"ਮੀਡੀਆ ਪੰਜਾਬ" ਜਰਮਨੀ  ਵਲੋਂ ਸਦੀਵੀ ਵਿਛੋੜਾ ਦੇ ਗਏ ਪ੍ਰੋ. ਲਖਬੀਰ ਸਿੰਘ ਨੂੰ ਸ਼ਰਧਾਂਜਲੀ

ਨਾਮ ਫ਼ਕੀਰ ਤਹੈਂ ਦਾ ਬਾਹੂ,

ਕਬਰ  ਜਿਨ੍ਹਾਂ  ਦੀ  ਜੀਵੇ ਹੂ ।                 

                          ---------------------------------

 

ਸਾਡੇ ਚੇਤਿਆਂ ਵਿਚ ਸਦਾ ਹੀ ਜੀਵੰਤ - ਪ੍ਰੋ. ਲਖਬੀਰ ਸਿੰਘ - ਗੁਰਦੀਸ਼ ਪਾਲ ਕੌਰ ਬਾਜਵਾ

ਆਵਾਗਮਨ ਸੰਸਾਰ ਦਾ ਨਿਯਮ ਹੈ, - ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਆਂ|| ਸਭ ਨੇ ਇਸ ਸੰਸਾਰ ਆਵਾਗਮਨ ਤੋਂ ਰੁਖਸਤੀ ਲੈਣੀ ਹੈ ਪਰ ਬੇਵਕਤੀ ਰੁਖਸਤੀ ਮਨ ਨੂੰ ਵਲੂੰਧਰ ਕੇ ਧਰ ਦੇਂਦੀ ਹੈ ।

       ਸਾਡੇ ਸਤਿਕਾਰਤ ਪ੍ਰੋ. ਲਖਬੀਰ ਸਿੰਘ ਜੀ ਸੰਸਾਰ ਆਵਾਗਮਨ ਤੋਂ ਪਿਆਨਾ ਕਰ ਗਏ ਅਤੇ ਆਪਣੇ ਪਿਛੇ ਨਾ ਭਰਨ ਵਾਲਾ ਇਕ ਖਲਾਅ ਛੱਡ ਗਏ । ਸਮਾਜ ਦਰਦੀ ਤੇ ਵਾਤਾਵਰਣ ਪ੍ਰੇਮੀ ਕੁਦਰਤ ਚੋਂ ਕਾਦਰ ਨੂੰ ਨਿਹਾਰਨ ਦੀਆਂ ਗੱਲਾਂ ਕਰਨ ਵਾਲਾ ਭਲਾ ਪੁਰਖ ਸਰੀਰਕ ਤੌਰ ਤੇ ਲੰਮੀ ਵੇਦਨਾ ਨੂੰ, ਇੱਕ ਐਸੀ ਪੀੜ੍ਹ ਨੂੰ ਸਹਾਦਰਾ ਹੋਇਆ ਆਪਣੀ ਦਰਦ ਗਾਥਾ ਨੂੰ ਕਲਮਬੰਦ ਇਸ ਭਾਵਨਾ ਨਾਲ ਕਰਦਾ ਰਿਹਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਐਸੇ ਕੈਂਸਰ ਨਾਲ ਪੀੜ੍ਹਤ ਲੋਕਾਂ ਲਈ ਹਿੰਮਤ ਤੇ ਦੁੱਖ ਨੂੰ ਜਰਨ ਤਾਕਤ ਦੂਣੀ ਹੋਵੇ । ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਚੌਂਦਾ ਸਾਲ ਜੰਗ ਲਾਈ ਰੱਖਣੀ ਤੇ ਆਪ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਕਿਸੇ ਦਲੇਰ ਮਰਦ ਦਾ ਹੀ ਕੰਮ ਹੋ ਸਕਦਾ । ਜਦੋਂ ਵੀ ਕਦੇ ਫੋਨ ਤੇ ਗੱਲ ਹੋਣੀ ਸਰੀਰ ਭਾਵੇਂ ਦਰਦ ਨਾਲ ਭੰਨਿਆਂ ਹੁੰਦਾ ਪਰ ਆਵਾਜ਼ ਤੋਂ ਕੋਈ ਅੰਦਾਜਾ ਨਹੀਂ ਲਾ ਸਕਦਾ ਸੀ।

       ਪ੍ਰੋ. ਲਖਬੀਰ ਸਿੰਘ ਜੀ ਨਾਲ 30 ਸਾਲ ਦਾ ਮੇਰਾ ਅਟੁੱਟ ਸੰਬੰਧ ਰਿਹਾ, ਐਨੇ ਲੰਮੇ ਸਮੇਂ ਵਿੱਚ ਜੀਵਨ ਵਿੱਚ ਆਏ ਸਭ ਉਤਰਾਅ ਚੜਾਅ ਦੇ ਉਹ ਸਾਖਸ਼ੀ ਰਹੇ ਹਮੇਸ਼ਾ ਬੇਜਿਝਕ ਉਨ੍ਹਾਂ ਨਾਲ ਗੱਲ ਕੀਤੀ ਜੀਵਨ ਦੇ ਹਰ ਮਸਲੇ ਦਾ ਹਲ ਉਹਨਾਂ ਕੋਲ ਹੁੰਦਾ । ਅਜੇ ਤੱਕ ਉਹ ਕੱਲ ਦੀ ਗੱਲ ਲੱਗਦੀ ਹੈ ਕਿ ਜਦੋਂ ਉਹਨਾਂ ਦਾ ਪਹਿਲੀ ਵਾਰ ਕੈਂਸਰ ਹੋਣ ਦਾ ਪਤਾ ਲੱਗਾ ਅਸੀਂ ਮੈਂ ਤੇ ਰਮਨਪ੍ਰੀਤ ਹਸਪਤਾਲ ਵਿੱਚ ਹੀ ਸਾਂ ਜਦੋਂ ਡਾਕਟਰ ਰਿਪੋਰਟ ਲੈ ਕੇ ਆ ਗਿਆਂ ਜਿੰਦਗੀ ਮੌਤ ਦੀ ਗੱਲ ਸੀ, ਘਰ ਪਰਿਵਾਰ ਦੀਆਂ ਚੂਲ਼ਾਂ ਹਿੱਲ ਜਾਂਦੀਆਂ ਹਨ ਸਭ ਬੇ-ਜ਼ੁਬਾਨੇ ਹੋ ਗਏ ਹਰਵਿੰਦਰ ਮੈਡਮ ਵਲ ਵੇਖ ਕੇ ਸਭ ਦੀਆਂ ਅੱਖਾਂ ਹੂੰਝਆਂ ਵਿੱਚ ਤਰ ਸਨ ਛੋਟੇ ਬੱਚੇ ਲਿਆਕਤ, ਬਘੇਸ਼ਵਰ ਬੇਖਬਰ ਖੇਡ ਰਹੇ ਸਨ ਪਰ ਇੱਕ ਬੰਦਾ ਪਹਾੜ ਵਰਗੇ ਜਿਗਰੇ ਵਾਲਾ ਅਡੋਲ ਸੀ ਉਹ ਸੀ ਪ੍ਰੋ. ਲਖਬੀਰ ਸਿੰਘ ਉਹ ਸਭ ਵੱਲ ਵੇਖ ਕੇ ਕਹਿ ਰਿਹਾ ਸੀ ਫਿਰ ਕੀ ਹੋਇਆ ... ਆਪਾ ਲੜੇਂਗੇ ਤੇ ਜਿੱਤਾਂਗੇ ।

