ਅਨੋਖਾ ਫ਼ੈਸਲਾ - ਨਿਰਮਲ ਸਿੰਘ ਕੰਧਾਲਵੀ

ਆਜ਼ਾਦੀ ਮਿਲਣ ਤੋਂ ਜਲਦੀ ਬਾਅਦ ਹੀ ਭਾਰਤ ਵਿਚ ਪੰਚਾਇਤੀ ਰਾਜ ਸ਼ੁਰੂ ਕੀਤਾ ਗਿਆ ਤਾਂ ਕਿ ਪਿੰਡਾਂ ਦੇ ਛੋਟੇ ਮੋਟੇ ਝਗੜਿਆਂ ਦਾ ਨਿਪਟਾਰਾ ਪਿੰਡਾਂ ਵਿਚ ਹੀ ਹੋ ਜਾਇਆ ਕਰੇ ਤੇ ਲੋਕਾਂ ਨੂੰ ਅਦਾਲਤਾਂ ਦੇ ਮਹਿੰਗੇ ਨਿਆਂ ਤੋਂ ਬਚਾਇਆ ਜਾ ਸਕੇ। ਪਰ ਹੌਲੀ ਹੌਲੀ ਸਿਆਸੀ ਲੋਕਾਂ ਨੇ ਇਸ ਸਿਸਟਮ ਨੂੰ ਖੋਰਾ ਲਾ ਕੇ ਪਿੰਡਾਂ ਨੂੰ ਸਿਆਸੀ ਧੜਿਆਂ ਵਿਚ ਵੰਡ ਦਿੱਤਾ ਜਿਸ ਦਾ ਨਤੀਜਾ ਅੱਜ ਅਸੀਂ ਦੇਖ ਰਹੇ ਹਾਂ ਕਿ ਪੰਚਾਇਤੀ ਚੋਣਾਂ ਵੇਲੇ ਕਿਵੇਂ ਗੁੰਡਾ-ਗਰਦੀ ਦਾ ਨੰਗਾ ਨਾਚ ਹੁੰਦਾ ਹੈ। ਗਾਲ਼ੀ-ਗਲੋਚ, ਦੰਗਾ ਫ਼ਸਾਦ ਤੇ ਇਥੋਂ ਤੀਕ ਕਿ ਕਤਲ ਵੀ ਹੋ ਜਾਂਦੇ ਹਨ। ਸਰਪੰਚੀ ਦੀ ਚੋਣ ਜਿੱਤਣ ਲਈ ਵੀ ਲੱਖਾਂ ਰੁਪਇਆ ਖ਼ਰਚਿਆ ਜਾਂਦਾ ਹੈ। ਪੈਸੇ,ਸ਼ਰਾਬ, ਅਫੀਮ, ਭੁੱਕੀ ਆਦਿਕ ਨਸ਼ਿਆਂ ਨਾਲ਼ ਵੋਟਾਂ ਖ਼ਰੀਦੀਆਂ ਜਾਂਦੀਆਂ ਹਨ।  
ਇਹ ਠੀਕ ਹੈ ਕਿ ਸ਼ੁਰੂ ਸ਼ੁਰੂ ਵਿਚ ਵੀ ਪਿੰਡਾਂ ਵਿਚ ਧੜੇ ਤਾਂ ਜ਼ਰੂਰ ਹੁੰਦੇ ਸਨ ਪਰ ਉਨ੍ਹਾਂ ਉੱਤੇ ਸਿਆਸੀ ਪਾਰਟੀਆਂ ਦਾ ਰੰਗ ਅਜੇ ਏਨਾ ਗੂੜ੍ਹਾ ਨਹੀਂ ਸੀ ਚੜ੍ਹਿਆ ਜਿਤਨਾ ਅੱਜ ਹੈ। ਬਹੁਤੇ ਪਿੰਡਾਂ ‘ਚ ਤਾਂ ਸਰਬ ਸੰਮਤੀ ਨਾਲ ਹੀ ਪੰਚਾਇਤਾਂ ਦਾ ਗਠਨ ਹੋ ਜਾਂਦਾ ਸੀ। ਅੱਜ ਵੀ ਕਿਤੇ ਕਿਤੇ ਕਿਸੇ ਪਿੰਡ ਵਿਚ ਸਰਬ ਸੰਮਤੀ ਨਾਲ ਪੰਚਾਇਤ ਬਣ ਜਾਂਦੀ ਹੈ ਪਰ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ ਭਾਵੇਂ ਕਿ ਸਰਕਾਰ ਵਲੋਂ ਅਜਿਹੇ ਪਿੰਡਾਂ ਨੂੰ ਸਪੈਸ਼ਲ ਗਰਾਂਟ ਵੀ ਦਿਤੀ ਜਾਂਦੀ ਹੈ ਪਰ ਬਹੁਤੇ ਥਾਈਂ ਵੋਟ ਤੰਤਰ ਨਾਲ਼ ਹੀ ਫ਼ੈਸਲੇ ਹੁੰਦੇ ਹਨ। ਉਹਨਾਂ ਸਮਿਆਂ ਵਿਚ  ਪੰਚਾਇਤ ਦੇ ਫ਼ੈਸਲੇ ਨੂੰ ਆਮ ਤੌਰ ‘ਤੇ ਦੋਨੋਂ ਧਿਰਾਂ ਹੀ ਪ੍ਰਵਾਨ ਕਰ ਲੈਂਦੀਆਂ ਸਨ ਪਰ ਅੱਜ ਹਾਲਾਤ ਬਦਲ ਗਏ ਹਨ। ਅੱਜ ਲੋਕ ਨਿੱਕੀ ਨਿੱਕੀ ਗੱਲ ਬਦਲੇ ਥਾਣੇ, ਕਚਹਿਰੀ ਨੂੰ ਭੱਜਦੇ ਹਨ।
ਮੈਂ ਏਥੇ ਇਕ ਪੰਚਾਇਤੀ ਫ਼ੈਸਲੇ ਦਾ ਜ਼ਿਕਰ ਕਰਨਾ ਚਾਹਾਂਗਾ ਜੋ ਕਿ ਪਚਵੰਜਾ ਛਪੰਜਾਂ ਸਾਲ ਪੁਰਾਣਾ ਹੈ। ਮੇਰੇ ਮਾਤਾ ਜੀ ਵੀ ਪੰਚਾਇਤ ਮੈਂਬਰ ਸਨ। ਆਮ ਤੌਰ ‘ਤੇ ਸਰਪੰਚ ਸਾਹਿਬ ਛੋਟੇ ਮੋਟੇ ਝਗੜੇ, ਵਿਸ਼ੇਸ਼ ਤੌਰ ‘ਤੇ ਜਿੱਥੇ ਮਾਮਲਾ ਔਰਤਾਂ ਨਾਲ਼ ਸਬੰਧਤ ਹੋਵੇ, ਮੇਰੇ ਮਾਤਾ ਜੀ ਦੇ ਸਪੁਰਦ ਕਰ ਕੇ ਆਪ ਸੁਰਖ਼ੁਰੂ ਹੋ ਜਾਇਆ ਕਰਦੇ ਸਨ। ਕਈ ਵਾਰੀ ਅਜਿਹੇ ਝਗੜਿਆਂ ‘ਚ ਮੇਰੇ ਮਾਤਾ ਜੀ ਦੋਨਾਂ ਪਾਰਟੀਆਂ ਨੂੰ ਘਰ ਹੀ ਬੁਲਾ ਲਿਆ ਕਰਦੇ ਸਨ। ਮਾਤਾ ਜੀ ਨਰਮ ਅਤੇ ਗਰਮ ਦੋਨੋਂ ਕਿਸਮ ਦੇ ਸੁਭਾਅ ਦੇ ਮਾਲਕ ਸਨ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਕਿੱਥੇ ਨਰਮਾਈ ਵਰਤਣੀ ਹੈ ਤੇ ਕਿੱਥੇ ਸਖ਼ਤਾਈ ਤੋਂ ਕੰਮ ਲੈਣਾ ਹੈ। ਕਿਉਂਕਿ ਪਿੰਡ ਵਿਚ ਸਭ ਇਕ ਦੂਜੇ ਨੂੰ ਜਾਣਦੇ ਪਛਾਣਦੇ ਹੁੰਦੇ ਹਨ ਇਸ ਕਰ ਕੇ ਮਾਮਲੇ ਦੀ ਤਹਿ ਤੱਕ ਜਾਣਾ ਆਸਾਨ ਹੁੰਦਾ ਹੈ। ਅਜਿਹੇ ਝਗੜਿਆਂ ‘ਚ ਦੋਨੋਂ ਪਾਰਟੀਆਂ ਆਪੋ ਆਪਣੀ ਗੱਲ ’ਤੇ ਅੜੀਆਂ ਹੋਈਆਂ ਹੁੰਦੀਆਂ ਹਨ।  
ਮਾਮਲਾ ਇਕ ਗ਼ਰੀਬ ਬਾਪ ਦੀ ਬੇਟੀ ਦੇ ਵਿਆਹ ਤੋਂ ਮਗਰੋਂ ਉੱਠੇ ਝਗੜੇ ਦਾ ਸੀ। ਲੜਕੀ ਦੇ ਬਾਪ ਦਾ ਇਕ ਰਿਸ਼ਤੇਦਾਰ ਉਸ ਦੀ ਲੜਕੀ ਦੇ ਰਿਸ਼ਤੇ ਬਾਰੇ ਪਰਵਾਰ ਦੇ ਪਿੱਛੇ ਹੀ ਪੈ ਗਿਆ। ਉਸ ਨੇ ਮੁੰਡੇ ਵਾਲਿਆਂ ਬਾਰੇ ਕਈ ਗੱਲਾਂ ਵਧਾ ਚੜ੍ਹਾ ਕੇ ਦੱਸੀਆਂ ਤੇ ਲੜਕੀ ਦੇ ਬਾਪ ਨੂੰ ਰਿਸ਼ਤੇ ਲਈ ਮਨਾ ਹੀ ਲਿਆ ਪਰ ਲੜਕੀ ਦੇ ਬਾਪ ਨੇ ਸ਼ਰਤ ਰੱਖੀ ਕਿ ਵਿਆਹ ਭਾਵੇਂ ਹੁਣ ਕਰ ਲਿਆ ਜਾਵੇ ਪਰ ਉਹ ਲੜਕੀ ਦਾ ਮੁਕਲਾਵਾ ਦੋ ਸਾਲਾਂ ਤੋਂ ਪਹਿਲਾਂ ਨਹੀਂ ਤੋਰੇਗਾ। ਵਿਚੋਲਾ ਅਤੇ ਮੁੰਡੇ ਦਾ ਬਾਪ ਦੋਵੇਂ ਇਸ ਗੱਲ ਲਈ ਰਜ਼ਾਮੰਦ ਹੋ ਗਏ ਪਰ ਅੰਦਰੋਂ ਦੋਵਾਂ ਦੀ ਗਿਟਮਿਟ ਸੀ ਕਿ ਇਕ ਵਾਰੀ ਵਿਆਹ ਹੋ ਜਾਵੇ ਫਿਰ ਲੜਕੀ ਦੇ ਬਾਪ ‘ਤੇ ਜ਼ੋਰ ਪਾ ਕੇ ਮੁਕਲਾਵਾ ਤੋਰਨ ਲਈ ਉਸ ਨੂੰ ਮਜਬੂਰ ਕਰ ਦੇਣਗੇ। ਖੈਰ,ਵਿਆਹ ਹੋ ਗਿਆ।
