ਔਰਤ ਨੂੰ ਮਰਦਾਂ ਕੋਲੋਂ ਲੁੱਕ ਕੇ ਰਹਿਣਾ ਪੈਂਦਾ ਹੈ - ਸਤਵਿੰਦਰ ਕੌਰ ਸੱਤੀ

ਪ੍ਰੀਤ ਨੇ ਰੋਟੀ ਵੀ ਉੱਥੇ ਹੀ ਖਾਂ ਲਈ ਸੀ। ਭਰਜਾਈ ਨੇ ਚੈਨ ਲਈ ਰੋਟੀ ਸਬਜ਼ੀ ਦੇ ਦਿੱਤੀ ਸੀ। ਪ੍ਰੀਤ ਭਰਜਾਈ ਕੋਲੋਂ ਸ਼ਾਮ ਹੋਈ ਤੋਂ, ਘਰ ਵਾਪਸ ਆਈ ਹੈ। ਪ੍ਰੀਤ ਨੂੰ ਲੱਗਦਾ ਸੀ। ਉਹ ਸੋਚਦੀ ਸੀ, ਚੈਨ ਘਰ ਵਾਪਸ ਆ ਗਿਆ ਹੋਣਾ ਹੈ। ਅੱਗੇ ਹਰ ਰੋਜ਼ ਦਿਨ ਢਾਲਦੇ ਨਾਲ ਘਰ ਆ ਜਾਂਦਾ ਸੀ। ਪ੍ਰੀਤ ਨੇ ਉਸ ਨੂੰ ਉਡੀਕ-ਉਡੀਕ ਕੇ ਫ਼ੋਨ ਕੀਤਾ। ਚੈਨ ਨੇ ਫ਼ੋਨ ਨਹੀਂ ਚੱਕਿਆਂ। ਜਦੋਂ ਪ੍ਰੀਤ ਲਗਾਤਾਰ ਬਾਰ-ਬਾਰ ਫ਼ੋਨ ਕਰੀ ਗਈ। ਚੈਨ ਨੇ ਔਖਾ ਜਿਹਾ ਹੋ ਕੇ ਕਿਹਾ, " ਹੈਲੋ "। ਪ੍ਰੀਤ ਨੇ ਕਿਹਾ, " ਰਾਤ ਦੇ 12 ਵੱਜ ਗਏ ਹਨ। " ਉਸ ਨੇ ਕਿਹਾ, " ਮੇਰੇ ਕੋਲੋਂ ਘਰ ਨਹੀਂ ਆਇਆ ਜਾਣਾ। ਸ਼ਰਾਬ ਬਹੁਤ ਪੀ ਲਈ ਹੈ। ਮੈਂ ਆਪਦੇ ਪੁਰਾਣੇ ਦੋਸਤਾਂ ਕੋਲ ਹਾਂ। ਮੈਨੂੰ ਨਾਂ ਉਡੀਕੀ। " " ਮੈਂ ਆ ਕੇ ਲੈ ਜਾਂਦੀ ਹਾਂ। ਟੈਕਸੀ ਸਵੇਰੇ ਲੈ ਜਾਵਾਂਗੇ। " ਚੈਨ ਨੇ ਬਗੈਰ ਜੁਆਬ ਦਿੱਤੇ ਫ਼ੋਨ ਕੱਟ ਦਿੱਤਾ। ਪ੍ਰੀਤ ਫਿਰ ਬਾਰ-ਬਾਰ ਫ਼ੋਨ ਕਰਦੀ ਰਹੀ। ਮੁੜਕੇ ਚੈਨ ਨੇ ਫ਼ੋਨ ਨਹੀਂ ਚੱਕਿਆਂ। ਉਹ ਘਰ ਵਿੱਚ ਕਦੇ ਇਕੱਲੀ ਨਹੀਂ ਰਹੀ ਸੀ। ਪ੍ਰੀਤ ਨੂੰ ਘਰ ਵਿੱਚੋਂ ਡਰ ਆ ਰਿਹਾ ਸੀ। ਲੱਕੜੀ ਦਾ ਘਰ ਹੋਣ ਕਰਕੇ, ਘਰ ਦੀਆਂ ਲੱਕੜਾਂ ਚੀਕ ਰਹੀਆਂ ਸਨ। ਕਈ ਬਾਰ ਇਸ ਤਰਾਂ, ਪੈੜ-ਚਾਲ ਦਾ ਭੁਲੇਖਾ ਪੈਂਦਾ ਸੀ। ਕੋਈ ਤੁਰਿਆ ਫਿਰਦਾ ਹੈ। ਉਸ ਦੀ ਭਰਜਾਈ ਕੰਮ ਉੱਤੇ ਸੀ। ਪ੍ਰੀਤ ਨੇ ਉਸ ਨੂੰ ਫ਼ੋਨ ਕਰਕੇ ਪੁੱਛਿਆ, " ਕੀ ਵਿਚੋਲਣ ਵੀ ਅੱਜ ਕੰਮ ਉੱਤੇ ਆਈ ਹੈ? " ਭਰਜਾਈ ਨੇ ਦੱਸਿਆ, " ਹਾਂ ਤੇਰੀ ਵਿਚੋਲਣ ਵੀ ਕੰਮ ਕਰਦੀ ਹੈ। " ਪ੍ਰੀਤ ਨੂੰ ਜ਼ਕੀਨ ਹੋ ਗਿਆ। ਚੈਨ ਵਿਚੋਲਣ ਦੇ ਘਰ ਨਹੀਂ ਹੈ।
ਪ੍ਰੀਤ ਨੇ ਆਪਦੀ ਮੰਮੀ ਨੂੰ ਫ਼ੋਨ ਕੀਤਾ। ਉਸ ਨੂੰ ਕਿਹਾ, " ਮੈਂ ਤੈਨੂੰ ਲੈਣ ਆ ਰਹੀ ਹਾਂ। ਮੈਨੂੰ ਘਰ ਵਿਚੋਂ ਇਕੱਲੀ ਨੂੰ ਡਰ ਲੱਗਦਾ ਹੈ। ਚੈਨ ਘਰ ਨਹੀਂ ਆਇਆ। " ਉਸ ਦੀ ਮੰਮੀ ਨੇ ਕਿਹਾ, " ਠੀਕ ਹੈ, ਤੂੰ ਮੈਨੂੰ ਆ ਕੇ ਲੈ ਜਾ। " ਪ੍ਰੀਤ ਦੀ ਮੰਮੀ ਉੱਪਰ ਵਾਲੀ ਮੰਜ਼ਲ ਤੋਂ ਥੱਲੇ ਆ ਗਈ। ਉਸ ਨੇ ਦੱਸਿਆ, " ਪ੍ਰੀਤ ਮੈਨੂੰ ਲੈਣ ਆ ਰਹੀ ਹੈ। ਅੱਜ ਰਾਤ ਮੈਂ ਉਸ ਕੋਲ ਸੌਣਾ ਹੈ। ਐਡੀ ਵੱਡੀ ਹੋ ਗਈ ਹੈ। ਅਜੇ ਡਰਦੀ ਹੈ। " ਗੇਟ ਉੱਤੇ ਘੰਟੀ ਵੱਜੀ ਸੀ। ਮੈਂ ਕੈਮਰੇ ਵਿੱਚ ਦੇਖਿਆ। ਪ੍ਰੀਤ ਬਾਹਰ ਖੜ੍ਹੀ ਸੀ। ਮੈਂ ਆਫ਼ਿਸ ਵਿਚੋਂ ਹੀ ਦਰਵਾਜ਼ਾ ਖੌਲਣ ਵਾਲਾ ਬਟਨ ਦੱਬ ਦਿੱਤਾ। ਡੋਰ ਨੂੰ ਲੌਕ ਲੱਗਿਆ ਹੋਇਆ ਸੀ। ਹੁਣ ਖੁੱਲ ਗਿਆ ਸੀ। ਮੈਂ ਸਪੀਕਰ ਵਿੱਚ ਉਸ ਨੂੰ ਅੰਦਰ ਆਉਣ ਲਈ ਕਿਹਾ। ਵੈਸੇ ਤਾਂ ਰਾਤ ਨੂੰ ਕੋਈ ਬਾਹਰ ਦਾ ਬੰਦਾ ਆ ਨਹੀਂ ਸਕਦਾ। ਇਸ ਬਿਲਡਿੰਗ ਵਿੱਚ ਕੈਨੇਡਾ ਵਿੱਚ ਨਵੇਂ ਆਏ ਬੰਦਿਆਂ ਦੀ ਮਦਦ ਲਈ ਗੌਰਮਿੰਟ ਦਾ ਆਫ਼ਿਸ ਹੈ। ਦਿਨ ਵੇਲੇ ਨੌਕਰੀਆਂ ਲੱਭਣ ਵਿੱਚ ਮਦਦ ਕਰਦੇ ਹਨ। ਜਿੰਨਾ ਦੀਆਂ ਨੌਕਰੀਆਂ ਛੁੱਟ ਜਾਂਦੀਆਂ ਹਨ। ਉਨ੍ਹਾਂ ਨੂੰ ਭੱਤਾ ਦੇਣ ਦੇਣ ਲਈ ਇੱਥੇ ਪੇਪਰ ਭਰੇ ਜਾਂਦੇ ਹਨ। ਅੰਗਰੇਜ਼ੀ ਸਿਖਾਈ ਜਾਂਦੀ ਹੈ। ਉੱਪਰ ਵਾਲੀਆਂ ਚਾਰ ਮੰਜ਼ਲਾਂ ਵਿੱਚ ਸਿਰਫ਼ ਘਰੋਂ ਕੱਢੀਆਂ ਦੁਖੀ ਔਰਤਾਂ ਰਹਿੰਦੀਆਂ ਹਨ। ਸਬ ਦੀ ਅਜੀਬ ਜਿਹੀ ਕਹਾਣੀ ਹੈ।
