ਆਪਣੀ ਆਪਣੀ ਬੋਲੀ (ਕਹਾਣੀ)

ਮੂਲ ਲੇਖਕ: ਮੁਹੰਮਦ ਦਾਊਦ ਬਲੋਚ            ਪੇਸ਼ਕਸ਼: ਨਿਰਮਲ ਸਿੰਘ ਕੰਧਾਲਵੀ

ਮੈਂ ਇਕ ਛੋਟਾ ਜਿਹਾ ਕਿਸਾਨ ਹਾਂ।
ਸ਼ਹਿਰ ਤੋਂ ਦੂਰ ਇਕ ਨਿੱਕੇ ਜਿਹੇ ਪਿੰਡ ਵਿਚ ਮੇਰਾ ਛੋਟਾ ਜਿਹਾ ਘਰ ਹੈ।
ਮੇਰੇ ਕੋਲ਼ ਸਿਰਫ਼ ਦੋ ਵਿੱਘੇ ਜ਼ਮੀਨ ਹੈ।ਇਸ ਜ਼ਮੀਨ ਦਾ ਮਾਲਕ ਵੀ ਤੇ ਹਾਲ਼ੀ ਵੀ ਮੈਂ ਹੀ ਹਾਂ।ਜੇ ਤਾਂ ਮੌਸਮ ਮੇਰੇ ਹੱਕ ਵਿਚ ਭੁਗਤ ਜਾਏ ਤਾਂ ਥੋੜ੍ਹੀ ਬਹੁਤ ਫ਼ਸਲ ਘਰ ਆ ਜਾਂਦੀ ਹੈ ਨਹੀਂ ਤਾਂ ਫਾਕਿਆਂ ਤੱਕ ਨੌਬਤ ਆ ਜਾਂਦੀ ਹੈ।
ਖੇਤੀ ਕਰਨ ਲਈ ਮੇਰੇ ਪਾਸ ਬਲਦਾਂ ਦੀ ਇਕ ਜੋੜੀ ਹੈ।ਸਵੇਰ ਤੋਂ ਸ਼ਾਮ ਤੱਕ ਮੈਂ ਖੇਤਾਂ ਵਿਚ ਜਾਨ ਮਾਰ ਕੇ ਕੰਮ ਕਰਦਾ ਹਾਂ।ਮੇਰੀ ਜ਼ਮੀਨ ਦੇ ਇਰਦ ਗ਼ਿਰਦ ਵੀ ਪਹਿਲਾਂ ਸਭ ਸਿੰਧੀ ਕਿਸਾਨ ਹੁੰਦੇ ਸਨ ਪਰ ਜਦੋਂ ਤੋਂ ਸੇਠ ਨੈਣ ਮੱਲ ਸਿੰਧ ਛੱਡ ਕੇ ਹਿੰਦੁਸਤਾਨ ਚਲਾ ਗਿਆ ਹੈ, ਤਦ ਤੋਂ ਉਹਦੀ ਜ਼ਮੀਨ ਹਿੰਦੁਸਤਾਨੋਂ ਆਏ ਪੰਜਾਬੀ ਸ਼ਰਨਾਰਥੀਆਂ ਵਿਚ ਵੰਡ ਦਿੱਤੀ ਗਈ ਹੈ।
ਅਸੀਂ, ਸਾਰੇ ਕਿਸਾਨ ਇਕ ਦੂਸਰੇ ਨਾਲ਼ ਭਰਾਵਾਂ ਵਾਲ਼ਾ ਵਿਹਾਰ ਕਰਦੇ ਹਾਂ।ਕਦੀ ਮੇਰੇ ਕੋਲ਼ ਕੋਈ ਪੰਜਾਬੀ ਕਿਸਾਨ ਆ ਕੇ ਬਹਿ ਜਾਂਦਾ ਹੈ ਤੇ ਕਦੀ ਮੈਂ ਉਨ੍ਹਾਂ ਵਲ ਚਲਾ ਜਾਂਦਾ ਹਾਂ। ਭਾਵੇਂ ਸਾਡੀ ਬੋਲੀ ਸਾਂਝੀ ਨਹੀਂ ਪਰ ਅਸੀਂ ਇਸ਼ਾਰਿਆਂ ਨਾਲ਼ ਹੀ ਖੇਤੀ-ਬਾੜੀ ਦੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ।ਅਸੀਂ ਆਮ ਤੌਰ 'ਤੇ ਜ਼ਮੀਨਾਂ, ਪਸ਼ੂਆਂ, ਫ਼ਸਲਾਂ ਤੇ ਮੌਸਮ ਆਦਿ ਅਤੇ ਕਦੀ ਵੱਡੇ ਜ਼ਿੰਮੀਂਦਾਰਾਂ ਵਲੋਂ ਕੀਤੇ ਜਾਂਦੇ ਅਨਿਆਂ ਦੀਆਂ ਹੀ ਗੱਲਾਂ ਕਰਦੇ ਹਾਂ।ਬੱਸ ਸਾਡੀ ਦੁਨੀਆਂ ਏਨੀ ਕੁ ਹੀ ਹੈ।
ਮੈਂ ਆਪਣੇ ਪੰਜਾਬੀ ਗੁਆਂਢੀਆਂ ਨੂੰ ਕਹਿਨਾ, '' ਮੈਨੂੰ ਪੰਜਾਬੀ ਉਰਦੂ ਸਿਖਾ ਦਿਓ''।ਜਵਾਬ ਵਿਚ ਉਹ ਕਹਿੰਦੇ ਹਨ, '' ਤੂੰ ਸਾਨੂੰ ਆਪਣੀ ਸਿੰਧੀ ਜ਼ੁਬਾਨ ਸਿਖਾ ਦੇ''।
ਇਕ ਵਾਰੀ ਇੰਜ ਹੀ ਇਕ ਮਹਿਫ਼ਲ ਵਿਚ ਖੈਰਾਲ ਦੀਨ ਪੰਜਾਬੀ ਨੇ ਮੇਰੇ ਨਾਲ਼ ਮੇਰੇ ਬਲ਼ਦਾਂ ਦਾ ਸੌਦਾ ਕਰ ਲਿਆ।ਮੇਰੇ ਬਲ਼ਦ ਤਕੜੇ ਤੇ ਸੁਡੌਲ ਸਨ, ਇਸ ਲਈ ਖੈਰਾਲ ਦੀਨ ਨੇ ਮੇਰੇ ਬਲ਼ਦਾਂ ਬਦਲੇ ਮੈਨੂੰ ਆਪਣੇ ਦੋਵੇਂ ਬਲ਼ਦ ਅਤੇ ਨਾਲ਼ ਇਕ ਖੋਤਾ ਦੇਣ ਦੀ ਪੇਸ਼ਕਸ਼ ਕੀਤੀ।ਮੈਨੂੰ ਸੌਦਾ ਚੰਗਾ ਲੱਗਿਆ ਤੇ ਮੈਂ ਹਾਂ ਕਰ ਦਿੱਤੀ।ਮੈਂ ਖ਼ੁਸ਼ ਸਾਂ ਕਿ ਭਾਰ ਢੋਣ ਲਈ ਮੈਨੂੰ ਇਕ ਖੋਤਾ ਵਾਧੂ ਮਿਲ ਗਿਆ ਸੀ।ਖੈਰਾਲ ਦੀਨ ਆਪਣੇ ਥਾਂ ਖ਼ੁਸ਼ ਸੀ ਕਿ ਉਸ ਨੂੰ ਤਕੜੇ ਸੁਡੌਲ ਬਲ਼ਦ ਮਿਲ ਗਏ ਸਨ।ਸ਼ਾਮੀਂ ਮੈਂ ਉਹਦੇ ਬਲ਼ਦ ਅਤੇ ਖੋਤਾ ਆਪਣੇ ਘਰ ਲੈ ਆਇਆ।ਸਵੇਰ ਹੁੰਦਿਆਂ ਹੀ ਰੋਜ਼ ਵਾਂਗ ਮੈਂ ਨਵੇਂ ਬਲ਼ਦਾਂ 'ਤੇ ਜੂਲ਼ਾ ਰੱਖਿਆ ਤੇ ਖੇਤ ਵਲ ਚਲ ਪਿਆ।
