ਚਾਬੀਆਂ (ਕਹਾਣੀ) - ਅਵਤਾਰ ਐਸ. ਸੰਘਾ

ਉਦੋਂ ਅਸੀਂ ਛੇਵੀਂ ਜਮਾਤ ਵਿੱਚ ਦਾਖਲ ਹੋਏ ਸਾਂ। ਚਾਰ ਕੁ ਮਹੀਨੇ ਬਾਅਦ ਦੋ ਲੜਕੇ ਪਿਸ਼ੌਰਾ ਤੇ ਦੀਪੀ ਸਕੂਲ ਆਉਣੋ ਹਟ ਗਏ। ਪਤਾ ਲੱਗਾ ਕਿ ਉਹ ਆਪਣੇ ਪਿਓ ਪਾਸ ਵਲਾਇਤ ਜਾ ਰਹੇ ਸਨ। ਉਹਨਾਂ ਦੀ ਮਾਂ ਵੀ ਉਨ੍ਹਾਂ ਦੇ ਨਾਲ਼ ਜਾ ਰਹੀ ਸੀ। ਪਿਓ ਕਈ ਸਾਲ ਪਹਿਲਾਂ ਵੌਊਚਰਾਂ ਦੇ ਅਧਾਰ ਤੇ ਡਰਬੀ ਚਲਾ ਗਿਆ ਸੀ। ਉਦੋਂ ਇੰਗਲੈਂਡ ਵਿੱਚ  ਲੋਹੇ ਦੀਆਂ ਭੱਠੀਆਂ ਤੇ ਕੰਮ ਕਰਨ ਲਈ ਮਜਦੂਰਾਂ ਦੀ ਲੋੜ ਸੀ। ਇੰਗਲੈਂਡ ਦੀ ਸਰਕਾਰ ਨੇ  ਸੰਖੇਪ ਜਿਹਾ ਢੰਗ ਅਪਣਾ ਕੇ ਪੰਜਾਬ ਵਿੱਚੋਂ ਵੌਊਚਰਾਂ ਦੇ ਅਧਾਰ ਤੇ ਬਹੁਤ ਸਾਰੇ ਅਨਪੜ੍ਹ ਜਾਂ ਅਰਧ ਪੜ੍ਹੇ ਲਿਖੇ ਬੰਦੇ ਇੰਗਲੈਂਡ ਸੱਦ ਲਏ ਸਨ। ਪੰਜਾਬ ਵਿੱਚ ਇਹ ਲੋਕ ਖੇਤੀ ਕਰਿਆ ਕਰਦੇ ਸਨ। ਖੇਤੀ ਵੀ ਪੁਰਾਣੀ ਕਿਸਮ ਦੀ ਜਦ ਨਾ ਟਿਊਬਵੈੱਲ ਸਨ ਤੇ ਨਾ ਟਰੈਕਟਰ। ਰਹਿਣ ਸਹਿਣ ਦਾ ਮਿਆਰ ਕਾਫੀ ਨੀਵਾਂ ਹੋਇਆ ਕਰਦਾ ਸੀ। ਪਿੰਡਾਂ ਵਿੱਚ ਅੱਧ ਪਚੱਧੇ ਘਰ ਕੱਚੇ ਹੂੰਦੇ ਸਨ। ਹਲਵਾਹਕਾਂ ਤੇ ਚਮਿਆਰ ਮਜਦੂਰਾਂ ਦਾ ਰਿਸ਼ਤਾ ਨਾਤਾ ਗੂੜ੍ਹਾ ਵੀ ਸੀ ਤੇ ਛੂਤਛਾਤ ਵਾਲ਼ਾ ਵੀ। ਅਚਾਨਕ ਇੰਗਲੈਂਡ ਵਰਗੇ ਵਿਕਸਿਤ ਦੇਸ਼ ਚਲੇ ਜਾਣ ਨਾਲ ਉਹਨਾਂ ਬੰਦਿਆਂ ਦੇ ਪਹਿਰਾਵੇ ਅਤੇ ਰਹਿਣ ਸਹਿਣ ਵਿੱਚ ਇਨਕਲਾਬੀ ਤਬਦੀਲੀ ਆ ਗਈ ਸੀ।
ਸਾਡੇ ਪਿੰਡ ਦਾ ਆਤੂ ਇੱਧਰੋਂ ਪੰਜਾਬ ਚੋਂ ਹਲਟ ਹੱਕਦਾ ਤੇ ਬਲਦਾਂ ਨਾਲ਼ ਹਲ ਵਾਹੁੰਦਾ ਹੋਇਆ ਚੰਦ ਮਹੀਨਿਆਂ ਵਿੱਚ ਵਲਾਇਤ ਦੇ ਸ਼ਹਿਰ ਡਰਬੀ ਪਹੁੰਚ ਗਿਆ ਸੀ। ਜਦ ਉਹ ਕਈ ਸਾਲ ਲਗਾਕੇ ਪਿੰਡ ਵਾਪਿਸ ਆਇਆ ਤਾਂ ਉਹ ਪਹਿਚਾਣ ਹੀ ਨਾ ਹੋਵੇ। ਕ੍ਰਿਸਮਿਸ ਦੇ ਦਿਨ ਸਨ। ਆਤੂ ਵਾਲ਼ ਕਟਾ ਕੇ ਮੋਨਾ ਹੋ ਗਿਆ ਸੀ। ਰੰਗ ਉਹਦਾ ਗੋਰਾ ਹੈ ਹੀ ਸੀ। ਨੀਲਾ ਗਰਮ ਸੂਟ, ਨਾਲ ਮੈਚ ਕਰਦੀ ਪਿੰਨ ਵਾਲੀ ਨੈਕਟਾਈ , ਗੁੱਟ ਤੇ ਸੁਨਹਿਰੀ ਚੇਨ ਵਾਲੀ ਘੜ੍ਹੀ, ਸੱਜੇ ਹੱਥ ਵਿੱਚ ਸੋਨੇ ਦਾ ਭਾਰਾ ਕੜਾ ਤੇ ਸੂਟ ਨਾਲ਼ ਮੈਚ ਕਰਦੇ ਬੂਟ ਸਮੇਤ ਜਦ ਉਹ ਏਅਰਪੋਰਟ ਤੇ ਉੱਤਰਿਆ ਤਾਂ ਉਹ ਆਪਣੇ ਸਾਲੇ ਮੇਲੂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੋਇਆ ਨਾਲ਼ ਹੀ 'ਮੈਰੀ ਕ੍ਰਿਸਮਸ' ਵੀ ਕਹਿ ਗਿਆ ਕਿਉਂਕਿ ਉੱਧਰੋਂ ਉਹ ਲਬਰੇਜ਼ ਕ੍ਰਿਸ਼ਚੀਅਨ ਮਾਹੌਲ ਵਿੱਚੋਂ ਆਇਆ ਸੀ। ਮੇਲੂ ਨੇ ਸਤਿ ਸ਼੍ਰੀ ਅਕਾਲ ਦਾ ਜਵਾਬ ਤਾਂ ਦੇ ਦਿੱਤਾ ਪਰ ਬਾਕੀ ਉਹਨੂੰ ਬਹੁਤਾ ਸਮਝ ਨਹੀਂ ਆਇਆ ਉਹ ਕੀ ਕਹੇ। ਆਤੂ ਦੇ ਘਰ ਦੀਆਂ ਚਾਬੀਆਂ ਮੇਲੂ ਪਾਸ ਸਨ। ਮੇਲੂ ਤਿੰਨ ਕੁ ਮਹੀਨਿਆਂ ਬਾਅਦ ਆਤੂ ਹੋਰਾਂ ਦੇ ਘਰ ਗੇੜਾ ਮਾਰਦਾ ਤੇ ਘਰ ਖੋਲ ਕੇ ਦੇਖ ਆਉਂਦਾ ਸੀ। ਬਰਸਾਤਾਂ ਦੇ ਦਿਨਾਂ ਤੋਂ ਪਹਿਲਾਂ ਉਹ ਖਾਸ ਕਰਕੇ ਜਾਂਦਾ ਸੀ ਤਾਂ ਕਿ ਮਕਾਨ ਦੀਆਂ ਛੱਤਾਂ ਚੈੱਕ ਕਰ ਸਕੇ। ਛੱਤਾਂ ਕੱਚੀਆਂ ਸਨ। ਦੇਖਣਾ ਪੈਂਦਾ ਸੀ ਕਿ ਕਿੱਥੇ ਮਿੱਟੀ ਪਾਉਣ ਵਾਲੀ ਏ। ਪਿੰਡ ਦੇ ਨੇੜੇ ਕੱਲਰ ਵਾਲ਼ੀ ਮਿੱਟੀ ਸੀ। ਜਗੀਰੂ ਭਾੜੇ ਵਾਲ਼ੇ ਤੋਂ ਇੱਕ ਦੋ ਗੱਡੇ ਚੁੱਕਵਾ ਕੇ ਉਹ ਕੋਠਿਆਂ ਉੱਪਰ ਪੁਆ ਆਉਂਦਾ ਹੂੰਦਾ ਸੀ। ਬਰਸਾਤਾਂ ਖਤਮ ਹੋਣ ਤੋਂ ਬਾਅਦ ਉਹ ਫਿਰ ਜਾਂਦਾ ਸੀ ਤੇ ਦੇਖ ਆਉਂਦਾ ਸੀ ਕਿ ਮਕਾਨ ਕਿਤਿਓਂ ਜ਼ਿਆਦਾ ਤਾਂ ਨਹੀਂ ਚੋਇਆ।
ਚਾਰ ਕੁ ਸਾਲ ਬਾਅਦ ਹੁਣ ਆਤੂ ਤੇ ਉਹਦੀ ਘਰਵਾਲ਼ੀ ਮੀਤੋ ਆਏ। ਇਨ੍ਹਾਂ ਆ ਕੇ ਕੱਚੇ ਕੋਠੇ ਢੁਆ ਦਿੱਤੇ ਸੀ। ਨਵਾਂ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਮਿਸਤਰੀ ਤੇ ਮਜਦੂਰ ਕੰਮ ਤੇ ਲੁਆ ਦਿੱਤੇ ਸੀ। ਮੀਤੋ ਆਤੂ ਨੂੰ ਆਪਣੇ ਨਾਲ਼ ਲੈ ਕੇ ਬਹੁਤਾ ਸਮਾਂ ਆਪਣੇ ਪਿੰਡ ਹੀ ਰਹੀ ਸੀ। ਆਤੂ ਨਵੇਂ ਕਢਾਏ ਬਾਈਸਾਈਕਲ ਤੇ ਤਕਰੀਬਨ ਰੋਜ ਪਿੰਡ ਆ ਜਾਂਦਾ ਸੀ। ਤਾਲਾ ਖੋਲ੍ਹਦਾ ਸੀ। ਮਿਸਤਰੀ ਕੰਮ ਕਰਨ ਲੱਗ ਪੈਂਦੇ ਸਨ। ਸ਼ਾਮ ਤੱਕ ਆਤੂ ਉਹਨਾਂ ਦੀ ਨਿਗਰਾਨੀ ਕਰਦਾ ਸੀ। ਜਗੀਰੂ ਰੇਤਾ ਤੇ ਸੀਮਿੰਟ ਲਿਆ ਕੇ ਸੁੱਟ ਦਿੰਦਾ ਸੀ। ਉਦੋਂ ਵਧੀਆ ਰੇਤਾ ਵੀ ਨੇੜਲੇ ਪਿੰਡ ਦੀ ਖੱਡ ਵਿੱਚੋਂ ਮਿਲਦਾ ਹੁੰਦਾ ਸੀ। ਇੰਝ ਆਤੂ ਨੇ ਦੋ ਕਮਰੇ, ਇੱਕ ਰਸੋਈ ਤੇ ਟਾਇਲਟ ਬਣਵਾ ਲਏ ਸੀ। ਚਾਰਦਿਵਾਰੀ ਵੀ ਕਰ ਲਈ ਸੀ। ਇੰਨੇ ਨੂੰ ਉਨ੍ਹਾਂ ਦੀ ਛੁੱਟੀ ਪੂਰੀ ਹੋ ਗਈ ਸੀ। ਉਹ ਵਾਪਿਸ ਡਰਬੀ ਚਲੇ ਗਏ ਸੀ। ਚਾਬੀਆਂ ਉਹ ਫਿਰ ਮੇਲੂ ਨੂੰ ਹੀ ਦੇ ਗਏ ਸੀ। ਮੇਲੂ ਹੁਣ ਫਿਰ ਕਦੀ ਕਦਾਈਂ ਆਪਣੀ ਭੈਣ ਮੀਤੋ ਦੇ ਪਿੰਡ ਗੇੜਾ ਮਾਰਦਾ ਸੀ। ਹੁਣ ਉਸਨੂੰ ਬਰਸਾਤ ਦੇ ਹੀ ਦਿਨਾਂ ਵਿੱਚ ਆਉਣ ਦੀ ਜਰੂਰਤ ਨਹੀਂ ਸੀ ਕਿਉਂਕਿ ਮਕਾਨ ਪੱਕਾ ਸੀ।
......................................