ਪ੍ਰੀਤ ਨੇ ਮੈਨੂੰ ਸਪੀਕਰ ਵਿੱਚੋਂ ਪੁੱਛਿਆ, " ਕੀ ਮੈਂ ਸੱਚੀ ਅੰਦਰ ਲੰਘ ਸਕਦੀ ਹਾਂ। ਕਿਤੇ ਮੇਰੇ ਤੋਂ ਕੋਈ ਖ਼ਤਰਾ ਨਾਂ ਬਣ ਜਾਵੇ? " ਮੈਂ ਉਸ ਨੂੰ ਕਿਹਾ, " ਤੂੰ ਕੀ ਬੰਬ ਮਾਰ ਦੇਵੇਗੀ? ਲੰਘਿਆ ਅੰਦਰ, ਇੱਥੇ ਮਰਦਾਂ ਤੋਂ ਹੀ ਖ਼ਤਰਾ ਹੈ। " ਉਹ ਅੰਦਰ ਲੰਘ ਆਈ। ਉਸ ਨੇ ਆਉਂਦੇ ਹੀ ਮੈਨੂੰ ਸੁਆਲ ਕਰ ਦਿੱਤਾ," ਕੀ ਮਰਦ ਸੱਚੀ ਐਡੇ ਡਰਾਉਣੇ ਹੁੰਦੇ ਹਨ? ਔਰਤ ਨੂੰ ਮਰਦਾਂ ਕੋਲੋਂ ਲੁੱਕ ਕੇ ਰਹਿਣਾ ਪੈਂਦਾ ਹੈ। " ਮੈਂ ਕਿਹਾ, " ਮਰਦ ਮਰਦ ਉਨ੍ਹਾਂ ਔਰਤ ਲਈ ਖ਼ਤਰਾ ਬਣਦੇ ਹਨ। ਜੋ ਮਰਦ ਨੂੰ ਭੇੜੀਏ ਸਮਝਦੀਆਂ ਹਨ। ਮਰਦ ਕੋਈ ਭੂਤ ਨਹੀਂ ਹਨ। ਜਿਸ ਤੋਂ ਇੰਨਾ ਡਰਨ ਦੀ ਲੋੜ ਹੈ। ਮਰਦਾਂ ਕੋਲ ਦੋ ਹਥਿਆਰ ਹਨ। ਔਰਤ ਦੀ ਕੁੱਟ-ਕੁੱਟ ਧੋੜੀ ਲਾਹ ਸਕਦੇ ਹਨ। ਦੂਜਾ ਬਲਾਤਕਾਰ ਕਰ ਸਕਦੇ ਹਨ। ਬੱਚਾ ਠਹਿਰਾ ਸਕਦੇ ਹਨ। ਹੋਰ ਮੈਨੂੰ ਤਾਂ ਕੋਈ ਖ਼ਾਸੀਅਤ ਨਹੀਂ ਲੱਗਦੀ। " " ਇੱਥੇ ਵੀ ਤਾਂ ਦੂਹਰੇ ਦਰਵਾਜ਼ਿਆਂ ਨੂੰ ਜਿੰਦੇ ਮਾਰੀ ਬੈਠੇ ਹੋ। ਡਰ ਤਾਂ ਲੱਗਦਾ ਹੀ ਹੈ। " ਮੈਂ ਕਿਹਾ, " ਇਹ ਇਸ ਕਰਕੇ ਹੈ, ਇੱਥੇ ਸੈਂਕੜੇ ਔਰਤਾਂ, ਮਰਦਾਂ ਕੋਲੋਂ ਭੱਜ ਕੇ, ਜਾਨ ਛੁਡਾ ਕੇ ਆਈਆਂ ਹਨ। ਅਗਲੇ ਬੋਤਲ ਪੀ ਕੇ, ਅੰਦਰ ਆ ਵੜਨ, ਇੱਕ ਵੇਰਾਂ ਤਾਂ ਭੁਚਾਲ ਲਿਆ ਦੇਣਗੇ। ਭੇੜੀਆਂ ਤੋਂ ਫਿਰ ਬਿਚਾਰੀਆਂ ਨੂੰ ਬਚਾਉਣਾ ਪੈਣਾ ਹੈ। ਤੂੰ ਆਪਦੀ ਗੱਲ ਕਰ, ਤੇਰੇ ਮੂੰਹ ਦਾ ਰੰਗ ਕਿਉਂ ਉੱਡਿਆ ਪਿਆ ਹੈ? ਕਿਤੇ ਤੂੰ ਵੀ ਪਤੀ ਤੋਂ ਡਰਨ ਤਾਂ ਨਹੀਂ ਲੱਗ ਗਈ? ਪਤੀ ਨੂੰ ਛੱਡ ਕੇ, ਮਾਂ ਕੋਲ ਆ ਗਈ ਹੈ। ਅੱਜ ਮਾਂ ਨਾਲ ਪੈਣ ਦਾ ਕਿਵੇਂ ਚੇਤਾ ਆ ਗਿਆ? " " ਮੰਮੀ ਨੂੰ ਮੈਂ ਤਾਂ ਲੈਣ ਆਈ ਹਾਂ। ਬਹੁਤ ਦਿਨਾਂ ਤੋਂ ਮਿਲੀ ਨਹੀਂ ਸੀ। " ਉਸ ਦੀ ਆਵਾਜ਼ ਉਸ ਦਾ ਸਾਥ ਨਹੀਂ ਦੇ ਰਹੀ ਸੀ। ਮੈਂ ਉਸ ਵੱਲ ਗ਼ੌਰ ਨਾਲ ਦੇਖਿਆ। ਉਸ ਦਾ ਸਰੀਰ ਕੰਬ ਰਿਹਾ ਸੀ।
ਮੈਂ ਉਸ ਨੂੰ ਪੁੱਛਿਆ, " ਤੈਨੂੰ ਵੀ ਸਹੁਰਿਆਂ ਦਾ ਪਾਣੀ ਲੱਗ ਗਿਆ। ਅੱਗੇ ਨਾਲੋਂ ਮੋਟੀ ਹੋ ਗਈ। ਦੱਸ ਪ੍ਰੀਤ ਤੇਰਾ ਅੱਜ ਪੂਰਾ ਦਿਨ ਕਿਵੇਂ ਬੀਤਿਆ ਹੈ? " " ਮੈਂ ਮਾਂ ਬਣਨ ਵਾਲੀ ਹਾਂ। ਅੱਜ ਮੈਂ ਤਾਂ ਸਾਰੀ ਦਿਹਾੜੀ ਖ਼ਾਕ ਛਾਣੀ ਹੈ। ਕੋਈ ਚੱਜ ਦਾ ਕੰਮ ਨਹੀਂ ਕੀਤਾ। " ਉਸ ਦੀ ਮੰਮੀ ਨੇ ਕਿਹਾ, " ਐਸਾ ਕੰਮ ਕਰਨਾ ਹੀ ਨਹੀਂ ਚਾਹੀਦਾ। ਜਿਸ ਵਿਚੋਂ ਸਿਰ ਵਿੱਚ ਸੁਆਹ ਪਵੇ। ਕੰਮ ਉਹ ਕਰੀਦਾ ਹੈ। ਜਿਸ ਵਿੱਚੋਂ ਲਾਭ ਦਿਸਦਾ ਹੋਵੇ। ਮਾੜੇ ਕੰਮ ਨਾਂ ਰੱਬ ਕਰਾਵੇ, ਨਾਂ ਦਿਖਾਵੇ। ਰੱਬ ਪਰਦਾ ਪਾ ਕੇ ਰੱਖੇ। " ਪ੍ਰੀਤ ਨੇ ਹਾਮੀ ਭਰਦੇ ਹੋਏ ਕਿਹਾ, " ਸਹੀ ਗੱਲ ਹੈ। ਨਾਂ ਦੇਖਣ ਵਾਲੀ ਗੱਲ ਉੱਤੇ ਤਾਂ ਰੱਬ ਪਰਦੇ ਹੀ ਪਾ ਦੇਵੇ। ਨਹੀਂ ਤਾਂ ਦੂਜੇ ਬੰਦੇ ਵੀ ਬਿਮਾਰ ਹੋ ਸਕਦੇ ਹਨ। " ਉਹ ਦੋਨੇਂ ਚਲੀਆਂ ਗਈਆਂ। ਕਈ ਬਾਰ ਜੇ ਮਾੜਾ ਸਮਾਂ ਬਿਚਾਰ ਲਈਏ। ਅਣਹੋਣੀ ਟੱਲ ਜਾਂਦੀ ਹੈ। ਪ੍ਰੀਤ ਜਦੋਂ ਮੰਮੀ ਨਾਲ ਘਰ ਪਹੁੰਚਦੀ। ਉਸ ਨੇ ਦੇਖਿਆ, ਘਰ ਦਾ ਮੂਹਰਲਾ ਸ਼ੀਸ਼ਾ ਟੁੱਟਾ ਹੋਇਆ ਹੈ। ਘਰ ਦੀਆਂ ਬੱਤੀਆਂ ਜੱਗ ਰਹੀਆਂ ਹਨ। ਮੂਹਰਲਾ ਦਰਵਾਜ਼ਾ ਖੁੱਲ੍ਹਾ ਸੀ। ਜਿਸ ਨੇ ਵੀ ਸ਼ੀਸ਼ਾ ਤੋੜਿਆ। ਉਹ ਉੱਥੋਂ ਦੀ ਅੰਦਰ ਲੰਘ ਗਿਆ। ਮੂਹਰਲੇ ਦਰਵਾਜ਼ੇ ਰਾਹੀਂ ਬਾਹਰ ਚਲਾ ਗਿਆ। ਪ੍ਰੀਤ ਦੀ ਮੰਮੀ ਨੇ ਕਿਹਾ, " ਪੁਲਿਸ ਨੂੰ ਫ਼ੋਨ ਕਰਕੇ, ਮੌਕਾ ਦਿਖਾਉਣਾ ਚਾਹੀਦਾ ਹੈ। ਅੱਜ ਚੈਨ ਕਿਥੇ ਹੈ? ਜਿਸ ਨੇ ਇਹ ਕੀਤਾ ਹੈ। " ਉਸ ਨੂੰ ਪਤਾ ਸੀ। ਚੈਨ ਘਰ ਨਹੀਂ ਹੈ। ਪ੍ਰੀਤ ਨੇ ਕਿਹਾ, " ਮੈਂ ਪੁਲੀਸ ਨੂੰ ਫ਼ੋਨ ਨਹੀਂ ਕਰਨਾ। ਦਿਨੇ ਚੈਨ ਤੇ ਮੇਰੀ ਲੜਾਈ ਹੋਈ ਹੈ। ਰਾਤ ਦੋਸਤਾਂ ਕੋਲ ਸੌਂ ਗਿਆ ਸੀ। ਉਸੇ ਨੇ ਮੈਨੂੰ ਡਰਾਉਣ ਲਈ ਇਹ ਕੰਮ ਕਰਾਇਆ ਹੈ। " ਪ੍ਰੀਤ ਦੀ ਮੰਮੀ ਨੇ ਕਿਹਾ, " ਐਸਾ ਕੀ ਹੋ ਗਿਆ ਸੀ? ਜੋ ਉਸ ਨੇ ਇਹ ਹਰਕਤ ਕੀਤੀ ਹੈ। ਮੈਨੂੰ ਉਸ ਦੇ ਚਾਲੇ ਠੀਕ ਨਹੀਂ ਲੱਗਦੇ। ਤੂੰ ਘਰ ਨਹੀਂ ਸੀ। ਤਾਂ ਸ਼ੀਸ਼ੇ ਤੋੜ ਕੇ ਚਲਾ ਗਿਆ। ਜੇ ਤੂੰ ਘਰ ਹੁੰਦੀ। ਕੀ ਪਤਾ ਕੀ ਕਰਦਾ? ਤੇਰੀ ਜਾਨ ਲੈ ਲੈਂਦੇ। " ਪ੍ਰੀਤ ਨੇ ਕਿਹਾ, " ਮੰਮੀ ਤੁਸੀਂ ਆਪ ਕਹਿੰਦੇ ਹੁੰਦੇ ਹੋ, " ਘਰ ਦੀ ਗੱਲ ਬਾਹਰ ਨਹੀਂ ਦੱਸਣੀ। ਦੱਸਣ ਵਾਲੀ ਵੀ ਨਹੀਂ ਹੈ। ਬੱਸ ਇਹ ਸਮਝ ਲੈ, ਕਿਸ਼ਤੀ ਵਿੱਚ ਮੋਰੀ ਹੋ ਗਈ ਹੈ। ਮੈਂ ਮੁੰਧਣ ਦੀ ਕੋਸ਼ਿਸ਼ ਕਰ ਰਹੀ ਹਾਂ। "

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com