ਹਨੇਰਿਆਂ 'ਚ‌ ਬਲਦਾ ਚਿਰਾਗ਼ 'ਜਸਪਾਲ ਜੱਸੀ' - ਤਰਸੇਮ ਬਸ਼ਰ।

ਜਸਪਾਲ ਜੱਸੀ ਨਾਲ ਸਮੱਸਿਆ ਇਹ ਹੈ ਕਿ ਜਦੋਂ ਅਸੀਂ ਪੰਜ ਚਾਰ ਲੇਖਕ ਬਠਿੰਡੇ ਦੇ ਕਿਸੇ ਬਾਗ਼ ਜਾਂ ਕਿਸੇ ਹੋਰ ਠਹਿਰ ਤੇ  ਇਕੱਠੇ ਹੁੰਦੇ ਹਾਂ ਤਾਂ ਸਭ ਤੋਂ ਵੱਧ ਸਮਾਂ ਜੱਸੀ ਲੈ ਜਾਂਦਾ  ਹੈ ...ਇਹ ਸ਼ਾਇਦ ਇਸ ਕਰਕੇ ਹੁੰਦਾ ਹੈ ਕਿ ਉਹ ਸਾਹਿਤ ਦਾ ਲੈਕਚਰਾਰ ਸੀ ਚੌਂਤੀ ਵਰ੍ਹਿਆਂ ਤੱਕ ਸਾਹਿਤ ਪੜ੍ਹਾਇਆ ਹੈ  ..ਉਸ ਕੋਲ ਸੁਣਾਉਣ ਲਈ ਬਹੁਤ ਕੁਝ ਹੁੰਦਾ ਹੈ  ਪਰ ਘੱਟ ਸਮਾਂ ਮਿਲਣ ਕਰ ਕੇ ਬਾਕੀ ਦੋਸਤ ਕੁੜ੍ਹੇ ਹੋਏ ਵੀ ਹੁੰਦੇ ਹਨ ਪਰ ਜਲਦੀ ਹੀ ਨਜ਼ਾਰਾ ਬਦਲ ਜਾਂਦਾ  ਹੈ  i ਕਿਸੇ ਚੰਗੀ ਸਾਹਿਤਕ ਰਚਨਾ 'ਤੇ ਉਹ ਖੁਸ਼ ਹੋ ਜਾਂਦਾ ਹੈ ਤੇ ਇਸ ਤਰ੍ਹਾਂ  ਬਗਲਗੀਰ ਹੁੰਦਾ ਹੈ ਕਿ  ਤੁਸੀਂ ਸਭ ਕੁਝ ਭੁੱਲ ਜਾਂਦੇ ਹੋ ਉਹ ਵੱਡਾ ਹੋ ਕੇ ਛੋਟਾ ਹੋ ਜਾਂਦਾ  ਹੈ। ਦਰਅਸਲ ਜਸਪਾਲ ਜੱਸੀ ਨਾਲ ਮੇਰੀ ਮੁਲਾਕਾਤ ਦੇਰ ਨਾਲ ਹੋਈ । ਉਦੋਂ ਹੋਈ ਜਦੋਂ ਤੱਕ ਉਸ ਦੀਆਂ ਪੰਜ  ਕਿਤਾਬਾਂ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਗਈਆਂ ਸਨ ।‌ "ਇੱਕ ਤੋਰ ਇਹ ਵੀ " ਜੇਲ੍ਹ ਜੀਵਨ 'ਚੋਂ , ਜੇਲ੍ਹ ਯਾਤਰਾ ਹੈ ਜੋ ਉਸ ਨੇ ਖ਼ੁਦ ਹੰਢਾਈ ਜਦੋਂ ਉਹ ਅਧਿਆਪਕ ਸੰਗਠਨ ਦਾ ‌ਕਾਰਕੁਨ ਸੀ‌ ਤੇ‌‌ ਸਰਕਾਰ ਨੇ ਅਧਿਆਪਕ ਆਗੂਆਂ ਨੂੰ ਇੱਕ ਮਹੀਨੇ ਲਈ ਬੂੜੈਲ ਜੇਲ੍ਹ ਚੰਡੀਗੜ੍ਹ ਵਿੱਚ ‌ਡੱਕ‌ ਦਿੱਤਾ‌ ਸੀ  ਵਾਰਤਕ ਦੀ ਪੁਸਤਕ ਹੈ‌ ਜਿਸ ਦੀ ‌ਭਰਭੂਰ ਚਰਚਾ ਰਹੀ। ਇਸ ਉਪਰੰਤ ‌ਇਹ ਸਿਲਸਿਲਾ ਚਲਦਾ ਰਿਹਾ। "ਚਿਡ਼ੀਆਂ ਜਾਗ ਪਈਆਂ" ਅਤੇ" ਭਰਨ ਤੋਂ ਫਿੱਸਨ ਤੱਕ "ਨਾਟਕ ਸੰਗ੍ਰਹਿ"  ਪਜੇਬਾਂ ਛਣਕ  ਪਈਆਂ" ਗੀਤ ਸੰਗ੍ਰਹਿ ਅਤੇ " ਹਰਫ਼ਾਂ ਦੀ ਤਾਸੀਰ"  ਕਵਿਤਾ ਸੰਗ੍ਰਹਿ  ..ਆਪਣੀ ਸਵੈ ਜੀਵਨੀ ਦੇ ਅੰਸ਼ "ਜਦੋਂ ਸੂਰਜ ਠੰਢਾ ਹੋਇਆ" ਉਹ ਲਿਖ ਰਿਹਾ ਹੈ l ਚਰਚਾ ਕਿਤਾਬਾਂ ਦੀ ਵੀ ਸੁਣੀ ਸੀ ਤੇ ਜਸਪਾਲ ਜੱਸੀ ਦੀ ਵੀ  l  ਅਕਸਰ ਸਾਹਤਿਕ ਦੋਸਤਾਂ ਵਿਚ ਬੈਠਿਆਂ  ਜਸਪਾਲ ਜੱਸੀ ਦੀ ਗੱਲ ਚੱਲਣੀ ਪਰ ਮੈਂ ਜਸਪਾਲ ਜੱਸੀ ਨੂੰ ਨਹੀਂ ਸੀ ਦੇਖਿਆ ਉਹ ਸ਼ਹਿਰ ਵਿਚ ਹੋਣ ਵਾਲੀਆਂ ਅਦਬੀ ਬੈਠਕਾਂ ਵਿਚ ਵੀ ਤਾਂ ਨਹੀਂ ਸੀ ਆਇਆ ਕਦੇ‌ l  
ਕਾਰਨ ਮੈਨੂੰ ਬਾਅਦ ਵਿਚ ਪਤਾ ਲੱਗਿਆ। ਹੁਣ ਜਦੋਂ ਮਿਲਦਿਆਂ ਦੋ ਸਾਲ ਦੇ ਲੱਗਪਗ ਦਾ ਅਰਸਾ ਹੋ ਗਿਆ ਹੈ ਤਾਂ ਮੈਨੂੰ ਉਸ ਬਾਰੇ ਫੈਲੀਆਂ ਮਿੱਥਾਂ 'ਤੇ ਹਾਸਾ ਆਉਂਦਾ ਹੈ ।  ਸ਼ਹਿਰ ਦੀਆਂ ਅਦਬੀ ਬੈਠਕਾਂ ਵਿਚ ਉਸ ਦੇ ਨਾ ਆਉਣ ਦੇ ਦੱਸੇ ਜਾਂਦੇ ਕਾਰਨ 'ਤੇ ਵੀ । ਉਹ ਗਰੂਰ ਤੋਂ ਵੀ ਪਰ੍ਹੇ ਹੈ ਤੇ ਮਿਲਾਪੜਾ ਵੀ ਹੈ  l ਉਹ ਦੋਸਤਾਂ ਦੇ ਕੰਮ ਆਉਂਦਾ ਹੈ ਤੇ ਉਹ ਕੰਮ ਇਸ ਲਈ ਨਹੀਂ ਆਉਂਦਾ ਕਿ ਕੋਈ ਉਸ ਨੂੰ ਚੰਗਾ ਕਹੇ ।‌ ਇਹ ਉਸ ਦਾ ਸੁਭਾਅ ਹੈ ਮਜ਼ਬੂਰੀ ਵੀ।
               ਜਸਪਾਲ ਜੱਸੀ ਖੁਸ਼ਕਿਸਮਤ ਰਿਹਾ ਕਿ ਉਸ ਨੂੰ ਪੇਸ਼ਾ ਉਸ ਦੀ ਜ਼ਹਿਨੀਅਤ ਮੁਤਾਬਕ ਮਿਲਿਆ  l ਉਹ ਪੰਜਾਬੀ ਲੈਕਚਰਾਰ  ਦੇ ਅਹੁਦੇ ਤੋਂ ਰਿਟਾਇਰ ਹੋਇਆ ਹੈ। ਪੰਜਾਬੀ ਸਾਹਿਤ ਪੜ੍ਹਾਇਆ ਵੀ ਪੜ੍ਹਿਆ ਵੀ ਤੇ ਲਿਖਿਆ ਵੀ । ਉਹ ਪਰਦਾ ਨਾਟ ਵਿਧਾ ਲਿਖ ਕੇ ਜ਼ਿਆਦਾ ਸਕੂਨ ਮਹਿਸੂਸ ਕਰਦਾ ਹੈ ..ਭਾਵੇਂ ਕਿ ਕਾਵਿ ਵਿਧਾ ਜਾਂ ਵਾਰਤਕ ਦੀਆਂ ਸ਼ੈਲੀਆਂ ਵਿਚ ਵੀ ਉਹਦਾ ਹੱਥ ਤੰਗ ਨਹੀਂ ਹੈ  l ਮੈਂ ਮਹਿਸੂਸ ਕੀਤਾ ਹੈ ਕਿ ਸਾਹਿਤਕ  ਰੁਚੀਆਂ ਲਈ ਉਹ ਕਾਫ਼ੀ ਸਮਾਂ ਕੱਢਦਾ ਹੈ ਤੇ ਸਾਹਿਤ ਰਚਨਾ ਉਸ ਵਾਸਤੇ  ਥਕਾਊ ਕਤਈ  ਨਹੀ ਹੈ। ਉਸ ਦੀਆਂ ਲਿਖਤਾਂ ਵਿਚ ਸਿਰਜਣਾਤਮਕ ਕਿਰਿਆ ਜ਼ਿਆਦਾ ਝਲਕਦੀ ਹੈ  l ਉਸ ਦੀਆਂ ਲਿਖਤਾਂ ਵਿਚ ਚਿਥੇ ਹੋਏ ਵਿਚਾਰ, ਬੇਹੇ ਕਿਰਦਾਰ ਅਤੇ ਦੁਹਰਾਈਆਂ ਗੱਲਾਂ ਦਾ ਜ਼ਿਕਰ ਨਹੀਂ ਮਿਲਦਾ  l ਉਹ ਮੌਲਿਕ ਸਿਰਜਣਾ ਦਾ ਹਾਮੀ ਹੈ।
            ਉਹ ਜਿੱਥੇ ਕੋਮਲ ਦਿਲ ਹੈ ਉੱਥੇ ਹੀ ਉਸ ਕੋਲ  ਸੂਖਮ ਨਜ਼ਰ ਵੀ ਹੈ, ਉਨ੍ਹਾਂ ਵਰਤਾਰਿਆਂ ਨੂੰ ਤੱਕਣ ਦੀ ਜਿਸ ਨੂੰ ਆਮ ਬੰਦਾ ਨਹੀਂ ਤੱਕਦਾ । ਜੇ ਤੁਸੀਂ ਵੀ ਉਸ ਦਾ ਨਾਟਕ ਸੰਗ੍ਰਹਿ" ਭਰਨ ਤੋਂ ਫਿੱਸਨ ਤੱਕ" ਪੜ੍ਹਿਆ ਹੈ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਉਹ ਕਿਰਦਾਰ ਹਰ ਪਿੰਡ ਵਿਚ ਹਨ  ਸਾਡੇ ਆਲੇ ਦੁਆਲੇ ਵੀ ਹਨ   ..ਪਰ ਉਨ੍ਹਾਂ ਦੀ ਉਂਗਲ ਜਸਪਾਲ ਜੱਸੀ ਨੇ ਫੜੀ ਤੇ ਦੁਨੀਆਂ ਦੀ ਨਜ਼ਰ ਕਰ ਦਿੱਤਾ  ਹੈ l   ਉਸਦੇ ਨਾਟਕਾਂ ਦੇ ਕਿਰਦਾਰ ਸੁਭਾਵਕ ਹਨ, ਬੋਲੀ ਸੁਭਾਵਕ, ਈਰਖਾ ਸੁਭਾਵਕ ,ਮੁਹੱਬਤ ਵੀ ਸੁਭਾਵਕ। ਉਹ ਕਿਸੇ ਕਿਰਦਾਰ ਨਾ ਤਾਂ ਨਾਇਕ ਬਣਾ ਕੇ ਪੇਸ਼ ਕਰ ਰਿਹਾ ਹੁੰਦਾ ਹੈ ,ਨਾ ਹੀ ਖਲਨਾਇਕ ...ਉਹ ਉਨ੍ਹਾਂ ਨੂੰ ਸੁਭਾਵਿਕ ਰੂਪ ਵਿੱਚ ਤੁਹਾਡੇ ਅੱਗੇ ਪੇਸ਼ ਕਰ ਦਿੰਦਾ ਹੈ, ਉਹ ਤੁਹਾਡੇ ਉੱਤੇ ਛੱਡ ਦਿੰਦਾ ਹੈ ਕਿ ਤੁਸੀਂ ਉਸਦੇ ਬਾਰੇ ਕੀ ਰਾਇ ਬਣਾਉਣੀ ਹੈ  l  
                    ਮੇਰੇ ਸੁਭਾਅ ਦੇ ਉਲਟ ਜਸਪਾਲ ਜੱਸੀ ਨਫ਼ਾਸਤ ਪਸੰਦ ਹੈ । ਬੋਲਣ ਵਿਚ ਵੀ ਪਹਿਨਣ ਵਿਚ ਵੀ, ਇੱਥੋਂ ਤੱਕ ਕਿ ਉਸ ਦੀ ਵਾਰਤਕ ਵਿਚ ਵੀ ਨਫ਼ਾਸਤ ਹੈ l  ਉਸ ਨੇ ਯੂਨੀਅਨ ਦੇ ਆਗੂ ਹੋਣ ਦੇ ਨਾਤੇ ਜਦੋਂ ਬੁੜੈਲ ਜੇਲ੍ਹ ਵਿੱਚ ਮਹੀਨਾ ਗੁਜ਼ਾਰਿਆ ਤਾਂ ਉਸ ਦੀ ਪਹਿਲੀ ਕਿਤਾਬ ਨੇ ਜਨਮ ਲਿਆ  l  ਇਹ ਜੀਵਨੀ ਦੇ ਅੰਸ਼ ਸਨ ਜੇਲ੍ਹ ਵਿਚ ਮਿਲੇ ਤਜਰਬਿਆਂ ਦਾ ਵਰਣਨ  l ਦਿਲਚਸਪ ਵਰਣਨ ਜੋ ਬਾਹਰ ਦੇ ਲੋਕ ਨਹੀਂ ਜਾਣਦੇ  l ਕਿਤਾਬ ਦੀ ਚਰਚਾ ਵੀ ਹੋਈ ,ਪਸੰਦ ਵੀ ਕੀਤੀ ਗਈ ਤੇ ਪਹਿਲਾ ਐਡੀਸ਼ਨ ਕੁਝ ਦਿਨਾਂ ਵਿਚ ਹੀ ਖਤਮ ਹੋ ਗਿਆ ਸੀ।
                  ਤੁਸੀਂ ਜਸਪਾਲ ਜੱਸੀ ਨੂੰ ਪਹਿਲੀ ਵਾਰ ਮਿਲੇ ਤਾਂ ਤੁਹਾਨੂੰ ਸੰਕੋਚ ਹੁੰਦਾ ਰਹੇਗਾ....ਕਿਸੇ ਲੇਖਕ ਦੀ ਬਜਾਏ ਥੋਨੂੰ ਉਹ ਪ੍ਰਿੰਸੀਪਲ ਪ੍ਰੋਫੈਸਰ  ਜਾਂ ਕੋਈ ਅਫ਼ਸਰ ਮਹਿਸੂਸ ਹੋਏਗਾ  i ਇਕ ਰੋਆਬਦਾਰ ਦਿੱਖ  l ਫਿਰ ਤੁਸੀਂ ਉਸ ਨਾਲ ਕੁਝ ਗੱਲਾਂ ਕਰ ਲਓਗੇ ਤਾਂ ਇਕ ਨਵਾਂ ਜੱਸੀ ਤੁਹਾਡੇ ਸਾਹਮਣੇ ਹੋਵੇਗਾ  l ਸਧਾਰਨ, ਨਿਮਰ ਤੇ ਸੰਜੀਦਾ  l  
