ਧੀ ਨਾਲ ਹੀ ਸੋਂਹਦਾ ਸੱਭਿਆਚਾਰ - ਸੁਖਪਾਲ ਸਿੰਘ ਗਿੱਲ

ਧੀ ਸੱਭਿਆਚਾਰ ਦੀ ਇਕਾਈ ਹੈ ਇਸ ਤੋਂ ਬਿਨ੍ਹਾਂ ਸੱਭਿਆਚਾਰ ਬੇ-ਜਾਨ ਹੁੰਦਾ ਹੈ।ਜਿਵੇਂ ਸਿੱਕੇ ਦੀ ਕੀਮਤ ਦੋਵੇ ਪਾਸਿਆਂ ਨਾਲ ਹੁੰਦੀ ਹੈ।ਉਸੇ ਤਰ੍ਹਾਂ ਸੱਭਿਆਚਾਰ ਦੀ ਕੀਮਤ ਇਸਦੇ ਅੰਗਾਂ ਅਤੇ ਧੀਆਂ ਨਾਲ ਹੁੰਦੀ ਹੈ।ਸੱਭਿਆਚਾਰ ਦਾ ਅੰਗ ਚਰਖਾ, ਕਿੱਕਲੀ,ਖੂਹ,ਗੁੱਡੀਆਂ,ਪਟੋਲੇ,ਖੇਤ ਅਤੇ ਢੋਲ ਮਾਹੀ ਸਭ ਧੀ ਤੋਂ ਬਿਨ੍ਹਾਂ ਨਾ-ਹੋਇਆ ਲੱਗਦਾ ਹੈ।
    ਬਾਬਲ ਦੇ ਵਿਹੜੇ ਦਾ ਸ਼ਿੰਗਾਰ ਧੀ ਜਦੋਂ ਸਹੁਰੇ ਘਰ ਵਿਦਾ ਹੁੰਦੀ ਹੈ ਤਾਂ ਸਭ ਕੁੱਝ ਪਲਟਿਆਂ ਜਾਂਦਾ ਹੈ।ਹੁਣ ਧੀ ਨੂੰ ਬਹੂ,ਨੂੰਹ ਅਤੇ ਭਰਜਾਈ ਆਦਿ ਵਿੱਚ ਬਦਲਣਾ ਅਤੇ ਗਵਾਚਣਾ ਪੈਂਦਾ ਹੈ।ਪੰਜਾਬੀਅਤ ਦਾ ਮਾਣਮੱਤਾ ਗਾਇਕ ਹਰਭਜਨ ਮਾਨ ਜਦੋਂ ਇਹ ਗਾਣਾ:-
    “ ਵੱਸਦਾ ਰਹੇ ਮੇਰੇ ਬਾਬਲ ਦਾ ਵਿਹੜਾ ਧੀਆਂ ਦੀ ਇਹੋ ਦੁਆ”
ਗਾੳਂੁਦਾ ਹੈ ਤਾਂ ਸੱਭਿਆਚਾਰ ਸ਼ਿਖਰਾਂ ਛੂੰਹ ਰਿਹਾ ਹੁੰਦਾ ਹੈ।ਸੱਭਿਆਚਾਰ ਧੀ ਦੇ ਜਨਮ ਤੋਂ ਬੁਢਾਪੇ ਤੱਕ ਵੱਖ-ਵੱਖ ਪੜਾਵਾਂ ਵਿੱਚ ਗੂੰਜਦਾ ਹੈ।ਕਿੱਕਲੀ ਤੋਂ ਲੈ ਕੇ ਅਰਥੀ ਤੱਕ ਰਸਮ ਰਿਵਾਜ ਧੀ ਨਾਲ ਬੰਨੇ੍ਹ ਹੋਏ ਹਨ:-
    “ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦਪੁੱਟਾ ਮੇਰੇ ਭਾਈ ਦਾ ਫਿੱਟੇ ਮੂੰਹ ਜਵਾਈ ਦਾ”
    ਮੁਕਲਾਵੇ ਜਾਂਦੀ ਧੀ ਚੰਨ ਮਾਹੀ ਨੂੰ ਇਉਂ ਟਕੋਰਾ ਕਰਦੀ ਹੈ:-