ਮੈਂ ਅੱਜ ਵੀ ਸੋਚਦੀ ਹਾਂ ਸਰ ਲੜੇ ਤੇ ਜਿੱਤੇ ਉਹ ਹਾਰੇ ਨਹੀਂ।

    ਲੰਬੀ ਜੱਦੋਜਹਿਦ ਕੋਈ ਰਹੱਸਭਰੀਆਂ ਗੱਲਾਂ ਨਹੀਂ ਸਨ ਸਾਰਾ ਸੰਸਾਰ ਸਾਰਾ ਸਮਾਜ ਇਸ ਕਰਮ ਯੁੱਧ ਨੂੰ ਵੇਖ ਰਹਿਆਂ ਸੀ । ਉਹ ਸੂਰਮਾਂ ਇੱਕ ਸੂਰਮਗਾਥਾ ਲਿਖ ਰਿਹਾ ਸੀ ।  ਕੋਈ ਸਿਸਟਮ ਹਮਦਰਦ ਬਣ ਕੇ ਨਾ ਬਹੁੜਿਆਂ ਨਾ ਸਰਕਾਰ ਨਾ ਕੋਈ ਮੈਡੀਕਲ ਸੰਸਥਾਂ ਪਰ ਪ੍ਰੋ. ਲਖਬੀਰ ਸਿੰਘ ਜੀ ਦੀ ਕਮਾਈ ਦੋਸਤ ਮਿੱਤਰ ਕਾਲਜ ਸਟਾਫ, ਵਿਦਿਆਰਥੀ ਉਹਨਾਂ ਨਾਲ ਮੋਢਾ ਜੋੜ ਕੇ ਖੜੇ ਰਹੇ । ਐਮ.ਏ ਪੰਜਾਬੀ ਕਰਦਿਆਂ ਅਸੀਂ ਮੁੰਡੇ ਕੁੜੀਆਂ ਦਾ ਪਹਿਲਾਂ ਗਰੁੱਪ ਜਿਨ੍ਹਾਂ ਨੂੰ ਪ੍ਰੋ. ਸਾਹਿਬ ਦੀ ਰਹਿਨੁਮਾਈ ਪ੍ਰਾਪਤ ਹੋਈ, ਉਹ ਸਮਾਂ ਜਦੋਂ  ਸਾਰੇ ਅਧਿਆਪਕ ਚੜ੍ਹਦੇ ਤੋਂ ਚੜ੍ਹਦੇ ਗਿਆਨ ਭਰਭੂਰ ਸਮਾਂ ਸੀ, ਡਾ. ਟੀ. ਆਰ ਸ਼ਿੰਗਾਰੀ, ਡਾ. ਥਿੰਦ, ਪ੍ਰੋ.ਅਗਨੀਹੋਤਰੀ, ਪ੍ਰੋ.ਭੱਟੀ ਹੋਰ ਬਹੁਤ ਸਤਿਕਾਰਤ ਨਾਮ ਜਿੰਨ੍ਹਾਂ ਨੇ ਜੀਵਨ ਜਾਂਚ ਸਿਖਾਈ ਇੱਕ ਵਕਫੇ ਤੋਂ ਬਾਅਦ ਉਹਨਾਂ ਨਾਲ ਸੰਪਰਕ ਘਟਿਆ ।  ਪਰ ਅਧਿਆਪਕ ਜੋ ਨਾ ਚੇਤਿਆਂ ਵਿੱਚੋਂ ਨਾ ਸੰਪਰਕ ਵਿੱਚੋਂ ਕਦੀ ਮਨਫੀ ਹੋਇਆ ਉਹ ਸੀ ਪ੍ਰੋ☬ ਲਖਬੀਰ ਸਿੰਘ।

     ਅਸੀਂ ਕੋਸ਼ਿਸ਼ ਵੀ ਕੀਤੀ ਕਿ ਸਮਾਂ ਨਹੀ, ਵਿਹਲੇ ਨਹੀਂ ਹਾਂ ਪਰ ਉਸ ਰੁਝੇਵੇਂ ਭਰਪੂਰ ਅਧਿਆਪਕ ਕੋਲ ਸਦਾ ਹੀ ਮੇਰੇ ਲਈ ਸਮਾਂ ਸੀ , ਉਹ ਫਿਰ ਯਾਦ ਕਰਦੇ  ਮੈਨੂੰ ਫਿਰ ਲੱਭ ਹੀ ਲੈਂਦੇ । ਕੁਝ ਕੁ ਸਮਾਂ ਪਹਿਲਾਂ ਦੀ ਗੱਲ ਉਹਨਾਂ ਦੇ ਬੇਟੇ ਨੇ ਦੱਸਿਆ ਹੁਣ ਬਹੁਤ ਨਾਜੁਕ ਘੜ੍ਹੀ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ । ਮੇਰੀ ਹੈਰਾਨੀ ਦੀਆ ਸਾਰੀਆਂ ਹੱਦਾਂ ਪਾਰ ਹੋ ਗਈਆਂ, ਉਹਨਾਂ ਦਾ ਅਗਲੇ ਦਿਨ ਮੈਨੂੰ ਫੋਨ ਆਇਆਂ ਕਹਿੰਦੇ ਡਾਕਟਰਾਂ ਤਾਂ ਮੈਨੂੰ ਰਾਤੀਂ ਤੋਰ ਹੀ ਦਿੱਤਾ ਸੀ, ਉਹਨਾਂ ਮੈਨੂੰ ਆਖਿਆਂ ਜਦੋਂ ਮੈਂ ਬੇਸੁਰਤ ਸੀ ਮੇਰੀਆਂ ਅੱਖਾਂ ਸਾਹਵੇਂ ਤੁਹਾਡੇ, ਮੇਰੇ ਸਾਰੇ ਵਿਦਿਆਰਥੀਆਂ ਦੇ ਚਿਹਰੇ ਕਾਲਜ ਤੇ ਉਹ ਸਮਾਂ ਘੁੰਮ ਰਿਹਾ ਸੀ ।  ਮੈਂ ਸਵੇਰੇ ਆਪ ਸਾਹ ਲੈਣ ਲੱਗ ਪਿਆਂ ।  ਮੈਨੂੰ ਲੱਗਾ ਮੈਂ ਉੱਠਣਾ, ਮੈਂ ਸੋਚਿਆਂ ਮੈ ਅਜੇ ਬੜੇ ਕੰਮ ਕਰਨੇ ਹਨ ।

      ਸਾਰਾ ਜੀਵਨ ਉਹਨਾਂ ਪਹਿਲਾ ਹੀ ਸਮਾਜ ਭਲਾਈ ਦੇ ਕੰਮਾਂ ਨੂੰ ਸਮਰਪਿਤ ਕੀਤਾ ਸੀ । ਬਿਮਾਰੀ ਨੇ ਉਹਨਾਂ ਦਾ ਰਾਹ ਰੋਕਿਆਂ, ਉਹਨਾਂ ਚੌਦਾਂ ਸਾਲ ਹੋਣੀ ਨੂੰ ਪੱਲਾ ਨਹੀ ਫੜਾਇਆਂ ।  ਮੈਡਮ ਹਰਵਿੰਦਰ ਜੀ ਦਾ ਹਰ ਪਲ ਤੇ ਸਾਥ ਉਹ ਕਹਿੰਦੇ ਸੀ ਉਹਨਾਂ ਦਾ ਵੱਡਾ ਹੌਸਲਾ ਸੀ । ਕਈ ਵਾਰ ਇਸ ਗੱਲ ਤੋਂ ਭਾਵੁਕ ਵੀ ਹੁੰਦੇ ਸਨ ਕਿ ਤੁਹਾਡੀ ਮੈਡਮ ਮੇਰੇ ਤੋਂ ਵੀ ਵੱਧ ਤਕਲੀਫ ਹੰਢਾਂ ਰਹੀ ਹੈ ਪਰ ਕਦੀ ਇਸ ਗੱਲ ਦਾ ਸ਼ਿਕਵਾ ਨਹੀਂ ਕਰਦੀ । ਧਰਤੀ ਵਾਂਗ ਸਭ ਸਹੀ ਜਾਂਦੀ ਹੈ ।

       ਮੇਰੇ ਹਸਬੈਂਡ ਨਾਲ ਉਹਨਾਂ ਦੇ ਭਰਾਵਾਂ ਵਰਗੇ ਸੰਬੰਧ ਸਨ ਮੇਰਾ ਫੋਨ ਬੰਦ ਹੋਣ ਤੇ ਘੰਟੀ ਉਹਨਾਂ ਦੇ ਫੋਨ ਤੇ ਵੱਜਦੀ ਮੇਰੇ ਵੋੱਲੋਂ ਬਹਾਨਿਆਂ ਦੀ ਲੰਮੀ ਕਤਾਰ .... ਉਹ ਸਦਾ ਮੈਨੂੰ ਫੋਨ ਕਰਦੇ । ਉਹਨਾਂ ਦੇ ਤੁਰ ਜਾਣ ਤੋਂ ਬਾਅਦ ਮੈਂ ਉਹਨਾਂ ਨੂੰ ਕਈ ਵਾਰ ਫੋਨ ਕੀਤਾ ।  ਪਹਿਲੀ ਵਾਰ ਕਾਲ ਮਿਸ ਅੱਗੋਂ ਕਿਸੇ ਨੇ ਫੋਨ ਨਹੀਂ ਚੁੱਕਿਆਂ ਇਹ ਮੈਨੂੰ ਵੀ ਪਤਾ ਸੀ ਪਰ ਯਕੀਨ ਐਨੀ ਛੇਤੀ ਆਉਦਾ ਨਹੀਂ ।  ਲਿਆਕਤਬੀਰ ਨੇ ਦੱਸਿਆਂ ਕਿ ਉਸ ਤੋਂ ਅਟੈਂਡ ਨਹੀ ਹੋ ਸਕਿਆਂ ਮੈਂ ਉਹਦੇ ਫੋਨ ਤੇ ਫੋਨ ਕਰਦੀ ਤਾਂ ਉਹ ਗੱਲ ਕਰ ਸਕਦਾ ਸੀ ।