ਆਤੂ ਅਤੇ ਮੀਤੋ ਦੇ ਬੱਚੇ ਹੁਣ ਜਵਾਨ ਹੋ ਗਏ ਸਨ। ਪਿਸ਼ੌਰਾ ਇੱਕ ਸਟੋਰ ਤੇ ਕੰਮ ਕਰਦਾ ਸੀ ਤੇ ਦੀਪੀ ਟੈਕਸੀ ਚਲਾਉਂਦਾ ਸੀ। ਉਹ ਇੰਨੇ ਵੱਡੇ ਹੋ ਕੇ ਵੀ ਇੰਗਲੈਂਡ ਦੇ ਮਾਹੌਲ ਵਿੱਚ ਪੂਰੀ ਤਰ੍ਹਾਂ ਇੱਕ ਮਿੱਕ ਨਹੀਂ ਸਨ ਹੋ ਸਕੇ। ਮਾਪੇ ਵੀ ਇਹੀ ਚਾਹੁੰਦੇ ਸਨ ਕਿ ਉਹ ਪੂਰੇ ਇੱਕ ਮਿੱਕ ਨਾ ਹੋਣ। ਉਹ ਚਾਹੁੰਦੇ ਸਨ ਕਿ ਉਹ ਰਿਸ਼ਤੇ ਪੰਜਾਬ ਵਿੱਚ ਜਾ ਕੇ ਕਰਨ। ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਉਹ ਪੰਜਾਬ ਵਿੱਚ ਜਾਕੇ ਰਿਸ਼ਤੇ ਕਰਵਾਉਣਗੇ ਤਾਂ ਉਨ੍ਹਾਂ ਵਾਸਤੇ ਚਲਦੇ ਪੁਰਜੇ ਘਰਾਂ ਦੀਆਂ ਲੜਕੀਆਂ ਦੀਆਂ ਲਾਈਨਾ ਲੱਗ ਜਾਣਗੀਆਂ। ਨਾਲ਼ੇ ਉਹ ਫਿਰ ਵੀ ਪੰਜਾਬ ਜਾਂਦੇ ਆਉਂਦੇ ਰਿਹਾ ਕਰਨਗੇ। ਨਾਤਾ ਬਣਿਆ ਰਹੂ। ਉਦੋਂ ਇੰਗਲੈਂਡ ਜਾਣ ਦਾ ਹੀ ਜਿਆਦਾ ਰਿਵਾਜ ਸੀ। ਕੈਨੇਡਾ ਅਤੇ ਅਮਰੀਕਾ ਦਾ ਰਿਵਾਜ ਇੰਨਾ ਜਿਆਦਾ ਨਹੀਂ ਸੀ।
ਮੁੰਡਿਆਂ ਦਾ ਵਿਆਹ ਕਰਨ ਤੋਂ ਪਹਿਲਾਂ ਆਤੂ ਅਤੇ ਮੀਤੋ ਨੇ ਮਕਾਨ ਨੂੰ ਹੋਰ ਵੱਡਾ ਕਰਨਾ ਚਾਹਿਆ। ਉਨ੍ਹਾਂ ਨੇ ਮੇਲੂ ਨੂੰ ਸੁਨੇਹਾ ਭੇਜਿਆ ਕਿ ਉਹ ਉਹਨਾਂ ਦੇ ਮਕਾਨ ਨੂੰ ਦੋ ਮੰਜਲਾ ਕਰਵਾ ਦੇਵੇ ਤੇ ਮੂਹਰੇ ਵਰਾਂਡਾ ਵੀ ਪੁਆ ਦੇਵੇ। ਰਸੋਈ ਤੇ ਟਾਇਲਟਸ ਨਾਲ਼ ਲਗਦੀਆਂ ਬਣਵਾਈਆਂ ਜਾਣ। ਉਨ੍ਹਾਂ ਨੇ ਮੇਲੂ ਨੂੰ ਇਵੇਂ ਚਿੱਠੀ ਲਿਖਵਾਈ। ਮੀਤੋ ਨੇ ਇਹ ਚਿੱਠੀ ਪਿਸ਼ੌਰੇ ਤੋਂ ਲਿਖਵਾਈ ਕਿਉਂਕਿ ਉਹ ਆਪ ਅਨਪੜ੍ਹ ਹੀ ਸੀ। ਪਿਸ਼ੌਰਾ ਪੰਜਾਬੀ ਲਿਖ ਲੈਂਦਾ ਸੀ।
ਭਰਾ ਮੇਲੂ,
          ਸਤਿ ਸ਼੍ਰੀ ਅਕਾਲ!
   ਅਸੀਂ ਇੱਥੇ ਇੰਗਲੈਂਡ ਵਿੱਚ ਰਾਜੀ ਖੁਸ਼ੀ ਹਾਂ ਤੇ ਆਪ ਸਭ ਦੀ ਰਾਜੀ ਖੁਸ਼ੀ ਵਾਹਿਗੁਰੂ ਪਾਸੋਂ ਭਲੀ ਲੋੜਦੇ ਹਾਂ। ਸਮਾਚਾਰ ਇਹ ਹੈ ਕਿ ਮੈਂ ਤੇ ਤੇਰਾ ਜੀਜਾ ਆਤੂ ਦੋ ਮਹੀਨਿਆਂ ਤੱਕ ਪੰਜਾਬ ਆ ਰਹੇ ਹਾਂ। ਆ ਕੇ ਸਭ ਤੋਂ ਪਹਿਲਾਂ ਅਖੰਡ ਪਾਠ ਕਰਾਵਾਂਗੇ।ਸਾਰੇ ਰਿਸ਼ਤੇਦਾਰਾਂ ਨੂੰ ਸੱਦਾਂਗੇ। ਰੱਜਕੇ ਲੈਣ ਦੇਣ ਕਰਾਂਗੇ। ਸ਼ਰੀਕਾਂ ਦੇ ਨੱਕ ਤੇ ਦੀਵਾ ਬਾਲ਼ਾਂਗੇ। ਫਿਰ ਮੁੰਡਿਆਂ ਲਈ ਕੁੜੀਆਂ ਦੀ ਚੋਣ ਕਰਾਂਗੇ। ਤੁਸੀਂ ਸਾਨੂੰ ਕਿੰਨੇ ਸਾਰੇ ਰਿਸ਼ਤੇ ਦੱਸੇ ਹਨ। ਤੁਹਾਡੇ ਨਾਲ ਹੋਰ ਸਲਾਹ ਕਰਾਂਗੇ ਕਿ ਸਭ ਤੋਂ ਵਧੀਆ ਰਿਸ਼ਤਾ ਕਿਹੜਾ ਏ। ਮਕਾਨ ਤੁਸੀਂ ਵਧੀਆ ਬਣਾ ਹੀ ਦਿੱਤਾ ਹੈ। ਹੁਣ ਕਿਸੇ ਚੀਜ ਦੀ ਵੀ ਘਾਟ ਨਹੀਂ।ਗਹਿਣਾ ਗੱਟਾ ਪਹਿਲਾਂ ਆਪਾਂ ਬਣਾ ਹੀ ਚੁੱਕੇ ਹਾਂ। ਕੱਪੜੇ ਰੈਣਕ ਬਜਾਰ ਚੋਂ ਖਰੀਦਾਂਗੇ। ਚੰਦ ਦਿਨਾਂ ਵਾਸਤੇ ਆਪਣੇ ਪਿੰਡ ਵਾਲ਼ੇ ਦੇਵ ਦੀ ਕਾਰ ਸਾਲਮ ਕਰ ਲਵਾਂਗੇ। ਚੋਣ ਕਰਨ ਤੋਂ ਬਾਅਦ ਹੋਣ ਵਾਲੀਆਂ ਬਹੂਆਂ ਦੇ ਪਿੰਡ ਵੀ ਜਾਵਾਂਗੇ। ਫਿਰ ਉਹ ਮੁੰਡਿਆਂ ਨੂੰ ਸ਼ਗਨ ਪਾਉਣ ਸਾਡੇ ਪਿੰਡ ਆਉਣਗੇ। ਤੁਸੀਂ ਸਾਰਾ ਕੰਮ ਮੂਹਰੇ ਹੋ ਕੇ ਸੰਪੂਰਨ ਕਰਾਓਂਗੇ। ਵਾਜਾ ਤੇ ਸਪੀਕਰ ਵੀ ਵਿਆਹ ਵੇਲ਼ੇ ਤੁਸੀਂ ਹੀ ਕਰੋਗੇ। ਗਾਉਣ ਵਜਾਉਣ ਖੂਬ ਹੋਊ!! ਗਾਉਣ ਵਾਲੀ ਪਾਰਟੀ ਨੂੰ ਸਾਈ ਦੇ ਦਿਓ।
ਤੇਰੀ ਭੈਣ
ਮੀਤੋ (ਡਰਬੀ)
......................................
ਮੇਲੂ ਕੁੱਝ ਦਿਨ ਆਪਣੀ ਭੈਣ ਮੀਤੋ ਦੇ ਪਿੰਡ ਮਿਸਤਰੀਆਂ ਦੀ ਦੇਖ ਭਾਲ ਕਰਦਾ ਰਿਹਾ। ਕੰਮੀਆਂ ਦੀ ਪ੍ਰੀਤੋ ਉਹਦੀ ਰੋਟੀ ਪਕਾ ਦਿੰਦੀ। ਜਦ ਮਕਾਨ ਪੂਰਾ ਹੋ ਗਿਆ ਤਾਂ ਮੇਲੂ ਉਸਨੂੰ ਜਿੰਦਰਾ ਲਗਾ ਕੇ ਆਪਣੇ ਪਿੰਡ ਆ ਗਿਆ। ਉਹ ਆ ਕੇ ਆਤੂ, ਮੀਤੋ, ਪਿਸ਼ੌਰੇ ਅਤੇ ਦੀਪੀ ਦਾ ਇੰਤਜ਼ਾਰ ਕਰਨ ਲਗ ਪਿਆ।
ਕੁਝ ਦਿਨ ਬਾਅਦ ਆਤੂ, ਮੀਤੋ, ਪਿਸ਼ੌਰਾ ਤੇ ਦੀਪੀ ਦਿੱਲੀ ਆ ਉੱਤਰੇ। ਮੇਲੂ ਆਪਣੇ ਪਿੰਡੋਂ ਨੀਟੇ ਦੀ ਕਾਰ ਲੈ ਕੇ ਉਹਨਾਂ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਗਿਆ। ਜਦ ਉਹ ਏਅਰਪੋਰਟ ਤੋਂ ਬਾਹਰ ਆਏ ਤਾਂ ਮੁੰਡੇ ਪਹਿਚਾਣ ਹੀ ਨਾ ਹੋਣ। ਪਿਸ਼ੌਰਾ 6 ਫੁੱਟ ਤੋਂ ਵੀ ਕੁੱਝ ਉੱਪਰ। ਦੀਪੀ ਵੀ 6 ਫੁੱਟ ਦੇ ਨੇੜੇ ਤੇੜੇ। ਸਾਰੇ ਜਣੇ ਵਿਲਾਇਤੀ ਕੱਪੜਿਆਂ ਵਿੱਚ ਕੱਜੇ ਹੋਏ ਕਿਉਂਕਿ ਸਿਆਲ ਸੀ। ਵੀਹ ਗਜ ਦਾ ਘੱਗਰਾ ਸੱਠ ਗਜ ਦੀ ਗੇੜੀ ਦੇਣ ਲਗ ਪਿਆ। ਪਿਸ਼ੌਰੇ ਨੂੰ ਪੀਟਰ ਤੇ ਦੀਪੀ ਨੂੰ ਡਿੰਪਾ ਕਹਿ ਕੇ ਬੁਲਾਉਣ। ਮੇਲੂ ਨੇ ਬੈਂਕ ਵਿੱਚ ਲਾਕਰ ਦਾ ਪ੍ਰਬੰਧ ਕਰ ਰੱਖਿਆ ਸੀ।  ਮੀਤੋ ਨੇ ਪਿੰਡ ਪਹੁੰਚਦੇ ਸਾਰ ਹੀ ਸਭ ਤੋਂ ਪਹਿਲਾਂ ਆਪਣੇ ਗਹਿਣੇ ਤੇ ਵਾਧੂ ਸੋਨਾ ਲਾਕਰ ਵਿੱਚ ਰੱਖਿਆ। ਲਾਕਰ ਉੱਪਰ ਇੱਕ ਆਪਣਾ ਤਾਲ਼ਾ ਲਗਾ ਕੇ ਚਾਬੀ ਆਪਣੇ ਪਾਸ ਸੰਭਾਲੀ। ਰੋਜ ਪਾਉਣ ਜੋਗੇ ਗਹਿਣੇ ਆਪਣੇ ਪਾਸ ਰੱਖ ਲਏ। ਰੋਜ ਪਾਉਣ ਵਾਲੇ ਹੀ ਇੰਨੇ ਸਨ ਕਿ ਉਹ ਇਨ੍ਹਾਂ ਨਾਲ਼ ਕੱਜੀ ਹੋਈ ਬਣਾਉਟੀ ਵਲਾਇਤੀ ਤੀਵੀਂ ਲਗਦੀ ਸੀ। ਉਦੋਂ ਪੰਜਾਬ ਵਿੱਚ ਏਨੀਆਂ ਚੋਰੀਆਂ ਨਹੀਂ ਹੁੰਦੀਆਂ ਸਨ। ਨਾਲ਼ੇ ਮੀਤੋ ਨੇ ਕਿਹੜੀ ਕਿਤੇ ਇਕੱਲੀ ਜਾਣਾ ਸੀ। ਉਸਦੇ ਨਾਲ਼ ਤਾਂ ਹਰ ਵੇਲ਼ੇ  ਆਤੂ ਤੇ ਮੇਲੂ ਹੋਰੀਂ ਹੋਇਆ ਹੀ ਕਰਦੇ ਸਨ। ਪਿਸ਼ੌਰੇ ਦਾ ਰਿਸ਼ਤਾ ਪਹਿਲਾਂ ਪੱਕਾ ਹੋ ਹੀ ਚੁੱਕਾ ਸੀ। ਆ ਕੇ ਅਖੰਡ ਪਾਠ ਰਖਵਾ ਦਿੱਤਾ। ਰਸਮੀ ਤੌਰ ਤੇ ਕੁੜਮਾਈ ਕੀਤੀ। ਰਸੂਲਪੁਰੀਆ ਸਰਪੰਚ ਗੁਰਮੇਜ ਸਿੰਹੁ ਪਿਸ਼ੌਰੇ ਨੂੰ ਸ਼ਗਨ ਵਿੱਚ ਬਜਾਜ ਸਕੂਟਰ ਤੇ 10000 ਰੁਪਏ ਪਾ ਗਿਆ। ਉਦੋਂ ਬਜਾਜ ਸਕੂਟਰ ਕਿਸੇ ਟਾਂਵੇ ਬੰਦੇ ਪਾਸ ਹੋਇਆ ਕਰਦਾ ਸੀ। ਉਹ ਵੀ ਬਾਹਰਲੀ ਕਰੰਸੀ ਨਾਲ ਮਿਲਦਾ ਹੁੰਦਾ ਸੀ। ਬਹੁਤੇ ਵਿਆਹਾਂ ਵਿੱਚ ਬਾਈਸਾਈਕਲ ਦੇਣ ਦਾ ਰਿਵਾਜ ਹੀ ਸੀ। ਮੀਤੋ ਅਤੇ ਆਤੂ ਦੀਆਂ ਮੰਨ ਮਨੌਤਾਂ ਵੀ ਪੂਰੀਆਂ ਕਰ ਗਏ।
ਚੰਦ ਦਿਨਾਂ ਬਾਅਦ ਵਿਆਹ ਗੱਜ ਵੱਜ ਕੇ ਹੋ ਗਿਆ। ਇਲਾਕੇ ਵਿੱਚ ਬੱਲੇ ਬੱਲੇ ਹੋ ਗਈ। ਗੁਰਮੇਜ ਦੀ ਕੁੜੀ ਜੀਤਾਂ ਦੇ ਕਾਗਜ਼ ਤਿਆਰ ਹੋਣ ਲਗ ਪਏ। ਕਾਗਜੀ ਵਿਆਹ  ਹੋ ਗਿਆ। ਵਿਆਹ ਤੋਂ ਬਾਅਦ ਆਤੂ ਤੇ ਮੀਤੋ ਨੇ ਘਰ ਦੀਆਂ ਚਾਬੀਆਂ ਮੇਲੂ ਨੂੰ ਦੇ ਹੀ ਦਿੱਤੀਆਂ ਸਨ। ਦਸ ਪੁੱਛ ਪੈਣ ਤੇ ਝੱਟ ਮੰਗਣੀ ਪੱਟ ਵਿਆਹ ਦੀਪੀ ਦਾ ਵੀ ਰੱਖ ਲਿਆ। ਰਿਸ਼ਤਾ ਉਦੋਂ ਹੋਇਆ ਜਦ ਮੀਤੋ ਆਪਣੇ ਪਿੰਡ ਚਾਬੀਆਂ ਦੇਣ ਗਈ। ਉੱਥੇ ਇਕ ਪਰਿਵਾਰ ਦੀਪੀ ਨੂੰ ਸ਼ਗਨ ਪਾਉਣ ਲਈ ਕਾਹਲ਼ਾ ਪੈ ਗਿਆ। ਨਾਲ਼ ਦੇ ਪਿੰਡ ਦਬੁਰਜੀ ਦਾ ਚੰਗਾ ਅਲਾਟੀ ਗੁਰਨਾਮ ਸਿੰਹੁ ਆਤੂ ਦੇ ਖਹਿੜੇ ਹੀ ਪੈ ਗਿਆ। ਕਹਿੰਦਾ-'ਦੀਪੀ ਅੱਜ ਤੋਂ ਸਾਡਾ ਹੋ ਗਿਆ, ਤੁਸੀਂ 15 ਦਿਨ ਛੁੱਟੀ ਹੋਰ ਵਧਾ ਲਓ।' ਝੱਟ ਮੰਗਣੀ ਪੱਟ ਵਿਆਹ! ਗੁਰਨਾਮ ਸਿੰਹੁ ਨੇ ਗੁਰਦੁਆਰੇ ਲਿਜਾ ਕੇ 10000 ਰੁਪਏ ਆਤੂ ਨੂੰ ਫੜਾ ਦਿੱਤੇ, ਦੀਪੀ ਤੇ ਆਤੂ ਦੇ ਕੜੇ ਪਾਤੇ ਅਤੇ ਮੀਤੋ ਨੂੰ ਵੀ ਤਿੰਨ ਗਹਿਣੇ ਪਾਤੇ। ਕੁੜਮਾਈ ਹੋ ਗਈ। ਦੋ ਹਫਤੇ ਬਾਅਦ ਵਿਆਹ ਰੱਖ ਲਿਆ। ਆਤੂ ਤੇ ਮੀਤੋ ਆਪਣੇ ਨਵੇਂ ਘਰ 'ਚ ਬੈਠ ਕੇ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਪਏ।ਨਿਸ਼ਚਿਤ ਸਮੇਂ ਤੇ ਵਿਆਹ ਕਰਕੇ ਆਤੂ ਦਾ ਸਾਰਾ ਟੱਬਰ ਮੇਲੂ ਨੂੰ ਘਰ ਦੀਆਂ ਚਾਬੀਆਂ ਦੇ ਕੇ ਵਾਪਿਸ ਇੰਗਲੈਂਡ ਚਲਾ ਗਿਆ। ਕੁੱਝ ਮਹੀਨਿਆਂ ਬਾਅਦ ਪਿਸ਼ੌਰੇ ਤੇ ਦੀਪੀ ਦੀਆਂ ਘਰ ਵਾਲੀਆਂ ਵੀ ਉਨ੍ਹਾਂ ਪਾਸ ਇੰਗਲੈਂਡ ਪਹੁੰਚ ਗਈਆਂ। ਮੇਲੂ ਆਪਣੀ ਭੈਣ ਮੀਤੋ ਮਗਰ ਪੈ ਕੇ ਹਮੇਸ਼ਾ ਹੀ ਜੋਰ ਪਾਉਂਦਾ ਰਹਿੰਦਾ ਸੀ ਕਿ ਉਸਦਾ ਵੀ ਕੁੱਝ ਕੀਤਾ ਜਾਵੇ। ਉਸਦੀਆਂ ਦੋ ਕੁੜੀਆਂ ਸਨ ਤਾਰੋ ਤੇ ਗੇਜੋ। ਆਖਰ ਮੇਲੂ ਨੇ ਇਨ੍ਹਾਂ ਦੇ ਰਿਸ਼ਤੇ ਵੀ ਇੰਗਲੈਂਡ ਵਿੱਚ ਹੀ ਕਰਵਾ ਲਏ। ਕੁੱਝ ਦੇਰ ਬਾਅਦ ਮੇਲੂ ਤੇ ਉਹਦੀ ਘਰਵਾਲੀ ਵੀ ਇੰਗਲੈਂਡ ਜਾ ਪਹੁੰਚੇ। ਹੁਣ ਦੋ ਘਰ ਬਸ਼ਿੰਦਿਆਂ ਤੋਂ ਖਾਲੀ ਹੋ ਗਏ। ਆਤੂ ਨੇ ਘਰ ਸੰਭਾਲਣ ਲਈ ਝਿਉਰਾਂ ਦੀ ਚਿੰਤੀ ਲੱਭ ਲਈ ਕਿਉਂਕਿ ਉਹ ਅਕਸਰ ਇਨ੍ਹਾਂ ਦੇ ਘਰ ਕੰਮ ਕਰਦੀ ਹੁੰਦੀ ਸੀ। ਉਸਨੇ ਉਸਨੂੰ ਸਿਰਫ ਚਾਬੀਆਂ ਹੀ ਨਹੀਂ ਦਿੱਤੀਆਂ, ਸਗੋਂ ਘਰ ਹੀ ਉਹਨੂੰ ਸੰਭਾਲ ਦਿੱਤਾ। ਮੇਲੂ ਨੇ ਆਪਣਾ ਘਰ ਭੀਲੇ ਦਰਜੀ ਨੂੰ ਸੰਭਾਲ ਦਿੱਤਾ ਜਿਹੜਾ ਉਹਦੇ ਨਾਲ਼ ਅਕਸਰ ਕੰਮ ਕਰਾਇਆ ਕਰਦਾ ਸੀ। ਉਹਨਾਂ ਦੇ ਕੱਪੜੇ ਵੀ ਸੇਪੀ ਤੇ ਉਹੀ ਸਿਉਂਦਾ ਹੁੰਦਾ ਸੀ।
......................................
