ਪੰਜਾਬੀ ਗਾਇਕੀ ਦੇ ਇਤਿਹਾਸ ਦਾ ਇੱਕ ਕੌੜਾ ਪੰਨਾ - ਮਨਜਿੰਦਰ ਸਿੰਘ ਸਰੌਦ

ਜ਼ਿੰਦਗੀ ਦੇ ਪਿਛਲੇ ਪੜਾਅ ਤੇ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਕਿਉਂ ਮਜਬੂਰ ਹੋ ਜਾਂਦੇ ਨੇ ਬਹੁਤੇ ਪੰਜਾਬੀ ਗਾਇਕ
ਕਦੇ ਕਾਰਾਂ,ਕੋਠੀਆਂ ਦਾ ਮਾਲਕ ਗਾਇਕ ਮਨਜੀਤ ਰਾਹੀ ਹੁਣ 'ਇੱਕ ਕਮਰੇ' ਦਾ ਹੋ ਕੇ ਰਹਿ ਗਿਆ    
- ਲੰਘੇ ਸਮੇਂ ਪੰਜਾਬ ਅੰਦਰ ਅੱਸੀ ਵੇਂ ਦਹਾਕੇ ਤੋਂ ਲੈ ਕੇ ਲਗਪਗ 20 ਸਾਲ ਦਾ ਸੰਗੀਤਕ ਸਮਾਂ ਪੰਜਾਬੀ ਗਾਇਕੀ ਦੀ ਉਸ ਜੋੜੀ ਦੇ ਨਾਮ ਰਿਹਾ ਜਿਸ ਦੀ ਹਾਜ਼ਰੀ ਤੋਂ ਬਿਨਾਂ ਵਿਆਹ ਵੀ ਅਧੂਰੇ ਮੰਨੇ ਜਾਂਦੇ ਸਨ । ਪੰਜਾਬ ਦੀ ਪ੍ਰਸਿੱਧ ਅਤੇ ਮੰਨੀ ਪ੍ਰਮੰਨੀ ਦੋਗਾਣਾ ਜੋੜੀ ਮਨਜੀਤ ਰਾਹੀ ਤੇ ਬੀਬਾ ਦਲਜੀਤ ਕੌਰ ਜਿਸ ਨੇ 2 ਦਹਾਕੇ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਤੇ ਰਾਜ ਕੀਤਾ । ਇਸ ਦੋਗਾਣਾ ਜੋੜੀ ਦੀ ਆਵਾਜ਼ 'ਚ ਰਿਕਾਰਡ ਹੋਏ ਗੀਤ 'ਕੈਂਠੇ ਵਾਲਾ ਬਾਈ ਤੇਰਾ ਕੀ ਲੱਗਦਾ' ਨੇ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਤਰਥੱਲੀ ਮਚਾ ਦਿੱਤੀ ਸੀ । ਇਸ ਤੋਂ ਇਲਾਵਾ 'ਜੰਨ ਸੋਫ਼ੀਆਂ ਦੀ ਹੋਵੇ' ਅਤੇ 'ਜੇਠ ਨੂੰ ਵੀਰ ਜੀ ਕਹਿਣਾ' ਤੋਂ ਇਲਾਵਾ 'ਜੇ ਇਸ ਜਨਮ ਵਿੱਚ ਵੀ ਨਾ ਮਿਲਿਆ' ਆਦਿ ਗੀਤ ਸਨ ਜੋ ਇਸ ਜੋਡ਼ੀ ਦੀ ਆਵਾਜ਼ 'ਚ ਰਿਕਾਰਡ ਹੋ ਕੇ ਲੋਕ ਚੇਤਿਆਂ ਦਾ ਸ਼ਿੰਗਾਰ ਬਣੇ ਸਨ । ਇਸ ਜੋੜੀ ਨੇ ਜਿੱਥੇ ਲੰਮਾ ਸਮਾਂ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਆਪਣੀ ਧਾਂਕ ਜਮਾਈ ਰੱਖੀ ਉੱਥੇ ਹੀ ਬਹੁਤੇ ਲੋਕ ਉਨ੍ਹਾਂ ਭਲੇ ਵੇਲਿਆਂ ਵਿੱਚ ਅਜਿਹੇ ਵੀ ਸਨ ਜੋ ਇਸ ਜੋੜੀ ਤੋਂ ਪ੍ਰੋਗਰਾਮ ਦੀ ਤਰੀਕ ਲੈਣ ਤੋਂ ਬਾਅਦ ਆਪਣੇ ਪ੍ਰੋਗਰਾਮ ਉਲੀਕਦੇ ਸਨ । ਇਹ ਸਮਾਂ ਕਿਸੇ ਵੀ ਕਲਾਕਾਰ ਲਈ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੁੰਦਾ ।
                     ਮੈਂ ਆਪਣੀ ਜ਼ਿੰਦਗੀ ਦੇ ਬਤੌਰ ਲੇਖਕ ਲਗਪਗ ਬਾਈ ਵਰ੍ਹੇ ਕਲਾਕਾਰਾਂ ਬਾਰੇ ਖੁੱਲ੍ਹ ਕੇ ਲਿਖਿਆ । ਉਸੇ ਦੌਰਾਨ ਮੈਂ ਵੇਖਿਆ ਕਿ ਮਨਜੀਤ ਰਾਹੀ ਅਤੇ ਦਲਜੀਤ ਕੌਰ ਦਾ ਪੰਜਾਬੀ ਗਾਇਕੀ ਦੇ ਖੇਤਰ ਅੰਦਰ ਇੱਕ ਵੱਖਰਾ ਤੇ ਅਹਿਮ ਸਥਾਨ ਸੀ । ਪਰ ਕੁਦਰਤੀ ਤੌਰ ਤੇ ਪਰਿਵਾਰ ਵਿਚ ਆਈਆਂ ਤਰੇੜਾਂ ਸਦਕਾ ਇਹ ਮਸ਼ਹੂਰ ਜੋੜੀ ਅੱਜ ਤੋਂ ਕਈ ਵਰ੍ਹੇ ਪਹਿਲਾਂ ਇੱਕ ਦੂਜੇ ਤੋਂ ਅਲੱਗ ਹੋ ਗਈ । ਖ਼ੈਰ ਇਹ ਉਨ੍ਹਾਂ ਦਾ ਪਰਿਵਾਰਕ ਮਸਲਾ ਸੀ ਪਰ ਪੰਜਾਬੀ ਗਾਇਕੀ ਦਾ ਇਤਿਹਾਸ ਇਹੀ ਰਿਹੈ ਕਿ ਬਹੁਤੇ ਕਲਾਕਾਰ ਆਪਣੀ ਉਮਰ ਦੇ ਪਿਛਲੇ ਪੜਾਅ ਵਿੱਚ ਆ ਕੇ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਿਉਂ ਹੁੰਦੇ ਨੇ । ਅਸੀਂ ਸਤੀਸ਼ ਕੌਲ ਦਾ ਹਾਲ ਵੀ ਵੇਖਿਆ ਅਤੇ ਹਾਕਮ ਸੂਫ਼ੀ ਦੇ ਨਾਲ ਹੀ ਉਸ ਦੇ ਭਰਾ ਨਛੱਤਰ ਸੂਫ਼ੀ ਨੇ ਵੀ ਜ਼ਿੰਦਗੀ ਦੀਆਂ ਸੱਧਰਾਂ ਨੂੰ ਅਧੂਰੀਆਂ ਰੱਖ ਕੇ ਗ਼ਰੀਬੀ ਦਾਅਵੇ ਵਿੱਚ ਦਮ ਤੋੜਿਆ ਸੀ । ਹੁਣ ਮਨਜੀਤ ਰਾਹੀ ਵੀ ਸਮੇਂ ਤੋਂ ਪਹਿਲਾਂ ਬਜ਼ੁਰਗ ਹੋ ਕੇ ਅਮਲੋਹ ਸ਼ਹਿਰ ਲਾਗਲੇ ਪਿੰਡ ਮਾਜਰੀ ਅੰਦਰ ਇਕ ਕਮਰੇ ਵਿਚ ਆਪਣੀ ਜ਼ਿੰਦਗੀ ਦੀ ਦਿਨ-ਕਟੀ ਕਰਦਾ ਵਿਖਾਈ ਦਿੰਦਾ ਹੈ ।
                     ‎ਗੱਲ ਸਾਇਦ ਅਠਾਈ , ਤੀਹ ਕੁ ਵਰ੍ਹੇ ਪੁਰਾਣੀ ਹੋਵੇਗੀ ਜਦੋਂ ਮਨਜੀਤ ਰਾਹੀ ਤੇ ਦਲਜੀਤ ਕੌਰ ਦੀ ਜੋੜੀ ਨੇ ਮੇਰੇ ਪਿੰਡ ਸਰੌਦ ਵਿਖੇ ਆ ਕੇ ਗੀਤਾਂ ਦਾ ਚੰਗਾ ਰੰਗ ਬੰਨ੍ਹਿਆ ਸੀ ਉਦੋਂ ਇਹ ਜੋੜੀ ਲਾਲ ਰੰਗ ਦੀ ਅਸਟੀਮ ਕਾਰ ਵਿੱਚ ਪਹੁੰਚੀ ਸੀ । ਇਸ ਦੋਗਾਣਾ ਜੋੜੀ ਦੇ ਨਾਲ ਪਿੰਡ ਮੰਨਵੀ ਦੇ ਖੇਡ ਮੇਲੇ ਤੇ ਵਾਪਰੀ ਘਟਨਾ ਅੱਜ ਵੀ ਮੇਰੇ ਜ਼ਿਹਨ ਤੇ ਤੈਰਨ ਲੱਗਦੀ ਹੈ । ਜਦ ਮੈਂ ਆਪ ਖੁਦ ਚਾਚੇ ਦੇ ਲਡ਼ਕੇ ਗੁਰਜੰਟ ਸਿੰਘ ਜੰਟੇ ਅਤੇ ਨਾਰੰਗ ਹੋਰਾਂ ਦੇ ਨਾਲ ਸਾੲੀਕਲ ਤੇ ਜਾ ਕੇ ਇਸ ਦੋਗਾਣਾ ਜੋੜੀ ਦਾ ਪ੍ਰੋਗਰਾਮ ਸੁਣਿਆ ਸੀ । ਖੈਰ ਸਮਾਂ ਕਦੋਂ ਕਿਸੇ ਤੇ ਭਾਰੀ ਪੈ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ । ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੂੰ ਸਮੇਂ ਦੀ ਚਕਾਚੌਂਧ ਨੇ ਅਜਿਹਾ ਲਪੇਟਾ ਮਾਰਿਆ ਕਿ ਉਹ ਮੁੜ ਸੰਭਲ ਨਾ ਸਕੇ । ਬਹੁਤੇ ਲੋਕ ਵਿਆਹ ਸ਼ਾਦੀਆਂ ਜਾਂ ਕਬੱਡੀ ਦੇ ਖੇਡ ਟੂਰਨਾਮੈਂਟਾਂ ਸਮੇਂ ਸਾਈਕਲ ਤੇ ਇਨ੍ਹਾਂ ਕਲਾਕਾਰਾਂ ਦੇ ਅਖਾੜਿਆਂ ਨੂੰ ਸੁਣਨ ਜਾਂਦੇ ਹੁੰਦੇ ਸੀ । ਜੇਕਰ ਮਨਜੀਤ ਰਾਹੀ ਨਾਲ ਲੰਬਾ ਸਮਾਂ ਆਪਣੀ ਜ਼ਿੰਦਗੀ ਦਾ ਪੰਧ ਨਿਬੇੜਨ ਵਾਲੀ ਉਸ ਦੀ ਜੀਵਨ ਸਾਥਣ ਦਲਜੀਤ ਕੌਰ ਦੀ ਗੱਲ ਕਰੀਏ ਤਾਂ ਉਸ ਵੱਲੋਂ ਇਕ ਟੀਵੀ ਇੰਟਰਵਿਊ ਦੌਰਾਨ ਕਹੀਆਂ ਗੱਲਾਂ ਦੇ ਅਰਥ ਬਹੁਤ ਵੱਡੇ ਨੇ ਕਿ ਕਿਵੇਂ ਇਹ ਕਲਾਕਾਰ ਲੋਕ ਸ਼ੋਹਰਤ ਮੌਕੇ ਆਪਣਿਆਂ ਨੂੰ ਭੁੱਲ ਜਾਂਦੇ ਨੇ । ਲੰਘਿਆ ਸਮਾਂ ਮਨਜੀਤ ਰਾਹੀ ਅਤੇ ਦਲਜੀਤ ਕੌਰ ਦੇ ਪਰਿਵਾਰ ਤੇ ਕਾਫ਼ੀ ਭਾਰੀ ਰਿਹਾ । ਪਰਿਵਾਰਕ ਗੱਲਾਂ ਬਾਤਾਂ ਤੋਂ ਪਰ੍ਹੇ ਹੋ ਕੇ ਸੋਚੀਏ ਤਾਂ ਇੱਕ ਕਲਾਕਾਰ ਦੇ ਜੀਵਨ ਤੇ ਬੀਤ ਰਹੀ ਇਹ ਭਾਵੀ ਬਹੁਤ ਬੇਹੱਦ ਦੁਖਦਾਇਕ ਹੁੰਦੀ । ਇਹ ਵੀ ਸੱਚ ਹੀ ਹੈ ਕਿ ਇਸ ਦੋਗਾਣਾ ਜੋੜੀ ਦੇ ਗੀਤ ਅਸ਼ਲੀਲਤਾ ਤੋਂ ਦੂਰ ਸਨ ।                  
                     ‎ ਸਿਆਣੇ ਆਖਦੇ ਨੇ ਕਿ ਹਰ ਇਨਸਾਨ ਨੂੰ ਜਦੋਂ ਉਸ ਦੇ ਸਿਰ ਤੇ ਮਾਲਕ ਦਾ ਹੱਥ ਹੋਵੇ ਅਤੇ ਉਸ ਦੀ ਤੂਤੀ ਬੋਲ ਰਹੀ ਹੋਵੇ ਤਾਂ ਆਪਣਿਆਂ ਨੂੰ ਭੁੱਲਣਾ ਨਹੀਂ ਚਾਹੀਦਾ । ਅਸੀਂ ਬਹੁਤ ਸਾਰੇ ਕਲਾਕਾਰਾਂ ਦੀਆਂ ਮੁਲਾਕਾਤਾਂ ਕਰੀਆਂ ਅਤੇ ਉਨ੍ਹਾਂ ਦੇ ਪਿਛਲੇ ਸਮੇਂ ਤੇ ਝਾਤੀ ਮਾਰ ਕੇ ਵੇਖਿਆ ਤਾਂ ਜੋ ਕੁੱਝ ਉਨ੍ਹਾਂ ਫਨਕਾਰਾਂ ਦੇ ਹਿੱਸੇ ਆਇਆ ਉਹ ਇੱਕ ਕਲਾਕਾਰ ਦੇ ਲਈ ਚੰਗਾ ਨਹੀਂ ਆਖਿਆ ਜਾਵੇਗਾ । ਕਿਉਂਕਿ ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਜੇਕਰ ਸ਼ੀਸ਼ਾ ਹੀ ਧੁੰਦਲਾ ਪੈ ਜਾਵੇ ਤਾਂ ਉਸ ਨੂੰ ਆਦਰਸ਼ ਮੰਨ ਕੇ ਆਪਣਾ ਚਿਹਰਾ ਵੇਖਣ ਵਾਲੇ ਕਿਸ ਤਰ੍ਹਾਂ ਦੇ ਹੋਣਗੇ ਕਹਿਣ ਦੀ ਲੋੜ ਨਹੀਂ । ਖੈਰ ਪੰਜਾਬੀ ਗਾਇਕੀ ਦੇ ਇਤਿਹਾਸ ਦਾ ਇੱਕ ਕੌੜਾ ਸੱਚ ਹੈ । ਇੱਥੇ ਵੱਡੇ-ਵੱਡੇ ਕਲਾਕਾਰਾਂ ਦੇ ਪੈਰ ਸਮੇਂ ਨੇ ਧਰਤੀ ਨਾਲੋਂ ਨਖੇੜ ਦਿੱਤੇ । ਕਹਿੰਦੇ ਨੇ ਕੁਦਰਤ ਜਿਸ ਵੀ ਇਨਸਾਨ ਤੇ ਕਹਿਰਵਾਨ ਹੋ ਕੇ ਬਰਸਦੀ ਹੈ ਤਾਂ ਪਿੱਛੇ ਬਚਦਾ ਵੀ ਕੁਝ ਨਹੀਂ ।          
         ‎              ‎ਕਦੇ ਵੱਡੀਆਂ ਗੱਡੀਆਂ ਅਤੇ ਆਲੀਸ਼ਾਨ ਬੰਗਲਿਆਂ ਦਾ ਮਾਲਕ ਮਨਜੀਤ ਰਾਹੀ ਜਿਸ ਨੇ ਪੂਰੇ ਭਾਰਤ ਤੋਂ ਇਲਾਵਾ ਅਮਰੀਕਾ ਕੈਨੇਡਾ ਵਿੱਚ ਜਾ ਕੇ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ ਹੋਵੇ ਉਹ ਅੱਜ ਕਿਸ ਕਦਰ ਇੱਕ ਕਮਰੇ ਨੁਮਾ ਘਰ ਨੂੰ ਆਪਣੀ ਜ਼ਿੰਦਗੀ ਦਾ ਆਖ਼ਰੀ ਪੜਾਅ ਮੰਨ ਕੇ ਵਕਤ ਲੰਘਾ ਰਿਹਾ ਹੈ । ਸੋਚਣਾ ਤਾਂ ਬਣਦੈ ਕਿ ਜਿਸ ਫ਼ਨਕਾਰ ਦੇ ਗੀਤਾਂ ਨੂੰ ਉਸ ਦੇ ਚਾਹੁਣ ਵਾਲਿਆਂ ਨੇ ਕਿਸੇ ਸੱਜਣ ਦੇ ਗਹਿਣੇ ਵਾਂਗਰਾਂ ਦਿਲ ਦੇ ਕੋਨੇ ਅੰਦਰ ਸਾਂਭ ਕੇ ਰੱਖਿਆ ਹੋਵੇ , ਉਸ ਫ਼ਨਕਾਰ ਦੇ ਮੰਦੜੇ ਹਾਲ ਤੇ ਚੀਸ ਤਾਂ ਉੱਠਣੀ ਲਾਜ਼ਮੀ ਹੈ । ਮਨਜੀਤ ਰਾਹੀ ਦੇ ਪੁਰਾਣੇ ਸਗਿਰਦ ਅਤੇ ਗਾਇਕ ਬਲਬੀਰ ਰਾਏ ਨੇ ਭਾਵੁਕ ਹੁੰਦਿਆਂ ਕਿਹਾ ਕਿ ਮਾਲਕ ਮਿਹਰ ਕਰੇ ਅਸੀਂ ਦੁਆ ਕਰਦੇ ਹਾਂ ਕਿ ਮਨਜੀਤ ਰਾਹੀ ਮੁੜ ਤੋਂ ਸਿਹਤਯਾਬ ਹੋ ਕੇ ਪੰਜਾਬੀ ਸੰਗੀਤ ਇੰਡਸਟਰੀ ਦਾ ਸ਼ਿੰਗਾਰ ਬਣੇ ।
ਮਨਜਿੰਦਰ ਸਿੰਘ ਸਰੌਦ
‎(ਮਾਲੇਰਕੋਟਲਾ )
‎9463463136