ਕਿਸਾਨ ਸ਼ੰਘਰਸ਼ -- ਜਿੱਤ ਕਿਸ ਦੀ ਹੋਵੇਗੀ?  - ਗੁਰਚਰਨ ਸਿੰਘ ਨੂਰਪੁਰ

ਧਰਤੀ ਦੇ ਕਿਸੇ ਵੀ ਖਿੱਤੇ ਦੀ ਸਭ ਤੋਂ ਵੱਡੀ ਤਾਕਤ ਉੱਥੋਂ ਦੇ ਲੋਕ ਹੁੰਦੇ ਹਨ। ਆਮ ਤੌਰ 'ਤੇ ਲੋਕ ਸ਼ਕਤੀ ਖਿੰਡੀ-ਪੁੰਡੀ ਰਹਿੰਦੀ ਹੈ। ਸ਼ਾਤਰ ਲੋਕ, ਲੋਕ ਸ਼ਕਤੀ ਦੀ ਖਿੱਲਰੀ ਤਾਕਤ ਦਾ ਫਾਇਦਾ ਉਠਾ ਕੇ ਆਪਣੀ ਸੱਤਾ ਸਥਾਪਤ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ। ਲੋਕ ਸ਼ਕਤੀ ਜਦੋਂ ਇਕੱਠੀ ਹੁੰਦੀ ਹੈ ਤਾਂ ਵੱਡੀਆਂ-ਵੱਡੀਆਂ ਸਲਤਨਤਾਂ ਨੂੰ ਆਪਣੇ ਪੈਰਾਂ ਹੇਠ ਝੁਕਾ ਲੈਂਦੀ ਹੈ। ਹਕੂਮਤਾਂ ਦੇ ਅਮਾਨਵੀ ਵਿਹਾਰ ਨੂੰ ਵੇਖਦਿਆਂ ਕੁਝ ਲੋਕਾਂ ਵਿਚ ਵਕਤੀ ਤੌਰ 'ਤੇ ਇਹ ਭਰਮ ਪੈਦਾ ਹੋ ਜਾਂਦਾ ਹੈ ਕਿ ਵੱਡੀਆਂ ਤਾਕਤਾਂ ਨੂੰ ਸੰਘਰਸ਼ ਕਰਕੇ ਹਰਾਇਆ ਨਹੀਂ ਜਾ ਸਕਦਾ। ਦੁਨੀਆ ਭਰ ਦੇ ਸੰਘਰਸ਼ਸ਼ੀਲ ਲੋਕਾਂ ਦਾ ਰਾਹ ਦਸੇਰਾ ਮਹਾਨ ਕ੍ਰਾਂਤੀਕਾਰੀ ਆਰਨੈਸਟੋ ਚੀ ਗੁਵੇਰਾ ਇਸ ਸਬੰਧੀ ਕਹਿੰਦਾ ਹੈ ਕਿ 'ਹਾਰ ਜਾਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿੱਤਿਆ ਹੀ ਨਹੀਂ ਜਾ ਸਕਦਾ।'
       ਪਿਛਲੇ ਸੱਤ ਮਹੀਨਿਆਂ ਤੋਂ ਦੇਸ਼ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕਰ ਰਹੇ ਹਨ। ਲੋਕ ਸਰਕਾਰ ਦੇ ਹਠ ਨੂੰ ਵੇਖ ਕੇ ਇਹ ਸਵਾਲ ਕਰਦੇ ਹਨ ਕਿ, ਕੀ ਇਹ ਸੰਘਰਸ਼ ਜਿੱਤਿਆ ਜਾ ਸਕੇਗਾ ? ਇਸ ਸਵਾਲ ਦਾ ਜਵਾਬ ਵੀ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਲੱਭਿਆ ਜਾ ਸਕਦਾ ਹੈ। ਕੋਈ ਵੀ ਸੱਤਾ ਭਾਵੇਂ ਉਹ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ ਇਕ ਨਾ ਇਕ ਦਿਨ ਉਸ ਦੇ ਚੜ੍ਹੇ ਪਾਣੀ ਨੇ ਉੱਤਰ ਜਾਣਾ ਹੁੰਦਾ ਹੈ। ਇਤਿਹਾਸ ਦੱਸਦਾ ਹੈ ਕਿ ਸਿਕੰਦਰ, ਚੰਗੇਜ਼ ਖਾਨ ਅਤੇ ਅੰਗਰੇਜ਼ੀ ਸਾਮਰਾਜ ਜਿਨ੍ਹਾਂ ਨੇ ਹੁਣ ਤੱਕ ਦੁਨੀਆ ਦੇ ਸਭ ਤੋਂ ਵੱਡੇ ਇਲਾਕਿਆਂ ਨੂੰ ਜਿੱਤਿਆ ਅਤੇ ਰਾਜ ਕੀਤਾ, ਆਖਰ ਉਨ੍ਹਾਂ ਦਾ ਵੀ ਪਤਨ ਹੋ ਗਿਆ ਸੀ। ਅੰਗਰੇਜ਼ ਰਾਜ ਬਾਰੇ ਇਹ ਕਿਹਾ ਜਾਂਦਾ ਹੈ ਅੰਗਰੇਜ਼ਾਂ ਦੇ ਰਾਜ ਵਿਚ ਸੂਰਜ ਨਹੀਂ ਡੁੱਬਦਾ ਸੀ। ਆਖ਼ਰ 'ਅੰਗਰੇਜ਼ੀ ਰਾਜ ਦਾ ਸੂਰਜ' ਡੁੱਬ ਗਿਆ। ਭਗਤ ਸਿੰਘ ਵਰਗੇ ਮਹਾਂਨਾਇਕਾਂ ਦੀਆਂ ਕੁਰਬਾਨੀਆਂ ਨੇ ਅੰਗਰੇਜ਼ੀ ਸਾਮਰਾਜ ਦਾ ਜੂਲਾ ਲੋਕਾਂ ਦੇ ਗਲੋਂ ਲਾਹ ਦਿੱਤਾ। ਸੂਰਜ ਅੱਜ ਵੀ ਉਸੇ ਤਰ੍ਹਾਂ ਚੜ੍ਹਦਾ ਲਹਿੰਦਾ ਹੈ ਪਰ ਅੰਗਰੇਜ਼ ਹਕੂਮਤ ਦਾ ਡੁੱਬਿਆ ਸੂਰਜ ਮੁੜ ਕਦੇ ਨਹੀਂ ਚੜ੍ਹਿਆ। ਵਕਤ ਨੇ ਜਿੱਥੇ ਦੁਨੀਆ ਦੇ ਜੇਤੂ ਸਿਕੰਦਰ ਅਤੇ ਚੰਗੇਜ਼ ਖਾਨ ਵੇਖੇ ਉੱਥੇ ਉਨ੍ਹਾਂ ਦੇ ਟੁੱਟਦੇ ਭਰਮ ਵੀ ਵੇਖੇ ਹਨ।
       ਤੇਜ਼ ਰਫ਼ਤਾਰ ਚਲਦੇ ਜ਼ਮਾਨੇ ਦੇ ਇਸ ਦੌਰ ਵਿਚ ਦੁਨੀਆ ਦੀ ਕਿਸੇ ਰਾਜਸੀ ਪਾਰਟੀ ਕੋਲ ਏਨੀ ਤਾਕਤ ਨਹੀਂ ਕਿ ਉਹ ਕਿਸੇ ਸਰਕਾਰ ਖਿਲਾਫ਼ ਸਾਢੇ ਸੱਤ ਮਹੀਨੇ ਸਬਰ ਅਤੇ ਸ਼ਾਂਤੀਪੂਰਵਕ ਧਰਨਾ ਪ੍ਰਦਰਸ਼ਨ ਕਰ ਸਕੇ। ਪਿਛਲੇ ਸਾਲ 2020 ਦੀ 26 ਨਵੰਬਰ ਨੂੰ ਘਰਾਂ ਤੋਂ ਕਿਸਾਨੀ ਝੰਡੇ ਲੈ ਕੇ ਨਿਕਲੇ ਮਾਵਾਂ ਦੇ ਪੁੱਤਾਂ ਨੂੰ ਜਦੋਂ ਇਹ ਸਵਾਲ ਹੁੰਦਾ ਸੀ ਕਿ 'ਕਿਸ ਤਰ੍ਹਾਂ ਦੀ ਤਿਆਰੀ ਕਰਕੇ ਆਏ ਹੋ?' ਤਾਂ ਜਵਾਬ ਮਿਲਦਾ ਸੀ 'ਛੇ ਮਹੀਨੇ ਦਾ ਰਾਸ਼ਨ ਲੈ ਕੇ ਤੁਰੇ ਹਾਂ।' ਭਾਵ ਉਦੋਂ ਉਹ ਛੇ ਮਹੀਨਿਆਂ ਨੂੰ ਆਪ ਬੜਾ ਵੱਡਾ ਕਰਕੇ ਦੱਸਦੇ ਸਨ। ਦੁਨੀਆ ਹੈਰਾਨ ਹੁੰਦੀ ਸੀ ਛੇ ਮਹੀਨੇ ਸੜਕਾਂ 'ਤੇ ਕਿਵੇਂ ਬੈਠਿਆ ਜਾ ਸਕੇਗਾ? ਸੰਘਰਸ਼ ਲੜਨ ਵਾਲਿਆਂ ਨੂੰ ਉਦੋਂ ਆਪ ਨੂੰ ਵੀ ਸ਼ਾਇਦ ਇਹ ਪਤਾ ਨਹੀਂ ਸੀ ਕਿ ਸਰਕਾਰੀ ਜ਼ਿਦ ਜ਼ੁਲਮ ਦੀ ਹੱਦ ਤੱਕ ਚਲੀ ਜਾਵੇਗੀ, ਪੰਜ ਸੌ ਤੋਂ ਵੱਧ ਸ਼ਹਾਦਤਾਂ ਹੋ ਜਾਣਗੀਆਂ ਅਤੇ ਸਮਾਂ ਛੇ ਛੱਡ ਕੇ ਸੱਤ ਮਹੀਨਿਆਂ ਤੋਂ ਵੀ ਅਗਾਂਹ ਚਲਾ ਜਾਵੇਗਾ।
        ਕੋਈ ਵੀ ਸੰਘਰਸ਼ ਉਦੋਂ ਤੱਕ ਨਹੀਂ ਜਿੱਤਿਆ ਜਾ ਸਕਦਾ ਜਦੋਂ ਤੱਕ ਇਸ ਵਿਚ ਔਰਤਾਂ ਦੀ ਸ਼ਮੂਲੀਅਤ ਨਾ ਹੋਵੇ। ਕਿਸਾਨ ਅੰਦੋਲਨ ਤੋਂ ਜਨ-ਅੰਦੋਲਨ ਬਣ ਗਏ ਇਸ ਸੰਘਰਸ਼ ਵਿਚ ਦੇਸ਼ ਦੀਆਂ ਮਾਵਾਂ, ਭੈਣਾਂ, ਬਹੂ-ਬੇਟੀਆਂ ਵੀ ਬਰਾਬਰ ਦੀਆਂ ਹਿੱਸੇਦਾਰ ਹਨ। ਦਿੱਲੀ ਦੇ ਬਾਰਡਰਾਂ 'ਤੇ ਹਰੇ ਪੀਲੇ ਦੁਪੱਟੇ ਵਾਲੀਆਂ ਸੱਤਰ-ਅੱਸੀ ਸਾਲ ਦੀਆਂ ਬੁੱਢੀਆਂ ਮਾਈਆਂ ਨੂੰ ਜਦੋਂ ਕੋਈ ਸੰਵੇਦਨਸ਼ੀਲ ਅੱਖ ਦੇਖਦੀ ਹੈ ਉਹ ਨਮ ਹੋ ਜਾਂਦੀ ਹੈ, ਉਹ ਸਿਰ ਜਿਸ ਵਿਚ ਮਾਨਵਤਾ ਲਈ ਸੋਚ ਹੋਵੇ, ਉਹ ਸਿਰ ਇਨ੍ਹਾਂ ਦੇ ਸਬਰ ਅੱਗੇ ਝੁਕ ਜਾਂਦਾ ਹੈ। ਕੱਲ੍ਹ ਨੂੰ ਕੀ ਹੋਣਾ ਹੈ, ਇਸ ਬਾਰੇ ਯਕੀਨੀ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਕ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਸੀਨਿਆਂ ਵਿਚ ਬਲਦੇ ਜਜ਼ਬਿਆਂ ਨੂੰ ਕਿਸੇ ਹਾਲਤ ਵਿਚ ਵੀ ਮਾਰਿਆ ਨਹੀਂ ਜਾ ਸਕਦਾ।