ਵਿਆਹ ਤੋਂ ਪੰਜ ਚਾਰ ਮਹੀਨਿਆਂ ਬਾਅਦ ਹੀ ਵਿਚੋਲੇ ਨੇ ਲੜਕੀ ਦੇ ਬਾਪ ‘ਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਲੜਕੀ ਤੋਰ ਦੇਵੇ ਕਿਉਂਕਿ ਮੁੰਡੇ ਦੀ ਮਾਂ ਬਿਮਾਰ ਰਹਿੰਦੀ ਸੀ ਤੇ ਉਹ ਰੋਟੀ-ਟੁੱਕ ਕਰਨ ਤੋਂ ਆਤੁਰ ਸੀ। ਰਿਸ਼ਤੇ ਦੀ ਗੱਲ ਬਾਤ ਵੇਲੇ ਉਹਨਾਂ ਨੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ ਕਿ ਉਹ ਰੋਟੀ-ਟੁੱਕ ਕਰਨ ਵਾਲ਼ੀ ਔਰਤ ਦੀ ਲੋੜ ਕਰ ਕੇ ਰਿਸ਼ਤਾ ਮੰਗ ਰਹੇ ਸਨ।  ਲੜਕੀ ਦੇ ਬਾਪ ਨੇ ਵਿਚੋਲੇ ਨੂੰ ਬਥੇਰਾ ਕਿਹਾ ਕਿ ਉਹ ਆਪਣਾ ਵਾਅਦਾ ਯਾਦ ਕਰਨ ਪਰ ਉਹ ਇਕੋ ਰਟ ਲਗਾਈ ਗਿਆ ਕਿ ਮੁੰਡੇ ਵਾਲਿਆਂ ਨੂੰ ਰੋਟੀ-ਪਾਣੀ ਦੀ ਬਹੁਤ ਤੰਗੀ ਸੀ। ਇਕ ਦੋ ਵਾਰੀ ਵਿਚੋਲਾ ਮੁੰਡੇ ਦੇ ਬਾਪ ਨੂੰ ਵੀ ਲੈ ਕੇ ਆਇਆ ਪਰ ਲੜਕੀ ਦਾ ਬਾਪ ਆਪਣੀ ਗੱਲ ’ਤੇ ਅਡਿਗ ਰਿਹਾ।
ਆਖਰ ਗੱਲ ਇੱਥੇ ਤਾਈਂ ਪੁੱਜ ਗਈ ਕਿ ਲੜਕੇ ਦੇ ਬਾਪ ਨੇ ਸਾਡੇ ਪਿੰਡ ਦੀ ਪੰਚਾਇਤ ਨੂੰ ਲਿਖਤੀ ਸ਼ਿਕਾਇਤ ਕਰ ਦਿਤੀ ਕਿ ਲੜਕੀ ਦਾ ਬਾਪ ਲੜਕੀ ਨੂੰ ਤੋਰਨ ਤੋਂ ਇਨਕਾਰੀ ਹੈ ਤੇ ਪੰਚਾਇਤ ਇਸ ਮਾਮਲੇ ’ਚ ਉਨ੍ਹਾਂ ਦੀ ਮਦਦ ਕਰੇ ਤੇ ਲੜਕੀ ਦੇ ਬਾਪ ਨੂੰ ਕਹੇ ਕਿ ਉਹ ਮੁਕਲਾਵਾ ਤੋਰੇ। ਸਰਪੰਚ ਨੇ ਪਹਿਲਾਂ ਲੜਕੀ ਦੇ ਬਾਪ ਤੋਂ ਸਾਰਾ ਮਾਜਰਾ ਪਤਾ ਕਰ ਲਿਆ। ਲੜਕੀ ਦਾ ਬਾਪ ਬੜਾ ਭਲਾ ਤੇ ਨੇਕ ਪੁਰਸ਼ ਸੀ। ਸੋ, ਸਰਪੰਚ ਨੇ ਮੁਕੱਦਮਾ ਸੁਣਨ ਦੀ ਤਰੀਕ ਮਿਥ ਕੇ ਬਾਕੀ ਪੰਚਾਇਤ ਮੈਂਬਰਾਂ ਨੂੰ ਵੀ ਸੂਚਿਤ ਕਰ ਦਿਤਾ ਤੇ ਲੜਕੀ ਦੇ ਬਾਪ ਨੂੰ ਕਹਿ ਦਿਤਾ ਕਿ ਉਹ ਮੁੰਡੇ ਵਾਲਿਆਂ ਨੂੰ ਹਾਜ਼ਰ ਹੋਣ ਲਈ ਸੁਨੇਹਾ ਭੇਜ ਦੇਵੇ।