ਆਤੂ ਤੇ ਮੇਲੂ ਇੰਗਲੈਂਡ ਵਿੱਚ ਬੁੱਢੇ ਹੋ ਕੇ ਅਜੇ 10 ਕੁ ਸਾਲ ਪਹਿਲਾਂ ਹੀ ਪੂਰੇ ਹੋਏ ਹਨ। ਜਦ ਮੈਂ ਇੰਗਲੈਂਡ ਘੁੰਮਣ ਫਿਰਨ ਗਿਆ ਤਾਂ ਮੈਂ ਆਤੂ ਅਤੇ ਮੇਲੂ ਨੂੰ ਵੀ ਮਿਲਿਆ ਸਾਂ। ਆਤੂ ਤਾਂ ਪੂਰਾ ਅੰਨ੍ਹਾਂ ਹੋ ਚੁਕਾ ਸੀ ਤੇ ਮੇਲੂ ਦੇ ਗੋਡੇ ਕੰਮ ਨਹੀਂ ਸਨ ਕਰਦੇ। ਉਮਰਾਂ ਉਨ੍ਹਾਂ ਦੀਆਂ 80 ਕੁ ਸਾਲ ਦੀਆਂ ਸਨ। ਜਦ ਮੈਂ ਆਤੂ ਨੂੰ ਮਿਲਿਆ ਤਾਂ ਉਹ ਖੁਸ਼ ਤਾਂ ਹੋਇਆ ਹੀ, ਲੇਕਿਨ ਉਦਾਸ ਵੀ ਬਹੁਤ ਸੀ। ਕਹਿਣ ਲੱਗਾ, ''ਬਾਈ ਸਿਹਾਂ, ਤੂੰ ਮੈਨੂੰ ਮਿਲਣ ਆਇਆ ਏਂ। ਮੈਥੋਂ ਖੁਸ਼ੀ ਸੰਭਾਲੀ ਨਹੀਂ ਜਾਂਦੀ। ਮੈਨੂੰ ਤੇਰੇ ਕੋਲੋਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆ ਰਹੀ ਏ। ਖੁਸ਼ੀ ਦੇ ਨਾਲ ਨਾਲ ਇੱਕ ਦੁੱਖ ਵੀ ਏ। ਉੱਥੇ ਵੱਡੇ ਵੱਡੇ ਘਰ ਬਣਾਉਂਦੇ ਰਹੇ। ਸੋਚਦੇ ਸੀ ਕਿ ਔਲਾਦ ਉੱਥੇ ਜਾਇਆ ਕਰੂ। ਸਾਡੇ ਲੜਕੇ ਤਾਂ ਇੱਕ ਦੋ ਵਾਰ ਜਾ ਆਏ। ਸਾਡੇ ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਤਾਂ ਉੱਧਰ ਨੂੰ ਮੂੰਹ ਵੀ ਨਹੀਂ ਕਰਦੇ।ਉਹ ਇੱਥੋਂ ਕੈਨੇਡਾ ਅਮਰੀਕਾ ਤਾਂ ਗੇੜੇ ਮਾਰ ਆਉਂਦੇ ਹਨ ਪਰ ਪੰਜਾਬ ਵਲ ਜਾ ਕੇ ਰਾਜੀ ਨਹੀਂ। ਜਮੀਨਾਂ ਠੇਕੇ ਤੇ ਦੇ ਦਿੱਤੀਆਂ ਸੀ। ਠੇਕੇ ਤੇ ਲੈਣ ਵਾਲ਼ੇ ਅੱਧਾ ਪਚੱਧਾ ਠੇਕਾ ਮਾਰਨ ਲਗ ਪਏ। ਕਹਿਣ ਲੱਗੇ ਪਏ-'ਫਸਲ ਹੀ ਨਹੀਂ ਹੋਈ। ਸੋਕਾ ਪੈ ਗਿਆ। ਹੜ੍ਹ ਆ ਗਏ। ਖੜ੍ਹੀ ਫਸਲ ਤਬਾਹ ਹੋ ਗਈ।' ਪਹਿਲਾਂ ਇੱਕ ਆਇਆ ਤਾਂ ਚਾਬੀਆਂ ਕਿਸੇ ਨੇੜਲੇ ਰਿਸ਼ਤੇਦਾਰ ਨੂੰ ਦੇ ਆਇਆ। ਫਿਰ ਉਹ ਰਿਸ਼ਤੇਦਾਰ ਵੀ ਇੱਧਰ ਨੂੰ ਆ ਗਿਆ। ਉਹ ਚਾਬੀਆਂ ਕਿਸੇ ਕੰਮੀ ਨੂੰ ਦੇ ਆਇਆ। ਕੰਮੀਆਂ ਨੇ ਬਿਜਲੀ ਦੇ ਬਿੱਲਾਂ ਦੇ ਪੈਸੇ ਮੰਗੇ ਉਹ ਵੀ ਅਸੀਂ ਭੇਜਦੇ ਰਹੇ। ਕੰਮੀਆਂ ਦੇ ਬੱਚਿਆਂ ਦੇ ਵਿਆਹਾਂ ਤੇ ਵੀ ਅਸੀਂ ਉਹਨਾਂ ਨੂੰ ਪੈਸੇ ਭੇਜਦੇ ਰਹੇ ਕਿਉਂਕਿ ਉਨ੍ਹਾਂ ਨੇ ਸਾਡੇ ਘਰ ਸੰਭਾਲੇ ਹੋਏ ਸਨ। ਹੁਣ ਤਾਂ ਇਹ ਹਾਲ ਏ ਕਿ ਕੰਮੀ ਵੀ ਪੰਜਾਬ ਤੋਂ ਬਾਹਰ ਨੂੰ ਦੌੜਨ ਲੱਗ ਪਏ ਹਨ। ਉਹ ਚਾਬੀਆਂ ਕਿਹਨੂੰ ਸੰਭਾਲ ਕੇ ਆਉਣਗੇ? ਯੂ.