      "ਅਸਾਂ ਹਿੰਮਤ ਯਾਰ ਬਣਾਈ" ਲਿਖੀ  ਪ੍ਰੋ. ਲਖਬੀਰ ਸਿੰਘ ਜੀ ਦੀ ਪੁਸਤਕ  ਹਿੰਮਤ ਅਤੇ ਹੌਸਲੇ ਦਾ ਦੂਜਾ ਨਾਂ ਹੈ। ਉਹਨਾਂ ਮੈਨੂੰ ਪੀ.ਡੀ.ਐਫ ਭੇਜੀ ਪੁਸਤਕ ਰੂਪ ਵਿੱਚ ਮੈਨੂੰ ਅਜੇ ਮਿਲੀ ਨਹੀਂ, ਮੈ ਚਾਹੁੰਦੀ ਆਉਣ ਵਾਲੇ ਸਮੇਂ ਵਿੱਚ ਇਹ ਕਿਤਾਬ ਸਭ ਦੇ ਹੱਥਾਂ ਵਿੱਚ ਪੁੰਹਚਾਵਾਂ। ਅੱਜ ਤੋਂ 21 ਸਾਲ ਪਹਿਲਾਂ ਸਰ ਮੇਰੇ ਕੋਲ ਜਰਮਨੀ ਮੇਰੇ ਘਰ ਆਏ ਸਦਾ ਹੀ ਕਹਿੰਦੇ ਰਹੇ ਮੈ ਫਿਰ ਆਵਾਗਾਂ ਪਰ ਸਮਾਂ ਨਾ ਬਣਿਆਂ । ਪਿਛਲੇ ਸਾਲ ਉਹਨਾਂ ਦਾ ਵੱਡਾ ਬੇਟਾ ਲਿਆਕਤਬੀਰ ਕੁਦਰਤੀ ਮੇਰੇ ਕੋਲ ਜਰਮਨੀ ਆਇਆਂ ਅਸੀਂ ਬੈਠ ਕੇ ਸਰ ਬਾਰੇ ਬਹੁਤ ਗੱਲਾਂ ਕੀਤੀਆਂ । ਬਾਜਵਾ ਸਾਹਿਬ ਬਾਰ ਬਾਰ ਇਹੀ ਕਹਿੰਦੇ ਰਹੇ ਕਿ ਲਿਆਕਤਬੀਰ ਹਰ ਪਾਸਿਉ ਸ. ਲਖਬੀਰ ਸਿੰਘ ਦੀ ਪਰਛਾਈ ਹੈ । ਸਚਾਈ ਵਿੱਚ ਹੈ ਵੀ ਇਸ ਤਰਾਂ ਹੀ ਹੈ । ਪਾਪਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨਾ ਉਸਦਾ ਟੀਚਾ ਹੈ,ਵਾਹਿਗੁਰੂ ਉਸ ਨੂੰ ਤਾਕਤ ਦੇਵੇ ।

ਪ੍ਰੋ. ਲਖਬੀਰ ਸਿੰਘ ਹੋਰੀਂ ਭਾਵੇਂ ਜਿਸਮਾਨੀ ਤੌਰ 'ਤੇ ਸਾਥੋਂ ਵਿਛੜ ਗਏ ਹਨ ਲਿਖਦਿਆਂ ਵੀ ਆਹ ਨਿਕਲਦੀ ਹੈ। ਜਦੋਂ ਪੰਜਾਬ ਪਰਤਾਂਗੇ ਤਾਂ ਇਹ ਖਲਾਅ ਤਾਂ ਸਾਡੇ ਲਈ ਕਦੀਂ ਨਹੀਂ ਭਰੇਗਾ  ਪਰ ਉਨ੍ਹਾਂ ਦੇ ਵਿਚਾਰ ਸਾਡੇ ਰਾਹ ਦਸੇਰਾ ਬਣੇ ਰਹਿਣਗੇ, ਅਸੀਂ ਉਨ੍ਹਾਂ ਨੂੰ ਯਾਦ ਕਰਦੇ ਰਵ੍ਹਾਂਗੇ।

ਮੁੱਖ ਸੰਪਾਦਕ, ਮੀਡੀਆ ਪੰਜਾਬ

 

------------------- 

 

ਦਰਦ ਨਾਲ ਜੂਝਦੇ ਦਰਦਮੰਦ ਦਾ ਵਿਛੋੜਾ   - ਡਾ. ਨਵਜੋਤ

ਵੈਸੇ ਤਾਂ ਕਿਸੇ ਵੀ ਇਨਸਾਨ ਦਾ ਇਸ ਫ਼ਾਨੀ ਦੁਨੀਆ ਤੋਂ ਜਾਣਾ ਤਕਲੀਫ਼ਦੇਹ ਹੁੰਦਾ ਹੈ ਪਰ ਇਕ ਵਧੀਆ ਇਨਸਾਨ, ਜ਼ਿੰਦਗੀ ਨਾਲ ਜੂਝਣ ਵਾਲੇ ਸਿਰੜੀ ਯੋਧੇ ਦਾ ਜਾਣਾ ਸਮਾਜ ਲਈ ਬਹੁਤ ਵੱਡਾ ਘਾਟਾ ਹੈ। ਅਜੋਕੇ ਮਸ਼ੀਨੀ ਮਾਨਸਿਕਤਾ ਵਾਲੇ ਯੁੱਗ ਵਿਚ ਜਦੋਂ ਸਰਮਾਇਆ ਹੀ ਆਮ ਬੰਦੇ ਦਾ ਧਰਮ ਹੋਵੇ, ਜ਼ਮੀਰ ਦੀ ਆਵਾਜ਼ ’ਤੇ ਸਾਬਤਕਦਮੀ ਪਹਿਰਾ ਦੇਣ ਵਾਲੇ ਲੋਕ ਬਹੁਤ ਘੱਟ ਮਿਲਦੇ ਹਨ। ਪਿਛਲੇ ਪੰਦਰਾਂ ਸਾਲ ਤੋਂ ਕੋਮਲਭਾਵੀ ਲਖਬੀਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਦਸਤਪੰਜਾ ਲੈ ਰਿਹਾ ਸੀ। ਮੌਤ ਉਸ ਨੂੰ ਧੂਹ ਰਹੀ ਸੀ ਪਰ ਜਿਸ ਬਹਾਦਰੀ ਨਾਲ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਿਆ, ਉਹ ਕਾਬਲੇ ਤਾਰੀਫ਼ ਹੈ। ਆਖ਼ਰ ਛੇ ਅਗਸਤ ਸਵੇਰੇ ਛੇ ਵੱਜ ਕੇ ਵੀਹ ਮਿੰਟ ’ਤੇ ਜ਼ਿੰਦਗੀ ਹਾਰ ਗਈ ਅਤੇ ਚੰਦਰੀ ਮੌਤ ਜਿੱਤ ਗਈ।

     ਸਵੱਛ ਰੂਹ ਦਾ ਮਾਲਕ, ਮਾਨਵ ਹਿਤੈਸ਼ੀ ਇਨਸਾਨ, ਲੱਖਾਂ ਲੋਕਾਂ ਦਾ ਵੀਰ ਸੀ ਪ੍ਰੋ. ਲਖਬੀਰ ਸਿੰਘ। ਅਪਾਰ ਮਿਠਾਸ ਤੇ ਨਿਮਰਤਾ ਉਸ ਦੇ ਸੁਭਾਅ ਦਾ ਸਦੀਵੀ ਅੰਗ ਸੀ। ਗੋਰਾ ਨਿਛੋਹ ਰੰਗ, ਛੇ ਫੁੱਟ ਉੱਚਾ ਕੱਦ, ਹਮੇਸ਼ਾ ਹੱਸਦਾ ਮੁਸਕਰਾਉਂਦਾ ਚਿਹਰਾ ਹਰ ਵੇਲੇ ਹਰ ਕਿਸੇ ਦੇ ਕੰਮ ਆਉਣ ਦੇ ਭਾਵ ਨਾਲ ਓਤਪੋਤ ਸੀ। ਉਸ ਦੇ ਜ਼ਿਹਨ ਵਿਚ ਚੇਤਨਾ ਦੀ ਮਘਦੀ ਚਿਣਗ ਸੀ, ਜੋ ਉਸ ਦੀ ਅਸੀਮ ਸੋਚ ਨੂੰ ਸਦਾ ਪਰਵਾਜ਼ ਬਖ਼ਸ਼ਦੀ ਰਹੀ।

ਬੜਾ ਉੱਚਾ ਤੇ ਸੁੱਚਾ ਆਦਰਸ਼ ਸੀ ਉਸ ਦੇ ਸਾਹਮਣੇ। ਜ਼ਿੰਦਗੀ ਨੂੰ ਮੁਹੱਬਤ ਕਰਨ ਵਾਲਾ ਇਨਸਾਨ ਸੀ ਉਹ ਤਾਂ। ਸੱਜਣ-ਫੱਬਣ ਦਾ ਸ਼ੌਕ, ਵਧੀਆ ਖਾਣ ਦਾ ਸ਼ੌਕੀਨ। ਜਨੂੰਨ ਦੀ ਹੱਦ ਤਕ ਜ਼ਿੰਦਗੀ ਨੂੰ ਇਸ਼ਕ ਕਰਨ ਵਾਲਾ ਇਨਸਾਨ ਸਮੁੱਚੀ ਕਾਇਨਾਤ ਨੂੰ ਇਸ਼ਕ ਕਰ ਸਕਦਾ ਸੀ।