 ਮਿਥੀ ਤਰੀਕ ‘ਤੇ ਮੁੰਡੇ ਦਾ ਬਾਪ ਵਿਚੋਲੇ ਨੂੰ ਅਤੇ ਆਪਣੇ ਪਿੰਡ ਦੇ ਦੋ ਤਿੰਨ ਹੋਰ ਮੋਹਤਬਰ ਬੰਦਿਆਂ ਨੂੰ ਨਾਲ਼ ਲੈ ਕੇ ਪਹੁੰਚ ਗਿਆ। ਇਧਰੋਂ ਵੀ ਪੰਚਾਇਤ ਜੁੜ ਬੈਠੀ। ਮੁੰਡੇ ਦਾ ਬਾਪ ਇਹ ਤਾਂ ਮੰਨਦਾ ਸੀ ਕਿ ਉਸ ਨੇ ਲੜਕੀ ਦੇ ਬਾਪ ਨਾਲ਼ ਲੜਕੀ ਤੋਰਨ ਬਾਰੇ ਦੋ ਸਾਲਾਂ ਦਾ ਕਰਾਰ ਕੀਤਾ ਸੀ ਪਰ ਰੋਟੀ-ਟੁੱਕ ਦੀ ਗੱਲ ਨੂੰ ਵਾਰ ਵਾਰ ਅੱਗੇ ਰੱਖ ਕੇ ਲੜਕੀ ਨੂੰ ਤੋਰਨ ਬਾਰੇ ਆਖੀ ਜਾਂਦਾ ਸੀ ਤੇ ਨਾਲ਼ ਆਏ ਬੰਦੇ ਵੀ ਇਸੇ ਗੱਲ ‘ਤੇ ਹੀ ਜ਼ੋਰ ਦੇ ਰਹੇ ਸਨ। ਲੜਕੀ ਦਾ ਬਾਪ ਆਪਣੀ ਗੱਲ ਤੋਂ ਰਤਾ ਮਾਸਾ ਵੀ ਇਧਰ ਉਧਰ ਹੋਣ ਨੂੰ ਤਿਆਰ ਨਹੀਂ ਸੀ। ਮਸਲਾ ਕਿਸੇ ਤਣ ਪੱਤਣ  ਲਗਦਾ ਨਹੀਂ ਸੀ ਜਾਪਦਾ। ਸਰਪੰਚ ਸਾਹਿਬ ਮੇਰੇ ਮਾਤਾ ਜੀ ਨੂੰ ਕਹਿਣ ਲੱਗੇ ਕਿ ਉਹ ਹੀ ਕੋਈ ਸੁਝਾਅ ਦੇਣ। ਮੇਰੇ ਮਾਤਾ ਜੀ ਨੇ ਆਪਣੇ ਤੌਰ ‘ਤੇ ਸਾਰਾ ਮਾਜਰਾ ਪਹਿਲਾਂ ਹੀ ਘੋਖ ਲਿਆ ਸੀ ਤੇ ਇਹ ਵੀ ਪਤਾ ਲਗਾ ਲਿਆ ਸੀ ਕਿ ਮੁੰਡੇ ਦੀ ਮਾਂ ਬਿਮਾਰ ਜ਼ਰੂਰ ਰਹਿੰਦੀ ਸੀ ਪਰ ਏਨੀ ਵੀ ਬਿਮਾਰ ਨਹੀਂ ਸੀ ਕਿ ਉਹ ਦੋ ਬੰਦਿਆਂ ਦਾ ਰੋਟੀ-ਟੁੱਕ ਨਾ ਕਰ ਸਕਦੀ ਹੋਵੇ। ਹੁਣ ਵੀ ਉਨ੍ਹਾਂ ਨੇ ਗੱਲ ਬਾਤ ਨੂੰ ਬੜੇ ਗ਼ੌਰ ਨਾਲ ਸੁਣ ਲਿਆ ਸੀ, ਉਹ ਮੁੰਡੇ ਦੇ ਬਾਪ ਨੂੰ ਮੁਖ਼ਾਤਬ ਹੋ ਕੇ ਬੋਲੇ,” ਭਾਈ ਸਾਹਿਬ, ਤੁਸੀਂ ਵੈਸੇ ਆਪਣੀ ਕੀਤੀ ਹੋਈ ਜ਼ੁਬਾਨ ਤੋਂ ਮੁਕਰ ਰਹੇ ਹੋ, ਪਰ ਚਲੋ ਤੁਹਾਡਾ ਸਿਰਫ਼ ਰੋਟੀ-ਪਾਣੀ ਦਾ ਮਸਲਾ ਹੈ, ਕਿਉਂ ਠੀਕ ਹੈ ਨਾ? ਕੋਈ ਹੋਰ ਗੱਲ ਤਾਂ ਨਹੀਂ? ਜੇ ਹੈ ਤਾਂ ਹੁਣੇ ਹੀ ਦੱਸ ਦੇਵੋ।“
“ ਨਹੀਂ ਜੀ ਬਸ, ਅਸੀਂ ਰੋਟੀ-ਪਾਣੀ ਦੀ ਤੰਗੀ ਕਰ ਕੇ ਹੀ ਫਰਿਆਦ ਕਰ ਰਹੇ ਐਂ ਜੀ,” ਮੁੰਡੇ ਦਾ ਬਾਪ ਬੋਲਿਆ।
“ ਚਲੋ ਫਿਰ ਤੁਹਾਡਾ ਰੋਟੀ- ਪਾਣੀ ਦਾ ਮਸਲਾ ਪੰਚਾਇਤ ਹੱਲ ਕਰ ਦਿੰਦੀ ਹੈ।“   
ਮੁੰਡੇ ਦੇ ਬਾਪ ਦੇ ਚਿਹਰੇ ‘ਤੇ ਰੌਣਕ ਪਰਤੀ ਕਿ ਇਹ ਬੀਬੀ ਜ਼ਰੂਰ ਉਹਨਾਂ ਦੇ ਹੱਕ ਵਿਚ ਫ਼ੈਸਲਾ ਦੇਵੇਗੀ।
ਮਾਤਾ ਜੀ ਨੇ ਫਿਰ ਇਕ ਵਾਰ ਉਪਰੋਕਤ ਪ੍ਰਸ਼ਨ ਦੁਹਰਾਇਆ ਤੇ ਲੜਕੇ ਦੇ ਬਾਪ ਨੇ ਫਿਰ ਰੋਟੀ-ਟੁੱਕ ਦਾ ਵਾਸਤਾ ਪਾਇਆ। ਮਾਤਾ ਜੀ ਕਹਿਣ ਲੱਗੇ, “ ਠੀਕ ਐ ਫਿਰ, ਸਵੇਰੇ ਸ਼ਾਮ ਦੋ ਵੇਲੇ ਤੁਹਾਡਾ ਲੜਕਾ ਲੜਕੀ ਨੂੰ ਲੈ ਜਾਇਆ ਕਰੇ ਤੇ ਰੋਟੀ-ਟੁੱਕ ਕਰਵਾ ਕੇ ਵਾਪਸ ਛੱਡ ਜਾਇਆ ਕਰੇ। ਹਾਂ ਸੱਚ, ਜੇ ਲੜਕੀ ਨਾਲ ਕੋਈ ਹੋਰ ਬਦਸਲੂਕੀ ਕੀਤੀ ਤਾਂ ਤੁਹਾਨੂੰ ਬਹੁਤ ਮਹਿੰਗੀ ਪਵੇਗੀ, ਦੱਸੋ ਮੰਨਜ਼ੂਰ ਐ?”  