੁੰਦਾ ਹੈ, ਇਸ ਲਈ ਉਹ ਝੂਠ ਦਾ ਦਾਇਰਾ ਘਟਾਉਣ ਦੀ ਗੱਲ ਕਰਦੇ ਹਨ। ਅਗਲੇ ਲੇਖਾਂ ਵਿਚ ਉਹ ਸਲਾਹ ਦਿੰਦੇ ਹਨ ਕਿ ਜ਼ਿੰਦਗੀ ਵਿਚ ਚੰਗੇ ਕੰਮ ਤਾਂ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਜੋ ਸਮਾਜ ਦਾ ਭਲਾ ਹੋ ਸਕੇ। ਉਹ ਲਿਖਦੇ ਹਨ ਕਿ ਸੁਪਨੇ ਲੈਣੇ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਚੁਣੌਤੀਆਂ ਕਬੂਲ ਕਰਨੀਆਂ ਚਾਹੀਦੀਆਂ ਹਨ ਤਾਂ ਹੀ ਸਫਲਤਾ ਮਿਲੇਗੀ। ਸਰੀਰ ਤੰਦਰੁਸਤ ਰੱਖੋ, ਦਿਲ ਤੇ ਦਿਮਾਗ ਤੇ ਕਾਬੂ ਕਰੋ ਅਤੇ ਕਸਰਤ ਕਰੋ ਤਾਂ ਹੀ ਚੰਗਾ ਸੋਚ ਸਕੋਗੇ। ਆਪਣੇ ਕਈ ਨਿਸ਼ਾਨੇ ਜ਼ਰੂਰ ਨਿਸਚਤ ਕਰੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਜਿਤਨਾ ਵੀ ਨਿਸ਼ਾਨਾ ਪੂਰਾ ਹੋ ਜਾਵੇ ਉਥੇ ਹੀ ਸੰਤੁਸ਼ਟੀ ਕਰੋ। ਚੰਗੀਆਂ ਆਦਤਾਂ ਬਣਾਓ ਤਾਂ ਹੀ ਤੁਹਾਡੀ ਪਛਾਣ ਬਣੇਗੀ। ਤੁਹਾਡੇ ਬੱਚੇ ਵੀ ਤੁਹਾਡੀਆਂ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰਨਗੇ। ਕਿਸੇ ਦੂਜੇ ਵਿਅਕਤੀ ‘ਤੇ ਨਿਰਭਰ ਹੋਣਾ ਮੰਗਤਾ ਬਣਨ ਦੇ ਬਰਾਬਰ ਹੈ। ਉਹ ਡੇਰੇਦਾਰ ਧਾਰਮਿਕ ਵਿਅਕਤੀਆਂ ਨੂੰ ਮੰਗਤੇ ਕਹਿੰਦੇ ਹਨ, ਜਿਹੜੇ ਦੂਜਿਆਂ ਦੀ ਕਮਾਈ ਖਾਂਦੇ ਹਨ। ਚਾਦਰ ਵੇਖਕੇ ਪੈਰ ਪਸਾਰਨ ਦੀ ਨਸੀਹਤ ਦਿੰਦੇ ਹਨ। ਆਪਣੇ ਪੈਰਾਂ ‘ਤੇ ਆਪ ਖੜ੍ਹਨ ਦੀ ਕੋਸ਼ਿਸ਼ ਕਰੋ। ਕਿਸੇ ਨੂੰ ਧੋਖਾ ਨਾ ਦਿਓ, ਜੇਕਰ ਤੁਸੀਂ ਆਪ ਧੋਖਾ ਦਿਓਗੇ  ਤਾਂ ਦੂਜਿਆਂ ਤੋਂ ਵੀ ਧੋਖਾ ਹੀ ਲਵੋਗੇ। ਨਫਰਤ ਨਾ ਕਰੋ ਕਿਉਂਕਿ ਦੂਜੇ ਵੀ ਤੁਹਾਡਾ ਜਵਾਬ ਨਫਰਤ ਨਾਲ ਹੀ ਦੇਣਗੇ। ਬੁਰਾ ਕਰਕੇ ਚੰਗੇ ਦੀ ਆਸ ਰੱਖਣਾ ਮੂਰਖਤਾ ਹੈ। ਕਿਸੇ ਦੀ ਜ਼ਿਆਦਤੀ ਨੂੰ ਬਰਦਾਸ਼ਤ ਨਾ ਕਰੋ ਪ੍ਰੰਤੂ ਜੇ ਕਿਸੇ ਦੀਆਂ ਆਦਤਾਂ ਤੁਹਾਡੇ ਨਾਲ ਨਹੀਂ ਮਿਲਦੀਆਂ ਤਾਂ ਉਨ੍ਹਾਂ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਹੈ। ਬੇਇਨਸਾਫ਼ੀ ਨੂੰ ਸਹਿਣ ਨਾ ਕਰੋ, ਇਨਸਾਫ ਦਿਓ ਅਤੇ ਲਓ। ਅਜਿਹੇ ਕੰਮ ਕਰੋ, ਜਿਨ੍ਹਾਂ ਕਰਕੇ ਸਮਾਜ ਤੁਹਾਨੂੰ ਪ੍ਰਵਾਨ ਕਰੇ। ਸਫਾਈ ਰੱਖੋ, ਤੰਦਰੁਸਤ ਰਹੋ, ਵਿਦਿਆ ਪ੍ਰਾਪਤ ਕਰੋ, ਆਪਣੇ ਗੁਜ਼ਾਰੇ ਦਾ ਆਪ ਪ੍ਰਬੰਧ ਕਰੋ ਅਤੇ 25 ਸਾਲ ਤੋਂ ਪਹਿਲਾਂ ਸ਼ਾਦੀ ਨਾ ਕਰੋ। ਉਨ੍ਹਾਂ ਦੀ ਕਮਾਲ ਇਸ ਗੱਲ ਵਿਚ ਹੈ ਕਿ ਇਹ ਨਸੀਹਤਾਂ ਉਹ ਉਦਾਹਰਨਾ ਦੇ ਕੇ ਕਰਦੇ ਹਨ। ਆਪਣਾ ਨਾਮ ਕਮਾਉਣ ਲਈ ਹਓਮੈ ਦਾ ਸ਼ਿਕਾਰ ਨਾ ਹੋਵੋ। ਸਮਾਜ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੁੰਦਾ ਹੈ। ਇਨਸਾਨੀਅਤ ਦੀ ਬਿਹਤਰੀ ਲਈ ਕੰਮ ਕਰੋ। ਸਵੈ ਮਾਣ ਨਾਲ ਜੀਵਨ ਜਿਓਣਾ ਸਿੱਖੋ। ਹੀਣਤਾ ਦੀ ਭਾਵਨਾ ਨੂੰ ਤਿਲਾਂਜਲੀ ਦਿਓ। ਇਨਸਾਨ ਸਾਰੇ ਬਰਾਬਰ ਹਨ। ਸਾਰੇ ਧਰਮ ਬਰਾਬਰ ਹਨ। ਬਹੁਤਾ ਧਰਮੀ ਬਣਨ ਨਾਲੋਂ ਚੰਗੇ ਨਾਗਰਿਕ ਬਣੋ। ਧਾਰਮਿਕ ਸਥਾਨਾ ਵਿਚ ਸਭ ਅੱਛਾ ਨਹੀਂ। ਧਾਰਮਿਕ ਗ੍ਰੰਥ ਪੜ੍ਹੋ ਪ੍ਰੰਤੂ ਧਾਰਮਿਕ ਵਿਚੋਲਿਆਂ ਤੋਂ ਬਚਕੇ ਰਹੋ ਕਿਉਂਕਿ ਧਾਰਮਿਕ ਸਥਾਨ ਨਿਰਾਸ਼ਾ ਦੂਰ  ਕਰਨ ਦੇ ਬਹਾਨੇ ਲੁੱਟ ਕਰ ਰਹੇ ਹਨ। ਧਰਮੀ ਬਣ ਸਕਦੇ ਹੋ ਬਸ਼ਰਤੇ ਕੱਟੜ ਨਾ ਬਣੋ। ਜੀਵਨ ਸਾਥੀ ਨਾਲ ਰਹਿਣਾ ਸਿੱਖੋ ਫਿਰ ਤੁਹਾਡਾ ਜੀਵਨ ਏਥੇ ਹੀ ਸਵਰਗ ਬਣ ਜਾਵੇਗਾ। ਏਥੇ ਹੀ ਸਵਰਗ ਨਰਕ ਹੈ। ਤੁਹਾਡੇ ਕੰਮਾ ਦਾ ਫਲ ਇਥੇ ਹੀ ਮਿਲ ਜਾਂਦਾ ਹੈ। ਚਿੰਤਾ ਨਾ ਕਰੋ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਸੰਘਰਸ਼ ਦਾ ਨਾਮ ਜ਼ਿੰਦਗੀ ਹੈ। ਚੰਗੇ ਤੇ ਮਾੜੇ ਦਿਨ ਸਥਾਈ ਨਹੀਂ ਹੁੰਦੇ। ਹੌਸਲਾ ਰੱਖੋ ਚੰਗਾ ਅਤੇ ਮਾੜਾ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ। ਰੱਬ ਕੋਲ ਬਹੁਤੀਆਂ ਮੰਗਾਂ ਨਾ ਰੱਖੋ। ਰੱਬ ‘ਤੇ ਵਿਸ਼ਵਾਸ਼ ਕਰੋ, ਉਹ ਤੁਹਾਡੇ ਅੰਦਰ ਹੈ। ਸਬਰ ਸੰਤੋਖ਼ ਦਾ ਪੱਲਾ ਫੜੋ। ਕਾਬਲੀਅਤ ਦਾ ਹਮੇਸ਼ਾ ਮੁੱਲ ਪੈਂਦਾ ਹੈ। ਰੱਬ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਅਮੀਰਾਂ ਨੂੰ ਨੀਂਦ ਨਹੀਂ ਆਉਂਦੀ, ਗ਼ਰੀਬਾਂ ਨੂੰ ਨੀਂਦ ਦੇ ਗੱਫੇ ਮਿਲਦੇ ਹਨ। ਚੋਣ ਤੁਸੀਂ ਕਰਨੀ ਹੈ। ਤਰੱਕੀ ਕਰਨੀ ਚਾਹੀਦੀ ਹੈ ਪ੍ਰੰਤੂ ਕਿਸੇ ਹੋਰ ਦੀ ਕੀਮਤ ‘ਤੇ ਨਹੀਂ। ਕਿਸੇ ਨੂੰ ਨੀਂਵਾਂ ਨਾ ਵਿਖਾਓ। ਆਤਮ ਹੱਤਿਆ ਕਰਨੀ ਰੱਬ ਨੂੰ ਠੋਕਰ ਮਾਰਨ ਬਰਾਬਰ ਹੈ। ਚੁਗਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਚੁਗਲਖ਼ੋਰ ਬਾਰੇ ਚੁਗਲੀ ਸਣਨ ਵਾਲੇ ਵੀ ਜਾਣਦੇ ਹੁੰਦੇ ਹਨ। ਆਪਣੇ ਮਨ ਸਾਫ਼ ਰੱਖੋ, ਵਿਖਾਵਾ ਅੰਦਰੋਂ ਖ਼ੁਸ਼ੀ ਨਹੀਂ ਦਿੰਦਾ। ਗ਼ਮ ਮਨ ਸਾਫ਼ ਰੱਖਣ ਨਾਲ ਦੂਰ ਹੋ ਜਾਂਦੇ ਹਨ। ਜੀਵਨ ਦਾ ਆਨੰਦ ਮਾਣੋ, ਇਹ ਮੁੜਕੇ ਨਹੀਂ ਆਉਣਾ। ਨਸ਼ੇ ਵਕਤੀ ਤੌਰ ਤੇ ਗ਼ਮ ਭੁਲਾ ਦਿੰਦੇ ਹਨ ਪ੍ਰੰਤੂ ਹੋਰ ਗ਼ਮ ਲਾ ਦਿੰਦੇ ਹਨ। ਪੈਸਾ ਜ਼ਿੰਦਗੀ ਬਸਰ ਕਰਨ ਲਈ ਜ਼ਰੂਰੀ ਹੈ ਪ੍ਰੰਤੂ ਭਰਿਸ਼ਟਾਚਾਰ ਨਾਲ ਕੀਤੀ ਕਮਾਈ ਮੁਸੀਬਤਾਂ ਖੜ੍ਹੀਆਂ ਕਰਦੀ ਹੈ। ਨੇਕ ਕਮਾਈ ਸੰਤੁਸ਼ਟੀ ਦਿੰਦੀ ਹੈ। ਲੇਖਕ ਇਸਤਰੀਆਂ ਨੂੰ ਸਲਾਹ ਵੀ ਦਿੰਦਾ ਹੈ ਕਿ ਉਨ੍ਹਾਂ ਨੂੰ ਨੂੰਹਾਂ ਨੂੰ ਆਪਣੀਆਂ ਧੀਆਂ ਦੀ ਤਰ੍ਹਾਂ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਆਪਣਾ ਪੇਕਿਆਂ ਦਾ ਘਰ ਛੱਡਕੇ ਤੁਹਾਡੇ ਘਰ ਨੂੰ ਨਿਹਾਰਨ ਆਉਂਦੀਆਂ ਹਨ। ਬੁਢਾਪੇ ਵਿਚ ਵੀ ਉਸਨੇ ਹੀ ਤੁਹਾਡਾ ਸਾਥ ਦੇਣਾ ਹੈ। ਨੂੰਹਾਂ ਨੂੰ ਵੀ ਸਦਭਾਵਨਾ ਅਤੇ ਪ੍ਰੇਮ ਪਿਆਰ ਨਾਲ ਵਿਚਰਨਾ ਚਾਹੀਦਾ। ਕਦੀ ਵੀ ਹਾਰ ਨੂੰ ਸਵੀਕਾਰ ਨਾ ਕਰੋ ਕਿਉਂਕਿ ਹਾਰ ਕਮਜ਼ੋਰੀ ਅਤੇ ਨਿਰਾਸ਼ਾ ਪੈਦਾ ਕਰਦੀ ਹੈ। ਮੈੈੈਂ ਅਤੇ ਅਸੀਂ ਦਾ ਅੰਤਰ ਦਸਦੇ ਹੋਏ ਵਾਸਨ ਸਾਹਿਬ ਮੁਕਾਬਲਾ ਕਰਨ ਲਈ ਮੈਂ ਨੂੰ ਤਾਕਤਵਰ ਮੰਨਦੇ ਹਨ। ਗ਼ੁਰਬਤ ਦੇ ਕਾਰਨ ਲੱਭੋ, ਫਿਰ ਉਨ੍ਹਾਂ ਨੂੰ ਕਿਵੇਂ ਦੂਰ ਕਰਨਾ ਹੈ? ਗ਼ੁਰਬਤ ਅਰਥਾਤ ਗ਼ਰੀਬੀ ‘ਚੋਂ ਮਿਹਨਤ ਨਾਲ ਬਾਹਰ ਨਿਕਲਣਾ ਚਾਹੀਦਾ ਹੈ। ਉਹ ਇਹ ਵੀ ਲਿਖਦੇ ਹਨ ਕਿ ਇਨਸਾਨ ਬਨਾਉਟੀ ਅਰਥਾਤ ਦੋਗਲਾ ਜੀਵਨ ਬਤੀਤ ਕਰ ਰਿਹਾ ਹੈ। ਬਾਹਰੋਂ ਅੰਦਰੋਂ ਇਕ ਨਹੀਂ ਹੁੰਦਾ। ਕਈ ਵਾਰ ਇਨਸਾਨ ਪੁਰਾਣੀਆਂ ਗੱਲਾਂ ਯਾਦ ਕਰਕੇ ਝੂਰਨ ਲੱਗ ਜਾਂਦਾ ਹੈ। ਪੁਰਾਣੀਆਂ ਖ਼ੁਸ਼ ਕਰਨ ਵਾਲੀਆਂ ਗੱਲਾਂ ਯਾਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਘਰਾਂ ਦੇ ਜ਼ਰੂਰੀ ਕਾਗ਼ਜ਼ਾਤ ਜਿਵੇਂ ਸਰਟੀਫੀਕੇਟ, ਰਾਸ਼ਣ ਕਾਰਡ, ਆਧਾਰ ਕਾਰਡ ਆਦਿ ਖੁਦ ਸੰਭਾਲਕੇ ਕਿਸੇ ਟਿਕਾਣੇ ਤੇ ਰੱਖੋ ਤਾਂ ਜੋ ਲੋੜ ਪੈਣ ਤੇ ਤੁਰੰਤ ਲੱਭੇ ਜਾ ਸਕਣ। ਜਨਮ ਦਿਨ ਮਨਾਉਣ ਸੰਬੰਧੀ ਉਹ ਕਹਿੰਦੇ ਹਨ ਕਿ ਇਸ ਦਿਨ ਇਨਸਾਨ ਨੂੰ ਆਪਣੇ ਅੰਦਰ ਝਾਤੀ ਮਾਰਕੇ ਆਤਮ ਨਿਰੀਖਣ ਕਰਨਾ ਚਾਹੀਦਾ ਕਿ ਅਸੀਂ ਕੀ ਚੰਗਾ ਤੇ ਮਾੜਾ ਕੰਮ ਕਰ ਰਹੇ ਹਾਂ। ਅੱਗੇ ਵਾਸਤੇ ਆਪਣੇ ਆਪ ਨੂੰ ਸੁਧਾਰਨ ਦਾ ਪ੍ਰਬੰਧ ਕਰੋ। ਅਗਲੇ ਸਾਲ ਦਾ ਪ੍ਰੋਗਰਾਮ ਬਣਾ ਲਓ ਕਿ ਕੀ ਕਰਨਾ ਹੈ? ਦਿਮਾਗ਼ ਤੇ ਬਹੁਤਾ ਬੋਝ ਨਾ ਪਾਓ। ਹਰ ਗੱਲ ਤੇ ਤੁਰੰਤ ਰੀਐਕਟ ਨਾ ਕਰੋ। ਸਮੱਸਿਆਵਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਇਨਸਾਨ ਨੂੰ ਉਮਰ ਮੁਤਾਬਕ ਸਮਾਜ ਵਿਚ ਵਿਵਹਾਰ ਅਤੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਹਨ। ਬਟਵਾਰੇ ਦੇ ਦਰਦ ਦਾ ਵੀ ਇਜ਼ਹਾਰ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਸਾਡਾ ਇਤਿਹਾਸ ਸਹੀ ਜਾਣਕਾਰੀ ਨਹੀਂ ਦਿੰਦਾ। ਦਲੀਪ ਸਿੰਘ ਵਾਸਨ ਦਾਨ ਕਰਨ ਨੂੰ ਪਾਪ ਸਮਝਦੇ ਹਨ, ਸਗੋਂ ਕਿਸੇ ਲੋੜਮੰਦ ਦੀ ਮਦਦ ਕਰਨਾ ਪੁੰਨ ਹੁੰਦਾ ਹੈ। ਦਾਨ ਉਪਰ ਵਿਹਲੜ ਪਲਦੇ ਹਨ। ਨੈਤਿਕਤਾ ਖ਼ਤਮ ਹੁੰਦੀ ਜਾ ਰਹੀ ਹੈ। ਦੁਰਘਟਨਾਵਾਂ ਦੇ ਸ਼ਿਕਾਰ ਸੜਕਾਂ ਰੁਲਦੇ ਹਨ, ਲੋਕ ਉਨ੍ਹਾਂ ਦੇ ਕੋਲੋਂ ਲੰਘੀ ਜਾਂਦੇ ਹਨ। ਪ੍ਰੇਮ ਵਿਆਹ ਮਾੜੇ ਨਹੀਂ ਪ੍ਰੰਤੂ ਪ੍ਰੇਮ ਵਿਚ ਅੰਤਰਜ਼ਾਤੀ ਵਿਆਹ ਬਹੁਤੇ ਸਭਿਆਚਾਰ ਦੇ ਵਖਰੇਵੇਂ ਕਰਕੇ ਸਫ਼ਲ ਨਹੀਂ ਹੁੰਦੇ।  ਸਾਡੇ ਸਮਾਜ ਵਿਚ ਪੁੱਤਰ ਨੂੰ ਵਿਰਾਸਤ ਦਾ ਵਾਰਸ ਸਮਝਕੇੇ ਖ਼ੁਸ਼ੀ ਮਨਾਈ ਜਾਂਦੀ ਹੈ ਪ੍ਰੰਤੂ ਬੁਢਾਪੇ ਵਿਚ ਪੁੱਤਰ ਬਜ਼ੁਰਗਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ।  ਲੇਖਕ ਅਨੁਸਾਰ ਲੋਭ, ਕਾਮ, ਕਰੋਧ, ਮੋਹ ਅਤੇ ਹੰਕਾਰ ਬਹੁਤੇ ਹੋਣ ਤਾਂ ਬੁਰੇ ਹਨ ਪ੍ਰੰਤੂ ਇਨ੍ਹਾਂ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਕਾਮ ਉਤਪਤੀ ਦਾ ਸਾਧਨ, ਕ੍ਰੋਧ ਤੋਂ ਅਨੁਸ਼ਾਸ਼ਨ, ਮੋਹ ਤੋਂ ਮੁਹੱਬਤ, ਲੋਭ ਤੋਂ ਮੁਕਾਬਲੇ ਦੀ ਰੁਚੀ ਅਤੇ ਅਹੰਕਾਰ ਤੋਂ ਸਫ਼ਲਤਾ ਪ੍ਰਾਪਤ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਨ੍ਹਾਂ ਦੀ ਮਿਕਦਾਰ ਘਟਾਈ ਵਧਾਈ ਜਾ ਸਕਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh48@yahoo.com