ਲਖਬੀਰ ਇਕ ਸ਼ੂਕਦਾ ਵਗਦਾ ਦਰਿਆ ਸੀ, ਜੋ ਆਪਣੇ ਰਾਹਵਾਂ ਦਾ ਹਰ ਟੋਆ- ਟਿੱਬਾ ਢਾਹ ਆਪਣੀ ਮੰਜ਼ਿਲ ਵੱਲ ਵਧਦਾ ਹੀ ਜਾਂਦਾ ਸੀ। ਸੇਵਾ ਉਸ ਦਾ ਪਰਮ ਧਰਮ ਸੀ। ਲੋੜਵੰਦਾਂ ਦੇ ਕੰਮ ਆਉਣਾ ਉਸ ਦੀ ਰੂਹ ਦੀ ਖ਼ੁਰਾਕ ਸੀ। ਉਹ ਹਮੇਸ਼ਾ ਦਰਦਮੰਦਾਂ ਦੇ ਦਰਦ ਨੂੰ ਘਟਾਉਣ ਦੇ ਆਹਰ ’ਚ ਲੱਗਾ ਰਹਿੰਦਾ ਸੀ। ਲੋੜਾਂ ਤੇ ਥੁੜਾਂ ਮਾਰੀ ਲੋਕਾਈ ਦੇ ਜ਼ਖ਼ਮਾਂ ’ਤੇ ਫੇਹੇ ਰੱਖਣ ਦੀ ਕੋਸ਼ਿਸ਼ ਕਰਦਾ। ਇਸ ਸਭ ਕਾਸੇ ਵਿੱਚੋਂ ਉਸ ਨੂੰ ਸਕੂਨ ਮਿਲਦਾ ਸੀ। ਇਸ ਸਕੂਨ ਵਿੱਚੋਂ ਕਿਸੇ ਨਸ਼ੇ ਦਾ ਅਹਿਸਾਸ ਹੁੰਦਾ ਉਹ ਇਲਾਹੀ ਨਸ਼ਾ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਅਨੇਕਾਂ ਵਾਰ ਖ਼ੂਨਦਾਨ ਹੀ ਨਹੀਂ ਕੀਤਾ ਸਗੋਂ ਹਜ਼ਾਰਾਂ ਲੋਕਾਂ ਨੂੰ ਇਸ ਨੇਕ ਕੰਮ ਲਈ ਪ੍ਰੇਰਿਤ ਵੀ ਕੀਤਾ।

ਉਹ ਸਮੁੱਚੀ ਕਾਇਨਾਤ ਨੂੰ ਪਿਆਰ ਕਰਨ ਵਾਲਾ ਸੀ। ਉਸ ਨੇ ਨੌਂ-ਦਸ ਲੱਖ ਦਰੱਖ਼ਤ ਲਗਵਾ ਕੇ ਲੋਕਾਂ ਨੂੰ ਵਾਤਾਵਰਨ ਸ਼ੁੱਧਤਾ ਤੋਂ ਜਾਣੂ ਕਰਵਾਇਆ ਸੀ। ਭਰੂਣ ਹੱਤਿਆ, ਏਡਜ਼ ਅਤੇ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਬਾਰੇ ਜਨ ਸਧਾਰਨ ਨੂੰ ਚੇਤਨ ਕਰਵਾਉਣਾ ਉਸ ਦੇ ਤਰਜੀਹੀ ਕੰਮਾਂ ’ਚੋਂ ਸੀ। ਉਹ ਤਾਉਮਰ ਕੀਟਨਾਸ਼ਕ ਦਵਾਈਆਂ ਤੇ ਜ਼ਹਿਰੀਲੀਆਂ ਰਸਾਇਣਕ ਖਾਦਾਂ ਖ਼ਿਲਾਫ਼ ਦੁਹਾਈਆਂ ਪਾਉਂਦਾ ਰਿਹਾ।

ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਦਾ ਹੋ ਰਿਹਾ ਘਾਣ ਉਸ ਤੋਂ ਜਰਿਆ ਨਹੀਂ ਸੀ ਜਾਂਦਾ। ਉਹ ਲੱਕ ਬੰਨ੍ਹ ਕੇ ਸਮਾਜ ਨੂੰ ਸੋਹਣਾ-ਸੁਨੱਖਾ ਬਣਾਉਣ ਦੇ ਸੁਪਨੇ ਵੇਖਦਾ ਸੀ। ਉਹ ਹਊਮੈ ਮੁਕਤ ਇਨਸਾਨ ਸੀ। ਲੋਕਾਂ ਲਈ ਜੀਊਣ ਵਾਲਾ ਅਭਿਮਾਨ ਮੁਕਤ ਆਪੇ ਹੀ ਹੋ ਜਾਂਦਾ ਹੈ। ਉਹ ਇਕ ਵਧੀਆ ਇਨਸਾਨ ਹੀ ਨਹੀਂ ਸਗੋਂ ਪ੍ਰਤੀਬੱਧ ਅਧਿਆਪਕ, ਵਫ਼ਾਦਾਰ ਪਤੀ ਤੇ ਜ਼ਿੰਮੇਵਾਰ ਬਾਪ ਸੀ।

ਪਿਆਰ ਸਤਿਕਾਰ ਅਤੇ ਦੁੱਖ ਦੇ ਮਿਲੇ-ਜੁਲੇ ਅਨੁਭਵ ਮੈਨੂੰ ਪੰਦਰਾਂ ਸਾਲ ਪਿੱਛੇ ਧੂਹ ਕੇ ਲਈ ਜਾ ਰਹੇ ਨੇ। ਕੁਲਹਿਣੀ ਬਿਮਾਰੀ ਦੌਰਾਨ ਤਕਲੀਫ਼ ਨੂੰ ਜਰਨ ਦੀ ਅਥਾਹ ਸਮਰੱਥਾ ਮੈਂ ਲਖਬੀਰ ਵਿਚ ਵੇਖੀ। ਦੂਜਿਆਂ ਦੇ ਦਰਦ ਨੂੰ ਵੰਡਾਉਣ ਵਾਲਾ ਹਰ ਘੜੀ ਆਪਣੇ ਸਮੁੱਚੇ ਦਰਦ ਨੂੰ ਸਿਦਕ ਨਾਲ ਪੀਂਦਾ ਰਿਹਾ। ਅੰਤਾਂ ਦੀ ਸਰੀਰਕ ਤਕਲੀਫ਼ ਵਿਚ ਵੀ ਉਹ ਸ਼ਾਂਤ ਗੰਭੀਰ ਅਤੇ ਮੁਸਕਰਾ ਕੇ ਦੂਜਿਆਂ ਦੀ ਹਿੰਮਤ ਵਧਾਉਂਦਾ ਸੀ। ਔਖੇ ਵੇਲੇ ਜ਼ਿੰਦਗੀ ਕਿਵੇਂ ਜੀਵੀਦੀ ਹੈ, ਇਹ ਉਹ ਬਹਾਦਰ ਵੀਰ ਦੱਸ ਗਿਆ ਹੈ। ਪੰਜਾਬੀ ਦੇ ਆਦਿ ਕਵੀ ਅਤੇ ਮਹਾਨ ਸੂਫ਼ੀ ਬਾਬਾ ਫ਼ਰੀਦ ਜੀ ਨੇ ਦਰਵੇਸ਼ ਰੂਹਾਂ ਬਾਰੇ ਫੁਰਮਾਇਆ ਹੈ ਕਿ ਉਨ੍ਹਾਂ ਦਾ ਜੇਰਾ ਰੁੱਖਾਂ ਵਰਗਾ ਚਾਹੀਦਾ ਹੈ ਜੋ ਖ਼ੁਦ ਧੁੱਪ-ਛਾਂ ਝੇਲ ਕੇ ਦੂਜਿਆਂ ਨੂੰ ਠੰਢੀਆਂ ਛਾਵਾਂ ਵੰਡਦੇ ਹਨ, ‘‘ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।’’ ਪ੍ਰੋ. ਲਖਬੀਰ ਸਿੰਘ ਵੀ ਤਾਂ ਅਜਿਹਾ ਹੀ ਸੀ। ਇਹ ਜੀਰਾਂਦ ਦੂਜਿਆਂ ਤੋਂ ਆਪਾ ਵਾਰਨ ਵਾਲੇ ਵਿਚ ਹੀ ਆ ਸਕਦੀ ਹੈ।

‘ਪਹਿਲ’ ਨਾਂ ਦੀ ਸੰਸਥਾ ਰਾਹੀਂ ਉਸ ਨੇ ਸਮਾਜ ਸੇਵਾ ਦੇ ਕੰਮ ਕਰਨ ਦੀ ਪਹਿਲ ਕੀਤੀ, ਜਿਸ ਤੋਂ ਸਮਾਜ ਦੇ ਵੱਡੀ ਗਿਣਤੀ ਲੋਕਾਂ ਨੇ ਸੇਧ ਲਈ। ਅਧਿਆਪਕ ਹੋਣ ਦੇ ਨਾਤੇ ਉਸ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦਿੱਤਾ। ਵਿਦਿਆਰਥੀਆਂ ’ਚ ਸਾਹਿਤ ਦੀ ਚੇਟਕ ਪੈਦਾ ਕਰਨ ਦਾ ਕੰਮ ਉਸ ਨੇ

