ਵਿਰਾਸਤੀ ਵਿਰਸੇ ਦਾ ਮੋਤੀ — ਗੁੜ - ਸੁਖਪਾਲ ਸਿੰਘ ਗਿੱਲ

ਗੁੜ ਬਾਰੇ  ਇੱਕ ਦੰਦ ਕਥਾ ਹੈ ਕਿ ਗੁੜ ਨੇ ਰੱਬ ਕੋਲ ਫਰਿਆਦ ਕੀਤੀ ਕਿ ਲੋਕ ਮੈਨੂੰ ਖਾਂਦੇ ਹਨ । ਅੱਗੋਂ ਰੱਬ ਨੇ ਜਵਾਬ ਦਿੱਤਾ ਪਰੇ ਹਟ ਜਾ ਮੇਰਾ ਵੀ ਜੀਅ ਕਰ ਗਿਆ ਹੈ ਕਿ ਤੈਨੂੰ ਖਾ ਲਵਾਂ । ਪੁਰਾਤਨ ਸਮੇਂ ਤੋਂ ਗੁੜ ਸਾਡੇ ਵਿਰਾਸਤੀ ਵਿਰਸੇ ਦਾ ਮੋਤੀ ਅਤੇ ਸ਼ਿੰਗਾਰ ਰਿਹਾ ਹੈ । ਵਿੱਚ ਵਿਚਾਲੇ ਖੁਰਾਸਾਨੀ ਦੁਲੱਤੇ ਮਾਰ ਕੇ   ਚੀਨੀ ਵੱਲ ਨੂੰ ਹੋ ਗਏ ਸਾਂ ।ਇਸ ਦੇ ਦੁਰਪ੍ਰਭਾਵ ਇੰਨੇ ਵੱਧ ਗਏ ਹਨ ਕਿ ਕਾਬੂ ਤੋਂ ਬਾਹਰ ਹੋ ਗਏ ਹਨ । ਹੁਣ ਗੁੜ ਦੀ ਯਾਦ ਦੁਬਾਰੇ ਆ ਗਈ ਹੈ । ਹੈਰਾਨੀ ਹੁੰਦੀ ਹੈ ਜੋ ਸਾਡੇ ਘਰਾਂ ਦੀ ਖੁਸ਼ਬੂ ਸੀ ਉਸਦੀ ਚਾਹ ਦਾ ਕੱਪ ਪੰਜਾਹ ਰੁਪਏ ਵਿੱਚ ਮਿਲਦਾ ਹੈ । ਖੁਸ਼ੀ ਵੀ ਹੁੰਦੀ ਹੈ ਕਿ ਗੁੜ ਦਾ ਰੇਟ ਅੱਜ ਚੀਨੀ ਤੋਂ ਵੱਧ ਹੈ ।ਸ਼ੱਕਰ ਤਾਂ ਲੱਭਿਆ ਵੀ ਨਹੀਂ ਮਿਲਦੀ । ਕਿੱਥੇ ਸ਼ੱਕਰ ਦਾ ਸ਼ਰਬਤ ਅੱਜ ਤੇ ਸ਼ਰਬਤਾਂ ਨੂੰ  ਫਿੱਕਾ ਅਤੇ ਝੂਠਾ ਕਰਦਾ ਸੀ । ਜੇ ਖੇਤੀ ਦੇ ਸਹਾਇਕ ਧੰੰਦੇ ਦਾ ਇੱਕ ਕਿੱਤਾ ਗੁੜ ਬਣਾਉਣਾ ਰਹਿੰਦਾ ਤਾਂ ਕਈ ਝੰਜਟਾਂ ਦਾ ਨਿਬੇੜਾ ਹੋ ਜਾਣਾ ਸੀ । ਗਰਮ ਗੁੜ ਵਿਰਸੇ ਦੀ ਸੁਗਾਤ ਨੂੰ ਅੱਜ ਤਰਸਣਾ ਪੈਂਦਾ ਹੈ । ਰੂੜੀ ਤੋਂ ਤਿਆਰ ਹੋਇਆ ਗੰਨਾ ਗੁੜ ਪੈਦਾ ਕਰਕੇ ਗੁਣਵੱਤਾ ਭਰਪੂਰ ਹੁੰਦਾ ਸੀ । ਸਭ ਤੋਂ ਵੱਡੀ ਗੱਲ ਹੈ ਕਿ ਗੁੜ ਬਣਾਉਣ ਸਮੇਂ ਭਾਈਚਾਰਕ ਏਕਤਾ ਦਾ ਸਬੂਤ ਵੀ ਮਿਲਦਾ ਸੀ । ਗੁੜ ਬਣਾਉਣ ਵਾਲੀ ਘੁਲਾੜੀ ਤੇ ਰੌਣਕ ਲੱਗੀ ਰਹਿੰਦੀ ਸੀ ।   ਜੋ ਅੱਜ ਗਾਇਬ ਹੈ ।