    “ ਮੈ ਤਾਂ ਕੁੜੀਆਂ ਦਾ ਦਿਲ ਪ੍ਰਚਾਵਾਂ ਰੋਂਦੀ ਨਾਂ ਤੂੰ ਜਾਣੀ ਸੋਹਣਿਆਂ”
ਸੱਸ ਨਾਲ ਸਹੁਰੇ ਘਰ 36 ਦਾ ਅੰਕੜਾ ਇਉਂ ਉਜਾਗਰ ਕਰਦੀ ਹੈ:-
    “ ਸੁਥਣੇ ਸੱਤ ਰੰਗੀਏ ਤੈਨੂੰ ਸੱਸ ਮਰੀ ਤੇ ਪਾਵਾਂ”
ਸਮੇਂ ਦੇ ਬਦਲੇ ਵੇੇਗ ਨੇ ਸੱਭਿਆਚਾਰ ਨੂੰ ਪ੍ਰਭਾਵਿਤ ਕੀਤਾ ਹੈ।ਸਮੇਂ ਦਾ ਹਾਣੀ ਬਣਨ ਵਿੱਚ ਪਿੱਛੇ ਰਹਿ ਗਿਆ ਹੈ।ਧੀ ਦਾ ਸੱਭਿਆਚਾਰ ਗ੍ਰਸ ਗਿਆ ਹੈ।ਹਿੰਸਾ ਬਲਾਤਕਾਰ,ਦਰਿੰਦਗੀ ਅਤੇ ਕੁੱਝ ਧੀਆਂ ਦੇ ਬਾਬਲ ਦੀ ਪੱਗ ਨੂੰ ਦਾਗ ਲਾਉਣ ਦੇ ਕੰਮਾਂ ਨੇ ਧੀ ਪ੍ਰਤੀ ਸਮਾਜ ਦਾ ਨਜ਼ਰੀਆਂ ਬਦਲਿਆ ਹੈ।ਪਿੰਡਾਂ ਦੀ ਭਾਸ਼ਾ ਵਿੱਚ
        “ਧੀ ਤੋਂ ਨਾਂ ਡਰੋਂ ਧੀ ਦੇ ਕਰਮਾਂ ਤੋਂ ਡਰੋ”
ਲਾਗੂ ਹੋ ਚੁੱਕਾ ਹੈ।ਇਹਨਾਂ ਕਾਰਨਾਂ ਕਰਕੇ ਧੀ ਪ੍ਰਤੀ ਸੱਭਿਆਚਾਰ ਦਾ ਮੇਲ ਘਸਮੈਲਾ ਹੋ ਚੁੱਕਾ ਹੈ।ਪੰਜਾਬ ਦੇ ਰਸਮ ਰਿਵਾਜ  ਅਤੇ ਸੱਭਿਆਚਾਰ ਵਿੱਚ ਹਰਭਜਨ ਮਾਨ ਅਤੇ ਗੁਰਦਾਸ ਮਾਨ ਵਰਗੇ ਕਲਾਂਕਾਰਾਂ ਨੇ ਧੀ ਦੇ ਸੱਭਿਆਚਾਰ ਨਾਲ ਮੇਲ ਦੀ ਗਵਾਹੀ ਕਾਇਮ ਰੱਖੀ ਹੋਈ ਹੈ।ਹਕੀਕਤ ਵਿੱਚ ਹਲਾਤ ਵੱਖਰੇ ਚੱਲ ਰਹੇ ਹਨ।ਮੁੱਕਦੀ ਗੱਲ ਧੀ ਬਿਨਾਂ ਸੱਭਿਆਚਾਰ ਅਧੂਰਾ ਲੱਗਦਾ ਹੈ ਅਤੇ ਸੱਭਿਆਚਾਰ ਬਿਨਾਂ ਮਾਣਮੱਤੀਆਂ ਧੀਆਂ ਵੀ ਮਹਿਕ ਨਹੀਂ ਬਖੇਰ ਸਕਦੀਆਂ।
                                    ਸੁਖਪਾਲ ਸਿੰਘ ਗਿੱਲ
                                    ਫੋਨ:-98781-11445