ਲੜਕੇ ਦਾ ਬਾਪ ਤੇ ਨਾਲ਼ ਆਏ ਪੰਚਾਇਤੀਏ ਵਾੜ ‘ਚ ਫਸੇ ਬਿੱਲੇ ਵਾਂਗ ਇਕ ਦੂਜੇ ਵਲ ਲੱਗੇ ਝਾਕਣ। ਉਹਨਾਂ ਦਾ ਪਿੰਡ ਤਕਰੀਬਨ ਪੰਜ ਮੀਲ ਦੂਰ ਸੀ। ਮੁੰਡਾ ਕਿਸੇ ਰਾਜ ਮਿਸਤਰੀ ਨਾਲ਼ ਦਿਹਾੜੀ ਦਾ ਕੰਮ ਕਰਦਾ ਸੀ। ਪੰਚਾਇਤ ਦਾ ਸੁਝਾਉ ਸੁਣ ਕੇ ਮੁੰਡੇ ਦੇ ਬਾਪ ਨੇ ਸੋਚਿਆ ਪਈ ਪਹਿਲੀ ਗੱਲ ਤਾਂ ਜੇ ਮੁੰਡਾ ਕੁੜੀ ਨੂੰ ਸਵੇਰੇ ਲੈਣ ਤੇ ਬਾਅਦ ‘ਚ ਛੱਡਣ ਜਾਵੇਗਾ ਤਾਂ ਅੱਧਾ ਦਿਨ ਤਾਂ ਇੰਜ ਹੀ ਲੰਘ ਜਾਊ ਤੇ ਫਿਰ ਉਹ ਦਿਹਾੜੀ ‘ਤੇ ਕਿਵੇਂ ਜਾਊ ਤੇ ਉੱਪਰੋਂ ਸ਼ਾਮ ਨੂੰ ਫਿਰ ਲਿਆਉਣ ਤੇ ਵਾਪਸ ਛੱਡ ਕੇ ਆਉਣ ਦਾ ਝੰਜਟ।  ਅੱਧੀ ਦਿਹਾੜੀ ਲਾਉਣ ਵਾਲ਼ੇ ਨੂੰ ਕੌਣ ਕੰਮ ‘ਤੇ ਰੱਖੇਗਾ? ਇਹ ਸੋਚ ਕੇ ਹੀ ਉਸ ਦਾ ਸਿਰ ਚਕਰਾ ਗਿਆ। ਉਸ ਨੂੰ ਸੋਚੀਂ ਪਿਆ ਦੇਖ ਕੇ ਮਾਤਾ ਜੀ ਨੇ ਕਿਹਾ ਕਿ ਉਹ ਘਰ ਜਾ ਕੇ ਸੋਚ ਵਿਚਾਰ ਕੇ ਦੱਸ ਦੇਣ ਜੇ ਉਹਨਾਂ ਨੂੰ ਇਹ ਫ਼ੈਸਲਾ ਮੰਨਜ਼ੂਰ ਹੋਵੇ।
“ ਹਾਂ ਜੀ, ਅਸੀਂ ਸੋਚ ਵਿਚਾਰ ਕਰ ਕੇ ਪਤਾ ਦਿਆਂਗੇ ਜੀ,” ਮੁੰਡੇ ਦੇ ਪਿਉ ਨੇ ਘੱਗੀ ਜਿਹੀ ਆਵਾਜ਼ ‘ਚ ਮਸਾਂ ਹੀ ਇਹ ਲਫ਼ਜ਼ ਕਹੇ ਤੇ ਉਹ ਪੰਚਾਇਤ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਰਾਹ ਪਏ।
ਮੁੰਡੇ ਵਾਲਿਆਂ ਦਾ ਕੋਈ ਜਵਾਬ ਨਾ ਆਇਆ। ਲੜਕੀ ਦੇ ਬਾਪ ਨੇ ਮਿਥੇ ਹੋਏ ਸਮੇਂ ‘ਤੇ ਹੀ ਲੜਕੀ ਦਾ ਮੁਕਲਾਵਾ ਤੋਰਿਆ।
ਬਹੁਤ ਦੇਰ ਤੱਕ ਇਸ ਫ਼ੈਸਲੇ ਦੀਆਂ ਗੱਲਾਂ ਆਲੇ ਦੁਆਲ਼ੇ ਦੇ ਪਿੰਡਾਂ ‘ਚ ਹੁੰਦੀਆਂ ਰਹੀਆਂ।