                             ਪਿੰਡਾਂ ਦੇ ਲੋਕਾਂ ਨੂੰ ਜਦੋਂ ਫਰਜ਼ੀ ਤਿਆਰ ਹੋ ਰਹੇ ਗੁੜ ਖਰੀਦ ਦੇ ਦੇਖਿਆ ਜਾਂਦਾ ਹੈ ਤਾਂ ਅਜੀਬ ਲੱਗਦਾ ਹੈ । ਜਿਹਨਾਂ ਨੇ ਘਰਾਂ ਚ ਗੁੜ ਦੀ ਖੁਸ਼ਬੂ ਦਾ ਅਨੰਦ ਮਾਣਿਆ ਹੁੰਦਾ ਹੈ । ਉਹਨਾਂ  ਲਈ ਤਾਂ ਹੋਰ ਵੀ ਅਜੀਬ ਲੱਗਦਾ ਹੈ । ਗੰਨੇ ਤੋਂ ਚੀਨੀ ਬਣਾਉਣ ਨੂੰ ਪ੍ਰਫੁਲਿੱਤ ਕਰਨ ਲਈ ਉੱਦਮ ਪਿਛਲੇ ਸਮੇਂ ਤੋਂ ਵਿਵਾਦਾਂ ਵਿੱਚ ਰਹੇ ਹਨ । ਖੰਡ ਮਿੱਲਾਂ ਵੱਲੋਂ ਗੰਨਾ ਵੇਚਣ ਵਾਲੇ ਕਿਸਾਨਾਂ ਨੂੰ ਭੁਗਤਾਨ ਸੰਬੰਧੀ  ਦਿੱਕਤਾਂ ਨੇ ਨਾਨੀ ਚੇਤੇ ਕਰਵਾ ਦਿੱਤੀ ਹੈ । ਅੱਜ ਸਮਾਂ ਮੰਗ ਕਰਦਾ ਹੈ ਕਿ ਗੁੜ ਨੂੰ ਖੇਤੀ ਦੇ ਪ੍ਰਮੁੱਖ ਸਹਾਇਕ ਧੰਦੇ ਵਜੋਂ ਉਤਸ਼ਾਹਿਤ ਕਰਕੇ ਚੋਖੀ ਕਮਾਈ ਕੀਤੀ ਜਾ ਸਕਦੀ ਹੈ । ਸਿਰਫ ਮਿਹਨਤ ਦੀ ਲੋੜ ਹੈ । ਸਾਡਾ ਖੁਸਿਆ ਮਿਹਨਤੀ ਸੁਭਾਅ ਇਸ ਵਿੱਚ ਰੁਕਾਵਟ ਹੈ । ਆਖਰ ਇਸ ਵੱਲ ਮੁੜਨਾ ਪਵੇਗਾ । ਗੁੜ ਜਿੱਥੇ ਆਯੂਰਵੈਦਿਕ  ਦਵਾਈ ਹੈ । ਉੱਥੇ ਪਰਚੂਨ ਵਿੱਚ  ਵਿਕਦਾ ਹੈ । ਜੇ ਅਸੀਂ ਪਰਵਾਸੀ ਮਜ਼ਦੂਰਾਂ ਨੂੰ ਦੇਖੀਏ ਤਾਂ ਉਹ ਪੰਜਾਬ ਵਿੱਚ ਆ ਕੇ  ਇਹ ਕਿੱੱਤਾ ਅਪਣਾ ਕੇ  ਖੁਸ਼ਹਾਲ ਹੋ ਰਹੇ ਹਨ  । ਸਾਡਾ ਤਾਂ ਇਹ ਵਿਰਾਸਤੀ ਕਿੱਤਾ ਹੈ ।
          ਬੀਤ ਦੇ ਇਲਾਕੇ ਦਾ ਗੁੜ ਮਸ਼ਹੂਰ ਹੈ । ਗੰਨਾ ਸਾਰੇ ਪੰਜਾਬ ਵਿੱਚ ਹੁੰਦਾ ਹੈ । ਚੀਨੀ ਨਾਲ ਸਿਹਤ ਲਈ ਖਿਲਵਾੜ ਹੋ ਕੇ ਮਨੁੱਖਤਾ ਲਈ ਵੰਗਾਰ ਨੇ ਗੁੜ ਦੀ ਯਾਦ ਦਿਵਾਈ ਹੈ । ਉਂਝ ਗੁੜ ਨਾਲ ਖਿਲਵਾੜ ਉਦੋਂ ਹੀ ਸ਼ੁਰੂ ਹੋ ਗਿਆ ਸੀ  । ਜਦੋਂ ਮੈਲ ਉਤਾਰਨ ਲਈ ਰਸਾਇਣਾਂ ਦੀ ਵਰਤੋਂ ਸ਼ੁਰੂ ਹੋ ਗਈ ਸੀ । ਜੈਵਿਕ ਤਰੀਕੇ ਦੇ ਗੁੜ ਨਾਲ  ਲੋਕ ਸਿਹਤ ਪੱਖੋਂ ਬਲਵਾਨ ਰਹਿੰਦੇ ਹਨ । ਅੱਜ ਕਿਸਾਨ ਆਪਣਾ ਗੁੜ ਤਿਆਰ ਕਰਕੇ ਖੁਦ ਵੇਚਣ  ਤਾਂ ਕੋਈ ਮਿਹਣਾ ਨਹੀਂ । ਇਸ ਕਿੱਤੇ ਨਾਲ ਸ਼ਰਮ ਪਰੇ ਕਰਕੇ ਰੱਖ ਦੇਣੀ ਚਾਹੀਦੀ ਹੈ । ਥੋੜ੍ਹੇ ਸਮੇਂ ਵਿੱਚ ਹੀ ਜੈਵਿਕ ਗੁੜ  ਅਤੇ ਖੁਦ ਮੰਡੀਕਰਨ ਦੇ ਪ੍ਰਭਾਵ ਦਿਖਣੇ ਸ਼ੁਰੂ ਹੋ ਜਾਣਗੇ । ਕੜਾਹੇ ਅਤੇ ਵੇਲਣੇ ਵਿੱਚੋਂ ਨਿਕਲ ਕੇ ਗੁੜ ਆਇਰਨ ਦੀ ਲੋੜ ਵੀ ਪੂਰੀ ਕਰਦਾ ਹੈ । ਗੁੜ ਦੀ ਗੱਚਕ ਅਤੇ ਟਿੱਕੀ ਬਣਾਕੇ  ਕੀਮਤ ਹੋਰ ਵੀ ਵੱਧ ਮਿਲਦੀ ਹੈ । ਇਹ ਸਾਡਾ ਗੁਣ ਹੋਰਾਂ ਨੇ ਕਬੂਲ ਕਰਕੇ ਸਾਨੂੰ ਹਾਸ਼ੀਏ ਵੱਲ ਧੱਕਿਆ ਹੈ ।  ਆਪਣੇ ਗੰਨੇ ਦਾ ਰਸ ਵੇਚਣ ਵਾਲੇ 5 ਹਜ਼ਾਰ ਰੁਪਈਆ ਰੋਜ਼ ਦਾ ਕਮਾ ਲੈਂਦੇ ਹਨ । ਇਸ ਲਈ ਗੁੜ ਦਾ ਧੰਦਾ ਆਤਮ ਨਿਰਭਰਤਾ ਦਾ ਸਬੂਤ ਦੇਵੇਗਾ । ਜਿਸ ਨਾਲ ਕਿਸਾਨ ਦੀ ਜੇਬ ਹਰੀ ਰਹੇਗੀ । ਨਿੱਤ ਦੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ ।