ਜਦੋਂ ਖੇਤ ਵਿਚ ਮੈਂ ਬਲ਼ਦਾਂ ਨੂੰ ਆਪਣੀ ਸਿੰਧੀ ਜ਼ੁਬਾਨ 'ਚ ਕਿਹਾ, '' ਖਬਰੀ ਜਾਟ ਅਥੇਈ (ਖੱਬੂ! ਅੱਗੇ ਚਲ ਰਸਤਾ ਹੈ) ਤਾਂ ਦੋਵਾਂ ਬਲ਼ਦਾਂ ਨੇ ਮੇਰੀ ਗੱਲ ਦਾ ਕੋਈ ਅਸਰ ਨਾ ਕੀਤਾ, ਸਗੋਂ ਇਕ ਦੂਜੇ ਨਾਲ਼ ਖਹਿਣ ਲੱਗ ਪਏ ਤੇ ਖੇਤ 'ਚੋਂ ਬਾਹਰ ਨਿਕਲਣ ਦੀ ਖਿੱਚੋਤਾਣ ਕਰਨ ਲੱਗੇ।ਮੈਂ ਬਹੁਤ ਵਾਰੀ ਕਿਹਾ, '' ਖਬਰੀ ਸਾਜ਼ਤਰੇ, ਅੰਦਰ ਬਾਹਰਿ! ਪੈਰ 'ਤੇ ਆ'' ( ਖੱਬੇ ਹੋ, ਹੁਣ ਸੱਜੇ ਹੋ, ਹੁਣ ਅੰਦਰ ਬਾਹਰ ਜਾਹ, ਠਹਿਰ ਜਾ) ਪਰ ਉਨ੍ਹਾਂ ਨੇ ਜੇ ਕਦੇ ਸਿੰਧੀ ਬੋਲੀ ਸੁਣੀ ਹੁੰਦੀ ਤਾਂ ਹੀ ਮੇਰੀ ਗੱਲ ਸਮਝਦੇ।
ਮੈਂ ਉਨ੍ਹਾਂ ਨੂੰ ਆਪਣੀ ਬੋਲੀ ਮੁਤਾਬਕ ਤੋਰ ਨਾ ਸਕਿਆ।ਮੈਂ ਦੁਚਿੱਤੀ ਵਿਚ ਪੈ ਗਿਆ।ਮੇਰਾ ਮਨ ਮੈਨੂੰ ਕਹੇ ਕਿ ਖੈਰਾਲ ਦੀਨ ਨੇ ਤੇਰੇ ਨਾਲ਼ ਧੋਖਾ ਕੀਤਾ ਹੈ।ਮੈਨੂੰ ਖੋਤੇ ਦੇ ਲਾਲਚ ਵਿਚ ਨਿਕੰਮੇ ਬਲ਼ਦ ਦੇ ਦਿੱਤੇ ਹਨ।ਪਰ ਹੁਣ ਤਾਂ ਸੌਦਾ ਹੋ ਚੁੱਕਾ ਸੀ।ਕੀ ਕਰ ਸਕਦਾ ਸਾਂ।
ਮੈਂ ਫ਼ੈਸਲਾ ਕਰ ਲਿਆ ਕਿ ਇਸ ਧੋਖੇ ਦਾ ਖੈਰਾਲ ਦੀਨ ਤੋਂ ਬਦਲਾ ਜ਼ਰੂਰ ਲਵਾਂਗਾ।
ਬਲ਼ਦਾਂ ਨੂੰ ਪਰਾਣੀਆਂ ਮਾਰਦਿਆਂ ਮਾਰਦਿਆਂ ਮੇਰਾ ਦੂਸਰਾ ਦਿਨ ਵੀ ਲੰਘ ਗਿਆ ਪਰ ਉਨ੍ਹਾਂ ਨੂੰ ਮੇਰੀ ਬੋਲੀ ਦੀ ਸਮਝ ਨਾ ਆਈ।
ਮੈਂ ਹਾਰ ਗਿਆ।ਉੱਪਰੋਂ ਵੱਤਰ ਦੇ ਦਿਨ ਸਨ।ਖੇਤ ਨੂੰ ਛੇਤੀ ਵਾਹੁਣਾ ਬੜਾ ਜ਼ਰੂਰੀ ਸੀ।
ਮੈਂ ਸੋਚ ਲਿਆ ਕਿ ਚਾਹੇ ਪੰਚਾਇਤ ਇਕੱਠੀ ਕਰ ਕੇ ਹੀ ਖੈਰਾਲ ਦੀਨ ਨਾਲ਼ ਕੀਤਾ ਹੋਇਆ ਸੌਦਾ ਕਿਉਂ ਨਾ ਤੋੜਨਾ ਪਵੇ, ਮੈਂ ਹੁਣ ਪਿੱਛੇ ਨਹੀਂ ਹਟਾਂਗਾ।ਪਰ ਇਸ ਤੋਂ ਪਹਿਲਾਂ ਮੈਂ ਇਕ ਵਾਰ ਖੈਰਾਲ ਦੀਨ ਨਾਲ਼ ਗੱਲ ਕਰਨ ਬਾਰੇ ਸੋਚਿਆ ਤੇ ਮੈਂ ਉਹਦੇ ਬਲ਼ਦ ਅਤੇ ਖੋਤਾ ਲੈ ਕੇ ਉਹਦੇ ਘਰ ਵਲ ਚਲ ਪਿਆ।