ਬੜੀ ਸ਼ਿੱਦਤ ਨਾਲ ਕੀਤਾ। ਖ਼ੁਦ ਸਮਾਜ ਸੇਵਾ ਦੇ ਜਜ਼ਬੇ ਨਾਲ ਲਬਰੇਜ਼ ਇਸ ਹਸਤੀ ਨੇ ਆਪਣੇ ਵਿਦਿਆਰਥੀਆਂ ਨੂੰ ਵੀ ਹਮੇਸ਼ਾ ਦੂਜਿਆਂ ਦੇ ਕੰਮ ਆਉਣ ਦਾ ਵੱਲ ਸਿਖਾਇਆ। ਉਸ ਦੀ ਸ਼ਖ਼ਸੀਅਤ ਤੇ ਵਿਚਾਰਧਾਰਾ ਉਸ ਦੇ ਅੰਗਸੰਗ ਰਹਿਣ ਵਾਲਿਆਂ ਤੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਸੇਧ ਦਿੰਦੀ ਰਹੇਗੀ।

ਲਖਬੀਰ ਵਰਗੇ ਜ਼ਹੀਨ ਇਨਸਾਨ ਸਦਾ ਨਹੀਂ ਜੰਮਦੇ। ਸਰੀਰਕ ਕਸ਼ਟ ਦੇ ਦੌਰਾਨ ਲਖਬੀਰ ਸਮਾਜ ਸੇਵਾ ’ਚ ਪਹਿਲਾਂ ਤੋਂ ਵੀ ਵੱਧ ਤਾਕਤ ਨਾਲ ਜੁਟਿਆ। ਲੰਮੀ ਤਪੱਸਿਆ ਅਤੇ ਘਾਲਣਾ ਤੋਂ ਬਾਅਦ ਮਿਲੀ ਲੋਕਾਈ ਦੀ ਮੁਹੱਬਤ ਲਖਬੀਰ ਦੀ ਬੇਨਜ਼ੀਰ ਕਮਾਈ ਹੈ। ਅੱਜ ਲਖਬੀਰ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸਭ ਉਸ ਨੂੰ ਚਾਹੁਣ ਵਾਲੇ, ਉਸ ਦੇ ਕੰਮਾਂ ਨੂੰ ਪਿਆਰਨ ਵਾਲੇ ਉਸ ਦੀ ਜੀਵਨ ਦ੍ਰਿਸ਼ਟੀ ਨੂੰ ਸਤਿਕਾਰਨ ਵਾਲੇ ਉਸ ਦੇ ਲੋਕ ਹਿਤਕਾਰੀ ਜੀਵਨ ਤੋਂ ਪ੍ਰੇਰਨਾ ਲਈਏ।

- ਪ੍ਰਿੰਸੀਪਲ, ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ, ਜਲੰਧਰ।

  ਸੰਪਰਕ : 81468-2804

                             

----------------------

 

 ਬਹੁਤਾ ਰੋਣਗੇ ਦਿਲਾਂ ਦੇ ਜਾਨੀ... !  - ਡਾ.ਰਾਮ ਮੂਰਤੀ

ਪ੍ਰੋ. ਲਖਬੀਰ ਸਿੰਘ ਦਾ ਜਨਮ 14 ਜੂਨ 1962 ਨੂੰ ਮਾਤਾ ਸ਼੍ਰੀਮਤੀ ਹਰਭਜਨ ਕੌਰ ਅਤੇ ਪਿਤਾ ਸ.ਅਜੀਤ ਸਿੰਘ ਦੇ ਘਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਜਾਤੀ ਕੇ ਵਿਖੇ ਹੋਇਆ। ਉਨ੍ਹਾਂ ਐਮ.ਏ.ਪੰਜਾਬੀ ਅਤੇ ਐਮ.ਫਿਲ ਦੀਆਂ ਡਿਗਰੀਆਂ ਹਾਸਿਲ ਕੀਤੀਆਂ ਅਤੇ ਡੀ.ਏ.ਵੀ.ਕਾਲਜ ਜਲੰਧਰ ਵਿਖੇ ਬਤੌਰ ਪੰਜਾਬੀ ਪ੍ਰਾਧਿਆਪਕ ਪੜ੍ਹਾਉਣ ਲੱਗ ਪਏ। ਉਨ੍ਹਾਂ ਆਪਣੀ ਨੌਕਰੀ ਅਨੁਸ਼ਾਸਨ ਵਿਚ ਰਹਿ ਕੇ ਬੜੀ ਸਿਦਕਦਿਲੀ ਨਾਲ ਕੀਤੀ। ਇਹ ਉੱਚਾ ਲੰਮਾਂ ਗੋਰਾ ਨਿਛੋਹ ਗੱਭਰੂ ਬੜਾ ਮਿੱਠ ਬੋਲੜਾ ਸੀ ਤੇ ਹਮੇਸ਼ਾ ਮੁਸਕਰਾ ਕੇ ਗੱਲ ਕਰਦਾ ਸੀ ਤੇ ਪਹਿਲੀ ਮੁਲਾਕਾਤ ਵਿਚ ਹੀ ਦੂਸਰੇ ਦਾ ਮਨ ਮੋਹ ਲੈਂਦਾ ਸੀ।

ਇਹ 1993 ਦੀ ਘਟਨਾਂ ਹੈ ਜਦੋਂ ਮੇਰਾ ਪ੍ਰੋ.ਲਖਬੀਰ ਸਿੰਘ ਨਾਲ ਇਸ ਕਾਲਜ ਦੇ ਪੰਜਾਬੀ ਵਿਭਾਗ ਵਿਚ ਮੇਲ ਹੋਇਆ। ਮੈਂ ਉਸ ਕਾਲਜ ਵਿਚ ਐਮ.ਏ.ਪੰਜਾਬੀ ਵਿਚ ਦਾਖ਼ਲਾ ਲੈਣਾ ਸੀ ਤੇ ਉੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ। ਦਾਖ਼ਲੇ ਦੀਆਂ ਆਖ਼ਰੀ ਤਾਰੀਖ਼ਾਂ ਚੱਲ ਰਹੀਆਂ ਸਨ। ਮੇਰੇ ਪਿੰਡ ਮੱਲ੍ਹੀਆਂ ਖੁਰਦ ਵਿਖੇ ਉਨ੍ਹਾਂ ਦੀ ਛੋਟੀ ਭੈਣ ਸ਼੍ਰੀਮਤੀ ਰਣਜੀਤ ਕੌਰ ਮੇਰੇ ਵੱਡੇ ਭਰਾ ਵਰਗੇ ਮਿੱਤਰ ਸ਼੍ਰੀ ਪ੍ਰਦੀਪ ਕੁਮਾਰ ਉਰਫ ਦੀਨਾਂ ਨਾਥ ਚਮਦਲ ਨਾਲ ਵਿਆਹੀ ਹੋਈ ਹੈ। ਉਨ੍ਹਾਂ ਪ੍ਰੋ. ਲਖਬੀਰ ਕੋਲ ਮੇਰੀ ਸਿਫਾਰਿਸ਼ ਕਰ ਦਿੱਤੀ। ਪੁੱਛਦਾ ਪੁਛਾਉਂਦਾ ਜਦੋਂ ਮੈਂ ਪੰਜਾਬੀ ਵਿਭਾਗ ਪੁੱਜਾ ਤਾਂ ਕੁਦਰਤੀ ਉਹ ਡਾ.ਟੀ.ਆਰ.ਸ਼ੰਗਾਰੀ ਦੇ ਬਿਲਕੁਲ ਸਾਹਮਣੇ ਵਾਲੀ ਕੁਰਸੀ 'ਤੇ ਬੈਠੇ ਸਨ। ਮੈਂ ਉਨ੍ਹਾਂ ਦੇ ਕੰਨ ਵਿਚ ਜਾ ਕੇ ਕਿਹਾ ਕਿ ਮੈਂ ਮੱਲ੍ਹੀਆਂ ਤੋਂ ਆਇਆ ਹਾਂ। ਉਨ੍ਹਾਂ ਡਾ. ਸ਼ੰਗਾਰੀ ਜੋ ਉਸ ਵੇਲੇ ਵਿਭਾਗ ਦੇ ਮੁਖੀ ਸਨ ਕੋਲ ਮੇਰੀ ਸਿਫਾਰਿਸ਼ ਕਰ ਦਿੱਤੀ। ਪਰ ਡਾ. ਸ਼ੰਗਾਰੀ ਇਨਸਾਫ ਪਸੰਦ ਸਨ ਤੇ ਉਨ੍ਹਾਂ ਪ੍ਰਵੇਸ਼ ਪ੍ਰੀਖਿਆ ਰਾਹੀਂ ਆਉਣ ਦੀ ਸ਼ਰਤ ਰੱਖ ਦਿੱਤੀ। ਪ੍ਰਵੇਸ਼ ਪ੍ਰੀਖਿਆ ਹੋਈ ਤੇ ਮੇਰਾ ਦਾਖ਼ਲਾ ਵੀ ਹੋ ਗਿਆ। ਮੇਰੇ ਪਿੰਡ ਰਿਸ਼ਤੇਦਾਰੀ ਹੋਣ ਸਦਕਾ ਪ੍ਰੋ. ਲਖਬੀਰ ਸਿੰਘ ਮੇਰਾ ਉਚੇਚਾ ਧਿਆਨ ਰੱਖਣ ਲੱਗ ਪਏ।