            ਉਂਝ ਵੀ ਸਾਡੇ ਬਾਬੇ ਨਾਨਕ ਨੇ ਕਰਤਾਰਪੁਰ ਵਿੱਚ ਕਿਰਤ ਦੀ ਬੀਜ ਬੋਅ ਕੇ ਸਾਨੂੰ ਮਿਹਨਤ ਦਾ ਸਬਕ ਦਿੱਤਾ ਸੀ  । ਅਸੀਂ ਇਹ ਵੀ ਭੁਲਾ ਦਿੱਤਾ ਹੈ । "  ਕਿਰਸਾਣੀ ਕਿਰਸਾਣੁ ਕਰੇ  "  ਜਨਮ ਸਮੇਂ ਗੁੜ ਆਦਿ ਵਸਤਾਂ ਦੀ  ਬਣੀ ਘੁੱਟੀ ਬੱਚੇ ਨੂੰ ਦੇ ਕੇ ਗੁੜ੍ਹਤੀ ਦਿੱਤੀ ਜਾਂਦੀ ਸੀ । ਦਿਲ ਵਿੱਚ ਛੁਰੀ ਮੂੰਹ ਵਿੱਚ ਗੁੜ ਦੀ ਕਹਾਵਤ ਵੀ ਭਾਰੂ ਰਹੀ ਜੋ ਅੱਜ ਵੀ ਹੋਰ ਰੂਪ ਵਿੱਚ ਪੇਸ਼ ਕੀਤੀ ਜਾਂਦੀ ਹੈ । ਵਿਆਹ ਸ਼ਾਦੀ ਸਮੇਂ ਗੁੜ ਦੀ ਭਾਜੀ ਦਿੱਤੀ ਜਾਂਦੀ ਸੀ ।  ਜੋ ਅੱਜ ਦੇ ਦੇਸੀ ਟੱਟੂਆਂ ਨੇ  ਮਿਠਾਈ ਨੂੰ ਇਸਦੀ ਥਾਂ ਦੇ ਦਿੱਤੀ ਹੈ । ਹੇੈਰਾਨੀ ਇਹ ਵੀ ਹੈ ਕਿ ਮਿਠਾਈ ਖਾਣ ਨੂੰ ਅੱਜ ਕੋਈ ਤਿਆਰ ਨਹੀਂ ਹੈ । ਪਰ ਗੁੜ ਫਿਰ ਵੀ ਨਹੀਂ ਦਿੱਤਾ ਜਾਂਦਾ ਹੈ । ਗੁੜ ਦੇ ਰੰਗ ਨੂੰ ਰਸਾਇਣ ਪਾ ਕੇ ਚਿੱਟਾ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਗੁੜ ਆਪਣਾ ਦੇਸੀ ਗੁਣ  ਖਤਮ ਕਰ ਦਿੰਦਾ ਹੈ । ਗੰਨੇ ਦੀ ਫਸਲ ਮੋਂਢੀ ਰੱਖ ਕੇ ਦੁਵਾਰੇ ਵੀ ਹੋ ਜਾਂਦੀ ਹੈ ।  ਜੋ ਹੋਰ ਫਸਲਾਂ ਵਿੱਚ ਨਹੀਂ  ਹੁੰਦਾ । ਜੱਟ ਗੰਨਾਂ ਨਹੀਂ ਦਿੰਦਾ ਸੀ ਗੁੜ ਦੀ ਭੇਲੀ ਦੇ ਦਿੰਦਾ ਸੀ । ਕੁੱਲ ਮਿਲਾ ਕੇ  ਕਿਹਾ ਜਾ ਸਕਦਾ ਹੈ ਕਿ ਗੁੜ ਸਾਡੇ ਵਿਰਾਸਤੀ ਵਿਰਸੇ ਦਾ ਮੋਤੀ ਹੈ ।  ਆਓ ਇਸ ਵੱਲ ਤੁਰੰਤ ਮੁੜੀਏ ।

ਸੁਖਪਾਲ ਸਿੰਘ ਗਿੱਲ   
9878111445
ਦੁਬਾਰੇ ਸੋਧ ਕੇ ਭੇਜਿਆ

ਅਬਿਆਣਾ ਕਲਾਂ