       ਇਹ ਸੰਘਰਸ਼ ਦੁਨੀਆ ਦੇ ਹਾਲਾਤ ਬਦਲੇ ਜਾਣ ਲਈ ਸੰਘਰਸ਼ ਹੈ। ਦੱਬੇ-ਕੁਚਲੇ, ਹਾਸ਼ੀਆਗ੍ਰਸਤ, ਸੌੜੀ ਸਿਆਸਤ ਵਲੋਂ ਧਰਮਾਂ, ਜਾਤਾਂ-ਪਾਤਾਂ ਵਿਚ ਵੰਡੇ ਜਾਂਦੇ ਰਹੇ ਲੋਕਾਂ ਦੇ ਜਾਗਣ ਦਾ ਹੋਕਾ ਹੈ। ਸੰਸਾਰ ਜਿੰਨੀ ਤੇਜ਼ੀ ਨਾਲ ਬਦਲਦਾ ਹੈ ਲੋਕ ਸਮਝ ਵੀ ਉਸੇ ਹਿਸਾਬ ਨਾਲ ਵਿਕਸਿਤ ਹੁੰਦੀ ਹੈ। ਦੁਨੀਆ ਦੀ ਕੋਈ ਵੀ ਧਿਰ ਭਾਵੇਂ ਉਹ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ ਉਹ ਕਦੇ ਵੀ ਲੰਮਾ ਸਮਾਂ ਦੁਨੀਆ ਨੂੰ ਆਪਣੀ ਮਨਮਰਜ਼ੀ ਅਨੁਸਾਰ ਨਹੀਂ ਚਲਾ ਸਕਦੀ। ਸਰਕਾਰ ਦੀ ਲੋਕ ਵਿਰੋਧੀ ਜ਼ਿਦ ਸਮਝ ਆਉਂਦੀ ਹੈ। ਉਸ ਦੇ ਤਿੰਨ ਕਾਰਨ ਹਨ-ਇਕ ਤਾਂ ਉਹਦੀ ਕੁਰਸੀ ਦੇ ਪਾਵਿਆਂ 'ਤੇ ਕਾਰਪੋਰੇਟੀ ਪੈਸਾ ਖਰਚ ਹੋਇਆ ਹੈ, ਇਸ ਲਈ ਕੁਰਸੀ ਨੂੰ ਨਿਰਦੇਸ਼ ਹਨ ਕਿ ਉਹ ਲੋਕ ਹਿਤਾਂ ਦੀ ਬਜਾਏ ਪੂੰਜੀਪਤੀਆਂ ਦੇ ਹਿਤਾਂ ਨੂੰ ਤਰਜੀਹ ਦੇਵੇ। ਬੇਸ਼ੱਕ ਜਿੰਨਾ ਮਰਜ਼ੀ ਵਿਆਪਕ ਵਿਰੋਧ ਹੋਵੇ, ਜਿੰਨੀਆਂ ਮਰਜ਼ੀ ਸ਼ਹਾਦਤਾਂ ਹੋਣ, ਖਿਆਲ ਦੇਸ਼ ਅਤੇ ਦੇਸ਼ ਦੇ ਲੋਕਾਂ ਦਾ ਨਹੀਂ ਪੂੰਜੀਪਤੀ ਆਕਾਵਾਂ ਦਾ ਰੱਖਿਆ ਜਾਵੇਗਾ। ਦੂਜਾ ਇਸ ਦੇਸ਼ ਦੀ ਸੱਭਿਆਚਾਰਕ, ਭੂਗੋਲਿਕ, ਸਮਾਜਿਕ, ਧਾਰਮਿਕ ਅਤੇ ਵੱਖ-ਵੱਖ ਬੋਲੀਆਂ ਦੀ ਵਿਲੱਖਣਤਾ ਅਤੇ ਵੰਨ-ਸੁਵੰਨਤਾ ਨੂੰ ਇਕੋ ਰੰਗ ਵਿਚ ਰੰਗਣ ਦੇ ਭਰਮ ਦੀ ਕਵਾਇਦ ਚਲ ਰਹੀ ਹੈ। ਕੋਸ਼ਿਸ਼ ਹੈ ਸੱਤਾ ਦੀ ਤਾਕਤ ਨਾਲ ਵਕਤ ਦੇ ਪਹੀਏ ਨੂੰ ਪੁੱਠਾ ਗੇੜ ਦਿੱਤਾ ਜਾਵੇ। ਪਰ ਵਕਤ ਦਾ ਪਹੀਆ ਕਦੇ ਪਿਛਾਂਹ ਨੂੰ ਨਹੀਂ ਬਲਕਿ ਹਮੇਸ਼ਾ ਅਗਾਂਹ ਨੂੰ ਗਿੜਦਾ ਹੈ। ਤੀਜਾ ਵੱਡਾ ਕਾਰਨ ਰਾਜ ਸਿੰਘਾਸਨਾਂ 'ਤੇ ਬਿਰਾਜਮਾਨ ਉਹ ਲੋਕ ਹਨ ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਗਿਰਵੀ ਰੱਖ ਦਿੱਤੀਆਂ ਹਨ। ਜੇਕਰ ਅਜਿਹਾ ਨਾ ਹੁੰਦਾ ਤਾਂ ਲੋਕਾਂ ਵਲੋਂ ਚੁਣੇ ਨੁਮਾਇੰਦੇ ਰਾਜ ਗੱਦੀਆਂ ਦੀ ਬਜਾਏ ਲੋਕਾਂ ਨਾਲ ਲੋਕ ਹੱਕਾਂ ਦੇ ਪੱਖ ਵਿਚ ਖੜ੍ਹਨ ਨੂੰ ਤਰਜੀਹ ਦਿੰਦੇ। ਲੰਬੇ ਸਮੇਂ ਤੋਂ ਸੜਕਾਂ 'ਤੇ ਸੰਘਰਸ਼ ਕਰ ਰਹੇ ਔਰਤਾਂ, ਬਜ਼ੁਰਗਾਂ ਅਤੇ ਮਾਤਾਵਾਂ ਦੇ ਦੁੱਖ-ਦਰਦ ਨੂੰ ਸਮਝਦੇ ਅਤੇ ਇਨ੍ਹਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ। ਲੋਕਮਤ ਦੀ ਤਾਕਤ ਨਾਲ ਰਾਜ ਗੱਦੀਆਂ 'ਤੇ ਬੈਠੇ ਰਾਜ ਨੇਤਾ ਅਤੇ ਲੋਕਤੰਤਰ ਦਾ ਚੌਥਾ ਥੰਮ੍ਹ ਅਖਵਾਉਣ ਵਾਲੇ ਮੀਡੀਏ ਦਾ ਇਕ ਵੱਡਾ ਹਿੱਸਾ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਬਜਾਏ ਲੋਕ ਵਿਰੋਧੀ ਫ਼ੈਸਲੇ ਕਰਨ ਵਾਲੀ ਸਰਕਾਰ ਦੇ ਹੱਕ ਵਿਚ ਖੜ੍ਹ ਜਾਵੇ ਤਾਂ ਲੋਕਾਂ ਦੇ ਸੰਘਰਸ਼ ਹੋਰ ਲੰਮੇ ਹੋ ਜਾਂਦੇ ਹਨ। ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਲੋਕਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਹੋਰ ਲੰਬੇ ਹੁੰਦੇ ਹਨ ਤਾਂ ਇਸ ਨਾਲ ਲੋਕ ਰੋਹ ਮੱਠਾ ਨਹੀਂ ਪੈਂਦਾ ਬਲਕਿ ਹੋਰ ਵਧਦਾ ਹੈ।