                ਹਰਿਆਣਾ ਦੀ ਹੱਦ ਨਾਲ ਲੱਗਦਾ ਪਿੰਡ ਡਸਕਾ ਮਸ਼ਹੂਰ ਪਿੰਡ ਹੈ  l ਲੋਕ ਗੀਤਾਂ ਵਿਚ ਡਸਕੇ ਦਾ ਨਾਂ ਮੈਂ ਕਈ ਵਾਰ ਸੁਣਿਆ ਹੈ  l ਲੈਕਚਰਾਰ ਜਸਪਾਲ ਜੱਸੀ ਦਾ ਪਿਛੋਕੜ ਇਸ ਪਿੰਡ ਦਾ ਹੈ  ਭਾਵੇਂ ਉਨ੍ਹਾਂ ਉਸ ਦਾ ਜਨਮ ਬੁਢਲਾਡਾ ਮੰਡੀ ਵਿਖੇ ਹੋਇਆ i ਇੱਕ ਛੋਟਾ ਜਿਹਾ ਪੱਛੜਿਆ ਕਸਬਾ   l  ਘਰ ਵਿਚ ਸਾਹਿਤਕ ਮਾਹੌਲ ਸੀ ਪਿਤਾ ਜੀ ਸਮਾਜਕ ਤੌਰ 'ਤੇ ਚੇਤੰਨ  ਤੇ ਕੁਝ ਕਰਨ ਦਾ ਜਜ਼ਬਾ ਰੱਖਣ ਵਾਲੇ ਸਨ  i   ਸਕੂਲ ਪੜ੍ਹਦਿਆਂ ਹੀ ਜਸਪਾਲ ਜੱਸੀ ਨੇ ਕਲਮ ਚਲਾਉਣ ਦਾ ਫ਼ੈਸਲਾ ਕੀਤਾ  ...ਉਸ ਨੇ  ਕੁਝ ਗੀਤ ਲਿਖੇ ਪਰ ਉਸ ਦੇ ਗੀਤ ਸਾਹਿਤਕ ਸਨ। ਉਸ ਦੇ ਗੀਤ ਸਿਰਫ ਸ਼ੌਹਰਤ ਹਾਸਲ ਕਰਨ ਲਈ ਨਹੀਂ ਲਿਖੇ ਉਸ ਦੇ ਗੀਤਾਂ ਵਿੱਚ ਮਕਸਦ ਵੀ ਸੀ ਤੇ ਵਿਰਸੇ ਨਾਲ ਮੁਹੱਬਤ ਸੀ।ਉਸਤਾਦੀ ਸ਼ਗਿਰਦੀ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਉਸ ਨੇ ਬਹੁਤ ਸਾਰੇ ਉਸਤਾਦ ਬਣਾ ਲਏ ਹਨ..ਭਾਵੇਂ ਵਿਰੋਧਾਭਾਸ ਇਹ ਵੀ ਹੈ ਕਿ ਉਹ ਜਲਦੀ ਹੀ ਕਿਸੇ ਤੋਂ ਵੀ ਪ੍ਰਭਾਵਤ ਹੋ ਜਾਂਦਾ ਹੈ l ਇਹ ਉਸ ਦੀ ਵਡਿਆਈ ਹੈ । ਉਸ ਨੇ ਬਾਕਾਇਦਾ ਕਿਸੇ ਉਸਤਾਦ ਤੋਂ ਤਾਲੀਮ ਨਹੀਂ ਲਈ ਪਰ ਜਿਸ ਤੋਂ ਵੀ ਪ੍ਰਭਾਵਤ ਹੁੰਦਾ ਹੈ ਉਸ ਤੋਂ ਸਿੱਖਣ ਦਾ ਯਤਨ ਕਰਦਾ  ਹੈ l ਮੈਂ ਵਾਧੂ ਦੇ ਰੁਦਨ ਦੀ ਗੱਲ ਕਰਾਂ ਤਾਂ ਤੁਸੀਂ ਉਸ ਦੀਆਂ ਕਵਿਤਾਵਾਂ ਪੜ੍ਹ ਲਓ ਤੁਹਾਨੂੰ ਉਸ ਦੇ ਆਸ਼ਾਵਾਦੀ ਹੋਣ ਦੇ ਇਕਰਾਰ ਦਾ ਇਲਮ ਹੋ ਜਾਵੇਗਾ..  