ਹਾਲੇ ਮੈਂ ਥੋੜ੍ਹੀ ਦੂਰ ਹੀ ਗਿਆ ਸਾਂ ਕਿ ਮੈਨੂੰ ਖੈਰਾਲ ਦੀਨ ਮੇਰੇ ਬਲ਼ਦਾਂ ਸਮੇਤ ਆਉਂਦਾ ਦਿਸ ਪਿਆ।ਮੈਂ ਸਮਝਿਆ ਕਿ ਉਹ ਆਪਣੇ ਖੇਤ ਨੂੰ ਜਾ ਰਿਹਾ ਹੋਵੇਗਾ।ਜਦ ਉਹ ਮੇਰੇ ਨੇੜੇ ਆਇਆ ਤਾਂ ਕਹਿਣ ਲੱਗਾ, '' ਬਈ, ਤੇਰੇ ਬਲ਼ਦ ਤਾਂ ਮੇਰੀ ਪੰਜਾਬੀ ਦੀ ਇਕ ਗੱਲ ਨਹੀਂ ਸਮਝਦੇ।ਮੈਂ ਤਾਂ ਮਾਰ ਮਾਰ ਕੇ ਥੱਕ ਗਿਆਂ! ਤੇ ਹੁਣ ਇੰਜ ਕਰੀਏ ਕਿ ਤੂੰ ਆਪਣੇ ਬਲ਼ਦ ਵਾਪਸ ਲੈ ਲੈ ਤੇ ਮੇਰੇ ਮੈਨੂੰ ਦੇ ਦੇ''।
ਸਾਡੇ ਦੋਵਾਂ ਦੇ ਬਲ਼ਦ ਇੰਜ ਆਪਣੇ ਆਪਣੇ ਮਾਲਕ ਵਲ ਦੌੜੇ ਜਿਵੇਂ ਛੋਟਾ ਬੱਚਾ ਮਾਂ ਵਲ ਦੌੜਦਾ ਹੈ।  
ਮੇਰੇ ਬਲ਼ਦਾਂ ਦੀਆਂ ਨਿਰਾਸ਼ ਅੱਖਾਂ ਸਭ ਕੁਝ ਬਿਆਨ ਕਰ ਰਹੀਆਂ ਸਨ।
ਖੈਰਾਲ ਦੀਨ ਦਾ ਮਾਲ ਵਾਪਸ ਕਰ ਕੇ ਤੇ ਆਪਣੇ ਬਲ਼ਦ ਲੈ ਕੇ ਮੈਂ ਜਲਦੀ ਜਲਦੀ ਆਪਣੇ ਘਰ ਵਲ ਤੁਰ ਪਿਆ।ਅਚਾਨਕ ਮੇਰੀ ਨਜ਼ਰ ਆਪਣੇ ਬਲ਼ਦਾਂ ਦੀਆਂ ਪਿੱਠਾਂ 'ਤੇ ਪਈ।ਖੈਰਾਲ ਦੀਨ ਨੇ ਮਾਰ ਮਾਰ ਕੇ ਉਨ੍ਹਾਂ ਦੀ ਚਮੜੀ ਦੀਆਂ ਟਾਕੀਆਂ ਕੱਢ ਸੁੱਟੀਆਂ ਸਨ।ਮੇਰੀਆਂ ਅੱਖਾਂ 'ਚੋਂ ਹੰਝੂਆਂ ਦੀ ਧਾਰ ਵਹਿ ਤੁਰੀ।ਮੈਂ ਸੋਚਿਆਂ ਜੇ ਆਪਣੀ ਬੋਲੀ ਛੱਡਣ ਨਾਲ਼ ਜਾਨਵਰਾਂ ਦੀ ਇਹ ਦਸ਼ਾ ਹੁੰਦੀ ਹੈ ਤਾਂ ਆਪਣੀ ਬੋਲੀ ਛੱਡਣ ਨਾਲ ਬੰਦੇ ਦੀ ਨਾ ਜਾਣੇ ਕੀ ਦੁਰਦਸ਼ਾ ਹੁੰਦੀ ਹੋਵੇਗੀ।