      ਉਨ੍ਹਾਂ ਦਿਨਾਂ ਵਿਚ ਹੀ ਉਨ੍ਹਾਂ ਨੇ ਆਪਣੇ ਕੁਝ ਸਹਿਯੋਗੀ ਪ੍ਰਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ 'ਪਹਿਲ' ਸੰਸਥਾ ਦਾ ਗਠਨ ਕੀਤਾ। ਇਹ ਸੰਸਥਾ ਸਮਾਜ ਭਲਾਈ ਦੇ ਕੰਮ ਨੂੰ ਸਮਰਪਿਤ ਸੀ। ਵਾਤਾਵਰਣ ਨੂੰ ਵਧ ਰਹੇ ਪ੍ਰਦੂਸ਼ਣ ਤੋਂ ਬਚਾਉਣ ਲਈ ਵੱਡੀ ਗਿਣਤੀ ਵਿਚ ਰੁੱਖ ਲਗਾਉਣੇ, ਖ਼ੂਨਦਾਨ ਕੈਂਪ ਲਗਾਉਣੇ, ਕੈਂਸਰ ਨਾਲ ਪੀੜਿਤ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਦਾ ਪ੍ਰਬੰਧ ਕਰਵਾਉਣਾਂ, ਵਾਤਾਵਰਣ ਸੁਰੱਖਿਆ ਲਈ ਸੈਮੀਨਾਰਾਂ ਤੇ ਕਾਨਫਰੰਸਾਂ ਦਾ ਆਯੋਜਨ ਕਰਨਾਂ, ਸਾਖਰਤਾ ਅਭਿਆਨ ਵਿਚ ਆਪਣੀ ਮੋਹਰੀ ਭੂਮਿਕਾ ਨਿਭਾਉਣਾ ਇਸ ਸੰਸਥਾ ਦੇ ਕੰਮਾਂ ਵਿਚ ਸ਼ਾਮਿਲ ਸੀ।

ਪ੍ਰੋ. ਲਖਬੀਰ ਸਿੰਘ ਨੂੰ ਅਜਿਹੀ ਸੇਵਾ ਕਰਨ ਦਾ ਜਨੂੰਨ ਜਿਹਾ ਸੀ। ਕਾਲਜ ਡਿਊਟੀ ਤੋਂ ਬਾਅਦ ਉਨ੍ਹਾਂ ਦਾ ਸੁਰਮਈ ਰੰਗ ਦਾ ਵੈਸਪਾ ਸਕੂਟਰ ਜਲੰਧਰ ਅਤੇ ਪੰਜਾਬ ਦੇ ਹੋਰ ਦੂਰ ਦੁਰੇਡੇ ਇਲਾਕਿਆਂ ਵਿਚ ਅੱਧੀ ਅੱਧੀ ਰਾਤ ਤੱਕ ਦੌੜਦਾ ਰਹਿੰਦਾ। ਜਲੰਧਰ ਸ਼ਹਿਰ ਦੀ ਭਲਾਈ ਲਈ ਪ੍ਰਸਾਸ਼ਨ ਨਾਲ ਮਿਲਣੀਆਂ, ਪਿੰਡਾਂ ਸ਼ਹਿਰਾਂ ਵਿਚ ਖੂਨਦਾਨ ਕੈਂਪਾਂ ਦਾ ਆਯੋਜਨ, ਰੇਡੀਓ ਤੇ ਦੂਰਦਰਸ਼ਨ ਦੇ ਪ੍ਰੋਗਰਾਮ ਉਸ ਦਾ ਵਿਹਲ ਨਾ ਲੱਗਣ ਦਿੰਦੇ। ਉਹ ਸਾਨੂੰ ਵੀ ਇਸ ਸੇਵਾ ਵਿਚ ਲੱਗ ਜਾਣ ਦੀ ਪ੍ਰੇਰਣਾਂ ਅਕਸਰ ਦਿੰਦੇ ਰਹਿੰਦੇ। ਉਹ ਮੈਨੂੰ ਪਹਿਲ ਨਾਲ ਪੱਕੇ ਤੌਰ 'ਤੇ ਜੋੜਨਾਂ ਚਾਹੁੰਦੇ ਸਨ ਪਰ ਉਨ੍ਹਾਂ ਦੇ ਥਕਾਵਟ ਭਰੇ ਰੁਝੇਵਿਆਂ ਨੂੰ ਵੇਖ ਕੇ ਮੈਂ ਜਕਦਾ ਹੀ ਰਿਹਾ ਤੇ ਉਨ੍ਹਾਂ ਤੋਂ ਵਲ਼ ਭੰਨ ਕੇ ਲੰਘਣ ਲੱਗ ਪਿਆ। ਪਰ ਗਾਹੇ ਬਗਾਹੇ ਉਹ ਮੈਨੂੰ ਫੜ ਹੀ ਲੈਂਦੇ ਤੇ ਹਸਦਿਆਂ ਹੋਇਆਂ ਆਖਦੇ, "ਜਿੰਨਾਂ ਮਰਜ਼ੀ ਦੌੜ ਲੈ ਪੁੱਤਰਾ ਮੈਂ ਨੀ ਤੈਨੂੰ ਛੱਡਣਾਂ!" ਇਸ ਤਰ੍ਹਾਂ ਮੇਰੇ ਜਿਹੇ ਸੁਸਤ ਤੇ ਆਲਸੀ ਇਨਸਾਨ ਤੋਂ ਵੀ ਉਹ ਚੋਖਾ ਕੰਮ ਕਰਵਾ ਗਏ। ਉਨ੍ਹਾਂ ਦੀ ਅਗ਼ਵਾਈ ਵਿਚ ਅਸੀਂ ਆਪਣੇ ਪਿੰਡ ਵਿਚ ਵੀ ਖੂਨਦਾਨ ਕੈਂਪ ਆਯੋਜਿਤ ਕੀਤੇ। ਉਨ੍ਹਾਂ ਨੇ ਹੀ ਮੇਰਾ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਫਾਰਮ ਭਰਿਆ ਅਤੇ ਇਸਸ ਸਬੰਧੀ ਕਾਰਡ ਬਣਵਾ ਕੇ ਦਿੱਤਾ। ਉਹ ਮੈਨੂੰ ਜਦ ਵੀ ਮਿਲਦੇ, ਇਹੋ ਆਖ਼ਦੇ, "ਕੁਝ ਕਰ ਯਾਰ … ਤੂੰ ਕਰ ਸਕਦਾਂ! ਤੇਰੇ 'ਚ ਬੜਾ ਪੁਟੈਂਸ਼ੀਅਲ ਏ … ਆ ਜਾ ਮੇਰੇ ਨਾਲ!" ਪਰ ਮੈਂ ਉਨ੍ਹਾਂ ਦਾ ਇਹ ਸੱਦਾ ਕਬੂਲ ਕਰਨ ਤੋਂ ਡਰਦਾ ਸਾਂ ਤੇ ਡਰਦਾ ਹੀ ਰਿਹਾ। ਆਪਣੀ ਨੌਕਰੀ ਦੀ ਸਮੱਸਿਆ ਕਰਕੇ ਮੈਂ ਚਾਹੁੰਦਾ ਹੋਇਆ ਵੀ ਪਹਿਲ ਦਾ ਪੱਕਾ ਮੈੰਬਰ ਨਾ ਬਣ ਸਕਿਆ।

     ਪ੍ਰੋ. ਲਖਬੀਰ ਸਿੰਘ ਇਕ ਦਿਨ ਜਦੋਂ ਸਮਾਜ ਸੇਵਾ ਦੇ ਕਾਰਜ ਲ ਘਰੋਂ ਤੁਰਨ ਹੀ ਵਾਲਾ ਸੀ ਤਾਂ ਉਸ ਨੂੰ  ਇਕ ਜ਼ਬਰਦਸਤ ਛਿੱਕ ਆ ਗਈ ਜਿਸ ਨਾਲ ਉਸ ਦੀ ਰੀੜ ਦੀ ਹੱਡੀ ਨੂੰ ਝਟਕਾ ਲੱਗਾ ਤੇ ਇਕ ਮਣਕਾ ਟੁੱਟ ਗਿਆ। ਡਾਕਟਰੀ ਜਾਂਚ ਤੋਂ ਬਾਅਦ ਬੋਨ ਕੈਂਸਰ ਦੀ ਪਛਾਣ ਕੀਤੀ ਗਈ। ਅਸਲ ਵਿਚ ਇਹ ਛਿੱਕ ਮੌਤ ਰਾਣੀ ਦੀ ਛਿੱਕ ਸੀ ਜੋ ਉਸ ਨੂੰ ਯਾਦ ਕਰ ਰਹੀ ਸੀ। ਪਰ ਲਖਬੀਰ ਆਪਣੇ ਆਰੰਭੇ ਕਾਰਜ ਵਿਚੇ ਛੱਡ ਇੰਝ ਕਿਵੇਂ ਜਾ ਸਕਦਾ ਸੀ ? ਉਸ ਨੇ ਪੂਰੇ ਚੌਦਾਂ ਸਾਲ ਮੌਤ ਨਾਲ ਅਠਖੇਲੀਆਂ ਕੀਤੀਆਂ। ਆਪਣੇ ਆਰੰਭ ਕੀਤੇ ਅਨੇਕਾਂ ਕਾਰਜ ਸੰਪੂਰਨ ਕੀਤੇ।ਸਮਾਜ ਸੇਵਾ ਦੇ ਕਾਰਜਾਂ ਦੇ ਨਾਲ ਨਾਲ ਆਪਣੇ ਦੋ ਬੇਟਿਆਂ ਲਿਆਕਤਵੀਰ ਸਿੰਘ ਤੇ ਬਾਗੇਸ਼ਵਰ ਸਿੰਘ ਨੂੰ ਪੜ੍ਹਾਇਆ-ਲਿਖਾਇਆ ਤੇ ਜਿਊਣਯੋਗ ਬਣਾਇਆ। ਮੌਤ ਬਥੇਰੇ ਤਰਲੇ ਕਰਦੀ ਰਹੀ ਕਿ ਆ ਜਾ, ਆ ਜਾ! ਪਰ ਇਸ ਸੂਰਮੇ ਮਨੁੱਖ ਨੇ ਮੌਤ ਦੀਆਂ ਵੀ ਗੋਡਣੀਆਂ ਲਗਵਾ ਦਿੱਤੀਆਂ ਤੇ ਉਸ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਅਖਿਆ, "ਲਖਬੀਰ ਨੂੰ ਲੈ ਜਾਣਾਂ ਇੰਨਾਂ ਸੌਖਾ ਨਹੀਂ।" ਮੈਨੂੰ ਨਹੀਂ ਲਗਦਾ ਕਿ ਕਿਸੇ ਮਨੁੱਖ ਨੂੰ ਲਿਜਾਣ ਵਿਚ ਮੌਤ ਦਾ ਇੰਨਾਂ ਜ਼ੋਰ ਲੱਗਾ ਹੋਊ। ਅਜਿਹੇ ਸਿਰੜੀ ਮਨੁੱਖ ਦੁਨੀਆਂ 'ਤੇ ਕਦੇ ਕਦੇ ਆਉਂਦੇ ਹਨ।