ਪੀ, ਬਿਹਾਰ ਦੇ ਭਈਆਂ ਨੂੰ? ਬਾਈ ਸਿਹਾਂ, ਮੈਂ ਚਾਬੀਆਂ ਸੰਭਾਲਣ ਲਈ ਕਿਹਨੂੰ ਲੱਭਾਂ? ਮੈਂ ਜਮੀਨ ਜਾਇਦਾਦ ਦੀ ਰਖਵਾਲੀ ਤੇ ਸੌਦੇ ਲਈ ਮੁਖਤਿਆਰਨਾਮਾ ਕਿਹਨੂੰ ਦੇਵਾਂ? ਉੱਥੇ ਕੋਈ ਸਾਡੀ ਬੁੱਕਲ ਦਾ ਬੰਦਾ ਬਚਿਆ ਹੀ ਨਹੀਂ। ਬਾਈ ਸਿਹਾਂ, ਮੈਂ ਮੰਨਦਾ ਹਾਂ ਕਿ ਪਰਦੇਸ ਵਿੱਚ ਸੋਨੇ ਦਾ ਮੀਂਹ ਪੈਂਦਾ ਏ ਤੇ ਆਪਣੇ ਦੇਸ ਵਿੱਚ ਪੱਥਰਾਂ ਦਾ, ਫਿਰ ਵੀ ਆਪਣਾ ਦੇਸ ਚੰਗਾ ਹੁੰਦਾ ਏ।''
''ਆਪਣਾ ਦੇਸ਼ ਚੰਗਾ ਉਦੋਂ ਹੁੰਦਾ ਏ ਜਦੋਂ ਉੱਥੇ ਸਿਸਟਮ ਵਧੀਆ ਹੋਵੇ। ਗੋਰਿਆਂ ਨੇ ਆਪਣੇ ਦੇਸ਼ ਦਾ ਸਿਸਟਮ ਇੰਨਾ ਵਧੀਆ ਬਣਾਇਆ ਹੋਇਆ ਏ ਕਿ ਲੋਕ ਉੱਥੇ ਨੂੰ ਦੌੜੇ ਆਉਂਦੇ ਹਨ। ਉੱਥੇ ਪਹੁੰਚਣ ਲਈ ਅੰਤਾਂ ਦੇ ਪੈਸੇ ਖਰਚਣ ਲਈ ਵੀ ਤਿਆਰ ਹਨ। ਗੋਰਿਆਂ ਨੂੰ ਪਤਾ ਏ ਕਿ ਜਿਹੜੇ ਇੱਕ ਵਾਰ ਉਨ੍ਹਾਂ ਦੇ ਦੇਸ਼ ਵਿੱਚ ਆ ਗਏ ਉਨ੍ਹਾਂ ਦੀਆਂ ਅਗਲੀਆਂ ਪੁਸ਼ਤਾਂ ਵਾਪਿਸ ਨਹੀਂ ਜਾਣਗੀਆਂ। ਇਹ ਪੁਸ਼ਤਾਂ ਤਾਂ ਪਿੱਛੇ ਦਾ ਸਭ ਕੁਝ ਵੇਚ ਵੱਟ ਕੇ, ਇੱਕ ਦਿਨ ਇਧਰ ਨੂੰ ਹੀ ਲੈ ਆਉਣਗੀਆਂ। ਇਹਨੂੰ ਕਹਿੰਦੇ ਆ ਕੂਟਨੀਤੀ ਤੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੁੰ ਆਪਣੇ ਦੇਸ਼ਾਂ ਵਿੱਚ ਪੱਕੇ ਤਾਲ਼ੇ ਲਗਾਉਣੇ! ਲੋਕ ਦੌੜੇ ਵੀ ਆਉਣ, ਪੈਸਾ ਵੀ ਖਰਚ ਕਰਨ ਤੇ ਆਉਣ ਵਾਲੀਆਂ ਪੁਸ਼ਤਾਂ ਪੱਕੀਆਂ ਗੁਲਾਮ ਵੀ ਬਣ ਜਾਣ ਤੇ ਉੱਧਰਲਾ ਸਭ ਕੁਝ ਵੇਚ ਵੱਟ ਕੇ ਇੱਧਰ ਨੂੰ ਲੈ ਆਉਣ।''
ਆਪ ਸੋਚਾਂ ਦੇ ਸਮੁੰਦਰ ਵਿੱਚ ਡੁੱਬਾ ਹੋਇਆ ਤੇ ਮੈਨੂੰ ਬੋਲਦੇ ਨੂੰ ਸੁਣਦਾ ਹੋਇਆ ਆਤੂ ਅੰਤਾਂ ਦਾ ਭਾਵੁਕ ਹੋ ਗਿਆ। ਉਸਦੀਆਂ ਅੱਖਾਂ ਨਮ ਹੋ ਗਈਆਂ। ਪਿਸ਼ੌਰਾ ਉਸਨੂੰ ਢਾਰਸ ਦਿੰਦਾ ਹੋਇਆ ਮੈਨੂੰ ਉਸ ਪਾਸੋਂ ਉਠਾ ਕੇ ਉੱਪਰ ਆਪਣੇ ਕਮਰੇ ਵਿੱਚ ਲੈ ਗਿਆ। ਉਹ ਤਾਂ ਮੇਰੇ ਹਾਣ ਦਾ ਹੀ ਸੀ। ਉਹ ਮੇਰੀ ਜਮਾਤ ਵਿੱਚੋਂ ਨਾਮਾ ਕਟਵਾ ਕੇ ਉਦੋਂ ਸੰਨ 64 ਵਿੱਚ ਇੰਗਲੈਂਡ ਨੂੰ ਆਇਆ ਸੀ। ਫਿਰ ਮੈਂ ਉਸ ਨਾਲ਼ ਇੰਗਲੈਂਡ ਅਤੇ ਪੰਜਾਬ ਬਾਰੇ ਢੇਰ ਸਾਰੀਆਂ ਗੱਲਾਂ ਕੀਤੀਆਂ।