       ਇਕ ਗੱਲ ਜਿਸ ਨੂੰ ਸਮਝਿਆ ਨਹੀਂ ਜਾ ਰਿਹਾ, ਉਹ ਇਹ ਹੈ ਕਿ ਇਸ ਕਿਸਾਨ ਸੰਘਰਸ਼ ਨਾਲ ਲੋਕਾਂ ਵਿਚ ਆਪਣੇ ਹੱਕਾਂ ਲਈ ਚੇਤਨਾ ਪੈਦਾ ਹੋ ਰਹੀ ਹੈ। ਲੋਕ-ਮਨਾਂ ਵਿਚ ਪੈਦਾ ਹੋਈ ਚੇਤਨਾ, ਸੱਤਾ ਦੀ ਤਾਕਤ ਨਾਲੋਂ ਕਿਤੇ ਵੱਧ ਤਾਕਤਵਰ ਹੁੰਦੀ ਹੈ।
        ਬੇਸ਼ੱਕ ਸੱਚ ਇਹ ਵੀ ਹੈ ਕਿ ਵੱਡੇ ਲਾਰਿਆਂ ਵਾਅਦਿਆਂ ਨਾਲ ਲੋਕ ਵਰਗਲਾ ਲਏ ਜਾਂਦੇ ਹਨ ਪਰ ਲੋਕਾਂ ਨੂੰ ਬਹੁਤ ਲੰਮਾ ਸਮਾਂ ਭਰਮਾਇਆ ਨਹੀਂ ਜਾ ਸਕਦਾ। ਹਵਾਈ ਭਰਮਾਂ ਦਾ ਤਲਿੱਸਮ ਜਦੋਂ ਟੁੱਟਦਾ ਹੈ ਤਾਂ ਲੋਕ ਜਾਗਦੇ ਹਨ। ਲੋਕ ਜਾਗਦੇ ਹਨ ਤਾਂ ਇਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੁੰਦੇ ਹਨ। ਆਪਣੇ ਹੱਕਾਂ ਲਈ ਜਾਗਰੂਕ ਹੋਏ ਲੋਕ ਹੱਕ ਲੈਣ ਲਈ ਝੰਡੇ ਲੈ ਕੇ ਸੜਕਾਂ 'ਤੇ ਨਿੱਤਰਦੇ ਹਨ ਅਤੇ ਸੰਘਰਸ਼ਾਂ ਦੇ ਰਾਹ ਪੈਂਦੇ ਹਨ। ਸੰਘਰਸ਼ ਸ਼ਾਂਤਮਈ ਹੋਵੇ ਤਾਂ ਇਸ ਨੂੰ ਕੁਚਲਣਾ ਸਰਕਾਰ ਲਈ ਬੜੀ ਵੱਡੀ ਚੁਣੌਤੀ ਹੋ ਨਿੱਬੜਦਾ ਹੈ। ਇਸ ਸਮੇਂ ਦੁਨੀਆ ਭਰ ਦੇ ਨਿਆਂ ਇਨਸਾਫ਼ ਪਸੰਦ ਲੋਕ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਰਹੇ ਹਨ। ਕਿਸਾਨ ਸੰਘਰਸ਼ ਦਾ ਕੱਦ ਹਰ ਦਿਨ ਵੱਡਾ ਹੋ ਰਿਹਾ ਹੈ। ਇਹ ਸੰਘਰਸ਼ ਹੁਣ ਕੇਵਲ ਕੇਂਦਰ ਦੀ ਸਰਕਾਰ ਦੇ ਖਿਲਾਫ਼ ਨਾ ਹੋ ਕੇ ਦੁਨੀਆ ਭਰ ਵਿਚ ਪੂੰਜੀਵਾਦੀ ਨੀਤੀਆਂ ਦੇ ਵਿਰੋਧ ਦਾ ਵੱਡਾ ਮੰਚ ਬਣ ਗਿਆ ਹੈ। ਇਸ ਨਾਲ ਸਮਾਜ ਵਿਚ ਚੇਤਨਾ ਪੈਦਾ ਹੋਈ ਹੈ। ਸਮਾਜ ਵਿਚ ਪੈਦਾ ਹੋਈ ਚੇਤਨਾ ਅਤੇ ਹੱਕਾਂ ਲਈ ਸ਼ਾਂਤਮਈ ਰਹਿ ਕੇ ਸੰਘਰਸ਼ ਕਰਨ ਦੇ ਜਜ਼ਬੇ ਨੂੰ ਕੁਚਲਿਆ ਨਹੀਂ ਜਾ ਸਕਦਾ।
- ਜ਼ੀਰਾ ।
ਮੋਬਾਈਲ : 98550-51099