     ਜਦੋਂ ਮੈਂ ਪ੍ਰਫੈਸਰ ਸਾਹਿਬ ਦੇ ਅਜਿਹੇ ਜੀਵਨ ਸੰਘਰਸ਼ ਨੂੰ ਵੇਖਦਾ ਹਾਂ ਤਾਂ ਮੈਨੂੰ ਰੂਸੀ ਲੇਖਕ ਬੋਰਿਸ ਪੋਲੇਵੋਈ ਦੇ ਨਾਵਲ 'ਅਸਲੀ ਇਨਸਾਨ ਦੀ ਕਹਾਣੀ' ਦੇ ਨਾਇਕ 'ਅਲੈਕਸੀ ਮਾਰਸੀਯੇਵ' ਦਾ ਚੇਤਾ ਆ ਜਾਂਦਾ ਹੈ ਜੋ ਇਕ ਪਾਇਲਟ ਸੀ ਤੇ ਦੂਜੀ ਸੰਸਾਰ ਜੰਗ ਵੇਲੇ ਭਿਆਨਕ ਹਾਦਸੇ ਤੋਂ ਬਾਅਦ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਜਾਂਦੀਆਂ  ਹਨ। ਉਸ ਨੂੰ ਜਹਾਜ਼ ਉਡਾਉਣ ਦੇ ਅਯੋਗ ਕਰਾਰ ਦਿੱਤਾ ਜਾਂਦਾ ਹੈ ਪਰ ਉਹ ਆਪਣੇ ਸਿਰੜ ਦੇ ਬਲਬੂਤੇ ਕਠਿਨ ਮਿਹਨਤ ਕਰ ਕੇ ਲੱਕੜ ਦੀਆਂ ਲੱਤਾਂ ਨਾਲ ਦੁਬਾਰਾ ਜਹਾਜ਼ ਉਡਾਉਣ ਵਿਚ ਕਾਮਯਾਬ ਹੋ ਜਾਂਦਾ ਹੈ। ਇਹੋ ਜਿਹੀ ਕਹਾਣੀ ਹੈ ਸਾਡੇ ਇਸ ਮਹਿਬੂਬ ਅਧਿਆਪਕ ਦੀ। ਉਨ੍ਹਾਂ ਨੇ ਸਿੱਧ ਕਰ ਦਿਖਾਇਆ ਕਿ ਮਨੁੱਖ ਦੇ ਪੱਕੇ ਸਿਰੜ ਤੇ ਅਕੀਦੇ ਅੱਗੇ ਮੌਤ ਵੀ ਹਾਰ ਜਾਂਦੀ ਹੈ।

ਪੌਫ਼ੈਸਰ ਲਖਬੀਰ ਸਿੰਘ ਦੇ ਜਾਣ ਦਾ ਸਮਾਜ ਸੇਵਾ ਵਿਚ ਲੱਗੀਆਂ ਧਿਰਾਂ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ, ਦੋਸਤਾਂ ਸਨੇਹੀਆਂ ਨੇ ਉਨ੍ਹਾਂ ਦੀ ਔਖੇ ਵੇਲੇ ਸਹਾਇਤਾਂ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਦਕੇ ਜਾਈਏ ਉਨ੍ਹਾਂ ਦੀ ਜੀਵਨ ਸਾਥਣ ਸ਼੍ਰੀਮਤੀ ਹਰਵਿੰਦਰ ਕੌਰ ਦੇ ਜਿਸਨੇ ਉਨ੍ਹਾਂ ਦੀ ਸੇਵਾ ਕਰਦਿਆਂ ਪਿਛਲੇ ਚੌਦਾਂ ਸਾਲਾਂ ਵਿਚ ਸ਼ਾਇਦ ਹੀ ਕਦੇ ਰੱਜ ਕੇ ਸੌਂ ਦੇਖਿਆ ਹੋਵੇ। ਪ੍ਰੋ.ਸਾਹਿਬ ਦੇ ਜਾਣ 'ਤੇ ਅੱਜ ਉਨ੍ਹਾਂ ਦੀ ਮਿੱਤਰ ਮੰਡਲ਼ੀ ਤੇ ਵਿਦਿਆਰਥੀ ਡਾਹਢੇ ਉਦਾਸ ਹਨ। ਆਓ! ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਸਮਾਜ ਸੇਵਾ ਦੇ ਇਸ ਮਹਾਨ ਕਾਰਜ ਨੂੰ ਅੱਗੇ ਤੋਰੀਏ! ਇਹੋ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

--------------------         

 

ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਜਾਂਬਾਜ਼ ਪ੍ਰੋ. ਲਖਬੀਰ ਸਿੰਘ ਨੂੰ ਸ਼ਰਧਾਂਜਲੀ - ਡਾ. ਗੁਰਵਿੰਦਰ ਸਿੰਘ

    ਹਜ਼ਾਰਾਂ ਨੌਜਵਾਨਾਂ ਦੇ ਪ੍ਰੇਰਨਾ ਸਰੋਤ, ਹੌਸਲੇ ਦੀ ਅਨੋਖੀ ਮਿਸਾਲ ਅਤੇ ਚੜ੍ਹਦੀ ਕਲਾ ਭਰਪੂਰ ਸ਼ਖ਼ਸੀਅਤ ਦੇ ਮਾਲਕ ਪ੍ਰੋਫ਼ੈਸਰ ਲਖਵੀਰ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਕਰੀਬ 15 ਸਾਲ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨੂੰ ਹਰਾਉਂਦੇ ਆ ਰਹੇ ਇਸ ਮਹਾਨ ਸ਼ਖ਼ਸ ਨੇ ਅੱਜ ਜੀਵਨ ਦੀ ਹਰ ਚੁਣੌਤੀ 'ਤੇ ਜਿੱਤ ਹਾਸਲ ਕਰ ਲਈ ਹੈ। ਦਿੱਲੀ ਦੇ ਕੈਂਸਰ ਹਸਪਤਾਲ 'ਚ ਪ੍ਰੋਫੈਸਰ ਸਾਹਿਬ ਨੇ ਆਖ਼ਰੀ ਸਵਾਸ ਲਏ। ਅਖੀਰ ਤਕ ਆਪ ਜੀ ਦਾ ਮੁਸਕਰਾਉਂਦਾ ਚਿਹਰਾ ਸਭ ਲਈ ਹਿੰਮਤ ਦਾ ਪ੍ਰਤੀਕ ਬਣਿਆ ਰਿਹਾ। ਪਿੱਛੇ ਪਰਿਵਾਰ ਦੀ ਹਿੰਮਤ ਦੀ ਵੀ ਕੋਈ ਮਿਸਾਲ ਨਹੀਂ। ਮਾਣਯੋਗ ਭੈਣ ਜੀ ਅਤੇ ਦੋਵੇਂ ਬੱਚਿਆਂ ਨੇ ਸੇਵਾ ਦੀ ਮਿਸਾਲ ਕਾਇਮ ਕੀਤੀ। ਸੰਨ 1988 ਤੋਂ ਲੈ ਕੇ ਹੁਣ ਤਕ ਪ੍ਰੋਫ਼ੈਸਰ ਸਾਹਿਬ ਨਾਲ ਅਟੁੱਟ ਸਾਂਝ ਕਾਇਮ ਰਹੀ।