l ਉਹ ਆਪਣੀ ਕਵਿਤਾ ਵਿਚ ਸਵੈ ਕਲਾਮ ਤੋਂ ਉੱਠ ਕੇ ਸਮੁੱਚੀ ਮਨੁੱਖਤਾ ਦੇ ਜਾਗਣ ਦਾ ਤਸੱਵਰ ਕਰਦਾ ਹੈ ਉਹ ਰੁਦਨ ਕਰਨ ਤੋਂ ਝਿਜਕਦਾ ਹੈ ਤੇ‌ ਹਨੇਰਿਆਂ ਵਿਚ ਬਲਦੇ ਚਿਰਾਗ ਦਾ ਹਾਮੀ ‌ਬਣਿਆਂ ਖੜ੍ਹਾ ਦਿਖਾਈ ਦਿੰਦਾ ਹੈ। ਇਹ ਠੀਕ ਹੈ ਕਿ ਉਸ ਦੀ ਕਵਿਤਾ ਦੇ ਬਿੰਬ, ਅਲੰਕਾਰ ਕਾਫ਼ੀਏ  ਇਕ ਦੂਜੇ ਨਾਲ ਖਹਿੰਦਿਆਂ ਚੰਗਿਆੜੇ ਨਹੀ ਕੱਢਦੇ ਪਰ ਉਹ ਤੁਹਾਨੂੰ ਚੇਤੰਨ ਕਰਦੇ ਹਨ । ਕਵਿਤਾ ਸਮਾਪਤ ਹੋਣ ਤੇ ਤੁਸੀਂ ਆਸ ਨਾਲ ਭਰੇ ਹੋਏ ਮਹਿਸੂਸ ਕਰਦੇ  ਹੋ...l
               ਨਾਟ ਸੰਗ੍ਰਹਿ ਰਚਨਾ ਕਰਦਿਆਂ ਉਹ ਪੂਰੇ ਜਲੌਅ ਵਿੱਚ ਹੁੰਦਾ ਹੈ  ਆਪਣੇ ਕਿਰਦਾਰਾਂ ਨਾਲ ਇਕ ਮਿਕ  l ਉਹ ਕਿਰਦਾਰਾਂ ਤੋਂ ਉਮੀਦ ਕਰਦਾ ਹੈ ਕਿ ਦੁਨੀਆਂ ਦੀ ਤਰ੍ਹਾਂ ਸੋਚਣ ਪਰ ਆਪ ਇਹ ਨਹੀਂ ਕਰ ਸਕਿਆ । ਉਸ ਨੇ ਬੜੀ ਮਿਹਨਤ ਨਾਲ ਕਿਤਾਬਾਂ ਲਿਖੀਆਂ, ਪੈਸੇ ਖਰਚ ਕਰ ਕੇ ਕਿਤਾਬਾਂ ਛਪਵਾਈਆਂ, ਪ੍ਰੋਗਰਾਮ ਵੀ ਕਰਵਾਏ ਪਰ ਉਸ ਨੂੰ ਨਹੀਂ ਸੀ ਇਲਮ ਇਨ੍ਹਾਂ 'ਤੇ ਰੀਵਿਊ ਵੀ ਲਿਖਵਾਏ ਜਾਂਦੇ ਹਨ  ..ਕਿਤਾਬਾਂ ਨੂੰ ਵਿਦਵਾਨਾਂ ਕੋਲ ਭੇਜਣਾ ਪੈਂਦਾ ਹੈ  ...ਇਹ ਉਹ ਨੇ ਨਹੀਂ ਕੀਤਾ  i  
              ਖ਼ੈਰ ਕੁਝ ਵੀ ਹੋਵੇ ਜੱਸੀ ਸਾਹਿਤਕ ਹੈ  ...ਸਾਹਿਤ ਉਸ ਵਾਸਤੇ ਸਿਰਫ਼ ਸ਼ੌਕ ਮਾਤਰ ਨਹੀਂ ।  ਕਿਤਾਬਾਂ ਲਿਖਣਾ ਸਿਰਫ਼ ਝੱਸ ਪੂਰਾ ਕਰਨਾ ਨਹੀਂ । ਉਹ ਸਾਹਿਤ ਦੀ ਮਹਾਨਤਾ ਨੂੰ ਵੀ ਸਮਝਦਾ ਹੈ ਤੇ ਮਹੱਤਤਾ  ਨੂੰ ਵੀ । ਭਾਵੇਂ ਕਿ ਉਸ ਨੂੰ ਆਪ ਉਹ ਮਹੱਤਤਾ ਨਹੀਂ ਮਿਲੀ ਜਿਸ ਦਾ ਉਹ ਹੱਕਦਾਰ ਸੀ।
ਤਰਸੇਮ ਬਸ਼ਰ।
9915620944
ਬਠਿੰਡਾ।