ਕੁਝ ਸਮਾਂ ਪਹਿਲਾਂ ਪੰਜਾਬ ਫੇਰੀ ਦੌਰਾਨ ਜਲੰਧਰ 'ਚ ਉਨ੍ਹਾਂ ਦੇ ਗ੍ਰਹਿ ਵਿਖੇ ਬਿਤਾਏ ਪਲ ਅਭੁੱਲ ਯਾਦਾਂ ਦਾ ਖ਼ਜ਼ਾਨਾ ਬਣੇ। "ਅਸਾਂ ਹਿੰਮਤ ਯਾਰ ਬਣਾਈ" ਕਿਤਾਬ ਅਣਗਿਣਤ ਨੌਜਵਾਨਾਂ ਨੂੰ ਚੜ੍ਹਦੀ ਕਲਾ ਦੀ ਪ੍ਰੇਰਨਾ ਦੇਣ ਵਾਲੀ ਮਹਾਨ ਲਿਖਤ ਹੋ ਨਿੱਬੜੀ।

     ਅੱਜ ਹਜ਼ਾਰਾਂ ਵਿਦਿਆਰਥੀਆਂ ਅਤੇ 'ਪਹਿਲ' ਸੰਸਥਾ ਦੇ ਵਲੰਟੀਅਰਾਂ ਅੰਦਰ ਜਿੱਥੇ ਸੋਗ ਦੀ ਲਹਿਰ ਹੈ,  ਉਥੇ ਹਜ਼ਾਰਾਂ ਨੌਜਵਾਨਾ ਵੱਲੋਂ ਪ੍ਰੋਫ਼ੈਸਰ ਸਾਹਿਬ ਦਾ ਧੰਨਵਾਦ ਹੈ, ਜਿਨ੍ਹਾਂ ਦੀ ਜ਼ਿੰਦਗੀ ਪ੍ਰੋ. ਲਖਵੀਰ ਸਿੰਘ ਜੀ ਹੁਰਾਂ ਬਦਲ ਦਿੱਤੀ । ਐਸੇ ਵਿਅਕਤੀ ਅਮਰ ਰਹਿੰਦੇ ਹਨ ਅਤੇ ਮੁਸ਼ਕਿਲਾਂ 'ਤੇ ਫਤਿਹ ਪਾ ਕੇ ਆਪਣਾ ਕਾਰਜ ਨੇਪਰੇ ਚਾੜ੍ਹ ਕੇ ਜੇਤੂ ਹੋ, ਇਸ ਸੰਸਾਰ ਨੂੰ ਛੱਡ ਜਾਂਦੇ ਹਨ । ਪ੍ਰੋਫ਼ੈਸਰ ਸਾਹਿਬ ਦੀ  ਪ੍ਰੇਰਨਾ ਅਤੇ  ਪਿਆਰ, ਮਹਾਨ ਸੌਗਾਤ ਵਜੋਂ ਹਮੇਸ਼ਾ ਹੀ ਜੀਵਨ ਭਰ ਲਈ ਸੰਭਾਲਣ ਯੋਗ ਖ਼ਜ਼ਾਨਾ ਹਨ। ਅੱਜ ਆਪਣੇ ਮਾਣਯੋਗ ਪ੍ਰੋਫੈਸਰ ਲਖਵੀਰ ਸਿੰਘ ਹੁਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਨ ਬਹੁਤ ਭਰਿਆ ਹੈ, ਪਰ ਹੌਸਲੇ ਉਤਸ਼ਾਹ ਅਤੇ ਹਿੰਮਤ ਨਾਲ, ਕਿਉਂਕਿ ਪ੍ਰੋਫ਼ੈਸਰ ਸਾਹਿਬ ਸਦਾ ਹੀ ਆਖਦੇ  ਸਨ :

"ਹਾਸ਼ਮ ਫਤਹਿ ਨਸੀਬ ਉਨ੍ਹਾਂ ਨੂੰ

 ਜਿਨ੍ਹਾਂ ਹਿੰਮਤ ਯਾਰ ਬਣਾਈ।"

----------

 

ਤੁਰ ਗਿਆ ਦਿਲਾਂ ਦਾ ਜਾਨੀ - ਪ੍ਰੋ. ਲਖਵੀਰ ਸਿੰਘ

ਸੰਨ 91  ਦੀ ਗੱਲ ਆ ਜਦੋਂ ਪ੍ਰੋ. ਲਖਵੀਰ ਸਿੰਘ ਸਾਨੂੰ ਡੀ ਏ ਵੀ ਕਾਲਜ ਜਲੰਧਰ ਪੜ੍ਹਾਉਂਦੇ ਸੀ ਤੇ ਉਹ ਹਮੇਸ਼ਾ ਉਹ ਪੰਜਾਬੀ ਬੋਲਦੇ ਜਿਸ ਨੂੰ ਅਸੀਂ ਹੇਠ ਕਹਿੰਦੇ ਹਾਂ। ਪ੍ਰੋਫੈਸਰ ਸਾਹਿਬ ਹਮੇਸ਼ਾ ਇਹ ਕਹਿੰਦੇ ਸੀ ਕਿ ਜੇ ਜਿਉਣਾ ਹੈ ਤਾਂ ਮੜਕ ਦੇ ਨਾਲ। ਉਹਨਾਂ ਨੇ ਆਪਣੀ ਜ਼ਿੰਦਗੀ ਬੇਸ਼ੱਕ ਥੋੜ੍ਹੀ ਜਿਉਈਂ, ਪਰ ਮਾਣੀ ਪੂਰੀ ਸ਼ਿੱਦਤ ਨਾਲ। ਉਹਨਾਂ ਬਹੁਤ ਸਾਰੇ ਕਾਰਜ ਕੀਤੇ ਜੋ ਹਰ ਇਕ ਦੇ ਵੱਸ ਨਹੀਂ ਸੀ। ਪਰ ਲਗਭਗ 12 ਸਾਲ ਤੋਂ ਉਹ ਬੋਨ ਕੈਂਸਰ ਵਰਗੀ ਲਾਇਲਾਜ ਬਿਮਾਰੀ ਨਾਲ ਪੀੜਤ ਸੀ ਇਥੇ ਉਨ੍ਹਾਂ ਇਹ ਸਾਬਤ ਕੀਤਾ ਕਿ ਵਿਅਕਤੀ ਵਿੱਚ ਲੜਣ ਦਾ ਮਾਦਾ ਹੋਵੇ ਤਾਂ ਉਹ ਮੌਤ ਸਾਹਮਣੇ ਵੀ ਖੜ੍ਹ ਸਕਦਾ । ਇਸ ਮੌਤ ਦੇ ਜਮਦੂਤਾਂ ਨੂੰ ਤਕਰੀਬਨ 12 ਸਾਲ ਇੰਤਜ਼ਾਰ ਕਰਨਾ ਪਿਆ, ਕਿਉਂਕਿ ਪ੍ਰਫੈਸਰ ਸਾਹਿਬ ਨੇ ਹਰ ਵਾਰ ਆਈ ਮੌਤ ਨੂੰ ਵੰਗਾਰ ਕੇ ਪਰ੍ਹਾਂ ਕਰ ਦਿੱਤਾ ਸੀ।  ਇਨ੍ਹਾਂ ਬਾਰਾਂ ਸਾਲਾਂ ਵਿੱਚ ਪਤਾ ਨਹੀਂ ਮੌਤ ਕਿੰਨੀ ਵਾਰ ਉਨ੍ਹਾਂ ਨੂੰ ਲੈਣ ਆਈ ਤੇ ਹਰ ਵਾਰ ਹਾਰ ਗਈ। ਪਰ ਇਸ ਵਾਰ ਮੌਤ ਜਿੱਤ ਗਈ ਤੇ ਸਾਡੇ ਕੋਲੋਂ ਪ੍ਰੋ. ਲਖਵੀਰ ਸਿੰਘ ਜੀ ਨੂੰ ਸਦਾ ਲਈ ਲੈ ਕੇ ਚਲੀ ਗਈ ।

ਤੁਸੀਂ ਤੇ ਤੁਰ ਗਏ ਪਰ ਤੁਹਾਡਾ ਚੇਤਾ, ਤੁਹਾਡੀਆਂ ਕਹੀਆਂ ਗੱਲਾਂ ਅਤੇ ਤੁਹਾਡੇ ਉਹ ਪੰਜਾਬੀ ਮਾਂ ਬੋਲੀ ਜਾਂ ਸਮਾਜ ਲਈ ਕੀਤੇ ਕੰਮ ਹਮੇਸ਼ਾ ਤੁਹਾਨੂੰ ਚਮਕਦੇ ਤਾਰਿਆਂ ਵਿਚੋਂ ਨਿਹਾਰਦੇ ਰਹਿਣਗੇ। ਸਲਾਮ ਤੁਹਾਨੂੰ ਤੁਹਾਡੇ ਹੌਸਲੇ ਨੂੰ ਜਿਥੇ ਗਏ ਹੋ ਓਥੇ ਵੀ ਹੱਸਦੇ ਰਹਿਣਾ।

ਤੁਹਾਨੂੰ ਚੇਤੇ ਕਰਦਾ

ਪਵਨ ਪ੍ਰਵਾਸੀ , ਜਰਮਨ

---------------